Share on Facebook

Main News Page

ਖ਼ਾਲਸਾ ਪੰਥ ਬਨਾਮ ਡੇਰਾਵਾਦ - ਧਾਰਮਿਕ ਭੇਖ (ਪਹਿਰਾਵਾ) (ਭਾਗ ਸੱਤਵਾਂ)
-:
ਸ. ਰਾਜਿੰਦਰ ਸਿੰਘ
ਮੁੱਖ ਸੇਵਾਦਾਰ, ਸ਼੍ਰੋਮਣੀ ਖਾਲਸਾ ਪੰਚਾਇਤ rajindersinghskp@yahoo.co.in

👉 ਲੜੀ ਜੋੜਨ ਲਈ ਪਿਛਲੇ ਭਾਗ ਪੜ੍ਹੋ

ਅਸੀਂ ਅਕਸਰ ਵੇਖਦੇ ਹਾਂ ਕਿ ਇਨ੍ਹਾਂ ਅਖੌਤੀ ਸੰਤਾਂ ਨੇ ਆਮ ਲੋਕਾਈ ਨਾਲੋਂ ਅਲੱਗ ਹੀ ਭੇਖ ਬਣਾਇਆ ਹੁੰਦਾ ਹੈ। ਸਿੱਖ ਕੌਮ ਉਤੇ ਅਮਰ ਵੇਲ ਵਾਂਗੂ ਛਾਏ ਅਖੌਤੀ ਸੰਤਾਂ, ਮਹਾਪੁਰਖਾਂ ਨੇ ਚਿੱਟਾ ਲੰਬਾ ਚੋਲਾ ਪਾਇਆ ਹੁੰਦਾ ਹੈ, ਸਿਰ ਤੇ ਗੋਲ ਪੱਗ ਲਪੇਟੀ ਹੁੰਦੀ ਹੈ, ਲੱਤਾਂ ਨੰਗੀਆਂ ਹੁੰਦੀਆਂ ਹਨ। ਉਦਾਸੀ ਆਦਿ ਸੰਪਰਦਾਵਾਂ ਨਾਲ ਸਬੰਧਤ ਕਈ ਅਖੌਤੀ ਸਾਧਾਂ ਨੇ ਭਗਵੇ ਕਪੜੇ ਪਾਏ ਹੁੰਦੇ ਹਨ, ਇਹ ਲੋਕ ਅਕਸਰ ਲੱਕ ਧੋਤੀ ਬੰਨ੍ਹਦੇ ਹਨ। ਇਨ੍ਹਾਂ ਸਾਰਿਆਂ ਵਿਚੋਂ ਬਹੁਤਿਆਂ ਨੇ ਅਕਸਰ ਗਲੇ ਵਿੱਚ ਮਾਲਾ ਵੀ ਪਹਿਨੀਆਂ ਹੁੰਦੀਆਂ ਹਨ ਜਾਂ ਹੱਥ ਵਿੱਚ ਪਕੜੀਆਂ ਹੁੰਦੀਆਂ ਹਨ। ਖੈਰ ਪਹਿਰਾਵੇ ਅਤੇ ਭੇਖ ਦੇ ਹੋਰ ਵੀ ਕਈ ਰੂਪ ਹਨ, ਪਰ ਇਸ ਵਿੱਚ ਆਮ ਪਹਿਰਾਵੇ ਨਾਲੋਂ ਇੱਕ ਵਿਲਖਣਤਾ ਜ਼ਰੂਰ ਹੁੰਦੀ ਹੈ ਜਿਸ ਨਾਲ ਸਹਿਜੇ ਹੀ ਉਸ ਵਿਅਕਤੀ ਦੀ ਪਹਿਚਾਣ ਹੋ ਜਾਂਦੀ ਹੈ।

ਅਸੀਂ ਪਹਿਲਾਂ ਸਤਿਗੁਰੂ ਕੋਲੋਂ ਇਹ ਸਮਝਣ ਦਾ ਯਤਨ ਕਰਾਂਗੇ ਕਿ ਕੀ ਧਰਮੀਂ ਜਾਂ ਪ੍ਰਚਾਰਕ ਬਣਨ ਵਾਸਤੇ ਕਿਸੇ ਖਾਸ ਕਿਸਮ ਦੇ ਪਹਿਰਾਵੇ ਦੀ ਲੋੜ ਹੈ? ਕੀ ਧਰਮੀ ਬਣਨ ਵਿੱਚ ਬਾਹਰੀ ਭੇਖ (ਪਹਿਰਾਵੇ) ਦਾ ਕੋਈ ਰੋਲ ਹੈ? ਸਤਿਗੁਰੂ, ਗੁਰੂ ਗ੍ਰੰਥ ਸਾਹਿਬ ਪਾਤਿਸ਼ਾਹ ਦੀ ਪਾਵਨ ਬਾਣੀ ਦੇ ਫੁਰਮਾਨ ਹਨ:

ਬਹੁ ਭੇਖ ਕੀਆ ਦੇਹੀ ਦੁਖੁ ਦੀਆ।। ਸਹੁ ਵੇ ਜੀਆ ਅਪਣਾ ਕੀਆ।।  {ਮਃ ੧, ਪੰਨਾ ੪੬੭}

ਕਿਸੇ ਨੇ (ਲੋਕਾਂ ਨੂੰ ਪਤਿਆਉਣ ਵਾਸਤੇ, ਧਰਮ ਦੇ) ਕਈ ਚਿਹਨ ਧਾਰੇ ਹੋਏ ਹਨ, ਅਤੇ ਕੋਈ ਆਪਣੇ ਸਰੀਰ ਨੂੰ ਕਸ਼ਟ ਦੇ ਰਿਹਾ ਹੈ, (ਉਸ ਨੂੰ ਭੀ ਇਹੀ ਕਹਿਣਾ ਠੀਕ ਜਾਪਦਾ ਹੈ ਕਿ) ਹੇ ਭਾਈ ! ਆਪਣੇ ਕੀਤੇ ਦਾ ਦੁੱਖ ਸਹਾਰ (ਭਾਵ, ਇਹ ਭੇਖ ਧਾਰਨੇ ਸਰੀਰ ਨੂੰ ਦੁੱਖ ਦੇਣੇ ਭੀ ਰੱਬ ਦੇ ਦਰ ਤੇ ਕਬੂਲ ਨਹੀਂ ਹਨ)।

ਬਾਹਰਿ ਭੇਖ ਅੰਤਰਿ ਮਲੁ ਮਾਇਆ।। ਛਪਸਿ ਨਾਹਿ ਕਛੁ ਕਰੈ ਛਪਾਇਆ।।
ਬਾਹਰਿ ਗਿਆਨ ਧਿਆਨ ਇਸਨਾਨ।। ਅੰਤਰਿ ਬਿਆਪੈ ਲੋਭੁ ਸੁਆਨੁ।। {ਗਉੜੀ ਸੁਖਮਨੀ ਮਃ ੫, ਪੰਨਾ ੨੬੭}

ਬਾਹਰ (ਸਰੀਰ ਉਤੇ) ਧਾਰਮਿਕ ਪੁਸ਼ਾਕ ਹੈ ਪਰ ਮਨ ਵਿੱਚ ਮਾਇਆ ਦੀ ਮੈਲ ਹੈ, (ਬਾਹਰਲੇ ਭੇਖ ਨਾਲ) ਛਪਾਉਣ ਦਾ ਜਤਨ ਕੀਤਿਆਂ (ਮਨ ਦੀ ਮੈਲ) ਲੁਕਦੀ ਨਹੀਂ। ਬਾਹਰ (ਵਿਖਾਵੇ ਵਾਸਤੇ) (ਤੀਰਥ) ਇਸ਼ਨਾਨ ਤੇ ਗਿਆਨ ਦੀਆਂ ਗੱਲਾਂ ਕਰਦਾ ਹੈ, ਸਮਾਧੀਆਂ ਭੀ ਲਾਉਂਦਾ ਹੈ, ਪਰ ਮਨ ਵਿੱਚ ਲੋਭ (-ਰੂਪ) ਕੁੱਤਾ ਜ਼ੋਰ ਪਾ ਰਿਹਾ ਹੈ।

ਉਪਰਲੇ ਪ੍ਰਮਾਣਾਂ ਵਿੱਚ ਸਤਿਗੁਰੂ ਨੇ ਕਿਸੇ ਵਿਸ਼ੇਸ਼ ਭੇਖ ਦੁਆਰਾ ਕਿਸੇ ਦੇ ਧਰਮੀ ਹੋਣ ਦੀ ਪਹਿਚਾਣ ਨੂੰ ਬਿਲਕੁਲ ਰੱਦ ਕਰ ਦਿੱਤਾ ਹੈ। ਗੁਰੂ ਰਾਮਦਾਸ ਪਾਤਿਸ਼ਾਹ ਤਾਂ ਐਸੇ ਭੇਖ ਧਾਰਨ ਕਰਨ ਵਾਲਿਆਂ ਬਾਰੇ ਫੁਰਮਾਉਂਦੇ ਹਨ ਕਿ ਇਨ੍ਹਾਂ ਲੋਕਾਂ ਦਾ ਆਪਣਾ ਮਨ ਵੱਸ ਵਿੱਚ ਨਹੀਂ ਹੁੰਦਾ ਅਤੇ ਹਮੇਸ਼ਾਂ ਭਟਕਦਾ ਰਹਿੰਦਾ ਹੈ। ਐਸੇ ਲੋਕ ਆਪਣੀ ਚਤੁਰਾਈ ਕਾਰਨ ਹਉਮੈ ਵਿੱਚ ਫਸ ਕੇ ਆਵਾਗਉਣ ਦੇ ਚੱਕਰ ਵਿੱਚ ਭਟਕਦੇ ਰਹਿੰਦੇ ਹਨ। ਪਾਵਨ ਗੁਰਵਾਕ ਹੈ:

ਬਾਹਰਿ ਭੇਖ ਬਹੁਤੁ ਚਤੁਰਾਈ ਮਨੂਆ ਦਹ ਦਿਸਿ ਧਾਵੈ।। ਹਉਮੈ ਬਿਆਪਿਆ ਸਬਦੁ ਨ ਚੀਨੈੑ ਫਿਰਿ ਫਿਰਿ ਜੂਨੀ ਆਵੈ।। {ਸੂਹੀ ਮਹਲਾ ੪, ਪੰਨਾ ੭੩੨}

ਹੇ ਭਾਈ ! (ਗੁਰੂ ਤੋਂ ਖੁੰਝਿਆ ਹੋਇਆ ਮਨੁੱਖ) ਲੋਕਾਂ ਨੂੰ ਵਿਖਾਣ ਵਾਸਤੇ ਧਾਰਮਿਕ ਭੇਖ ਬਣਾਂਦਾ ਹੈ, ਬਥੇਰੀ ਚੁਸਤੀ-ਚਾਲਾਕੀ ਵਿਖਾਂਦਾ ਹੈ, ਪਰ ਉਸ ਦਾ ਕੋਝਾ ਮਨ ਦਸੀਂ ਪਾਸੀਂ ਦੌੜਿਆ ਫਿਰਦਾ ਹੈ। ਹਉਮੈ-ਅਹੰਕਾਰ ਵਿੱਚ ਫਸਿਆ ਹੋਇਆ ਉਹ ਮਨੁੱਖ ਗੁਰੂ ਦੇ ਸ਼ਬਦ ਨਾਲ ਸਾਂਝ ਨਹੀਂ ਪਾਂਦਾ, ਉਹ ਮੁੜ ਮੁੜ ਜੂਨਾਂ ਦੇ ਗੇੜ ਵਿੱਚ ਪਿਆ ਰਹਿੰਦਾ ਹੈ।

ਭਗਤ ਤ੍ਰਿਲੋਚਨ ਜੀ ਸਮਝਾਉਂਦੇ ਹਨ ਕਿ ਧਰਮੀ ਬਣਨ ਵਾਸਤੇ ਤਾਂ ਆਪਣੇ ਹਿਰਦੇ ਦੀ ਪੜਚੋਲ ਕਰਕੇ ਅੰਦਰ ਵਸਦੇ ਅਕਾਲ ਪੁਰਖ ਨੂੰ ਪਹਿਚਾਨਣਾ ਸੀ, ਉਸ ਨਾਲ ਸਾਂਝ ਪਾਉਣੀ ਸੀ, ਆਪਣੇ ਮਨ ਨੂੰ ਨਿਰਮਲ ਕਰਨਾ ਸੀ, ਪਰ ਇਹ ਕਰਮ ਤਾਂ ਤੂੰ ਕੀਤੇ ਨਹੀਂ ਅਤੇ ਬਾਹਰੋਂ ਭੇਖ ਧਾਰਨ ਕਰ ਕੇ ਉਦਾਸੀ ਬਣ ਕੇ ਬੈਠ ਗਿਆ ਹੈਂ। ਭਗਤ ਸਾਹਿਬ ਸਮਝਾਉਂਦੇ ਹਨ ਕਿ ਐਸੇ ਭੇਖ ਧਾਰਨ ਦਾ ਕੋਈ ਲਾਭ ਨਹੀਂ:

ਅੰਤਰੁ ਮਲਿ ਨਿਰਮਲੁ ਨਹੀਂ ਕੀਨਾ ਬਾਹਰਿ ਭੇਖ ਉਦਾਸੀ।। ਹਿਰਦੈ ਕਮਲੁ ਘਟਿ ਬ੍ਰਹਮੁ ਨ ਚੀਨਾੑ ਕਾਹੇ ਭਇਆ ਸੰਨਿਆਸੀ।।  {ਗੂਜਰੀ ਸ੍ਰੀ ਤ੍ਰਿਲੋਚਨ ਜੀਉ, ਪੰਨਾ ੫੨੫}

ਜੇ (ਕਿਸੇ ਮਨੁੱਖ ਨੇ) ਅੰਦਰਲਾ ਮਲੀਨ (ਮਨ) ਸਾਫ਼ ਨਹੀਂ ਕੀਤਾ, ਪਰ ਬਾਹਰ (ਸਰੀਰ ਉਤੇ) ਸਾਧੂਆਂ ਵਾਲਾ ਬਾਣਾ ਪਾਇਆ ਹੋਇਆ ਹੈ, ਜੇ ਉਸ ਨੇ ਆਪਣੇ ਹਿਰਦੇ-ਰੂਪ ਕਉਲ ਨੂੰ ਨਹੀਂ ਪਰਖਿਆ, ਜੇ ਉਸ ਨੇ ਆਪਣੇ ਅੰਦਰ ਪਰਮਾਤਮਾ ਨਹੀਂ ਵੇਖਿਆ, ਤਾਂ ਸੰਨਿਆਸ ਧਾਰਨ ਕਰਨ ਦਾ ਕੋਈ ਲਾਭ ਨਹੀਂ।

ਗੁਰਬਾਣੀ ਦੇ ਬੇਅੰਤ ਪ੍ਰਮਾਣ ਹਨ ਜੋ ਸਪੱਸ਼ਟ ਕਰਦੇ ਹਨ ਕਿ ਅਕਾਲ ਪੁਰਖ ਕਿਸੇ ਖਾਸ ਪਹਿਰਾਵੇ (ਭੇਖ) ਤੇ ਪ੍ਰਸੰਨ ਨਹੀਂ ਹੁੰਦਾ, ਬਲਕਿ ਸਾਡੇ ਕਰਮਾਂ ਤੇ ਹੀ ਰੀਝਦਾ ਹੈ। ਇਹ ਭੇਖ ਦੀ ਹਉਮੈ ਸਗੋਂ ਉਸ ਨੂੰ ਅਕਾਲ-ਪੁਰਖ ਦੀ ਬਖਸ਼ਿਸ਼ ਤੋਂ ਦੂਰ ਲੈ ਜਾਂਦੀ ਹੈ। ਪਾਵਨ ਗੁਰਵਾਕ ਹਨ:

ਹਉਮੈ ਕਰਤ ਭੇਖੀ ਨਹੀਂ ਜਾਨਿਆ।। ਗੁਰਮੁਖਿ ਭਗਤਿ ਵਿਰਲੇ ਮਨੁ ਮਾਨਿਆ।।  {ਗਉੜੀ ਮਹਲਾ ੧, ਪੰਨਾ ੨੨੬}

( "ਮੈਂ ਧਰਮੀ ਹਾਂ ਮੈਂ ਧਰਮੀ ਹਾਂ" ਇਹ) "ਮੈਂ ਮੈਂ" ਕਰਦਿਆਂ (ਨਿਰੇ) ਧਾਰਮਿਕ ਭੇਖਾਂ ਦੀ ਰਾਹੀਂ ਕਦੇ ਕਿਸੇ ਨੇ ਪਰਮਾਤਮਾ ਨਾਲ ਡੂੰਘੀ ਸਾਂਝ ਨਹੀਂ ਪਾਈ। ਗੁਰੂ ਦੀ ਸਰਨ ਪੈ ਕੇ ਹੀ (ਭਾਵ, ਗੁਰੂ ਅੱਗੇ ਆਪਾ-ਭਾਵ ਤਿਆਗਿਆਂ ਹੀ) ਪਰਮਾਤਮਾ ਦੀ ਭਗਤੀ ਵਿੱਚ ਮਨ ਗਿੱਝਦਾ ਹੈ, ਪਰ ਅਜੇਹਾ ਆਪਾ-ਭਾਵ ਤਿਆਗਣ ਵਾਲਾ ਕੋਈ ਵਿਰਲਾ ਹੀ ਹੁੰਦਾ ਹੈ।

ਕਾਜੀ ਸੇਖ ਭੇਖ ਫਕੀਰਾ।। ਵਡੇ ਕਹਾਵਹਿ ਹਉਮੈ ਤਨਿ ਪੀਰਾ।। ਕਾਲੁ ਨ ਛੋਡੈ ਬਿਣੁ ਸਤਿਗੁਰ ਕੀ ਧੀਰਾ।।  {ਗਉੜੀ ਮਹਲਾ ੧, ਪੰਨਾ ੨੨੭}

ਕਾਜ਼ੀ ਅਖਵਾਣ, ਸ਼ੇਖ ਅਖਵਾਣ, ਵੱਡੇ ਵੱਡੇ ਭੇਖਾਂ ਵਾਲੇ ਫ਼ਕੀਰ ਅਖਵਾਣ, (ਦੁਨੀਆ ਵਿੱਚ ਆਪਣੇ ਆਪ ਨੂੰ) ਵੱਡੇ ਵੱਡੇ ਅਖਵਾਣ; ਪਰ ਜੇ ਸਰੀਰ ਵਿੱਚ ਹਉਮੈ ਦੀ ਪੀੜ ਹੈ, ਤਾਂ ਮੌਤ ਖ਼ਲਾਸੀ ਨਹੀਂ ਕਰਦੀ (ਆਤਮਕ ਮੌਤ ਖ਼ਲਾਸੀ ਨਹੀਂ ਕਰਦੀ, ਆਤਮਕ ਜੀਵਨ ਪਲਰਦਾ ਨਹੀਂ)। ਸਤਿਗੁਰੂ ਤੋਂ ਮਿਲੇ (ਨਾਮ-) ਆਧਾਰ ਤੋਂ ਬਿਣਾ (ਇਹ ਆਤਮਕ ਮੌਤ ਟਿਕੀ ਹੀ ਰਹਿੰਦੀ ਹੈ)।

ਸਤਿਗੁਰੂ ਅਰਜਨ ਪਾਤਿਸ਼ਾਹ ਬਖਸ਼ਿਸ਼ ਕਰਦੇ ਸਮਝਾਉਂਦੇ ਹਨ ਕਿ ਐਸੇ ਭੇਖ ਧਾਰਨ ਕਰਨ ਵਾਲਿਆਂ ਦੀ ਆਪਣੀ ਤ੍ਰਿਸ਼ਨਾ ਦੀ ਅੱਗ ਕਦੇ ਨਹੀਂ ਬੁਝਦੀ ਭਾਵੇਂ ਉਹ ਕਰੋੜਾਂ ਵਿਖਾਵੇ ਦੇ ਧਾਰਮਿਕ ਕਰਮ (ਕਰਮਕਾਂਡ) ਕਰ ਲੈਣ, ਉਹ ਅਕਾਲ-ਪੁਰਖ ਦੇ ਦਰ ਤੇ ਕਦੇ ਪਰਵਾਨ ਨਹੀਂ ਹੁੰਦੇ। ਸਤਿਗੁਰੂ ਦੇ ਪਾਵਨ ਫੁਰਮਾਨ ਹਨ:

ਭੇਖ ਅਨੇਕ ਅਗਨਿ ਨਹੀਂ ਬੁਝੈ।। ਕੋਟਿ ਉਪਾਵ ਦਰਗਹ ਨਹੀਂ ਸਿਝੈ।।  {ਗਉੜੀ ਸੁਖਮਨੀ ਮਃ ੫, ਪੰਨਾ ੨੬੬}

ਅਨੇਕਾਂ (ਧਾਰਮਿਕ) ਭੇਖ ਕੀਤਿਆਂ (ਤ੍ਰਿਸ਼ਨਾ ਦੀ) ਅੱਗ ਨਹੀਂ ਬੁੱਝਦੀ, (ਇਹੋ ਜਿਹੇ) ਕ੍ਰੋੜਾਂ ਤਰੀਕੇ (ਵਰਤਿਆਂ ਭੀ ਪ੍ਰਭੂ ਦੀ) ਦਰਗਾਹ ਵਿੱਚ ਸੁਰਖ਼ਰੂ ਨਹੀਂ ਹੋਈਦਾ।

ਜਾਨਨਹਾਰ ਪ੍ਰਭੂ ਪਰਬੀਨ।। ਬਾਹਰਿ ਭੇਖ ਨ ਕਾਹੂ ਭੀਨ।।  ਗਉੜੀ ਸੁਖਮਨੀ ਮਃ ੫, ਪੰਨਾ ੨੬੯}

ਦਿਲ ਦੀਆਂ ਜਾਣਨ ਵਾਲਾ ਪ੍ਰਭੂ ਸਿਆਣਾ ਹੈ, (ਉਹ ਕਦੇ) ਕਿਸੇ ਦੇ ਬਾਹਰਲੇ ਭੇਖ ਨਾਲ ਪ੍ਰਸੰਨ ਨਹੀਂ ਹੋਇਆ।

ਤਿਲਕੁ ਕਢਹਿ ਇਸਨਾਨੁ ਕਰਿ ਅੰਤਰਿ ਕਾਲੇਖੰ।। ਭੇਖੀ ਪ੍ਰਭੂ ਨ ਲਭਈ ਵਿਣੁ ਸਚੀ ਸਿਖੰ।।  {ਮਾਰੂ ਵਾਰ ਮਹਲਾ ੫, ਪੰਨਾ ੧੦੯੯}

ਕਈ ਇਸ਼ਨਾਨ ਕਰ ਕੇ (ਮੱਥੇ ਉੱਤੇ) ਤਿਲਕ ਲਾਂਦੇ ਹਨ, ਪਰ ਉਹਨਾਂ ਨੇ ਮਨ ਵਿੱਚ (ਵਿਕਾਰਾਂ ਦੀ) ਕਾਲਖ ਹੁੰਦੀ ਹੈ (ਉਹਨਾਂ ਨੂੰ ਰੱਬ ਨਹੀਂ ਮਿਲਦਾ)। ਪਰਮਾਤਮਾ ਭੇਖਾਂ ਦੀ ਰਾਹੀਂ ਨਹੀਂ ਲੱਭਦਾ, (ਗੁਰੂ ਦੇ) ਸੱਚੇ ਉਪਦੇਸ਼ ਤੋਂ ਬਿਣਾ ਨਹੀਂ ਮਿਲਦਾ ।

ਸਤਿਗੁਰੂ ਦੇ ਇਤਨੇ ਸਪੱਸ਼ਟ ਫੁਰਮਾਨ ਪੜ੍ਹ, ਸਮਝ ਕੇ ਸਾਡੇ ਮਨ ਅੰਦਰ ਇੱਕ ਜਗਿਆਸਾ ਤਾਂ ਜ਼ਰੂਰ ਪੈਦਾ ਹੋਣੀ ਚਾਹੀਦੀ ਹੈ ਕਿ ਜੇ ਇਸ ਭੇਖ ਦਾ ਧਰਮ ਨਾਲ ਕੋਈ ਸਬੰਧ ਹੀ ਨਹੀਂ ਤਾਂ ਫਿਰ ਇਹ ਆਪਣੇ ਆਪ ਨੂੰ ਸੰਤ ਸਾਧ ਅਤੇ ਮਹਾਪੁਰਖ ਕਹਾਉਣ ਵਾਲੇ ਇਹ ਭੇਖ ਕਿਉਂ ਧਾਰਨ ਕਰਦੇ ਹਨ? ਆਓ ਆਪਣੇ ਸਤਿਗੁਰੂ, ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਇਹ ਸਮਝਣ ਦਾ ਯਤਨ ਕਰੀਏ। ਸਤਿਗੁਰੂ ਦੇ ਪਾਵਨ ਬਚਨ ਹਨ:

ਐ ਜੀ ਬਹੁਤੇ ਭੇਖ ਕਰਹਿ ਭਿਖਿਆ ਕਉ ਕੇਤੇ ਉਦਰੁ ਭਰਨ ਕੈ ਤਾਈ।।
ਬਿਣੁ ਹਰਿ ਭਗਤਿ ਨਾਹੀ ਸੁਖੁ ਪ੍ਰਾਨੀ ਬਿਣੁ ਗੁਰ ਗਰਬੁ ਨ ਜਾਈ।।  {ਗੂਜਰੀ ਮਹਲਾ ੧, ਪੰਨਾ ੫੦੪}

ਹੇ ਭਾਈ ! ਤੂੰ ਪ੍ਰਭੂ ਦਾ ਨਾਮ ਵਿਸਾਰ ਕੇ) ਪੇਟ ਭਰਨ ਦੀ ਖ਼ਾਤਰ (ਦਰ ਦਰ ਤੋਂ) ਭਿੱਛਿਆ ਲੈਣ ਵਾਸਤੇ ਕਈ ਤਰ੍ਹਾਂ ਦੇ (ਧਾਰਮਿਕ) ਭੇਖ ਬਣਾ ਰਿਹਾ ਹੈਂ। ਪਰ, ਹੇ ਪ੍ਰਾਣੀ ! ਪਰਮਾਤਮਾ ਦੀ ਭਗਤੀ ਤੋਂ ਬਿਣਾ ਆਤਮਕ ਆਨੰਦ ਨਹੀਂ ਮਿਲਦਾ, ਗੁਰੂ ਦੀ ਸਰਨ ਤੋਂ ਬਿਣਾ ਅਹੰਕਾਰ ਦੂਰ ਨਹੀਂ ਹੁੰਦਾ।

ਫਾਹੀ ਸੁਰਤਿ ਮਲੂਕੀ ਵੇਸੁ।। ਹਉ ਠਗ ਵਾੜਾ ਠਗੀ ਦੇਸੁ।।  {ਸਿਰੀ ਰਾਗੁ ਮਹਲਾ ੧, ਪੰਨਾ ੨੪}

ਮੇਰਾ ਧਿਆਨ ਇਸ ਪਾਸੇ ਰਹਿੰਦਾ ਹੈ ਕਿ ਲੋਕਾਂ ਨੂੰ ਕਿਸੇ ਠੱਗੀ ਵਿੱਚ ਫਸਾਵਾਂ, ਪਰ ਮੈਂ ਫ਼ਕੀਰਾਂ ਵਾਲਾ ਲਿਬਾਸ ਪਾਇਆ ਹੋਇਆ ਹੈ, ਮੈਂ ਠੱਗੀ ਦਾ ਅੱਡਾ ਬਣਿਆ ਹੋਇਆ ਹਾਂ, ਦੇਸ ਨੂੰ ਠੱਗ ਰਿਹਾ ਹਾਂ।

ਬਹੁਤੇ ਭੇਖ ਕਰੈ ਭੇਖਧਾਰੀ।। ਅੰਤਰਿ ਤਿਸਨਾ ਫਿਰੈ ਅਹੰਕਾਰੀ।। ਆਪੁ ਨ ਚੀਨੈ ਬਾਜੀ ਹਾਰੀ।।  {ਗਉੜੀ ਮਃ ੩, ਪੰਨਾ ੨੩੦}

ਹੇ ਭਾਈ !) ਨਿਰੇ ਧਾਰਮਿਕ ਪਹਿਰਾਵੇ ਨੂੰ ਹੀ ਧਰਮ ਸਮਝਣ ਵਾਲਾ ਮਨੁੱਖ ਅਨੇਕਾਂ ਧਾਰਮਿਕ ਪਹਿਰਾਵੇ ਕਰਦਾ ਹੈ, (ਪਰ ਉਸ ਦੇ) ਅੰਦਰ (ਮਾਇਆ ਦੀ) ਤ੍ਰਿਸ਼ਨਾ (ਬਣੀ ਰਹਿੰਦੀ ਹੈ) ਉਹ ਅਹੰਕਾਰ ਵਿੱਚ ਹੀ ਵਿਚਰਦਾ ਹੈ, ਉਹ ਆਪਣੇ ਜੀਵਨ ਨੂੰ ਨਹੀਂ ਪਰਖਦਾ (ਇਸ ਵਾਸਤੇ) ਉਹ ਮਨੁੱਖਾ ਜਨਮ ਦੀ ਬਾਜ਼ੀ ਹਾਰ ਜਾਂਦਾ ਹੈ।

ਉਪਰਲੇ ਪ੍ਰਮਾਣਾਂ ਵਿੱਚ ਸਤਿਗੁਰੂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਐਸੇ ਭੇਖ ਧਾਰਨ ਵਾਲੇ ਲੋਕ ਅਸਲ ਵਿੱਚ ਠੱਗ ਹੁੰਦੇ ਹਨ, ਇਹ ਫਕੀਰਾਂ ਵਾਲਾ ਲਿਬਾਸ, ਭੋਲੇ-ਭਾਲੇ ਲੋਕਾਂ ਨੂੰ ਪਤਿਆ ਕੇ, ਉਨ੍ਹਾਂ ਨੂੰ ਠੱਗਣ ਵਾਸਤੇ ਪਾਉਂਦੇ ਹਨ। ਠੱਗੀ ਇਨ੍ਹਾਂ ਦਾ ਧੰਦਾ ਹੈ ਅਤੇ ਇਹ ਸਭ ਧਰਮ ਦਾ ਵਿਖਾਵਾ ਆਪਣਾ ਪੇਟ ਭਰਨ ਵਾਸਤੇ ਕਰਦੇ ਹਨ। ਇਹ ਭੇਖੀ ਲੋਕ ਲੋਕਾਈ ਨੂੰ ਸੰਸਾਰ ਭਵਸਾਗਰ ਤੋਂ ਪਾਰ ਕਰਨ ਦੀਆਂ ਗੱਲਾਂ ਕਰਦੇ ਹਨ, ਪਰ ਆਪ ਆਪਣੇ ਜੀਵਨ ਦੀ ਬਾਜੀ ਹਾਰ ਕੇ ਹੀ ਸੰਸਾਰ ਤੋਂ ਚਲੇ ਜਾਂਦੇ ਹਨ।

ਅਸੀਂ ਅਕਸਰ ਵੇਖਿਆ ਹੈ ਕਿ ਕਈ ਲੋਕ ਇਨ੍ਹਾਂ ਲੋਕਾਂ ਦੇ ਪਹਿਰਾਵੇ ਤੋਂ ਪ੍ਰਭਾਵਤ ਹੋ ਕੇ, ਇਨ੍ਹਾਂ ਨੂੰ ਧਰਮੀ ਸਮਝ ਕੇ ਇਨ੍ਹਾਂ ਨੂੰ ਭੋਜਨ ਛਕਾਉਣ ਲਈ ਬੜੀ ਤਾਂਘ ਨਾਲ ਆਪਣੇ ਘਰ ਬੁਲਾਉਂਦੇ ਹਨ। ਐਸੇ ਮੂਰਖ ਲੋਕ ਇਹ ਸਮਝਦੇ ਹਨ ਕਿ ਇਨ੍ਹਾਂ (ਠੱਗਾਂ) ਦੇ ਚਰਨ ਪੈਣ ਨਾਲ ਉਨ੍ਹਾਂ ਦਾ ਘਰ ਪਵਿੱਤਰ ਹੋ ਜਾਵੇਗਾ ਅਤੇ ਇਨ੍ਹਾਂ ਨੂੰ ਭੋਜਨ ਛਕਾਉਣ ਨਾਲ ਮਾਇਆ ਸਫਲੀ ਅਤੇ ਰਸੋਈ ਸੁੱਚੀ ਹੋ ਜਾਵੇਗੀ। ਇਹ ਲੋਕ ਵੀ ਐਸੇ ਸੱਦੇ (ਦਾਵਤ) ਫੌਰਨ ਪ੍ਰਵਾਨ ਕਰ ਲੈਂਦੇ ਹਨ ਕਿਉਂਕਿ ਇਨ੍ਹਾਂ ਦਾ ਤਾਂ ਧੰਦਾ ਹੀ ਇਹ ਹੈ। ਐਸੀਆਂ ਦਾਵਤਾਂ ਵਿੱਚ ਪਹਿਲਾਂ ਤਾਂ ਛਤੀਹ ਪ੍ਰਕਾਰ ਦੇ ਸੁਆਦਲੇ ਭੋਜਨ ਛਕਣ ਨੂੰ ਮਿਲਦੇ ਹਨ ਅਤੇ ਬੇਅੰਤ ਸਤਿਕਾਰ ਮਿਲਦਾ ਹੈ, ਦੂਸਰਾ ਜਿਹੜਾ ਸੰਤ, ਮਹਾਪੁਰਖ ਸਮਝ ਕੇ ਘਰ ਬੁਲਾਉਂਦਾ ਹੈ ਉਹ ਨਾਲ ਨੋਟਾਂ ਵਾਲਾ ਲਿਫਾਫਾ ਵੀ ਜ਼ਰੂਰ ਭੇਟ ਕਰਦਾ ਹੈ। ਉਤੋਂ ਜੇ ਉਨ੍ਹਾਂ ਘਰ ਦੀ ਕੋਈ ਸਮੱਸਿਆ, ਉਨ੍ਹਾਂ ਅੱਗੇ ਰਖ ਦਿੱਤੀ (ਜੋ ਅਕਸਰ ਨਿੱਕੀ-ਮੋਟੀ ਹਰ ਘਰ ਵਿੱਚ ਹੁੰਦੀ ਹੈ), ਫਿਰ ਤਾਂ ਸਾਮੀ` (ਬ੍ਰਾਹਮਣ ਦੇ ਸ਼ਬਦਾਂ ਵਿੱਚ ਜਜਮਾਨ`) ਲੰਬੇ ਸਮੇਂ ਲਈ ਫਸ ਗਈ। ਲੰਬਾ ਸਮਾਂ ਉਨ੍ਹਾਂ ਦਾ ਲਹੂ ਨਿਚੋੜਨ ਦਾ ਮੌਕਾ ਮਿਲੇਗਾ। ਐਸੇ ਨਾਸਮਝ ਲੋਕਾਂ ਨੂੰ ਸਤਿਗੁਰੂ ਸਮਝਾਉਂਦੇ ਹਨ ਕਿ ਭੋਲਿਓ! ਕਿਸੇ ਦੇ ਪਹਿਰਾਵੇ ਤੋਂ ਉਸ ਦੇ ਸਾਧ ਜਾਂ ਧਰਮੀ ਹੋਣ ਦਾ ਭਰਮ ਨਾ ਪਾਲ ਲਓ। ਕਿਉਂਕਿ ਉਨ੍ਹਾਂ ਨੇ ਇਹ ਭੇਖ ਸਿਰਫ ਆਪਣਾ ਪੇਟ ਪਾਲਣ ਦੇ ਮਕਸਦ ਨਾਲ, ਤੁਹਾਨੂੰ ਠੱਗਣ ਲਈ ਬਣਾਇਆ ਹੋਇਆ ਹੈ। ਸਤਿਗੁਰੂ ਦਾ ਫੁਰਮਾਨ ਹੈ:

ਅਭਿਆਗਤ ਏਹਿ ਨ ਆਖੀਅਨਿ ਜਿ ਪਰ ਘਰਿ ਭੋਜਨੁ ਕਰੇਨਿ।। ਉਦਰੈ ਕਾਰਣਿ ਆਪਣੇ ਬਹਲੇ ਭੇਖਿ ਕਰੇਨਿ।।

{ਮਃ ੩, ਪੰਨਾ ੯੪੯}

ਜੋ ਮਨੁੱਖ ਪਰਾਏ ਘਰ ਵਿੱਚ ਰੋਟੀ ਖਾਂਦੇ ਹਨ ਤੇ ਆਪਣਾ ਪੇਟ ਭਰਨ ਦੀ ਖ਼ਾਤਰ ਕਈ ਭੇਖ ਕਰਦੇ ਹਨ, ਉਹਨਾਂ ਨੂੰ ਅਭਿਆਗਤ` (ਸਾਧੂ) ਨਹੀਂ ਆਖੀਦਾ।

ਐਸੇ ਭੇਖੀ ਸਾਧਾਂ ਬਾਰੇ ਸਤਿਗੁਰੂ ਫੁਰਮਾਉਂਦੇ ਹਨ ਕਿ ਮਨ ਵਿੱਚ ਪਾਪ ਹੋਣ ਕਾਰਨ ਇਹ ਸਮਝਦੇ ਹਨ ਕਿ ਇਹ ਲੋਕਾਂ ਨੂੰ ਭਰਮਾ ਕੇ ਉਨ੍ਹਾਂ ਨੂੰ ਠੱਗ ਰਹੇ ਹਨ। ਇਹ ਨਹੀਂ ਸਮਝਦੇ ਕਿ ਉਨ੍ਹਾਂ ਦਾ ਆਪਣਾ ਜੀਵਨ ਬਰਬਾਦ ਹੋ ਰਿਹਾ ਹੈ ਅਤੇ ਉਹ ਅਕਾਲ-ਪੁਰਖ ਦੇ ਦਰ ਤੇ ਕਦੀ ਪ੍ਰਵਾਨ ਨਹੀਂ ਹੋਣਗੇ। ਉਹ ਆਪਣਾ ਜੀਵਨ ਗੰਦਗੀ ਵਿੱਚ ਜਿਉਂਦੇ ਹਨ ਅਤੇ ਅੰਤ ਗੰਦਗੀ ਵਿੱਚ ਹੀ ਸਮਾ ਜਾਂਦੇ ਹਨ:

ਬਹੁ ਭੇਖ ਕਰਿ ਭਰਮਾਈਐ ਮਨਿ ਹਿਰਦੈ ਕਪਟੁ ਕਮਾਇ।।
ਹਰਿ ਕਾ ਮਹਲੁ ਨ ਪਾਵਈ ਮਰਿ ਵਿਸਟਾ ਮਾਹਿ ਸਮਾਇ।। {ਸਿਰੀ ਰਾਗੁ ਮਹਲਾ ੩, ਪੰਨਾ ੨੬}

ਬਹੁਤੇ ਧਾਰਮਿਕ ਪਹਿਰਾਵੇ ਪਹਿਨ ਕੇ (ਦੂਜਿਆਂ ਨੂੰ ਠੱਗਣ ਲਈ ਆਪਣੇ) ਮਨ ਵਿੱਚ ਹਿਰਦੇ ਵਿੱਚ ਖੋਟ ਕਮਾ ਕੇ (ਆਪ ਹੀ) ਭਟਕਣਾਂ ਵਿੱਚ ਪੈ ਜਾਈਦਾ ਹੈ। (ਜੇਹੜਾ ਮਨੁੱਖ ਇਹ ਵਿਖਾਵਾ ਠੱਗੀ ਕਰਦਾ ਹੈ ਉਹ) ਪਰਮਾਤਮਾ ਦੀ ਹਜ਼ੂਰੀ ਪ੍ਰਾਪਤ ਨਹੀਂ ਕਰ ਸਕਦਾ, (ਉਹ ਸਗੋਂ) ਆਤਮਕ ਮੌਤ ਸਹੇੜ ਕੇ (ਠੱਗੀ ਆਦਿਕ ਵਿਕਾਰਾਂ ਦੇ) ਗੰਦ ਵਿੱਚ ਫਸਿਆ ਰਹਿੰਦਾ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top