Share on Facebook

Main News Page

ਖ਼ਾਲਸਾ ਪੰਥ ਬਨਾਮ ਡੇਰਾਵਾਦ - ਡੇਰਿਆਂ ਦੀਆਂ ਕਿਸਮਾਂ - ਪੂਰਨ ਗੁਰੂਡੰਮ - ਦਿਵਿਆ ਜਯੋਤੀ ਜਾਗਰਨ ਸੰਸਥਾਨ (ਭਾਗ ਬਾਈਵਾਂ)
-:
ਸ. ਰਾਜਿੰਦਰ ਸਿੰਘ
ਮੁੱਖ ਸੇਵਾਦਾਰ, ਸ਼੍ਰੋਮਣੀ ਖਾਲਸਾ ਪੰਚਾਇਤ rajindersinghskp@yahoo.co.in

👉 ਲੜੀ ਜੋੜਨ ਲਈ ਪਿਛਲੇ ਭਾਗ ਪੜ੍ਹੋ

ਗਿਆਨ ਜੋਤਿ ਵਿਹੀਣ "ਦਿਵਿਆ ਜਯੋਤੀ ਜਾਗਰਨ ਸੰਸਥਾਨ"

ਆਸ਼ੂਤੋਸ਼ ਮਹਾਰਾਜ ਦੇ ਨਾਂਅ ਨਾਲ ਦਿਵਿਆ ਜਯੋਤੀ ਜਾਗਰਨ ਸੰਸਥਾਨ ਨਾਂਅ ਦੀ, ਪਖੰਡ ਦੀ ਹੱਟੀ ਸ਼ੁਰੂ ਕਰਨ ਵਾਲੇ ਦੰਭੀ ਦਾ ਅਸਲੀ ਨਾਂਅ ਮਹੇਸ਼ ਕੁਮਾਰ ਝਾਅ ਸੀ, ਇਹ ਜ਼ਾਤ ਦਾ ਬ੍ਰਾਹਮਣ ਸੀ ਅਤੇ ਬਿਹਾਰ ਸੂਬੇ ਦੇ ਦਰਬੰਗਾ ਜ਼ਿਲੇ ਵਿਚ, ਪਿੰਡ ਲਖਨੌਰ ਤਹਿਸੀਲ ਲਾਲਬਾਗ ਦਾ ਰਹਿਣ ਵਾਲਾ ਸੀ। ਉਂਝ ਇਸਦੇ ਕਈ ਨਾਮ ਅਤੇ ਕਈ ਭੇਖ ਸਨ।

ਸਭ ਤੋਂ ਪਹਿਲਾਂ ਇਸ ਨੇ ਪਖੰਡਵਾਦ ਦੀ ਸਿੱਖਿਆ ਮਾਨਵ ਕੇਂਦਰ ਦਿੱਲੀ ਤੋਂ ਲਈ, ਅਤੇ ਉਨ੍ਹਾਂ ਦਾ ਪ੍ਰਚਾਰਕ ਬਣ ਗਿਆ ਅਤੇ ਆਪਣਾ ਨਾਂ ਵੇਦ ਪ੍ਰਪੱਕਤਾ ਨੰਦ ਰੱਖ ਲਿਆ, ਜਿਸਦੀ ਪੁਸ਼ਟੀ ਇਸ ਦੇ ਪਾਸਪੋਰਟ ਤੋਂ ਹੁੰਦੀ ਹੈ। ਮਾਨਵ ਕੇਂਦਰ ਦਿੱਲੀ ਨੇ ਇਸ ਨੂੰ ਆਪਣੀ ਸੰਸਥਾ ਦੇ ਪ੍ਰਚਾਰ ਲਈ, ਪ੍ਰਚਾਰਕ ਦਾ ਸਰਟੀਫਿਕੇਟ ਦੇ ਕੇ, ਇੱਕ ਮਹੀਨੇ ਲਈ ਇੰਗਲੈਂਡ ਭੇਜਿਆ। ਜਦੋਂ ਇਹ ਇੱਕ ਮਹੀਨੇ ਬਾਅਦ ਵਾਪਿਸ ਨਾ ਆਇਆ ਤਾਂ ਮਾਨਵ ਕੇਂਦਰ ਵਾਲਿਆਂ ਨੇ ਆਪਣੀ ਇੰਗਲੈਂਡ ਸ਼ਾਖਾ ਤੋਂ ਇਸ ਦੀ ਰਿਪੋਰਟ ਮੰਗਵਾਈ, ਜਿਸ ਰਾਹੀਂ ਪਤਾ ਲੱਗਾ ਕਿ ਉਹ ਉਥੇ ਕਾਮ ਕ੍ਰੀੜਾ ਭਰਪੂਰ ਐਯਾਸ਼ੀਆਂ ਵਿੱਚ ਮਗਨ ਸੀ। ਚਾਰ ਮਹੀਨੇ ਬਾਅਦ ਵਾਪਿਸ ਆਉਣ ਤੇ, ਮਾਨਵ ਕੇਂਦਰ ਦਿੱਲੀ ਵਾਲਿਆਂ ਨੇ ਇਸ ਤੋਂ ਪ੍ਰਚਾਰਕ ਵਾਲਾ ਸਰਟੀਫਿਕੇਟ ਖੋਹ ਕੇ, ਇਸ ਨੂੰ ਕੇਂਦਰ ਵਿਚੋਂ ਕੱਢ ਦਿੱਤਾ। ੧੯੮੪ ਵਿੱਚ ਦਰਬਾਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਸਮੇਤ ੩੮ ਗੁਰਦੁਆਰਿਆਂ `ਤੇ ਫੌਜੀ ਹਮਲੇ ਤੋਂ ਬਾਅਦ ਸਿੱਖ ਜਜ਼ਬਾਤ ਬਹੁਤ ਭੜਕੇ ਹੋਏ ਸਨ ਅਤੇ ਜੂਝਾਰੂ ਸਿੱਖਾਂ ਦਾ ਸੰਘਰਸ਼ ਜ਼ੋਰ ਫੜਦਾ ਜਾ ਰਿਹਾ ਸੀ। ਇਸ ਦੇ ਅੰਦਰਲਾ ਸ਼ਰਾਰਤੀ ਸੰਪਰਦਾਈ ਬ੍ਰਾਹਮਣ ਭੁੜਕਣ ਲੱਗ ਪਿਆ ਅਤੇ ਇਸ ਨੇ ਪੰਜਾਬ ਅੰਦਰ ਐਸਾ ਦੰਭ ਚਲਾਉਣ ਦਾ ਮਨ ਬਣਾ ਲਿਆ ਜਿਸ ਨਾਲ ਇਹ ਕੁੱਝ ਭੋਲੇ ਭਾਲੇ ਸਿੱਖਾਂ ਨੂੰ ਆਪਣੇ ਆਕੀਦੇ ਵਿੱਚ ਕਮਜ਼ੋਰ ਕਰ ਕੇ, ਬ੍ਰਾਹਮਣਵਾਦ ਦੇ ਖਾਰੇ ਸਮੁੰਦਰ ਵਿੱਚ ਜਜ਼ਬ ਕਰ ਸਕੇ ਅਤੇ ਲੋੜ ਪੈਣ `ਤੇ ਉਨ੍ਹਾਂ ਨੂੰ ਸਿੱਖਾਂ ਵਿਰੁਧ ਹੀ ਭੜਕਾ ਕੇ ਭਰਾ ਮਾਰੂ ਜੰਗ ਕਰਵਾ ਸਕੇ ਤਾਂਕਿ ਸਿੱਖ ਆਪਸ ਵਿੱਚ ਹੀ ਲੜ ਕੇ ਮਰ ਜਾਣ। ਇਸ ਨੂੰ ਇਹ ਵੀ ਆਸ ਸੀ ਕਿ ਇਸ ਨਾਲ ਭਾਰਤ ਦੀ ਸਰਕਾਰ ਇਸ ਨੂੰ ਦੇਸ਼ ਭਗਤ ਸਮਝੇਗੀ ਅਤੇ ਇਸ ਨੂੰ ਸਰਕਾਰੀ ਮਦਦ ਵੀ ਮਿਲਦੀ ਰਹੇਗੀ।

੧੯੮੫ ਵਿੱਚ ਇਸ ਨੇ ਪਟਿਆਲੇ ਵਿੱਚ ਆਪਣਾ ਡੇਰਾ ਬਣਾਇਆ, ਪਰ ਬਹੁਤਾ ਕਾਮਯਾਬ ਨਾ ਹੋ ਸਕਿਆ। ੧੯੮੭ ਵਿੱਚ ਇਸਨੇ ਜਲੰਧਰ ਜ਼ਿਲੇ ਦੇ ਨੂਰਮਹਿਲ ਨਗਰ ਵਿਚ, ‘ਦਿਵਿਆ ਜਯੋਤੀ ਜਾਗਰਨ ਸੰਸਥਾਨ` ਦੇ ਫੱਟੇ ਹੇਠ ਡੇਰਾ ਸਥਾਪਤ ਕੀਤਾ ਅਤੇ ਆਪਣਾ ਨਾਂਅ ਆਸ਼ੂਤੋਸ਼ ਮਹਾਰਾਜ ਰੱਖ ਲਿਆ। ਤੱਦ ਤੋਂ ਇਹ ਇਥੇ ਦੇਹਧਾਰੀ ਗੁਰੂਡੰਮ੍ਹ ਦਾ ਵੱਡਾ ਜਾਲ ਫੈਲਾਈ ਬੈਠਾ ਸੀ। ਆਪਣੇ ਚੇਲਿਆਂ ਵਿੱਚ ਇਹ ਲਾਈਟਾਂ ਵਾਲਾ ਬਾਬਾ ਕਰਕੇ ਵੀ ਮਸ਼ਹੂਰ ਸੀ। ਇਹ ਕੱਟੜਵਾਦੀ ਹਿੰਦੂਤੱਵੀ ਸ਼ਕਤੀਆਂ ਦਾ ਵੱਡਾ ਏਜੈਂਟ ਸੀ ਅਤੇ ਧਾਰਮਿਕ ਏਕਤਾ ਦੇ ਨਾਂ ਹੇਠ, ਸਿੱਖਾਂ ਨੂੰ ਹਿੰਦੂ ਧਰਮ ਦਾ ਹੀ ਅੰਗ ਦਰਸਾਉਣ ਲਈ ਸਰਗਰਮ ਸੀ।

ਆਮ ਤੌਰ`ਤੇ ਸਿੱਖ ਕੌਮ ਦਾ ਇਸ ਨਾਲ ਕੋਈ ਸਬੰਧ ਜਾਂ ਟੱਕਰਾ ਨਹੀਂ ਹੋਣਾ ਚਾਹੀਦਾ ਸੀ, ਕਿਉਂਕਿ ਇਹ ਕੋਈ ਸਿੱਖ ਨਹੀਂ ਸੀ। ਲੇਕਿਨ ਇਸ ਟੱਕਰਾ ਦਾ ਮੁੱਖ ਕਾਰਨ ਇਹ ਬਣਿਆਂ ਕਿ ਇਸਨੇ ਆਪਣੇ ਪ੍ਰਚਾਰ ਦਾ ਸਾਧਨ ਹਿੰਦੂ ਗ੍ਰੰਥਾਂ ਦੇ ਨਾਲ ਗੁਰਬਾਣੀ ਨੂੰ ਵੀ ਬਣਾਇਆ। ਇਸ ਦੇ ਡੇਰਿਆਂ `ਤੇ ਗੁਰਬਾਣੀ ਦਾ ਕੀਰਤਨ ਅਤੇ ਵਿਆਖਿਆ ਵੀ ਹੁੰਦੀ ਸੀ। ਇਹ ਦਸਣ ਦੀ ਲੋੜ ਨਹੀਂ ਹੈ ਕਿ ਗੁਰਬਾਣੀ ਦੀ ਸਨਾਤਨੀ ਵਿਆਖਿਆ ਕਰ ਕੇ ਭੋਲੇ ਭਾਲੇ ਸਿੱਖਾਂ ਨੂੰ ਭਰਮਾਉਣ ਦਾ ਅਤੇ ਮੂਰਖ ਬਨਾਉਣ ਦਾ ਇਹ ਸਹਿਜ ਤਰੀਕਾ ਸੀ। ਅਸਲ ਵਿੱਚ ਇਸ ਦਾ ਇਹ ਸਾਰਾ ਦੰਭ ਹੀ ਸਿੱਖ ਕੌਮ ਨੂੰ ਵੱਧ ਤੋਂ ਵੱਧ ਸਿਧਾਂਤਕ ਅਤੇ ਨੈਤਿਕ ਖੋਰਾ ਲਾਉਣ ਵਾਸਤੇ ਸੀ।

ਇਸਦੇ ਪ੍ਰਚਾਰ ਦਾ ਢੰਗ ਇਤਨਾ ਖਤਰਨਾਕ ਅਤੇ ਕਮਾਲ ਦਾ ਸੀ ਕਿ ਇਸ ਦੇ ਕਾਬੂ ਆਏ ਸਿੱਖ ਹੀ ਸਿੱਖ ਧਰਮ ਵਿਰੁੱਧ ਲਾਮਬੰਦ ਹੋਏ, ਆਸ਼ੂਤੋਸ਼ ਦੇ ਹੱਕ ਵਿੱਚ ਹਰ ਕੁਰਬਾਨੀ ਕਰਨ ਦਾ ਐਲਾਨ ਕਰਦੇ ਫਿਰਦੇ ਸਨ। ਇਹ ਸਿੱਖਾਂ ਵਿੱਚ ਵਿਚਰਣ ਲਗਿਆਂ ਸਿਰ`ਤੇ ਪੱਗ ਰੱਖ ਲੈਂਦਾ ਸੀ, ਬਾਕੀ ਥਾਈਂ ਨੰਗੇ ਸਿਰ ਦਾਹੜੀ ਅਤੇ ਸਿਰ ਦੇ ਵਾਲ ਖੋਲ੍ਹ ਕੇ ਰੱਖਦਾ ਸੀ। ਇਸ ਨੇ ਪੈਸੇ ਦੀ ਤਾਕਤ ਨਾਲ ਸਿੱਖੀ ਭੇਖ ਵਾਲੇ ਕਈ ਰਾਗੀ ਅਤੇ ਪ੍ਰਚਾਰਕ ਖਰੀਦੇ ਹੋਏ ਸਨ, ਜੋ ਗੁਰਬਾਣੀ ਦੇ ਨਾਲ ਇਸ ਦੀ ਉਪਮਾ ਵਿਚ, ਇਸ ਵਲੋਂ ਤਿਆਰ ਕਰਾਈਆਂ ਕਵਿਤਾਵਾਂ ਰਲਾ ਕੇ ਕੀਰਤਨ ਅਤੇ ਵਿਚਾਰਾਂ ਅਜ ਵੀ ਕਰਦੇ ਹਨ। ਇਸ ਨਾਲ ਜਿੱਥੇ ਉਹ ਗੁਰਬਾਣੀ ਨਾਲ ਕੱਚੀ ਬਾਣੀ ਰਲਾਕੇ ਗੁਰਬਾਣੀ ਦਾ ਨਿਰਾਦਰ ਕਰਦੇ ਹਨ, ਉਥੇ ਇਹ ਪ੍ਰਚਾਰ ਕਰਦੇ ਹਨ ਕਿ ਪ੍ਰਮਾਤਮਾ ਆਪ ਆਸ਼ੂਤੋਸ਼ ਦੇ ਰੂਪ ਵਿੱਚ ਪ੍ਰਗਟ ਹੋ ਗਿਆ ਹੈ।

ਇਸ ਨੇ ਪੰਜਾਬੀਆਂ ਵਿਸ਼ੇਸ਼ ਤੌਰ `ਤੇ ਸਿੱਖਾਂ ਦੀ ਅਣਖ ਨਾਲ ਖਿਲਵਾੜ ਕਰਨ ਲਈ ਆਪਣੇ ਸੇਵਕਾਂ ਨੂੰ ਇਹ ਪ੍ਰੇਰਿਆ ਕਿ ਉਹ ਆਪਣੀ ਜਵਾਨ ਧੀਆਂ ਭਗਵਾਨ ਦੀ ਸੇਵਾ ਵਾਸਤੇ ਡੇਰੇ ਨੂੰ ਅਰਪਣ ਕਰਨ। ਕੁੱਝ ਨੌਜੁਆਨ ਸਿੱਖ ਲੜਕੀਆਂ ਨੂੰ ਇਹ ਆਪਣੇ ਏਜੰਟਾਂ ਰਾਹੀ ਵੀ ਭਰਮਾ ਲੈਂਦਾ ਸੀ ਅਤੇ ਫਿਰ ਐਸੇ ਅਮਲਾਂ ਵਿੱਚ ਉਲਝਾ ਦੇਂਦਾ ਸੀ ਕਿ ਫਿਰ ਉਹ ਇਸ ਦੇ ਡੇਰੇ ਜੋਗੀਆਂ ਹੀ ਰਹਿ ਜਾਣ। ਇਸ ਨੇ ਆਪਣੇ ਡੇਰਿਆਂ `ਤੇ ਹਜ਼ਾਰ ਤੋਂ ਵਧੇਰੇ ਨੌਜੁਆਨ ਲੜਕੀਆਂ ਰੱਖੀਆਂ ਹੋਈਆਂ ਸਨ, ਜੋ ਅੱਜ ਵੀ ਉਥੇ ਹੀ ਹਨ। ਕੁੱਝ ਤਾਂ ਇਸ ਦੇ ਪ੍ਰਚਾਰ ਅਤੇ ਪ੍ਰੇਰਨਾ ਨਾਲ ਇਸ ਦੇ ਮੂਰਖ ਚੇਲਿਆਂ ਨੇ ਭੇਡਾਂ ਬਕਰੀਆਂ ਸਮਝ ਕੇ, ਆਪਣੀਆਂ ਧੀਆਂ ਭੈਣਾਂ ਆਪ ਇਸ ਨੂੰ ਭੇਟ ਕੀਤੀਆਂ ਹਨ ਅਤੇ ਕੁੱਝ ਜੋ ਇਸ ਨੂੰ ਆਪਣੇ ਮਿਸ਼ਨ ਦੇ ਪ੍ਰਚਾਰ ਵਾਸਤੇ ਫਾਇਦੇ ਮੰਦ ਜਾਪਣ, ਉਨ੍ਹਾਂ ਨੂੰ ਹਰ ਕੀਮਤ `ਤੇ ਖਰੀਦ ਲੈਂਦਾ ਜਾਂ ਕਾਬੂ ਕਰ ਲੈਂਦਾ ਸੀ। ਇਸ ਵਿੱਚ ਇੱਕ ਹੋਰ ਵਿਸ਼ੇਸ਼ਤਾ ਸੀ ਕਿ ਇਹ ਚੰਗੀਆਂ ਪੜ੍ਹੀਆਂ ਲਿਖੀਆਂ ਲੜਕੀਆਂ ਨੂੰ ਕਾਬੂ ਕਰਦਾ ਸੀ, ਫਿਰ ਉਨ੍ਹਾਂ ਨੂੰ ਚੰਗੀ ਟਰੇਨਿੰਗ ਦੇ ਕੇ ਆਪਣੇ ਪ੍ਰਚਾਰ ਵਾਸਤੇ ਉਤਾਰਦਾ ਸੀ। ਇਨ੍ਹਾਂ ਦੇ ਹਰ ਡੇਰੇ `ਤੇ ਸੱਤ ਲੜਕੀਆਂ ਹੁੰਦੀਆਂ ਹਨ। ਜੁਆਨ ਲੜਕੀਆਂ ਦੀ ਕੁਦਰਤੀ ਖਿੱਚ, ਨਾਲ ਉਨ੍ਹਾਂ ਦਾ ਪੜ੍ਹੇ ਲਿਖੇ ਹੋਣ ਦਾ ਪ੍ਰਭਾਵ, ਇਨ੍ਹਾਂ ਦੇ ਦੰਭ ਨੂੰ ਛੇਤੀ ਫੈਲਾਉਣ ਵਿੱਚ ਵੱਡਾ ਸਹਾਈ ਹੁੰਦਾ ਹੈ। ਇਸ ਦੇ ਡੇਰੇ `ਤੇ ਜਾਣ ਤੋਂ ਬਾਅਦ ਸਿੱਖ ਲੜਕੀਆਂ ਦੇ ਨਾਂਅ ਨਾਲੋਂ ‘ਕੌਰ` ਬਦਲ ਕੇ ਉਸ ਦੀ ਬਜਾਏ ‘ਭਾਰਤੀ` ਲਾ ਦਿੱਤਾ ਜਾਂਦਾ, ਇੰਝ ਇਹ ਆਪਣੇ ਦੇਸ਼ ਭਗਤ ਹੋਣ ਦਾ ਵੀ ਵੱਡਾ ਦੰਭ ਭਰਦੇ ਹਨ। ਇਹ ਇਨ੍ਹਾਂ ਬੱਚੀਆਂ ਨੂੰ ਇੰਝ ਮਾਨਸਿਕ ਗੁਲਾਮ ਬਣਾ ਲੈਂਦਾ ਸੀ ਕਿ ਇਹ ਇਸ ਦੇ ਅਤੇ ਇਸ ਦੇ ਪਾਪ ਕਰਮਾਂ ਵਿਰੁਧ ਕਦੇ ਮੂੰਹ ਨਹੀਂ ਖੋਲ੍ਹਦੀਆਂ ਸਨ।

ਇਸ ਦੇ ਪਾਪ ਕਰਮ ਉਦੋਂ ਨੰਗੇ ਹੋਏ, ਜਦੋਂ ਇਸ ਦੇ ਇੱਕ ਡਰਾਈਵਰ ਪੂਰਨ ਸਿੰਘ ਨੇ ਇਸ ਨੂੰ ਦਿੱਲੀ ਦੇ ਰਾਜੌਰੀ ਗਾਰਡਨ ਇਲਾਕੇ ਵਿਚ, ਇੱਕ ਲੜਕੀ ਦੀ ਪੱਤ ਨਾਲ ਖੇਡਦੇ ਅਖੀਂ ਵੇਖ ਲਿਆ ਅਤੇ ਇਸ ਦੇ ਪਾਪ ਕਰਮਾਂ ਵਿਰੁਧ ਅਵਾਜ਼ ਬੁਲੰਦ ਕਰਨੀ ਸ਼ੁਰੂ ਕਰ ਦਿੱਤੀ। ਉਸ ਤੋਂ ਬਾਅਦ ਇਸ ਦੇ ਕਈ ਬੱਚੀਆਂ ਦੀ ਪੱਤ ਨਾਲ ਖੇਡਣ ਦੇ ਚਰਚੇ ਚੱਲੇ।

ਪੰਜਾਬ ਦੀ ਅਣਖ ਨੂੰ ਵੰਗਾਰਨ ਵਾਲਾ ਬਿਹਾਰੀਆ ਗੁਰੂ ਗ੍ਰੰਥ ਸਾਹਿਬ, ਅਕਾਲ ਤਖ਼ਤ ਸਾਹਿਬ, ਸਿੱਖ ਗੁਰੂ ਸਾਹਿਬਾਨ, ਸਿੱਖ ਰਹਿਤ ਮਰਿਯਾਦਾ, ਪੰਜ ਕਕਾਰਾਂ ਤੇ ਸਿੱਖ ਕਦਰਾਂ ਕੀਮਤਾਂ ਦਾ ਮਜ਼ਾਕ ਉਡਾਉਂਦਾ ਰਹਿੰਦਾ ਸੀ, ਤੇ ਸਿੱਖੀ ਤੋਂ ਉਪਰਾਮ ਕਰਕੇ ਭੋਲੇ-ਭਾਲੇ ਸਿੱਖਾਂ ਨੂੰ ਸਿੱਖੀ ਤੋਂ ਬਾਗੀ ਕਰੀ ਜਾ ਰਿਹਾ ਸੀ। ਗੁਰਬਾਣੀ ਦੇ ਅਰਥ ਆਪਣੀ ਮਰਜ਼ੀ ਨਾਲ ਕਰਨ ਦਾ ਦੋਸ਼ੀ ਇਹ ਵਿਅਕਤੀ ਦਸ਼ਮੇਸ਼ ਪਿਤਾ ਦਾ ਅਵਤਾਰ ਹੋਣ ਦਾ ਦਾਅਵਾ ਕਰਦਾ ਸੀ। ਇਸਦੇ ਚੇਲੇ ਜਿਨ੍ਹਾਂ ਵਿਚੋਂ ਬਹੁਤੇ ਰੋਡੇ ਹਨ, ਖੁਦ ਨੂੰ `ਸੱਚਾ ਖਾਲਸਾ` ਗਰਦਾਨਦੇ ਹਨ ਅਤੇ ਆਸ਼ੂਤੋਸ਼ ਦੇ ਪਖੰਡ ਵਿਰੁੱਧ ਅਵਾਜ਼ ਬੁਲੰਦ ਕਰਨ ਵਾਲਿਆਂ ਨੂੰ ਧਮਕੀਆਂ ਦਿੰਦੇ ਹਨ। ਅੱਜ ਇਸ ਦੇ ਪੂਰੀ ਦੁਨੀਆਂ ਵਿੱਚ ਫੈਲੇ ਸੈਂਕੜੇ ਡੇਰੇ ਹਨ।

ਸੰਨ ੨੦੦੨-੩ ਵਿੱਚ ਇਸਦੇ ਖਾਲਸਾ ਪੰਥ ਨਾਲ ਕਈ ਸਿੱਧੇ ਟਕਰਾ ਹੋਏ। ੩੧ ਜੁਲਾਈ ੨੦੦੨ ਨੂੰ ਇਸ ਦੇ ਗੁਰੂ ਪੂਜਾ ਦੇ ਪ੍ਰੋਗਰਾਮ ਨੂੰ ਰੋਕਣ ਗਏ ਸਿੱਖਾਂ `ਤੇ ਪੁਲੀਸ ਨੇ ਗੋਲੀ ਚਲਾ ਦਿੱਤੀ ਅਤੇ ਡਾਂਗਾਂ ਵਰ੍ਹਾਈਆਂ, ਜਿਸ ਨਾਲ ਦਰਜਨਾਂ ਸਿੱਖ ਜ਼ਖਮੀ ਹੋ ਗਏ। ਇਸ ਪ੍ਰੋਗਰਾਮ ਵਿੱਚ ਸ਼੍ਰੋਮਣੀ ਖਾਲਸਾ ਪੰਚਾਇਤ, ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਅਤੇ ਦਲ ਖਾਲਸਾ ਸ਼ਾਮਿਲ ਸਨ। ਪੁਲੀਸ ਨੇ ਸ਼੍ਰੋਮਣੀ ਖਾਲਸਾ ਪੰਚਾਇਤ ਦੇ ਮੁੱਖ ਸੇਵਾਦਾਰ ਭਾਈ ਰਾਜਿੰਦਰ ਸਿੰਘ (ਇਸ ਕਿਤਾਬ ਦੇ ਲੇਖਕ) ਅਤੇ ਸਿੱਖ ਸਟੂਡੈਟਸ ਫੈਡਰੇਸ਼ਨ (ਮਹਿਤਾ) ਦੇ ਗੁਰਬਚਨ ਸਿੰਘ ਗਰੇਵਾਲ ਸਮੇਤ ਇਨ੍ਹਾਂ ਜਥੇਬੰਦੀਆਂ ਦੇ ਪ੍ਰਮੁਖ ਆਗੂਆਂ ਖਿਲਾਫ ਕੇਸ ਬਣਾ ਕੇ ਹਵਾਲਾਤ ਵਿੱਚ ਬੰਦ ਕਰ ਦਿੱਤਾ। ੨੫ ਨਵੰਬਰ ੨੦੦੨ ਨੂੰ ਇਸ ਦੇ ਚੇਲਿਆਂ ਨੇ ਹੋਸ਼ਿਆਰਪੁਰ ਜ਼ਿਲੇ ਦੇ ਮਾਹਲਪੁਰ ਨੇੜੇ ਪਿੰਡ ਭਾਰਤਾ ਗਨੇਸ਼ਪੁਰ ਵਿੱਚ ਸ਼੍ਰੋਮਣੀ ਖਾਲਸਾ ਪੰਚਾਇਤ ਦੇ ਪੰਚ ਭਾਈ ਜਰਨੈਲ ਸਿੰਘ ਅਤੇ ਉਨ੍ਹਾਂ ਦੇ ਸਪੁੱਤਰਾਂ `ਤੇ ਹਮਲਾ ਕਰ ਦਿੱਤਾ। ਇਨ੍ਹਾਂ ਦੀਆਂ ਐਸੀਆਂ ਭੜਕਾਊ ਕਾਰਵਾਈਆਂ ਨਾਲ ਸੂਬੇ ਦਾ ਮਹੌਲ ਬਹੁਤ ਨਾਜ਼ੁਕ ਅਤੇ ਗਰਮ ਹੋ ਗਿਆ। 

ਇਸ ਦੀਆਂ ਕਾਰਵਾਈਆਂ ਨੂੰ ਸੂਬੇ ਲਈ ਖਤਰਨਾਕ ਸਮਝ ਕੇ ਕਾਂਗਰਸ ਦੀ ਅਮਰਿੰਦਰ ਸਿੰਘ ਸਰਕਾਰ ਨੇ ਇਸ ਦੀ ਸੰਸਥਾ ਦੀਆਂ ਗਤੀ ਵਿਧੀਆਂ `ਤੇ ਪਬੰਦੀ ਲਗਾ ਦਿੱਤੀ। ਕੁੱਝ ਸਮੇਂ ਲਈ ਇਹ ਪੰਜਾਬ ਛੱਡ ਕੇ ਨਸ ਵੀ ਗਿਆ, ਪਰ ਬਾਦਲ ਸਰਕਾਰ ਦੇ ਆਉਂਦਿਆਂ ਹੀ ਇਹ ਮੁੜ ਸ਼ੇਰ ਬਣ ਗਿਆ। ਪੰਜਾਬ ਦੇ ਅਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪਤਨੀ ਇਸ ਦੀ ਸ਼ਰਧਾਲੂ ਦੱਸੀ ਜਾਂਦੀ ਸੀ, ਉਸ ਨੇ ਆਪਣੇ ਇਲਾਕੇ ਵਿੱਚ ਨੂਰਮਹਿਲੀਏ ਦੇ ਕਈ ਡੇਰੇ ਬਨਵਾਉਣ ਵਿੱਚ ਮਦਦ ਕੀਤੀ। ਬਾਦਲ ਦਲ ਦੇ ਇੱਕ ਹੋਰ ਆਗੂ, ਗੁਰਦੇਵ ਸਿੰਘ ਬਾਦਲ ਦੀ ਧੀ ਕਰਨੈਲ ਕੌਰ ਅਤੇ ਜੁਆਈ ਸ਼ੀਤਲ ਸਿੰਘ ਜੋ ਆਪ ਵੀ ਇੱਕ ਸਰਗਰਮ ਅਕਾਲੀ ਆਗੂ ਹੈ, ਦੇ ਨੂਰਮਹਿਲੀਏ ਨਾਲ ਸਬੰਧ ਕਿਸੇ ਤੋਂ ਲੁਕੇ ਨਹੀਂ।

ਪੰਜ ਦਸੰਬਰ, ੨੦੦੯ ਨੂੰ ਜਦੋਂ ਇਸ ਨੇ ਲੁਧਿਆਣੇ ਵਿੱਚ ਫੇਰ, ਆਪਣੇ ਇੱਕ ਵੱਡੇ ਪ੍ਰੋਗਰਾਮ ਦੀ ਵਿਓਂਤ ਬਣਾਈ ਤਾਂ ਸਿੱਖਾਂ ਨੇ ਇਸ ਦਾ ਭਰਪੂਰ ਵਿਰੋਧ ਕੀਤਾ ਅਤੇ ਸਰਕਾਰ ਨੂੰ ਇਸ ਦੇ ਪ੍ਰੋਗਰਾਮ `ਤੇ ਪਾਬੰਦੀ ਲਾਉਣ ਦੀ ਮੰਗ ਕੀਤੀ, ਪਰ ਸਰਕਾਰ ਨੇ ਸਿੱਖਾਂ ਦੀ ਇੱਕ ਨਾ ਸੁਣੀ ਅਤੇ ਇਸ ਦੇ ਪ੍ਰੋਗਰਾਮ ਨੂੰ ਸਰਕਾਰੀ ਸੁਰੱਖਿਆ ਪ੍ਰਦਾਨ ਕੀਤੀ। ਸਿੱਖਾਂ ਦੇ ਸ਼ਾਂਤਮਈ ਵਿਖਾਵੇ `ਤੇ, ਪੁਲਿਸ ਵਲੋਂ ਚਲਾਈ ਗੋਲੀ ਨਾਲ ਇੱਕ ਸਿੰਘ ਸ਼ਹੀਦ ਹੋ ਗਿਆ, ਕਈ ਜ਼ਖਮੀਂ ਹੋਏ। ਸਿੱਖ ਕੌਮ ਵਿੱਚ ਇੱਕ ਵੇਰਾਂ ਫੇਰ ਰੋਸ ਅਤੇ ਜੋਸ਼ ਜਾਗਿਆ, ਪਰ ਕੋਈ ਸੁਚੱਜੀ ਅਗਵਾਈ ਨਾ ਹੋਣ ਕਾਰਨ ਇਹ ਵਿਚੇ ਹੀ ਖ਼ਤਮ ਹੋ ਗਿਆ। ਇਹ ਆਸ਼ੂਤੋਸ਼ ਆਪਣੇ ਜੀਵਨ ਕਾਲ ਵਿੱਚ ਖ਼ਾਲਸੇ ਨੂੰ ਪਾਕਿਸਤਾਨ ਦਾ ਏਜੰਟ ਦੱਸਦਾ ਰਿਹਾ ਅਤੇ ਇਸ ਦੇ ਚੇਲੇ ਵੀ ਇਹੀ ਰਾਗ ਅਲਾਪਦੇ ਹਨ।

੨੯ ਜਨਵਰੀ ੨੦੧੪ ਨੂੰ ਇਸ ਦੀ ਮੌਤ ਹੋ ਗਈ ਪਰ ਇਸ ਦੇ ਚੇਲੇ ਇਹ ਦਾਅਵਾ ਕਰਦੇ ਹਨ ਕਿ ਉਹ ਮਰਿਆ ਨਹੀਂ, ਸਮਾਧੀ ਵਿੱਚ ਚਲਾ ਗਿਆ ਹੈ। ਉਸ ਦੀ ਦੇਹ ਇੱਕ ਰੈਫਰਜਿਰੇਟਰ ਵਿੱਚ ਰਖੀ ਹੋਈ ਹੈ। ਇਹ ਪੁੱਛਣ`ਤੇ ਕਿ ਜੇ ਉਹ ਸਮਾਧੀ ਵਿੱਚ ਹੈ ਤਾਂ ਫਿਰ ਉਸ ਦੀ ਦੇਹ ਰੈਫਰਜਿਰੇਟਰ ਵਿੱਚ ਰਖਣ ਦੀ ਲੋੜ ਕਿਉਂ ਪਈ, ਉਹ ਜੁਆਬ ਦੇਂਦੇ ਹਨ ਕਿ ਉਨ੍ਹਾਂ ਨੂੰ ਸਮਾਧੀ ਵਾਸਤੇ ਹਿਮਾਲਿਆ ਪਹਾੜ ਵਰਗਾ ਮਾਹੌਲ ਦਿੱਤਾ ਗਿਆ ਹੈ। ਕੋਈ ਪੁੱਛੇ ਮੂਰਖੋ ਜੇ ਉਸ ਨੂੰ ਸਮਾਧੀ ਵਾਸਤੇ ਹਿਮਾਲਿਆ ਪਹਾੜ ਵਾਲਾ ਮਾਹੌਲ ਹੀ ਚਾਹੀਦਾ ਸੀ ਤਾਂ ਉਹ ਸਮਾਧੀ ਵਾਸਤੇ ਹਿਮਾਲਿਆ `ਤੇ ਹੀ ਕਿਉਂ ਨਹੀਂ ਚਲਾ ਗਿਆ, ਬਕਸੇ ਵਿੱਚ ਬੰਦ ਹੋਣ ਦੀ ਕੀ ਲੋੜ ਸੀ? ਮੈਨੂੰ ਤਾਂ ਇੰਝ ਜਾਪਦਾ ਹੈ ਕਿ ਇਸ ਗੁਰੂ ਦੋਖੀ ਨੂੰ ਮਰਨ ਤੋਂ ਬਾਅਦ ਵੀ ਇਸ ਦੇ ਕਰਮਾਂ ਦੀ ਸਜ਼ਾ ਮਿਲ ਰਹੀ ਹੈ ਅਤੇ ਤਿੰਨ ਸਾਲਾਂ ਤੋਂ ਵਧੇਰੇ ਸਮੇਂ ਤੋਂ ਇਸ ਦੀ ਲਾਸ਼ ਰੁਲ ਰਹੀ ਹੈ। ਅੱਜ ਕੱਲ ਇਸ ਦੇ ਚੇਲੇ ਆਪਣੇ ਡੇਰਿਆਂ ਤੋਂ ਇਲਾਵਾ, ਕੁੱਝ ਕੱਟੜਵਾਦੀ ਹਿੰਦੂਤਵੀ ਤਾਕਤਾਂ ਦੇ ਸਹਾਰੇ, ਰਾਮ ਕਥਾ ਦੇ ਨਾਂਅ `ਤੇ ਮੰਦਰਾਂ ਆਦਿ ਵਿੱਚ ਆਪਣਾ ਪਖੰਡ ਪ੍ਰਚਾਰ ਚਲਾਉਂਦੇ ਹਨ, ਪਰ ਉਹ ਅਜੇ ਵੀ ਸਿੱਖ ਕੌਮ `ਤੇ ਸਿਧਾਂਤਕ ਹਮਲੇ ਕਰਨ ਅਤੇ ਕੌਮ ਵਿਰੁਧ ਜ਼ਹਿਰ ਉਗਲਣ ਦਾ ਕੋਈ ਮੌਕਾ ਹੱਥੋਂ ਨਹੀਂ ਜਾਣ ਦੇਂਦੇ। ਸਿੱਖ ਕੌਮ ਲਈ ਇਹ ਕਿੱਡੀ ਮੰਦਭਾਗੀ ਘੜੀ ਹੈ ਕਿ ਪੰਜਾਬ ਵਿੱਚ ਹੀ ਸਿੱਖਾਂ ਨੂੰ ਅਜਿਹੇ ਪੰਥ-ਦੋਖੀਆਂ ਵੱਲੋਂ ਸਿਧਾਂਤਕ ਅਤੇ ਹਥਿਆਰਬੰਦ ਚੁਣੌਤੀ ਦਿੱਤੀ ਜਾ ਰਹੀ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top