Share on Facebook

Main News Page

ਖ਼ਾਲਸਾ ਪੰਥ ਬਨਾਮ ਡੇਰਾਵਾਦ - ਧਾਰਮਿਕ ਭੇਖ ਕਿਥੋਂ ਸ਼ੁਰੂ ਹੋਇਆ ? (ਭਾਗ ਅੱਠਵਾਂ)
-:
ਸ. ਰਾਜਿੰਦਰ ਸਿੰਘ
ਮੁੱਖ ਸੇਵਾਦਾਰ, ਸ਼੍ਰੋਮਣੀ ਖਾਲਸਾ ਪੰਚਾਇਤ rajindersinghskp@yahoo.co.in

👉 ਲੜੀ ਜੋੜਨ ਲਈ ਪਿਛਲੇ ਭਾਗ ਪੜ੍ਹੋ

ਜਦੋਂ ਆਰੀਆ ਲੋਕਾਂ ਨੇ, ਭਾਰਤ ਦੇ ਮੂਲ ਨਿਵਾਸੀ ਦ੍ਰਾਵਿੜ ਲੋਕਾਂ ਨੂੰ ਸਦੈਵ ਕਾਲ ਲਈ ਆਪਣਾ ਗੁਲਾਮ ਬਣਾ ਕੇ ਰਖਣ ਲਈ, ਭਾਰਤੀ ਸਮਾਜ ਦੀ ਸਾਜਸ਼ੀ ਅਤੇ ਅਤਿ ਮੰਦਭਾਗੀ ਵਰਣ ਵੰਡ ਕੀਤੀ ਤਾਂ ਉਨ੍ਹਾਂ ਆਪਣੇ ਆਪ ਨੂੰ ਆਪੇ ਹੀ ਬਾਕੀ ਸਾਰੇ ਸਮਾਜ ਤੋਂ ਸ੍ਰੇਸ਼ਟ, ਧਰਮ ਦੇ ਠੇਕੇਦਾਰ ਅਤੇ ਬਾਕੀ ਸਾਰੇ ਮਨੁੱਖੀ ਸਮਾਜ ਵਾਸਤੇ ਪੂਜਣ ਯੋਗ ਗਰਦਾਨ ਲਿਆ। ਬ੍ਰਾਹਮਣ ਵਾਸਤੇ ਆਪਣੇ ਇਸ ਰੁਤਬੇ ਨੂੰ ਕਾਇਮ ਰਖਣ ਅਤੇ ਸਮਾਜ ਉਤੇ ਆਪਣਾ ਦਬਦਬਾ ਕਾਇਮ ਕਰਨ ਵਾਸਤੇ ਆਪਣੀ ਇੱਕ ਵਿਸ਼ੇਸ਼ ਪਹਿਚਾਣ ਬਣਾਉਣੀ ਵੀ ਜ਼ਰੂਰੀ ਸੀ, ਜਿਸ ਨਾਲ ਉਸ ਦੀ ਦੂਰੋਂ ਹੀ ਪਹਿਚਾਣ ਹੋ ਜਾਵੇ ਅਤੇ ਬਾਕੀ ਲੋਕ ਉਸ ਦੇ ਮਾਣ ਸਤਿਕਾਰ ਵਾਸਤੇ ਤਿਆਰ ਹੋ ਜਾਣ। ਜਿਸ ਵੇਲੇ ਵਰਣ ਵੰਡ ਦੀ ਇਹ ਬਣਤਰ ਘੜੀ ਗਈ, ਉਸ ਵੇਲੇ ਸਮਾਜ ਵਿੱਚ ਮਰਦ ਆਮ ਤੌਰ 'ਤੇ ਲੱਕ ਤੋਂ ਉਪਰਲੇ ਹਿੱਸੇ ਤੋਂ ਨਗਨ ਹੀ ਰਹਿੰਦੇ ਸਨ। (ਜਾਪਦਾ ਇਹ ਹੈ ਕਿ ਉਸ ਵੇਲੇ ਕਪੜੇ ਦੀ ਬੁਨਾਈ ਦਾ ਤਰੀਕਾ ਤਾਂ ਇਜਾਦ ਹੋ ਚੁੱਕਾ ਸੀ, ਪਰ ਸੀਣ ਦੀ ਜੁਗਤਿ ਅਜੇ ਨਹੀਂ ਸੀ ਇਜਾਦ ਹੋਈ। ਔਰਤਾਂ ਦਾ ਸਾੜੀ ਪਹਿਨਣ ਦੀ ਪਿਰਤ ਵੀ ਉਦੋਂ ਤੋਂ ਹੀ ਸ਼ੁਰੂ ਹੋਈ ਜਾਪਦੀ ਹੈ, ਜਿਸ ਨਾਲ ਉਹ ਆਪਣਾ ਬਹੁਤਾ ਲੋੜੀਂਦਾ ਤਨ ਢੱਕ ਲੈਂਦੀਆਂ ਸਨ।) ਬ੍ਰਾਹਮਣ ਨੇ ਜੋ ਵਰਣ ਵਿਵਸਥਾ ਬਣਾਈ ਸੀ, ਕਿਉਂਕਿ ਉਸ ਵਿੱਚ ਉਸ ਤੋਂ ਇਲਾਵਾ ਤਿੰਨ ਹੋਰ ਵੀ ਵਰਣ ਸਨ, ਉਸ ਨੇ ਇਨ੍ਹਾਂ ਸਾਰਿਆਂ ਦੀ ਅਡਰੀ ਪਹਿਚਾਣ ਵਾਸਤੇ ਜਨੇਊ ਦੀ ਕਾਢ ਕੱਢੀ, ਜੋ ਕਿ ਤਨ ਦਾ ਉਪਰੀ ਹਿੱਸਾ ਨਗਨ ਹੋਣ ਕਾਰਨ ਦੂਰੋਂ ਹੀ ਦਿਸ ਪੈਂਦਾ ਸੀ।

ਅਡਰੀ ਪਹਿਚਾਣ ਬਣਾਉਣ ਲਈ, ਜਨੇਊ ਵਿੱਚ ਜਿਥੇ ਧਾਗੇ ਦੀਆਂ ਤੰਦਾਂ ਦੀ ਗਿਣਤੀ ਦਾ ਫਰਕ ਸੀ, ਬ੍ਰਾਹਮਣ ਵਾਸਤੇ ਤਿੰਨ ਤੰਦਾਂ, ਖਤਰੀ ਵਾਸਤੇ ਦੋ ਅਤੇ ਵੈਸ਼ ਵਾਸਤੇ ਇਕ, ਉਥੇ ਇਨ੍ਹਾਂ ਦੀ ਜਿਣਸ ਦਾ ਵੀ ਫਰਕ ਸੀ, ਬ੍ਰਾਹਮਣ ਵਾਸਤੇ ਸੂਤ, ਖਤਰੀ ਵਾਸਤੇ ਸਣ ਅਤੇ ਵੈਸ਼ ਵਾਸਤੇ ਉਨ ਦਾ ਜਨੇਊ। ਸ਼ੂਦਰ ਨੂੰ ਨੀਵਾਂ ਵਿਖਾਉਣ ਅਤੇ ਉਸ ਦੇ ਅੰਦਰ ਹੀਨ ਭਾਵਨਾ ਪੈਦਾ ਕਰਨ ਲਈ, ਉਸ ਨੂੰ ਜਿਥੇ ਜਨੇਊ ਪਾਉਣ ਦਾ ਅਧਿਕਾਰ ਨਹੀਂ ਦਿੱਤਾ ਉਥੇ ਜਨੇਊ ਦਾ ਨਾ ਪਹਿਨਣਾ ਹੀ ਉਸ ਦੇ ਸ਼ੂਦਰ ਹੋਣ ਦੀ ਪਹਿਚਾਣ ਸੀ।

ਬ੍ਰਾਹਮਣ ਨੇ ਆਪਣੀ ਪਹਿਚਾਣ ਨੂੰ ਵਧੇਰੇ ਪ੍ਰਤੱਖ ਬਣਾਉਣ ਅਤੇ ਆਪਣੇ ਆਪ ਨੂੰ ਬਾਕੀਆਂ ਨਾਲੋਂ ਸ਼੍ਰੋਮਣੀ ਵਿਖਾਉਣ ਲਈ ਸਿਰ ਤੇ ਚੋਟੀ (ਬੋਦੀ), ਮੱਥੇ ਤੇ ਤਿਲਕ, ਗੱਲੇ ਵਿੱਚ ਰੁਦ੍ਰਾਕਸ਼ ਦੀ ਮਾਲਾ ਅਤੇ ਲੱਕ ਕਖਾਈ ਧੋਤੀ (ਜਿਸ ਉਤੇ ਰਾਮ ਰਾਮ ਲਿਖਿਆ ਹੁੰਦਾ ਹੈ) ਨੂੰ ਆਪਣੀ ਧਾਰਮਿਕ ਪਹਿਚਾਣ ਬਣਾਇਆ। ਉਸ ਨੇ ਆਪਣੀ ਧਾਰਮਿਕ ਉੱਚਤਾ ਦਰਸਾਉਣ ਲਈ ਇਸ ਵਿਖਾਵੇ ਅਤੇ ਪਹਿਰਾਵੇ ਨੂੰ ਹੀ ਪਵਿੱਤਰ ਗਰਦਾਨਿਆਂ। ਜੇ ਇਹ ਪਹਿਰਾਵਾ ਪਵਿੱਤਰ ਹੈ ਤਾਂ ਉਸ ਨੂੰ ਪਹਿਨਣ ਵਾਲਾ ਤਾਂ ਆਪੇ ਬਹੁਤ ਪਵਿੱਤਰ ਹੋ ਗਿਆ।

ਸਤਿਗੁਰੂ ਨੇ ਬ੍ਰਾਹਮਣ ਦੇ ਐਸੇ ਕਿਸੇ ਭੇਖ ਨੂੰ ਧਰਮ ਦੇ ਨਾਂਅ ਤੇ ਕੋਈ ਮਾਨਤਾ ਨਹੀਂ ਦਿੱਤੀ। ਸਤਿਗੁਰੂ ਨਾਨਕ ਪਾਤਿਸ਼ਾਹ ਨੇ ਕਿਸੇ ਦੇ ਪਹਿਰਾਵੇ ਨੂੰ ਵੇਖ ਕੇ ਉਸ ਦੇ ਧਰਮੀਂ ਹੋਣ ਦਾ ਅੰਦਾਜ਼ਾ ਲਾਉਣ ਵਾਲਿਆਂ ਨੂੰ ਸਮਝਾਇਆ ਹੈ ਕਿ ਇਹ ਜਿਸ ਬਾਹਰੀ ਦਿੱਖ ਨੂੰ ਤੁਸੀ ਧਰਮ ਸਮਝ ਰਹੇ ਹੋ, ਇਹ ਕੇਵਲ ਤੁਹਾਡਾ ਅੰਧ ਵਿਸ਼ਵਾਸ ਹੈ। ਪਾਵਨ ਗੁਰ ਬਚਨ ਹਨ:

ਗਲਿ ਮਾਲਾ ਤਿਲਕੁ ਲਿਲਾਟੰ।। ਦੁਇ ਧੋਤੀ ਬਸਤ੍ਰ ਕਪਾਟੰ।। ਜੇ ਜਾਣਸਿ ਬ੍ਰਹਮੰ ਕਰਮੰ।। ਸਭਿ ਫੋਕਟ ਨਿਸਚਉ ਕਰਮੰ।। {ਮਃ ੧, ਪੰਨਾ ੪੭੦}

ਗਲ ਵਿੱਚ ਮਾਲਾ ਰੱਖਦਾ ਹੈ, ਤੇ ਮੱਥੇ ਉਤੇ ਤਿਲਕ ਲਾਂਦਾ ਹੈ; (ਸਦਾ) ਦੋ ਧੋਤੀਆਂ ਪਾਸ ਰੱਖਦਾ ਹੈ ਤੇ (ਸੰਧਿਆ ਕਰਨ ਵੇਲੇ) ਸਿਰ ਉੱਤੇ ਇੱਕ ਵਸਤਰ ਧਰ ਲੈਂਦਾ ਹੈ। ਪਰ ਜੇ ਇਹ ਪੰਡਤ ਰੱਬ (ਧਰਮ) ਦਾ ਕੰਮ ਜਾਣਦਾ ਹੋਵੇ, ਤਦ ਨਿਸਚਾ ਕਰ ਕੇ ਜਾਣ ਲਵੋ ਕਿ, ਇਹ ਸਭ ਕੰਮ ਫੋਕੇ (ਅੰਧ) ਵਿਸ਼ਵਾਸ ਹਨ।

ਐਸੇ ਲੋਕਾਂ ਦੇ ਇੱਕ ਵਿਸ਼ੇਸ਼ ਪਹਿਰਾਵੇ ਦੁਆਰਾ ਆਪਣੇ ਆਪ ਨੂੰ ਧਰਮੀ ਸਥਾਪਤ ਕਰਨ ਦੇ ਪਖੰਡ ਦੇ ਪਾਜ ਉਘੇੜਦੇ ਹੋਏ, ਭਗਤ ਕਬੀਰ ਜੀ ਫੁਰਮਾਂਦੇ ਹਨ:

ਮਾਥੇ ਤਿਲਕੁ ਹਥਿ ਮਾਲਾ ਬਾਨਾਂ।। ਲੋਗਨ ਰਾਮੁ ਖਿਲਉਨਾ ਜਾਨਾਂ।। {ਭੈਰਉ ਕਬੀਰ ਜੀਉ, ਪੰਨਾ ੧੧੫੮}

(ਲੋਕ) ਮੱਥੇ ਉੱਤੇ ਤਿਲਕ ਲਾ ਲੈਂਦੇ ਹਨ, ਹੱਥ ਵਿੱਚ ਮਾਲਾ ਫੜ ਲੈਂਦੇ ਹਨ, ਧਾਰਮਿਕ ਪਹਿਰਾਵਾ ਬਣਾ ਲੈਂਦੇ ਹਨ, (ਤੇ ਸਮਝਦੇ ਹਨ ਕਿ ਪਰਮਾਤਮਾ ਦੇ ਭਗਤ ਬਣ ਗਏ ਹਾਂ) ਲੋਕਾਂ ਨੇ ਪਰਮਾਤਮਾ ਨੂੰ ਖਿਡੌਣਾ (ਭਾਵ, ਅੰਞਾਣਾ ਬਾਲ) ਸਮਝ ਲਿਆ ਹੈ (ਕਿ ਇਹਨੀਂ ਗਲੀਂ ਉਸ ਨੂੰ ਪਰਚਾਇਆ ਜਾ ਸਕਦਾ ਹੈ)।

ਭਗਤ ਕਬੀਰ ਜੀ ਨੇ, ਬ੍ਰਾਹਮਣ ਦੇ ਪਹਿਰਾਵੇ ਨੂੰ ਵੇਖ ਕੇ, ਉਸ ਦੇ ਭਰਮਜਾਲ ਵਿੱਚ ਫਸਣ ਵਾਲਿਆਂ ਨੂੰ ਸੁਚੇਤ ਕੀਤਾ ਕਿ ਇਸ ਦੇ ਪਹਿਰਾਵੇ ਤੋਂ ਇਸ ਦਾ ਧਰਮੀ ਹੋਣਾ ਸਮਝਣ ਵਾਲਿਓ! ਸਾਵਧਾਨ ਹੋ ਜਾਓ, ਇਹ ਧਾਰਮਿਕ ਪਹਿਰਾਵੇ ਵਿੱਚ ਵੱਡੇ ਠੱਗ ਤੁਰੇ ਫਿਰਦੇ ਹਨ। ਭਗਤ ਕਬੀਰ ਜੀ ਨੇ ਲੋਕਾਈ ਨੂੰ ਸਮਝਾਉਣ ਲਈ ਹੋਕਾ ਦਿੱਤਾ:

ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ।। ਗਲੀ ਜਿਨਾੑ ਜਪਮਾਲੀਆ ਲੋਟੇ ਹਥਿ ਨਿਬਗ।। ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ।। (ਕਬੀਰ ਜੀਉ, ਪੰਨਾ ੪੭੫)

(ਜੋ ਮਨੁੱਖ) ਸਾਢੇ ਤਿੰਨ ਤਿੰਨ ਗਜ਼ (ਲੰਮੀਆਂ) ਧੋਤੀਆਂ (ਪਹਿਨਦੇ, ਅਤੇ) ਤਿਹਰੀਆਂ ਤੰਦਾਂ ਵਾਲੇ ਜਨੇਊ ਪਾਂਦੇ ਹਨ, ਜਿਨ੍ਹਾਂ ਦੇ ਗਲਾਂ ਵਿੱਚ ਮਾਲਾਂ ਹਨ ਤੇ ਹੱਥ ਵਿੱਚ ਲਿਸ਼ਕਾਏ ਹੋਏ ਲੋਟੇ ਹਨ, ਉਹ ਮਨੁੱਖ ਪਰਮਾਤਮਾ ਦੇ ਭਗਤ ਨਹੀਂ ਆਖੇ ਜਾਣੇ ਚਾਹੀਦੇ, ਉਹ ਤਾਂ (ਅਸਲ ਵਿਚ) ਬਣਾਰਸੀ ਠੱਗ ਹਨ। ੧।

ਐਸੇ ਸੰਤ ਨ ਮੋ ਕਉ ਭਾਵਹਿ।। ਡਾਲਾ ਸਿਉ ਪੇਡਾ ਗਟਕਾਵਹਿ।। ੧।। ਰਹਾਉ।।

ਮੈਨੂੰ ਅਜਿਹੇ ਸੰਤ ਚੰਗੇ ਨਹੀਂ ਲੱਗਦੇ, ਜੋ ਮੂਲ ਨੂੰ ਭੀ ਟਹਿਣੀਆਂ ਸਮੇਤ ਖਾ ਜਾਣ (ਭਾਵ, ਜੋ ਮਾਇਆ ਦੀ ਖ਼ਾਤਰ ਮਨੁੱਖਾਂ ਨੂੰ ਜਾਨੋਂ ਮਾਰਨੋਂ ਭੀ ਸੰਕੋਚ ਨਾ ਕਰਨ)। ੧। ਰਹਾਉ।

ਜੇ ਭਗਤ ਕਬੀਰ ਜੀ ਨੇ ਇਨ੍ਹਾਂ ਲੋਕਾਂ ਨੂੰ ਬਨਾਰਸ ਦੇ ਠੱਗ` ਆਖਿਆ ਤਾਂ ਗੁਰੂ ਨਾਨਕ ਪਾਤਿਸ਼ਾਹ ਇਨ੍ਹਾਂ ਨੂੰ ਜਗਤ ਕਸਾਈ` (butcher of the world), ਭਾਵ ਸਾਰੀ ਮਨੁੱਖਤਾ ਦਾ ਘਾਣ ਕਰਨ ਵਾਲੇ ਆਖ ਕੇ ਦੁਰਕਾਰਿਆ ਹੈ:

ਮਥੈ ਟਿਕਾ ਤੇੜਿ ਧੋਤੀ ਕਖਾਈ।। ਹਥਿ ਛੁਰੀ ਜਗਤ ਕਾਸਾਈ।। {ਮਃ ੧, ਪੰਨਾ ੪੭੨}

ਮੱਥੇ ਉੱਤੇ ਟਿੱਕਾ ਲਾਂਦੇ ਹਨ, ਲੱਕ ਦੁਆਲੇ ਗੇਰੂਏ ਰੰਗ ਦੀ ਧੋਤੀ (ਬੰਨ੍ਹਦੇ ਹਨ) ਪਰ ਹੱਥ ਵਿਚ, (ਮਾਨੋ) ਛੁਰੀ ਫੜੀ ਹੋਈ ਹੈ ਤੇ (ਵੱਸ ਲਗਦਿਆਂ) ਹਰੇਕ ਜੀਵ ਉੱਤੇ ਜ਼ੁਲਮ ਕਰਦੇ ਹਨ।

ਪੰਜਵੀਂ ਗੁਰੂ ਨਾਨਕ ਗਿਆਨ ਜੋਤਿ, ਸਤਿਗੁਰੂ ਅਰਜਨ ਪਾਤਿਸ਼ਾਹ ਨੇ ਵੀ, ਲੋਕਾਈ ਨੂੰ ਐਸੇ ਧਾਰਮਿਕ ਦਿਖਣ ਵਾਲੇ ਵਿਅਕਤੀਆਂ ਵਲੋਂ ਧਰਮ ਦੇ ਨਾਂਅ ਤੇ ਕਰਾਏ ਜਾ ਰਹੇ ਫੋਕਟ ਕਰਮਕਾਂਡਾਂ ਨੂੰ ਧਰਮ ਸਮਝ ਕੇ ਧੋਖਾ ਖਾਣ ਤੋਂ ਸੁਚੇਤ ਕੀਤਾ ਅਤੇ ਸਮਝਾਇਆ ਕਿ ਇਨ੍ਹਾਂ ਦੇ ਧਰਮ ਦੇ ਵਿਖਾਵੇ ਦੇ ਪਿੱਛੇ ਛੁਪੇ ਅਸਲੀ ਮਕਸਦ ਨੂੰ ਪਹਿਚਾਣੋ। ਇਹ ਧਰਮ ਦੇ ਪੜਦੇ ਪਿੱਛੇ ਤੁਹਾਡਾ ਘਾਣ ਕਰ ਰਹੇ ਹਨ, ਮਨੁੱਖਤਾ ਦਾ ਲਹੂ ਪੀ ਰਹੇ ਹਨ। ਸਤਿਗੁਰੂ ਦਾ ਪਾਵਨ ਫੁਰਮਾਨ ਹੈ:

ਪੂਜਾ ਤਿਲਕ ਕਰਤ ਇਸਨਾਨਾਂ।। ਛੁਰੀ ਕਾਢਿ ਲੇਵੈ ਹਥਿ ਦਾਨਾ।। ਬੇਦੁ ਪੜੈ ਮੁਖਿ ਮੀਠੀ ਬਾਣੀ।। ਜੀਆਂ ਕੁਹਤ ਨ ਸੰਗੈ ਪਰਾਣੀ।। " {ਗਉੜੀ ਮਹਲਾ ੫, ਪੰਨਾ ੨੦੧}

ਇਸਨੇ ਮੱਥੇ ਉਤੇ ਤਿਲਕ ਲਾਇਆ ਹੈ (ਧਰਮੀ ਭੇਖ ਬਣਾਇਆ ਹੈ), ਲੋਕਾਂ ਨੂੰ ਭਰਮਾਉਣ ਲਈ ਪੂਜਾ ਕਰਦਾ ਹੈ ਅਤੇ ਇਸ਼ਨਾਨ ਦੀ ਸੁਚਤਮ ਵੀ ਕਰਦਾ ਹੈ। (ਪਰ ਅਸਲ ਵਿੱਚ ਇਹ ਸਭ ਵਿਖਾਵੇ) ਦਾਨ ਦੇ ਨਾਂ ਤੇ ਲੋਕਾਈ ਨੂੰ ਲੁੱਟਣ ਲਈ ਜੋਰ ਜੁਲਮ ਕਰਦਾ ਹੈ। (ਬ੍ਰਾਹਮਣ) ਮੂੰਹੋਂ ਤਾਂ ਮਿੱਠੀ ਸੁਰ ਨਾਲ ਵੇਦ (-ਮੰਤ੍ਰ) ਪੜ੍ਹਦਾ ਹੈ, ਪਰ ਆਪਣੇ ਜਜਮਾਨਾਂ ਨਾਲ ਧੋਖਾ ਕਰਦਿਆਂ ਰਤਾ ਨਹੀਂ ਝਿਜਕਦਾ। ੩।

ਹੁਣ ਇਹ ਵਿਚਾਰ ਲੈਣਾ ਵੀ ਯੋਗ ਹੋਵੇਗਾ ਕਿ ਸਿੱਖ ਕੌਮ ਵਿੱਚ ਸਾਨੂੰ ਇਹ ਕਿਵੇਂ ਪਤਾ ਲਗਦਾ ਹੈ ਕਿ ਕੋਈ ਵਿਅਕਤੀ, ਅਖੌਤੀ ਸੰਤ ਜਾਂ ਕੋਈ ਮਹਾਪੁਰਖ ਹੈ? ਕਿਉਂਕਿ ਕਿਸੇ ਦੇ ਜੀਵਨ ਦੇ ਗੁਣਾਂ (ਆਚਾਰ, ਵਿਹਾਰ, ਕਿਰਦਾਰ) ਬਾਰੇ ਤਾਂ ਉਹੀ ਜਾਣ ਸਕਦਾ ਹੈ, ਜੋ ਉਸ ਦੇ ਬਹੁਤ ਨੇੜੇ ਹੋਵੇ। ਕੁੱਝ ਸਮੇਂ ਦੀ ਨੇੜਤਾ ਜਾਂ ਕਦੇ ਕਦਾਈਂ ਦੇ ਮਿਲਾਪ ਨਾਲ ਵੀ ਇਨ੍ਹਾਂ ਗੁਣਾਂ ਬਾਰੇ ਸੌਖਾ ਕੁੱਝ ਨਹੀਂ ਜਾਣਿਆ ਜਾ ਸਕਦਾ। ਆਮ ਤੌਰ ਤੇ ਸਾਡੇ ਕੋਲ ਪਹਿਚਾਣ ਦਾ ਮੁੱਢਲਾ ਸਾਧਨ ਹੈ, ਪਹਿਲਾ ਪਹਿਰਾਵਾ ਅਤੇ ਦੂਸਰਾ ਵਿਖਾਵਾ। ਜਿਵੇਂ ਪਹਿਲਾਂ ਬ੍ਰਾਹਮਣ ਨੂੰ ਉਸ ਦੀ ਬੋਦੀ, ਟਿੱਕਾ, ਮਾਲਾ, ਜਨੇਊ ਅਤੇ ਧੋਤੀ ਵੇਖ ਕੇ ਹੀ ਪਹਿਚਾਣ ਲਿਆ ਜਾਂਦਾ ਸੀ ਕਿ ਇਹ ਹਿੰਦੂ ਕੌਮ ਦਾ ਧਾਰਮਿਕ ਆਗੂ ਹੈ, ਤਿਵੇਂ ਹੀ ਬਹੁਤੇ ਭੋਲੇ-ਭਾਲੇ ਸਿੱਖ ਗੋਲ ਪੱਗ ਅਤੇ ਚਿੱਟਾ ਲੰਬਾ ਚੋਲਾ ਵੇਖ ਕੇ ਹੀ ਸਮਝ ਜਾਂਦੇ ਹਨ, ਕਿ ਇਹ ਬਾਬਾ ਜੀ ਹਨ ਅਤੇ ਉਨ੍ਹਾਂ ਦੇ ਮਨ ਵਿੱਚ ਉਨ੍ਹਾਂ ਪ੍ਰਤੀ ਸਤਿਕਾਰ ਪੈਦਾ ਹੋ ਜਾਂਦਾ ਹੈ। ਦੂਸਰਾ ਤਕਰੀਬਨ ਹਰ ਪਖੰਡੀ ਬਾਬੇ ਦਾ ਵਿਖਾਵਾ ਬੜਾ ਪ੍ਰਭਾਵਸ਼ਾਲੀ ਹੁੰਦਾ ਹੈ। ਹਰ ਬਾਬੇ ਕੋਲ ਵੱਡੀ ਗੱਡੀ ਹੁੰਦੀ ਹੈ ਅਤੇ ਨਾਲ ਵਿਹਲੜ ਸੇਵਾਦਾਰਾਂ ਦੀ ਫੌਜ ਹੁੰਦੀ ਹੈ। ਵੈਸੇ ਤਾਂ ਇਨ੍ਹਾਂ ਸੇਵਾਦਾਰਾਂ ਦਾ ਪਹਿਰਾਵਾ ਵੀ ਇਨ੍ਹਾਂ ਬਗਲੇ ਭਗਤਾਂ ਵਾਲਾ ਹੀ ਹੁੰਦਾ ਹੈ ਪਰ ਵੱਡੇ ਪਖੰਡੀ ਦੇ ਪਹਿਰਾਵੇ ਵਿੱਚ ਵਿਸ਼ੇਸ਼ ਚਮਕ ਦਮਕ ਹੁੰਦੀ ਹੈ, ਨਾਲ ਹੀ ਸੇਵਾਦਾਰ ਉਸ ਬਾਬੇ ਪ੍ਰਤੀ ਇਤਨਾ ਸਤਿਕਾਰ ਪ੍ਰਗਟ ਕਰਦੇ ਹਨ, ਕਿ ਵੇਖਣ ਵਾਲਾ ਪ੍ਰਭਾਵਤ ਹੋਏ ਬਿਨਾਂ ਨਹੀਂ ਰਹਿ ਸਕਦਾ। ਇਹ ਨਹੀਂ ਕਿ ਇਹ ਸੇਵਾਦਾਰ, ਉਸ ਬਾਬੇ ਦੀ ਸਖਸ਼ੀਅਤ ਤੋਂ ਪ੍ਰਭਾਵਤ ਹੋਕੇ ਇਹ ਸਤਿਕਾਰ ਕਰਦੇ ਹਨ, ਬਲਕਿ ਇਹ ਉਨ੍ਹਾਂ ਦੇ ਪੇਸ਼ੇ ਦਾ ਇੱਕ ਅਹਿਮ ਹਿੱਸਾ ਹੈ। ਇਸ ਸਤਿਕਾਰ ਦੇ ਵਿਖਾਵੇ ਤੋਂ ਇਲਾਵਾ ਇੱਕ ਹੋਰ ਵੱਡਾ ਕਾਰਜ ਇਨ੍ਹਾਂ ਜ਼ਿੰਮੇਂ ਹੁੰਦਾ ਹੈ, ਮੋਜੂਦਾ ਅਖੌਤੀ ਬਾਬੇ ਅਤੇ ਵਿਸ਼ੇਸ਼ ਕਰ ਕੇ ਉਸ ਤੋਂ ਪਹਿਲਾਂ ਵਾਲੇ ਅਖੌਤੀ ਬਾਬਿਆਂ ਦੀਆਂ ਭਗਤੀ, ਤਪੱਸਿਆ ਅਤੇ ਅਲੌਕਿਕ ਕਰਿਸ਼ਮਿਆਂ ਦੀਆਂ ਝੂਠੀਆਂ ਕਹਾਣੀਆਂ ਲੋਕਾਂ ਨੂੰ ਪੂਰੀ ਸ਼ਰਧਾ ਨਾਲ ਸੁਨਾਉਣੀਆਂ। ਜਿਹੜਾ ਮਹਾ-ਪੁਰਖਾਂ ਦੇ ਸਤਿਕਾਰ ਦਾ ਵੱਡਾ ਵਿਖਾਵਾ ਨਹੀਂ ਕਰ ਸਕਦਾ, ਉਹ ਤਾਂ ਡੇਰੇ ਵਿੱਚ ਰਹਿ ਹੀ ਨਹੀਂ ਸਕਦਾ। ਸਭ ਕੁੱਝ ਬਿਲਕੁਲ ਉਂਝ ਹੀ ਹੋ ਰਹਾ ਹੈ, ਜਿਵੇਂ ਪਹਿਲਾਂ ਬ੍ਰਾਹਮਣ ਬਾਰੇ ਹੁੰਦਾ ਸੀ ਜਾਂ ਉਨ੍ਹਾਂ ਦੇ ਸਮਾਜ ਵਿੱਚ ਅੱਜ ਵੀ ਹੈ। ਗੁਰੂ ਨਾਨਕ ਪਾਤਿਸ਼ਾਹ ਨੇ ਸਾਨੂੰ ਇਸ ਧਾਰਮਿਕ ਪਹਿਰਾਵੇ ਦੇ ਪਾਖੰਡ ਤੋਂ ਮੁਕਤ ਹੋਣ ਦਾ ਸੱਦਾ ਦਿੱਤਾ ਸੀ। ਸਤਿਗੁਰੂ ਤਾਂ ਸਾਨੂੰ ਇਸ ਪਹਿਰਾਵੇ ਦੇ ਬਾਰੇ ਸਮਝਾਉਂਦੇ ਬਖਸ਼ਿਸ਼ ਕਰਦੇ ਹਨ:

ਬਗਾ ਬਗੇ ਕਪੜੇ ਤੀਰਥ ਮੰਝਿ ਵਸੰਨਿੑ।। ਘੁਟਿ ਘੁਟਿ ਜੀਆ ਖਾਵਣੇ ਬਗੇ ਨਾ ਕਹੀਅਨਿੑ।। {ਸੂਹੀ ਮਹਲਾ ੧, ਪੰਨਾ ੭੨੯}

ਬਗਲਿਆਂ ਦੇ ਚਿੱਟੇ ਖੰਭ ਹੁੰਦੇ ਹਨ, ਵੱਸਦੇ ਭੀ ਉਹ ਤੀਰਥਾਂ ਉਤੇ ਹੀ ਹਨ। ਪਰ ਜੀਆਂ ਨੂੰ (ਗਲੋਂ) ਘੁੱਟ ਘੁੱਟ ਕੇ ਖਾ ਜਾਣ ਵਾਲੇ (ਅੰਦਰੋਂ) ਸਾਫ਼ ਸੁਥਰੇ ਨਹੀਂ ਆਖੇ ਜਾਂਦੇ।

ਸਤਿਗੁਰੂ ਨੇ ਇਨ੍ਹਾਂ ਪਹਿਰਾਵੇ ਕਾਰਨ ਧਰਮੀਂ ਸਮਝੇ ਜਾ ਰਹਿਆਂ, ਦੀ ਤੁਲਨਾ ਬਗਲੇ ਨਾਲ ਕੀਤੀ ਹੈ। ਜਿਵੇਂ ਵੇਖਣ ਨੂੰ ਤਾਂ ਬਗਲੇ ਦੇ ਚਿੱਟੇ ਪੰਖ ਹੁੰਦੇ ਹਨ। ਬਗਲੇ ਆਮ ਤੌਰ ਤੇ ਪਾਣੀ ਕਿਨਾਰੇ ਇੱਕ ਲੱਤ ਤੇ ਖਲੋਤੇ ਹੁੰਦੇ ਹਨ। ਕਿਉਂਕਿ ਹਿੰਦੂ ਧਰਮ ਦੇ ਧਰਮ ਸਥਾਨ ਅਕਸਰ ਪਾਣੀ ਕੰਢੇ ਹੁੰਦੇ ਹਨ, ਇਹ ਸਮਝਿਆ ਜਾਂਦਾ ਹੈ ਕਿ ਇਹ ਤੀਰਥ ਤੇ ਭਗਤੀ ਕਰ ਰਹੇ ਹਨ, ਪਰ ਅਸਲ ਵਿੱਚ ਇਹ ਇਸ ਤਾਕ ਵਿੱਚ ਹੁੰਦੇ ਹਨ ਕਿ ਕਦੋਂ ਕੋਈ ਮੱਛੀ ਯਾ ਡੱਡੂ ਇਨ੍ਹਾਂ ਦੇ ਨੇੜੇ ਆਵੇ ਇਹ ਝਪਟ ਕੇ ਉਸ ਨੂੰ ਖਾ ਜਾਣ। ਐਸੇ ਵਿਅਕਤੀਆਂ ਬਾਰੇ ਹੀ ਭਗਤ ਬੇਣੀ ਜੀ ਨੇ ਫੁਰਮਾਇਆ ਹੈ:

ਤਨਿ ਚੰਦਨੁ ਮਸਤਕਿ ਪਾਤੀ।। ਰਿਦ ਅੰਤਰਿ ਕਰ ਤਲ ਕਾਤੀ।। ਠਗ ਦਿਸਟਿ ਬਗਾ ਲਿਵ ਲਾਗਾ।। ਦੇਖਿ ਬੈਸਨੋ ਪ੍ਰਾਨ ਮੁਖ ਭਾਗਾ।। (ਪ੍ਰਭਾਤੀ ਭਗਤ ਬੇਣੀ ਜੀ ਕੀ, ਪੰਨਾ ੧੩੫੧)

(ਹੇ ਲੰਪਟ!) ਤੂੰ ਸਰੀਰ ਉੱਤੇ ਚੰਦਨ (ਦਾ ਲੇਪ ਕਰਦਾ ਹੈਂ) ਮੱਥੇ ਉੱਤੇ ਤੁਲਸੀ ਦੇ ਪੱਤਰ (ਲਾਂਦਾ ਹੈਂ; ਪਰ) ਤੇਰੇ ਹਿਰਦੇ ਵਿੱਚ (ਇਉਂ ਕੁੱਝ ਹੋ ਰਿਹਾ ਹੈ ਜਿਵੇਂ) ਤੇਰੇ ਹੱਥਾਂ ਵਿੱਚ ਕੈਂਚੀ ਫੜੀ ਹੋਈ ਹੈ; ਤੇਰੀ ਨਿਗਾਹ ਠੱਗਾਂ ਵਾਲੀ ਬਗਲੇ ਵਾਂਗ ਤੂੰ ਸਮਾਧੀ ਲਾਈ ਹੋਈ ਹੈ, ਵੇਖਣ ਨੂੰ ਤੂੰ ਵੈਸ਼ਨੋ ਜਾਪਦਾ ਹੈਂ ਜਿਵੇਂ ਤੇਰੇ ਮੂੰਹ ਵਿਚੋਂ ਸੁਆਸ ਭੀ ਨਿਕਲ ਗਏ ਹਨ (ਭਾਵ, ਵੇਖਣ ਨੂੰ ਤੂੰ ਬੜਾ ਹੀ ਦਇਆਵਾਨ ਜਾਪਦਾ ਹੈਂ)। ੧।

ਸਤਿਗੁਰੂ ਦੇ ਇਤਨਾ ਸੁਚੇਤ ਕਰਨ ਦੇ ਬਾਵਜੂਦ, ਅੱਜ ਸਿੱਖ ਸਮਾਜ ਵਿੱਚ ਕੇਵਲ ਇਤਨਾ ਹੀ ਬਦਲਿਆ ਹੈ, ਕਿ ਬ੍ਰਾਹਮਣ ਦੀਆਂ ਸਾਢੇ ਤਿੰਨ ਤਿੰਨ ਗਜ਼ ਦੀਆਂ ਦੋ ਧੋਤੀਆਂ ਦੀ ਜਗ੍ਹਾ ਤੇ ਲੰਬਾ ਚਿੱਟਾ ਚੋਲਾ ਆ ਗਿਆ ਹੈ, ਮੱਥੇ ਤੇ ਲੱਗੇ ਟਿੱਕੇ ਦੀ ਜਗ੍ਹਾ ਗੋਲ ਪੱਗਾਂ ਆ ਗਈਆਂ ਹਨ। ਤਿੰਨ ਤੰਦਾਂ ਵਾਲੇ ਜਨੇਊ ਦੀ ਜਗ੍ਹਾ ਚੌੜੇ ਪਟੇ ਵਾਲਾ ਗਾਤਰਾ ਅਤੇ ਕ੍ਰਿਪਾਨ ਆ ਗਈ ਹੈ। ਮੈਂ ਆਪਣੇ ਸਤਿਗੁਰੂ ਕੋਲੋਂ ਅਤੇ ਖਾਲਸਾ ਪੰਥ ਤੋਂ ਦੋ ਹੱਥ ਜੋੜ ਕੇ ਖਿਮਾਂ ਦਾ ਜਾਚਕ ਹਾਂ ਜੋ ਸਤਿਗੁਰੂ ਦੇ ਬਖਸ਼ੇ ਹੋਏ ਕਕਾਰ ਕ੍ਰਿਪਾਨ ਦੀ ਤੁਲਣਾ ਬ੍ਰਾਹਮਣ ਦੇ ਜਨੇਊ ਨਾਲ ਕਰ ਰਿਹਾ ਹਾਂ, ਪਰ ਸੱਚਾਈ ਇਹੀ ਹੈ ਕਿ ਇਨ੍ਹਾਂ ਪਖੰਡੀਆਂ ਵਾਸਤੇ ਇਸ ਗਾਤਰੇ ਦੀ ਮਹੱਤਤਾ ਇਸ ਵਿਖਾਵੇ ਤੋਂ ਵੱਧ ਹੋਰ ਕੁੱਝ ਨਹੀਂ। ਬਹੁਤੀ ਜਗ੍ਹਾ ਤੇ ਮਾਲਾ ਅਜੇ ਵੀ ਕਾਇਮ ਹਨ। ਕਿਉਂਕਿ ਬਹੁਤੇ ਗੁਰਮਤਿ ਅਤੇ ਗੁਰਬਾਣੀ ਤੋਂ ਅਨਜਾਣ ਸਿੱਖ ਅੱਜ ਵੀ ਮਾਲਾ ਫੇਰਨ ਦੇ ਬ੍ਰਾਹਮਣੀ ਕਰਮ ਨੂੰ ਇੱਕ ਧਰਮ ਦਾ ਕਰਮ ਸਮਝਦੇ ਹਨ ਅਤੇ ਐਸੇ ਲੋਕਾਂ ਨੂੰ ਆਪਣੇ ਧਰਮੀਂ ਅਤੇ ਤਪੀ ਹੋਣ ਦੇ ਭਰਮ ਜਾਲ ਵਿੱਚ ਫਸਾਣ ਦਾ ਇਹ ਇੱਕ ਵਧੀਆ ਸਾਧਨ ਹੈ, ਇਸ ਲਈ ਬਹੁਤੇ ਪਖੰਡੀ ਸਾਧ ਮਾਲਾ ਦਾ ਅਜੇ ਵੀ ਪੂਰਾ ਵਿਖਾਵਾ ਕਰਦੇ ਹਨ। ਕਈ ਤਾਂ ਲੋਕਾਂ ਨਾਲ ਗੱਲਾਂ ਬਾਤਾਂ ਕਰਦੇ ਵੀ ਮਣਕੇ ਤੇ ਮਣਕਾ ਮਾਰੀ ਜਾਣਗੇ। ਇਨ੍ਹਾਂ ਦੇ ਚੇਲੇ ਪ੍ਰਚਾਰਦੇ ਹਨ, ਇਹ ਮਹਾ-ਪੁਰਖ, ਬ੍ਰਹਮਗਿਆਨੀ ਅਵਸਥਾ ਵਿੱਚ ਹਨ, ਸੰਸਾਰੀਆਂ ਨਾਲ ਗੱਲਾਂ ਕਰਦਿਆਂ ਵੀ ਇਨ੍ਹਾਂ ਦਾ ਮਨ ਸਿਮਰਨ ਵਿੱਚ ਜੁੜਿਆ ਰਹਿੰਦਾ ਹੈ। ਕੁੱਝ ਜੇਬ ਵਿੱਚ ਜਾਂ ਕਿਸੇ ਝੋਲੇ ਵਿੱਚ ਹੱਥ ਪਾਕੇ ਮਾਲਾ ਫੇਰਦੇ ਰਹਿੰਦੇ ਹਨ, ਉਹ ਲੋਕਾਂ ਨੂੰ ਇਹ ਦਰਸਾਉਣਾ ਚਾਹੁੰਦੇ ਹਨ ਕਿ ਅਸੀਂ ਵਿਖਾਵਾ ਨਹੀਂ ਕਰਦੇ, ਪਰ ਹੱਥ ਇਸ ਤਰ੍ਹਾਂ ਹਿਲਾਉਂਦੇ ਹਨ ਕਿ ਹਰ ਵੇਖਣ ਵਾਲੇ ਨੂੰ ਇਹ ਪਤਾ ਲੱਗ ਜਾਵੇ ਕਿ ਮਹਾਪੁਰਖ (ਮਹਾਂ ਠੱਗ) ਗੱਲਾਂ ਕਰਦੇ ਵੀ ਸਿਮਰਨ ਕਰਦੇ ਰਹਿੰਦੇ ਹਨ, ਹਾਲਾਂਕਿ ਇਨ੍ਹਾਂ ਨੂੰ ਨਾਮ ਸਿਮਰਨ ਦੀ ਪਰਿਭਾਸ਼ਾ ਵੀ ਨਹੀਂ ਪਤਾ। (ਨਾਮ ਸਿਮਰਨ ਬਾਰੇ ਵਧੇਰੇ ਜਾਣਕਾਰੀ ਲਈ, ਵੇਖੋ ਇਸੇ ਕਲਮ ਤੋਂ ਲਿਖਤ ਕਿਤਾਬ, "ਗੁਰਮਤਿ ਨਾਮ ਸਿਮਰਨ")। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮਾਲਾ ਬਾਰੇ ਫੁਰਮਾਂਦੀ ਹੈ:

ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵਹਿ ਲੋਇ।। ਹਿਰਦੈ ਰਾਮੁ ਨ ਚੇਤਹੀ ਇਹ ਜਪਨੀ ਕਿਆ ਹੋਇ।। {ਪੰਨਾ ੧੩੬੮}

ਹੇ ਕਬੀਰ! ਤੂੰ ਤੁਲਸੀ ਰੁੱਦ੍ਰਾਖ ਆਦਿਕ ਦੀ ਮਾਲਾ (ਹੱਥ ਵਿੱਚ ਲੈ ਕੇ) ਕਿਉਂ ਲੋਕਾਂ ਨੂੰ ਵਿਖਾਂਦਾ ਫਿਰਦਾ ਹੈਂ? ਤੂੰ ਆਪਣੇ ਹਿਰਦੇ ਵਿੱਚ ਤਾਂ ਪਰਮਾਤਮਾ ਨੂੰ ਯਾਦ ਨਹੀਂ ਕਰਦਾ, (ਹੱਥ ਵਿੱਚ ਫੜੀ ਹੋਈ) ਇਸ ਮਾਲਾ ਦਾ ਕੋਈ ਲਾਭ ਨਹੀਂ ਹੋ ਸਕਦਾ।

ਮ੍ਰਿਗ ਆਸਣੁ ਤੁਲਸੀ ਮਾਲਾ।। ਕਰ ਊਜਲ ਤਿਲਕੁ ਕਪਾਲਾ।। ਰਿਦੈ ਕੂੜੁ ਕੰਠਿ ਰੁਦ੍ਰਾਖੰ।। ਰੇ ਲੰਪਟ ਕ੍ਰਿਸਨੁ ਅਭਾਖੰ।। ੪।। (ਭਗਤ ਬੇਣੀ ਜੀ, ਪੰਨਾ ੧੩੫੧)

ਹੇ ਵਿਸ਼ਈ ਮਨੁੱਖ! (ਪੂਜਾ ਪਾਠ ਵੇਲੇ) ਤੂੰ ਹਿਰਨ ਦੀ ਖੱਲ ਦਾ ਆਸਣ (ਵਰਤਦਾ ਹੈਂ), ਤੁਲਸੀ ਦੀ ਮਾਲਾ ਤੇਰੇ ਪਾਸ ਹੈ, ਸਾਫ਼ ਹੱਥਾਂ ਨਾਲ ਤੂੰ ਮੱਥੇ ਉੱਤੇ ਤਿਲਕ ਲਾਂਦਾ ਹੈਂ, ਗਲ ਵਿੱਚ ਤੂੰ ਰੁਦ੍ਰਾਖ ਦੀ ਮਾਲਾ ਪਾਈ ਹੋਈ ਹੈ, ਪਰ ਤੇਰੇ ਹਿਰਦੇ ਵਿੱਚ ਠੱਗੀ ਹੈ। (ਹੇ ਲੰਪਟ! ਇਸ ਤਰ੍ਹਾਂ) ਤੂੰ ਹਰੀ ਨੂੰ ਸਿਮਰ ਨਹੀਂ ਰਿਹਾ ਹੈਂ। ੪।

ਗੁਰਬਾਣੀ ਤਾਂ ਇਹ ਵਿਖਾਵੇ ਦੀਆਂ ਮਾਲਾ ਤਿਆਗ ਕੇ, ਵਾਹਿਗੁਰੂ ਨੂੰ ਹਿਰਦੇ ਵਿੱਚ ਵਸਾਣ ਦਾ ਉਪਦੇਸ਼ ਦੇਂਦੀ ਹੈ:

ਚੇਤਹੁ ਬਾਸੁਦੇਉ ਬਣਵਾਲੀ।। ਰਾਮੁ ਰਿਦੈ ਜਪਮਾਲੀ।। {ਗੂਜਰੀ ਅਸਟਪਦੀਆ ਮਹਲਾ ੧, ਪੰਨਾ ੫੦੩}

ਹੇ ਭਾਈ। ਸਰਬ-ਵਿਆਪਕ ਜਗਤ-ਮਾਲਕ ਪਰਮਾਤਮਾ ਨੂੰ ਸਦਾ ਚੇਤੇ ਰੱਖੋ। ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਟਿਕਾਓ (ਇਸ ਨੂੰ ਆਪਣੀ) ਮਾਲਾ (ਬਣਾਉ)। ੧। ਰਹਾਉ।

ਸੁਕ੍ਰਿਤੁ ਕਰਣੀ ਸਾਰੁ ਜਪਮਾਲੀ।। ਹਿਰਦੈ ਫੇਰਿ ਚਲੈ ਤੁਧੁ ਨਾਲੀ।। {ਭੈਰਉ ਮਹਲਾ ੪, ਪੰਨਾ ੧੧੩੪}

ਹੇ ਭਾਈ ! (ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ) ਸੰਭਾਲ ਰੱਖ, ਇਹੀ ਹੈ ਸਭ ਤੋਂ ਸ੍ਰੇਸ਼ਟ ਕਰਨ-ਜੋਗ ਕੰਮ, ਇਹੀ ਹੈ ਮਾਲਾ । (ਇਸ ਹਰਿ-ਨਾਮ ਸਿਮਰਨ ਦੀ ਮਾਲਾ ਨੂੰ ਆਪਣੇ) ਹਿਰਦੇ ਵਿੱਚ ਫੇਰਿਆ ਕਰ । ਇਹ ਹਰਿ-ਨਾਮ ਤੇਰੇ ਨਾਲ ਸਾਥ ਕਰੇਗਾ । ੧।

ਸਾਡੇ ਭੋਲੇ-ਭਾਲੇ ਲੋਕ ਪਹਿਰਾਵਾ ਬਦਲਣ ਨਾਲ ਹੀ ਭੁਲੇਖਾ ਖਾ ਗਏ ਹਨ ਅਤੇ ਗੁਰੂ ਨਾਨਕ ਪਾਤਿਸ਼ਾਹ ਦੁਆਰਾ ਨਕਾਰੇ ਗਏ ਬਨਾਰਸ ਦੇ ਠੱਗਾਂ ਨੂੰ ਰੱਬ ਬਣਾ ਦਿੱਤਾ ਹੈ। ਕਈ ਲੋਕ ਇਹ ਦਲੀਲ ਦੇਣਗੇ ਕਿ ਇਹ ਧਾਰਮਿਕ ਪਹਿਰਾਵਾ ਪਹਿਨਣ ਦਾ ਚਲਨ ਤਾਂ ਦੂਸਰੀਆਂ ਕੌਮਾਂ ਵਿੱਚ ਵੀ ਹੈ, ਜਿਵੇਂ ਹਿੰਦੂ ਧਰਮ ਵਿੱਚ ਬ੍ਰਾਹਮਣ ਤੋਂ ਇਲਾਵਾ, ਇਸਾਈ ਮੱਤ ਵਿੱਚ ਪਾਦਰੀ ਵੀ ਇੱਕ ਵਿਸ਼ੇਸ਼ ਕਿਸਮ ਦਾ ਚੋਗਾ ਪਾਉਂਦੇ ਹਨ। ਹੋਰ ਕੌਮਾਂ ਵਿੱਚ ਵੀ ਧਾਰਮਿਕ ਆਗੂ ਦੀ ਪਹਿਚਾਣ ਵਾਸਤੇ ਅਲੱਗ ਕਿਸਮ ਦੇ ਪਹਿਰਾਵੇ ਪਾਏ ਜਾਂਦੇ ਹਨ।

ਐਸੇ ਲੋਕਾਂ ਨੂੰ ਇੱਕ ਮੌਲਿਕ ਫਰਕ ਸਮਝਣ ਦੀ ਲੋੜ ਹੈ ਕਿ ਦੂਸਰੇ ਬਹੁਤੇ ਮਤਿ ਪੂਜਾ ਦੇ ਧਰਮ ਹਨ ਅਤੇ ਪੂਜਾ ਕਰਾਉਣ ਵਾਸਤੇ, ਭਾਂਤ ਭਾਂਤ ਦੇ ਧਾਰਮਿਕ ਸੰਸਕਾਰ ਕਰਾਉਣ ਵਾਸਤੇ ਪੁਜਾਰੀ ਹਨ ਅਤੇ ਪੁਜਾਰੀ ਦੀ ਪਹਿਚਾਣ ਵਾਸਤੇ ਵਿਸ਼ੇਸ਼ ਪਹਿਰਾਵਾ ਹੈ ਪਰ ਸਿੱਖ ਕੌਮ ਵਿੱਚ ਤਾਂ ਕਰਮਕਾਂਡੀ ਪੂਜਾ ਦਾ ਕੋਈ ਵਿਧਾਨ ਹੀ ਨਹੀਂ ਹੈ। ਸਤਿਗੁਰੂ ਨੇ ਗੁਰਬਾਣੀ ਵਿੱਚ ਹਰ ਤਰ੍ਹਾਂ ਦੀ ਪੂਜਾ ਨੂੰ ਰੱਦ ਕੀਤਾ ਹੈ। ਸਤਿਗੁਰੂ ਦਾ ਪਾਵਨ ਫੁਰਮਾਨ ਹੈ:

ਹਿੰਦੂ ਮੂਲੇ ਭੂਲੇ ਅਖੁਟੀ ਜਾਂਹੀ।। ਨਾਰਦਿ ਕਹਿਆ ਸਿ ਪੂਜ ਕਰਾਂਹੀ।।
ਅੰਧੇ ਗੁੰਗੇ ਅੰਧ ਅੰਧਾਰੁ।। ਪਾਥਰੁ ਲੇ ਪੂਜਹਿ ਮੁਗਧ ਗਵਾਰ।।
ਓਹਿ ਜਾ ਆਪਿ ਡੁਬੇ ਤੁਮ ਕਹਾ ਤਰਣਹਾਰੁ।। {
ਮਃ ੧, ਪੰਨਾ ੫੫੬}

ਹਿੰਦੂ ਉੱਕਾ ਹੀ ਭੁੱਲੇ ਹੋਏ ਖੁੰਝੇ ਜਾ ਰਹੇ ਹਨ, ਜੋ ਨਾਰਦ ਨੇ ਆਖਿਆ ਉਹੀ ਪੂਜਾ ਕਰਦੇ ਹਨ, ਇਹਨਾਂ ਅੰਨ੍ਹਿਆਂ ਗੁੰਗਿਆਂ ਵਾਸਤੇ ਹਨੇਰਾ ਘੁਪ ਬਣਿਆ ਪਿਆ ਹੈ (ਭਾਵ, ਨਾਹ ਇਹ ਸਹੀ ਰਸਤਾ ਵੇਖ ਰਹੇ ਹਨ ਤੇ ਨਾਹ ਮੂੰਹੋਂ ਪ੍ਰਭੂ ਦੇ ਗੁਣ ਗਾਉਂਦੇ ਹਨ), ਇਹ ਮੂਰਖ ਗਵਾਰ ਪੱਥਰ ਲੈ ਕੇ ਪੂਜ ਰਹੇ ਹਨ। (ਹੇ ਭਾਈ ! ਜਿਨ੍ਹਾਂ ਪੱਥਰਾਂ ਨੂੰ ਪੂਜਦੇ ਹੋ) ਜਦੋਂ ਉਹ ਆਪ (ਪਾਣੀ ਵਿਚ) ਡੁੱਬ ਜਾਂਦੇ ਹਨ (ਤਾਂ ਉਹਨਾਂ ਨੂੰ ਪੂਜ ਕੇ) ਤੁਸੀ (ਸੰਸਾਰ-ਸਮੁੰਦਰ ਤੋਂ) ਕਿਵੇਂ ਤਰ ਸਕਦੇ ਹੋ ?

ਸਤਿਗੁਰੂ ਨੇ ਪੂਜਾ ਨਾਲ ਸਬੰਧਤ ਹਰ ਕਰਮਕਾਂਡ ਨੂੰ ਰੱਦ ਕੀਤਾ ਹੈ:

ਖਟੁ ਸਾਸਤ ਬਿਚਰਤ ਮੁਖਿ ਗਿਆਨਾ।। ਪੂਜਾ ਤਿਲਕੁ ਤੀਰਥ ਇਸਨਾਨਾ।। ਨਿਵਲੀ ਕਰਮ ਆਸਨ ਚਉਰਾਸੀਹ ਇਨ ਮਹਿ ਸਾਂਤਿ ਨ ਆਵੈ ਜੀਉ।। {ਮਾਝ ਮਹਲਾ ੫, ਪੰਨਾ ੯੮}

ਕਈ ਐਸੇ ਹਨ ਜੋ ਛੇ ਸ਼ਾਸਤ੍ਰਾਂ ਨੂੰ ਵਿਚਾਰਦੇ ਹਨ ਤੇ ਉਹਨਾਂ ਦਾ ਉਪਦੇਸ਼ ਮੂੰਹ ਨਾਲ (ਸੁਣਾਂਦੇ ਹਨ), ਦੇਵ-ਪੂਜਾ ਕਰਦੇ ਹਨ ਮੱਥੇ ਤੇ ਤਿਲਕ ਲਾਂਦੇ ਹਨ, ਤੀਰਥਾਂ ਦੇ ਇਸ਼ਨਾਨ ਕਰਦੇ ਹਨ। ਕਈ ਐਸੇ ਹਨ ਜੋ ਨਿਵਲੀ ਕਰਮ ਆਦਿਕ ਜੋਗੀਆਂ ਵਾਲੇ ਚੌਰਾਸੀ ਆਸਣ ਕਰਦੇ ਹਨ। ਪਰ ਇਹਨਾਂ ਉੱਦਮਾਂ ਨਾਲ (ਮਨ ਵਿਚ) ਸ਼ਾਂਤੀ ਨਹੀਂ ਆਉਂਦੀ।

ਪੂਜਾ ਅਰਚਾ ਬੰਦਨ ਡੰਡਉਤ ਖਟੁ ਕਰਮਾ ਰਤੁ ਰਹਤਾ।। ਹਉ ਹਉ ਕਰਤ ਬੰਧਨ ਮਹਿ ਪਰਿਆ ਨਹ ਮਿਲੀਐ ਇਹ ਜੁਗਤਾ।। {ਸੋਰਠਿ ਮਹਲਾ ੫, ਪੰਨਾ ੬੪੨}

ਹੇ ਭਾਈ ! ਕੋਈ ਮਨੁੱਖ ਦੇਵ-ਪੂਜਾ ਵਿਚ, ਦੇਵਤਿਆਂ ਨੂੰ ਨਮਸਕਾਰ ਡੰਡਉਤ ਕਰਨ ਵਿਚ, ਛੇ ਕਰਮਾਂ ਦੇ ਕਰਨ ਵਿੱਚ ਮਸਤ ਰਹਿੰਦਾ ਹੈ। ਪਰ ਉਹ ਭੀ (ਇਹਨਾਂ ਮਿੱਥੇ ਹੋਏ ਧਾਰਮਿਕ ਕਰਮਾਂ ਦੇ ਕਰਨ ਕਰ ਕੇ ਆਪਣੇ ਆਪ ਨੂੰ ਧਰਮੀ ਜਾਣ ਕੇ) ਅਹੰਕਾਰ ਨਾਲ ਕਰਦਾ ਕਰਦਾ (ਮਾਇਆ ਦੇ ਮੋਹ ਦੇ) ਬੰਧਨਾਂ ਵਿੱਚ ਜਕੜਿਆ ਰਹਿੰਦਾ ਹੈ। ਇਸ ਤਰੀਕੇ ਭੀ ਪਰਮਾਤਮਾ ਨੂੰ ਨਹੀਂ ਮਿਲ ਸਕੀਦਾ।

ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਤਾਂ ਸਮਝਾਉਂਦੀ ਹੈ ਕਿ ਜੋ ਲੋਕ ਜੀਵਨ ਦੇ ਇਸ ਅਨਮੋਲ ਸਮੇਂ ਨੂੰ ਇਨ੍ਹਾਂ ਭਾਂਤ ਭਾਂਤ ਦੀਆਂ ਪੂਜਾ ਵਿੱਚ ਅਜਾਈਂ ਗੁਆ ਦੇਣਗੇ, ਉਹ ਭਾਵੇਂ ਕਿਸੇ ਮਤ ਨਾਲ ਸਬੰਧਤ ਹੋਣ, ਸਿਵਾਏ ਇਸ ਦੇ ਕਿ ਮਰਨ ਤੋਂ ਬਾਅਦ ਉਨ੍ਹਾਂ ਦੇ ਮ੍ਰਿਤਕ ਸਰੀਰ ਨੂੰ ਉਨ੍ਹਾਂ ਦੀ ਕੌਮੀ ਮਰਿਆਦਾ ਅਨੁਸਾਰ ਸਮੇਟ ਦਿੱਤਾ ਜਾਵੇਗਾ, ਉਹ ਆਪਣੇ ਜੀਵਨ ਵਿੱਚ ਕੁੱਝ ਲਾਹਾ ਖੱਟ ਕੇ ਨਹੀਂ ਜਾਣਗੇ। ਸਤਿਗੁਰੂ ਦਾ ਫੁਰਮਾਣ ਹੈ:

ਬੁਤ ਪੂਜਿ ਪੂਜਿ ਹਿੰਦੂ ਮੂਏ ਤੁਰਕ ਮੂਏ ਸਿਰੁ ਨਾਈ।। ਓਇ ਲੇ ਜਾਰੇ ਓਇ ਲੇ ਗਾਡੇ ਤੇਰੀ ਗਤਿ ਦੁਹੂ ਨ ਪਾਈ।। {ਰਾਗੁ ਸੋਰਠਿ ਬਾਣੀ ਭਗਤ ਕਬੀਰ ਜੀ ਕੀ, ਪੰਨਾ ੬੫੪}

ਹਿੰਦੂ ਲੋਕ ਬੁਤਾਂ ਦੀ ਪੂਜਾ ਕਰ ਕਰ ਕੇ ਖ਼ੁਆਰ ਹੋ ਰਹੇ ਹਨ, ਮੁਸਲਮਾਨ (ਰੱਬ ਨੂੰ ਮੱਕੇ ਵਿੱਚ ਹੀ ਸਮਝ ਕੇ ਉਧਰ) ਸਿਜਦੇ ਕਰ ਰਹੇ ਹਨ, ਹਿੰਦੂਆਂ ਨੇ ਆਪਣੇ ਮੁਰਦੇ ਸਾੜ ਦਿੱਤੇ ਤੇ ਮੁਸਲਮਾਨਾਂ ਦੇ ਦੱਬ ਦਿੱਤੇ (ਇਸੇ ਵਿੱਚ ਹੀ ਝਗੜਦੇ ਰਹੇ ਕਿ ਸੱਚਾ ਕੌਣ ਹੈ)। (ਹੇ ਪ੍ਰਭੂ) ਤੂੰ ਕਿਹੋ ਜਿਹਾ ਹੈਂ ? ਇਹ ਸਮਝ ਦੋਹਾਂ ਧਿਰਾਂ ਨੂੰ ਨਾਹ ਪਈ।

ਸਤਿਗੁਰੂ ਨੇ ਮਨੁੱਖਤਾ ਨੂੰ ਇਨ੍ਹਾਂ ਸਭ ਫੋਕਟ ਕਰਮਕਾਂਡਾਂ ਅਤੇ ਪੂਜਾ ਤੋਂ ਮੁਕਤ ਕਰਾਉਣ ਦਾ ਉਪਰਾਲਾ ਕੀਤਾ ਹੈ। ਸਤਿਗੁਰੂ ਸਮਝਾਉਂਦੇ ਹਨ ਕਿ ਅਕਾਲ-ਪੁਰਖ ਨੂੰ ਯਾਦ ਕਰਨਾ, ਉਸ ਨੂੰ ਸਦਾ ਹਿਰਦੇ ਵਿੱਚ ਵਸਾ ਕੇ ਰਖਣਾ, ਸਦਾ ਹਾਜ਼ਰ-ਨਾਜ਼ਰ ਮਹਿਸੂਸ ਕਰਨਾ ਅਤੇ ਸ਼ੁਭ ਅਮਲਾਂ ਵਾਲੇ ਕਰਮ ਕਰਨੇ ਹੀ ਉਸ ਦੀ ਪੂਜਾ ਕਰਨਾ ਹੈ। ਗੁਰਬਾਣੀ ਦੇ ਪਾਵਨ ਫੁਰਮਾਨ ਹਨ:

ਤੇਰਾ ਨਾਮੁ ਕਰੀ ਚਨਣਾਠੀਆ ਜੇ ਮਨੁ ਉਰਸਾ ਹੋਇ।। ਕਰਣੀ ਕੁੰਗੂ ਜੇ ਰਲੈ ਘਟ ਅੰਤਰਿ ਪੂਜਾ ਹੋਇ।। ੧।।
ਪੂਜਾ ਕੀਚੈ ਨਾਮੁ ਧਿਆਈਐ ਬਿਣੁ ਨਾਵੈ ਪੂਜ ਨ ਹੋਇ।। ੧।। {
ਰਾਗੁ ਗੂਜਰੀ ਮਹਲਾ ੧, ਪੰਨਾ ੪੮੯}

(ਹੇ ਪ੍ਰਭੂ !) ਜੇ ਮੈਂ ਤੇਰੇ ਨਾਮ (ਦੀ ਯਾਦ) ਨੂੰ ਚੰਨਣ ਦੀ ਲੱਕੜੀ ਬਣਾ ਲਵਾਂ, ਜੇ ਮੇਰਾ ਮਨ (ਉਸ ਚੰਦਨ ਦੀ ਲੱਕੜੀ ਨੂੰ ਘਸਾਣ ਵਾਸਤੇ) ਸਿਲ ਬਣ ਜਾਏ, ਜੇ ਮੇਰਾ ਉੱਚਾ ਆਚਰਨ (ਇਹਨਾਂ ਦੇ ਨਾਲ) ਕੇਸਰ (ਬਣ ਕੇ) ਰਲ ਜਾਏ, ਤਾਂ ਤੇਰੀ ਪੂਜਾ ਮੇਰੇ ਹਿਰਦੇ ਦੇ ਅੰਦਰ ਹੀ ਪਈ ਹੋਵੇਗੀ। ੧। (ਹੇ ਭਾਈ !) ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ, ਇਹੀ ਪੂਜਾ ਕਰਨੀ ਚਾਹੀਦੀ ਹੈ। ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਣਾ ਹੋਰ ਕੋਈ ਪੂਜਾ (ਐਸੀ) ਨਹੀਂ (ਜੋ ਪਰਵਾਨ ਹੋ ਸਕੇ)। ੧। ਰਹਾਉ।

ਸਬਦਿ ਮਰੈ ਮਨੁ ਨਿਰਮਲੁ ਸੰਤਹੁ ਏਹ ਪੂਜਾ ਥਾਇ ਪਾਈ।।
ਪਵਿਤ ਪਾਵਨ ਸੇ ਜਨ ਸਾਚੇ ਏਕ ਸਬਦਿ ਲਿਵ ਲਾਈ।।
ਬਿਣੁ ਨਾਵੈ ਹੋਰ ਪੂਜ ਨ ਹੋਵੀ ਭਰਮਿ ਭੁਲੀ ਲੋਕਾਈ।।  {
ਰਾਮਕਲੀ ਮਹਲਾ ੩, ਪੰਨਾ ੯੧੦}

ਹੇ ਸੰਤ ਜਨੋ ! ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਵਿਕਾਰਾਂ ਦਾ ਪ੍ਰਭਾਵ ਆਪਣੇ ਉੱਤੇ ਨਹੀਂ ਪੈਣ ਦੇਂਦਾ ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ। ਉਸ ਦੀ ਇਹ ਪੂਜਾ ਪ੍ਰਭੂ-ਦਰ ਤੇ ਪਰਵਾਨ ਹੋ ਜਾਂਦੀ ਹੈ।

ਅਜਿਹੇ ਬੰਦੇ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ, ਸਦਾ-ਥਿਰ ਰਹਿਣ ਵਾਲੇ ਪ੍ਰਭੂ ਨਾਲ ਇਕ-ਮਿਕ ਹੋ ਜਾਂਦੇ ਹਨ; ਗੁਰੂ ਦੇ ਸ਼ਬਦ ਦੀ ਰਾਹੀਂ ਉਹ ਬੰਦੇ ਇੱਕ ਪਰਮਾਤਮਾ ਵਿੱਚ ਸੁਰਤਿ ਜੋੜੀ ਰੱਖਦੇ ਹਨ।

ਪਰਮਾਤਮਾ ਦਾ ਨਾਮ ਜਪਣ ਤੋਂ ਬਿਣਾ ਪਰਮਾਤਮਾ ਦੀ ਕਿਸੇ ਹੋਰ ਕਿਸਮ ਦੀ ਪੂਜਾ ਨਹੀਂ ਹੋ ਸਕਦੀ। (ਨਾਮ ਤੋਂ ਖੁੰਝ ਕੇ) ਭੁਲੇਖੇ ਵਿੱਚ ਪੈ ਕੇ ਦੁਨੀਆ ਕੁਰਾਹੇ ਪਈ ਰਹਿੰਦੀ ਹੈ।

ਸਤਿਗੁਰੂ ਤਾਂ ਬਾਰ ਬਾਰ ਸਮਝਾਉਂਦੇ ਹਨ ਕਿ ਅਕਾਲ-ਪੁਰਖ ਦੇ ਭਾਣੇ ਵਿੱਚ ਚਲਣਾ, ਉਸ ਦੀ ਰਜ਼ਾ ਨੂੰ ਮਿੱਠਾ ਕਰਕੇ ਮੰਨਣਾ ਹੀ ਅਸਲ ਪੂਜਾ ਹੈ। ਪਾਵਨ ਗੁਰਵਾਕ ਹਨ:

ਹਰਿ ਸਾਚੇ ਭਾਵੈ ਸਾ ਪੂਜਾ ਹੋਵੈ ਭਾਣਾ ਮਨਿ ਵਸਾਈ।। {ਰਾਮਕਲੀ ਮਹਲਾ ੩, ਪੰਨਾ ੯੧੦}

ਹੇ ਸੰਤ ਜਨੋ ! ਜੇ ਕਿਸੇ ਮਨੁੱਖ ਨੂੰ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਰਜ਼ਾ ਚੰਗੀ ਲੱਗਣ ਲੱਗ ਪਏ ਤਾਂ ਉਸ ਵੱਲੋਂ ਇਹੀ ਪਰਮਾਤਮਾ ਦੀ ਪੂਜਾ ਹੈ। (ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪਰਮਾਤਮਾ ਦੀ) ਰਜ਼ਾ ਨੂੰ ਹੀ ਆਪਣੇ ਮਨ ਵਿੱਚ ਵਸਾਂਦਾ ਹੈ (ਰਜ਼ਾ ਨੂੰ ਹੀ ਚੰਗੀ ਜਾਣਦਾ ਹੈ)।

ਗੁਰਮੁਖਿ ਹੋਵੈ ਸੁ ਪੂਜਾ ਜਾਣੈ ਭਾਣਾ ਮਨਿ ਵਸਾਈ।। {ਰਾਮਕਲੀ ਮਹਲਾ ੩, ਪੰਨਾ ੯੧੦}

(ਹੇ ਸੰਤ ਜਨੋ !) ਜਿਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ ਉਹ ਪਰਮਾਤਮਾ ਦੀ ਭਗਤੀ ਕਰਨੀ ਜਾਣਦਾ ਹੈ (ਉਹ ਜਾਣਦਾ ਹੈ ਕਿ ਪ੍ਰਭੂ ਦੀ ਰਜ਼ਾ ਵਿੱਚ ਰਾਜ਼ੀ ਰਹਿਣਾ ਪ੍ਰਭੂ ਦੀ ਭਗਤੀ ਹੈ, ਇਸ ਵਾਸਤੇ ਉਹ ਪ੍ਰਭੂ ਦੀ) ਰਜ਼ਾ ਨੂੰ ਆਪਣੇ ਮਨ ਵਿੱਚ ਵਸਾਂਦਾ ਹੈ।

ਗੱਲ ਬੜੀ ਸਪੱਸ਼ਟ ਹੈ ਕਿ ਜਦ ਸਿੱਖ ਕੌਮ ਵਿੱਚ ਕਰਮਕਾਂਡੀ ਪੂਜਾ ਦਾ ਵਿਧਾਨ ਹੀ ਨਹੀਂ ਤਾਂ ਪੁਜਾਰੀ ਦੀ ਲੋੜ ਕਿਵੇਂ ਹੋ ਸਕਦੀ ਹੈ? ਅਤੇ ਫਿਰ ਕਿਸੇ ਧਾਰਮਿਕ ਭੇਖ ਦਾ ਸੁਆਲ ਕਿਥੋਂ ਆ ਗਿਆ? ਫਿਰ ਇਨ੍ਹਾਂ ਲੰਬੇ ਚੋਲਿਆਂ ਅਤੇ ਗੋਲ ਪੱਗਾਂ ਅਤੇ ਨੰਗੀਆਂ ਲੱਤਾਂ ਦੀ ਕੀ ਮਹੱਤਤਾ ਰਹਿ ਗਈ? ਇਹ ਲੋਕ ਤਾਂ ਸਿੱਖ ਸਿਧਾਂਤਾਂ ਦਾ ਪ੍ਰਚਾਰ ਕਰਨ ਦੀ ਬਜਾਏ ਲੋਕਾਈ ਨੂੰ ਸਗੋਂ ਕਰਮਕਾਂਡਾਂ ਵਿੱਚ ਗਲਤਾਨ ਕਰ ਰਹੇ ਹਨ।

ਸਿੱਖ ਨੇ ਕਿਸੇ ਬਾਹਰੀ ਭੇਖ ਨੂੰ ਨਹੀਂ ਬਲਕਿ ਆਪਣੇ ਉੱਚੇ ਸੁੱਚੇ ਆਚਰਨ ਨੂੰ ਆਪਣੀ ਪਹਿਚਾਣ ਬਣਾਉਣਾ ਹੈ। ਨੌਂ ਸਾਲ ਦੀ ਉਮਰ ਵਿੱਚ ਜਿਸ ਵੇਲੇ ਗੁਰੂ ਨਾਨਕ ਪਾਤਿਸ਼ਾਹ ਨੂੰ ਜਨੇਊ ਪਾਉਣ ਲਈ ਕਿਹਾ ਗਿਆ ਅਤੇ ਉਨ੍ਹਾਂ ਦੇ ਪੁੱਛਣ ਤੇ ਕਿ ਜਨੇਊ ਕਿਉਂ ਪਾਉਣਾ ਹੈ, ਦੇ ਜੁਆਬ ਵਿੱਚ ਦਸਿਆ ਗਿਆ ਕਿ ਇਹ ਤੇਰੇ ਧਰਮ ਦੀ ਦੁਨੀਆਂ ਵਿੱਚ ਦਾਖਲ ਹੋਣ ਦਾ ਚਿਨ੍ਹ ਹੋਵੇਗਾ, ਇਹ ਤੇਰੇ ਧਰਮ ਦੀ ਪਹਿਚਾਣ ਬਣੇਗਾ ਤਾਂ ਸਤਿਗੁਰੂ ਨੇ ਫੁਰਮਾਇਆ ਕਿ ਧਰਮੀਂ ਤਾਂ ਜੀਵਨ ਵਿੱਚ ਧਰਮ ਦੇ ਗੁਣ ਧਾਰਨ ਕਰਨ ਨਾਲ ਬਣੀਦਾ ਹੈ। ਜੇ ਜੀਵਨ ਵਿੱਚ ਧਰਮ ਦੇ ਗੁਣ ਹੀ ਨਹੀਂ ਆਏ ਤਾਂ ਧਰਮੀਂ ਹੋਣ ਦੀ ਪਹਿਚਾਣ ਲਈ, ਧਾਰਮਿਕ ਚਿਨ੍ਹ ਦੀ ਕੀ ਮਹੱਤਤਾ ਹੋਈ। ਸਤਿਗੁਰੂ ਨੇ ਐਸਾ ਵਿਖਾਵੇ ਦਾ ਧਾਰਮਿਕ ਚਿਨ੍ਹ ਪਹਿਨਣ ਤੋਂ ਇਨਕਾਰ ਕਰ ਦਿੱਤਾ ਅਤੇ ਸਪੱਸ਼ਟ ਕਰ ਦਿੱਤਾ ਕਿ ਮੈਂ ਆਪਣੇ ਸ਼ੁਭ ਗੁਣਾਂ ਨੂੰ ਹੀ ਆਪਣੇ ਧਾਰਮਿਕ ਹੋਣ ਦੀ ਪਹਿਚਾਣ ਬਣਾਉਣਾ ਚਾਹੁੰਦਾ ਹਾਂ। ਮੈਂ ਗੁਰੂ ਨਾਨਕ ਪਾਤਿਸ਼ਾਹ ਦਾ ਇਸ ਵਿਸ਼ੇ ਨਾਲ ਸਬੰਧਤ ਸ਼ਬਦ ਸਾਂਝਾ ਕਰਨਾ ਚਾਹਾਂਗਾ:

ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ।। ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ।।
ਨਾ ਏਹੁ ਤੁਟੈ ਨ ਮਲੁ ਲਗੈ ਨਾ ਏਹੁ ਜਲੈ ਨ ਜਾਇ।। ਧੰਨੁ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ।। {
ਸਲੋਕੁ ਮਃ ੧, ਪੰਨਾ ੪੭੧}

ਹੇ ਪੰਡਤ ! ਜੇ (ਤੇਰੇ ਪਾਸ) ਇਹ ਆਤਮਾ ਦੇ ਕੰਮ ਆਉਣ ਵਾਲਾ ਜਨੇਊ ਹੈ ਤਾਂ (ਮੇਰੇ ਗਲ) ਪਾ ਦੇਹਇਹ ਜਨੇਊ ਜਿਸ ਦੀ ਕਪਾਹ ਦਇਆ ਹੋਵੇ, ਜਿਸ ਦਾ ਸੂਤ ਸੰਤੋਖ ਹੋਵੇ, ਜਿਸ ਦੀਆਂ ਗੰਢਾਂ ਜਤ ਹੋਣ, ਅਤੇ ਜਿਸ ਦਾ ਵੱਟ ਉੱਚਾ ਆਚਰਨ ਹੋਵੇ। (ਹੇ ਪੰਡਿਤ) ! ਇਹੋ ਜਿਹਾ ਜਨੇਊ ਨਾ ਟੁੱਟਦਾ ਹੈ, ਨਾ ਹੀ ਇਸ ਨੂੰ ਮੈਲ ਲੱਗਦੀ ਹੈ, ਨਾ ਇਹ ਸੜਦਾ ਹੈ ਅਤੇ ਨਾ ਹੀ ਇਹ ਗੁਆਚਦਾ ਹੈ। ਹੇ ਨਾਨਕ ! ਉਹ ਮਨੁੱਖ ਭਾਗਾਂ ਵਾਲੇ ਹਨ, ਜਿਨ੍ਹਾਂ ਨੇ ਇਹ ਜਨੇਊ ਆਪਣੇ ਗਲੇ ਵਿੱਚ ਪਾ ਲਿਆ ਹੈ।

ਨੌਂਵੇਂ ਨਾਨਕ, ਗੁਰੂ ਤੇਗ ਬਹਾਦਰ ਸਾਹਿਬ ਫੁਰਮਾਉਂਦੇ ਹਨ ਕਿ ਕੋਈ ਵਿਅਕਤੀ ਕੋਈ ਖਾਸ ਪਹਿਰਾਵਾ ਪਹਿਨਣ ਨਾਲ, ਕੋਈ ਭੇਖ ਧਾਰਨ ਕਰਨ ਨਾਲ ਬੈਰਾਗੀ ਨਹੀਂ ਬਣ ਜਾਂਦਾ, ਬਲਕਿ ਅਸਲ ਬੈਰਾਗੀ ਤਾਂ ਉਹ ਹੈ ਜਿਸ ਨੇ ਆਪਣੇ ਵਿਕਾਰਾਂ ਨੂੰ ਤਿਆਗ ਦਿੱਤਾ ਹੈ। ਜਿਸ ਨੇ ਆਪਣੇ ਉੱਚੇ-ਸੁੱਚੇ ਜੀਵਨ ਨੂੰ ਆਪਣੀ ਪਹਿਚਾਣ ਬਣਾ ਲਿਆ ਹੈ। ਉਸ ਵਿਅਕਤੀ ਦੇ ਮੱਥੇ ਉੱਤੇ ਹੀ ਭਾਗ ਚਮਕਦੇ ਹਨ ਭਾਵ ਉਹ ਅਕਾਲ-ਪੁਰਖ ਦੇ ਦਰ ਤੇ ਪ੍ਰਵਾਨ ਹੁੰਦਾ ਹੈ। ਸਤਿਗੁਰੂ ਦਾ ਫੁਰਮਾਨ ਹੈ:

ਜਿਹਿ ਬਿਖਿਆ ਸਗਲੀ ਤਜੀ ਲੀਓ ਭੇਖ ਬੈਰਾਗ।। ਕਹੁ ਨਾਨਕ ਸੁਨੁ ਰੇ ਮਨਾ ਤਿਹ ਨਰ ਮਾਥੈ ਭਾਗੁ।। (ਸਲੋਕ ਮਹਲਾ ੯, ਪੰਨਾ ੧੪੨੭)

ਹੇ ਨਾਨਕ! ਆਖਹੇ ਮਨ! ਸੁਣ, ਜਿਸ (ਮਨੁੱਖ) ਨੇ (ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਨਿੰਦਾ, ਈਰਖਾ, ਆਦਿਕ ਅਨੇਕਾਂ ਰੂਪਾਂ ਵਾਲੀ) ਸਾਰੀ ਦੀ ਸਾਰੀ ਮਾਇਆ ਤਿਆਗ ਦਿੱਤੀ, (ਉਸੇ ਨੇ ਹੀ ਸਹੀ) ਵੈਰਾਗ ਦਾ (ਸਹੀ) ਭੇਖ ਧਾਰਨ ਕੀਤਾ (ਸਮਝ)। ਹੇ ਮਨ! ਉਸ ਮਨੁੱਖ ਦੇ ਮੱਥੇ ਉਤੇ (ਚੰਗਾ) ਭਾਗ (ਜਾਗਿਆ ਸਮਝ)।

ਸ਼ੇਖ ਫਰੀਦ ਜੀ ਦੇ ਸਲੋਕਾਂ ਵਿਚੋਂ ਸਲੋਕ ਨੰ. ੧੦੩ ਵਿੱਚ ਉਹ ਵਿਚਾਰ ਦੇਂਦੇ ਹਨ ਕਿ ਮੈਂ ਕੀਮਤੀ ਰੇਸ਼ਮੀ ਕਪੜੇ ਪਾੜ ਕੇ ਲੀਰਾਂ ਕਰ ਦਿਆਂ ਅਤੇ ਮਾੜੀ ਜਿਹੀ ਕੰਬਲੀ ਪਹਿਨ ਲਵਾਂ ਕਿਉਂਕਿ ਮੈਂ ਉਹੀ ਪਹਿਰਾਵਾ ਪਹਿਨਣਾ ਚਾਹੁੰਦਾ ਹਾਂ ਜਿਸ ਨਾਲ ਮੇਰਾ ਅਕਾਲ-ਪੁਰਖ ਨਾਲ ਮਿਲਾਪ ਹੋ ਜਾਵੇ:

ਫਰੀਦਾ ਪਾੜਿ ਪਟੋਲਾ ਧਜ ਕਰੀ ਕੰਬਲੜੀ ਪਹਿਰੇਉ।। ਜਿਨੀੑ ਵੇਸੀ ਸਹੁ ਮਿਲੈ ਸੇਈ ਵੇਸ ਕਰੇਉ।। ੧੦੩।।

ਹੇ ਫਰੀਦ! ਪੱਟ ਦਾ ਕੱਪੜਾ ਪਾੜ ਕੇ ਮੈਂ ਲੀਰਾਂ ਕਰ ਦਿਆਂ, ਤੇ ਮਾੜੀ ਜਿਹੀ ਕੰਬਲੀ ਪਾ ਲਵਾਂ। ਮੈਂ ਉਹੀ ਵੇਸ ਕਰ ਲਵਾਂ, ਜਿਨ੍ਹਾਂ ਵੇਸਾਂ ਨਾਲ (ਮੇਰਾ) ਖਸਮ ਪਰਮਾਤਮਾ ਮਿਲ ਪਏ।

ਗੁਰੂ ਅਮਰਦਾਸ ਪਾਤਿਸ਼ਾਹ ਨੇ ਸੋਚਿਆ ਕਿ ਕਿਤੇ ਜਗਿਆਸੂ ਇਹ ਭੁਲੇਖਾ ਹੀ ਨਾ ਖਾ ਜਾਣ ਕਿ ਸ਼ਾਇਦ ਪ੍ਰਮੇਸ਼ਰ ਫੱਟੇ ਪੁਰਾਣੇ ਕਪੜੇ ਪਹਿਨਣ ਨਾਲ ਹੀ ਰੀਝਦਾ ਹੈ। ਸਤਿਗੁਰੂ ਨੇ ੧੦੪ ਨੰਬਰ ਤੇ ਆਪਣਾ ਸਲੋਕ ਨਾਲ ਦਰਜ ਕਰ ਕੇ ਇਹ ਸਪੱਸ਼ਟ ਕਰ ਦਿੱਤਾ ਕਿ ਅਕਾਲ-ਪੁਰਖ ਕਿਸੇ ਪਹਿਰਾਵੇ ਤੇ ਨਹੀਂ ਪ੍ਰਸੰਨ ਹੁੰਦਾ ਬਲਕਿ ਚੰਗੀ ਨੀਅਤ ਤੇ, ਪਵਿੱਤਰ ਮਨ ਤੇ ਰੀਝਦਾ ਹੈ:

ਮ: ੩।। ਕਾਇ ਪਟੋਲਾ ਪਾੜਤੀ ਕੰਬਲੜੀ ਪਹਿਰੇਇ।। ਨਾਨਕ ਘਰ ਹੀ ਬੈਠਿਆ ਸਹੁ ਮਿਲੈ ਜੇ ਨੀਅਤਿ ਰਾਸਿ ਕਰੇਇ।। ੧੦੪।। {ਪੰਨਾ ੧੩੮੩}

(ਪਤੀ ਪਰਮਾਤਮਾ ਨੂੰ ਮਿਲਣ ਵਾਸਤੇ ਜੀਵ-ਇਸਤ੍ਰੀ) ਸਿਰ ਦਾ ਪੱਟ ਦਾ ਕਪੜਾ ਕਿਉਂ ਪਾੜੇ ਤੇ ਭੈੜੀ ਜਿਹੀ ਕੰਬਲੀ ਕਿਉਂ ਪਾਏ? ਹੇ ਨਾਨਕ! ਘਰ ਵਿੱਚ ਬੈਠਿਆਂ ਹੀ ਖਸਮ (-ਪਰਮਾਤਮਾ) ਮਿਲ ਪੈਂਦਾ ਹੈ, ਜੇ (ਜੀਵ-ਇਸਤ੍ਰੀ ਆਪਣੀ) ਨੀਅਤ ਸਾਫ਼ ਕਰ ਲਏ (ਜੇ ਮਨ ਪਵਿਤ੍ਰ ਕਰ ਲਏ)।

ਸ਼ੇਖ ਫਰੀਦ ਸਾਹਿਬ ਨੇ ਆਪਣੇ ੧੨੬ ਅਤੇ ੧੨੭ ਨੰ. ਸਲੋਕਾਂ ਵਿੱਚ ਵੀ ਇਸ ਗੱਲ ਨੂੰ ਖੋਲ੍ਹ ਕੇ ਸਮਝਾ ਦਿੱਤਾ ਹੈ ਕਿ ਅਕਾਲ ਪੁਰਖ ਨੂੰ ਪਾਉਣ ਲਈ ਕਿਸੇ ਖਾਸ ਪਹਿਰਾਵੇ ਦੀ ਲੋੜ ਨਹੀਂ, ਬਲਕਿ ਪ੍ਰਮੇਸਰ ਨੂੰ ਪਾਉਣ ਦਾ ਤਰੀਕਾ ਜੀਵਨ ਵਿੱਚ ਸ਼ੁਭ ਗੁਣਾਂ ਨੂੰ ਧਾਰਨ ਕਰਨਾ ਹੀ ਹੈ। ੧੨੬ ਨੰ. ਸਲੋਕ ਵਿੱਚ ਆਪ ਜੀ ਸੁਆਲ ਕਰਦੇ ਹਨ:

ਕਵਣੁ ਸੁ ਅਖਰੁ ਕਵਣ ਗੁਣੁ ਕਵਣੁ ਸੁ ਮਣੀਆ ਮੰਤੁ।। ਕਵਣੁ ਸੁ ਵੇਸੋ ਹਉ ਕਰੀ ਜਿਤੁ ਵਸਿ ਆਵੈ ਕੰਤੁ।। ੧੨੬।।

(ਹੇ ਭੈਣ!) ਉਹ ਕੇਹੜਾ ਅੱਖਰ ਹੈ? ਉਹ ਕੇਹੜਾ ਗੁਣ ਹੈ? ਉਹ ਕੇਹੜਾ ਸ਼ਿਰੋਮਣੀ ਮੰਤਰ ਹੈ? ਉਹ ਕੇਹੜਾ ਵੇਸ ਮੈਂ ਕਰਾਂ ਜਿਸ ਨਾਲ (ਮੇਰਾ) ਖਸਮ (ਮੇਰੇ) ਵੱਸ ਵਿੱਚ ਆ ਜਾਏ? ।

ਅਤੇ ੧੨੭ ਨੰ. ਸਲੋਕ ਵਿੱਚ ਆਪ ਸਮਝਾਉਂਦੇ ਹਨ:

ਨਿਵਣੁ ਸੁ ਅਖਰੁ ਖਵਣੁ ਗੁਣੁ ਜਿਹਬਾ ਮਣੀਆ ਮੰਤੁ।। ਏ ਤ੍ਰੈ ਭੈਣੇ ਵੇਸ ਕਰਿ ਤਾਂ ਵਸਿ ਆਵੀ ਕੰਤੁ।। ੧੨੭।।  {ਪੰਨਾ ੧੩੮੪} 

ਹੇ ਭੈਣ! ਨਿਊਣਾ ਅੱਖਰ ਹੈ, ਸਹਾਰਨਾ ਗੁਣ ਹੈ, ਮਿੱਠਾ ਬੋਲਣਾ ਸ਼ਿਰੋਮਣੀ ਮੰਤਰ ਹੈ। ਜੇ ਇਹ ਤਿੰਨ ਵੇਸ ਕਰ ਲਏਂ ਤਾਂ (ਮੇਰਾ) ਖਸਮ (ਤੇਰੇ) ਵੱਸ ਵਿੱਚ ਆ ਜਾਇਗਾ।

ਸਤਿਗੁਰੂ ਨਾਨਕ ਪਾਤਿਸ਼ਾਹ ਨੇ ਅਲੱਗ ਅਲੱਗ ਕੌਮਾਂ ਵਿੱਚ ਪਹਿਰਾਵੇ ਲਈ ਪਵਿੱਤਰ ਸਮਝੇ ਜਾਂਦੇ ਵਿਸ਼ੇਸ਼ ਰੰਗਾਂ ਨੂੰ ਰੱਦ ਕਰ ਕੇ, ਉਨ੍ਹਾਂ ਨੂੰ ਆਪਣੇ ਉੱਚੇ ਆਚਰਣ ਨੂੰ ਆਪਣੀ ਪਹਿਚਾਣ ਬਣਾਉਣ ਦੀ ਤਾਕੀਦ ਕੀਤੀ ਹੈ। ਸਤਿਗੁਰੂ ਦਾ ਫੁਰਮਾਨ ਹੈ:

ਰਤਾ ਪੈਨਣੁ ਮਨੁ ਰਤਾ ਸੁਪੇਦੀ ਸਤੁ ਦਾਨੁ।। ਨੀਲੀ ਸਿਆਹੀ ਕਦਾ ਕਰਣੀ ਪਹਿਰਣੁ ਪੈਰ ਧਿਆਨੁ।। ਕਮਰਬੰਦੁ ਸੰਤੋਖ ਕਾ ਧਨੁ ਜੋਬਣੁ ਤੇਰਾ ਨਾਮੁ।। {ਸਿਰੀ ਰਾਗੁ ਮਹਲਾ ੧, ਪੰਨਾ ੧੭}

ਪ੍ਰਭੂ-ਪ੍ਰੀਤ ਵਿੱਚ ਮਨ ਰੰਗਿਆ ਜਾਏ, ਇਹ ਲਾਲ ਪੁਸ਼ਾਕ (ਸਮਾਨ) ਹੈ, ਦਾਨ ਪੁੰਨ ਕਰਨਾ (ਲੋੜਵੰਦਿਆਂ ਦੀ ਸੇਵਾ ਕਰਨੀ) ਇਹ ਚਿੱਟੀ ਪੁਸ਼ਾਕ ਸਮਝੋ। ਆਪਣੇ ਮਨ ਵਿਚੋਂ ਕਾਲਖ਼ ਕੱਟ ਦੇਣੀ ਨੀਲੇ ਰੰਗ ਦੀ ਪੁਸ਼ਾਕ ਜਾਣੋ। ਪ੍ਰਭੂ-ਚਰਨਾਂ ਦਾ ਧਿਆਨ ਚੋਗਾ ਹੈ। ਹੇ ਪ੍ਰਭੂ! ਸੰਤੋਖ ਨੂੰ ਮੈਂ ਆਪਣੇ ਲੱਕ ਦਾ ਪਟਕਾ ਬਣਾਇਆ ਹੈ, ਤੇਰਾ ਨਾਮ ਹੀ ਮੇਰਾ ਧਨ ਹੈ ਮੇਰੀ ਜੁਆਨੀ ਹੈ।

ਗੱਲ ਬੜੀ ਸਪੱਸ਼ਟ ਹੈ ਕਿ ਸਿੱਖ ਦੇ ਜੀਵਨ ਦੇ ਧਾਰਮਿਕ ਖੇਤਰ ਵਿੱਚ ਕਿਸੇ ਖਾਸ ਪਹਿਰਾਵੇ ਦੀ ਕੋਈ ਖਾਸ ਮਹੱਤਤਾ ਨਹੀਂ। ਇਥੇ ਤਾਂ ਸਿਰਫ ਸ਼ੁਭ ਗੁਣਾਂ ਨਾਲ ਭਰਪੂਰ, ਇੱਕ ਉੱਚੇ ਆਚਰਣ ਵਾਲੇ ਅਮਲੀ ਜੀਵਨ ਦੀ ਮਹੱਤਤਾ ਹੈ। ਗੁਰਸਿੱਖ ਨੇ ਇਸੇ ਨੂੰ ਆਪਣੀ ਪਹਿਚਾਣ ਬਣਾਉਣਾ ਹੈ। ਇਸੇ ਵਾਸਤੇ ਪੰਜਵੇਂ ਨਾਨਕ ਫੁਰਮਾਂਦੇ ਹਨ:

ਤੇਰਾ ਭਰੋਸਾ ਪਿਆਰੇ।। ਆਨ ਨ ਜਾਨਾ ਵੇਸਾ।। {ਰਾਮਕਲੀ ਮਹਲਾ ੫, ਪੰਨਾ ੯੧੨}

ਹੇ ਮੇਰੇ ਪਿਆਰੇ ਪ੍ਰਭੂ ! ਮੈਨੂੰ ਸਿਰਫ਼ ਤੇਰਾ ਆਸਰਾ ਹੈ। ਮੈਂ ਕੋਈ ਹੋਰ ਭੇਖ ਕਰਨਾ ਨਹੀਂ ਜਾਣਦਾ।

ਕਈਆਂ ਦੇ ਮਨ ਵਿੱਚ ਇਹ ਖਿਆਲ ਆਵੇਗਾ ਕਿ ਫੇਰ ਪੰਜ ਕਕਾਰ ਧਾਰਨ ਕਰਨ ਦੀ ਵੀ ਕੀ ਲੋੜ ਹੈ ? ਸ਼ਾਇਦ ਉਹ ਸਮਝਣ ਕਿ ਪੰਜ ਕਕਾਰ ਪਾਉਣੇ ਵੀ ਤਾਂ ਭੇਖ ਹੀ ਹੈ। ਇਥੇ ਇਹ ਬੜੀ ਮਹੱਤਵ ਪੂਰਨ ਗੱਲ ਸਮਝਣ ਵਾਲੀ ਹੈ ਕਿ ਭੇਖ ਉਸ ਨੂੰ ਕਹਿੰਦੇ ਹਨ ਜੋ ਅਸਲੀਅਤ ਨਾ ਹੋਵੇ। ਜਿਵੇਂ ਇੱਕ ਪੁਲੀਸ ਵਾਲੇ, ਜਾਂ ਫੌਜੀ ਨੇ ਆਪਣੀ ਵਰਦੀ ਪਾਈ ਹੋਵੇ ਤਾਂ ਉਸ ਵਾਸਤੇ ਉਹ ਭੇਖ ਨਹੀਂ ਪਰ ਕੋਈ ਹੋਰ ਉਹ ਵਰਦੀ ਪਾਈ ਫਿਰੇ ਅਤੇ ਆਪਣੇ ਪੁਲੀਸ ਅਫਸਰ ਜਾਂ ਫੌਜੀ ਹੋਣ ਦਾ ਵਿਖਾਵਾ ਕਰੇ ਤਾਂ ਉਸ ਦਾ ਇਹ ਭੇਖ ਹੋਵੇਗਾ, ਜਿਵੇਂ ਫਿਲਮਾਂ ਜਾਂ ਨਾਟਕਾਂ ਵਿੱਚ ਅਕਸਰ ਹੁੰਦਾ ਹੈ। ਉਸ ਫਿਲਮ ਜਾਂ ਨਾਟਕ ਵਿੱਚ ਕਲਾਕਾਰ ਇੱਕ ਖਾਸ ਭੇਖ ਧਾਰਨ ਕਰਦੇ ਹਨ ਜੋ ਉਸ ਫਿਲਮ ਜਾਂ ਨਾਟਕ ਦੇ ਨਾਲ ਹੀ ਮੁੱਕ ਜਾਂਦਾ ਹੈ। ਉਨ੍ਹਾਂ ਦੀ ਅਸਲੀਅਤ ਉਸ ਕਲਾਕਾਰ ਵਾਲੀ ਹੀ ਰਹਿੰਦੀ ਹੈ। ਸਤਿਗੁਰੂ ਨੇ ਗੁਰਬਾਣੀ ਵਿੱਚ ਵੀ ਇਸ ਦਾ ਬੜਾ ਲਾਜੁਆਬ ਪ੍ਰਮਾਣ ਦਿੱਤਾ ਹੈ:

ਨਟੂਆ ਭੇਖ ਦਿਖਾਵੈ ਬਹੁ ਬਿਧਿ ਜੈਸਾ ਹੈ ਓਹੁ ਤੈਸਾ ਰੇ।।
ਅਨਿਕ ਜੋਨਿ ਭ੍ਰਮਿਓ ਭ੍ਰਮ ਭੀਤਰਿ ਸੁਖਹਿ ਨਾਹੀ ਪਰਵੇਸਾ ਰੇ।। {
ਆਸਾ ਘਰੁ ੧੧ ਮਹਲਾ ੫, ਪੰਨਾ ੪੦੩}

ਹੇ ਭਾਈ ! ਬਹੁ-ਰੂਪੀਆ ਕਈ ਕਿਸਮ ਦੇ ਸਾਂਗ (ਬਣਾ ਕੇ ਲੋਕਾਂ ਨੂੰ) ਵਿਖਾਂਦਾ ਹੈ (ਪਰ ਆਪਣੇ ਅੰਦਰੋਂ) ਉਹ ਜਿਹੋ ਜਿਹਾ ਹੁੰਦਾ ਹੈ ਉਹੋ ਜਿਹਾ ਹੀ ਰਹਿੰਦਾ ਹੈ (ਜੇ ਉਹ ਰਾਜਿਆਂ ਰਾਣਿਆਂ ਦੇ ਸਾਂਗ ਭੀ ਬਣਾ ਵਿਖਾਏ ਤਾਂ ਭੀ ਉਹ ਕੰਗਾਲ ਦਾ ਕੰਗਾਲ ਹੀ ਰਹਿੰਦਾ ਹੈ। ਇਸੇ ਤਰ੍ਹਾਂ) ਜੀਵ (ਮਾਇਆ ਦੀ) ਭਟਕਣਾ ਵਿੱਚ ਫਸ ਕੇ ਅਨੇਕਾਂ ਜੂਨਾਂ ਵਿੱਚ ਭੌਂਦਾ ਫਿਰਦਾ ਹੈ (ਅੰਤਰ-ਆਤਮੇ ਸਦਾ ਦੁੱਖੀ ਹੀ ਰਹਿੰਦਾ ਹੈ) ਸੁਖ ਵਿੱਚ ਉਸ ਦਾ ਪਰਵੇਸ਼ ਨਹੀਂ ਹੁੰਦਾ।

ਸਿੱਖ ਦੇ ਕਕਾਰ ਭੇਖ ਨਹੀਂ ਹਨ, ਉਸ ਦੀ ਵਿਲੱਖਣ ਪਹਿਚਾਣ ਲਈ ਗੁਰੂ ਦੁਆਰਾ ਬਖਸ਼ੀ ਵਰਦੀ ਹਨ। ਜਿਵੇਂ ਫੌਜ ਵਿੱਚ ਭਰਤੀ ਹੋਣ ਤੋਂ ਬਾਅਦ ਫੌਜੀ ਨੂੰ ਵਰਦੀ ਪਹਿਨਣ ਦਾ ਹੱਕ ਮਿਲਦਾ ਹੈ, ਡਾਕਟਰੀ ਦੇ ਵਿਦਿਆਰਥੀ ਨੂੰ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਚਿੱਟਾ ਕੋਟ ਪਾਉਣ ਅਤੇ ਗੱਲੇ ਵਿੱਚ ਸਟੈਥੋਸਕੋਪ ਲਟਕਾਉਣ ਦਾ ਅਤੇ ਵਕਾਲਤ ਦੀ ਪੜ੍ਹਾਈ ਕਰ ਕੇ ਕਾਲਾ ਕੋਟ ਪਾ ਕੇ ਅਦਾਲਤ ਵਿੱਚ ਪੇਸ਼ ਹੋਣ ਦਾ ਹੱਕ ਮਿਲਦਾ ਹੈ। ਸਿੱਖ ਨੇ ਇਹ ਹੱਕ ਇਮਤਿਹਾਨ ਦੇ ਕੇ, ਸੀਸ ਗੁਰੂ ਨੂੰ ਭੇਟ ਕਰ ਕੇ, ਪਾਹੁਲ ਛੱਕ ਕੇ ਹਾਸਲ ਕੀਤਾ ਹੈ। ਇਹ ਪ੍ਰਤੀਕ ਹੈ ਕਿ ਇਸ ਸਿੱਖ ਨੇ ਪਾਹੁਲ ਛੱਕ ਕੇ ਸਤਿਗੁਰੂ ਨਾਲ ਇਹ ਪ੍ਰਣ ਕਰ ਲਿਆ ਹੈ ਕਿ ਮੈਂ ਆਪਣਾ ਜੀਵਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਮੋਲਕ ਗੁਣ ਜੀਵਨ ਵਿੱਚ ਧਾਰਨ ਕਰ ਕੇ, ਗੁਰਮਤਿ ਅਨੁਸਾਰ ਜੀਵਾਂਗਾ। ਖਾਲਸਾ ਰੂਪ ਹੋ ਕੇ ਨਿਰਮਲ ਜੀਵਨ ਜੁਗਤਿ ਦਾ ਧਾਰਨੀ ਰਹਾਂਗਾ। ਜਿਨਾਂ ਚਿਰ ਜੀਵਾਂਗਾ, ਗੁਰੂ ਗ੍ਰੰਥ ਸ਼ਾਹਿਬ ਦੇ ਉਪਦੇਸ਼ਾਂ ਅਨੁਸਾਰ ਧਰਮ ਦਾ ਜੀਵਨ ਜੀਵਾਂਗਾ ਅਤੇ ਧਰਮ ਦੀ ਖਾਤਰ ਹੀ ਆਪਣਾ ਸੀਸ ਵਾਰਨ ਲਈ ਤੱਤਪਰ ਰਹਾਂਗਾ। ਹਾਂ! ਇਥੇ ਵੀ ਇੱਕ ਗੱਲ ਸਮਝਣੀ ਜ਼ਰੂਰੀ ਹੈ ਕਿ ਜੇ ਪਾਹੁਲ ਛੱਕ ਕੇ ਵੀ ਗੁਰਬਾਣੀ ਦੇ ਅਮੋਲਕ ਉਪਦੇਸ਼ ਜੀਵਨ ਵਿੱਚ ਧਾਰਨ ਨਹੀਂ ਕੀਤੇ, ਜੀਵਨ ਦੇ ਕਰਮ ਭਰਮ ਰਹਿਤ ਅਤੇ ਨਿਰਮਲ ਨਹੀਂ ਹੋਏ, ਤਾਂ ਫਿਰ ਜੇ ਕਕਾਰ ਪਾਏ ਵੀ ਹੋਏ ਹਨ ਤਾਂ ਭੇਖ ਹੀ ਧਾਰਨ ਕੀਤਾ ਹੈ। (ਇਸ ਵਿੱਸ਼ੇ ਤੇ ਵਧੇਰੇ ਜਾਣਕਾਰੀ ਲਈ ਦਾਸ ਦੀ ਲਿਖੀ ਕਿਤਾਬ, "ਪਾਹੁਲ-ਇਕ ਅਦੁੱਤੀ ਬਖਸ਼ਿਸ਼" ਪੜ੍ਹੀ ਜਾ ਸਕਦੀ ਹੈ ਜੀ)।

ਡੇਰਿਆਂ ਦੇ ਅੰਧੇ ਸ਼ਰਧਾਲੂਆਂ ਵਲੋਂ ਇਥੇ ਇੱਕ ਦਲੀਲ ਹੋਰ ਦਿੱਤੀ ਜਾਵੇਗੀ ਕਿ ਇਹ ਵੀ ਤਾਂ ਸੰਤ, ਮਹਾਪੁਰਖ ਅਤੇ ਬ੍ਰਹਮਗਿਆਨੀ ਹਨ, ਇਸੇ ਵਾਸਤੇ ਤਾਂ ਇਹ ਪਹਿਰਾਵਾ ਪਹਿਨਦੇ ਹਨ। ਗੁਰੂ ਪਿਆਰਿਓ! ਆਪ ਹੀ ਸੋਚ ਲਓ ਕਿ ਇਨ੍ਹਾਂ ਨੇ ਇਹ ਡਿਗਰੀਆਂ ਕਿਹੜੀ ਯੂਨੀਵਰਸਿਟੀ ਵਿਚੋਂ ਹਾਸਲ ਕੀਤੀਆਂ ਹਨ? ਕਿਹੜੀ ਪੜ੍ਹਾਈ ਕੀਤੀ ਹੈ, ਅਤੇ ਕਿਹੜਾ ਇਮਤਿਹਾਨ ਦਿੱਤਾ ਹੈ, ਇਨ੍ਹਾਂ ਡਿਗਰੀਆਂ ਨੂੰ ਹਾਸਲ ਕਰਨ ਲਈ? ਅਸੀਂ ਉਪਰ ਵਿਸਥਾਰ ਨਾਲ ਵਿਚਾਰ ਆਏ ਹਾਂ ਕਿ ਇਹ ਸ਼ਬਦ ਗੁਰਬਾਣੀ ਵਿੱਚ ਅਕਾਲ-ਪੁਰਖ ਵਾਸਤੇ ਜਾਂ ਸਤਿਗੁਰੂ ਵਾਸਤੇ ਵਰਤੇ ਗਏ ਹਨ, ਕਿਸੇ ਵਿਅਕਤੀ ਨੂੰ ਇਨ੍ਹਾਂ ਨੂੰ ਆਪਣੇ ਨਾਂਅ ਨਾਲ ਜੋੜਨ ਦਾ ਅਧਿਕਾਰ ਨਹੀਂ ਹੈ। ਇਹ ਸਭ ਗੈਰ ਸਿਧਾਂਤਕ ਤੌਰ ਤੇ ਹੀ ਕੀਤਾ ਜਾ ਰਿਹਾ ਹੈ।

ਇਕ ਹੋਰ ਦਲੀਲ ਦਿੱਤੀ ਜਾਵੇਗੀ ਕਿ ਇਨ੍ਹਾਂ ਵੱਡੇ ਮਹਾਪੁਰਖਾਂ ਕੋਲੋਂ ਧਰਮ ਦਾ ਗਿਆਨ ਹਾਸਲ ਕੀਤਾ ਹੈ। ਉਥੋਂ ਲੋਕਾਂ ਨੂੰ ਮੂਰਖ ਬਣਾਉਣ, ਉਨ੍ਹਾਂ ਨੂੰ ਠੱਗਣ ਦਾ ਗਿਆਨ ਤਾਂ ਪ੍ਰਾਪਤ ਕੀਤਾ ਹੋ ਸਕਦਾ ਹੈ, ਇਸ ਮਕਸਦ ਲਈ ਕੁੱਝ ਬ੍ਰਾਹਮਣੀ ਕਰਮਕਾਂਡ ਸਿੱਖੇ ਹੋ ਸਕਦੇ ਹਨ। ਗੁਰਮਤਿ ਇਨ੍ਹਾਂ ਦੇ ਕੋਲੋਂ ਵੀ ਨਹੀਂ ਲੰਘੀ। ਇਨ੍ਹਾਂ ਨੂੰ ਧਾਰਮਿਕ ਕਹਿਣਾ ਧਰਮ ਦਾ ਅਪਮਾਨ ਕਰਨਾ ਹੈ। ਸਚਾਈ ਇਹ ਹੈ ਕਿ ਧਰਮ ਇਨ੍ਹਾਂ ਦੇ ਨੇੜਿਓਂ ਵੀ ਨਹੀਂ ਲੰਘਿਆ, ਬਲਕਿ ਸ਼ਾਇਦ ਇਨ੍ਹਾਂ ਵਿਚੋਂ ਬਹੁਤਿਆਂ ਨੂੰ ਧਰਮ ਦੀ ਪਰਿਭਾਸ਼ਾ ਹੀ ਨਾ ਪਤਾ ਹੋਵੇ। ਇਹ ਤਾਂ ਐਯਾਸ਼ੀ ਦੇ ਅੱਡੇ ਹਨ, ਜਿਨ੍ਹਾਂ ਨੇ ਭੋਲੇ-ਭਾਲੇ ਲੋਕਾਂ ਨੂੰ ਭਰਮਾਉਂਣ ਲਈ, ਧਰਮ ਦਾ ਲੇਬਲ ਲਗਾਇਆ ਹੋਇਆ ਹੈ। ਐਸਾ ਤਾਂ ਇੱਕ ਵੀ ਬਾਬਾ ਨਹੀਂ ਹੋਣਾ, ਜਿਸ ਨੂੰ ਬਾਬਾ ਬਣਿਆਂ ਇੱਕ ਦੋ ਸਾਲ ਹੋ ਗਏ ਹੋਣ, ਅਤੇ ਉਹ ਕਰੋੜਾਂ ਦੀ ਸੰਪਤੀ ਦਾ ਮਾਲਕ ਨਾ ਹੋਵੇ। ਇਤਨਾ ਕੁੱਝ ਹੁੰਦਿਆਂ ਹੋਇਆਂ ਵੀ ਸਾਡੇ ਲੋਕਾਂ ਦੇ ਅੰਧਵਿਸ਼ਵਾਸ, ਅਗਿਆਨਤਾ ਅਤੇ ਭੋਲੇਪਨ ਕਾਰਨ ਇਹ ਹਰ ਰੋਜ਼ ਪ੍ਰਫੁਲਤ ਹੋ ਰਹੇ ਹਨ। ਪੂਰਾ ਪਖੰਡ ਦਾ ਪਸਾਰਾ ਹੋਣ ਕਾਰਨ ਧਾਰਮਿਕ ਪੱਖੋਂ ਤਾਂ ਇਨ੍ਹਾਂ ਨੇ ਸਿੱਖਾਂ ਨੂੰ ਕੰਗਾਲ ਹੀ ਕਰ ਛੱਡਿਆ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top