Share on Facebook

Main News Page

ਖ਼ਾਲਸਾ ਪੰਥ ਬਨਾਮ ਡੇਰਾਵਾਦ - ਡੇਰਿਆਂ ਦੀਆਂ ਕਿਸਮਾਂ - ਪੂਰਨ ਗੁਰੂਡੰਮ - ਸੰਤ ਨਿਰੰਕਾਰੀ ਮੰਡਲ (ਨਕਲੀ ਨਿਰੰਕਾਰੀ) (ਭਾਗ ਚੌਵੀਵਾਂ)
-:
ਸ. ਰਾਜਿੰਦਰ ਸਿੰਘ
ਮੁੱਖ ਸੇਵਾਦਾਰ, ਸ਼੍ਰੋਮਣੀ ਖਾਲਸਾ ਪੰਚਾਇਤ rajindersinghskp@yahoo.co.in

👉 ਲੜੀ ਜੋੜਨ ਲਈ ਪਿਛਲੇ ਭਾਗ ਪੜ੍ਹੋ

ਸੰਤ ਨਿਰੰਕਾਰੀ ਮੰਡਲ (ਨਕਲੀ ਨਿਰੰਕਾਰੀ)

ਅਸਲ ਵਿੱਚ ਨਿਰੰਕਾਰੀ ਲਹਿਰ ਦੇਹਧਾਰੀ `ਗੁਰੂਆਂ` ਵਿਰੁੱਧ ਅਤੇ ਸਿੱਖ ਕੌਮ ਵਿੱਚ ਪ੍ਰਚਲਤ ਹੋ ਰਹੀਆਂ ਕੁੱਝ ਬ੍ਰਾਹਮਣਵਾਦੀ ਕੁਰੀਤੀਆਂ ਵਿਰੁਧ ਇੱਕ ਸੁਧਾਰ ਲਹਿਰ ਵਜੋਂ ਸ਼ੁਰੂ ਹੋਈ ਸੀ। ਉਨ੍ਹੀਵੀਂ ਸਦੀ ਦੇ ਅੰਤਮ ਦਹਾਕਿਆਂ ਤੱਕ ਸਿੱਖ ਕੌਮ ਵਿੱਚ ਭਾਰੀ ਨਿਘਾਰ ਆ ਗਿਆ ਸੀ। ਮੰਨੇ ਪ੍ਰਮੰਨੇ ਸਿੱਖ ਪਰਿਵਾਰ ਆਰਿਆ ਸਮਾਜ ਤੋਂ ਪ੍ਰਭਾਵਤ ਹੋ, ਮੂਰਤੀ ਪੂਜਾ ਵਿੱਚ ਲਗ ਗਏ ਸਨ ਅਤੇ ਆਪਣੇ ਸਮਾਜਿਕ ਸੰਸਕਾਰਾਂ ਵਿੱਚ ਬ੍ਰਾਹਮਣੀ ਮਰਿਯਾਦਾ ਵਰਤਣ ਲੱਗ ਪਏ ਸਨ। ਅਖੌਤੀ ਦੇਹਧਾਰੀ ਗੁਰੂਆਂ ਦਾ ਪ੍ਰਭਾਵ ਵੱਧ ਗਿਆ ਸੀ। ਐਸੇ ਸਮੇਂ ਨਿਰੰਕਾਰੀ ਲਹਿਰ ਦੀ ਸ਼ੁਰੂਆਤ ਇੱਕ ਗੁਰਮਤਿ ਦੇ ਪ੍ਰਚਾਰਕ ਅਤੇ ਸਮਾਜ ਸੁਧਾਰਕ ਬਾਬਾ ਦਿਆਲ ਜੀ ਵਲੋਂ ਕੀਤੀ ਗਈ। ਬਾਬਾ ਜੀ ਕਿਹਾ ਕਰਦੇ ਸਨ, "ਜਪੋ ਪਿਆਰਿਓ, ਧੰਨ ਨਿਰੰਕਾਰ, ਜੋ ਦੇਹਧਾਰੀ ਸਭ ਖੁਆਰ।

ਬਾਬਾ ਦਿਆਲ ਜੀ ਦੁਆਰਾ ਸਥਾਪਤ ਨਿਰੰਕਾਰੀ ਦਰਬਾਰ` ਰਾਵਲਪਿੰਡੀ ਵਿਚ, ਇੱਕ ਬੂਟਾ ਸਿੰਘ ਨਾਂਅ ਦਾ ਕੀਰਤਨੀਆਂ ਸੀ, ਜੋ ਸ਼ਰਾਬੀ ਸੀ। ਬਾਬਾ ਦਿਆਲ ਜੀ ਨੂੰ ਇਸ ਦੀਆਂ ਕਰਤੂਤਾਂ ਦਾ ਪਤਾ ਲਗਣ ਤੇ, ੧੯੨੯ ਈ. ਵਿੱਚ "ਨਿਰੰਕਾਰੀ ਦਰਬਾਰ ਰਾਵਲਪਿੰਡੀ" ਵਾਲਿਆਂ ਨੇ ਗੁਰਮਤਿ ਵਿਰੋਧੀ ਕਰਤੂਤਾਂ ਕਰਨ ਵਾਲੇ ਸ਼ਰਾਬੀ-ਕਬਾਬੀ ਬੂਟਾ ਸਿੰਘ ਨੂੰ ਬਾਹਰ ਦਾ ਰਾਹ ਵਿਖਾ ਦਿਤਾ। ਇਸ ਬੂਟਾ ਸਿੰਘ ਦੀ ਉਸੇ ਨਗਰ ਦੇ ਅਵਤਾਰ ਸਿੰਘ ਜੋ ਉਥੇ ਪਕੌੜਿਆਂ ਦੀ ਦੁਕਾਨ ਕਰਦਾ ਸੀ, ਨਾਲ ਜੋੜੀਦਾਰੀ ਸੀ ਅਤੇ ਇਹ ਇੱਕ ਦੂਜੇ ਦੇ ਗੈਰ ਇਖਲਾਕੀ, ਪਾਪ ਕਰਮਾਂ ਦੇ ਭਾਗੀਦਾਰ ਸਨ। ਬੂਟਾ ਸਿੰਘ ਨੇ ਅਵਤਾਰ ਸਿੰਘ ਨੂੰ ਚੇਲਾ ਬਣਾ ਕੇ, ਨਿਰੰਕਾਰੀ ਦਰਬਾਰ ਦੇ ਮੁਕਾਬਲੇ `ਤੇ `ਸੰਤ ਨਿਰੰਕਾਰੀ ਮੰਡਲ` ਦੇ ਨਾਂਅ `ਤੇ ਆਪਣਾ ਅਲੱਗ ਡੇਰਾ ਸਥਾਪਤ ਕਰ ਲਿਆ। ਇਸੇ ਲਈ ਇਨ੍ਹਾਂ ਨੂੰ ਨਕਲੀ ਨਿਰੰਕਾਰੀ ਕਿਹਾ ਜਾਂਦਾ ਹੈ। ਬੂਟਾ ਸਿੰਘ ਦੇ ਖੜ੍ਹੇ ਕੀਤੇ ਇਸੇ ਪ੍ਰਪੰਚ ਨੂੰ ਅਵਤਾਰ ਸਿੰਘ ਨੇ ਅਤੇ ਅੱਗੋਂ ਉਸ ਦੇ ਪੁਤਰ ਗੁਰਬਚਨ ਸਿੰਘ ਤੇ ਉਸ ਦੇ ਪੁਤੱਰ ਹਰਦੇਵ ਸਿੰਘ ਨੇ ਅੱਗੇ ਤੋਰਿਆ। ਇਨ੍ਹਾਂ ਨੂੰ ਵੱਡਾ ਹੁੰਗਾਰਾ ਉਸ ਵੇਲੇ ਮਿਲਿਆ ਜਦੋਂ, ੧੯੪੭ ਤੋਂ ਬਾਅਦ ਭਾਰਤ ਸਰਕਾਰ ਦੀ ਸਿੱਖ ਵਿਰੋਧੀ ਨੀਤੀ ਸਦਕਾ, ਉਸ ਸਮੇਂ ਦੇ ਗ੍ਰਹਿ ਮੰਤਰੀ ਪਟੇਲ ਨੇ ਇਨ੍ਹਾਂ ਦੇ ਆਪਸੀ ਹੋਏ ਸਮਝੌਤੇ ਅਧੀਨ `ਸੰਤ ਨਿਰੰਕਾਰੀ ਮੰਡਲ` ਦੀ ਹਰ ਤਰ੍ਹਾਂ ਸਰਕਾਰੀ ਸਹਾਇਤਾ ਕਰਨ ਸਬੰਧੀ ਸਰਕਾਰੀ ਸਰਕੂਲਰ ਜਾਰੀ ਕਰ ਦਿੱਤਾ, ਅਤੇ ਇਨ੍ਹਾਂ ਨੂੰ ਵੱਡੀ ਮਾਇਕ ਸਹਾਇਤਾ ਦਿੱਤੀ। ਦਿੱਲੀ ਵਿੱਚ ਨਿਰੰਕਾਰੀ ਕਲੋਨੀ ਬਨਾਉਣ ਵਾਸਤੇ ਅਤੇ ਦੂਸਰੇ ਸ਼ਹਿਰਾਂ ਵਿੱਚ ਨਿਰੰਕਾਰੀ ਭਵਨ ਬਨਾਉਣ ਵਾਸਤੇ ਕੌਡੀਆਂ ਦੇ ਮੁਲ ਜ਼ਮੀਨਾਂ ਦਿੱਤੀਆਂ। ਜਿਸ ਨਾਲ ਇਨ੍ਹਾਂ ਜਗ੍ਹਾ ਜਗ੍ਹਾ `ਤੇ ਵੱਡੇ ਵੱਡੇ ਨਿਰੰਕਾਰੀ ਭਵਨ ਸਥਾਪਿਤ ਕੀਤੇ। ਇਨ੍ਹਾਂ ਨੂੰ ਸਮਾਜਿਕ ਮਾਨਤਾ ਦਿਵਾਉਣ ਲਈ ਭਾਰਤ ਸਰਕਾਰ ਵਲੋਂ ਆਪਣੇ ਦੂਸਰੇ ਦੇਸ਼ਾਂ ਦੇ ਸਫਾਰਤ ਖਾਨਿਆਂ ਨੂੰ ਆਦੇਸ਼ ਦਿੱਤੇ ਗਏ, ਕਿ ਜਿਸ ਦੇਸ਼ ਵਿੱਚ ਵੀ ਨਿਰੰਕਾਰੀ ਆਗੂ ਜਾਵੇ, ਉੱਥੇ ਉਸ ਨੂੰ ਅਤਿ ਅਤਿ ਮਹੱਤਵ ਪੂਰਨ (VVIP) ਵਿਅਕਤੀ ਵਾਲਾ ਸਤਿਕਾਰ ਦਿੱਤਾ ਜਾਵੇ। ਇਤਨੀ ਵੱਡੀ ਸਰਕਾਰੀ ਸਹਾਇਤਾ ਪਾਕੇ `ਸੰਤ ਨਿਰੰਕਾਰੀ ਮੰਡਲ` ਸਹਿਜੇ-ਸਹਿਜੇ ਸਿੱਖ ਧਰਮ ਲਈ ਚੁਣੌਤੀ ਬਣਦਾ ਗਿਆ।

ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜ ਕੇ ਦੇਹਧਾਰੀ `ਗੁਰੂਆਂ` ਦੇ ਪਾਖੰਡ ਵਿੱਚ ਫਸਾਉਣ ਦੀ ਜੁਗਤ ਨਾਲ ਨਕਲੀ ਨਿਰੰਕਾਰੀਆਂ ਨੇ ਵੀ ਸਿੱਖ ਸ਼ਕਲ ਸੂਰਤ ਵਾਲੇ ਮੁਖੀ ਅੱਗੇ ਕਰ ਦਿੱਤੇ। ਨਕਲੀ ਨਿਰੰਕਾਰੀਆਂ ਨੇ `ਅਵਤਾਰ ਬਾਣੀ` `ਯੁੱਗ ਪੁਰਸ਼` ਨਾਂਅ ਦੀਆਂ ਕਿਤਾਬਾਂ ਛਾਪੀਆਂ। ਇਨ੍ਹਾਂ ਪੁਸਤਕਾਂ ਬਾਰੇ ਇਹ ਭੁਲੇਖਾ ਪਾਉਣ ਦੀ ਕੋਸ਼ਿਸ਼ ਕੀਤੀ ਕਿ ਜਿਵੇਂ ਸਿੱਖ ਗੁਰੂ ਸਾਹਿਬਾਨ ਨੇ ਗੁਰਬਾਣੀ ਉਚਾਰਨ ਕੀਤੀ ਸੀ, ਤਿਵੇਂ ਇਨ੍ਹਾਂ ਨੇ ਵੀ ਉਚਾਰਨ ਕੀਤੀਆਂ ਹਨ, ਹਾਲਾਂਕਿ ਇਹ ਉਸ ਸਮੇਂ ਦੇ ਕੁੱਝ ਹਲਕੇ ਪੱਧਰ ਦੇ ਵਿਕਾਊ ਕਵੀਆਂ ਕੋਲੋਂ ਲਿਖਾਈਆਂ ਗਈਆਂ ਸਨ। ਇਨ੍ਹਾਂ `ਸੰਤ ਨਿਰੰਕਾਰੀ` ਨਾਂਅ ਦਾ ਇੱਕ ਰਸਾਲਾ ਵੀ ਜਾਰੀ ਕੀਤਾ। ਇਨ੍ਹਾਂ ਪੁਸਤਕਾਂ ਅਤੇ ਰਸਾਲੇ ਵਿੱਚ ਗੁਰੂ ਗ੍ਰੰਥ ਸਾਹਿਬ, ਪੰਜ ਕਕਾਰਾਂ, ਸਿੱਖ ਫਿਲਾਸਫੀ, ਗੁਰਦਵਾਰਿਆਂ ਅਤੇ ਸਿੱਖ ਗੁਰੂ ਸਾਹਿਬਾਨ ਬਾਬਤ ਹੱਤਕ ਭਰੀ ਸ਼ਬਦਾਵਲੀ ਵਰਤੀ। `ਅਵਤਾਰ ਬਾਣੀ` ਵਿੱਚ ਖੁੱਲ੍ਹੇ ਤੌਰ `ਤੇ ਗੁਰੂ ਗ੍ਰੰਥ ਸਾਹਿਬ ਅਤੇ ਗੁਰਧਾਮਾਂ ਦੀ ਨਿਰਾਦਰੀ ਕੀਤੀ ਹੋਈ ਹੈ। ਭੋਲੇ ਭਾਲੇ ਸਿੱਖਾਂ ਨੂੰ ਗੁਮਰਾਹ ਕਰਨ ਲਈ, ਰਸਾਲੇ ਵਿੱਚ ਬਹੁਤ ਸਾਰੀਆਂ ਜਾਅਲੀ ਚਿਠੀਆਂ ਛਾਪੀਆਂ ਜਾਂਦੀਆਂ, ਜਿਨ੍ਹਾਂ ਵਿੱਚ ਸਿੱਖਾਂ ਵਲੋਂ ਆਪਣੇ ਧਰਮ ਤੋਂ ਬਾਗੀ ਹੋ ਕੇ ਨਕਲੀ ਨਿਰੰਕਾਰੀ ਮਕੜਜਾਲ ਵਿੱਚ ਫਸਣ ਦੇ ਝੂਠੇ ਵੇਰਵੇ ਲਿਖੇ ਹੁੰਦੇ।

ਸਿੱਖਾਂ ਨੂੰ ਚਿੜਾਉਣ ਲਈ ਨਕਲੀ ਨਿਰੰਕਾਰੀਏ ਆਪਣੇ ਪ੍ਰਮੁੱਖ ਨੂੰ `ਸੱਚਾ ਪਾਤਸ਼ਾਹ` ਕਹਿੰਦੇ ਹਨ। ਹੋਰ ਤਾਂ ਹੋਰ ਉਸਨੂੰ ਆਪਣੀਆਂ ਲਿਖਤਾਂ ਵਿੱਚ ਨਕਲੀ ਨਿਰੰਕਾਰੀਏ `ਪ੍ਰਮਾਤਮਾ` ਹੀ ਦੱਸਣ ਲੱਗ ਪਏ। ੨੭ ਫਰਵਰੀ ੧੯੬੬ ਨੂੰ ਅਵਤਾਰ ਸਿੰਘ ਨੇ ਐਲਾਨ ਕੀਤਾ ਕਿ ਗੁਰੂ ਗੋਬਿੰਦ ਸਿੰਘ ਨੇ ਪੰਜ ਪਿਆਰੇ ਸਾਜੇ ਸਨ, ਮੈਂ `ਸੱਤ ਪਿਆਰੇ` ਸਾਜਾਂਗਾਂ। ਪਿਛੋਂ ਗੁਰਬਚਨ ਸਿੰਘ ਇਨ੍ਹਾਂ ਨੂੰ `ਸੱਤ ਸਿਤਾਰੇ` ਕਹਿੰਦਾ ਰਿਹਾ।

ਨਰਕਧਾਰੀਆਂ ਨੇ ਆਪਣੇ ਪਾਖੰਡ ਨੂੰ ਹੋਰ ਵੱਧ ਮਸ਼ਹੂਰੀ ਅਤੇ ਸਫਲਤਾ ਦਿਵਾਉਣ ਲਈ ਸਭ ਤੋਂ ਵੱਡੀ ਮਨੁੱਖੀ ਕਮਜ਼ੋਰੀ ਕਾਮ ਨੂੰ ਆਪਣਾ ਹਥਿਆਰ ਬਣਾਇਆ। ਇਨ੍ਹਾਂ ਦੇ ਪ੍ਰਚਾਰਕ ਨੌਜੁਆਨਾਂ ਨੂੰ ਪ੍ਰਭਾਵਤ ਕਰਨ ਲਈ ਕਾਮ ਉਕਸਾਊ ਗੱਲਾਂ, ਬੜੀਆਂ ਗਲੇਫ ਕੇ ਅਧਿਆਤਮਕ ਰੰਗ ਚੜ੍ਹਾ ਕੇ ਸੁਣਾਉਂਦੇ ਹਨ। ਆਪਣੇ ਪੈਰੋਕਾਰਾਂ ਨੂੰ ਕਾਮ ਵਾਸ਼ਨਾ ਦੀ ਖੁੱਲ੍ਹ ਦਿੱਤੀ ਜਾਂਦੀ ਹੈ। ਅਨੇਕਾਂ ਲੋਕ, ਮਤ ਭ੍ਰਿਸ਼ਟ ਹੋ ਕੇ ਇਨ੍ਹਾਂ ਦੇ ਪੈਰੋਕਾਰ ਬਣ ਗਏ। ਵੱਡੇ ਵੱਡੇ ਅਫਸਰ ਵੀ ਨਿਰੰਕਾਰੀਏ ਬਣਨ ਲੱਗੇ। ਸਿਆਸਤਦਾਨਾਂ, ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸਤਿਕਾਰਤ ਸਖਸ਼ੀਅਤਾਂ ਦੀਆਂ ਹਾਜ਼ਰੀਆਂ ਨੇ ਆਮ ਜਨਤਾ ਨੂੰ ਕਾਫੀ ਪ੍ਰਭਾਵਿਤ ਕੀਤਾ।

੧੯੭੨ ਵਿੱਚ ਤਰਨਤਾਰਨ ਦੇ ਨੇੜੇ ਪੱਟੀ ਵਿੱਚ ਨਕਲੀ ਨਿਰੰਕਾਰੀਆਂ ਨੇ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦਾ ਸਾਂਗ ਉਤਾਰ ਕੇ ਸਿੱਖ ਸੰਗਤਾਂ ਦੇ ਹਿਰਦੇ ਵਲੂੰਧਰ ਸੁੱਟੇ। ੧੨-੧੩-੧੪ ਅਪ੍ਰੈਲ ੧੯੭੮ ਨੂੰ ਸਿੱਖੀ ਦੇ ਕੇਂਦਰ ਅੰਮ੍ਰਿਤਸਰ ਵਿਚ, ਇਨ੍ਹਾਂ ਆਪਣਾ ਵੱਡਾ ਇਕੱਠ ਕੀਤਾ। ਇਸ ਇਕੱਠ ਵਿੱਚ ਪੰਜਾਬ ਦੇ ਆਈ. ਏ. ਐਸ. ਅਤੇ ਵੱਡੇ ਪੁਲਿਸ ਅਫਸਰ ਸ਼ਾਮਿਲ ਸਨ। ਇਥੇ ਇਹ ਵਰਣਣ ਯੋਗ ਹੈ ਕਿ ਖਾਲਸਾ ਪ੍ਰਗਟ ਦਿਵਸ ਦੇ ਮੌਕੇ `ਤੇ ਅੰਮ੍ਰਿਤਸਰ ਵਿੱਚ ਇਹ ਸਮਾਗਮ ਕਰਨ ਦੀ ਖੁੱਲ੍ਹ ਇਨ੍ਹਾਂ ਨੂੰ ਉਸ ਸਮੇਂ ਦੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਸਰਕਾਰ ਨੇ ਦਿੱਤੀ ਸੀ। ੧੨ ਅਪ੍ਰੈਲ ਨੂੰ ਇਨ੍ਹਾਂ ਸ਼ਹਿਰ ਵਿੱਚ ਇੱਕ ਜਲੂਸ ਕਢਿਆ, ਜਿਸ ਵਿੱਚ ਸਿੱਖ ਕੌਮ, ਗੁਰੂ ਸਾਹਿਬਾਨ ਅਤੇ ਸਿੱਖ ਸਿਧਾਂਤਾਂ ਦਾ ਭਰਪੂਰ ਮਖੌਲ ਉਡਾਇਆ ਗਿਆ। ੧੩ ਅਪ੍ਰੈਲ ੧੯੭੮ ਨੂੰ ਜਦੋਂ ਖਾਲਸਾ ਆਪਣਾ ਪ੍ਰਗਟ ਦਿਵਸ ਮਨਾ ਰਿਹਾ ਸੀ, ਸਿੱਖਾਂ ਨੂੰ ਪਤਾ ਲੱਗਾ ਕਿ ਨਕਲੀ ਨਿਰੰਕਾਰੀਏ ਆਪਣੇ ਸਮਾਗਮ ਵਿੱਚ ਸਿੱਖ ਕੌਮ ਅਤੇ ਗੁਰੂ ਸਾਹਿਬਾਨ ਵਿਰੁਧ ਕੁਬੋਲ ਬੋਲ ਰਹੇ ਹਨ। ਕੁੱਝ ਚੋਣਵੇਂ ਸਿੱਖਾਂ ਦਾ ਇੱਕ ਸ਼ਾਂਤਮਈ ਜਥਾ ਉਥੇ ਸਿੱਖ ਧਰਮ ਵਿਰੁੱਧ ਕੁਬੋਲ ਬੋਲਣ `ਤੇ ਰੋਸ ਮੁਜ਼ਾਹਰਾ ਕਰਨ ਲਈ ਗਿਆ। ਜਦੋਂ ਇਹ ਜਥਾ ਉਥੇ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਿਹਾ ਸੀ ਤਾਂ ਗੁਰਬਚਨ ਸਿੰਘ ਦੇ ਆਦੇਸ਼ `ਤੇ, ਨਕਲੀ ਨਿਰੰਕਾਰੀਆਂ ਨੇ ਬੰਦੂਕਾਂ, ਗੋਲੀਆਂ ਅਤੇ ਡਾਂਗਾਂ ਨਾਲ ਹਮਲਾ ਕਰ ਦਿੱਤਾ, ਜਿਸ ਦੀ ਅਗਵਾਈ ਨਿਰੰਜਨ ਸਿੰਘ ਨਾਂਅ ਦਾ ਆਈ. ਏ. ਐਸ. ਅਤੇ ਇੱਕ ਪੁਲਿਸ ਅਫਸਰ ਐਸ. ਪੀ. ਛੀਨਾ ਕਰ ਰਹੇ ਸਨ। ਇੱਕ ਅਕਾਲੀ ਮੰਤਰੀ ਜੀਵਨ ਸਿੰਘ ਉਮਰਾਨੰਗਲ ਵੀ ਉੱਥੇ ਖੁੱਲੇ ਤੌਰ `ਤੇ ਇਨ੍ਹਾਂ ਦੀ ਮਦਦ ਕਰ ਰਿਹਾ ਸੀ। ਇਸ ਹਮਲੇ ਵਿੱਚ ੧੩ ਸਿੰਘ ਸ਼ਹੀਦ ਅਤੇ ਦਰਜਨਾਂ ਫਟੱੜ ਹੋਏ। ਇਤਨਾ ਵੱਡਾ ਕਾਰਾ ਹੋਣ `ਤੇ ਵੀ ਸਮੇਂ ਦੀ ਬਾਦਲ ਸਰਕਾਰ ਦੀ ਸੁਰੱਖਿਆ ਅਧੀਨ ਇਨ੍ਹਾਂ ਦਾ ਸਮਾਗਮ ਅਗਲੇ ਦਿਨ ਵੀ ਜਾਰੀ ਰਿਹਾ। ਜਿਵੇਂ ਉਪਰ ਵੀ ਦੱਸਿਆ ਜਾ ਚੁੱਕਾ ਹੈ, ਇੱਕ ਉੱਘਾ ਅਕਾਲੀ ਆਗੂ ਅਤੇ ਸਰਕਾਰ ਦਾ ਇੱਕ ਵੱਡਾ ਅਧਿਕਾਰੀ ਗੁਰਬਚਨ ਸਿੰਘ ਨੂੰ ਆਪ ਦਿੱਲੀ ਪਹੁੰਚਾ ਕੇ ਆਏ। ਸਿੱਖ ਕੌਮ ਅੰਦਰ ਭਰਪੂਰ ਰੋਸ ਜਾਗ ਪਿਆ।

੧੦ ਜੂਨ ੧੯੭੮ ਨੂੰ ਅਕਾਲ ਤਖ਼ਤ ਸਾਹਿਬ ਤੋਂ ਨਕਲੀ ਨਿਰੰਕਾਰੀਆਂ ਨਾਲੋਂ ਹਰ ਸਿੱਖ ਨੂੰ ਨਾਤੇ ਤੋੜ ਲੈਣ ਸਬੰਧੀ ਗੁਰਮਤਾ ਜਾਰੀ ਹੋਇਆ। ਇਸ ਗੁਰਮਤੇ ਦਾ ਸਿੱਖਾਂ `ਤੇ ਬਹੁਤ ਪ੍ਰਭਾਵ ਹੋਇਆ ਅਤੇ ਬਹੁਤ ਸਾਰੇ ਭੁਲੱੜ ਵੀਰ ਜੋ ਪਹਿਲਾਂ ਇਸ ਨੂੰ ਸਿੱਖੀ ਦਾ ਹੀ ਇੱਕ ਅੰਗ ਸਮਝ ਰਹੇ ਸਨ, ਇਨ੍ਹਾਂ ਨੂੰ ਤਿਆਗ ਕੇ ਵਾਪਸ ਸਿੱਖੀ ਵਿੱਚ ਮੁੜ ਆਏ। ਇਸ ਨਾਲ ਨਕਲੀ ਨਿਰੰਕਾਰੀਆਂ ਅਤੇ ਸਿੱਖ ਕੌਮ ਅੰਦਰ ਆਪਸੀ ਟਕਰਾਅ ਦਾ ਇੱਕ ਦੌਰ ਸ਼ੁਰੂ ਹੋ ਗਿਆ। ਤਕਰੀਬਨ ਹਰ ਸ਼ਹਿਰ ਵਿੱਚ ਇਹ ਮੰਦਭਾਗੇ ਸਾਕੇ ਵਿਰੁਧ ਰੋਸ ਵਿਖਾਵੇ ਹੋਏ। ਇਲਾਹਾਬਾਦ ਅਤੇ ਕਾਨਪੁਰ ਆਦਿਕ ਥਾਵਾਂ `ਤੇ ਸਿੱਖ ਸੰਗਤਾਂ ਦਾ ਨਕਲੀ ਨਿਰੰਕਾਰੀਆਂ ਨਾਲ ਸਿਧਾ ਟਕਰਾਅ ਹੋਇਆ, ਜਿੱਥੋਂ ਪ੍ਰਤੱਖ ਸਾਬਿਤ ਹੋਇਆ ਕਿ ਨਕਲੀ ਨਿਰੰਕਾਰੀਆਂ ਨੂੰ ਕੱਟੜਪੰਥੀ ਹਿੰਦੂਆਂ ਤੇ ਸਰਕਾਰ ਦੀ ਸ਼ਹਿ ਪ੍ਰਾਪਤ ਹੈ। ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ, ਪੰਜਾਬ ਦੀ ਅਕਾਲੀ ਸਰਕਾਰ ਨੇ ਅੰਮ੍ਰਿਤਸਰ ਦੇ ਸਾਕੇ ਦੇ ਕੇਸ ਦੀ ਪੈਰਵਾਈ ਇਤਨੀ ਲਾਜੁਆਬ ਕੀਤੀ ਕਿ, ਜਨਵਰੀ ੧੯੮੦ ਵਿੱਚ ਅਦਾਲਤ ਵਲੋਂ ਫੈਸਲਾ ਨਕਲੀ ਨਿਰੰਕਾਰੀਆਂ ਦੇ ਹੱਕ ਵਿੱਚ ਹੋਇਆ ਅਤੇ ਤੇਰ੍ਹਾਂ ਸਿੱਖਾਂ ਦੇ ਕਾਤਲ ਸਾਰੇ ਦੋਸ਼ੀ ਛੱਡ ਦਿੱਤੇ ਗਏ। ਇਸ `ਤੇ ਨਕਲੀ ਨਿਰੰਕਾਰੀਆਂ ਨੇ ਕਿਹਾ, "ਸਿੱਖਾਂ ਦਾ ਗੁਰੂ ੫੨ ਬੰਦੀ ਛੁਡਾਕੇ ਲਿਆਇਆ ਸੀ, ਸਾਡਾ ਗੁਰੂ ੬੦ ਬੰਦੀ ਛੁਡਾ ਲਿਆਇਆ ਹੈ। ਇਉਂ ਨਕਲੀ ਨਿਰੰਕਾਰੀ ਹਰ ਤਰ੍ਹਾਂ ਸਿੱਖ ਧਰਮ ਦੀ ਮੁਖਾਲਫਤ ਕਰਦੇ ਰਹੇ ਹਨ ਤੇ ਕਰ ਰਹੇ ਹਨ। ਜਿਸ ਵੇਲੇ ਭਾਰਤੀ ਨਿਆਂ-ਪ੍ਰਨਾਲੀ ਸਿੱਖ ਕੌਮ ਨੂੰ ਨਿਆਂ ਦੇਣ ਵਿੱਚ ਫੇਲ੍ਹ ਹੋ ਗਈ ਤਾਂ ਨਿਆਂ ਕਰਨ ਦੀ ਇਹ ਜ਼ਿੰਮੇਵਾਰੀ ਕੌਮ ਦੇ ਆਪਣੇ ਉਤੇ ਆ ਪਈ। ਕੌਮੀ ਦੂਲਿਆਂ ਨੇ ਇਸ ਫਰਜ਼ ਨੂੰ ਬਾਖੂਬੀ ਨਿਭਾਇਆ ਅਤੇ ਗੁਰਬਚਨ ਸਿੰਘ ਨੂੰ ੨੪ ਅਪ੍ਰੈਲ ੧੯੮੦ ਵਾਲੇ ਦਿਨ, ਉਸ ਦੇ ਕਿਲ੍ਹਾ ਨੁਮਾਂ ਘਰ ਵਿੱਚ ਗੋਲੀਆਂ ਮਾਰ ਕੇ ਸਜ਼ਾ ਯਾਫਤਾ ਕੀਤਾ।

ਪਿਛਲੇ ਸਮੇਂ ਵਿੱਚ ਇਨ੍ਹਾਂ ਨੇ ਪੰਜਾਬ ਵਿੱਚ ਆਪਣੀਆਂ ਸਰਗਰਮੀਆਂ ਕਾਫੀ ਘਟਾ ਦਿੱਤੀਆ ਸਨ, ਪਰ ਹੁਣ ਫਿਰ ਥਾਂ-ਥਾਂ ਸਤਿਸੰਗ ਘਰ ਖੁੱਲ੍ਹ ਰਹੇ ਹਨ। ਪੀੜੀ ਦਰ ਪੀੜੀ ਚਲਦਿਆਂ ਗੁਰਬਚਨ ਸਿੰਘ ਤੋਂ ਬਾਅਦ ਉਸ ਦਾ ਪੁੱਤਰ ਹਰਦੇਵ ਸਿੰਘ ਇਨ੍ਹਾਂ ਦਾ ਦੇਹਧਾਰੀ `ਗੁਰੂ` ਬਣਿਆ ਤੇ ਕਈ ਥਾਈਂ ਪੰਜਾਬ ਵਿੱਚ ਉਸਦੇ ਸਮਾਗਮ ਹੋਏ। ਹਾਲਾਂਕਿ ਹੁਣ ਇਨ੍ਹਾਂ ਵਿੱਚ ਸਿੱਖੀ ਸਰੂਪ ਵਾਲਿਆਂ ਜਾਂ ਸਿੱਖ ਪਰਿਵਾਰਾਂ ਵਿਚੋਂ ਆਇਆਂ ਦੀ ਗਿਣਤੀ ਸਿਰਫ ਆਟੇ ਵਿੱਚ ਲੂਣ ਦੇ ਬਰਾਬਰ ਹੀ ਰਹਿ ਗਈ ਹੈ ਪਰ ਪੰਜਾਬ ਵਿੱਚ ਆਪਣੀਆਂ ਸਰਗਰਮੀਆਂ ਵਧਾ ਕੇ ਇਹ ਭੋਲੇ-ਭਾਲੇ ਸਿੱਖਾਂ ਨੂੰ ਮੁੜ ਫਸਾਉਣ ਲਈ ਯਤਨਸ਼ੀਲ ਰਹਿੰਦੇ ਹਨ। ਹਰ ਮਨੁੱਖ ਮਾਤਰ ਵਿਸ਼ੇਸ਼ ਕਰ ਕੇ ਸਿੱਖਾਂ ਨੂੰ ਇਨ੍ਹਾਂ ਦੀਆਂ ਲੂੰਬੜਚਾਲਾਂ ਤੋਂ ਸੁਚੇਤ ਹੋਣ ਦੀ ਲੋੜ ਹੈ।

੧੩ ਮਈ ੨੦੧੬ ਨੂੰ ਕੈਨੇਡਾ ਦੈ ਮੌਨਟਰਿਅਲ ਵਿੱਚ ਇੱਕ ਕਾਰ ਹਾਦਸੇ ਵਿੱਚ ਹਰਦੇਵ ਸਿੰਘ ਦੀ ਮੌਤ ਹੋ ਗਈ। ਉਸ ਤੋਂ ਬਾਅਦ ਉਸ ਦੀ ਪਤਨੀ ਸਵਿੰਦਰ ਕੌਰ ਨੂੰ ਡੇਰੇ ਦਾ ਮੁੱਖੀ ਬਣਾਇਆ ਗਿਆ।

(ਇਸ ਭਾਗ ਦੀ ਕੁੱਝ ਜਾਣਕਾਰੀ ਧੰਨਵਾਦ ਸਹਿਤ ਦਲ ਖਾਲਸਾ` ਜਥੇਬੰਦੀ ਦੇ ਪੈਂਫਲੇਟ "ਦੇਹਧਾਰੀ ਗੁਰੂ ਡੰਮ- ਇੱਕ ਵਿਸ਼ਲੇਸ਼ਨ" ਤੋਂ ਪ੍ਰਾਪਤ ਕੀਤੀ ਹੈ।)


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top