Share on Facebook

Main News Page

ਖ਼ਾਲਸਾ ਪੰਥ ਬਨਾਮ ਡੇਰਾਵਾਦ - "ਸਾਹਿਬ" ਸ਼ਬਦ ਦੀ ਕੁਵਰਤੋਂ (ਭਾਗ ਅਠਾਈਵਾਂ)
-:
ਸ. ਰਾਜਿੰਦਰ ਸਿੰਘ
ਮੁੱਖ ਸੇਵਾਦਾਰ, ਸ਼੍ਰੋਮਣੀ ਖਾਲਸਾ ਪੰਚਾਇਤ rajindersinghskp@yahoo.co.in

👉 ਲੜੀ ਜੋੜਨ ਲਈ ਪਿਛਲੇ ਭਾਗ ਪੜ੍ਹੋ

ਡੇਰਿਆਂ ਦੇ ਨਾਵਾਂ ਨਾਲ ਅਤੇ ਜਿਥੇ ਉਹ ਸਥਾਪਤ ਹਨ, ਉਸ ਸਥਾਨ ਨਾਲ "ਸਾਹਿਬ" ਸ਼ਬਦ ਦੀ ਕੁਵਰਤੋਂ:

ਮੌਜੂਦਾ ਦੌਰ ਦੇ ਸੰਤਵਾਦ ਨੂੰ ਵਿਚਾਰਨ ਤੋਂ ਪਹਿਲਾਂ ਇਸ ਮਹੱਤਵਪੂਰਨ ਵਿਸ਼ੇ ਨੂੰ ਸਮਝ ਲੈਣਾ ਵੀ ਯੋਗ ਹੋਵੇਗਾ। ਅਰਬੀ ਭਾਸ਼ਾ ਦਾ ਸ਼ਬਦ ਸਾਹਿਬ ਕਈ ਅਰਥਾਂ ਵਿੱਚ ਇਸਤੇਮਾਲ ਕੀਤਾ ਜਾਂਦਾ ਰਿਹਾ ਹੈ।
ਅੰਗਰੇਜ਼ਾਂ ਦੇ ਰਾਜ ਵੇਲੇ ਯੋਰਪ ਦੇ ਕਿਸੇ ਵੀ ਨਿਵਾਸੀ ਜਾਂ ਯੋਰਪ ਤੋਂ ਆਏ ਕਿਸੇ ਵੀ ਵਿਅਕਤੀ ਨੂੰ ਹਿੰਦੁਸਤਾਨੀਆਂ ਵਲੋਂ ਸਾਹਿਬ ਕਹਿਆ ਜਾਂਦਾ ਸੀ ਜੋ ਹਿੰਦੁਸਤਾਨੀਆਂ ਦੀ ਅਧੀਨਗੀ ਦਾ ਲਖਾਇਕ ਸੀ।

ਭਲੇ ਆਦਮੀਆਂ ਦੇ ਨਾਮ ਅਤੇ ਪੇਸ਼ੇ ਨਾਲ ਵੀ ਆਦਰਸੂਚਕ ਸ਼ਬਦ ਵਜੋਂ ਸਾਹਿਬ ਦਾ ਇਸਤੇਮਾਲ ਆਮ ਕੀਤਾ ਜਾਂਦਾ ਰਿਹਾ ਹੈ। ਪਰ ਅਸਲ ਵਿੱਚ ਇਸ ਸ਼ਬਦ ਦੇ ਦੋ ਮੁੱਖ ਅਰਥ ਹਨ, ਮਾਲਿਕ ਜਾਂ ਸੁਆਮੀੱ ਅਤੇ ਪਰਮਾਤਮਾੱ। ਇਸ ਸ਼ਬਦ ਦੇ ਅਰਥ ਇਤਨੇ ਸਪਸ਼ਟ ਹੋਣ ਦੇ ਬਾਵਜੂਦ ਸਿੱਖ ਸਮਾਜ ਵਿੱਚ ਇਸਦੀ ਬਹੁਤ ਦੁਰਵਰਤੋਂ ਹੁੰਦੀ ਨਜ਼ਰ ਆਉਂਦੀ ਹੈ। ਮਿਸਾਲ ਵਜੋਂ ਆਮ ਵੇਖਣ ਵਿੱਚ ਆਉਂਦਾ ਹੈ ਕਿ ਬਹੁਗਿਣਤੀ ਸਿੱਖਾਂ ਦੀ ਨਾਸਮਝੀ ਕਾਰਨ ਜਿਥੇ ਕਿਥੇ ਵੀ ਕੋਈ ਅਖੌਤੀ ਸਾਧ ਡੇਰਾ ਬਣਾ ਲੈਂਦਾ ਹੈ, ਵੇਖਦਿਆਂ ਹੀ ਵੇਖਦਿਆਂ, ਕੁੱਝ ਦਿਨਾਂ ਵਿੱਚ ਹੀ ਉਹ ਅਸਥਾਨ ਆਪਣੇ ਆਪ ਸਾਹਿਬ ਬਣ ਜਾਂਦਾ ਹੈ। ਵੈਸੇ, ਗਹੁ ਨਾਲ ਵਾਚਿਆ ਜਾਏ ਤਾਂ ਜ਼ਮੀਨ ਦੇ ਕਿਸੇ ਇੱਕ ਟੁਕੜੇ ਨਾਲ ਇਹ ਵਿਸ਼ੇਸ਼ਣ ਲਾਉਣਾ, ਅੰਧਵਿਸ਼ਵਾਸੀ ਲੋਕਾਂ ਦੀ ਫੋਕੀ ਭਾਵਨਾ ਵਿਚੋਂ ਉਪਜੀ ਭੇਡਚਾਲ ਦਾ ਹੀ ਨਤੀਜਾ ਹੈ। ਗੁਰਮਤਿ ਦੀ ਲੋਅ ਵਿੱਚ ਵੇਖਿਆ ਜਾਏ ਤਾਂ ਸਹਜੇ ਹੀ ਸਪਸ਼ਟ ਹੋ ਜਾਂਦਾ ਹੈ ਕਿ ਸਾਹਿਬ ਸ਼ਬਦ ਦੀ ਇਸ ਤਰ੍ਹਾਂ ਦੀ ਬੇਮੁਹਾਰੀ ਵਰਤੋਂ ਗੁਰਮਤਿ ਵਿਰੋਧੀ ਹੈ। ਗੁਰਬਾਣੀ ਦਾ ਫੁਰਮਾਨ ਹੈ:

ਰਾਤੀ ਰੁਤੀ ਥਿਤੀ ਵਾਰ।। ਪਵਣ ਪਾਣੀ ਅਗਨੀ ਪਾਤਾਲ।। ਤਿਸੁ ਵਿਚਿ ਧਰਤੀ ਥਾਪਿ ਰਖੀ ਧਰਮਸਾਲ।।  {ਜਪੁ, ਪੰਨਾ ੭}

ਰਾਤਾਂ, ਰੁੱਤਾਂ, ਥਿਤਾਂ ਅਤੇ ਵਾਰ, ਹਵਾ, ਪਾਣੀ, ਅੱਗ ਅਤੇ ਪਾਤਾਲ- ਇਹਨਾਂ ਸਾਰਿਆਂ ਦੇ ਇਕੱਠ ਵਿੱਚ (ਅਕਾਲ ਪੁਰਖ ਨੇ) ਧਰਤੀ ਨੂੰ ਧਰਮ ਕਮਾਣ ਦਾ ਅਸਥਾਨ ਬਣਾ ਕੇ ਟਿਕਾ ਦਿੱਤਾ ਹੈ।

ਗੁਰਬਾਣੀ ਦਾ ਇੱਕ ਹੋਰ ਫ਼ੁਰਮਾਨ ਵੇਖੀਏ:

ਆਪੇ ਤਖਤੁ ਰਚਾਇਓਨੁ ਆਕਾਸ ਪਤਾਲਾ।। ਹੁਕਮੇ ਧਰਤੀ ਸਾਜੀਅਨੁ ਸਚੀ ਧਰਮ ਸਾਲਾ।।  {ਵਾਰ ਸੂਹੀ ਕੀ ਸਲੋਕਾ ਨਾਲਿ।। ਮਹਲਾ ੩, ਪੰਨਾ ੭੮੫}

ਆਕਾਸ਼ ਤੇ ਪਾਤਾਲ ਦੇ ਵਿਚਲਾ ਸਾਰਾ ਜਗਤ-ਰੂਪ ਤਖ਼ਤ ਪ੍ਰਭੂ ਨੇ ਹੀ ਬਣਾਇਆ ਹੈ, ਉਸ ਨੇ ਆਪਣੇ ਹੁਕਮ ਵਿੱਚ ਹੀ ਧਰਤੀ ਜੀਵਾਂ ਦੇ ਧਰਮ ਕਮਾਣ ਲਈ ਥਾਂ ਬਣਾਈ ਹੈ।

ਹੁਣ ਵਿਚਾਰਨ ਵਾਲੀ ਗਲ ਇਹ ਹੈ ਕਿ ਜਦ ਸਾਰੀ ਧਰਤੀ ਅਕਾਲ-ਪੁਰਖ ਨੇ ਹੀ ਬਣਾਈ ਹੈ ਅਤੇ ਸਾਰੀ ਧਰਤੀ ਹੀ ਧਰਮਸਾਲ, ਭਾਵ ਧਰਮ ਕਮਾਣ ਦੀ ਥਾਂ ਹੈ ਤਾਂ ਸਾਨੂੰ ਕੀ ਹੱਕ ਹੈ ਕਿ ਅਸੀਂ ਧਰਤੀ ਦੇ ਕਿਸੇ ਇੱਕ ਟੁਕੜੇ ਨੂੰ ਵਿਸ਼ੇਸ਼ ਵਡਿਆਈ ਦੇਈਏ? ਕੀ ਇਹ ਅਕਾਲ-ਪੁਰਖ ਦੀ ਸਾਜੀ ਬਾਕੀ ਧਰਤੀ ਦਾ ਅਪਮਾਨ ਨਹੀਂ? ਕੀ ਇਹ ਧਰਤੀ ਦੇ ਇੱਕ ਖ਼ਾਸ ਟੁਕੜੇ ਦੀ ਪੂਜਾ ਨਹੀਂ?

ਸਿੱਖ ਇਤਿਹਾਸ 'ਤੇ ਪੰਛੀ-ਝਾਤ ਮਾਰਿਆਂ ਪਤਾ ਲਗਦਾ ਹੈ ਕਿ ਪਹਿਲਾਂ ਇਤਿਹਾਸਕ ਗੁਰਦੁਆਰਿਆਂ ਵਾਲੇ ਨਗਰਾਂ ਵਾਸਤੇ ਸ਼ਰਧਾ-ਭਾਵਨਾ ਵਿਚੋਂ ਸਾਹਿਬ ਸਬਦ ਦੀ ਇਹ ਗੈਰ ਸਿਧਾਂਤਕ ਵਰਤੋਂ ਸ਼ੁਰੂ ਹੋਈ। ਪਰੰਤੂ ਹੈਰਾਨਗੀ ਦੀ ਗੱਲ ਇਹ ਹੈ ਕਿ ਸਿੱਖੀ ਦਾ ਕੇਂਦਰ, ਅੰਮ੍ਰਿਤਸਰ, ਜੋ ਸਤਿਗੁਰੂ ਨੇ ਆਪ ਸਥਾਪਤ ਕੀਤਾ ਸੀ, ਉਹ ਤਾਂ ਅੱਜ ਤੱਕ ਹਰ ਸਿੱਖ ਵਾਸਤੇ ਸਾਹਿਬ ਨਹੀਂ ਬਣ ਸਕਿਆ, ਪਰ, ਹਾਂ ਹਰ ਉਹ ਸਥਾਨ ਜਿਥੇ ਕੋਈ ਅਖੌਤੀ ਬਾਬਾ ਆਪਣਾ ਡੇਰਾ ਬਣਾ ਲਵੇ, ਦਿਨਾਂ ਵਿੱਚ ਹੀ ਸਾਹਿਬ ਬਣ ਜਾਂਦਾ ਹੈ। ਮੇਰੇ ਇਉਂ ਕਹਿਣ ਤੋਂ ਇਹ ਨਾ ਸਮਝ ਲਿਆ ਜਾਵੇ ਕਿ ਮੈਂ ਅੰਮ੍ਰਿਤਸਰ ਨੂੰ ਅੰਮ੍ਰਿਤਸਰ ਸਾਹਿਬ ਕਹਿਣ ਦੀ ਵਕਾਲਤ ਕਰ ਰਿਹਾ ਹਾਂ, ਬਲਕਿ ਮੈਂ ਤਾਂ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਭੋਲੇ-ਭਾਲੇ ਸਿੱਖਾਂ ਵਿੱਚ ਪਖੰਡੀ ਬਾਬਿਆਂ ਪ੍ਰਤੀ ਅੰਧੀ ਸ਼ਰਧਾ ਕਿਤਨੀ ਵੱਧ ਗਈ ਹੈ। ਇਸ ਹਦ ਤੋਂ ਵਧੀ ਅੰਨ੍ਹੀਂ ਸ਼ਰਧਾ ਦਾ ਹੀ ਨਤੀਜਾ ਹੈ ਕਿ ਪਖੰਡੀ ਬਾਬਿਆਂ ਦੇ ਇਨ੍ਹਾਂ ਡੇਰਿਆਂ ਅਤੇ ਡੇਰਿਆਂ ਵਾਲੇ ਸ਼ਹਿਰਾਂ ਨਾਲ ਸਾਹਿਬ ਵਿਸ਼ੇਸ਼ਣ ਇਤਨੀ ਪੱਕੀ ਤਰ੍ਹਾਂ ਜੁੜ ਜਾਂਦਾ ਹੈ ਕਿ ਹੋਰ ਤਾਂ ਹੋਰ ਬੜੇ ਸੂਝਵਾਨ ਸਿੱਖ ਵੀ ਬਿਨਾਂ ਵਿਚਾਰਿਆਂ ਇਨ੍ਹਾਂ ਨਗਰਾਂ ਆਦਿ ਦੇ ਨਾਵਾਂ ਨਾਲ ਅਨਭੋਲ ਹੀ ਸਾਹਿਬ, ਸਾਹਿਬ ਰੱਟੀ ਜਾਂਦੇ ਹਨ।

ਇਹ ਸਾਹਿਬ ਵਿਸ਼ੇਸ਼ਣ ਲਾਉਣ ਦਾ ਕੰਮ ਇਤਨੇ ਅਸਚਰਜ-ਜਨਕ ਵਿਉਂਤ-ਬੱਧ ਤਰੀਕੇ ਨਾਲ ਕੀਤਾ ਜਾਂਦਾ ਹੈ ਕਿ ਕਿਸੇ ਵਿਅਕਤੀ ਦੁਆਰਾ ਭੁਲੇਖੇ ਨਾਲ ਵੀ ਸਾਹਿਬ ਵਿਸ਼ੇਸ਼ਣ ਨਾਂਹ ਲਗਾਉਣ ਦੀ ਖੁੱਲ੍ਹ ਲੈਣ ਦੀ ਕੋਈ ਗੁੰਜਾਇਸ਼ ਹੀ ਨਹੀਂ ਰਹਿ ਜਾਂਦੀ। ਕੁੱਝ ਸਮਾਂ ਪਹਿਲੇ ਹਿਮਾਚਲ ਵਿੱਚ ਬੜੂ ਨਾਂ ਦੇ ਇੱਕ ਸਥਾਨ ਤੇ, ਜਿਥੇ ਇੱਕ ਅਖੌਤੀ ਬਾਬੇ ਨੇ ਆਪਣੇ ਡੇਰੇ ਦੇ ਨਾਲ ਕੁੱਝ ਵਿਦਿਅਕ ਸੰਸਥਾਵਾਂ ਵੀ ਸਥਾਪਤ ਕੀਤੀਆਂ ਹਨ, ਦਿੱਲੀ ਦੀ ਇੱਕ ਸੰਸਥਾ ਵਲੋਂ ਲਗਾਏ ਇੱਕ ਗੁਰਮਤਿ ਕੈਂਪ ਵਿਚ, ਲੈਕਚਰ ਕਰਨ ਲਈ ਜਾਣਾ ਪਿਆ। ਸੋਲਨ ਟੱਪਦੇ ਹੀ ਥਾਂ ਥਾਂ 'ਤੇ ਬੜੂ ਸਾਹਿਬ ਦੇ ਬੋਰਡ ਦਿਖਣੇ ਸ਼ੁਰੂ ਹੋ ਗਏ। ਇਨ੍ਹਾਂ ਬੋਰਡਾਂ ਰਾਹੀਂ ਇਹ ਸਾਹਿਬ ਵਿਸ਼ੇਸ਼ਣ ਲੋਕਾਂ ਦੇ ਦਿਮਾਗ਼ ਵਿੱਚ ਇੰਝ ਠੋਸ ਦਿੱਤਾ ਗਿਆ ਹੈ ਕਿ ਹੁਣ ਉਥੇ ਦੇ ਸਥਾਨਕ ਲੋਕਾਂ ਨੂੰ ਵੀ ਇਸ ਦਾ ਅਸਲੀ ਨਾਉਂ ਬੜੂੱ ਭੁਲ ਹੀ ਗਿਆ ਹੈ। ਜੇ ਕਿਤੇ ਕੇਵਲ ਬੜੂੱ ਕਹਿ ਕੇ ਰਾਹ ਪੁੱਛ ਲਓ, ਤਾਂ ਉਹ ਹੈਰਾਨ ਹੋ ਜਾਂਦੇ ਹਨ ਅਤੇ ਅਗੋਂ ਸਵਾਲ ਕਰਦੇ ਹਨ ਅੱਛਾ ਤੁਸੀਂ ਬੜੂ ਸਾਹਿਬ ਜਾਣਾ ਚਾਹੁੰਦੇ ਹੋ?

ਜਿਵੇਂ ਇਸ ਲੇਖ ਦੇ ਸ਼ੁਰੂ ਵਿੱਚ ਦਸਿਆ ਗਿਆ ਹੈ ਅਸਲ ਵਿੱਚ ਸਾਹਿਬ ਸ਼ਬਦ ਦੇ ਦੋ ਮੁੱਖ ਅਰਥ ਹਨ, ਮਾਲਿਕ ਜਾਂ ਸੁਆਮੀੱ ਅਤੇ ਪਰਮਾਤਮਾੱ। ਸਪਸ਼ਟ ਹੈ ਕਿ ਕੋਈ ਵਿਅਕਤੀ ਤਾਂ ਧਰਤੀ ਦੇ ਕਿਸੇ ਟੁਕੜੇ ਦਾ ਮਾਲਕ ਬਣ ਸਕਦਾ ਹੈ। ਪਰ ਧਰਤੀ ਦੇ ਕਿਸੇ ਟੁਕੜੇ ਨਾਲ ਸਾਹਿਬ ਸ਼ਬਦ ਜੋੜਨ ਵਾਲਿਆਂ ਨੂੰ ਪੁੱਛਿਆ ਜਾਣਾ ਚਾਹੀਦਾ ਹੈ, ਕਿ ਕੀ ਕੋਈ ਧਰਤੀ ਦਾ ਟੁਕੜਾ ਵੀ ਕਿਸੇ ਵਿਅਕਤੀ ਜਾਂ ਵਿਅਕਤੀ ਸਮੂਹ ਦਾ ਮਾਲਕ ਹੋ ਸਕਦਾ ਹੈ?

ਸਤਿਗੁਰੂ ਨੇ ਤਾਂ ਗੁਰਬਾਣੀ ਵਿੱਚ ਸਾਹਿਬ ਸ਼ਬਦ ਕੇਵਲ ਅਕਾਲ-ਪੁਰਖ ਵਾਸਤੇ ਵਰਤਿਆ ਹੈ, ਕਿਉਂਕਿ ਸਾਰੀ ਸ੍ਰਿਸ਼ਟੀ ਦਾ ਅਸਲ ਮਾਲਕ ਤਾਂ ਉਹ ਆਪ ਹੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਫੁਰਮਾਨ ਹੈ:

ਮਿਹਰਵਾਨੁ ਸਾਹਿਬੁ ਮਿਹਰਵਾਨੁ।। ਸਾਹਿਬੁ ਮੇਰਾ ਮਿਹਰਵਾਨੁ।। ਜੀਅ ਸਗਲ ਕਉ ਦੇਇ ਦਾਨੁ।।  {ਤਿਲੰਗ ਮਹਲਾ ੫, ਪੰਨਾ ੭੨੪}

ਹੇ ਭਾਈ! ਮੇਰਾ ਮਾਲਕ-ਪ੍ਰਭੂ ਸਦਾ ਦਇਆ ਕਰਨ ਵਾਲਾ ਹੈ, ਸਦਾ ਦਇਆ ਕਰਨ ਵਾਲਾ ਹੈ, ਸਦਾ ਦਇਆ ਕਰਨ ਵਾਲਾ ਹੈ। ਉਹ ਸਾਰੇ ਜੀਵਾਂ ਨੂੰ (ਸਭ ਪਦਾਰਥਾਂ ਦਾ) ਦਾਨ ਦੇਂਦਾ ਹੈ। ਅਤੇ

ਜਿਸ ਨੋ ਸਾਹਿਬੁ ਵਡਾ ਕਰੇ ਸੋਈ ਵਡ ਜਾਣੀ।।

ਜਿਸੁ ਸਾਹਿਬੁ ਭਾਵੈ ਤਿਸੁ ਬਖਸਿ ਲਏ ਸੋ ਸਾਹਿਬ ਮਨਿ ਭਾਣੀ।।  {ਗਉੜੀ ਕੀ ਵਾਰ ਮਹਲਾ ੪, ਪੰਨਾ ੩੦੨}

ਜਿਸ (ਜੀਵ-ਇਸਤ੍ਰੀ) ਨੂੰ ਮਾਲਕ-ਪ੍ਰਭੂ ਵਡਿਆਏ, ਉਹੀ (ਅਸਲ) ਵੱਡੀ ਸਮਝਣੀ ਚਾਹੀਦੀ ਹੈ। ਜਿਸ ਨੂੰ ਚਾਹੇ ਪ੍ਰਭੂ ਮਾਲਕ ਬਖ਼ਸ਼ ਲੈਂਦਾ ਹੈ, ਤੇ ਉਹ ਸਾਹਿਬ ਦੇ ਮਨ ਵਿੱਚ ਪਿਆਰੀ ਲੱਗਦੀ ਹੈ।

ਇਤਨਾ ਹੀ ਨਹੀਂ, ਗੁਰੂ ਨਾਨਕ ਪਾਤਿਸ਼ਾਹ ਨੇ ਤਾਂ ਸੰਸਾਰ ਨੂੰ ਉੱਚਾ ਹੋਕਾ ਦੇ ਕੇ ਕਹਿ ਸੁਣਾਇਆ:

ਸਾਹਿਬੁ ਮੇਰਾ ਏਕੋ ਹੈ।। ਏਕੋ ਹੈ ਭਾਈ ਏਕੋ ਹੈ।।  {ਆਸਾ ਮਹਲਾ ੧, ਪੰਨਾ ੩੫੦}

ਹੇ ਭਾਈ! ਪਰਮਾਤਮਾ ਹੀ ਸਾਡਾ ਇਕੋ ਇੱਕ ਖਸਮ-ਮਾਲਕ ਹੈ, ਬੱਸ! ਉਹ ਹੀ ਇਕੋ ਮਾਲਕ ਹੈ, ਉਸ ਵਰਗਾ, ਹੋਰ ਕੋਈ ਨਹੀਂ ਹੈ।

ਅੰਗ੍ਰੇਜ਼ਾਂ ਨੇ ਭਾਰਤੀਆਂ ਨੂੰ ਆਪਣਾ ਗ਼ੁਲਾਮ ਬਣਾਇਆ ਸੀ। ਰਾਜਭਾਗ ਦੇ ਮਾਲਕ ਹੋਣ ਦੇ ਕਾਰਨ, ਉਹ ਇੱਥੋਂ ਦੇ ਲੋਕਾਂ ਕੋਲੋਂ ਆਪਣੇ ਆਪ ਨੂੰ ਸਾਹਿਬ ਅਖਵਾਉਂਦੇ ਸਨ। ਇਉਂ ਲਗਦਾ ਹੈ ਕਿ ਅੰਗ੍ਰੇਜ਼ਾਂ ਦੀ ਗ਼ੁਲਾਮੀ ਦਾ ਅਸਰ ਭਾਰਤੀਆਂ ਦੀ ਮਾਨਸਿਕਤਾ ਉਤੇ ਇਤਨਾ ਡੂੰਘਾ ਪਿਆ ਹੈ ਕਿ ਮੁਲਕ ਅਜ਼ਾਦ ਹੋਣ ਦੇ ਸੱਤਰ ਸਾਲ ਬਾਅਦ ਵੀ ਉਹ ਅਸਰ ਮਿਟ ਨਹੀਂ ਸਕਿਆ। ਇਹ ਭਾਰਤੀਆਂ ਅੰਦਰ ਸਦੀਆਂ ਦੀ ਗੁਲਾਮੀ ਕਾਰਨ ਰੱਚ ਗਈ ਗੁਲਾਮ ਪ੍ਰਵਿਰਤੀ ਦਾ ਹੀ ਪ੍ਰਤੀਕ ਹੈ ਕਿ ਅੱਜ ਅਸੀਂ ਜਣੇ ਖਣੇ ਨੂੰ ਸਾਹਿਬ ਬਣਾ ਦਿੱਤਾ ਹੈ। ਹੈਰਾਨਗੀ ਤਾਂ ਇਸ ਗੱਲ ਦੀ ਹੈ ਕਿ ਮਨੁੱਖੀ ਅਜ਼ਾਦ ਹਸਤੀ ਦੀ ਅਲੰਬਰਦਾਰ ਸਿੱਖ ਕੌਮ ਦੀ ਸੋਚ ਵੀ ਇਤਨੀ ਗ਼ੁਲਾਮ ਹੋ ਚੁਕੀ ਹੈ ਕਿ ਉਹ ਧਰਤੀ ਦੇ ਕਈ ਟੁਕੜਿਆਂ ਨੂੰ ਹੀ ਸਾਹਿਬ, ਸਾਹਿਬ ਕੂਕੀ ਜਾਂਦੇ ਹਨ।

ਕਿਹਾ ਜਾ ਸਕਦਾ ਹੈ ਕਿ ਸਾਹਿਬ ਵਿਸ਼ੇਸ਼ਣ ਨੂੰ ਆਦਰ-ਸੂਚਕ ਸ਼ਬਦ ਵਜੋਂ ਵੀ ਤਾਂ ਵਰਤਿਆ ਜਾ ਸਕਦਾ ਹੈ। ਜਿਵੇਂ ਇਸ ਲੇਖ ਦੇ ਸ਼ੁਰੂ ਵਿੱਚ ਦੱਸਿਆ ਗਿਆ ਹੈ, ਸਭਿਅ ਸਮਾਜ ਵਿੱਚ ਭਲੇ ਆਦਮੀਆਂ ਦੇ ਨਾਮ ਅਤੇ ਪੇਸ਼ੇ ਨਾਲ ਵੀ ਆਦਰ-ਸੂਚਕ ਸ਼ਬਦ ਵਜੋਂ ਸਾਹਿਬ ਦਾ ਇਸਤੇਮਾਲ ਕੀਤਾ ਜਾਂਦਾ ਹੈ। ਪਰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਕਿਸੇ ਵੀ ਵਿਸ਼ੇਸ਼ਣ ਦੀ ਵਰਤੋਂ ਠੀਕ ਢੰਗ ਨਾਲ ਕਰਨੀ ਹੀ ਸੋਭਦੀ ਹੈ। ਕਿਸੇ ਵੀ ਸ਼ਬਦ ਦੀ ਬੇਲੋੜੀ, ਹਦ ਤੋਂ ਜ਼ਿਆਦਾ ਜਾਂ ਸੰਦਰਭ ਤੋਂ ਬਾਹਰੀ ਵਰਤੋਂ ਉਸਦੀ ਦੁਰਵਰਤੋਂ ਕਹੀ ਜਾਂਦੀ ਹੈ ਜੋ ਉਸਦੇ ਮਹੱਤਵ ਨੂੰ ਹੀ ਖ਼ਤਮ ਕਰ ਦਿੰਦੀ ਹੈ।

ਮੈਨੂੰ ਇਹ ਕਹਿਣ ਵਿੱਚ ਕੋਈ ਗੁਰੇਜ਼ ਨਹੀਂ ਕਿ ਸਿੱਖ ਕੌਮ ਨੇ ਵੀ ਸਾਹਿਬ ਸ਼ਬਦ ਨਾਲ ਅਜਿਹਾ ਹੀ ਸਲੂਕ ਕੀਤਾ ਹੈ। ਅਸੀਂ ਸਾਹਿਬ ਸ਼ਬਦ ਦੀ ਇਤਨੀ ਦੁਰਵਰਤੋਂ ਕੀਤੀ ਹੈ ਕਿ ਇਸ ਇਤਨੇ ਮਹੱਤਵਪੂਰਨ ਸ਼ਬਦ ਨੂੰ ਬੁਰੀ ਤਰ੍ਹਾਂ ਘਸਾ-ਘਸਾ ਕੇ ਇਸ ਦੀ ਮਹੱਤਤਾ ਹੀ ਖ਼ਤਮ ਕਰ ਦਿੱਤੀ ਹੈ। ਰੁਮਾਲਾ ਸਾਹਿਬ, ਪੀੜ੍ਹਾ ਸਾਹਿਬ, ਚੌਰ ਸਾਹਿਬ, ਬਉਲੀ ਸਾਹਿਬ, ਜੋੜੇ ਸਾਹਿਬ, ਗੁਟਕਾ ਸਾਹਿਬ, ਪੋਥੀ ਸਾਹਿਬ, ਪਾਲਕੀ ਸਾਹਿਬ ਆਦਿ ਆਦਿ। ਜੇ ਸਾਰੇ ਸਾਹਿਬ ਗਿਣਨ ਲਗੀਏ ਤਾਂ ਇਨ੍ਹਾਂ ਸਾਹਿਬਾਂ ਨਾਲ ਹੀ ਕਈ ਸਫ਼ੇ ਭਰ ਜਾਣਗੇ।
ਹੁਣ, ਵਿਚਾਰਨ ਵਾਲੀ ਗੱਲ ਇਹ ਹੈ ਕਿ ਜੇ ਸਾਡੇ ਇਤਨੇ ਸਾਹਿਬ ਬਣ ਗਏ ਤਾਂ ਸੱਚੇ ਸਾਹਿਬ ਦੀ ਮਹੱਤਤਾ ਹੀ ਕੀ ਰਹਿ ਗਈ?

ਮੈਂ ਸਮਝਦਾ ਹਾਂ ਕਿ ਇੱਕ ਸਿੱਖ ਦੇ ਵਾਸਤੇ ਅਕਾਲ-ਪੁਰਖ ਤੋਂ ਬਾਅਦ ਕੋਈ ਹੋਰ ਸਾਹਿਬ ਦੇ ਰੂਪ ਵਿੱਚ ਸਤਿਕਾਰ ਦਾ ਅਧਿਕਾਰੀ ਹੈ ਤਾਂ ਕੇਵਲ ਗੁਰੂ ਨਾਨਕ ਪਾਤਿਸ਼ਾਹ ਤੋਂ ਲੈਕੇ ਗੁਰੂ ਗ੍ਰੰਥ ਸਾਹਿਬ ਤੱਕ ਗੁਰੂ ਸਾਹਿਬਾਨ ਹਨ, ਕਿਉਂਕਿ ਸਿੱਖ ਵਾਸਤੇ ਅਕਾਲ-ਪੁਰਖ ਅਤੇ ਗੁਰੂ ਵਿੱਚ ਕੋਈ ਭੇਦ ਨਹੀਂ। ਗੁਰਬਾਣੀ ਤੋਂ ਸਾਨੂੰ ਇਹੀ ਅਗਵਾਈ ਮਿਲਦੀ ਹੈ:

ਪਾਰਬ੍ਰਹਮੁ ਪਰਮੇਸਰੁ ਅਨੂਪੁ।। ਸਫਲ ਮੂਰਤਿ ਗੁਰੁ ਤਿਸ ਕਾ ਰੂਪੁ।।  {ਭੈਰਉ ਮਹਲਾ ੫, ਪੰਨਾ ੧੧੫੨}

ਉਹ ਪ੍ਰਭੂ ਪਰਮੇਸਰ (ਐਸਾ ਹੈ ਕਿ ਉਸ) ਵਰਗਾ ਹੋਰ ਕੋਈ ਨਹੀਂ। ਉਸ ਦੇ ਸਰੂਪ ਦਾ ਦੀਦਾਰ ਸਾਰੇ ਮਨੋਰਥ ਪੂਰੇ ਕਰਦਾ ਹੈ। ਹੇ ਭਾਈ! ਗੁਰੂ ਉਸ ਪਰਮਾਤਮਾ ਦਾ ਰੂਪ ਹੈ।

ਗੁਰੁ ਪਰਮੇਸਰੁ ਏਕੋ ਜਾਣੁ।। ਜੋ ਤਿਸੁ ਭਾਵੈ ਸੋ ਪਰਵਾਣੁ।।  {ਗੋਂਡ ਮਹਲਾ ੫, ਪੰਨਾ ੮੬੪}

ਹੇ ਭਾਈ! ਗੁਰੂ ਅਤੇ ਪਰਮਾਤਮਾ ਨੂੰ ਇੱਕ ਰੂਪ ਸਮਝੋ। ਜੋ ਕੁੱਝ ਪਰਮਾਤਮਾ ਨੂੰ ਚੰਗਾ ਲੱਗਦਾ ਹੈ, ਉਹੀ ਗੁਰੂ ਭੀ (ਸਿਰ-ਮੱਥੇ) ਕਬੂਲ ਕਰਦਾ ਹੈ।

ਨਾਨਕ ਸੋਧੇ ਸਿੰਮ੍ਰਿਤਿ ਬੇਦ।। ਪਾਰਬ੍ਰਹਮ ਗੁਰ ਨਾਹੀ ਭੇਦ।।  {ਭੈਰਉ ਮਹਲਾ ੫, ਪੰਨਾ ੧੧੪੨}

ਹੇ ਨਾਨਕ! (ਆਖ-ਹੇ ਭਾਈ!) ਸਿੰਮ੍ਰਿਤੀਆਂ ਵੇਦ (ਆਦਿਕ ਧਰਮ-ਪੁਸਤਕ) ਖੋਜ ਵੇਖੇ ਹਨ (ਗੁਰੂ ਸਭ ਤੋਂ ਉੱਚਾ ਹੈ) ਗੁਰੂ ਅਤੇ ਪਰਮਾਤਮਾ ਵਿੱਚ ਕੋਈ ਭੀ ਫ਼ਰਕ ਨਹੀਂ ਹੈ।

ਗੁਰੂ ਗ੍ਰੰਥ ਸਾਹਿਬ ਸਾਡੀ ਵਿਚਾਰ ਦੇ ਮਾਲਕ ਹਨ, ਬੇਸ਼ਕ ਸਾਡੇ ਸਾਹਿਬ ਹਨ। ਅਸੀਂ ਤਾਂ, ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਈ ਬਾਣੀਆਂ, ਜਿਨ੍ਹਾਂ ਦੇ ਵਿਸ਼ੇਸ਼ ਨਾਂ ਦਿੱਤੇ ਗਏ ਹਨ, ਨਾਲ ਵੀ ਸਾਹਿਬ ਆਦਿ ਸ਼ਬਦ ਵਰਤਣੇ ਸ਼ੁਰੂ ਕਰ ਦਿੱਤੇ, ਜਿਵੇਂ ਜਪੁ ਜੀ ਸਾਹਿਬ, ਸ੍ਰੀ ਸੁਖਮਨੀ ਸਾਹਿਬ ਆਦਿ. . । ਇਸ ਨੂੰ ਗੁਰਬਾਣੀ ਦਾ ਸਤਿਕਾਰ ਕਰਨਾ ਦਸਿਆ ਜਾ ਰਿਹਾ ਹੈ। ਇਸ ਨੂੰ ਪੜ੍ਹ ਕੇ ਮੇਰੇ ਉਤੇ ਇਹ ਦੋਸ਼ ਵੀ ਲਾਇਆ ਜਾਵੇਗਾ ਕਿ ਮੈਂ ਤਾਂ ਗੁਰਬਾਣੀ ਦਾ ਸਤਿਕਾਰ ਹੀ ਨਹੀਂ ਕਰਦਾ। ਕਿਸੇ ਬਾਣੀ ਦੇ ਨਾਂ ਨਾਲ ਸ੍ਰੀ, ਜੀ, ਸਾਹਿਬ ਆਦਿ ਵੱਡੇ ਵੱਡੇ ਅਲੰਕਾਰ ਲਗਾ ਕੇ ਉਸ ਦਾ ਸਤਿਕਾਰ ਨਹੀਂ ਹੁੰਦਾ। ਸਤਿਕਾਰ ਤਾਂ ਉਸ ਬਾਣੀ ਨੂੰ ਸਮਝ ਕੇ ਪੜ੍ਹ ਕੇ, ਉਸ ਉਪਰ ਪੂਰਨ ਵਿਸ਼ਵਾਸ ਲਿਆਉਣ, ਉਸ ਦੇ ਇਲਾਹੀ ਗਿਆਨ ਨੂੰ ਹਿਰਦੇ ਵਿੱਚ ਧਾਰਨ, ਜੀਵਨ ਵਿੱਚ ਅਪਨਾਉਣ ਨਾਲ ਹੁੰਦਾ ਹੈ। ਇਹ ਫੋਕੇ ਸ਼ਬਦੀ ਸਤਿਕਾਰ ਤਾਂ ਫੋਕੀ ਭਾਵਨਾ ਵਿਚੋਂ ਹੀ ਪੈਦਾ ਹੁੰਦੇ ਹਨ ਅਤੇ ਅੰਧ-ਵਿਸ਼ਵਾਸ ਵਲ ਹੀ ਲੈ ਜਾਂਦੇ ਹਨ। ਇਹ ਗੁਰਬਾਣੀ ਨੂੰ ਸਾਡੀ ਜੀਵਨ-ਜੁਗਤਿ ਬਨਾਉਣ, ਗੁਰਬਾਣੀ ਦੁਆਰਾ ਦ੍ਰਿੜ ਕਰਾਏ ਸਿਧਾਂਤਾਂ ੱਤੇ ਦ੍ਰਿੜਤਾ ਨਾਲ ਪਹਿਰਾ ਦੇਣ ਦੀ ਬਜਾਏ, ਉਸ ਦੀ ਪੂਜਾ ਕਰਨੀ ਸਿਖਾਉਂਦੇ ਹਨ। ਸਭ ਤੋਂ ਵਧੇਰੇ ਸਮਝਣ ਵਾਲੀ ਗੱਲ ਤਾਂ ਇਹ ਹੈ ਕਿ ਕੀ ਗੁਰੂ ਸਾਹਿਬ ਇਨ੍ਹਾਂ ਬਾਣੀਆਂ ਦਾ ਸਤਿਕਾਰ ਨਹੀਂ ਸਨ ਕਰਦੇ? ਜੇ ਲੋੜ ਹੁੰਦੀ ਅਤੇ ਇਹੀ ਸਤਿਕਾਰ ਹੁੰਦਾ ਤਾਂ ਸਤਿਗੁਰੂ ਆਪ ਗੁਰੂ ਗ੍ਰੰਥ ਸਾਹਿਬ ਜੀ ਅੰਦਰ, ਇਨ੍ਹਾਂ ਦੇ ਨਾਵਾਂ ਨਾਲ ਸ੍ਰੀੱ, ਜੀੱ, ਸਾਹਿਬ ਆਦਿ ਅਲੰਕਾਰ ਜੋੜ ਦੇਂਦੇ। ਕੀ ਅਸੀਂ ਸਤਿਗੁਰੂ ਨਾਲੋਂ ਵੀ ਸਿਆਣੇ ਹੋ ਗਏ ਹਾਂ? ਅਸਲ ਵਿੱਚ ਲੋਕਾਈ ਨੂੰ ਇਨ੍ਹਾਂ ਵਿੱਚ ਹੀ ਉਲਝਾਈ ਰੱਖਣ ਵਾਸਤੇ, ਪਖੰਡੀ ਡੇਰਿਆਂ ਵਲੋਂ ਇਸ ਵਿਖਾਵੇ ਦੇ ਸਤਿਕਾਰ ਨੂੰ ਵਿਸ਼ੇਸ਼ ਮਹਤੱਤਾ ਦਿੱਤੀ ਜਾ ਰਹੀ ਅਤੇ ਪ੍ਰਚਾਰਿਆ ਜਾ ਰਿਹਾ ਹੈ। ਭੋਲੇ-ਭਾਲੇ ਭਾਵੁਕ ਲੋਕ ਬਗੈਰ ਕੁੱਝ ਜਾਣੇ ਸਮਝੇ, ਉਂਝ ਹੀ, ਰਟੀ ਜਾ ਰਹੇ ਹਨ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top