Share on Facebook

Main News Page

ਖ਼ਾਲਸਾ ਪੰਥ ਬਨਾਮ ਡੇਰਾਵਾਦ - ਕੀ ਕੋਈ ਮਨੁੱਖ ਕਿਸੇ ਦੂਸਰੇ ਮਨੁੱਖ ਨੂੰ ਕੋਈ ਦਾਤ ਦੇ ਸਕਦਾ ਹੈ ? (ਭਾਗ ਪੰਜਵਾਂ)
-:
ਸ. ਰਾਜਿੰਦਰ ਸਿੰਘ
ਮੁੱਖ ਸੇਵਾਦਾਰ, ਸ਼੍ਰੋਮਣੀ ਖਾਲਸਾ ਪੰਚਾਇਤ rajindersinghskp@yahoo.co.in

👉 ਲੜੀ ਜੋੜਨ ਲਈ ਪਿਛਲੇ ਭਾਗ ਪੜ੍ਹੋ

ਅੱਜ ਜਿਤਨੇ ਲੋਕ ਵੀ ਇਨ੍ਹਾਂ ਡੇਰਿਆਂ ਤੇ ਅਖੌਤੀ ਸੰਤਾਂ ਕੋਲ ਜਾਂਦੇ ਹਨ, ਕੋਈ ਨਾ ਕੋਈ ਦਾਤ ਪ੍ਰਾਪਤ ਕਰਨ ਦੀ ਆਸ ਨਾਲ ਜਾਂਦੇ ਹਨ। ਕਿਸੇ ਨੂੰ ਪੁੱਤਰ ਚਾਹੀਦਾ ਹੈ ਤਾਂ ਕਿਸੇ ਨੂੰ ਨੌਕਰੀ। ਕੋਈ ਵਧੇਰੇ ਧਨ ਚਾਹੁੰਦਾ ਹੈ ਤਾਂ ਕੋਈ ਵਿਦੇਸ਼ ਜਾਣਾ ਚਾਹੁੰਦਾ ਹੈ। ਕੋਈ ਵਪਾਰ ਵਿੱਚ ਹੋ ਰਹੇ ਘਾਟੇ ਨੂੰ ਰੋਕਣਾ ਚਾਹੁੰਦਾ ਹੈ ਤਾਂ ਕੋਈ ਵਪਾਰ ਨੂੰ ਵਧੇਰੇ ਵਧਾਉਣਾ ਚਾਹੁੰਦਾ ਹੈ। ਕਿਸੇ ਨੂੰ ਘਰ ਚਾਹੀਦਾ ਹੈ, ਕਿਸੇ ਨੂੰ ਵੱਡੀ ਕਾਰ। ਕੋਈ ਚੰਗੀ ਪਤਨੀ ਜਾਂ ਨੂੰਹ ਭਾਲ ਰਿਹਾ ਹੈ ਤਾਂ ਕੋਈ ਭੈੜੀ ਪਤਨੀ ਜਾਂ ਨੂੰਹ ਤੋਂ ਖਹਿੜਾ ਛੁਡਾਉਣਾ ਚਾਹੁੰਦਾ ਹੈ।

ਗੱਲ ਦਾ ਤੱਤਸਾਰ ਇਹ ਕਿ ਹਰ ਕੋਈ ਕਿਸੇ ਥੁੜ ਦਾ ਮਾਰਿਆ ਜਾਂ ਕਿਸੇ ਸਮੱਸਿਆ ਵਿੱਚ ਫਸਿਆ ਭਟਕ ਰਿਹਾ ਹੈ। ਜਿਵੇਂ ਪਹਿਲਾਂ ਭਾਰਤੀ ਸਮਾਜ ਵਿੱਚ ਇਹ ਭਰਮ ਫੈਲਾਇਆ ਗਿਆ ਸੀ ਕਿ ਬ੍ਰਾਹਮਣ ਆਪਣੀ ਵਿਦਿਆ ਅਤੇ ਤੰਤ੍ਰ ਮੰਤ੍ਰ ਸ਼ਕਤੀ ਦੁਆਰਾ ਵਸ ਕੀਤੀਆਂ ਗ਼ੈਬੀ ਸ਼ਕਤੀਆਂ ਨਾਲ ਲੋਕਾਂ ਦੀਆਂ ਥੁੜਾਂ ਅਤੇ ਲੋੜਾਂ ਪੂਰੀਆਂ ਕਰ ਸਕਦਾ ਹੈ, ਉਵੇਂ ਹੀ ਬ੍ਰਾਹਮਣੀ ਸੋਚ ਨੇ ਸਿੱਖ ਸਮਾਜ ਵਿੱਚ ਇਹ ਭਰਮਜਾਲ ਫੈਲਾ ਦਿੱਤਾ ਕਿ ਕੁੱਝ ਖਾਸ ਪਹਿਰਾਵੇ ਵਾਲੇ, ਆਪਣੇ ਆਪ ਨੂੰ ਸੰਤ, ਸਾਧ ਜਾਂ ਮਹਾਪੁਰਖ ਆਦਿ ਕਹਾਉਣ ਵਾਲੇ ਵਿਅਕਤੀ ਕੋਈ ਖਾਸ ਕਿਸਮ ਦੀ ਤਪੱਸਿਆ, ਭਗਤੀ ਆਦਿ ਕਰਕੇ ਕੁੱਝ ਗ਼ੈਬੀ ਸ਼ਕਤੀਆਂ ਦੇ ਮਾਲਕ ਬਣ ਜਾਂਦੇ ਹਨ, ਅਤੇ ਜਿਸ ਤੇ ਤੁੱਠ ਪੈਣ ਉਸ ਨੂੰ ਮਨ ਮੰਗੀਆਂ ਦਾਤਾਂ ਦੇ ਸਕਦੇ ਹਨ।

ਬਸ ਥੁੜਾਂ ਦੇ ਮਾਰੇ ਅਤੇ ਸਮੱਸਿਆਵਾਂ ਵਿੱਚ ਘਿਰੇ ਅਗਿਆਨੀ ਲੋਕਾਂ ਦੀਆਂ ਭੀੜਾਂ ਇਨ੍ਹਾਂ ਅੱਗੇ ਝੋਲੀਆਂ ਫੈਲਾਕੇ ਲਾਈਨ ਵਿੱਚ ਜਾ ਖੜੋਤੀਆਂ। ਬੇਸ਼ਕ ਮਨੁੱਖ ਮਨੁੱਖ ਦਾ ਦਾਰੂ ਹੈ। ਅਕਾਲ-ਪੁਰਖ ਦੇ ਬਣਾਏ ਇਸ ਖੇਲ ਵਿੱਚ ਇੱਕ ਮਨੁੱਖ ਹੀ ਦੂਸਰੇ ਮਨੁੱਖ ਦੀ ਕਿਸੇ ਪ੍ਰਾਪਤੀ ਦਾ ਸਾਧਨ ਬਣਦਾ ਹੈ, ਪਰ ਕਿਸੇ ਵੀ ਸੂਝਵਾਨ ਵਿਅਕਤੀ ਵਾਸਤੇ ਤਾਂ ਇਤਨੀ ਸੋਚ ਹੀ ਕਾਫੀ ਹੈ ਕਿ ਉਸ ਵਰਗਾ ਹੀ ਕੋਈ ਦੂਸਰਾ ਵਿਅਕਤੀ ਉਸ ਨੂੰ ਕੋਈ ਵਿਸ਼ੇਸ਼ ਦਾਤ ਕਿਵੇਂ ਦੇ ਸਕਦਾ ਹੈ? ਪਰ ਧਰਮ ਦੇ ਨਾਂ ਤੇ ਫੈਲਾਏ ਭਰਮਾਂ ਚੋਂ ਮੁਕਤ ਹੋਣਾ ਹਰ ਵਿਅਕਤੀ ਦੇ ਵਸ ਦਾ ਨਹੀਂ। ਆਓ ਅਸੀਂ ਆਪਣੇ ਸਤਿਗੁਰੂ, ਗੁਰੂ ਗ੍ਰੰਥ ਸਾਹਿਬ ਕੋਲੋਂ ਸਮਝਣ ਦਾ ਯਤਨ ਕਰਦੇ ਹਾਂ ਕਿ ਕੀ ਕੋਈ ਮਨੁੱਖ ਕਿਸੇ ਦੂਸਰੇ ਮਨੁੱਖ ਨੂੰ ਕੋਈ ਦਾਤ ਦੇ ਸਕਦਾ ਹੈ?

ਗੁਰੁ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦਾ ਫੁਰਮਾਨ ਹੈ:

ਜਿਸੁ ਮਾਨੁਖ ਪਹਿ ਕਰਉ ਬੇਨਤੀ ਸੋ ਅਪਨੈ ਦੁਖਿ ਭਰਿਆ ॥
ਪਾਰਬ੍ਰਹਮੁ ਜਿਨਿ ਰਿਦੈ ਅਰਾਧਿਆ ਤਿਨਿ ਭਉ ਸਾਗਰੁ ਤਰਿਆ ॥
{ਗੂਜਰੀ ਮਹਲਾ ੫, ਪੰਨਾ ੪੯੭}

ਹੇ ਭਾਈ ! ਮੈਂ ਜਿਸ ਭੀ ਮਨੁੱਖ ਕੋਲ (ਆਪਣੇ ਦੁੱਖ ਦੀ) ਗੱਲ ਕਰਦਾ ਹਾਂ, ਉਹ ਆਪਣੇ ਦੁੱਖ ਨਾਲ ਭਰਿਆ ਹੋਇਆ ਦਿੱਸਦਾ ਹੈ (ਉਹ ਮੇਰਾ ਦੁੱਖ ਕੀਹ ਨਿਵਿਰਤ ਕਰੇ ?)। ਹੇ ਭਾਈ ! ਜਿਸ ਮਨੁੱਖ ਨੇ ਆਪਣੇ ਹਿਰਦੇ ਵਿੱਚ ਪਰਮਾਤਮਾ ਨੂੰ ਆਰਾਧਿਆ ਹੈ, ਉਸ ਨੇ ਹੀ ਇਹ ਡਰ (-ਭਰਿਆ ਸੰਸਾਰ-) ਸਮੁੰਦਰ ਪਾਰ ਕੀਤਾ ਹੈ।

ਸਤਿਗੁਰੂ ਨੇ ਤਾਂ ਇਹ ਨਿਰਣਾ ਕਰ ਦਿੱਤਾ ਹੈ ਕਿ ਹਰ ਮਨੁੱਖ ਆਪਣੇ ਦੁੱਖ ਨਾਲ ਭਰਿਆ ਪਿਆ ਹੈ। ਇਹ ਜੀਵਨ ਦੀ ਅਟੱਲ ਸੱਚਾਈ ਹੈ ਕਿ ਕੋਈ ਬਾਹਰੋਂ ਭਾਵੇਂ ਕਿੱਡਾ ਰੱਜਿਆ ਹੋਇਆ, ਸੁਖੀ ਜਾਂ ਸਮਰਥ ਨਜ਼ਰ ਆਉਂਦਾ ਹੋਵੇ ਪਰ ਉਸਦੇ ਆਪਣੇ ਜੀਵਨ ਵਿੱਚ ਜੋ ਦੁੱਖ ਹਨ, ਉਹ ਆਪ ਹੀ ਜਾਣਦਾ ਹੈ। ਆਮ ਤੌਰ ਤੇ ਇਹ ਦੁੱਖ ਹਰ ਮਨੁੱਖ ਅੱਗੇ ਪਰਗਟ ਨਹੀਂ ਹੁੰਦੇ। ਇਥੇ ਸਤਿਗੁਰੂ ਨੇ "ਜਿਸੁ ਮਾਨੁਖ ਪਹਿ. . " ਲਿਖ ਕੇ ਸਾਰੀ ਮਨੁੱਖਤਾ ਨੂੰ ਉਸ ਦਾਇਰੇ ਵਿੱਚ ਲੈ ਆਂਦਾ ਹੈ, ਕਿਸੇ ਵੀ ਅਖੌਤੀ ਸੰਤ, ਸਾਧ ਜਾਂ ਮਹਾਪੁਰਖ ਨੂੰ ਉਸ ਵਿਚੋਂ ਬਾਹਰ ਨਹੀਂ ਰਖਿਆ। ਇਸੇ ਕਰ ਕੇ ਸਤਿਗੁਰੂ ਨੇ ਇਹ ਸਮਝਾਇਆ ਹੈ ਕਿ ਮਨੁੱਖਾਂ ਦੀ ਆਸ ਛੱਡ ਕੇ ਇੱਕ ਅਕਾਲ-ਪੁਰਖ ਉਤੇ ਭਰੋਸਾ ਰੱਖੋ ਜੋ ਸਭ ਕੁੱਝ ਕਰਨ ਦੇ ਸਮਰੱਥ ਹੈ। ਸੁਖਮਨੀ ਬਾਣੀ ਵਿੱਚ ਸਤਿਗੁਰੂ ਦਾ ਫੁਰਮਾਨ ਹੈ:

ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨੁ ॥ ਦੇਵਨ ਕਉ ਏਕੈ ਭਗਵਾਨੁ॥
ਜਿਸ ਕੈ ਦੀਐ ਰਹੈ ਅਘਾਇ ॥ ਬਹੁਰਿ ਨ ਤ੍ਰਿਸਨਾ ਲਾਗੈ ਆਇ॥
ਮਾਰੈ ਰਾਖੈ ਏਕੋ ਆਪਿ ॥ ਮਾਨੁਖ ਕੈ ਕਿਛੁ ਨਾਹੀ ਹਾਥਿ॥
  {
ਗਉੜੀ ਸੁਖਮਨੀ ਮਃ ੫, ਪੰਨਾ ੨੮੧}

(ਹੇ ਮਨ !) (ਕਿਸੇ) ਮਨੁੱਖ ਦਾ ਆਸਰਾ ਉੱਕਾ ਹੀ ਵਿਅਰਥ ਸਮਝ, ਇੱਕ ਅਕਾਲ ਪੁਰਖ ਹੀ (ਸਭ ਜੀਆਂ ਨੂੰ) ਦੇਣ ਜੋਗਾ ਹੈ; ਜਿਸ ਦੇ ਦਿੱਤਿਆਂ (ਮਨੁੱਖ) ਰੱਜਿਆ ਰਹਿੰਦਾ ਹੈ ਤੇ ਮੁੜ ਉਸ ਨੂੰ ਲਾਲਚ ਆ ਕੇ ਦਬਾਉਂਦਾ ਨਹੀਂ। ਪ੍ਰਭੂ ਆਪ ਹੀ (ਜੀਵਾਂ ਨੂੰ) ਮਾਰਦਾ ਹੈ (ਜਾਂ) ਪਾਲਦਾ ਹੈ, ਮਨੁੱਖ ਦੇ ਵੱਸ ਕੁੱਝ ਨਹੀਂ ਹੈ।

ਉਪਰੋਕਤ ਪ੍ਰਮਾਣ ਨੂੰ ਸਮਝਣ, ਵਿਚਾਰਨ ਤੋਂ ਬਾਅਦ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਸਾਨੂੰ ਮਨੁੱਖਾਂ ਨੂੰ ਜੋ ਕੁੱਝ ਪ੍ਰਾਪਤ ਹੋ ਰਿਹਾ ਹੈ, ਉਸ ਅਕਾਲ-ਪੁਰਖ ਦੀ ਬਖਸ਼ਿਸ਼ ਨਾਲ ਮਿਲ ਰਿਹਾ ਹੈ। ਸਤਿਗੁਰੂ ਨੇ ਨਿਰਣਾ ਕਰ ਦਿੱਤਾ ਹੈ ਕਿਸੇ ਵੀ ਮਨੁੱਖ ਦੇ ਹੱਥ ਵਸ ਕੁੱਝ ਨਹੀਂ। ਹੇਠਲੇ ਪ੍ਰਮਾਣ ਵਿੱਚ ਵੀ ਸਤਿਗੁਰੂ ਇਹੀ ਗੱਲ ਸਮਝਾਉਂਦੇ ਹਨ ਕਿ ਇਹ ਜੋ ਆਪਣੇ ਆਪ ਨੂੰ ਸੰਤ, ਸਾਧ ਆਦਿ ਕਹਾ ਕੇ ਲੋਕਾਂ ਨੂੰ ਭਰਮਾ ਰਹੇ ਹਨ, ਇਹ ਸਭ ਮਾਇਆ ਦਾ ਹੀ ਧੰਦਾ ਹੈ। ਕੋਈ ਮਨੁੱਖ ਕਿਸੇ ਦੂਸਰੇ ਨੂੰ ਕੁੱਝ ਦੇਣ ਦੇ ਸਮਰੱਥ ਨਹੀਂ। ਸਭ ਦਾਤਾਂ ਦਾ ਮਾਲਕ ਉਹ ਅਕਾਲ-ਪੁਰਖ ਵਾਹਿਗਰੂ ਆਪ ਹੀ ਹੈ। ਇਤਨਾ ਹੀ ਨਹੀਂ ਉਸ ਕੋਲੋਂ ਕੁੱਝ ਮੰਗਣ ਦੀ ਲੋੜ ਹੀ ਨਹੀਂ ਪੈਂਦੀ ਕਿਉਂਕਿ ਉਹ ਸਾਡੇ ਸਭ ਦੇ ਦਿਲਾਂ ਦੀ ਜਾਣਦਾ ਹੈ। ਭਾਵ ਉਸ ਨੂੰ ਸਭ ਦੀਆਂ ਲੋੜਾਂ ਦਾ ਆਪ ਹੀ ਪਤਾ ਹੈ:

ਕਿਆ ਮਾਨੁਖ ਕਹਹੁ ਕਿਆ ਜੋਰੁ ॥ ਝੂਠਾ ਮਾਇਆ ਕਾ ਸਭੁ ਸੋਰੁ ॥
ਕਰਣ ਕਰਾਵਨਹਾਰ ਸੁਆਮੀ ॥ ਸਗਲ ਘਟਾ ਕੇ ਅੰਤਰਜਾਮੀ ॥
{ਗਉੜੀ ਗੁਆਰੇਰੀ ਮਹਲਾ ੫, ਪੰਨਾ ੧੭੭-੧੭੮}

(ਹੇ ਭਾਈ !) ਮਾਇਆ ਦੀ ਸਾਰੀ ਫੂੰ-ਫਾਂ ਝੂਠੀ ਹੈ (ਚਾਰ ਦਿਨਾਂ ਦੀ ਹੈ)। ਦੱਸੋ, ਇਹ ਬੰਦੇ ਕੀਹ ਕਰਨ ਜੋਗੇ ਹਨ ? ਇਹਨਾਂ ਦੀ ਆਕੜ (ਦੀ) ਕੀਹ (ਪਾਂਇਆਂ) ਹੈ ? ਮਾਲਕ-ਪ੍ਰਭੂ (ਸਭ ਜੀਵਾਂ ਵਿੱਚ ਵਿਆਪਕ ਹੋ ਕੇ ਆਪ ਹੀ) ਸਭ ਕੁੱਝ ਕਰਨ ਦੇ ਸਮਰੱਥ ਹੈ, ਆਪ ਹੀ ਜੀਵਾਂ ਪਾਸੋਂ ਸਭ ਕੁੱਝ ਕਰਾਂਦਾ ਹੈ। ਉਹ ਪ੍ਰਭੂ ਸਭ ਜੀਵਾਂ ਦੇ ਦਿਲ ਦੀ ਜਾਣਦਾ ਹੈ।

ਸਤਿਗੁਰੂ ਨੇ ਗੁਰਬਾਣੀ ਦੇ ਅਮੋਲਕ ਗੁਣਾਂ ਰਾਹੀਂ ਜਿਥੇ ਸਾਡੇ ਜੀਵਨ ਵਿੱਚ ਨਿਮਰਤਾ ਭਰੀ ਹੈ, ਉਥੇ ਨਾਲ ਹੀ ਸਿੱਖ ਨੂੰ ਅਣਖ ਨਾਲ ਜੀਣਾ ਸਿਖਾਇਆ ਹੈ। ਕਈ ਵਾਰੀ ਲੋੜ ਸਮੇਂ ਅਸੀਂ ਕਿਸੇ ਐਸੇ ਮਨੁੱਖ ਕੋਲੋਂ ਕੁੱਝ ਮੰਗ ਲੈਂਦੇ ਹਾਂ ਜੋ ਆਪ ਹੀ ਸਾਡੀ ਲੋੜ ਪੂਰੀ ਕਰਨ ਦੇ ਸਮਰੱਥ ਨਹੀਂ ਹੁੰਦਾ। ਨਤੀਜਾ ਇਹ ਹੁੰਦਾ ਹੈ ਕਿ ਦੋਹਾਂ ਨੂੰ ਹੀ ਸ਼ਰਮਿੰਦਾ ਹੋਣਾ ਪੈਂਦਾ ਹੈ। ਇਸੇ ਕਰ ਕੇ ਸਤਿਗੁਰੂ ਸਮਝਾਉਂਦੇ ਹਨ ਕਿ ਉਸ ਅਕਾਲ-ਪੁਰਖ ਨੂੰ ਆਪਣਾ ਸੱਚਾ ਮਿੱਤਰ ਬਣਾ, ਉਸੇ ਤੇ ਪੂਰੀ ਆਸ ਰੱਖ ਜੋ ਸਭ ਕੁੱਝ ਦੇਣ ਦੇ ਸਮਰੱਥ ਹੈ। ਕਿਸੇ ਮਨੁੱਖ ਦਾ ਆਸਰਾ ਤਕਣਾ ਤਾਂ ਅਕਸਰ ਸ਼ਰਮ ਦਾ ਕਾਰਨ ਬਣ ਸਕਦਾ ਹੈ। ਜੋ ਕੁੱਝ ਮੰਗਣਾ ਹੈ, ਅਕਾਲ-ਪੁਰਖ ਕੋਲੋਂ ਮੰਗ ਤਾਕਿ ਤੈਨੂੰ ਕਦੇ ਸ਼ਰਮਿੰਦਾ ਨਾ ਹੋਣਾ ਪਵੇ। ਗੁਰਬਾਣੀ ਦੇ ਹੇਠਲੇ ਦੋਵੇਂ ਪ੍ਰਮਾਣ ਸਤਿਗੁਰੂ ਦੇ ਇਸ ਉਪਦੇਸ਼ ਨੂੰ ਪਰਗਟ ਕਰਦੇ ਹਨ:

ਹਿਕਸ ਕੂੰ ਤੂ ਆਹਿ ਪਛਾਣੂ ਭੀ ਹਿਕੁ ਕਰਿ ॥
ਨਾਨਕ ਆਸੜੀ ਨਿਬਾਹਿ ਮਾਨੁਖ ਪਰਥਾਈ ਲਜੀਵਦੋ ॥ {ਮਃ ੫, ਪੰਨਾ ੧੧੦੧}

ਹੇ ਨਾਨਕ ! ਸਿਰਫ਼ ਇੱਕ ਪਰਮਾਤਮਾ ਨੂੰ ਮਿਲਣ ਦੀ ਤਾਂਘ ਰੱਖ, ਇੱਕ ਪਰਮਾਤਮਾ ਨੂੰ ਹੀ ਆਪਣਾ ਮਿੱਤਰ ਬਣਾ, ਉਹੀ ਤੇਰੀ ਆਸ ਪੂਰੀ ਕਰਨ ਵਾਲਾ ਹੈ । ਕਿਸੇ ਮਨੁੱਖ ਦਾ ਆਸਰਾ ਲੈਣਾ ਲੱਜਾ ਦਾ ਕਾਰਨ ਬਣਦਾ ਹੈ ।

ਸੂਖ ਮੰਗਲ ਕਲਿਆਣ ਜਿਸਹਿ ਘਰਿ ਤਿਸ ਹੀ ਸਰਣੀ ਪਾਈਐ ॥
ਤਿਸਹਿ ਤਿਆਗਿ ਮਾਨੁਖੁ ਜੇ ਸੇਵਹੁ ਤਉ ਲਾਜ ਲੋਨੁ ਹੋਇ ਜਾਈਐ ॥ {ਸਾਰਗ ਮਹਲਾ ੫, ਪੰਨਾ ੧੨੧੪}

ਹੇ ਭਾਈ ! ਜਿਸ ਪਰਮਾਤਮਾ ਦੇ ਹੀ ਘਰ ਵਿੱਚ ਸਾਰੇ ਸੁਖ ਹਨ ਖ਼ੁਸ਼ੀਆਂ ਤੇ ਆਨੰਦ ਹਨ, ਉਸ ਦੀ ਹੀ ਸਰਨ ਪਏ ਰਹਿਣਾ ਚਾਹੀਦਾ ਹੈ । ਹੇ ਭਾਈ ! ਜੇ ਤੁਸੀ ਉਸ ਪ੍ਰਭੂ ਨੂੰ ਛੱਡ ਕੇ ਮਨੁੱਖ ਦੀ ਖ਼ੁਸ਼ਾਮਦ ਕਰਦੇ ਫਿਰੋਗੇ, ਤਾਂ ਸ਼ਰਮਸਾਰ ਹੋਣਾ ਪੈਂਦਾ ਹੈ ।

ਸਾਡਾ ਗੁਰੂ ਗਿਆਨ ਤੋਂ ਸੱਖਣਾ, ਭੋਲਾ-ਭਾਲਾ ਅਗਿਆਨੀ ਭਾਈਚਾਰਾ ਤਾਂ ਜਿਵੇਂ ਅਣਖ ਦਾ ਮਤਲਬ ਅਤੇ ਮਹੱਤਤਾ ਹੀ ਭੁੱਲ ਗਿਆ ਹੈ। ਤਾਂਹੀ ਤਾਂ ਕਿਸੇ ਹੋਰ ਮਨੁੱਖ ਦੇ ਪੈਰਾਂ ਤੇ ਮੱਥੇ ਟੇਕ ਰਿਹਾ ਹੈ, ਉਸ ਅੱਗੇ ਝੋਲੀਆਂ ਫੈਲਾ ਕੇ ਖੜਾ ਹੈ। ਨਾਲੇ ਉਸ ਦਾ ਘਰ ਭਰ ਰਿਹਾ ਹੈ, ਨਾਲੇ ਉਸੇ ਅੱਗੇ ਲਿਲਕਣੀਆਂ ਕੱਢ ਰਿਹਾ ਹੈ। ਇਸੇ ਨੂੰ ਮਾਨਸਿਕ ਗੁਲਾਮੀ ਕਹਿੰਦੇ ਹਨ, ਕਿ ਸਾਡੀ ਗ਼ੈਰਤ ਹੀ ਮਰ ਜਾਏ। ਪੁਜਾਰੀ ਸ਼੍ਰੇਣੀ ਦੀ ਜਿਸ ਮਾਨਸਿਕ ਗੁਲਾਮੀ ਤੋਂ ਸਤਿਗੁਰੂ ਨੇ ਸਾਨੂੰ ਦੋ ਸਦੀਆਂ ਦਾ ਸਮਾਂ ਲਗਾ ਕੇ ਮੁਕਤ ਕਰਾਇਆ ਸੀ, ਗੁਰੂ ਦੇ ਗਿਆਨ ਤੋਂ ਟੁੱਟ ਕੇ ਅੱਜ ਫੇਰ ਉਸੇ ਮਾਨਸਿਕ ਗੁਲਾਮੀ ਵਿੱਚ ਫਸ ਗਏ ਹਾਂ। ਅਣਖ ਵਾਲੀ ਜ਼ਿੰਦਗੀ ਜੀਣ ਲਈ, ਸਤਿਗੁਰੂ ਦਾ ਆਦੇਸ਼ ਬਿਲਕੁਲ ਸਪੱਸ਼ਟ ਹੈ:

ਹਰਿ ਇਕੋ ਦਾਤਾ ਸੇਵੀਐ ਹਰਿ ਇਕੁ ਧਿਆਈਐ ॥
ਹਰਿ ਇਕੋ ਦਾਤਾ ਮੰਗੀਐ ਮਨ ਚਿੰਦਿਆ ਪਾਈਐ ॥
ਜੇ ਦੂਜੇ ਪਾਸਹੁ ਮੰਗੀਐ ਤਾ ਲਾਜ ਮਰਾਈਐ ॥
{ਵਡਹੰਸ ਕੀ ਵਾਰ ਮਹਲਾ ੪, ਪੰਨਾ ੫੯੦}

ਇਕੋ ਦਾਤਾਰ ਕਰਤਾਰ ਦੀ ਸੇਵਾ ਕਰਨੀ ਚਾਹੀਦੀ ਹੈ, ਇਕੋ ਪਰਮਾਤਮਾ ਨੂੰ ਹੀ ਸਿਮਰਨਾ ਚਾਹੀਦਾ ਹੈ; ਇਕੋ ਹਰੀ ਦਾਤਾਰ ਕੋਲੋਂ ਹੀ ਦਾਨ ਮੰਗਣਾ ਚਾਹੀਦਾ ਹੈ, ਜਿਸ ਪਾਸੋਂ ਮਨ-ਮੰਗੀ ਮੁਰਾਦ ਮਿਲ ਜਾਏ; ਜੇ ਕਿਸੇ ਹੋਰ ਕੋਲੋਂ ਮੰਗੀਏ ਤਾਂ ਸ਼ਰਮ ਨਾਲ ਮਰ ਜਾਈਏ (ਭਾਵ, ਕਿਸੇ ਹੋਰ ਪਾਸੋਂ ਮੰਗਣ ਨਾਲੋਂ ਸ਼ਰਮ ਨਾਲ ਮਰ ਜਾਣਾ ਚੰਗਾ ਹੈ)।

ਸਿੱਖ ਦੀ ਜੋਦੜੀ ਤਾਂ ਜਦੋਂ ਹੋਵੇ, ਕੇਵਲ ਅਕਾਲ-ਪੁਰਖ ਅੱਗੇ ਜਾਂ ਗੁਰੂ ਅੱਗੇ ਹੋਵੇ। ਸਿੱਖ ਦੀ ਝੋਲੀ ਜਦੋਂ ਫੈਲੇ ਕੇਵਲ ਅਕਾਲ-ਪੁਰਖ ਅੱਗੇ ਫੈਲੇ। ਕਿਸੇ ਹੋਰ ਕੋਲੋਂ ਮੰਗਣ ਤੋਂ ਪਹਿਲਾਂ ਤਾਂ ਸਿੱਖ ਨੂੰ ਸ਼ਰਮ ਨਾਲ ਮਰ ਜਾਣਾ ਚਾਹੀਦਾ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top