Share on Facebook

Main News Page

ਖ਼ਾਲਸਾ ਪੰਥ ਬਨਾਮ ਡੇਰਾਵਾਦ
ਮੌਜੂਦਾ ਦੌਰ ਦਾ ਸੰਤਵਾਦ
- ਨਾਨਕਸਰ ਠਾਠ (ਕਲੇਰਾਂ) (ਭਾਗ ਬੱਤੀਵਾਂ)
-:
ਸ. ਰਾਜਿੰਦਰ ਸਿੰਘ
ਮੁੱਖ ਸੇਵਾਦਾਰ, ਸ਼੍ਰੋਮਣੀ ਖਾਲਸਾ ਪੰਚਾਇਤ rajindersinghskp@yahoo.co.in

👉 ਲੜੀ ਜੋੜਨ ਲਈ ਪਿਛਲੇ ਭਾਗ ਪੜ੍ਹੋ

ਨਾਨਕਸਰ ਠਾਠ (ਕਲੇਰਾਂ) (ਭਾਗ -੧)

ਇਸ ਸੰਪਰਦਾ ਦੀ ਸ਼ੁਰੂਆਤ ਨੰਦ ਸਿੰਘ ਨਾਂ ਦੇ ਵਿਅਕਤੀ ਵਲੋਂ ਕੀਤੀ ਗਈ ਅਤੇ ਇਹ ਡੇਰਾ ਇਸ ਦੇ ਚੇਲੇ ਈਸ਼ਰ ਸਿੰਘ ਨੇ ਸਥਾਪਤ ਕੀਤਾ। ਨੰਦ ਸਿੰਘ ਦਾ ਜਨਮ ਜਗਰਾਓਂ ਦੇ ਨੇੜੇ ਸ਼ੇਰਪੁਰ ਕਲਾਂ ਪਿੰਡ ਵਿੱਚ ਜੈ ਸਿੰਘ ਦੇ ਘਰ ੧੮੬੮ ਤੋਂ ੧੮੭੨ ਈ. ਵਿੱਚ ਕਿਸੇ ਸਮੇਂ (ਇਸ ਬਾਰੇ ਹਰ ਕਿਤਾਬ ਅਤੇ ਇਨਟਰਨੈਟ ਦੀ ਹਰ ਵੈਬਸਾਈਟ `ਤੇ ਅਲੱਗ ਅਲੱਗ ਸਾਲ ਹੀ ਲਿਖੇ ਮਿਲਦੇ ਹਨ) ਹੋਇਆ ਦਸਿਆ ਜਾਂਦਾ ਹੈ, ਜੋ ਪੇਸ਼ੇ ਵਜੋਂ ਤਰਖਾਣ ਦਾ ਕੰਮ ਕਰਦੇ ਸਨ।

ਇਹ ਵੀ ਇੱਕ ਨਿਰਮਲੇ ਸਾਧ ਹਰਨਾਮ ਸਿੰਘ ਦਾ ਚੇਲਾ ਸੀ। ਇਹ ਹਰਨਾਮ ਸਿੰਘ ਹੋਰ ਨਿਰਮਲੇ ਸਾਧਾਂ ਦੀ ਤਰ੍ਹਾਂ ਹੀ ਸੰਸਕ੍ਰਿਤ, ਅਰਬੀ, ਫਾਰਸੀ ਆਦਿ ਭਾਸ਼ਾਵਾਂ ਦਾ ਵਿਦਵਾਨ ਸੀ ਅਤੇ ਇਸ ਨੇ ਹਿੰਦੂ ਧਰਮ ਦੇ ਕਈ ਵੇਦ-ਸ਼ਾਸਤਰਾਂ ਦੇ ਨਾਲ ਹੋਰ ਕਈ ਧਰਮਾਂ ਦੇ ਧਰਮ ਗ੍ਰੰਥ ਵੀ ਪੜ੍ਹੇ ਸਨ, ਜਿਨ੍ਹਾਂ ਵਿਚੋਂ ਕਈ ਇਸ ਨੂੰ ਜ਼ੁਬਾਨੀ ਯਾਦ ਸਨ। ਕਿਹਾ ਜਾਂਦਾ ਹੈ ਕਿ ਇਸ ਨੇ ਵੱਡੇ ਵੱਡੇ ਤੱਪ ਸਾਧ ਕੇ ਸਭ ਰਿੱਧੀਆਂ ਸਿੱਧੀਆਂ ਅਤੇ ਗ਼ੈਬੀ ਤਾਕਤਾਂ ਵੱਸ ਵਿੱਚ ਕੀਤੀਆਂ ਹੋਈਆਂ ਸਨ, ਅਤੇ ਬ੍ਰਹਮਾ, ਵਿਸ਼ਨੂੰ, ਸ਼ਿਵਜੀ ਅਤੇ ਨਾਰਦ ਆਦਿ ਦੇਵਤੇ ਅਕਸਰ ਇਸਨੂੰ ਮਿਲਣ ਆਉਂਦੇ ਰਹਿੰਦੇ ਸਨ। ਭਾਵੇਂ ਕਿਹਾ ਜਾਂਦਾ ਹੈ ਕਿ ਇਸਨੂੰ ਗੁਰਬਾਣੀ ਦਾ ਵੀ ਬਹੁਤ ਗਿਆਨ ਸੀ, ਪਰ ਉਪਰੋਕਤ ਸਾਰੀਆਂ ਗੱਲਾਂ ਤੋਂ ਸਹਜ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਸ ਦੇ ਜੀਵਨ ਦਾ ਗੁਰਮਤਿ ਨਾਲ ਨੇੜੇ ਤੇੜੇ ਦਾ ਸਬੰਧ ਨਹੀਂ ਸੀ, ਕਿਉਂਕਿ ਗੁਰਮਤਿ ਵਿੱਚ ਤਾਂ ਇਨ੍ਹਾਂ ਰਿੱਧੀਆਂ ਸਿੱਧੀਆਂ ਦਾ ਕੋਈ ਸਥਾਨ ਹੀ ਨਹੀਂ। ਸਤਿਗੁਰੂ ਨਾਨਕ ਪਾਤਿਸ਼ਾਹ ਨੇ ਤਾਂ ਜਪੁ ਬਾਣੀ ਵਿੱਚ ਹੀ ਜੋਗੀਆਂ ਦੀ ਰਿੱਧੀਆਂ ਸਿੱਧੀਆਂ ਦੀ ਵਿਚਾਧਾਰਾ ਨੂੰ ਰੱਦ ਕਰਦਿਆਂ ਸਪਸ਼ਟ ਕਰ ਦਿੱਤਾ:

ਆਪਿ ਨਾਥੁ ਨਾਥੀ ਸਭ ਜਾ ਕੀ ਰਿਧਿ ਸਿਧਿ ਅਵਰਾ ਸਾਦ।।  (ਜਪੁ, ਪੰਨਾ ੬)

ਤੇਰਾ ਨਾਥ ਆਪ ਅਕਾਲ ਪੁਰਖ ਹੋਵੇ, ਜਿਸ ਦੇ ਵੱਸ ਵਿੱਚ ਸਾਰੀ ਸ੍ਰਿਸ਼ਟੀ ਹੈ, (ਤਾਂ ਕੂੜ ਦੀ ਕੰਧ ਤੇਰੇ ਅੰਦਰੋਂ ਟੁੱਟ ਕੇ ਪਰਮਾਤਮਾ ਨਾਲੋਂ ਤੇਰੀ ਵਿੱਥ ਮਿਟ ਸਕਦੀ ਹੈ। ਜੋਗ ਸਾਧਨਾਂ ਦੀ ਰਾਹੀਂ ਪ੍ਰਾਪਤ ਹੋਈਆਂ ਰਿੱਧੀਆਂ ਵਿਅਰਥ ਹਨ, ਇਹ) ਰਿੱਧੀਆਂ ਤੇ ਸਿੱਧੀਆਂ (ਤਾਂ) ਕਿਸੇ ਹੋਰ ਪਾਸੇ ਖੜਨ ਵਾਲੇ ਸੁਆਦ ਹਨ।

ਗੁਰਬਾਣੀ ਵਿੱਚ ਹੋਰ ਵੀ ਬਹੁਤ ਪ੍ਰਮਾਣ ਹਨ, ਜੋ ਰਿੱਧੀਆਂ ਸਿੱਧੀਆਂ ਨੂੰ ਵੀ ਮੋਹ ਮਾਇਆ ਦਾ ਪਸਾਰਾ, ਮਨ ਦੇ ਭਟਕਣ ਦਾ ਅਤੇ ਵਾਹਿਗੁਰੂ ਨਾਲੋਂ ਟੁੱਟਣ ਦਾ ਕਾਰਨ ਦਸਦੇ ਹਨ:

ਰਿਧਿ ਸਿਧਿ ਸਭੁ ਮੋਹੁ ਹੈ ਨਾਮੁ ਨ ਵਸੈ ਮਨਿ ਆਇ।।  {ਸਲੋਕੁ ਮਃ ੩, ਪੰਨਾ ੫੯੩}

ਰਿੱਧੀਆਂ ਤੇ ਸਿੱਧੀਆਂ (ਭੀ) ਨਿਰੋਲ ਮੋਹ (ਰੂਪ) ਹਨ, (ਇਹਨਾਂ ਨਾਲ) ਹਰੀ ਦਾ ਨਾਮ ਹਿਰਦੇ ਵਿੱਚ ਨਹੀਂ ਵੱਸ ਸਕਦਾ।

ਆਸਣ ਸਿਧ ਸਿਖਹਿ ਬਹੁਤੇਰੇ ਮਨਿ ਮਾਗਹਿ ਰਿਧਿ ਸਿਧਿ ਚੇਟਕ ਚੇਟਕਈਆ।।

ਤ੍ਰਿਪਤਿ ਸੰਤੋਖੁ ਮਨਿ ਸਾਂਤਿ ਨ ਆਵੈ ਮਿਲਿ ਸਾਧੂ ਤ੍ਰਿਪਤਿ ਹਰਿ ਨਾਮਿ ਸਿਧਿ ਪਈਆ।।  {ਬਿਲਾਵਲੁ ਮਹਲਾ ੪, ਪੰਨਾ ੮੩੫}

ਹੇ ਭਾਈ! (ਜੋਗ-ਸਾਧਨਾਂ ਵਿਚ) ਪੁੱਗੇ ਹੋਏ ਜੋਗੀ ਅਨੇਕਾਂ ਆਸਣ ਸਿੱਖਦੇ ਹਨ {ਸ਼ੀਰਸ਼-ਆਸਣ, ਪਦਮ-ਆਸਣ ਆਦਿਕ}, ਪਰ ਉਹ ਭੀ ਆਪਣੇ ਮਨ ਵਿੱਚ ਕਰਾਮਾਤੀ ਤਾਕਤਾਂ ਤੇ ਨਾਟਕ-ਚੇਟਕ ਹੀ ਮੰਗਦੇ ਰਹਿੰਦੇ ਹਨ (ਜਿਨ੍ਹਾਂ ਨਾਲ ਉਹ ਆਮ ਜਨਤਾ ਉਤੇ ਆਪਣਾ ਪ੍ਰਭਾਵ ਪਾ ਸਕਣ)। (ਉਹਨਾਂ ਦੇ) ਮਨ ਵਿੱਚ ਮਾਇਆ ਵਲੋਂ ਤ੍ਰਿਪਤੀ ਨਹੀਂ ਹੁੰਦੀ, ਉਹਨਾਂ ਨੂੰ ਸੰਤੋਖ ਨਹੀਂ ਪ੍ਰਾਪਤ ਹੁੰਦਾ, ਮਨ ਵਿੱਚ ਸ਼ਾਂਤੀ ਨਹੀਂ ਆਉਂਦੀ। ਹਾਂ, ਗੁਰੂ ਨੂੰ ਮਿਲ ਕੇ ਪਰਮਾਤਮਾ ਦੇ ਨਾਮ ਦੀ ਰਾਹੀਂ ਮਨੁੱਖ ਤ੍ਰਿਪਤੀ ਹਾਸਲ ਕਰ ਲੈਂਦਾ ਹੈ, ਆਤਮਕ ਜੀਵਨ ਦੀ ਸਫਲਤਾ ਪ੍ਰਾਪਤ ਕਰ ਲੈਂਦਾ ਹੈ।

ਇਸ ਤੋਂ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਸ ਰਿੱਧੀਆਂ ਸਿੱਧੀਆਂ ਵਾਲੇ ਸਾਧ ਦੇ ਚੇਲੇ, ਨੰਦ ਸਿੰਘ ਦਾ ਜੀਵਨ ਕਿਤਨਾ ਕੁ ਗੁਰਮਤਿ ਅਨੁਸਾਰੀ ਹੋਵੇਗਾ? ਇਹ ਇੱਕ ਆਮ ਜਿਹੀ ਗੱਲ ਹੈ ਕਿ ਜਦੋਂ ਕੋਈ ਦੁਨਿਆਵੀ ਪੜ੍ਹਾਈ ਵਿੱਚ ਨਾਲਾਇਕ ਨਿਕਲੇ ਅਤੇ ਘਰ ਗ੍ਰਿਹਸਤੀ ਦੀਆਂ ਜ਼ਿੰਮੇਵਾਰੀਆਂ ਤੋਂ ਵੀ ਭੱਜ ਜਾਵੇ, ਤਾਂ ਅਕਸਰ ਆਖ ਦਿੱਤਾ ਜਾਂਦਾ ਹੈ ਕਿ ਇਸ ਦੀ ਬਚਪਨ ਤੋਂ ਧਾਰਮਿਕ ਪ੍ਰਵਿਰਤੀ ਸੀ, ਇਸ ਵਾਸਤੇ ਇਸ ਦਾ ਸੰਸਾਰਕ ਕਾਰਜਾਂ ਵਿੱਚ ਮਨ ਨਹੀਂ ਲੱਗਾ। (ਜਿਵੇਂ ਧਰਮ ਨਾਲਾਇਕੀ ਦਾ ਹੀ ਨਾਂ ਹੋਵੇ!) ਨੰਦ ਸਿੰਘ ਨੂੰ ਵੀ ਪੰਜ ਸਾਲ ਦੀ ਉਮਰ ਹੋਣ `ਤੇ ਮਾਤਾ ਪਿਤਾ ਨੇ ਬੜੇ ਚਾਅ ਨਾਲ ਪੜ੍ਹਨ ਪਾ ਦਿੱਤਾ ਪਰ ਇਸ ਦਾ ਪੜ੍ਹਾਈ ਵਿੱਚ ਬਿਲਕੁਲ ਧਿਆਨ ਨਹੀਂ ਲੱਗਾ। ਮਜ਼ਬੂਰੀ ਵਿੱਚ ਪਿਤਾ ਨੇ ਆਪਣੇ ਘਰ ਦੇ ਤਰਖਾਣੀ ਕੰਮ ਵਿੱਚ ਨਾਲ ਲਾ ਲਿਆ, ਪਰ ੧੮-੨੦ ਸਾਲ ਦੀ ਉਮਰ ਵਿੱਚ ਇਹ ਘਰ-ਬਾਰ ਛੱਡ ਕੇ ਹਜ਼ੂਰ ਸਾਹਿਬ ਚਲਾ ਗਿਆ। ਕਿਹਾ ਜਾਂਦਾ ਹੈ ਕਿ ਉਥੇ ਰੋਜ਼ ਰਾਤ ਸਵਾ ਬਾਰ੍ਹਾਂ ਵਜੇ ਗੁਰਦੁਆਰੇ ਦੇ ਇਸ਼ਨਾਨ ਲਈ ਗੋਦਾਵਰੀ ਨਦੀ ਤੋਂ ਪਾਣੀ ਦੀ ਗਾਗਰ ਭਰ ਕੇ ਲਿਆਉਣ ਦੀ (ਅਖੌਤੀ ਬੜੀ ਵੱਡੀ) ਸੇਵਾ ਕਰਦਾ ਰਿਹਾ। ਇਹ ਸੇਵਾ ਕਰਦਿਆਂ ਹੀ ਇਸ ਨੂੰ ਗੁਰੂ ਨਾਨਕ ਸਾਹਿਬ, ਗੁਰੂ ਹਰਕਿਸ਼ਨ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨ ਹੋਏ (ਪਤਾ ਨਹੀਂ, ਬਾਕੀ ਗੁਰੂ ਸਾਹਿਬਾਨ ਕੋਲੋਂ ਕੀ ਭੁੱਲ ਹੋ ਗਈ ਸੀ?)। ਉਥੋਂ ਆਕੇ ਇਸ ਨੇ ਨਿਰਮਲੇ ਸਾਧ ਹਰਨਾਮ ਸਿੰਘ ਨੂੰ ਗੁਰੂ ਧਾਰਿਆ। ਹੈਰਾਨਗੀ ਦੀ ਗੱਲ ਹੈ ਕਿ ਜਦ ਇਤਨੇ ਸਤਿਗੁਰਾਂ ਦੇ ਦਰਸ਼ਨ ਪਹਿਲਾਂ ਹੀ ਹੋ ਗਏ ਸਨ ਤਾਂ ਫੇਰ ਹੋਰ ਗੁਰੂ ਧਾਰਨ ਦੀ ਲੋੜ ਕਿਥੋਂ ਪੈ ਗਈ? ਅਤੇ ਜੇ ਗੁਰੂ ਧਾਰਨਾ ਹੀ ਸੀ ਤਾਂ ਜਿਨ੍ਹਾਂ ਗੁਰੂ ਸਾਹਿਬਾਨ ਦੇ ਦਰਸ਼ਨ ਹੋਏ ਸਨ, ਉਨ੍ਹਾਂ ਦੀ ਆਤਮਕ ਜੋਤਿ, ਗੁਰੂ ਗ੍ਰੰਥ ਸਾਹਿਬ ਨੂੰ ਕਿਉਂ ਨਹੀਂ ਧਾਰਿਆ?

ਕਿੱਡਾ ਸੌਖਾ ਤਰੀਕਾ ਹੈ ਸਿੱਖ ਕੌਮ ਵਿੱਚ ਧਰਮ ਦਾ ਠੇਕੇਦਾਰ ਬਣਨ ਦਾ, ਅਤੇ ਹੈ ਵੀ ਪੂਰਾ ਕਾਰਗਰ ! ਬਸ ਦੁਨੀਆਂ ਵਿੱਚ ਇਹ ਪ੍ਰਚਲਤ ਕਰ ਦਿਉ ਕਿ ਤੁਹਾਨੂੰ ਗੁਰੂ ਨਾਨਕ ਪਾਤਿਸ਼ਾਹ ਦੇ, ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦੇ ਜਾਂ ਕਿਸੇ ਹੋਰ ਸਤਿਗੁਰੂ ਪਾਤਿਸ਼ਾਹ ਦੇ ਦਰਸ਼ਨ ਹੋਏ ਹਨ, ਨਾਲ ਥੋੜ੍ਹਾ ਜਿਹਾ ਧਾਰਮਿਕ ਵਿਖਾਵੇ ਦਾ ਪਖੰਡ ਕਰਨਾ ਆਉਂਦਾ ਹੋਵੇ, ਬਸ ਦਿਨਾਂ ਵਿੱਚ ਤੁਸੀਂ ਸੰਤ ਮਹਾਰਾਜ, ਪੂਰਨ ਬ੍ਰਹਮਗਿਆਨੀ, ਮਹਾਪੁਰਖ ਬਣ ਗਏ, ਫੇਰ ਵੱਡਮੁੱਲੇ ਸਤਿਕਾਰ ਤੋਂ ਇਲਾਵਾ, ਦੁਨੀਆਂ ਭਰ ਦੇ ਸੁੱਖ, ਐਸ਼ੋ-ਅਰਾਮ ਤੁਹਾਡੇ ਪੈਰਾਂ ਵਿੱਚ ਰੁਲਣਗੇ। ਗੱਲ ਸਾਰੀ ਇਤਨੀ ਹੈ ਕਿ ਤੁਹਾਨੂੰ ਕਿਤਨਾ ਪਖੰਡ ਕਰਨਾ ਅਤੇ ਲੋਕਾਂ ਨੂੰ ਮੂਰਖ ਬਨਾਉਣਾ ਆਉਂਦਾ ਹੈ? ਇਹ ਤਰੀਕਾ ਲੰਬੇ ਸਮੇਂ ਤੋਂ ਕਾਮਯਾਬ ਚਲਿਆ ਆਉਂਦਾ ਹੈ ਅਤੇ ਅੱਜ ਵੀ ਕਈ ਪਖੰਡੀ ਇਸ ਦੀ ਵਧੀਆ ਵਰਤੋਂ ਕਰਕੇ ਆਪਣੀਆਂ ਹੱਟੀਆਂ ਖ਼ੂਬ ਚਲਾ ਰਹੇ ਹਨ। ਇਹ ਤਰੀਕਾ ਵੀ ਬਿਪਰਵਾਦੀ ਵਿਵਸਥਾ ਤੋਂ ਹੀ ਸਿੱਖ ਕੌਮ ਵਿੱਚ ਘੁਸੜਿਆ ਹੈ। ਉਥੇ ਵੀ ਕਿਸੇ ਬ੍ਰਾਹਮਣ ਨੂੰ ਸ਼ਿਵਜੀ ਸੁਫਨੇ ਵਿੱਚ ਆਕੇ ਕਹਿੰਦੇ ਸਨ ਕਿ ਮੇਰੇ ਨਾਂ ਦਾ ਆਰਾ ਕਾਸ਼ੀ ਵਿੱਚ ਲੁਆ ਦੇ। ਜੋ ਕੋਈ ਆਪਣਾ ਸਭ ਧਨ ਦੌਲਤ ਬ੍ਰਾਹਮਣ ਨੂੰ ਦਾਨ ਕਰ ਕੇ ਉਸ ਆਰੇ `ਤੇ ਆਪਣਾ ਸਰੀਰ ਚਿਰਾ ਲਵੇਗਾ, ਉਹ ਸਿੱਧਾ ਸਵਰਗਾਂ ਨੂੰ ਜਾਵੇਗਾ ਤਾਂ ਸ਼ਿਵ ਜੀ ਦਾ ਆਰਾ (ਕਰਤਵ) ਸਥਾਪਤ ਹੋ ਕੇ ਉਥੇ ਤਨ ਚਿਰਾਉਣ ਵਾਲਿਆਂ ਦੀਆਂ ਲਾਈਨਾਂ ਲੱਗ ਜਾਂਦੀਆਂ ਹਨ। ਇਸੇ ਤਰ੍ਹਾਂ ਕਿਸੇ ਬ੍ਰਾਹਮਣ ਨੂੰ ਬ੍ਰਹਮਾ ਸੁਫਨੇ ਵਿੱਚ ਆਕੇ ਕਹਿੰਦਾ ਹੈ ਕਿ ਜੋ ਤੇਰੇ ਦਰਸ਼ਨ ਕਰੇਗਾ, ਉਸ ਵਾਸਤੇ ਇਤਨੇ ਸਾਲਾਂ ਲਈ ਸਵਰਗਾਂ ਵਿੱਚ ਸੀਟ ਰਿਜ਼ਰਵ ਹੋ ਜਾਵੇਗੀ ਤਾਂ ਉਸ ਦੇ ਘਰ ਅੱਗੇ ਦਰਸ਼ਨ ਕਰਨ ਵਾਲਿਆਂ ਦੀਆਂ ਲਾਈਨਾਂ ਲੱਗ ਜਾਂਦੀਆਂ ਹਨ।

ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਨੇ ਤਾਂ ਆਪਣੇ ਅਕਾਲ ਪਇਆਣਾ ਕਰਨ ਤੋਂ ਪਹਿਲੇ ਸਿੱਖਾਂ ਨੂੰ ਆਦੇਸ਼ ਦੇ ਦਿੱਤਾ ਸੀ ਕਿ ਅੱਜ ਤੋਂ ਤੁਹਾਡੇ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਹਨ, ਜੋ ਆਦੇਸ਼ ਅਸੀਂ ਰੋਜ਼, ਗਿਆਨੀ ਗਿਆਨ ਸਿੰਘ ਜੀ ਦੇ ਸ਼ਬਦਾਂ ਵਿੱਚ ਦ੍ਰਿੜ ਕਰਦੇ ਹਾਂ: ਆਗਿਆ ਭਈ ਅਕਾਲ ਕੀ ਤਭੈ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ`। ਇਸ ਗੁਰਬਾਣੀ ਗੁਰੂ ਦੇ ਦਰਸ਼ਨ ਕਰਨ ਦੀ ਜਾਚ ਵੀ ਸਤਿਗੁਰੂ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਆਪ ਦ੍ਰਿੜ ਕਰਾ ਦਿੱਤੀ ਹੈ:

ਗੁਰ ਕੀ ਮੂਰਤਿ ਮਨ ਮਹਿ ਧਿਆਨੁ।।  {ਗੋਂਡ ਮਹਲਾ ੫, ਪੰਨਾ ੮੬੪}

(ਹੇ ਭਾਈ! ਗੁਰੂ ਦਾ ਸ਼ਬਦ ਹੀ ਗੁਰੂ ਦੀ ਮੂਰਤੀ ਹੈ) ਗੁਰੂ ਦੀ (ਇਸ) ਮੂਰਤੀ ਦਾ (ਮੇਰੇ) ਮਨ ਵਿੱਚ ਧਿਆਨ ਟਿਕਿਆ ਰਹਿੰਦਾ ਹੈ।

ਗੁਰ ਕੈ ਸਬਦਿ ਬਣਾਵਹੁ ਇਹੁ ਮਨੁ।। ਗੁਰ ਕਾ ਦਰਸਨੁ ਸੰਚਹੁ ਹਰਿ ਧਨੁ।।  {ਆਸਾ ਮਹਲਾ ੫, ਪੰਨਾ ੩੭੭}

(ਹੇ ਭਾਈ!) ਗੁਰੂ ਦੇ ਸ਼ਬਦ ਵਿੱਚ ਜੁੜ ਕੇ (ਆਪਣੇ) ਇਸ ਮਨ ਨੂੰ ਨਵੇਂ ਸਿਰੇ ਘੜੋ। (ਗੁਰੂ ਦਾ ਸ਼ਬਦ ਹੀ) ਗੁਰੂ ਦਾ ਦੀਦਾਰ ਹੈ (ਇਸ ਸ਼ਬਦ ਦੀ ਬਰਕਤਿ ਨਾਲ) ਪਰਮਾਤਮਾ ਦਾ ਨਾਮ-ਧਨ ਇਕੱਠਾ ਕਰੋ।

ਐਸੇ ਸਰੀਰਕ ਦਰਸ਼ਨਾਂ ਨੂੰ ਤਾਂ ਸਤਿਗੁਰੂ ਨੇ ਆਪਣੇ ਜੀਵਨ ਕਾਲ ਵਿੱਚ ਹੀ ਪੂਰਨਤਾ ਅਕਾਰਥ ਦਸ ਕੇ ਰੱਦ ਕੀਤਾ ਹੈ। ਸਤਿਗੁਰੂ ਸਾਨੂੰ ਸਮਝਾਉਂਦੇ, ਬਖਸ਼ਿਸ਼ ਕਰਦੇ ਹਨ:

ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ।। ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ।।

ਹਉਮੈ ਮੈਲੁ ਨ ਚੁਕਈ ਨਾਮਿ ਨ ਲਗੈ ਪਿਆਰੁ।।  {ਸਲੋਕੁ ਮਃ ੩, ਪੰਨਾ ੫੯੪}

ਜਿਤਨਾ ਇਹ ਸਾਰਾ ਸੰਸਾਰ ਹੈ (ਇਸ ਵਿਚ) ਹਰੇਕ ਜੀਵ ਸਤਿਗੁਰੂ ਦੇ ਦਰਸਨ ਕਰਦਾ ਹੈ (ਪਰ) ਨਿਰਾ ਦਰਸ਼ਨ ਕੀਤਿਆਂ ਮੁਕਤੀ ਨਹੀਂ ਮਿਲਦੀ, ਜਦ ਤਾਈਂ ਜੀਵ ਸਤਿਗੁਰੂ ਦੇ ਸ਼ਬਦ ਵਿੱਚ ਵਿਚਾਰ ਨਹੀਂ ਕਰਦਾ, (ਕਿਉਂਕਿ ਵਿਚਾਰ ਕਰਨ ਤੋਂ ਬਿਣਾ) ਅਹੰਕਾਰ (-ਰੂਪ ਮਨ ਦੀ) ਮੈਲ ਨਹੀਂ ਉਤਰਦੀ ਤੇ ਨਾਮ ਵਿੱਚ ਪਿਆਰ ਨਹੀਂ ਬਣਦਾ।

ਉਪਰੋਕਤ ਗੁਰਮਤਿ ਸਿਧਾਂਤ ਨੂੰ ਦ੍ਰਿੜ ਕਰਾਉਂਦੀ ਹੋਈ, ਇੱਕ ਲਾਜਵਾਬ ਸਾਖੀ ਸਾਨੂੰ ਸਿੱਖ ਇਤਿਹਾਸ ਵਿਚੋਂ ਮਿਲਦੀ ਹੈ। ਪਿੰਡ ਤੁਲੰਭਾ ਜ਼ਿਲਾ ਮੁਲਤਾਨ (ਮੌਜੂਦਾ ਪਾਕਿਸਤਾਨ) ਦੇ ਸਥਾਨ `ਤੇ ਸੱਜਣ ਨਾਂ ਦਾ ਵਿਅਕਤੀ ਰਹਿੰਦਾ ਸੀ। ਜੋ ਦੁਨੀਆਂ ਦੀਆਂ ਨਜ਼ਰਾਂ ਵਿੱਚ ਵੱਡਾ ਧਰਮੀ ਸੀ। ਇਸ ਨੇ ਲੋਕਾਂ ਦੀ ਸੇਵਾ ਲਈ ਇੱਕ ਸਰਾਂ ਵੀ ਬਣਾਈ ਹੋਈ ਸੀ, ਜਿਸ ਵਿੱਚ ਆਂਦੇ-ਜਾਂਦੇ ਰਾਹਗੀਰਾਂ ਨੂੰ ਠਹਿਰਨ ਵਾਸਤੇ ਜਗ੍ਹਾ ਦੇ ਨਾਲ ਲੰਗਰ ਪਾਣੀ ਵੀ ਛਕਾਉਂਦਾ ਸੀ। ਉਸ ਵੇਲੇ ਸਰਾਂ ਬਣਾਉਣਾ ਇੱਕ ਵੱਡੀ ਸੇਵਾ ਸਮਝੀ ਜਾਂਦੀ ਸੀ, ਕਿਉਂਕਿ ਅੱਜ ਦੀ ਤਰ੍ਹਾਂ ਨਾ ਤਾਂ, ਥਾਂ ਥਾਂ `ਤੇ ਭਾਂਤ ਭਾਂਤ ਦੇ ਹੋਟਲ ਸਨ, ਜਿਥੇ ਕੋਈ ਯਾਤਰੂ ਠਹਿਰ ਸਕੇ ਅਤੇ ਨਾ ਹੀ ਅਜੇ ਗੁਰਦੁਆਰੇ ਬਣੇ ਸਨ, ਜਿਥੇ ਆਮ ਮੁਸਾਫਰ ਨੂੰ ਠਾਹਰ ਮਿਲ ਸਕੇ। ਅਸਲੀਅਤ ਵਿੱਚ ਇਹ ਇੱਕ ਠੱਗ ਸੀ ਅਤੇ ਜਦੋਂ ਕੋਈ ਅਮੀਰ ਆਦਮੀ ਇਸ ਦੀ ਸਰਾਂ ਵਿੱਚ ਆ ਜਾਏ, ਉਸ ਨੂੰ ਮਾਰ ਮੁਕਾਉਂਦਾ ਅਤੇ ਉਸ ਦਾ ਮਾਲ ਅਸਬਾਬ ਲੁਟ ਲੈਂਦਾ। ਗੁਰੂ ਨਾਨਕ ਪਾਤਿਸ਼ਾਹ ਇਸ ਦੇ ਕਰਮਾਂ ਤੋਂ ਚੰਗੀ ਤਰ੍ਹਾਂ ਜਾਣੂ ਸਨ। ਜਗਤ ਨੂੰ ਤਾਰਦੇ ਹੋਏ ਸਤਿਗੁਰੂ, ਸੱਜਣ ਦੀ ਸਰਾਂ ਵਿੱਚ ਪੁੱਜੇ, ਨਾਲ ਭਾਈ ਮਰਦਾਨਾ ਜੀ ਸਨ, ਜਿਨ੍ਹਾਂ ਲੰਮੇ ਸਫਰ ਲਈ ਲੋੜੀਂਦਾ ਮਾਲ ਅਸਬਾਬ ਚੁੱਕਿਆ ਹੋਇਆ ਸੀ। ਹਾਲਾਂਕਿ ਜਦੋਂ ਗੁਰੂ ਨਾਨਕ ਪਾਤਿਸ਼ਾਹ ਪ੍ਰਚਾਰ ਦੌਰੇ, ਜਿਨ੍ਹਾਂ ਨੁੰ ਅਸੀਂ ਉਦਾਸੀਆਂ ਆਖਦੇ ਹਾਂ, `ਤੇ ਗਏ ਤਾਂ ਉਨ੍ਹਾਂ ਉਦਾਸੀ ਪਹਿਰਾਵਾ ਹੀ ਧਾਰਣ ਕੀਤਾ ਹੋਇਆ ਸੀ ਪਰ ਇਸ ਮੌਕੇ ਸਤਿਗੁਰੂ ਨੇ ਵਿਸ਼ੇਸ਼ ਤੌਰ `ਤੇ ਵਧੀਆ ਬਸਤਰ ਪਹਿਨ ਲਏ। ਸਤਿਗੁਰੂ ਦੇ ਬਸਤ੍ਰ ਵੇਖ ਕੇ ਸੱਜਣ ਨੇ ਸੋਚਿਆ, ਜ਼ਰੂਰ ਕੋਈ ਧਨਾਢ ਵਿਅਕਤੀ ਹੈ, ਨਾਲ ਸੇਵਾਦਾਰ ਹੈ, ਜਿਸ ਨੇ ਮਾਲ ਅਸਬਾਬ ਚੁੱਕਿਆ ਹੋਇਆ ਹੈ। ਸੱਜਣ ਦੇ ਮਨ ਵਿੱਚ ਇੱਕ ਦਮ ਸਤਿਗੁਰੂ ਨੂੰ ਲੁੱਟਣ ਦਾ ਵਿਚਾਰ ਬਣ ਗਿਆ। ਸੱਜਣ ਨੇ ਸਤਿਗੁਰੂ ਨੂੰ ਜੀ ਆਇਆਂ` ਆਖਿਆ ਅਤੇ ਕਮਰੇ ਵਿੱਚ ਠਹਿਰਾ ਕੇ, ਸਤਿਗੁਰੂ ਨੂੰ ਲੁੱਟਣ ਦੀ ਸਕੀਮ ਤਿਆਰ ਕਰਨ ਲੱਗਾ। ਰੋਟੀ ਤਿਆਰ ਕੀਤੀ, ਵਿੱਚ ਜ਼ਹਿਰ ਮਿਲਾ ਦਿੱਤੀ ਅਤੇ ਲੈ ਕੇ ਸਤਿਗੁਰੂ ਕੋਲ ਆਕੇ ਬੇਨਤੀ ਕੀਤੀ ਕਿ ਆਪ ਥਕੇ ਆਏ ਹੋ, ਪ੍ਰਸ਼ਾਦਾ ਛਕ ਲਓ ਤੇ ਫੇਰ ਅਰਾਮ ਕਰੋ। ਸਤਿਗੁਰੂ ਮੁਸਕਰਾ ਪਏ ਅਤੇ ਬੋਲੇ ਕਿ ਭਾਈ ਅਸੀਂ ਜਿਸ ਕੰਮ ਲਈ ਇਥੇ ਆਏ ਹਾਂ, ਉਹ ਕਰਕੇ ਹੀ ਪ੍ਰਸ਼ਾਦਾ ਛਕਾਂਗੇ। ਸੱਜਣ ਨੇ ਸੋਚਿਆ ਕਿ ਚਲੋ ਕਰ ਲਵੇ ਜਿਹੜਾ ਕੰਮ ਕਰਨਾ ਸੂ, ਆਖਿਰ ਤਾਂ ਰੋਟੀ ਖਾਣਗੇ ਅਤੇ ਮਰਨਗੇ। ਆਪ ਨਾਲ ਦੇ ਕਮਰੇ ਵਿੱਚ ਲੁਕ ਕੇ ਇੰਤਜ਼ਾਰ ਕਰਨ ਲੱਗਾ। ਸਤਿਗੁਰੂ ਨੇ ਮਰਦਾਨਾ ਜੀ ਨੂੰ ਅਖਿਆ, ਮਰਦਾਨਿਆਂ ਰਬਾਬ ਚੁਕ, ਬਾਣੀ ਆਈ ਆ। ਸਤਿਗੁਰੂ ਨੇ ਹੇਠ ਲਿਖਿਆ ਸ਼ਬਦ ਉਚਾਰਨ ਕੀਤਾ, ਜੋ ਹੁਣ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੭੨੯ `ਤੇ ਸੁਸ਼ੋਭਿਤ ਹੈ:

ਸੂਹੀ ਮਹਲਾ ੧ ਘਰੁ ੬ ੴ ਸਤਿਗੁਰ ਪ੍ਰਸਾਦਿ।।

ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ ॥ ਧੋਤਿਆ ਜੂਠਿ ਨ ਉਤਰੈ ਜੇ ਸਉ ਧੋਵਾ ਤਿਸੁ ॥੧॥
ਸਜਣ ਸੇਈ ਨਾਲਿ ਮੈ ਚਲਦਿਆ ਨਾਲਿ ਚਲੰਨਿੑ।। ਜਿਥੈ ਲੇਖਾ ਮੰਗੀਐ ਤਿਥੈ ਖੜੇ ਦਿਸੰਨਿ।। ੧।। ਰਹਾਉ।।
ਕੋਠੇ ਮੰਡਪ ਮਾੜੀਆ ਪਾਸਹੁ ਚਿਤਵੀਆਹਾ।। ਢਠੀਆ ਕੰਮਿ ਨ ਆਵਨੀੑ ਵਿਚਹੁ ਸਖਣੀਆਹਾ।। ੨।।
ਬਗਾ ਬਗੇ ਕਪੜੇ ਤੀਰਥ ਮੰਝਿ ਵਸੰਨਿੑ।। ਘੁਟਿ ਘੁਟਿ ਜੀਆ ਖਾਵਣੇ ਬਗੇ ਨਾ ਕਹੀਅਨਿੑ।। ੩।।
ਸਿੰਮਲ ਰੁਖੁ ਸਰੀਰੁ ਮੈ ਮੈਜਨ ਦੇਖਿ ਭੁਲੰਨਿੑ।। ਸੇ ਫਲ ਕੰਮਿ ਨ ਆਵਨੀੑ ਤੇ ਗੁਣ ਮੈ ਤਨਿ ਹੰਨਿੑ।। ੪।।
ਅੰਧੁਲੈ ਭਾਰੁ ਉਠਾਇਆ ਡੂਗਰ ਵਾਟ ਬਹੁਤੁ।। ਅਖੀ ਲੋੜੀ ਨਾ ਲਹਾ ਹਉ ਚੜਿ ਲੰਘਾ ਕਿਤੁ।। ੫।।
ਚਾਕਰੀਆ ਚੰਗਿਆਈਆ ਅਵਰ ਸਿਆਣਪ ਕਿਤੁ।। ਨਾਨਕ ਨਾਮੁ ਸਮਾਲਿ ਤੂੰ ਬਧਾ ਛੁਟਹਿ ਜਿਤੁ।। ੬।। ੧।। ੩।।

ਸੱਜਣ ਜਿਉਂ ਜਿਉਂ ਸ਼ਬਦ ਸੁਣਦਾ ਗਿਆ, ਉਸ ਨੂੰ ਮਹਿਸੂਸ ਹੋਇਆ ਕਿ ਇਹ ਤਾਂ ਸਾਰੀ ਮੇਰੇ ਜੀਵਨ ਦੀ ਹਾਲਤ ਹੈ, ਜ਼ਰੂਰ ਇਹ ਬਾਬਾ ਮੇਰੇ ਜੀਵਨ ਦੀ ਸਾਰੀ ਸਚਾਈ ਜਾਣਦਾ ਹੈ, ਅਤੇ ਸਾਰੀਆਂ ਗੱਲਾਂ ਮੇਰੇ ਜੀਵਨ ਦੀਆਂ ਹੀ ਕਰ ਰਿਹਾ ਹੈ।

ਸਤਿਗੁਰੂ ਦਾ ਸ਼ਬਦ ਸੁਣ ਕੇ ਸੱਜਣ ਦਾ ਮਨ ਪਛਤਾਵੇ ਨਾਲ ਭਰ ਗਿਆ ਕਿ, ਓਹ! ਜੀਵਨ ਦਾ ਅਨਮੋਲ ਸਮਾਂ ਪਾਪ ਕਰਮਾਂ ਵਿੱਚ ਗੁਆਚ ਗਿਆ`। ਸਤਿਗੁਰੂ ਨਾਨਕ ਪਾਤਿਸ਼ਾਹ ਦੇ ਚਰਨਾਂ `ਤੇ ਆਕੇ ਢਹਿ ਪਿਆ, ਬਾਬਾ ਮੈਨੂੰ ਬਖਸ਼ ਲੈ, ਇਹ ਤਾਂ ਸਾਰੇ ਮੇਰੇ ਜੀਵਨ ਦੇ ਕਰਮ ਹਨ।

ਕਬੀਰ ਸਤਿਗੁਰ ਸੂਰਮੇ ਬਾਹਿਆ ਬਾਨੁ ਜੁ ਏਕੁ।। ਲਾਗਤ ਹੀ ਭੁਇ ਗਿਰਿ ਪਰਿਆ ਪਰਾ ਕਰੇਜੇ ਛੇਕੁ।।  (ਪੰਨਾ ੩੭੪)

ਭਗਤ ਕਬੀਰ ਜੀ ਦੁਆਰਾ ਫੁਰਮਾਣ ਕੀਤੇ ਉਪਰਲੇ ਸ਼ਬਦ ਮੁਤਾਬਕ, ਮਨੁੱਖੀ ਜੀਵਨ ਵਿੱਚ ਤਬਦੀਲੀ ਉਦੋਂ ਆਉਂਦੀ ਹੈ ਜਦੋਂ ਸਤਿਗੁਰੂ ਦੇ ਸਬਦਾਂ ਦਾ ਬਾਣ ਉਸ ਦੇ ਹਿਰਦੇ ਨੂੰ ਚੀਰ ਜਾਂਦਾ ਹੈ।

ਜਿਸ ਵੇਲੇ ਸੱਜਣ ਨੇ ਗੁਰੂ ਦਾ ਸ਼ਬਦ ਸੁਣਿਆ ਹੈ, ਗੁਰੂ ਦੇ ਸ਼ਬਦ ਦਾ ਬਾਣ ਉਸ ਦੇ ਹਿਰਦੇ ਵਿੱਚ ਲੱਗਾ। ਜਦੋਂ ਸ਼ਬਦ ਦੇ ਇਲਾਹੀ ਗਿਆਨ ਵਿਚਲੀ ਸਚਾਈ ਨੇ ਉਸ ਦੇ ਮਨ ਨੂੰ ਟੁੰਬਿਆ ਹੈ, ਤਾਂ ਜੀਵਨ ਵਿੱਚ ਇਨਕਲਾਬ ਆ ਗਿਆ।

ਇਥੇ ਸਮਝਣ ਵਾਲੀ ਗੱਲ ਇਹ ਹੈ ਕਿ ਜੇ ਸਤਿਗੁਰੂ ਦਾ ਸਰੀਰਕ ਦਰਸ਼ਨ ਕਰਕੇ ਜੀਵਨ ਬਦਲਦਾ ਹੁੰਦਾ ਤਾਂ ਗੁਰੂ ਨਾਨਕ ਪਾਤਿਸ਼ਾਹ ਦੇ ਸਰੀਰਕ ਦਰਸ਼ਨ ਕਰਕੇ ਸੱਜਣ ਦਾ ਜੀਵਨ ਵੀ ਬਦਲ ਜਾਂਦਾ। ਪਰ ਖਿਮਾਂ ਕਰਨਾ, ਸਿਰਫ ਸਰੀਰ ਦੇ ਦਰਸ਼ਨ ਕਰਕੇ ਤਾਂ ਉਸ ਅੰਦਰ ਵਿਕਾਰ ਆਇਆ ਹੈ ਕਿ ਇਨ੍ਹਾਂ ਨੂੰ ਮਾਰ ਮੁਕਾਵਾਂ ਅਤੇ ਮਾਲ ਅਸਬਾਬ ਲੁੱਟ ਲਵਾਂ।

ਜੀਵਨ ਵਿੱਚ ਤਬਦੀਲੀ ਉਦੋਂ ਆਈ, ਜਦੋਂ ਗੁਰੂ ਦੇ ਸ਼ਬਦ ਨਾਲ ਹਿਰਦਾ ਵਿੰਨਿਆ ਗਿਆ। ਸਤਿਗੁਰੂ ਤੋਂ ਗਿਆਨ ਪ੍ਰਾਪਤ ਕਰਕੇ, ਇੱਕ ਠੱਗ ਤੋਂ ਇੱਕ ਧਰਮੀ ਵਿਅਕਤੀ ਭਾਈ ਸੱਜਣ ਬਣ ਗਿਆ।

ਇਹ ਪਖੰਡੀ ਬਾਬੇ ਗੁਰੂ ਪਾਤਿਸ਼ਾਹ ਦੇ ਸਰੀਰ ਦੇ ਸੁਫਨੇ ਵਿੱਚ ਦਰਸ਼ਨ ਕਰਨ ਦੇ ਪਾਖੰਡ ਕਰਕੇ ਸੰਤ, ਮਹਾਪੁਰਖ ਆਦਿ ਬਣੇ ਬੈਠੇ ਹਨ। ਸ਼ਾਇਦ ਮੇਰੇ ਇਸ ਪਾਖੰਡ` ਸ਼ਬਦ ਨਾਲ ਕੁੱਝ ਸ਼ਰਧਾਲੂਆਂ ਦੇ ਮਨਾਂ ਨੂੰ ਠੇਸ ਪਹੁੰਚੇ, ਪਰ ਗੁਰਮਤਿ ਤੋਂ ਉਲਟ ਕਰਮ ਕਰ ਕੇ ਧਰਮ ਦੇ ਖਾਸ ਕਰ ਸਿੱਖੀ ਦੇ ਠੇਕੇਦਾਰ ਬਣਨ ਵਾਲਿਆਂ ਵਾਸਤੇ ਤਾਂ ਮੇਰੇ ਕੋਲ ਇਸ ਤੋਂ ਵਧ ਹੋਰ ਢੁਕਵਾਂ ਸ਼ਬਦ ਨਹੀਂ ਹੈ। ਹੋਰ ਸ਼ਬਦ ਵਧੇਰੇ ਨਰਾਦਰੀ ਕਰਨ ਵਾਲੇ ਹਨ ਜਿਨ੍ਹਾਂ ਦੀ ਵਰਤੋਂ ਮੈਂ ਕਰਨਾ ਨਹੀਂ ਚਾਹੁੰਦਾ। ਇਥੇ ਇੱਕ ਗੱਲ ਹੋਰ ਵੀ ਸਮਝਣ ਵਾਲੀ ਹੈ, ਸੱਜਣ ਨੇ ਇੱਕ ਸ਼ਬਦ ਸੁਣਿਆ, ਜੀਵਨ ਬਦਲ ਗਿਆ। ਅੱਜ ਸਿੱਖ ਕੌਮ ਵਿੱਚ ਵੱਡੇ ਵੱਡੇ ਕੀਰਤਨ ਦਰਬਾਰ ਹੋ ਰਹੇ ਹਨ, ਸਾਰੀ ਸਾਰੀ ਰਾਤ ਦੇ ਰੈਣ ਸਬਾਈ ਅਤੇ ਅਖੰਡ ਕੀਰਤਨ ਸਮਾਗਮ ਹੋ ਰਹੇ ਹਨ। ਹਜ਼ਾਰਾਂ ਸੰਗਤਾਂ ਇਕੋ ਦਿਨ ਵਿੱਚ ਕਈ ਕਈ ਸ਼ਬਦ ਸੁਣਦੀਆਂ ਹਨ, ਬੜੀ ਮਸਤੀ ਨਾਲ ਝੂਮ ਝੂਮ ਕੇ ਨਾਲ ਰੱਟੇ ਵੀ ਲਾਉਂਦੀਆਂ ਹਨ, ਪਰ ਕਿਸੇ ਇੱਕ ਦੇ ਜੀਵਨ ਵਿੱਚ ਵੀ ਤਬਦੀਲੀ ਨਹੀਂ ਆਉਂਦੀ। ਕਾਰਨ ਸਪਸ਼ਟ ਹੈ, ਅਸੀਂ ਸਰੀਰਾਂ ਨਾਲ ਹੀ ਜੁੜ ਰਹੇ ਹਾਂ, ਸੁਰੀਲੀਆਂ ਆਵਾਜ਼ਾਂ ਅਤੇ ਸੰਗੀਤਕ ਰੱਸ ਦਾ ਆਨੰਦ ਮਾਣ ਰਹੇ ਹਾਂ। ਗੁਰਬਾਣੀ ਦੇ ਇਲਾਹੀ ਗਿਆਨ ਨਾਲ ਨਹੀਂ। ਗੁਰਬਾਣੀ ਕੇਵਲ ਕੰਨ ਰੱਸ ਲੈਣ ਲਈ ਹੀ ਸੁਣ ਰਹੇ ਹਾਂ। ਉਸ ਪ੍ਰਤੀ ਪੂਰਨ ਸ਼ਰਧਾ, ਵਿਸ਼ਵਾਸ ਅਤੇ ਦ੍ਰਿੜਤਾ ਨਹੀਂ ਹੈ। ਕਦੇ ਆਪਣੇ ਜੀਵਨ ਨੂੰ ਗੁਰੂ ਸ਼ਬਦ ਦੀ ਕਸਵੱਟੀ `ਤੇ ਨਹੀਂ ਪਰਖਿਆ। ਜੇ ਸੱਚਮੁੱਚ ਪਰਖਦੇ ਤਾਂ ਆਪਣੇ ਜੀਵਨ ਦੀ ਸੱਚਾਈ ਸਾਮ੍ਹਣੇ ਪ੍ਰਤੱਖ ਹੋ ਜਾਂਦੀ। ਵਿਸ਼ਵਾਸ ਅਤੇ ਦ੍ਰਿੜਤਾ ਤਾਂ ਹੀ ਆਵੇਗੀ ਜੇ ਸ਼ਬਦ ਦਾ ਅਲੌਕਿਕ ਗਿਆਨ ਸਾਡੇ ਹਿਰਦੇ ਅੰਦਰ ਜਾਵੇਗਾ। ਜੀਵਨ ਵਿੱਚ ਤਬਦੀਲੀ ਤਾਂ ਆਵੇਗੀ ਜੇ ਆਪਣੇ ਜੀਵਨ ਨੂੰ ਗੁਰਮਤਿ ਦੀ ਕਸਵੱਟੀ `ਤੇ ਪਰਖਾਂਗੇ। ਨਹੀਂ ਤਾਂ ਕੇਵਲ ਕੰਨ ਰਸ ਲੈ ਕੇ ਹੀ ਝੂਮਦੇ ਰਹਾਂਗੇ। ਇਸੇ ਕਰਕੇ ਅੱਜ ਦੇ ਭੋਲੇ-ਭਾਲੇ ਸਿੱਖਾਂ ਨੂੰ ਬਾਬਿਆਂ ਦੀਆਂ ਕਚੀਆਂ ਧਾਰਨਾ ਅਤੇ ਮਨ-ਘੜਤ ਕਹਾਣੀਆਂ, ਜਿਨ੍ਹਾਂ ਨੂੰ ਉਹ ਸਾਖੀਆਂ ਕਹਿਕੇ ਸੁਣਾਉਂਦੇ ਹਨ, ਵਾਲੇ ਪਖੰਡ ਪ੍ਰਚਾਰ `ਤੇ ਗੁਰਬਾਣੀ ਨਾਲੋਂ ਵਧੇਰੇ ਸ਼ਰਧਾ ਅਤੇ ਵਿਸ਼ਵਾਸ ਹੈ।

ਨੰਦ ਸਿੰਘ ਜਿਥੇ ਰਹਿੰਦਾ, ਉਥੇ ਭੋਰਾ ਬਣਾਕੇ ਰਹਿੰਦਾ ਸੀ, ਇਸ ਭੋਰੇ ਵਿੱਚ ਬੜੇ ਤੱਪ ਸਾਧਦਾ। ਉਸ ਭੋਰੇ ਉੱਤੇ ਕੱਖਾਂ ਦੀ ਕੁੱਲੀ ਉਸਾਰ ਲੈਂਦਾ। ਉਸ ਜਗ੍ਹਾ ਤੋਂ ਜਾਣ ਲੱਗਿਆਂ, ਉਸ ਕੁੱਲੀ ਨੂੰ ਅੱਗ ਲਾ ਦੇਂਦਾ। ਕਿਹਾ ਜਾਂਦਾ ਹੈ ਕਿ ਇਸ ਵਾਸਤੇ ਅੱਗ ਲਾ ਦੇਂਦਾ ਸੀ ਕਿ ਉਥੇ ਕੋਈ ਉਸ ਦੀ ਯਾਦਗਾਰ ਨਾ ਬਣਾ ਦੇਵੇ। ਜਿਸ ਵੇਲੇ ਸੰਗਤ ਵਿੱਚ ਬੈਠਦਾ, ਟੋਆ ਪੁਟਾ ਕੇ ਬੈਠਦਾ। ਇਸ ਨੂੰ ਅਤੇ ਭੋਰਾ ਬਣਾ ਕੇ ਤੱਪ ਕਰਨ ਨੂੰ, ਦੂਜਿਆਂ ਨਾਲੋਂ ਨੀਵਾਂ ਹੋ ਕੇ ਰਹਿਣਾ ਅਤੇ ਬੈਠਣਾ ਆਦਿ, ਉਸ ਦੀ ਨਿਮ੍ਰਤਾ ਦੇ ਪ੍ਰਤੀਕ ਵਜੋਂ ਦਸਿਆ ਜਾਂਦਾ ਹੈ।

ਗੁਰਮਤਿ ਵਿੱਚ ਤੱਪ ਸਾਧਣ ਅਤੇ ਸਰੀਰ ਨੂੰ ਕਸ਼ਟ ਦੇਣ ਬਾਰੇ ਕੀ ਸੇਧ ਮਿਲਦੀ ਹੈ, ਇਹ ਤਾਂ ਅਸੀਂ ਉਪਰ ਵਿਸਥਾਰ ਵਿੱਚ ਵਿਚਾਰ ਚੁੱਕੇ ਹਾਂ। ਹੁਣ ਭੋਰੇ ਬਣਾਕੇ ਰਹਿਣ ਅਤੇ ਟੋਏ ਪੁੱਟ ਕੇ ਸੰਗਤ ਵਿੱਚ ਬੈਠਣ ਦੀ, ਨਿਮ੍ਰਤਾ` ਬਾਰੇ ਵਿਚਾਰ ਕਰ ਲੈਂਦੇ ਹਾਂ।

ਨਿਮ੍ਰਤਾ ਜਾਂ ਹਉਮੈ, ਸਰੀਰ ਦਾ ਨਹੀਂ ਮਨ ਦਾ ਮਸਲਾ ਹੈ। ਸਰੀਰ ਤਾਂ ਜੋ ਕੰਮ ਕਰਦਾ ਹੈ, ਇਸ ਮਨ ਦੇ ਪ੍ਰਭਾਵ ਵਿੱਚ ਹੀ ਕਰਦਾ ਹੈ। ਮਨ ਅਤੇ ਸਰੀਰ ਦੇ ਸਬੰਧ ਬਾਰੇ ਗੁਰਬਾਣੀ ਸਾਨੂੰ ਅਗਵਾਈ ਬਖਸ਼ਦੀ ਹੈ:

ਅੰਧੀ ਕੰਮੀ ਅੰਧੁ ਮਨੁ ਮਨਿ ਅੰਧੈ ਤਨੁ ਅੰਧੁ।।  (ਮਃ ੧, ਪੰਨਾ ੧੨੮੭)

ਜਿਉਂ ਜਿਉਂ ਵਿਚਾਰ-ਹੀਣ ਹੋ ਕੇ ਮੰਦੇ ਕੰਮ ਕੀਤੇ ਜਾਣ, ਤਿਉਂ ਤਿਉਂ ਮਨ ਅੰਨ੍ਹਾ (ਭਾਵ, ਵਿਚਾਰੋਂ ਸੱਖਣਾ) ਹੁੰਦਾ ਜਾਂਦਾ ਹੈ; ਤੇ ਮਨ ਵਿਚਾਰ-ਹੀਣ ਹੋਇਆ ਗਿਆਨ-ਇੰਦ੍ਰੇ ਭੀ ਅੰਨ੍ਹੇ ਹੋ ਜਾਂਦੇ ਹਨ (ਭਾਵ, ਅੱਖਾਂ ਕੰਨ ਆਦਿਕ ਭੀ ਮੰਦੇ ਪਾਸੇ ਲੈ ਤੁਰਦੇ ਹਨ)।

ਸਤਿਗੁਰੂ ਨੇ ਤਾਂ ਮਨ ਦੀ ਤੁਲਨਾ ਪਾਗਲ ਹਾਥੀ ਨਾਲ ਕੀਤੀ ਹੈ:

ਮਨੁ ਮੈਗਲੁ ਸਾਕਤੁ ਦੇਵਾਨਾ।। ਬਣ ਖੰਡਿ ਮਾਇਆ ਮੋਹਿ ਹੈਰਾਨਾ।। ਇਤ ਉਤ ਜਾਹਿ ਕਾਲ ਕੇ ਚਾਪੇ।। ਗੁਰਮੁਖਿ ਖੋਜਿ ਲਹੈ ਘਰੁ ਆਪੇ।।  {ਆਸਾ ਮਹਲਾ ੧, ਪੰਨਾ ੪੧੫}

(ਗੁਰ-ਸ਼ਬਦ ਤੋਂ ਖੁੰਝ ਕੇ) ਮਾਇਆ-ਵੇੜ੍ਹਿਆ ਮਨ ਪਾਗਲ ਹਾਥੀ (ਸਮਾਨ) ਹੈ, ਮਾਇਆ ਦੇ ਮੋਹ ਦੇ ਕਾਰਨ (ਸੰਸਾਰ-) ਜੰਗਲ ਵਿੱਚ ਭਟਕਦਾ ਫਿਰਦਾ ਹੈ। (ਮਾਇਆ ਦੇ ਮੋਹ ਦੇ ਕਾਰਨ) ਜਿਨ੍ਹਾਂ ਨੂੰ ਆਤਮਕ ਮੌਤ ਦਬਾ ਲੈਂਦੀ ਹੈ ਉਹ ਇਧਰ ਉਧਰ ਭਟਕਦੇ ਫਿਰਦੇ ਹਨ। ਜੋ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ ਉਹ ਭਾਲ ਕੇ ਆਪਣੇ ਅੰਦਰ ਪਰਮਾਤਮਾ ਦਾ ਟਿਕਾਣਾ ਲੱਭ ਲੈਂਦਾ ਹੈ (ਤੇ ਭਟਕਣਾ ਵਿੱਚ ਨਹੀਂ ਪੈਂਦਾ)।

ਇਸੇ ਵਾਸਤੇ ਸਤਿਗੁਰੂ ਸਮਝਾਉਂਦੇ ਹਨ ਕਿ ਸਭ ਤੋਂ ਜ਼ਰੂਰੀ ਮਨ ਨੂੰ ਜਿਤਣਾ, ਭਾਵ ਕਾਬੂ ਵਿੱਚ ਕਰਨਾ ਹੈ। ਗੁਰੂ ਨਾਨਕ ਪਾਤਿਸ਼ਾਹ ਜਪੁ ਬਾਣੀ ਵਿੱਚ ਸਮਝਾਉਂਦੇ ਹਨ, ਜੇ ਮਨ ਜਿੱਤ ਲਿਆ ਤਾਂ ਸਮਝੋ ਸਾਰਾ ਜੱਗ ਜਿੱਤ ਲਿਆ:

ਮਨਿ ਜੀਤੈ ਜਗੁ ਜੀਤੁ।।  {ਜਪੁ, ਪੰਨਾ ੬}

ਜੇ ਆਪਣਾ ਮਨ ਜਿੱਤਿਆ ਜਾਏ, ਤਾਂ ਸਾਰਾ ਜਗਤ ਹੀ ਜਿੱਤਿਆ ਜਾਂਦਾ ਹੈ।

ਗੁਰਬਾਣੀ ਦੇ ਇਹ ਵੀ ਸਪੱਸ਼ਟ ਪ੍ਰਮਾਣ ਹਨ ਕਿ ਇਸ ਮਨ ਨੂੰ ਕਿਸੇ ਕਰਮ ਕਾਂਡ ਨਾਲ ਵੱਸ ਵਿੱਚ ਨਹੀਂ ਕੀਤਾ ਜਾ ਸਕਦਾ, ਕੇਵਲ ਸਤਿਗੁਰੂ ਦੇ ਗਿਆਨ ਨਾਲ ਹੀ ਸਮਝਾਇਆ ਜਾ ਸਕਦਾ ਹੈ। ਸਤਿਗੁਰੂ ਦਾ ਫੁਰਮਾਨ ਹੈ:

ਤੀਰਥ ਨਾਤਾ ਕਿਆ ਕਰੇ ਮਨ ਮੁਹਿ ਮੈਲੁ ਗੁਮਾਨੁ।।

ਗੁਰ ਬਿਣੁ ਕਿਨਿ ਸਮਝਾਈਐ ਮਨੁ ਰਾਜਾ ਸੁਲਤਾਨੁ।।  {ਸਿਰੀਰਾਗੁ ਮ: ੧, ਪੰਨਾ ੬੦}

ਤੀਰਥਾਂ ਉੱਤੇ ਇਸ਼ਨਾਨ ਕਰਨ ਨਾਲ ਭੀ ਜੀਵ ਕੁੱਝ ਨਹੀਂ ਸੰਵਾਰ ਸਕਦਾ, ਕਿਉਂਕਿ ਮਨ ਵਿੱਚ (ਇਸ) ਅਹੰਕਾਰ ਦੀ ਮੈਲ ਟਿਕੀ ਰਹਿੰਦੀ ਹੈ (ਕਿ ਮੈਂ ਤੀਰਥ ਇਸ਼ਨਾਨੀ ਹਾਂ)। (ਹਰੇਕ ਖੁੰਝੇ ਹੋਏ ਰਸਤੇ ਵਿਚ) ਮਨ (ਇਸ ਸਰੀਰ-ਨਗਰੀ ਦਾ) ਰਾਜਾ ਬਣਿਆ ਰਹਿੰਦਾ ਹੈ, ਸੁਲਤਾਨ ਬਣਿਆ ਰਹਿੰਦਾ ਹੈ। ਗੁਰੂ ਤੋਂ ਬਿਣਾ ਇਸ ਨੂੰ ਕਿਸੇ ਹੋਰ ਨੇ ਕਦੇ ਮਤਿ ਨਹੀਂ ਦਿੱਤੀ (ਕੋਈ ਇਸ ਨੂੰ ਸਮਝਾ ਨਹੀਂ ਸਕਿਆ)। ੪।

ਹਾਥੀ ਭਾਵੇਂ ਬਹੁਤ ਤਾਕਤਵਰ ਜਾਨਵਰ ਹੈ, ਪਰ ਮਹਾਵਤ ਇਸ ਨੂੰ ਇੱਕ ਕੁੰਡੇ ਰਾਹੀਂ ਵੱਸ ਵਿੱਚ ਕਰ ਲੈਂਦਾ ਹੈ। ਅਸੀਂ ਆਮ ਜੀਵਨ ਵਿੱਚ ਵੇਖਦੇ ਹਾਂ ਕਿ ਜੇ ਕਿਤੇ ਹਾਥੀ ਮਹਾਵਤ ਦੇ ਕੁੰਡੇ ਤੋਂ ਬਾਹਰ ਹੋ ਜਾਵੇ ਤਾਂ ਬਹੁਤ ਬਰਬਾਦੀ ਕਰਦਾ ਹੈ। ਐਸੀਆਂ ਕਈ ਖਬਰਾਂ ਅਕਸਰ ਅਖਬਾਰਾਂ ਜਾਂ ਟੀ. ਵੀ. ਆਦਿ `ਤੇ ਵੇਖਣ ਨੂੰ ਮਿਲਦੀਆਂ ਰਹਿੰਦੀਆਂ ਹਨ। ਗੁਰਬਾਣੀ ਦਾ ਇੱਕ ਬੜਾ ਹੀ ਲਾਜੁਆਬ ਪ੍ਰਮਾਣ ਹੈ, ਜਿਥੇ ਸਤਿਗੁਰੂ ਸਾਨੂੰ ਇਹ ਸਮਝਾਉਂਦੇ ਹਨ, ਕਿ ਜੇ ਤੂੰ ਇਸ ਮਨ ਰੂਪੀ ਹਾਥੀ ਨੂੰ ਵਸ ਵਿੱਚ ਕਰਨਾ ਚਾਹੁੰਦਾ ਹੈ ਤਾਂ ਗੁਰੂ ਨੂੰ ਆਪਣੇ ਜੀਵਨ ਦਾ ਮਹਾਵਤ ਬਣਾ ਲੈ, ਅਤੇ ਗੁਰਬਾਣੀ ਗਿਆਨ ਦਾ ਕੁੰਡਾ ਇਸ ਉਤੇ ਪਾ ਦੇ, ਤਾਂ ਹੀ ਇਹ ਮਨ ਕਾਬੂ ਵਿੱਚ ਰਹੇਗਾ:

ਮਨੁ ਕੁੰਚਰੁ ਪੀਲਕੁ ਗੁਰੂ ਗਿਆਨੁ ਕੁੰਡਾ ਜਹ ਖਿੰਚੇ ਤਹ ਜਾਇ।। ਨਾਨਕ ਹਸਤੀ ਕੁੰਡੇ ਬਾਹਰਾ ਫਿਰਿ ਫਿਰਿ ਉਝੜਿ ਪਾਇ।।  {ਮਃ ੩, ਪੰਨਾ ੫੧੬}

ਮਨ (ਮਾਨੋ) ਹਾਥੀ ਹੈ; (ਜੇ) ਸਤਿਗੁਰੂ (ਇਸ ਦਾ) ਮਹਾਵਤ (ਬਣੇ, ਤੇ) ਗੁਰੂ ਦੀ ਦਿੱਤੀ ਮਤਿ (ਇਸ ਦੇ ਸਿਰ ਤੇ) ਕੁੰਡਾ ਹੋਵੇ, ਤਾਂ ਇਹ ਮਨ ਓਧਰ ਜਾਂਦਾ ਹੈ ਜਿਧਰ ਗੁਰੂ ਤੋਰਦਾ ਹੈ। ਪਰ, ਹੇ ਨਾਨਕ! ਕੁੰਡੇ ਤੋਂ ਬਿਣਾ ਹਾਥੀ ਮੁੜ ਮੁੜ ਕੁਰਾਹੇ ਪੈਂਦਾ ਹੈ।

ਹਉਮੈਂ ਤਾਂ ਮਨ ਵਿੱਚ ਹੈ, ਸਰੀਰ ਉਤੇ ਤਾਂ ਉਸ ਦਾ ਪ੍ਰਭਾਵ ਹੀ ਪ੍ਰਗਟ ਹੁੰਦਾ ਹੈ। ਜੇ ਗੁਰਬਾਣੀ ਰਾਹੀਂ, ਗੁਰ ਉਪਦੇਸ਼ ਨਾਲ ਮਨ ਵੱਸ ਵਿੱਚ ਕਰ ਲਿਆ, ਤਾਂ ਸਮਝੋ ਹਉਮੈ ਖਤਮ ਕਰ ਦਿੱਤੀ। ਜੇ ਹਉਮੈ ਖਤਮ ਹੋ ਗਈ, ਤਾਂ ਜੀਵਨ ਆਪੇ ਨਿਮ੍ਰਤਾ ਨਾਲ ਭਰ ਜਾਵੇਗਾ। ਸਤਿਗੁਰੂ ਦਾ ਫੁਰਮਾਨ ਹੈ:

ਹਰਿ ਚੇਤਿ ਮਨ ਮੇਰੇ ਤੂ ਗੁਰ ਕਾ ਸਬਦੁ ਕਮਾਇ।। ਹੁਕਮੁ ਮੰਨਹਿ ਤਾ ਹਰਿ ਮਿਲੈ ਤਾ ਵਿਚਹੁ ਹਉਮੈ ਜਾਇ।।

{ਵਡਹੰਸੁ ਮਹਲਾ ੩, ਪੰਨਾ ੫੬੦}

ਹੇ ਮੇਰੇ ਮਨ! ਤੂੰ (ਆਪਣੇ ਅੰਦਰ) ਗੁਰੂ ਦਾ ਸ਼ਬਦ ਵਸਾਣ ਦੀ ਕਮਾਈ ਕਰ ਅਤੇ ਪਰਮਾਤਮਾ ਦਾ ਨਾਮ ਸਿਮਰਦਾ ਰਹੁ। ਜੇ ਤੂੰ (ਗੁਰੂ ਦਾ) ਹੁਕਮ ਮੰਨੇਂਗਾ, ਤਾਂ ਤੈਨੂੰ ਪਰਮਾਤਮਾ ਮਿਲ ਪਵੇਗਾ, ਤਾਂ ਤੇਰੇ ਅੰਦਰੋਂ ਹਉਮੈ ਦੂਰ ਹੋ ਜਾਇਗੀ। ੧।

ਪ੍ਰਭੁ ਮੇਰਾ ਸਦਾ ਨਿਰਮਲਾ ਮਨਿ ਨਿਰਮਲਿ ਪਾਇਆ ਜਾਇ।। ਨਾਮੁ ਨਿਧਾਨੁ ਹਰਿ ਮਨਿ ਵਸੈ ਹਉਮੈ ਦੁਖੁ ਸਭੁ ਜਾਇ।।

{ਸਿਰੀਰਾਗੁ ਮਹਲਾ ੩, ਪੰਨਾ ੬੪-੬੫}

ਪਿਆਰਾ ਪਰਮਾਤਮਾ ਸਦਾ ਹੀ ਪਵਿੱਤ੍ਰ-ਸਰੂਪ ਰਹਿੰਦਾ ਹੈ (ਇਸ ਵਾਸਤੇ) ਪਵਿਤ੍ਰ ਮਨ ਦੀ ਰਾਹੀਂ ਹੀ ਉਸ ਨੂੰ ਮਿਲਿਆ ਜਾ ਸਕਦਾ ਹੈ। ਪਰਮਾਤਮਾ ਦਾ ਨਾਮ (ਜੋ ਸਾਰੇ ਗੁਣਾਂ ਦਾ) ਖ਼ਜਾਨਾ (ਹੈ) ਜਿਸ ਮਨੁੱਖ ਦੇ ਮਨ ਵਿੱਚ ਵੱਸ ਪੈਂਦਾ ਹੈ, ਉਸ ਦਾ ਸਾਰੇ ਦਾ ਸਾਰਾ ਹਉਮੈ ਦਾ ਦੁੱਖ ਦੂਰ ਹੋ ਜਾਂਦਾ ਹੈ।

ਬਸ ਇਹੀ ਤਰੀਕਾ ਹੈ, ਹਉਮੈ ਦੂਰ ਕਰਕੇ ਜੀਵਨ ਵਿੱਚ ਨਿਮ੍ਰਤਾ ਲਿਆਉਣ ਦਾ। ਹੋਰ ਕਿਸੇ ਵਿਖਾਵੇ ਦੇ ਕਰਮ ਜਾਂ ਕਰਮ ਕਾਂਡ ਨਾਲ ਜੀਵਨ ਵਿੱਚ ਨਿਮ੍ਰਤਾ ਨਹੀਂ ਆਉਂਦੀ, ਸਗੋਂ ਉਸ ਕਰਮ ਕਰਨ ਨਾਲ ਹਉਮੈ ਹੋਰ ਵੱਧ ਜਾਂਦੀ ਹੈ ਕਿ ਮੈਂ ਬਹੁਤ ਧਰਮੀ ਹਾਂ। ਸਤਿਗੁਰੂ ਸਮਝਾਉਂਦੇ ਹਨ:

ਜਗਿ ਹਉਮੈ ਮੈਲੁ ਦੁਖੁ ਪਾਇਆ ਮਲੁ ਲਾਗੀ ਦੂਜੈ ਭਾਇ।। ਮਲੁ ਹਉਮੈ ਧੋਤੀ ਕਿਵੈ ਨ ਉਤਰੈ ਜੇ ਸਉ ਤੀਰਥ ਨਾਇ।।
ਬਹੁ ਬਿਧਿ ਕਰਮ ਕਮਾਵਦੇ ਦੂਣੀ ਮਲੁ ਲਾਗੀ ਆਇ।। ਪੜਿਐ ਮੈਲੁ ਨ ਉਤਰੈ ਪੂਛਹੁ ਗਿਆਨੀਆ ਜਾਇ।।  {
ਸਿਰੀ ਰਾਗੁ ਮਹਲਾ ੩, ਪੰਨਾ ੩੯}

ਜਗਤ ਨੇ ਹਉਮੈ ਦੀ ਮੈਲ (ਦੇ ਕਾਰਨ ਸਦਾ) ਦੁੱਖ (ਹੀ) ਸਹਾਰਿਆ ਹੈ (ਕਿਉਂਕਿ) ਮਾਇਆ ਵਿੱਚ ਪਿਆਰ ਦੇ ਕਾਰਨ ਜਗਤ ਨੂੰ (ਵਿਕਾਰਾਂ ਦੀ) ਮੈਲ ਚੰਬੜੀ ਰਹਿੰਦੀ ਹੈ।

ਜੇ ਮਨੁੱਖ ਸੌ ਤੀਰਥਾਂ ਉੱਤੇ (ਭੀ) ਇਸ਼ਨਾਨ ਕਰੇ ਤਾਂ ਭੀ (ਅਜੇਹੇ) ਕਿਸੇ ਤਰੀਕੇ ਨਾਲ (ਇਹ) ਹਉਮੈ ਦੀ ਮੈਲ ਧੋਤਿਆਂ (ਮਨ ਤੋਂ) ਦੂਰ ਨਹੀਂ ਹੁੰਦੀ। ਲੋਕ ਕਈ ਕਿਸਮਾਂ ਦੇ (ਮਿਥੇ ਹੋਏ) ਧਾਰਮਿਕ ਕੰਮ ਕਰਦੇ ਹਨ, (ਇਸ ਤਰ੍ਹਾਂ ਸਗੋਂ ਅੱਗੇ ਨਾਲੋਂ) ਦੂਣੀ (ਹਉਮੈ ਦੀ) ਮੈਲ ਆ ਲਗਦੀ ਹੈ। (ਵਿੱਦਿਆ ਆਦਿਕ) ਪੜ੍ਹਨ ਨਾਲ ਭੀ ਇਹ ਮੈਲ ਦੂਰ ਨਹੀਂ ਹੁੰਦੀ, ਬੇਸ਼ੱਕ ਪੜ੍ਹੇ ਹੋਏ ਬੰਦਿਆਂ ਨੂੰ ਜਾ ਕੇ ਪੁੱਛ ਲਵੋ (ਭਾਵ, ਪੜ੍ਹੇ ਹੋਏ ਲੋਕਾਂ ਨੂੰ ਵਿੱਦਿਆ ਪੜ੍ਹਨ ਦਾ ਮਾਣ ਹੀ ਬਣਿਆ ਰਹਿੰਦਾ ਹੈ)।

ਗੁਰਬਾਣੀ ਦੇ ਉਪਰੋਕਤ ਪ੍ਰਮਾਣਾਂ ਤੋਂ ਸਪੱਸ਼ਟ ਹੈ ਕਿ ਇਹੋ ਜਿਹੇ ਵਿਖਾਵੇ ਦੇ ਨਿਮਰਤਾ ਵਾਲੇ ਕਰਮ ਕਰਨ ਨਾਲ ਤਾਂ ਹਉਮੈ ਸਗੋਂ ਵਧਦੀ ਹੈ। ਸੁਆਰਥੀ ਸ਼ਾਤਰ ਲੋਕਾਂ ਨੇ, ਗੁਰੂ ਉਪਦੇਸ਼ ਦੇ ਉਲਟ, ਭੋਰੇ ਅਤੇ ਟੋਏ ਪੁੱਟ ਕੇ, ਨਿਮ੍ਰਤਾ ਦਾ ਵਿਖਾਵਾ ਕਰਨ ਦਾ ਨਵਾਂ ਕਰਮਕਾਂਡ ਕਰਨ ਵਾਲੇ ਨੰਦ ਸਿੰਘ ਨੂੰ ਭੋਲੇ ਭਾਲੇ ਲੋਕਾਂ ਅੰਦਰ, ਬ੍ਰਹਮਗਿਆਨੀ, ਮਹਾਪੁਰਖ, ਸੰਤ ਮਹਾਰਾਜ ਬਣਾ ਦਿੱਤਾ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top