Share on Facebook

Main News Page

ਖ਼ਾਲਸਾ ਪੰਥ ਬਨਾਮ ਡੇਰਾਵਾਦ (ਭਾਗ ਪਹਿਲਾ)
-:
ਸ. ਰਾਜਿੰਦਰ ਸਿੰਘ
ਮੁੱਖ ਸੇਵਾਦਾਰ, ਸ਼੍ਰੋਮਣੀ ਖਾਲਸਾ ਪੰਚਾਇਤ

👉 ਲੜੀ ਜੋੜਨ ਲਈ ਪਿਛਲੇ ਭਾਗ ਪੜ੍ਹੋ

ਆਪਣੇ ਕਾਰੋਬਾਰੀ ਦਫਤਰ ਤੋਂ ਘਰ ਵਾਪਸ ਜਾਣ ਲਈ ਨਿਕਲਿਆ ਤਾਂ ਬਹੁਤ ਸਾਰੀ ਸਿੱਖ ਸੰਗਤ ਨੂੰ ਚੌਂਕ ਵਿੱਚ ਇਕੱਠੇ ਹੋਏ ਵੇਖਿਆ। ਇੰਝ ਜਾਪਿਆ ਜਿਵੇਂ ਬੜੀ ਬੇਤਾਬੀ ਨਾਲ ਕਿਸੇ ਦਾ ਇੰਤਜ਼ਾਰ ਕਰ ਰਹੇ ਹੋਣ। ਇਹ ਸੋਚਦਾ ਅੱਗੇ ਲੰਘ ਗਿਆ ਕਿ ਸ਼ਾਇਦ ਕੋਈ ਗੁਰਪੁਰਬ ਨੇੜੇ ਹੋਵੇ? ਸ਼ਾਇਦ ਕੋਈ ਨਗਰ ਕੀਰਤਨ ਲੰਘਣਾ ਹੋਵੇ? ਆਪਣੇ ਦਿਮਾਗ਼ ਤੇ ਜ਼ੋਰ ਪਾ ਕੇ ਯਾਦ ਕਰਨ ਦੀ ਕੋਸ਼ਿਸ਼ ਕੀਤੀ, ਪਰ ਕੋਈ ਧਿਆਨ ਨਾ ਆਇਆ। ਅਗਲੇ ਚੌਂਕ ਕੋਲ ਪਹੁੰਚਿਆ ਤਾਂ ਹੋਰ ਸੰਗਤਾਂ ਦੀ ਭੀੜ ਦੂਰੋਂ ਹੀ ਨਜ਼ਰ ਆ ਗਈ। ਆਪਣੇ ਅਵੇਸਲੇਪਨ ਤੇ ਬਹੁਤ ਦੁੱਖ ਹੋਇਆ ਕਿ ਮੈਨੂੰ ਹੋਸ਼ ਹੀ ਨਹੀਂ ਕਿ ਕਿਹੜਾ ਗੁਰਪੁਰਬ ਆ ਰਿਹਾ ਹੈ। ਇੱਕ ਪਾਸੇ ਗੱਡੀ ਰੋਕ ਕੇ, ਇੱਕ ਗੁਰਸਿੱਖ ਵੀਰ ਨੂੰ ਪੁੱਛਿਆ, ਵੀਰ ਜੀ, ਕੋਈ ਨਗਰ ਕੀਰਤਨ ਆ ਰਿਹਾ ਹੈ? ਨਹੀਂ ਜੀ, ਸਾਡੇ ਮਹਾਂਪੁਰਖ ਬਾਬਾ. . ਜੀ ਨੇ ਇਥੋਂ ਲੰਘਣਾ ਹੈ, ਉਸ ਜੁਆਬ ਦਿੱਤਾ। ਮੈਂ ਇਥੇ ਉਸ ਬਾਬੇ ਦਾ ਨਾਂ ਲਿਖਣਾ ਜ਼ਰੂਰੀ ਨਹੀਂ ਸਮਝਦਾ। ਮੈਂ ਬਹੁਤ ਹੈਰਾਨ ਹੋਇਆ, ਸਿੱਖ ਕੌਮ ਵਿੱਚ ਕੋਈ ਵਿਅਕਤੀ ਇਤਨਾ ਮਹੱਤਵਪੂਰਨ ਹੋ ਗਿਆ ਕਿ ਉਸ ਦੇ ਸੁਆਗਤ ਵਾਸਤੇ ਇਤਨੀਆਂ ਸੰਗਤਾਂ ਕੰਮ ਕਾਰ ਛੱਡ ਕੇ ਸੜਕਾਂ ਤੇ ਖੜ੍ਹੀਆਂ ਨੇ। ਮੈਂ ਉਸ ਵੀਰ ਕੋਲੋਂ ਉਸ ਅਖੌਤੀ ਮਹਾਂਪੁਰਖ ਬਾਰੇ ਕੁੱਝ ਹੋਰ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ। ਇਤਨੇ ਨੂੰ ਨੇੜੇ ਹੀ ਇੱਕ ਹੋਰ ਵੀਰ, ਜੋ ਮੋਬਾਈਲ ਤੇ ਕਿਸੇ ਨਾਲ ਗੱਲ ਕਰ ਰਿਹਾ ਸੀ, ਨੇ ਉੱਚੀ ਸਾਰੀ ਅਵਾਜ਼ ਲਗਾਈ, ਸਾਧ ਸੰਗਤ ਜੀ! ਤਿਆਰ ਹੋ ਜਾਓ, ਮਹਾਂਪੁਰਖ ਪਹੁੰਚ ਰਹੇ ਨੇ। ਬੱਸ ਪਲਾਂ ਵਿੱਚ ਹੀ ਪੰਜ-ਛੇ ਗੱਡੀਆਂ ਦਾ ਕਾਫਲਾ ਉਥੇ ਆ ਪਹੁੰਚਿਆ।

ਜਿਵੇਂ ਹੀ ਉਨ੍ਹਾਂ ਦੀਆਂ ਗੱਡੀਆਂ ਸੜਕ ਦੇ ਕਿਨਾਰੇ ਲੱਗੀਆਂ, ਸੰਗਤ ਵਿੱਚ ਜਿਵੇਂ ਭਾਜੜ ਪੈ ਗਈ ਹੋਵੇ। ਸਾਰੀ ਸੰਗਤ ਉਧਰ ਹੀ ਦੌੜ ਪਈ। ਪਹਿਲੀ ਅਤੇ ਤੀਸਰੀ ਜੀਪ ਨੁਮਾਂ ਗੱਡੀਆਂ ਵਿਚੋਂ ਦਸ-ਬਾਰ੍ਹਾਂ ਕਮਾਂਡੋ ਦਿਸਦੇ ਬੰਦੇ ਨਿਕਲੇ, ਅਤੇ ਚੌਥੀ ਗੱਡੀ ਵਿਚੋਂ ਚਾਰ-ਪੰਜ ਖਾਲਸਈ ਬਾਣੇ ਅਤੇ ਤਿੰਨ ਫੁੱਟੀਆਂ ਕਿਰਪਾਨਾਂ ਵਾਲੇ। ਉਨ੍ਹਾਂ ਦੌੜ ਕੇ ਦੂਸਰੇ ਨੰਬਰ ਤੇ ਖੜੀ ਵੱਡੀ ਗੱਡੀ ਨੂੰ ਘੇਰ ਲਿਆ। ਸੰਗਤ ਵਿਚੋਂ ਹਰ ਕਿਸੇ ਦੇ ਹੱਥ ਵਿੱਚ ਹੀ ਨੋਟ ਚਮਕ ਰਹੇ ਸਨ, ਕੋਈ ਸੌ, ਕੋਈ ਪੰਜ ਸੌ, ਕੋਈ ਹਜ਼ਾਰ। ਕਿਸੇ ਨੇ ਮੈਨੂੰ ਵੀ ਪਿੱਛੋਂ ਧੱਕਾ ਮਾਰਿਆ, ਭਾਈ ਸਾਹਿਬ ਖੜੇ ਰਹਿਣ ਨਾਲ ਗੱਲ ਨਹੀਂ ਬਣਨੀ, ਦਰਸ਼ਨ ਕਰਨੇ ਨੇ ਤਾਂ ਅੱਗੇ ਹੋਵੋ। ਮੈਂ ਜਾਨ ਬਚਾਕੇ ਪਾਸੇ ਹੋ ਗਿਆ। ਘੇਰਾ ਪਾਈ ਖੜੇ ਬੰਦਿਆਂ 'ਚੋਂ ਇੱਕ ਉੱਚੀ ਉੱਚੀ ਬੋਲ ਰਿਹਾ ਸੀ, ਭਾਈ ਦਰਸ਼ਨ ਕਰ ਕੇ ਫਟਾਫਟ ਪਿੱਛੇ ਹੋਈ ਜਾਓ, ਸਾਰਿਆਂ ਨੂੰ ਦਰਸ਼ਨ ਕਰਨ ਦਿਓ, ਬਾਬਾ ਜੀ ਪਹਿਲਾਂ ਹੀ ਬਹੁਤ ਲੇਟ ਹੋ ਗਏ ਨੇ। ਉਨ੍ਹਾਂ ਅੰਗ ਰਖਿਅਕ ਨੁਮਾਂ ਬੰਦਿਆਂ ਚੋਂ ਇੱਕ ਤਾਂ ਧੱਕ ਕੇ ਉਨ੍ਹਾਂ ਨੂੰ ਪਿੱਛੇ ਕਰੀ ਜਾ ਰਿਹਾ ਸੀ, ਜਿਨ੍ਹਾਂ ਮਹਾਂਪੁਰਖ ਦੇ ਦਰਸ਼ਨ ਕਰ ਲਏ ਸਨ। ਬਸ ਪੰਜ ਸੱਤ ਮਿੰਟਾਂ ਵਿੱਚ ਹੀ ਹਜ਼ਾਰਾਂ ਰੁਪਏ ਇਕੱਠੇ ਕਰ ਕੇ ਮਹਾਂਪੁਰਖ ਓਹ ਗਏ ਤੇ ਓਹ ਗਏ।

ਮੈਂ ਆਪਣੀ ਗੱਡੀ ਵਲ ਜਾਂਦਾ, ਇਹ ਸੋਚ ਰਿਹਾ ਸਾਂ, ਗੁਰੂ ਨਾਨਕ ਪਾਤਿਸ਼ਾਹ ਤਾਂ ਬਹੁਤ ਪਿੱਛੇ ਰਹਿ ਗਏ। ਭਾਈ ਲਹਿਣਾ ਜੀ ਤਾਂ ਸਾਹਮਣੇ ਖੜੇ ਗੁਰੂ ਨਾਨਕ ਸਾਹਿਬ ਨੂੰ ਨਹੀਂ ਸਨ ਪਹਿਚਾਣ ਸਕੇ। ਪੈਦਲ ਹੀ ਦੁਨੀਆਂ ਦੇ ਇੱਕ ਵੱਡੇ ਹਿੱਸੇ ਵਿੱਚ ਆਪਣੇ ਇਲਾਹੀ ਮਿਸ਼ਨ ਦਾ ਪ੍ਰਚਾਰ ਕਰਕੇ, ਦੋ ਕਰੋੜ ਤੋਂ ਵਧੇਰੇ ਲੋਕਾਂ ਨੂੰ ਆਪਣਾ ਸਿੱਖ ਬਣਾਕੇ, ੬੩-੬੪ ਸਾਲ ਦੀ ਵਡੇਰੀ ਉਮਰ ਵਿਚ, ਗੁਰੂ ਨਾਨਕ ਸਾਹਿਬ ਕਰਤਾਰਪੁਰ ਵਿੱਚ ਆਪਣੇ ਖੇਤਾਂ ਵਿੱਚ ਵਾਹੀ ਕਰ ਰਹੇ ਸਨ। ਭਾਈ ਲਹਿਣਾ ਜੀ, ਗੁਰੂ ਨਾਨਕ ਸਾਹਿਬ ਨੂੰ ਹੀ ਪੁੱਛਣ ਲੱਗੇ ਕਿ ਬਾਬਾ ਜੀ, ਇਥੇ ਕੋਈ ਗੁਰੂ ਨਾਨਕ ਰਹਿੰਦੇ ਨੇ? ਮੈਂ ਗੁਰੂ ਨਾਨਕ ਨੂੰ ਮਿਲਣਾ ਹੈ। ਜੇ ਗੁਰੂ ਨਾਨਕ ਪਾਤਿਸ਼ਾਹ ਕੋਲ ਵੀ ਕੋਈ ਵੱਡੀ ਸਾਰੀ ਗੱਡੀ ਹੁੰਦੀ? ਤੁਸੀਂ ਵੀ ਆਖੋਗੇ, ਕੀ ਮੂਰਖਾਂ ਵਾਲੀਆਂ ਗੱਲਾਂ ਕਰ ਰਿਹਾ ਹੈ! ਉਸ ਵੇਲੇ ਭਲਾ ਗੱਡੀਆਂ ਕਿਥੇ ਸਨ? ਚਲੋ ਕੋਈ ਚੰਗੀ ਨਸਲ ਦਾ ਘੋੜਾ ਜਾਂ ਘੋੜੀ ਹੀ ਹੁੰਦੀ, ਨਾਲ ਦਸ-ਪੰਦਰਾਂ ਅੰਗ-ਰਖਿਅਕ ਹੁੰਦੇ, ਸਟੇਨਗੰਨਾਂ ਵਾਲੇ ਨਾ ਸਈ, ਤਲਵਾਰਾਂ-ਭਾਲਿਆਂ ਵਾਲੇ ਤਾਂ ਹੋ ਹੀ ਸਕਦੇ ਸਨ, ਕੋਈ ਅੱਠ ਦਸ ਗੜਵਈ ਤੇ ਚੇਲੇ ਨਾਲ ਹੁੰਦੇ, ਚਿੱਟਾ ਚਮਕਦਾ ਚੋਲਾ ਤੇ ਉਤੇ ਗੋਲ ਪੱਗ ਬੱਝੀ ਹੁੰਦੀ, ਭਾਈ ਲਹਿਣਾ ਜੀ ਨੂੰ ਪਹਿਚਾਣਣ ਵਿੱਚ ਬਿਲਕੁਲ ਕੋਈ ਦਿੱਕਤ ਨਹੀਂ ਸੀ ਆਉਣੀ। ਦੂਰੋਂ ਹੀ ਪਤਾ ਲੱਗ ਜਾਣਾ ਸੀ, ਉਹ ਗੁਰੂ ਨਾਨਕ ਹੈ। ਗੁਰੂ ਨਾਨਕ ਪਾਤਿਸ਼ਾਹ ਦੇ ਤਾਂ ਕਪੜੇ ਚਿੱਕੜ ਨਾਲ ਲਿਬੜੇ ਹੋਏ ਸਨ। ਭਾਈ ਲਹਿਣਾ ਜੀ ਨੂੰ ਕਿਹਾ, ਘੋੜੀ ਤੇ ਬੈਠ ਜਾ ਅਤੇ ਆਪ ਘਾਹ ਦੀ ਪੰਡ ਚੁਕ ਕੇ ਲਹਿਣਾ ਜੀ ਦੀ ਘੋੜੀ ਦੀ ਵਾਗ ਫੜ ਕੇ ਘਰ ਲੈ ਆਏ। ਘਰ ਪਹੁੰਚ ਕੇ ਹੀ ਲਹਿਣਾ ਜੀ ਨੂੰ ਪਤਾ ਲੱਗਾ, ਇਹੀ ਸਤਿਗੁਰੂ ਨਾਨਕ ਹਨ।

ਸੱਚੀ ਗੱਲ ਤਾਂ ਇਹ ਹੈ ਕਿ ਜੇ ਕਿਤੇ ਗੁਰੂ ਨਾਨਕ ਅੱਜ ਫੇਰ ਸਰੀਰ ਕਰਕੇ ਆ ਜਾਣ ਤਾਂ ਅੱਜ ਦੇ ਸਿੱਖਾਂ ਤਾਂ ਬਿਲਕੁਲ ਨਹੀਂ ਪਹਿਚਾਨਣਾ, ਕਿਉਂਕਿ ਜਿਹੜੇ ਗੁਰੂ ਨਾਨਕ, ਮਲਿਕ ਭਾਗੋ ਦੇ ਘਰ ਦਾ ਪ੍ਰਸ਼ਾਦਾ ਨਹੀਂ ਸਨ ਛੱਕਦੇ, ਜਿਨ੍ਹਾਂ ਨੂੰ ਮਲਿਕ ਭਾਗੋ ਦੀਆਂ ਪੂੜੀਆਂ ਪਰਾਂਠਿਆਂ ਅਤੇ ਸੁਆਦੀ ਪਕਵਾਨਾਂ ਵਿਚੋਂ ਗਰੀਬਾਂ ਦਾ ਲਹੂ ਰਿਸਦਾ ਨਜ਼ਰ ਆੳਂਦਾ ਸੀ, ਉਸ ਗੁਰੂ ਨਾਨਕ ਨੇ ਆਪ ਕਿਥੋਂ ਮਲਿਕ ਭਾਗੋ ਵਾਲੇ ਕਾਰੇ ਕਰਨੇ ਹਨ, ਤਾਂਕਿ ਲੋਕ ਉਸ ਨੂੰ ਪਹਿਚਾਣ ਸਕਣ। ਹੱਥ ਵਿੱਚ ਸੋਟਾ, ਕੱਛ ਵਿੱਚ ਕਿਤਾਬ ਚੁੱਕੀ, ਨਾਲ ਗਰੀਬੜੇ ਜਿਹੇ ਮਰਦਾਨਾ ਜੀ (ਜਿਨ੍ਹਾਂ ਨੂੰ ਸੰਸਾਰ ਦੇ ਲੋਕੀ ਛੋਟੀ ਜਾਤ ਦਾ ਡੂੰਮ ਆਖਦੇ ਹੋਣ)। ਐਸੀ ਸ਼ਖਸ਼ੀਅਤ ਨੂੰ ਅੱਜ ਮੁੜ ਕਿਸ ਪਹਿਚਾਨਣਾ ਹੈ, ਕਿਸ ਸਤਿਕਾਰ ਦੇਣਾ ਹੈ?

ਨਾਲੇ ਜੇ ਸਾਡੀ ਅੱਖ ਵੇਖਣ ਵਾਲੀ ਹੋਵੇ, ਤਾਂ ਕੀ ਅੱਜ ਗੁਰੂ ਨਾਨਕ ਸਾਡੇ ਵਿੱਚ ਨਹੀਂ, ਸਾਡੇ ਨਾਲ ਨਹੀਂ? ਗੁਰੂ ਨਾਨਕ ਤਾਂ ਅੱਜ ਵੀ ਜ਼ਾਹਿਰਾ ਜ਼ਹੂਰ, ਹਾਜ਼ਿਰਾ ਹਜ਼ੂਰ, ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਸੁਭਾਏਮਾਨ ਹਨ। ਭਾਈ ਬਲਵੰਡ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੯੬੬ ਤੇ ਗੱਲ ਬੜੀ ਸਪਸ਼ਟ ਸਮਝਾ ਦਿੱਤੀ ਹੈ:

ਲਹਣੇ ਦੀ ਫੇਰਾਈਐ ਨਾਨਕਾ ਦੋਹੀ ਖਟੀਐ॥ ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ॥
{ਰਾਮਕਲੀ ਕੀ ਵਾਰ ਰਾਇ ਬਲਵੰਡ ਤਥਾ ਸਤੈ ਡੂਮਿ ਆਖੀ, ਪੰਨਾ ੯੬੬}

(ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਗੁਰਿਆਈ ਦਾ ਤਿਲਕ ਬਾਬਾ ਲਹਣਾ ਜੀ ਨੂੰ ਦੇ ਦਿੱਤਾ, ਤਾਂ) ਗੁਰੂ ਨਾਨਕ ਸਾਹਿਬ ਦੀ ਵਡਿਆਈ ਦੀ ਧੂੰਮ ਦੀ ਬਰਕਤਿ ਨਾਲ, ਬਾਬਾ ਲਹਣਾ ਜੀ ਦੀ ਵਡਿਆਈ ਦੀ ਧੂੰਮ ਪੈ ਗਈ; ਕਿਉਂਕਿ, (ਬਾਬਾ ਲਹਣਾ ਜੀ ਦੇ ਅੰਦਰ) ਉਹੀ (ਗੁਰੂ ਨਾਨਕ ਸਾਹਿਬ ਵਾਲੀ) ਜੋਤਿ ਸੀ, ਜੀਵਨ ਦਾ ਢੰਗ (ਸਿਧਾਂਤ) ਭੀ ਉਹੀ (ਗੁਰੂ ਨਾਨਕ ਸਾਹਿਬ ਵਾਲਾ) ਸੀ, ਗੁਰੂ (ਨਾਨਕ ਸਾਹਿਬ) ਨੇ ਕੇਵਲ ਸਰੀਰ ਹੀ ਮੁੜ ਵਟਾਇਆ ਸੀ।

ਗੁਰੂ ਅੰਗਦ ਪਾਤਿਸ਼ਾਹ ਨੇ ਸਰੀਰ ਤਿਆਗਣ ਤੋਂ ਪਹਿਲਾਂ ਇਹ ਨਾਨਕ ਗਿਆਨ ਜੋਤਿ ਬਾਬਾ ਅਮਰੂ ਜੀ ਵਿੱਚ ਟਿਕਾ ਕੇ ਉਨ੍ਹਾਂ ਨੂੰ ਤੀਜੇ ਨਾਨਕ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸਤਿਗੁਰੂ ਅਮਰਦਾਸ ਪਾਤਿਸ਼ਾਹ ਬਣਾ ਦਿੱਤਾ। ਇੰਝ ਹੀ ਇਹ ਨਾਨਕ ਗਿਆਨ ਜੋਤਿ ਨੌਂ ਜਾਮਿਆਂ 'ਚੋਂ ਹੁੰਦੀ ਹੋਈ, ਸਤਿਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਅੰਦਰ ਸੁਸ਼ੋਭਤ ਹੋਈ। ਅਕਾਲ ਪਇਆਣਾ ਕਰਨ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਨੇ ਇਸੀ ਨਾਨਕ ਗਿਆਨ ਜੋਤਿ ਸਰੂਪ, ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦੇ ਕੇ ਸਾਖਸ਼ਾਤ ਨਾਨਕ ਬਣਾ ਦਿੱਤਾ। ਅੱਜ ਗੁਰੂ ਗ੍ਰੰਥ ਸਾਹਿਬ ਜੀ ਸਾਖਸ਼ਾਤ ਗੁਰੂ ਨਾਨਕ ਹਨ।

ਸੁਆਲ ਤਾਂ ਇਹ ਹੈ ਕਿ ਅਸੀਂ ਕਿੰਨਾ ਕੁ ਗੁਰੂ ਗ੍ਰੰਥ ਸਾਹਿਬ ਨੂੰ ਸਾਖਸ਼ਾਤ ਗੁਰੂ ਨਾਨਕ ਸਮਝ ਰਹੇ ਹਾਂ? ਕੁੱਝ ਸਾਲ ਪਹਿਲੇ ਚੰਡੀਗੜ੍ਹ ਦੇ ਸੈਕਟਰ ੩੪ ਵਿੱਚ ਵਾਪਰੀ ਇੱਕ ਘਟਨਾ ਦਾ ਵਿਸ਼ੇਸ਼ ਜਿਕਰ ਕਰਨਾ ਚਾਹਾਂਗਾ। ਕਿਸੇ ਨੇ ਆਪਣੇ ਘਰ ਦੇ ਸਾਹਮਣੇ ਵਾਲੇ ਗਰਾਉਂਡ ਵਿੱਚ ਇੱਕ ਸਮਾਗਮ ਰੱਖਿਆ ਹੋਇਆ ਸੀ, ਜਿਸ ਵਿੱਚ ਇਥੇ ਦੇ ਹੀ, ਇੱਕ ਮਸ਼ਹੂਰ ਬਾਬੇ (ਕਿਉਂਕਿ ਭਾਈ ਗੁਰਦਾਸ ਜੀ ਵਲੋਂ ਗੁਰੂ ਨਾਨਕ ਪਾਤਿਸ਼ਾਹ ਵਾਸਤੇ ਵਰਤੇ ਇਸ ਬਾਬਾ ਸ਼ਬਦ ਤੇ ਇਨ੍ਹਾਂ ਪਖੰਡੀਆਂ ਨੇ ਸਾਜਸ਼ੀ ਕਬਜ਼ਾ ਕਰ ਲਿਆ ਹੈ, ਇਸ ਵਾਸਤੇ ਬਾਬਾ ਲਿਖਿਆ ਹੈ, ਉਂਝ ਉਮਰ ਪੱਖੋਂ ਉਹ ਜੁਆਨ ਹੀ ਸੀ) ਨੂੰ ਬੁਲਾਇਆ ਹੋਇਆ ਸੀ। ਜਿਵੇਂ ਹੀ ਸਮਾਗਮ ਸਮਾਪਤ ਹੋਇਆ, ਉਹ ਬਾਬਾ ਉਠ ਕੇ ਬਾਹਰ ਨੂੰ ਤੁਰ ਪਿਆ। ਉਸ ਦੇ ਨਾਲ ਆਏ ਚੇਲੇ ਚਾਟਿਆਂ ਤਾਂ ਨਾਲ ਜਾਣਾ ਹੀ ਸੀ, ਸਾਰੀ ਸੰਗਤ ਵੀ ਉਸ ਦੇ ਮਗਰ ਹੀ ਹੋ ਤੁਰੀ। ਅੰਦਰ ਪੰਡਾਲ ਵਿੱਚ ਮਸਾਂ ਦੋ ਚਾਰ ਸਰੀਰ ਰਹਿ ਗਏ। ਬਾਹਰ ਉਸ ਬਾਬੇ ਦੇ ਕਾਰ ਵਿੱਚ ਬਹਿਣ ਤੋਂ ਪਹਿਲਾਂ, ਕੋਈ ਆਪਣੇ ਪੁੱਤਰ ਨੁੰ ਮੱਥਾ ਟਿਕਾਕੇ ਲੰਬੀ ਉਮਰ ਦੀ ਅਸੀਸ ਦਿਵਾਉਣਾ ਚਾਹੁੰਦਾ ਸੀ, ਕੋਈ ਆਪਣੀ ਦੇਹ ਅਰੋਗਤਾ ਵਾਸਤੇ ਕੋਈ ਮੰਤ੍ਰ ਪੁੱਛਣਾ ਚਾਹੁੰਦਾ ਸੀ ਅਤੇ ਕੋਈ ਆਪਣੀ ਨਵੀਂ ਵਿਆਹੀ ਨੂੰਹ ਨੂੰ ਪੁੱਤ ਜੰਮਣ ਦੀ ਅਸੀਸ ਦਿਵਾਉਣਾ ਚਾਹੁੰਦਾ ਸੀ, ਵਗੈਰਾ ਵਗੈਰਾ। ਇਹ ਕਿਸੇ ਨੂੰ ਹੋਸ਼ ਨਹੀਂ ਸੀ ਕਿ ਜਿਸਨੂੰ ਰੋਜ਼ ਪਾਤਿਸ਼ਾਹਾਂ ਦਾ ਪਾਤਿਸ਼ਾਹ, ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ, ਬਖਸ਼ਿਸ਼ਾਂ ਦਾ ਭੰਡਾਰ ਕਹਿ ਰਹੇ ਹਾਂ, ਉਹ ਤਾਂ ਅੰਦਰ ਆਪਣੇ ਸਿੰਘਾਸਨ ਤੇ ਇਕੱਲੇ ਹੀ ਰਹਿ ਗਏ ਹਨ। ਮੈਂ ਹੈਰਾਨ ਸਾਂ ਕਿ ਬਹੁਤੇ ਸਿੱਖ ਅਖਵਾਉਣ ਵਾਲਿਆਂ ਦੇ ਜੀਵਨ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਕੀ ਮਹਤੱਤਾ ਰਹਿ ਗਈ ਹੈ?

ਅਜ ਸਿੱਖ ਕੌਮ ਵਿੱਚ ਇਨ੍ਹਾਂ ਅਖੌਤੀ ਸੰਤਾਂ, ਮਹਾਂਪੁਰਖਾਂ, ਬ੍ਰਹਮਗਿਆਨੀਆਂ ਦਾ ਹੜ੍ਹ ਆ ਗਿਆ ਹੈ। ਹਰ ਬਾਬੇ ਨੇ ਆਪਣਾ ਕੋਈ ਨਾ ਕੋਈ ਡੇਰਾ ਬਣਾਇਆ ਹੋਇਆ ਹੈ। ਕਈਆਂ ਦੇ ਤਾਂ ਕਈ ਕਈ ਡੇਰੇ ਹਨ। ਪੰਜਾਬ ਦਾ ਤਾਂ ਸ਼ਾਇਦ ਕੋਈ ਐਸਾ ਸ਼ਹਿਰ, ਨਗਰ, ਪਿੰਡ ਨਹੀਂ ਹੋਣਾ ਜਿਥੇ ਕਿਸੇ ਐਸੇ ਅਖੌਤੀ ਬਾਬੇ ਦਾ ਡੇਰਾ ਨਾ ਹੋਵੇ। ਇਸ ਲਈ ਅਸੀਂ ਇਨ੍ਹਾਂ ਅਖੌਤੀ ਸੰਤਾਂ, ਬਾਬਿਆਂ ਦੇ ਪਸਾਰੇ ਨੂੰ ਡੇਰਾਵਾਦ ਦੇ ਨਾਂ ਨਾਲ ਸੰਬੋਧਤ ਕਰਦੇ ਹਾਂ। ਅੱਜ ਸਿੱਖ ਗੁਰਦੁਆਰੇ ਘੱਟ ਅਤੇ ਇਨ੍ਹਾਂ ਡੇਰਿਆਂ ਵਿੱਚ ਵਧੇਰੇ ਜਾਂਦੇ ਹਨ। ਉਹ ਇਨ੍ਹਾਂ ਡੇਰਿਆਂ ਵਿੱਚ ਜਾਣ ਨੂੰ ਹੀ ਗੁਰਦੁਆਰੇ ਜਾਣਾ ਸਮਝਣ ਦੀ ਵੱਡੀ ਭੁੱਲ ਵੀ ਕਰਦੇ ਹਨ। ਸਿੱਖ ਕੌਮ ਨੂੰ ਇਹ ਡੇਰਾਵਾਦ ਰੂਪੀ ਖਤਰਨਾਕ ਰੋਗ ਲੱਗ ਗਿਆ ਹੈ। ਜਿਵੇਂ ਕਿਸੇ ਮਨੁੱਖ ਨੂੰ ਕੈਂਸਰ ਦਾ ਰੋਗ ਲੱਗ ਜਾਵੇ, ਤਾਂ ਉਸ ਦਾ ਸਰੀਰ ਹਰ ਦਿਨ ਨਿਘਰਦਾ ਜਾਂਦਾ ਹੈ। ਕਈ ਵਾਰੀ ਤਾਂ ਡਾਕਟਰ ਸਰੀਰ ਦਾ ਕੋਈ ਇੱਕ ਅੰਗ ਵੀ ਕੱਟ ਦੇਂਦੇ ਹਨ, ਤਾਂਕਿ ਬਾਕੀ ਸਰੀਰ ਨੂੰ ਬਚਾਇਆ ਜਾ ਸਕੇ। ਬਿਲਕੁਲ ਉਵੇਂ ਅਜ ਸਿੱਖ ਕੌਮ ਵੀ, ਇਸ ਡੇਰਾਵਾਦ ਰੂਪੀ ਅਤਿ ਖਤਰਨਾਕ ਰੋਗ ਕਾਰਨ, ਹਰ ਦਿਨ ਨਿਘਾਰ ਵੱਲ ਜਾ ਰਹੀ ਹੈ। ਜੇ ਫੌਰਨ ਹੀ ਇਸ ਕੌਮੀ ਰੋਗ ਦਾ ਕੋਈ ਸਾਰਥਕ ਇਲਾਜ ਨਾ ਲਭਿਆ ਗਿਆ ਤਾਂ ਨਤੀਜਾ ਉਹੀ ਹੋ ਸਕਦਾ ਹੈ, ਜੋ ਕੈਂਸਰ ਦੇ ਰੋਗੀ ਦਾ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਵੀ ਸਾਨੂੰ ਚੇਤੰਨ ਕਰਦੀ ਹੈ:

ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ॥ (ਮਹਲਾ ੧, ਪੰਨਾ ੪੧੭)

ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ॥ (ਕਬੀਰ ਜੀ, ਪੰਨਾ ੭੨੭)

ਵੈਸੇ ਨਾ ਤਾਂ ਅਸੀਂ ਅਗੋਂ ਚੇਤਨ ਵਾਲੀ ਗੱਲ ਕੀਤੀ ਹੈ ਅਤੇ ਨਾ ਹੀ ਹਰ ਰੋਜ਼ ਦਿਲ ਖੋਜਣ ਵਾਲੀ। ਇਸ ਵੇਲੇ ਤਾਂ ਪਾਣੀ ਸਿਰੋਂ ਲੰਘ ਚੁੱਕਾ ਹੈ। ਚਲੋ ਹੁਣ ਹੀ ਕੁੱਝ ਗਹਿਰ ਗੰਭੀਰ ਵਿਚਾਰ ਕਰ ਲਈਏ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top