Share on Facebook

Main News Page

ਖ਼ਾਲਸਾ ਪੰਥ ਬਨਾਮ ਡੇਰਾਵਾਦ - ਗੁਰਮਤਿ ਅਤੇ ਪੂਜਾਰੀਵਾਦ (ਭਾਗ ਦੂਜਾ)
-:
ਸ. ਰਾਜਿੰਦਰ ਸਿੰਘ
ਮੁੱਖ ਸੇਵਾਦਾਰ, ਸ਼੍ਰੋਮਣੀ ਖਾਲਸਾ ਪੰਚਾਇਤ rajindersinghskp@yahoo.co.in

👉 ਲੜੀ ਜੋੜਨ ਲਈ ਪਿਛਲੇ ਭਾਗ ਪੜ੍ਹੋ

ਜਦੋਂ ਦਾ ਮਨੁੱਖਤਾ ਦਾ ਵਿਕਾਸ ਹੋਇਆ ਹੈ, ਸਹਿਜੇ ਸਹਿਜੇ ਇਸ ਨੇ ਅਲੱਗ ਅਲੱਗ ਕੌਮਾਂ ਅਤੇ ਮਜ਼ਹਬਾਂ ਦਾ ਰੂਪ ਧਾਰਨ ਕੀਤਾ ਹੈ, ਹਰ ਕੌਮ ਦੇ ਅੰਦਰ ਇੱਕ ਪੁਜਾਰੀ ਸ਼੍ਰੇਣੀ ਵੀ ਪ੍ਰਫੁਲਤ ਹੋਈ ਹੈ। ਆਮ ਤੌਰ 'ਤੇ ਇਹ ਪੁਜਾਰੀ ਸ਼੍ਰੇਣੀ ਆਪਣੇ ਪੈਗੰਬਰ ਦੇ ਦ੍ਰਿੜਾਏ ਸਿਧਾਂਤਾਂ ਦੀ ਵਿਆਖਿਆ ਕਰਨ ਅਤੇ ਕੌਮੀ ਸੰਸਕਾਰ ਕਰਨ, ਕਰਾਉਣ ਵਾਸਤੇ ਤਿਆਰ ਹੁੰਦੀ ਹੈ। ਪਰ ਵੇਖਣ ਵਿੱਚ ਇਹ ਆਇਆ ਹੈ ਕਿ ਹੌਲੀ ਹੌਲੀ ਨਿਜੀ ਸੁਆਰਥਾਂ ਅਧੀਨ ਇਹ ਆਪਣੇ ਕੌਮੀ ਸਿਧਾਂਤਾਂ ਦੀ ਵਿਆਖਿਆ ਆਪਣੀਆਂ ਲੋੜਾਂ ਅਨੁਸਾਰ ਕਰਨਾ ਸ਼ੁਰੂ ਕਰ ਦੇਂਦੀ ਹੈ, ਜਿਸ ਨਾਲ ਆਪਣੇ ਸਹਿ ਧਰਮੀਆਂ ਦਾ ਵੱਧ ਤੋਂ ਵੱਧ ਮਾਨਸਿਕ ਸੋਸ਼ਣ ਕਰ ਕੇ, ਉਨ੍ਹਾਂ ਉੱਤੇ ਆਪਣੀ ਧਾਰਮਿਕ ਪ੍ਰਭੂਸੱਤਾ ਕਾਇਮ ਕੀਤੀ ਜਾ ਸਕੇ।

ਬ੍ਰਾਹਮਣਵਾਦ ਵਿੱਚ ਗੱਲ ਇਸ ਸਭ ਤੋਂ ਵਖਰਾ ਅਤੇ ਅੱਗੇ ਹੈ, ਇਥੇ ਵਰਣਵੰਡ ਅਨੁਸਾਰ ਇੱਕ ਖਾਸ ਵਰਣ ਬ੍ਰਾਹਮਣ` ਨਾ ਸਿਰਫ ਧੁਰੋਂ ਥਾਪਿਆ ਗਿਆ ਪੁਜਾਰੀ ਹੈ, ਜਿਸ ਦਾ ਕੰਮ ਆਪਣੇ ਧਾਰਮਿਕ ਗ੍ਰੰਥਾਂ ਦੀ ਵਿਆਖਿਆ ਕਰਨ ਦੇ ਨਾਲ ਨਾਲ ਧਾਰਮਿਕ ਸੰਸਕਾਰ ਕਰਾਉਣਾ ਹੈ, ਸਗੋਂ ਗਿਆਨ ਉਤੇ ਵੀ ਇਸ ਦਾ ਏਕਾਧਿਕਾਰ ਹੈ। ਇਹ ਖੁਦ ਵੀ ਪੂਜੇ ਜਾਣ ਯੋਗ ਹੈ ਅਤੇ ਇਸ ਦਾ ਇਹ ਅਧਿਕਾਰ ਪੀੜ੍ਹੀ ਦਰ ਪੀੜ੍ਹੀ ਹੈ। ਬਾਕੀ ਸਭ ਵਰਣ ਅਤੇ ਮਨੁੱਖ ਇਸ ਤੋਂ ਹੀਣ ਹਨ ਅਤੇ ਉਨ੍ਹਾਂ ਦਾ ਬ੍ਰਾਹਮਣ ਦੇ ਬਣਾਏ ਨੇਮਾਂ ਅਤੇ ਹੁਕਮ ਵਿੱਚ ਚਲਣਾ ਜ਼ਰੂਰੀ ਹੈ।

ਜਿਸ ਵੇਲੇ ਗੁਰੂ ਨਾਨਕ ਸਾਹਿਬ ਦਾ ਸੰਸਾਰ ਤੇ ਆਗਮਨ ਹੋਇਆ, ਭਾਰਤੀ ਸਮਾਜ ਵਿੱਚ ਉਸ ਵੇਲੇ ਤਿੰਨ ਪ੍ਰਮੁੱਖ ਕੌਮਾਂ ਅਤੇ ਧਾਰਮਿਕ ਵਿਚਾਰਧਾਰਾ ਸਨ। ਸਭ ਤੋਂ ਪਹਿਲੇ ਵੈਦਿਕ ਜਾਂ ਸਨਾਤਨੀ ਮੱਤ, ਜਿਸ ਦਾ ਆਗੂ ਅਤੇ ਪੁਜਾਰੀ ਬ੍ਰਾਹਮਣ ਸੀ, ਦੂਸਰਾ ਮੁਸਲਮਾਨ ਕੌਮ, ਜਿਸ ਦਾ ਧਾਰਮਿਕ ਆਗੂ ਅਤੇ ਪੁਜਾਰੀ ਕਾਜ਼ੀ ਸੀ ਅਤੇ ਤੀਸਰਾ ਯੋਗ ਮਤ, ਜਿਸ ਦੇ ਆਗੂ ਜੋਗੀ ਕਹਾਉਂਦੇ ਸਨ। ਅੱਜ ਜੋਗ ਮੱਤ ਅਤੇ ਸਨਾਤਨੀ ਸਮਾਜ ਆਪਸ ਵਿੱਚ ਰੱਲ-ਗੱਡ ਹੋ ਕੇ ਇਕੋ ਹਿੰਦੂ ਕੌਮ ਦਾ ਰੂਪ ਧਾਰਨ ਕਰ ਚੁੱਕੇ ਹਨ।

ਆਮ ਤੌਰ ਤੇ ਸਾਰੇ ਧਰਮਾਂ ਦੇ ਪੁਜਾਰੀਆਂ ਦਾ ਇੱਕ ਸਾਂਝਾ ਤਰੀਕਾ ਹੈ ਕਿ ਆਮ ਲੋਕਾਈ ਵਿੱਚ ਇੱਕ ਡਰ ਅਤੇ ਸਹਿਮ ਦਾ ਮਾਹੌਲ ਬਣਾ ਕੇ ਰਖਿਆ ਜਾਵੇ, ਜਿਸ ਨਾਲ ਉਹ ਉਨ੍ਹਾਂ ਦੇ ਹੁਕਮ ਵਿੱਚ ਚਲਣ ਲਈ ਮਜਬੂਰ ਹੋਣ ਅਤੇ ਸਮਾਜ ਵਿੱਚ ਉਨ੍ਹਾਂ ਦਾ ਵਿਸ਼ੇਸ਼ ਸਤਿਕਾਰ ਅਤੇ ਸਥਾਨ ਬਣਿਆ ਰਹੇ। ਜਿਸ ਕੌਮ ਵਿੱਚ ਪੁਜਾਰੀਵਾਦ ਜਿਤਨਾ ਵੱਧ ਪ੍ਰਭਾਵਸ਼ਾਲੀ ਹੁੰਦਾ ਹੈ, ਉਸ ਦਾ ਮਾਨਸਿਕ ਵਿਕਾਸ ਉਤਨਾ ਹੀ ਘੱਟ ਹੁੰਦਾ ਹੈ। ਉਦਾਹਰਣ ਦੇ ਤੌਰ ਤੇ ਭਾਰਤ ਵਿੱਚ ਹਿੰਦੂ ਕੌਮ ਨੂੰ ਵੇਖਿਆ ਜਾ ਸਕਦਾ ਹੈ, ਜਿਸ ਦੇ ਪੈਰੋਕਾਰ ਅੱਜ ਦੇ ਵਿਗਿਆਨਕ ਯੁੱਗ ਵਿੱਚ ਵੀ ਪੱਥਰਾਂ ਵਿੱਚ ਪ੍ਰਮੇਸ਼ਰ ਦੀ ਭਾਲ ਕਰ ਰਹੇ ਹਨ, ਮੰਤ੍ਰਾਂ ਨਾਲ ਸੂਰਜ, ਚੰਨ ਅਤੇ ਹੋਰ ਗ੍ਰਹਾਂ ਨੂੰ ਵਸ ਵਿੱਚ ਕਰਨ ਵਿੱਚ ਵਿਸ਼ਵਾਸ ਰਖਦੇ ਹਨ ਅਤੇ ਕੁੱਝ ਕਰਮਕਾਂਡਾਂ ਨਾਲ ਪ੍ਰਮੇਸ਼ਰ ਨੂੰ ਖੁਸ਼ ਕਰਕੇ ਧਨ, ਦੌਲਤ, ਪਦਾਰਥਾਂ ਦੀ ਪ੍ਰਾਪਤੀ ਅਤੇ ਸੁੱਖਾਂ ਦੀ ਭਾਲ ਕਰਦੇ ਹਨ।

ਗੁਰੂ ਨਾਨਕ ਸਾਹਿਬ ਨੇ ਇਨ੍ਹਾਂ ਤਿੰਨਾਂ ਹੀ ਫਿਰਕਿਆਂ ਦੀ ਪੁਜਾਰੀ ਸ਼੍ਰੇਣੀ ਵਲੋਂ ਮਨੁੱਖਤਾ ਉਤੇ ਢਾਹੇ ਜਾ ਰਹੇ ਇਸ ਜ਼ੁਲਮ ਨੂੰ ਵੇਖਿਆ, ਇਸ ਦੇ ਪ੍ਰਕੋਪ ਅਧੀਨ ਲਿਤਾੜੀ ਜਾ ਰਹੀ ਲੋਕਾਈ ਦੇ ਦਰਦ ਨੂੰ ਮਹਿਸੂਸ ਕੀਤਾ ਅਤੇ ਇਨ੍ਹਾਂ ਦੇ ਪਾਖੰਡ ਅਤੇ ਅਤਿਆਚਾਰਾਂ ਨੂੰ ਨੰਗਾ ਕਰਦੇ ਹੋਏ ਬੁਲੰਦ ਆਵਾਜ਼ ਵਿੱਚ ਫੁਰਮਾਇਆ:

"ਕਾਦੀ ਕੂੜੁ ਬੋਲਿ ਮਲੁ ਖਾਇ।। ਬ੍ਰਾਹਮਣੁ ਨਾਵੈ ਜੀਆ ਘਾਇ।।

ਜੋਗੀ ਜੁਗਤਿ ਨ ਜਾਣੈ ਅੰਧੁ।। ਤੀਨੇ ਓਜਾੜੇ ਕਾ ਬੰਧੁ।। " {ਪੰਨਾ ੬੬੨}

ਕਾਜ਼ੀ (ਜੇ ਇੱਕ ਪਾਸੇ ਤਾਂ ਇਸਲਾਮੀ ਧਰਮ ਦਾ ਨੇਤਾ ਹੈ ਤੇ ਦੂਜੇ ਪਾਸੇ ਹਾਕਮ ਭੀ ਹੈ, ਰਿਸ਼ਵਤ ਦੀ ਖ਼ਾਤਰ ਸ਼ਰਈ ਕਾਨੂੰਨ ਬਾਰੇ) ਝੂਠ ਬੋਲ ਕੇ ਹਰਾਮ ਦਾ ਮਾਲ (ਰਿਸ਼ਵਤ) ਖਾਂਦਾ ਹੈ। ਬ੍ਰਾਹਮਣਾਂ (ਕ੍ਰੋੜਾਂ ਸ਼ੂਦਰ-ਅਖਵਾਂਦੇ) ਬੰਦਿਆਂ ਨੂੰ ਦੁਖੀ ਕਰ ਕਰ ਕੇ ਤੀਰਥ-ਇਸ਼ਨਾਨ (ਭੀ) ਕਰਦਾ ਹੈ। ਜੋਗੀ ਭੀ ਅੰਨ੍ਹਾ ਹੈ ਤੇ ਜੀਵਨ ਦੀ ਜਾਚ ਨਹੀਂ ਜਾਣਦਾ। (ਇਹ ਤਿੰਨੇ ਆਪਣੇ ਵਲੋਂ ਧਰਮ-ਨੇਤਾ ਹਨ, ਪਰ) ਇਹਨਾਂ ਤਿੰਨਾਂ ਦੇ ਹੀ ਅੰਦਰ ਆਤਮਕ ਜੀਵਨ ਵਲੋਂ ਸੁੰਞ ਹੀ ਸੁੰਞ ਹੈ।

ਸਤਿਗੁਰੂ ਨੇ ਫੁਰਮਾਇਆ ਕਿ ਕਾਜ਼ੀ ਜੋ ਮੁਸਲਮਾਨ ਕੌਮ ਵਿੱਚ ਧਾਰਮਿਕ ਆਗੂ ਵੀ ਹੈ ਅਤੇ ਜਿਸ ਕੋਲ ਨਿਆਂ ਕਰਨ ਦਾ ਅਧਿਕਾਰ ਵੀ ਹੈ, ਉਹ ਆਪਣੇ ਧਰਮ ਗ੍ਰੰਥਾਂ ਦੀ ਗ਼ਲਤ ਵਿਆਖਿਆਂ ਕਰ ਕੇ, ਝੂਠ ਬੋਲ ਕੋ ਲੋਕਾਂ ਨੂੰ ਲੁੱਟਣ ਦੇ ਆਹਰੇ ਲੱਗਾ ਹੋਇਆ ਹੈ। ਉਸ ਵਲੋਂ ਕੀਤੀ ਗਈ ਲੁੱਟ ਨੂੰ ਸਤਿਗੁਰੂ ਨੇ ਮਲ (ਗੰਦਗੀ) ਦਾ ਨਾਂ ਦਿੱਤਾ। ਬ੍ਰਾਹਮਣੁ ਨਾਵੈ ਜੀਆ ਘਾਇ।। ` ਸ਼ਬਦ ਖਾਸ ਧਿਆਨ ਮੰਗਦੇ ਹਨ, ਜਿਥੇ ਸਤਿਗੁਰੂ ਨੇ ਬ੍ਰਾਹਮਣ ਨੂੰ ਇੱਕ ਉਚ ਕੋੱਟੀ ਦਾ ਦੁਸ਼ਟ ਦੱਸਿਆ ਹੈ, ਜੋ ਸਮਾਜ ਨੂੰ ਕਈ ਹਿੱਸਿਆਂ ਵਿੱਚ ਵੰਡ ਕੇ, ਕਿਸੇ ਨੂੰ ਅਛੂਤ ਗਰਦਾਨ ਕੇ ਉਸ ਤੇ ਵੱਡਾ ਜ਼ੁਲਮ ਢਾਹੁੰਦਾ ਹੈ ਅਤੇ ਨਾਲ ਹੀ ਆਪਣੇ ਆਪ ਨੂੰ ਪਵਿੱਤਰ ਦਰਸਾਉਣ ਲਈ ਜਾ ਕੇ ਤੀਰਥਾਂ ਤੇ ਇਸ਼ਨਾਨ ਵੀ ਕਰ ਆਉਂਦਾ ਹੈ। ਤੀਸਰੇ ਜੋਗੀ ਬਾਰੇ ਸਤਿਗੁਰੂ ਨੇ ਫੁਰਮਾਇਆ ਕਿ ਇਸ ਨੂੰ ਆਪ ਜੀਵਨ ਦੀ ਜੁਗਤਿ ਨਹੀਂ ਆਉਂਦੀ, ਪਰਿਵਾਰ ਨੂੰ ਧਰਮ ਅਨੁਸਾਰ ਪਾਲਣ ਦੀ ਬਜਾਏ, ਆਪਣੇ ਸਮਾਜਿਕ ਫਰਜ਼ਾਂ ਤੋਂ ਭਜ ਕੇ ਜੰਗਲਾਂ ਜਾਂ ਪਹਾੜਾਂ ਤੇ ਜਾ ਲੁਕਦਾ ਹੈ। ਇਹ ਧਾਰਮਿਕ ਤੌਰ ਤੇ ਅੰਧਾ ਹੈ ਜੋ ਇਸ ਮੂਰਖਤਾ ਨੂੰ ਧਰਮ ਸਮਝ ਰਿਹਾ ਹੈ। ਜਿਸ ਨੂੰ ਆਪ ਸੱਚ ਧਰਮ ਦੀ ਸੋਝੀ ਨਹੀਂ, ਉਹ ਲੋਕਾਈ ਨੂੰ ਕਿਵੇਂ ਸਹੀ ਰਾਹੇ ਪਾਵੇਗਾ? ਇਸ ਤਰ੍ਹਾਂ ਇਹ ਤਿੰਨੋਂ ਮਨੁੱਖਤਾ ਦੇ ਉਜਾੜੇ ਦਾ ਕਾਰਨ ਬਣੇ ਹੋਏ ਹਨ।

ਗੁਰਬਾਣੀ ਵਿੱਚ ਜਿਥੇ ਵੀ ਬ੍ਰਾਹਮਣ ਦਾ ਜ਼ਿਕਰ ਆਉਂਦਾ ਹੈ, ਉਥੇ ਹੀ ਛੁਰੀ ਅਤੇ ਜ਼ੁਲਮ ਦੇ ਸੂਚਕ ਸ਼ਬਦ ਵੀ ਅਕਸਰ ਨਾਲ ਆਉਂਦੇ ਹਨ:

"ਪੂਜਾ ਤਿਲਕ ਕਰਤ ਇਸਨਾਨਾਂ।। ਛੁਰੀ ਕਾਢਿ ਲੇਵੈ ਹਥਿ ਦਾਨਾ।। ੨।।

ਬੇਦੁ ਪੜੈ ਮੁਖਿ ਮੀਠੀ ਬਾਣੀ।। ਜੀਆਂ ਕੁਹਤ ਨ ਸੰਗੈ ਪਰਾਣੀ।। " {ਗਉੜੀ ਮਹਲਾ ੫, ਪੰਨਾ ੨੦੧}

(ਬ੍ਰਾਹਮਣ) ਇਸ਼ਨਾਨ ਕਰ ਕੇ ਤਿਲਕ ਲਾ ਕੇ ਪੂਜਾ ਕਰਦਾ ਹੈ, ਤੇ ਛੁਰੀ ਕਢ ਕੇ (ਨਰਕ, ਸੁਰਗ ਆਦਿ ਦਾ ਡਰ ਜਾਂ ਧੋਖਾ ਦੇਕੇ) ਨਿਰਦਇਤਾ ਨਾਲ ਹੱਥ ਵਿੱਚ ਦਾਨ ਲੈਂਦਾ ਹੈ। ੨। (ਬ੍ਰਾਹਮਣ) ਮੂੰਹੋਂ ਤਾਂ ਮਿੱਠੀ ਸੁਰ ਨਾਲ ਵੇਦ (-ਮੰਤ੍ਰ) ਪੜ੍ਹਦਾ ਹੈ, ਪਰ ਆਪਣੇ ਜਜਮਾਨਾਂ ਨਾਲ ਧੋਖਾ ਕਰਦਿਆਂ ਰਤਾ ਨਹੀਂ ਝਿਜਕਦਾ। ੩।

"ਮਥੈ ਟਿਕਾ ਤੇੜਿ ਧੋਤੀ ਕਖਾਈ।। ਹਥਿ ਛੁਰੀ ਜਗਤ ਕਾਸਾਈ।। " {ਮ: ੧, ਪੰਨਾ ੪੭੧}

ਮੱਥੇ ਉੱਤੇ ਟਿੱਕਾ ਲਾਂਦੇ ਹਨ, ਲੱਕ ਦੁਆਲੇ ਗੇਰੂਏ ਰੰਗ ਦੀ ਧੋਤੀ (ਬੰਨ੍ਹਦੇ ਹਨ) ਪਰ ਹੱਥ ਵਿਚ, (ਮਾਨੋ) ਛੁਰੀ ਫੜੀ ਹੋਈ ਹੈ ਤੇ (ਵੱਸ ਲਗਦਿਆਂ) ਹਰੇਕ ਜੀਵ ਉੱਤੇ ਜ਼ੁਲਮ ਕਰਦੇ ਹਨ।

ਸਤਿਗੁਰੂ ਨੇ ਜਿਥੇ ਬ੍ਰਾਹਮਣ ਦੇ ਦੁਸ਼ਟ ਕਰਮਾਂ ਨੂੰ ਸਮਾਜ ਸਾਮ੍ਹਣੇ ਨੰਗਾ ਕੀਤਾ, ਉਥੇ ਧਰਮ ਦੇ ਨਾਂ ਹੇਠ ਲੁੱਟੀ ਅਤੇ ਕੁੱਟੀ ਜਾ ਰਹੀ ਭੋਲੀ-ਭਾਲੀ ਜਨਤਾ ਨੂੰ ਸਮਝਾਇਆ ਕਿ ਜਿਸ ਨੂੰ ਤੁਸੀਂ ਧਰਮ ਸਮਝ ਰਹੇ ਹੋ, ਇਹ ਤਾਂ ਅਸਲ ਵਿੱਚ ਇਨ੍ਹਾਂ ਦਾ ਧੰਦਾ ਹੈ। ਧਰਮ ਦਾ ਐਵੇਂ ਪਾਖੰਡ ਅਤੇ ਵਿਖਾਵਾ ਹੈ। ਸਤਿਗੁਰੂ ਦਾ ਪਾਵਨ ਫੁਰਮਾਨ ਹੈ:

"ਪੰਡਿਤ ਵਾਚਹਿ ਪੋਥੀਆ ਨਾ ਬੂਝਹਿ ਵੀਚਾਰੁ।। ਅਨ ਕਉ ਮਤੀ ਦੇ ਚਲਹਿ ਮਾਇਆ ਕਾ ਵਾਪਾਰੁ।। "

{ਸਿਰੀ ਰਾਗੁ ਮਹਲਾ ੧, ਪੰਨਾ ੫੬}

ਪੰਡਿਤ ਲੋਕ ਧਾਰਮਿਕ ਪੁਸਤਕਾਂ ਪੜ੍ਹਦੇ ਹਨ (ਪਰ ਅੰਦਰੋਂ ਗੁਣ-ਹੀਨ ਹੋਣ ਕਰਕੇ ਉਹਨਾਂ ਪੁਸਤਕਾਂ ਦੀ) ਵਿਚਾਰ ਨਹੀਂ ਸਮਝਦੇ; ਹੋਰਨਾਂ ਨੂੰ ਹੀ ਮੱਤਾਂ ਦੇ ਕੇ (ਜਗਤ ਤੋਂ) ਚਲੇ ਜਾਂਦੇ ਹਨ (ਉਹਨਾਂ ਦਾ ਇਹ ਸਾਰਾ ਉੱਦਮ) ਮਾਇਆ ਕਮਾਣ ਲਈ ਵਪਾਰ ਹੀ ਬਣਿਆ ਰਹਿ ਜਾਂਦਾ ਹੈ।

ਸਤਿਗੁਰੂ ਨੇ ਸਮਝਾਇਆ ਕਿ ਧਰਮ ਪੱਖੋਂ ਤਾਂ ਇਹ ਆਪ ਸੱਖਣੇ ਹਨ। ਜੋ ਹਰ ਵੇਲੇ ਬੇਕਸੂਰ ਬੰਦਿਆਂ ਦਾ ਬੁਰਾ ਹੀ ਸੋਚਦੇ ਰਹਿੰਦੇ ਹਨ, ਭਾਵ ਉਨ੍ਹਾਂ ਨੂੰ ਲੱਟਣ, ਕੁੱਟਣ ਦੇ ਮਨਸੂਬੇ ਬਣਾਉਂਦੇ ਰਹਿੰਦੇ ਹਨ। ਉਹ ਆਪ ਸੰਸਾਰ ਭਵਸਾਗਰ ਵਿੱਚ ਡੁੱਬ ਰਹੇ ਹਨ, ਤੁਹਾਨੂੰ ਕਿਥੋਂ ਤਾਰ ਲੈਣਗੇ? ਗੁਰਬਾਣੀ ਦਾ ਫੁਰਮਾਨ ਹੈ:

"ਐਸੇ ਬ੍ਰਾਹਮਣ ਡੂਬੇ ਭਾਈ।। ਨਿਰਾਪਰਾਧ ਚਿਤਵਹਿ ਬੁਰਿਆਈ।। " {ਆਸਾ ਮਹਲਾ ੫, ਪੰਨਾ ੩੭੨}

ਹੇ ਭਾਈ ! ਇਹੋ ਜਿਹੇ ਬ੍ਰਾਹਮਣਾਂ ਨੂੰ (ਮਾਇਆ ਦੇ ਮੋਹ ਵਿਚ) ਡੁੱਬੇ ਹੋਏ ਜਾਣੋ ਜੇਹੜੇ ਨਿਦੋਸੇ ਬੰਦਿਆਂ ਨੂੰ ਭੀ ਨੁਕਸਾਨ ਅਪੜਾਨ ਦੀਆਂ ਸੋਚਾਂ ਸੋਚਦੇ ਰਹਿੰਦੇ ਹਨ (ਉਚੀ ਜਾਤਿ ਦਾ ਹੋਣਾ, ਜਾਂ ਵੇਦ ਸ਼ਾਸਤ੍ਰ ਪੜ੍ਹੇ ਹੋਣਾ ਭੀ ਉਹਨਾਂ ਦੇ ਆਤਮਕ ਜੀਵਨ ਨੂੰ ਗ਼ਰਕ ਹੋਣੋਂ ਨਹੀਂ ਬਚਾ ਸਕਦਾ, ਜੇ ਉਹ ਦੂਜਿਆਂ ਦਾ ਬੁਰਾ ਤੱਕਦੇ ਰਹਿੰਦੇ ਹਨ)।

ਇਸੇ ਤਰ੍ਹਾਂ ਸਤਿਗੁਰੂ ਨੇ ਕਾਜ਼ੀ ਦੇ ਕੁਕਰਮਾਂ ਨੂੰ ਵੀ ਨੰਗਾ ਕੀਤਾ। ਫੁਰਮਾਇਆ ਕਿ ਜਿਸ ਦੇ ਹੱਥ ਵਿੱਚ ਫੜੀ ਮਾਲਾ (ਤਸਬੀ) ਅਤੇ ਧਾਰਮਿਕ ਪਹਿਰਾਵਾ ਵੇਖ ਕੇ ਤੁਸੀਂ ਉਸ ਨੂੰ ਧਰਮ ਦਾ ਮੁਜੱਸਮਾ ਸਮਝ ਰਹੇ ਹੋ, ਇਹ ਤਾਂ ਆਪ ਵਿਕਾਰਾਂ ਵਿੱਚ ਗਲਤਾਨ ਹੋ ਕੇ, ਧਰਮ ਦੇ ਨਾਂ ਤੇ ਸਮਾਜਿਕ ਸੋਸ਼ਣ ਕਰ ਰਿਹਾ ਹੈ। ਜੇਕਰ ਕੋਈ ਇਸ ਦੇ ਪਾਪ ਕਰਮਾਂ ਖਿਲਫ ਆਵਾਜ਼ ਉਠਾਉਂਦਾ ਹੈ ਤਾਂ ਇਹ ਧਾਰਮਿਕ ਗ੍ਰੰਥਾ ਦੀ ਵਿਆਖਿਆ ਆਪਣੇ ਹਿਸਾਬ ਨਾਲ ਕਰ ਕੇ ਉਸ ਦੀ ਜ਼ੁਬਾਨ ਬੰਦ ਕਰ ਦੇਂਦਾ ਹੈ। ਸਤਿਗੁਰੂ ਦੇ ਪਾਵਨ ਬਚਨ ਹਨ:

"ਕਾਜੀ ਹੋਇ ਕੈ ਬਹੈ ਨਿਆਇ।। ਫੇਰੇ ਤਸਬੀ ਕਰੇ ਖੁਦਾਇ।।

ਵਢੀ ਲੈ ਕੈ ਹਕੁ ਗਵਾਏ।। ਜੇ ਕੋ ਪੁਛੈ ਤਾ ਪੜਿ ਸੁਣਾਏ।। " {ਸਲੋਕੁ ਮਃ ੧, ਪੰਨਾ ੯੫੧}

ਕਾਜ਼ੀ ਬਣ ਕੇ (ਦੂਜਿਆਂ ਦਾ) ਨਿਆਂ ਕਰਨ ਬੈਠਦਾ ਹੈ, ਤਸਬੀ ਫੇਰਦਾ ਹੈ ਖ਼ੁਦਾ ਖ਼ੁਦਾ ਆਖਦਾ ਹੈ, (ਪਰ ਨਿਆਂ ਕਰਨ ਵੇਲੇ) ਵੱਢੀ ਲੈ ਕੇ (ਦੂਜੇ ਦਾ) ਹੱਕ ਮਾਰਦਾ ਹੈ, ਜੇ ਕੋਈ (ਉਸ ਦੇ ਇਸ ਕੰਮ ਤੇ) ਇਤਰਾਜ਼ ਕਰੇ ਤਾਂ (ਕੋਈ ਨ ਕੋਈ ਸ਼ਰ੍ਹਾ ਦੀ ਗੱਲ) ਪੜ੍ਹ ਕੇ ਸੁਣਾ ਦੇਂਦਾ ਹੈ।

ਕਾਜ਼ੀ ਨੂੰ ਵੀ ਸਤਿਗੁਰੂ ਨੇ ਇਹੀ ਗੱਲ ਸਮਝਾਈ ਕਿ ਲਾਲਚ ਅਤੇ ਸੁਆਰਥ ਅਧੀਨ ਤੂੰ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈਂ, ਪਰ ਤੂੰ ਇਹ ਨਹੀਂ ਸਮਝਦਾ ਕਿ ਤੇਰਾ ਆਪਣਾ ਅਨਮੋਲ ਜੀਵਨ ਬਰਬਾਦ ਹੋ ਰਿਹਾ ਹੈ। ਭਗਤ ਕਬੀਰ ਸਾਹਿਬ ਦੇ ਪਾਵਨ ਬਚਨ ਹਨ:

"ਕਾਜੀ ਤੈ ਕਵਨ ਕਤੇਬ ਬਖਾਨੀ।। ਪੜ੍ਹਤ ਗੁਨਤ ਐਸੇ ਸਭ ਮਾਰੇ ਕਿਨਹੂੰ ਖਬਰਿ ਨ ਜਾਨੀ।। " {ਕਬੀਰ ਜੀ, ਪੰਨਾ ੪੭੭}

ਹੇ ਕਾਜ਼ੀ ! ਤੂੰ ਕਿਹੜੀਆਂ ਕਿਤਾਬਾਂ ਵਿਚੋਂ ਦੱਸ ਰਿਹਾ ਹੈਂ (ਕਿ ਮੁਸਲਮਾਨ ਨੂੰ ਬਹਿਸ਼ਤ ਤੇ ਹਿੰਦੂ ਨੂੰ ਦੋਜ਼ਕ ਮਿਲੇਗਾ) ? (ਹੇ ਕਾਜ਼ੀ !) ਤੇਰੇ ਵਰਗੇ ਪੜ੍ਹਨ ਤੇ ਵਿਚਾਰਨ ਵਾਲੇ (ਭਾਵ, ਜੋ ਮਨੁੱਖ ਤੇਰੇ ਵਾਂਗ ਤਅੱਸਬ ਦੀ ਪੱਟੀ ਅੱਖਾਂ ਅੱਗੇ ਬੰਨ੍ਹ ਕੇ ਮਜ਼ਹਬੀ ਕਿਤਾਬਾਂ ਪੜ੍ਹਦੇ ਹਨ) ਸਭ ਖ਼ੁਆਰ ਹੁੰਦੇ ਹਨ। ਕਿਸੇ ਨੂੰ ਅਸਲੀਅਤ ਦੀ ਸਮਝ ਨਹੀਂ ਪਈ।

ਗੁਰੂ ਨਾਨਕ ਸਾਹਿਬ ਨੇ ਬ੍ਰਾਹਮਣ ਅਤੇ ਕਾਜ਼ੀ ਦੋਨਾਂ ਦੇ ਕਰਮਾਂ ਨੂੰ ਪੂਰਨ ਤੌਰ ਤੇ ਨਿੰਦਦੇ ਹੋਏ, ਇਸ ਨੂੰ ਸਾਰਾ ਕੂੜ ਦਾ ਪਸਾਰਾ ਦੱਸਿਆ ਹੈ:

"ਮਾਣਸ ਖਾਣੇ ਕਰਹਿ ਨਿਵਾਜ।। ਛੁਰੀ ਵਗਾਇਨਿ ਤਿਨ ਗਲਿ ਤਾਗ।।

ਤਿਨ ਘਰਿ ਬ੍ਰਹਮਣ ਪੂਰਹਿ ਨਾਦ।। ਉਨਾੑ ਭਿ ਆਵਹਿ ਓਈ ਸਾਦ।।

ਕੂੜੀ ਰਾਸਿ ਕੂੜਾ ਵਾਪਾਰੁ।। ਕੂੜੁ ਬੋਲਿ ਕਰਹਿ ਆਹਾਰੁ।।

ਸਰਮ ਧਰਮ ਕਾ ਡੇਰਾ ਦੂਰਿ।। ਨਾਨਕ ਕੂੜੁ ਰਹਿਆ ਭਰਪੂਰਿ।। " {ਮ: ੧, ਪੰਨਾ ੪੭੧}

(ਕਾਜ਼ੀ ਤੇ ਮੁਸਲਮਾਨ ਹਾਕਮ) ਹਨ ਤਾਂ ਵੱਢੀ-ਖ਼ੋਰੇ, ਪਰ ਪੜ੍ਹਦੇ ਹਨ ਨਮਾਜ਼ਾਂ। (ਇਹਨਾਂ ਹਾਕਮਾਂ ਦੇ ਅੱਗੇ ਮੁਨਸ਼ੀ ਉਹ ਖੱਤ੍ਰੀ ਹਨ ਜੋ) ਛੁਰੀ ਚਲਾਂਦੇ ਹਨ (ਭਾਵ, ਗ਼ਰੀਬਾਂ ਉੱਤੇ ਜ਼ੁਲਮ ਕਰਦੇ ਹਨ), ਪਰ ਉਹਨਾਂ ਦੇ ਗਲ ਵਿੱਚ ਜਨੇਊ ਹਨ। ਇਹਨਾਂ (ਜ਼ਾਲਮ ਖੱਤ੍ਰੀਆਂ) ਦੇ ਘਰ ਵਿੱਚ ਬ੍ਰਾਹਮਣ ਜਾ ਕੇ ਸੰਖ ਵਜਾਂਦੇ ਹਨ; ਤਾਂ ਤੇ ਉਨ੍ਹਾਂ ਬ੍ਰਾਹਮਣਾਂ ਨੂੰ ਭੀ ਉਹਨਾਂ ਹੀ ਪਦਾਰਥਾਂ ਦੇ ਸੁਆਦ ਆਉਂਦੇ ਹਨ (ਭਾਵ, ਉਹ ਬ੍ਰਾਹਮਣ ਭੀ ਜ਼ੁਲਮ ਦੇ ਕਮਾਏ ਹੋਏ ਪਦਾਰਥ ਖਾਂਦੇ ਹਨ)। (ਇਹਨਾਂ ਲੋਕਾਂ ਦੀ) ਇਹ ਝੂਠੀ ਪੂੰਜੀ ਹੈ ਤੇ ਝੂਠਾ ਹੀ ਇਹਨਾਂ ਦਾ (ਇਹ) ਵਪਾਰ ਹੈ। ਝੂਠ ਬੋਲ ਬੋਲ ਕੇ (ਹੀ) ਇਹ ਰੋਜ਼ੀ ਕਮਾਂਦੇ ਹਨ। ਹੁਣ ਸ਼ਰਮ ਤੇ ਧਰਮ ਦੀ ਸਭਾ ਉਠ ਗਈ ਹੈ (ਭਾਵ, ਇਹ ਲੋਕ ਨਾ ਆਪਣੀ ਸ਼ਰਮ ਹਯਾ ਦਾ ਖ਼ਿਆਲ ਕਰਦੇ ਹਨ ਅਤੇ ਨਾ ਹੀ ਧਰਮ ਦੇ ਕੰਮ ਕਰਦੇ ਹਨ)। ਹੇ ਨਾਨਕ ! ਸਭ ਥਾਈਂ ਝੂਠ ਹੀ ਪਰਧਾਨ ਹੋ ਰਿਹਾ ਹੈ।

ਇਸੇ ਕਰਕੇ ਸਤਿਗੁਰੂ ਨੇ ਮਨੁੱਖੀ ਸਮਾਜ ਨੂੰ ਇਨ੍ਹਾਂ ਧਾਰਮਿਕ ਆਗੂਆਂ ਤੋਂ ਮੁਕਤ ਕਰਾਉਣ ਦਾ ਮਹਾਨ ਕਾਰਜ ਆਰੰਭ ਕੀਤਾ। ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦਾ ਫੈਸਲਾ ਹੈ:

"ਹਮਰਾ ਝਗਰਾ ਰਹਾ ਨ ਕੋਊ।। ਪੰਡਿਤ ਮੁਲਾਂ ਛਾਡੇ ਦੋਊ।।

.

ਪੰਡਿਤ ਮੁਲਾਂ ਜੋ ਲਿਖਿ ਦੀਆ।। ਛਾਡਿ ਚਲੇ ਹਮ ਕਛੂ ਨ ਲੀਆ।। " {ਕਬੀਰ ਜੀ, ਪੰਨਾ ੧੧੫੯}

ਮੈਂ ਪੰਡਿਤ ਅਤੇ ਮੁੱਲਾਂ ਦੋਵੇਂ ਹੀ ਛੱਡ ਦਿੱਤੇ ਹਨ । ਦੋਹਾਂ (ਦੇ ਦੱਸੇ ਕਰਮ-ਕਾਂਡ ਤੇ ਸ਼ਰਹ ਦੇ ਰਸਤੇ) ਨਾਲ ਮੇਰਾ ਕੋਈ ਵਾਸਤਾ ਨਹੀਂ ਰਿਹਾ (ਭਾਵ, ਕਰਮ-ਕਾਂਡ ਅਤੇ ਸ਼ਰਹ ਇਹ ਦੋਵੇਂ ਹੀ ਨਾਮ-ਸਿਮਰਨ ਦੇ ਟਾਕਰੇ ਤੇ ਤੁੱਛ ਹਨ)।

(ਕਰਮ-ਕਾਂਡ ਤੇ ਸ਼ਰਹ ਬਾਰੇ) ਪੰਡਿਤਾਂ ਅਤੇ ਮੌਲਵੀਆਂ ਨੇ ਜੋ ਕੁੱਝ ਲਿਖਿਆ ਹੈ, ਮੈਨੂੰ ਕਿਸੇ ਦੀ ਭੀ ਲੋੜ ਨਹੀਂ ਰਹੀ, ਮੈਂ ਇਹ ਸਭ ਕੁੱਝ ਛੱਡ ਦਿੱਤਾ ਹੈ ।

ਇਸੇ ਤਰ੍ਹਾਂ ਗੁਰਬਾਣੀ ਨੇ ਜੋਗੀਆਂ ਬਾਰੇ ਵੀ ਸਮਝਾਇਆ ਹੈ ਕਿ ਇਹ ਕਈ ਤਰ੍ਹਾਂ ਦੇ ਵਿਖਾਵੇ ਦੇ ਧਾਰਮਿਕ ਕਰਮ (ਕਰਮਕਾਂਡ) ਕਰਦੇ ਹਨ, ਪਰ ਆਪਣੇ ਮਨ ਨੂੰ ਹੀ ਸ਼ਾਂਤੀ ਨਹੀਂ ਆਉਂਦੀ। ਗੁਰੂ ਗ੍ਰੰਥ ਸਾਹਿਬ ਦਾ ਪਾਵਨ ਫੁਰਮਾਨ ਹੈ:

"ਖਟੁ ਸਾਸਤ ਬਿਚਰਤ ਮੁਖਿ ਗਿਆਨਾ।। ਪੂਜਾ ਤਿਲਕੁ ਤੀਰਥ ਇਸਨਾਨਾ।।

ਨਿਵਲੀ ਕਰਮ ਆਸਨ ਚਉਰਾਸੀਹ ਇਨ ਮਹਿ ਸਾਂਤਿ ਨ ਆਵੈ ਜੀਉ।। ੨।।

ਅਨਿਕ ਬਰਖ ਕੀਏ ਜਪ ਤਾਪਾ।। ਗਵਨੁ ਕੀਆ ਧਰਤੀ ਭਰਮਾਤਾ।।

ਇਕੁ ਖਿਨੁ ਹਿਰਦੈ ਸਾਂਤਿ ਨ ਆਵੈ ਜੋਗੀ ਬਹੁੜਿ ਬਹੁੜਿ ਉਠਿ ਧਾਵੈ ਜੀਉ।। ੩।। " {ਮਾਝ ਮਹਲਾ ੫, ਪੰਨਾ ੯੮}

ਕਈ ਐਸੇ ਹਨ ਜੋ ਛੇ ਸ਼ਾਸਤ੍ਰਾਂ ਨੂੰ ਵਿਚਾਰਦੇ ਹਨ ਤੇ ਉਹਨਾਂ ਦਾ ਉਪਦੇਸ਼ ਮੂੰਹ ਨਾਲ (ਸੁਣਾਂਦੇ ਹਨ), ਦੇਵ-ਪੂਜਾ ਕਰਦੇ ਹਨ ਮੱਥੇ ਤੇ ਤਿਲਕ ਲਾਂਦੇ ਹਨ, ਤੀਰਥਾਂ ਦੇ ਇਸ਼ਨਾਨ ਕਰਦੇ ਹਨ। ਕਈ ਐਸੇ ਹਨ ਜੋ ਨਿਵਲੀ ਕਰਮ ਆਦਿਕ ਜੋਗੀਆਂ ਵਾਲੇ ਚੌਰਾਸੀ ਆਸਣ ਕਰਦੇ ਹਨ। ਪਰ ਇਹਨਾਂ ਉੱਦਮਾਂ ਨਾਲ (ਮਨ ਵਿਚ) ਸ਼ਾਂਤੀ ਨਹੀਂ ਆਉਂਦੀ। ੨।

ਜੋਗੀ ਲੋਕ ਅਨੇਕਾਂ ਸਾਲ ਜਪ ਕਰਦੇ ਹਨ, ਤਪ ਸਾਧਦੇ ਹਨ; ਸਾਰੀ ਧਰਤੀ ਉਤੇ ਭ੍ਰਮਣ ਭੀ ਕਰਦੇ ਹਨ। (ਇਸ ਤਰ੍ਹਾਂ ਭੀ) ਹਿਰਦੇ ਵਿੱਚ ਇੱਕ ਖਿਨ ਵਾਸਤੇ ਭੀ ਸ਼ਾਂਤੀ ਨਹੀਂ ਆਉਂਦੀ। ਫਿਰ ਭੀ ਜੋਗੀ ਇਹਨਾਂ ਜਪਾਂ ਤਪਾਂ ਦੇ ਪਿੱਛੇ ਹੀ ਮੁੜ ਮੁੜ ਦੌੜਦਾ ਹੈ। ੩।

ਸਤਿਗੁਰੂ ਬਖਸ਼ਿਸ਼ ਕਰਦੇ ਹੋਏ ਸਮਝਾਉਂਦੇ ਹਨ ਕਿ ਜਿਸ ਜੋਗੀ ਨੂੰ ਆਪ ਹੀ ਜੀਵਨ ਦੀ ਜੁਗਤਿ ਨਹੀਂ ਆਈ, ਜੋ ਆਪ ਹੀ ਭਟਕਣਾ ਵਿੱਚ ਪਏ ਹੋਏ ਹਨ, ਇਹ ਤੁਹਾਡਾ ਜਾਂ ਸਮਾਜ ਦਾ ਕੀ ਸਵਾਰਨਗੇ? ਗੁਰਬਾਣੀ ਦੇ ਪਾਵਨ ਬਚਨ ਹਨ:

"ਜੋਗੀ ਗਿਰਹੀ ਜਟਾ ਬਿਭੂਤ।। ਆਗੈ ਪਾਛੈ ਰੋਵਹਿ ਪੂਤ।।

ਜੋਗੁ ਨ ਪਾਇਆ ਜੁਗਤਿ ਗਵਾਈ।। ਕਿਤੁ ਕਾਰਣਿ ਸਿਰਿ ਛਾਈ ਪਾਈ।। " {ਸਲੋਕੁ ਮਃ ੧, ਪੰਨਾ ੯੫੧}

ਜੋਗੀ ਨੇ ਜਟਾਂ ਰੱਖੀਆਂ ਹੋਈਆਂ ਹਨ, ਸੁਆਹ ਭੀ ਮਲੀ ਹੋਈ ਹੈ, ਪਰ ਹੈ ਗ੍ਰਿਹਸਤੀ, ਉਸ ਦੇ ਅੱਗੇ ਪਿੱਛੇ ਅੰਞਾਣੇ ਰੋਂਦੇ ਫਿਰਦੇ ਹਨ, ਜੋਗ-ਮਾਰਗ ਭੀ ਨਾਹ ਲੱਭਾ ਤੇ ਜੀਉਣ ਦੀ ਜੁਗਤਿ ਭੀ ਗਵਾ ਬੈਠਾ ਹੈ। ਸਿਰ ਉਤੇ ਸੁਆਹ ਉਸ ਨੇ ਕਾਹਦੇ ਲਈ ਪਾਈ ਹੈ ?

ਸਤਿਗੁਰੂ ਨੇ ਮਨੁੱਖਤਾ ਤੇ ਵੱਡਾ ਉਪਕਾਰ ਕਰਦੇ ਹੋਏ ਪਾਵਨ ਗੁਰਬਾਣੀ ਰਾਹੀਂ ਅਕਾਲ-ਪੁਰਖ ਦਾ ਅਲੌਕਕਿ ਗਿਆਨ ਸੰਸਾਰ ਤੇ ਪਰਗਟ ਕੀਤਾ ਅਤੇ ਮਨੁੱਖਤਾ ਨੂੰ ਸਮਝਾਇਆ ਕਿ ਜੇ ਤੁਸੀਂ ਸੱਚਮੁੱਚ ਧਰਮੀ ਬਨਣਾ ਚਾਹੁੰਦੇ ਹੋ, ਜੀਵਨ ਵਿੱਚ ਧਰਮ ਕਮਾਉਣਾ ਚਾਹੁੰਦੇ ਹੋ ਤਾਂ ਧਾਰਮਿਕ ਆਗੂਆਂ ਦੇ ਰੂਪ ਵਿੱਚ ਤੁਰੇ ਫਿਰਦੇ ਠੱਗਾਂ ਦਾ ਖਹਿੜਾ ਛੱਡ ਕੇ, ਗੁਰਬਾਣੀ ਪੜ੍ਹ ਕੇ, ਵਿਚਾਰ ਕੇ, ਗੁਰਮਤਿ ਦੇ ਪਾਵਨ ਗੁਣ ਆਪਣੇ ਜੀਵਨ ਵਿੱਚ ਧਾਰਨ ਕਰ ਕੇ, ਆਪਣਾ ਜੀਵਨ ਸਫਲਾ ਕਰ ਲਓ।

ਧਰਮ ਦੀ ਦੁਨੀਆਂ ਵਿੱਚ ਇਹ ਇੱਕ ਵੱਡਾ ਇਨਕਲਾਬ ਸੀ ਜਦੋਂ ਆਪਣੇ ਜੀਵਨ ਕਾਲ ਵਿੱਚ ਹੀ ਸਤਿਗੁਰੁ ਨੇ ਗੁਰਬਾਣੀ ਨੂੰ ਗੁਰੂ ਆਖ ਕੇ ਮਨੁੱਖਤਾ ਨੂੰ ਆਪਣੇ ਸਰੀਰ ਨਾਲ ਜੋੜਨ ਦੀ ਬਜਾਏ, ਗੁਰਬਾਣੀ ਰਾਹੀਂ ਅਕਾਲ-ਪੁਰਖ ਦੇ ਅਲੌਕਿਕ ਗਿਆਨ ਨਾਲ ਜੋੜਿਆ। ਗੁਰਬਾਣੀ ਦੇ ਪਾਵਨ ਵਾਕ ਹਨ:

"ਪਵਨ ਅਰੰਭੁ ਸਤਿਗੁਰ ਮਤਿ ਵੇਲਾ।। ਸਬਦੁ ਗੁਰੂ ਸੁਰਤਿ ਧੁਨਿ ਚੇਲਾ।। " {ਰਾਮਕਲੀ ਮਹਲਾ ੧ ਸਿਧ ਗੋਸਟਿ, ਪੰਨਾ ੯੪੩}

ਪ੍ਰਾਣ ਹੀ ਹਸਤੀ ਦਾ ਮੁੱਢ ਹਨ। (ਇਹ ਮਨੁੱਖਾ ਜਨਮ ਦਾ) ਸਮਾ ਸਤਿਗੁਰੂ ਦੀ ਸਿੱਖਿਆ ਲੈਣ ਦਾ ਹੈ। ਸ਼ਬਦ (ਮੇਰਾ) ਗੁਰੂ ਹੈ, ਮੇਰੀ ਸੁਰਤਿ ਦਾ ਟਿਕਾਉ (ਉਸ ਗੁਰੂ ਦਾ) ਸਿੱਖ ਹੈ।

"ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ।।

ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ।। " {ਨਟ ਮਹਲਾ ੪, ਪੰਨਾ ੯੮੨}

(ਹੇ ਭਾਈ ! ਗੁਰੂ ਦੀ) ਬਾਣੀ (ਸਿੱਖ ਦਾ) ਗੁਰੂ ਹੈ, ਗੁਰੂ ਬਾਣੀ ਵਿੱਚ ਮੌਜੂਦ ਹੈ। (ਗੁਰੂ ਦੀ) ਬਾਣੀ ਵਿੱਚ ਆਤਮਕ ਜੀਵਨ ਦੇਣ ਵਾਲਾ ਨਾਮ-ਜਲ (ਹੈ, ਜਿਸ ਨੂੰ ਸਿੱਖ ਹਰ ਵੇਲੇ ਆਪਣੇ ਹਿਰਦੇ ਵਿਚ) ਸਾਂਭ ਰੱਖਦਾ ਹੈ। ਗੁਰੂ ਬਾਣੀ ਉਚਾਰਦਾ ਹੈ, (ਗੁਰੂ ਦਾ) ਸੇਵਕ ਉਸ ਬਾਣੀ ਉਤੇ ਸਰਧਾ ਧਾਰਦਾ ਹੈ। ਗੁਰੂ ਉਸ ਸਿੱਖ ਨੂੰ ਯਕੀਨੀ ਤੌਰ ਤੇ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦਾ ਹੈ।

"ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ।। ਸਚਾ ਸਉਦਾ ਹਟੁ ਸਚੁ ਰਤਨੀ ਭਰੇ ਭੰਡਾਰ।।

ਗੁਰ ਕਿਰਪਾ ਤੇ ਪਾਈਅਨਿ ਜੇ ਦੇਵੈ ਦੇਵਣਹਾਰੁ।। " {ਮਃ ੩, ਪੰਨਾ ੬੪੬}

ਕੇਵਲ ਬਾਣੀ ਹੀ ਪ੍ਰਮਾਣੀਕ ਗੁਰੂ ਹੈ, ਗੁਰੂ ਦੇ ਸ਼ਬਦ ਨੂੰ ਹੀ ਵਿਚਾਰੋਇਹੀ ਸਦਾ-ਥਿਰ ਰਹਿਣ ਵਾਲਾ ਸੌਦਾ ਹੈ, ਇਹੀ ਸੱਚਾ ਹੱਟ ਹੈ ਜਿਸ ਵਿੱਚ ਰਤਨਾਂ ਦੇ ਭੰਡਾਰੇ ਭਰੇ ਪਏ ਹਨ, ਜੇ ਦੇਣ ਵਾਲਾ (ਹਰੀ) ਦੇਵੇ ਤਾਂ (ਇਹ ਖ਼ਜ਼ਾਨੇ) ਸਤਿਗੁਰੂ ਦੀ ਕਿਰਪਾ ਨਾਲ ਮਿਲਦੇ ਹਨ।

"ਸਬਦੁ ਗੁਰ ਪੀਰਾ ਗਹਿਰ ਗੰਭੀਰਾ ਬਿਨੁ ਸਬਦੈ ਜਗੁ ਬਉਰਾਨੰ।।

ਪੂਰਾ ਬੈਰਾਗੀ ਸਹਜਿ ਸੁਭਾਗੀ ਸਚੁ ਨਾਨਕ ਮਨੁ ਮਾਨੰ।। " {ਸੋਰਠਿ ਮਹਲਾ ੧, ਪੰਨਾ ੬੩੫}

ਗੁਰੂ ਪੀਰ ਦੇ ਸ਼ਬਦ ਨੂੰ (ਹਿਰਦੇ ਵਿੱਚ ਟਿਕਾ ਕੇ) ਉਹ ਡੂੰਘੇ ਜਿਗਰੇ ਵਾਲਾ ਬਣ ਜਾਂਦਾ ਹੈ। ਪਰ ਗੁਰ-ਸ਼ਬਦ ਤੋਂ ਖੁੰਝ ਕੇ ਜਗਤ (ਮਾਇਆ ਦੇ ਮੋਹ ਵਿਚ) ਕਮਲਾ (ਹੋਇਆ ਫਿਰਦਾ) ਹੈ। ਉਹ ਪੂਰਨ ਤਿਆਗੀ ਮਨੁੱਖ ਅਡੋਲ ਆਤਮਕ ਅਵਸਥਾ ਵਿੱਚ ਟਿਕ ਕੇ ਚੰਗੇ ਭਾਗਾਂ ਵਾਲਾ ਬਣ ਜਾਂਦਾ ਹੈ, ਉਸ ਦਾ ਮਨ ਸਦਾ-ਥਿਰ ਰਹਿਣ ਵਾਲੇ ਪ੍ਰਭੂ (ਦੀ ਯਾਦ ਨੂੰ ਹੀ ਆਪਣਾ ਜੀਵਨ-ਨਿਸ਼ਾਨਾ) ਮੰਨਦਾ ਹੈ।

ਤਾਕਿ ਮਨੁੱਖਤਾ ਸਦੈਵ ਕਾਲ ਲਈ ਪੁਜਾਰੀ ਰੂਪੀ ਦੁਸ਼ਟ ਠੱਗਾਂ ਤੋਂ ਮੁਕਤ ਰਹਿ ਸਕੇ, ਸਤਿਗੁਰੂ ਨੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿਚ, ੫੮੭੧ ਸ਼ਬਦਾਂ ਦਾ, ਗਿਆਨ ਦਾ ਅਨਮੋਲ ਖਜਾਨਾ ਤਿਆਰ ਕਰ ਦਿੱਤਾ। ਫਿਰ ਅਕਾਲ-ਪੁਰਖ ਦੇ ਗਿਆਨ ਤੇ ਆਪਣਾ ਏਕਾਧਿਕਾਰ ਨਹੀਂ ਜਤਾਇਆ। ਜੇ ਅਕਾਲ-ਪੁਰਖ ਦੇ ਗਿਆਨ ਦੀ ਇਲਾਹੀ ਵਰਖਾ ਭਗਤ ਸਾਹਿਬਾਨ ਤੇ ਹੋਈ ਤਾਂ ਬਿਨਾਂ ਕਿਸੇ ਜਾਤ-ਪਾਤ, ਊਚ-ਨੀਚ, ਇਲਾਕੇ ਦੇ ਮਤਿਭੇਦ ਦੇ ਉਨ੍ਹਾਂ ਦੀ ਬਾਣੀ ਵੀ ਗੁਰੂ ਗ੍ਰੰਥ ਵਿੱਚ ਦਰਜ ਕਰ ਲਈ। ਜੇ ਇਲਾਹੀ ਗਿਆਨ ਦੀਆਂ ਰਿਸ਼ਮਾਂ ਭੱਟ ਸਾਹਿਬਾਨ ਅੰਦਰ ਫੁੱਟੀਆਂ ਤਾਂ ਉਨ੍ਹਾਂ ਦੀ ਬਾਣੀ ਨੂੰ ਵੀ ਗੁਰੂ ਗ੍ਰੰਥ ਸਾਹਿਬ ਅੰਦਰ ਸਥਾਨ ਦਿੱਤਾ, ਇਥੋਂ ਤੱਕ ਕਿ ਜੇ ਸਿੱਖ ਦਾ ਜੀਵਨ ਸਤਿਗੁਰੂ ਦੇ ਗਿਆਨ ਨਾਲ ਸਰੋਸ਼ਾਰ ਹੋ ਗਿਆ ਤਾਂ ਉਸ ਨੂੰ ਇਤਨਾ ਸਤਿਕਾਰ ਦਿੱਤਾ ਕਿ ਉਸ ਦੀਆਂ ਰਚਨਾਵਾਂ ਨੂੰ ਵੀ ਗੁਰਬਾਣੀ ਦਾ ਮਾਣ ਪ੍ਰਾਪਤ ਹੋਇਆ।

ਇਹ ਅਤਿ ਦੁੱਖ ਦੀ ਗੱਲ ਹੈ ਕਿ ਅੱਜ ਗੁਰੂ ਨਾਨਕ ਪਾਤਿਸ਼ਾਹ ਦੀ ਸਿੱਖੀ ਵਿੱਚ ਹੀ ਕਈ ਪੁਜਾਰੀ ਪੈਦਾ ਹੋ ਗਏ ਹਨ। ਪਹਿਲਾਂ ਤਾਂ ਗੁਰਦੁਆਰਿਆਂ ਦੇ ਬਹੁਤੇ ਗ੍ਰੰਥੀ ਅਤੇ ਪ੍ਰਚਾਰਕ ਹੀ ਪੁਜਾਰੀ ਬਣੇ ਬੈਠੇ ਹਨ। ਇਸੇ ਦਾ ਨਤੀਜਾ ਹੈ ਕਿ ਅੱਜ ਬਹੁਤਾਤ ਸਿੱਖ ਗੁਰਦੁਆਰੇ ਗੁਰੂ ਗ੍ਰੰਥ ਸਾਹਿਬ ਦਾ ਅਲੌਕਿਕ ਗਿਆਨ ਪ੍ਰਾਪਤ ਕਰਨ ਨਹੀਂ, ਸਗੋਂ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਕਰਨ ਜਾਂਦੇ ਹਨ। ਫਿਰ ਇਨ੍ਹਾਂ ਗ੍ਰੰਥੀਆਂ, ਪ੍ਰਚਾਰਕਾਂ ਤੋਂ ਉਪਰ ਦਾ ਦਰਜਾ ਜਥੇਦਾਰ ਅਤੇ ਤਖਤਾਂ ਦੇ ਜਥੇਦਾਰ ਦਾ ਬਣ ਗਿਆ ਹੈ।

ਇਨ੍ਹਾਂ ਸਭ ਤੋਂ ਉਪਰ, ਗੁਰਬਾਣੀ ਵਿੱਚ ਆਏ ਕੁੱਝ ਸ਼ਬਦਾਂ ਦੀ ਦੁਰਵਰਤੋਂ ਕਰ ਕੇ, ਸੰਤ, ਮਹੰਤ, ਬਾਬੇ ਪੈਦਾ ਹੋ ਗਏ ਹਨ, ਜਿਨ੍ਹਾਂ ਗੁਰਬਾਣੀ ਵਿਚੋਂ ਹੀ ਆਪਣੇ ਵਾਸਤੇ ਮਹਾਪੁਰਖ, ਬ੍ਰਹਮਗਿਆਨੀ ਆਦਿ ਵੱਡੀਆਂ ਵੱਡੀਆਂ ਡਿਗਰੀਆਂ ਲੱਭ ਕੇ ਆਪੇ ਆਪਣੇ ਨਾਵਾਂ ਨਾਲ ਜੋੜ ਲਈਆਂ ਹਨ। ਇਹ ਨਵੀਂ ਪੁਜਾਰੀ ਸ਼੍ਰੇਣੀ ਸਿੱਖੀ ਅਤੇ ਸਿੱਖਾਂ ਦਾ ਉਂਝ ਹੀ ਘਾਣ ਕਰ ਰਹੀ ਹੈ, ਉਂਝ ਹੀ ਸੋਸ਼ਣ ਕਰ ਰਹੀ ਹੈ, ਜਿਵੇਂ ਬ੍ਰਾਹਮਣ ਅਤੇ ਹੋਰ ਪੁਜਾਰੀ ਮਨੁੱਖਤਾ ਦਾ ਸਦੀਆਂ ਤੋਂ ਕਰਦੇ ਆਏ ਹਨ। ਜਿਸ ਸਿੱਖ ਨੇ ਸਤਿਗੁਰੂ ਦਾ ਗਿਆਨ ਪ੍ਰਾਪਤ ਕਰਕੇ ਅਪਣੇ ਜੀਵਨ ਨੂੰ ਉਸ ਦੇ ਰੰਗ ਵਿੱਚ ਰੰਗ ਕੇ ਸਾਰੀ ਮਨੁੱਖਤਾ ਨੂੰ ਅਗਵਾਈ ਬਖਸ਼ਣੀ ਸੀ, ਸਾਰੀ ਮਨੁੱਖਤਾ ਨੂੰ ਪੁਜਾਰੀ ਸ਼੍ਰੇਣੀ ਦੀ ਮਾਨਸਿਕ ਗੁਲਾਮੀ ਤੋਂ ਮੁਕਤ ਕਰਾਉਣਾ ਸੀ, ਗਿਆਨ ਵਿਹੂਣਾ ਹੋ ਕੇ ਉਹ ਆਪ ਹੀ ਇਸ ਦਾ ਸ਼ਿਕਾਰ ਹੋ ਗਿਆ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top