ਐਸੀਆਂ ਯਾਤਰਾਵਾਂ ਤਾਂ ਜੋਗੀ ਲੋਕ ਬਹੁਤ ਕਰਦੇ ਸਨ। ਜਿਵੇਂ ਉਪਰਲੇ ਸ਼ਬਦ ਵਿੱਚ ਵੀ ਆਇਆ
ਹੈ, ਤੀਰਥਾਂ ਦੀ ਯਾਤਰਾ ਕਰਨਾ ਉਨ੍ਹਾਂ ਦੇ ਜੀਵਨ ਫਲਸਫੇ ਦਾ ਅੰਗ ਹੈ। ਇਹ ਉਨ੍ਹਾਂ ਦੀ
ਸੋਚ ਮੁਤਾਬਕ, ਕੋਈ ਉਨ੍ਹਾਂ ਦੇ ਧਰਮ ਦਾ ਕੰਮ ਹੋ ਸਕਦਾ ਹੈ ਪਰ ਐਸੇ ਹੱਠ ਕਰਮਾਂ ਨੂੰ
ਗੁਰਬਾਣੀ ਮੂਲੋਂ ਰੱਦ ਕਰਦੀ ਹੈ। ਸਤਿਗੁਰੂ ਦਾ ਪਾਵਨ ਫੁਰਮਾਨ ਹੈ:
ਅਨਿਕ ਬਰਖ ਕੀਏ ਜਪ ਤਾਪਾ।। ਗਵਨੁ ਕੀਆ ਧਰਤੀ ਭਰਮਾਤਾ।। ਇਕੁ
ਖਿਨੁ ਹਿਰਦੈ ਸਾਂਤਿ ਨ ਆਵੈ ਜੋਗੀ ਬਹੁੜਿ ਬਹੁੜਿ ਉਠਿ ਧਾਵੈ ਜੀਉ।। {ਮਾਝ
ਮਹਲਾ ੫, ਪੰਨਾ ੯੮}
ਜੋਗੀ ਲੋਕ ਅਨੇਕਾਂ ਸਾਲ ਜਪ ਕਰਦੇ ਹਨ, ਤਪ ਸਾਧਦੇ ਹਨ; ਸਾਰੀ ਧਰਤੀ
ਉਤੇ ਭ੍ਰਮਣ ਭੀ ਕਰਦੇ ਹਨ। (ਇਸ ਤਰ੍ਹਾਂ ਭੀ) ਹਿਰਦੇ ਵਿੱਚ ਇੱਕ ਖਿਨ ਵਾਸਤੇ ਭੀ ਸ਼ਾਂਤੀ
ਨਹੀਂ ਆਉਂਦੀ। ਫਿਰ ਭੀ ਜੋਗੀ ਇਹਨਾਂ ਜਪਾਂ ਤਪਾਂ ਦੇ ਪਿੱਛੇ ਹੀ ਮੁੜ ਮੁੜ ਦੌੜਦਾ ਹੈ।
ਗੁਰੂ ਗ੍ਰੰਥ ਸਾਹਿਬ ਦੇ ਪੰਨਾ ੧੩੮੪ `ਤੇ ਅੰਕਤ ਸੇਖ ਫਰੀਦ ਜੀ ਦੇ
ਹੇਠਲੇ ਦੋ ਸਲੋਕ ਇਸ ਗੱਲ ਨੂੰ ਸਮਝਣ ਲਈ ਬਹੁਤ ਮਹੱਤਵਪੂਰਨ ਹਨ। ਪਹਿਲੇ ੧੧੯ਵੇਂ ਸਲੋਕ
ਵਿੱਚ ਭਗਤ ਸਾਹਿਬ ਸੰਸਾਰ ਦੇ ਲੋਕਾਂ ਵਲੋਂ ਅਕਾਲ-ਪੁਰਖੁ ਨੂੰ ਪਾਉਣ ਲਈ ਕੀਤੇ ਜਾ ਰਹੇ
ਕੁੱਝ ਕਰਮਕਾਂਡਾਂ ਦਾ ਵਰਨਣ ਇੰਝ ਕਰਦੇ ਹਨ:
ਤਨੁ ਤਪੈ ਤਨੂਰ ਜਿਉ ਬਾਲਣੁ ਹਡ ਬਲੰਨਿੑ।। ਪੈਰੀ ਥਕਾਂ ਸਿਰਿ
ਜੁਲਾਂ ਜੇ ਮੂੰ ਪਿਰੀ ਮਿਲੰਨਿੑ।। {ਸਲੋਕ ਸੇਖ ਫਰੀਦ ਕੇ, ਪੰਨਾ ੧੩੮੪}
ਮੇਰਾ ਸਰੀਰ (ਬੇਸ਼ੱਕ) ਤਨੂਰ ਵਾਂਗ ਤਪੇ, ਮੇਰੇ ਹੱਡ (ਬੇਸ਼ੱਕ ਇਉਂ)
ਬਲਣ ਜਿਵੇਂ ਬਾਲਣ (ਬਲਦਾ) ਹੈ। (ਪਿਆਰੇ ਰੱਬ ਨੂੰ ਮਿਲਣ ਦੇ ਰਾਹ `ਤੇ ਜੇ ਮੈਂ) ਪੈਰਾਂ
ਨਾਲ (ਤੁਰਦਾ ਤੁਰਦਾ) ਥੱਕ ਜਾਵਾਂ, ਤਾਂ ਮੈਂ ਸਿਰ ਭਾਰ ਤੁਰਨ ਲੱਗ ਪਵਾਂ। (ਮੈਂ ਇਹ ਸਾਰੇ
ਔਖ ਸਹਾਰਨ ਨੂੰ ਤਿਆਰ ਹਾਂ) ਜੇ ਮੈਨੂੰ ਪਿਆਰੇ ਰੱਬ ਜੀ ਮਿਲ ਪੈਣ (ਭਾਵ, ਰੱਬ ਨੂੰ ਮਿਲਣ
ਵਾਸਤੇ ਜੇ ਇਹ ਜ਼ਰੂਰੀ ਹੋਵੇ ਕਿ ਸਰੀਰ ਨੂੰ ਧੂਣੀਆਂ ਤਪਾ ਤਪਾ ਕੇ ਦੁਖੀ ਕੀਤਾ ਜਾਏ, ਤਾਂ
ਮੈਂ ਇਹ ਕਸ਼ਟ ਸਹਾਰਨ ਨੂੰ ਭੀ ਤਿਆਰ ਹਾਂ)।
ਅਗਲੇ ੧੨੦ਵੇਂ ਸਲੋਕ ਵਿੱਚ ਸੇਖ ਫਰੀਦ ਸਾਹਿਬ ਨੇ ਸੱਚ ਧਰਮ ਦਾ
ਮਾਰਗ ਇੰਝ ਦ੍ਰਿੜ ਕਰਾਇਆ ਹੈ:
ਤਨੁ ਨ ਤਪਾਇ ਤਨੂਰ ਜਿਉ ਬਾਲਣੁ ਹਡ ਨ ਬਾਲਿ।। ਸਿਰਿ ਪੈਰੀ
ਕਿਆ ਫੇੜਿਆ ਅੰਦਰਿ ਪਿਰੀ ਨਿਹਾਲਿ।। {ਸਲੋਕ ਸੇਖ ਫਰੀਦ ਕੇ, ਪੰਨਾ ੧੩੮੪}
ਸਰੀਰ ਨੂੰ (ਧੂਣੀਆਂ ਨਾਲ) ਤਨੂਰ ਵਾਂਗ ਨਾਹ ਸਾੜ; ਤੇ ਹੱਡਾਂ ਨੂੰ
ਇਉਂ ਨਾਹ ਬਾਲ ਜਿਵੇਂ ਇਹ ਬਾਲਣ ਹੈ। ਸਿਰ ਨੇ ਤੇ ਪੈਰਾਂ ਨੇ ਕੁੱਝ ਨਹੀਂ ਵਿਗਾੜਿਆ ਹੈ, (ਇਸ
ਵਾਸਤੇ ਇਹਨਾਂ ਨੂੰ ਦੁਖੀ ਨਾਹ ਕਰ) ਪਰਮਾਤਮਾ ਨੂੰ ਆਪਣੇ ਅੰਦਰ ਵੇਖ।
ਇਸ ਸਲੋਕ ਨੂੰ ਵਿਚਾਰ ਕੇ ਸੂਝਵਾਨ ਪਾਠਕ ਆਪ ਹੀ ਨਿਰਣਾ ਕਰ ਲੈਣ
ਕਿ ਕੀ ਅਤਰ ਸਿੰਘ ਦੀਆਂ ਐਸੀਆਂ ਯਾਤਰਾਵਾਂ ਕੋਈ ਵਿਸ਼ੇਸ਼ ਮਹੱਤਵ ਰਖਦੀਆਂ ਹਨ, ਸਿਵਾਇ ਇੱਕ
ਹੱਠ ਕਰਮ ਅਤੇ ਕਰਮਕਾਂਡ ਦੇ? ਜਿਨ੍ਹਾਂ ਨੂੰ ਗੁਰਮਤਿ ਪੂਰਨ ਰੂਪ ਵਿੱਚ ਰੱਦ ਕਰਦੀ ਹੈ।
ਇਸੇ ਕਿਤਾਬ ਸੰਤ ਸਰੋਵਰ ਵਿੱਚ ਅਤਰ ਸਿੰਘ ਦੇ ਕਦੇ ਚਾਲੀ ਦਿਨ, ਕਦੇ
ਛੇ ਮਹੀਨੇ ਅਤੇ ਕਦੇ ਇੱਕ ਸਾਲ ਤੱਕ ਅੰਨ ਤਿਆਗ ਕੇ ਤਪੱਸਿਆ ਕਰਨ ਦੇ ਕਿੱਸੇ ਵੀ ਹਨ। ਇਤਨਾ
ਕਠੋਰ ਤੱਪ ਕਰਨ ਨਾਲ, ਇਸ ਦਾ ਸ਼ਰੀਰ ਬਹੁਤ ਕਮਜ਼ੋਰ ਹੋ ਜਾਂਦਾ, ਫਿਰ ਇਸ ਦੀਆਂ ਮਾਲਸ਼ਾਂ ਕਰ
ਕਰ ਕੇ ਇਸ ਨੂੰ ਤਕੜਾ ਕੀਤਾ ਜਾਂਦਾ ਤੇ ਥੋੜ੍ਹੇ ਸਮੇਂ ਬਾਅਦ ਇਹ ਫਿਰ ਤੱਪ ਸਾਧਣ ਲੱਗ
ਪੈਂਦਾ। ਇਸ ਨੂੰ ਬਹੁਤ ਵੱਡੀ ਕਮਾਈ ਦੱਸਿਆ ਗਿਆ ਹੈ। ਜਦਕਿ ਗੁਰਬਾਣੀ ਅੰਨ ਤਿਆਗਣ ਅਤੇ
ਸਰੀਰ ਨੂੰ ਕਸ਼ਟ ਦੇਣ ਬਾਰੇ ਫੁਰਮਾਂਦੀ ਹੈ:
ਅੰਨੁ ਨ ਖਾਹਿ ਦੇਹੀ ਦੁਖੁ ਦੀਜੈ।। ਬਿਣੁ ਗੁਰ ਗਿਆਨ ਤ੍ਰਿਪਤਿ
ਨਹੀ ਥੀਜੈ।। ਮਨਮੁਖਿ ਜਨਮੈ ਜਨਮਿ ਮਰੀਜੈ।। {ਰਾਮਕਲੀ ਮਹਲਾ ੧, ਪੰਨਾ ੯੦੫}
ਜੇਹੜੇ ਬੰਦੇ ਅੰਨ ਨਹੀਂ ਖਾਂਦੇ (ਇਸ ਤਰ੍ਹਾਂ ਉਹ ਕੋਈ ਆਤਮਕ ਲਾਭ
ਤਾਂ ਨਹੀਂ ਖੱਟਦੇ) ਸਰੀਰ ਨੂੰ ਹੀ ਕਸ਼ਟ ਮਿਲਦਾ ਹੈ, ਗੁਰੂ ਤੋਂ ਮਿਲੇ ਗਿਆਨ ਤੋਂ ਬਿਣਾ (ਮਾਇਆ
ਵਲੋਂ ਵਿਕਾਰਾਂ) ਤ੍ਰਿਪਤੀ ਨਹੀਂ ਹੋ ਸਕਦੀ। ਸੋ, ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ
ਜੰਮਦਾ ਹੈ ਮਰਦਾ ਹੈ, ਜੰਮਦਾ ਹੈ ਮਰਦਾ ਹੈ (ਉਸ ਦਾ ਇਹ ਗੇੜ ਤੁਰਿਆ ਰਹਿੰਦਾ ਹੈ)। ੬।
ਜਿਨ੍ਹਾਂ ਨੂੰ ਭੋਲੇ ਭਾਲੇ ਸਿੱਖਾਂ ਅਗੇ ਸੰਤ ਮਹਾਪੁਰਖ ਬਣਾ ਕੇ
ਪੇਸ਼ ਕੀਤਾ ਜਾ ਰਿਹਾ ਹੈ, ਸਤਿਗੁਰੂ ਉਪਰੋਕਤ ਪੰਕਤੀਆਂ ਵਿੱਚ ਐਸੇ ਲੋਕਾਂ ਨੂੰ ਮਨਮੁਖ ਕਹਿ
ਰਹੇ ਹਨ। ਆਸਾ ਕੀ ਵਾਰ ਬਾਣੀ ਵਿੱਚ ਤਾਂ ਸਤਿਗੁਰੂ ਨੇ ਐਸੇ ਕਰਮਕਾਂਡੀ ਕਰਮ ਕਰਨ ਵਾਲੇ
ਲੋਕਾਂ ਨੂੰ ਮੂਰਖ ਅਤੇ ਅੰਧਾ ਆਖਿਆ ਹੈ:
ਅੰਨੁ ਨ ਖਾਇਆ ਸਾਦੁ ਗਵਾਇਆ।। ਬਹੁ ਦੁਖੁ ਪਾਇਆ ਦੂਜਾ ਭਾਇਆ।।
ਬਸਤ੍ਰ ਨ ਪਹਿਰੈ।। ਅਹਿਨਿਸਿ ਕਹਰੈ।। ਮੋਨਿ ਵਿਗੂਤਾ।। ਕਿਉ ਜਾਗੈ ਗੁਰ ਬਿਣੁ ਸੂਤਾ।।
ਪਗਉ ਪੇਤਾਣਾ।। ਅਪਣਾ ਕੀਆ ਕਮਾਣਾ।। ਅਲੁ ਮਲੁ ਖਾਈ ਸਿਰਿ ਛਾਈ ਪਾਈ।। ਮੂਰਖਿ ਅੰਧੈ ਪਤਿ
ਗਵਾਈ।। {ਮਃ ੧, ਪੰਨਾ ੪੬੭}
ਜਿਸ ਨੇ) ਅੰਨ ਛੱਡਿਆ ਹੋਇਆ ਹੈ, ਉਸ ਨੂੰ ਇਹ ਹੋਰ ਹੀ (ਗੁਰਮਤਿ
ਤੋਂ ਉਲਟ) ਕੰਮ ਚੰਗਾ ਲੱਗਾ ਹੋਇਆ ਹੈ। ਉਸ ਨੇ ਭੀ ਆਪਣੀ ਜ਼ਿੰਦਗੀ ਤਲਖ਼ ਬਣਾਈ ਹੋਈ ਹੈ ਅਤੇ
ਦੁੱਖ ਸਹਾਰ ਰਿਹਾ ਹੈ। ਕੱਪੜੇ ਨਹੀਂ ਪਾਂਦਾ ਤੇ ਦਿਨ ਰਾਤ ਔਖਾ ਹੋ ਰਿਹਾ ਹੈ। (ਇੱਕਲਵਾਂਝੇ)
ਚੁੱਪ ਵੱਟ ਕੇ (ਅਸਲੀ ਰਾਹ ਤੋਂ) ਖੁੰਝਿਆ ਹੋਇਆ ਹੈ, ਭਲਾ, ਦੱਸੋ (ਮਾਇਆ ਦੀ ਨੀਂਦਰ ਵਿਚ)
ਸੁੱਤਾ ਹੋਇਆ ਮਨੁੱਖ ਗੁਰੂ ਤੋਂ ਬਿਣਾ ਕਿਵੇਂ ਜਾਗ ਸਕਦਾ ਹੈ ?
(ਇਕ) ਪੈਰਾਂ ਤੋਂ ਨੰਗਾ ਫਿਰਦਾ ਹੈ ਅਤੇ ਆਪਣੀ ਇਸ ਕੀਤੀ ਹੋਈ
ਭੁੱਲ ਦਾ ਦੁੱਖ ਸਹਿ ਰਿਹਾ ਹੈ। (ਸੁੱਚਾ ਚੰਗਾ ਭੋਜਨ ਛੱਡ ਕੇ) ਜੂਠਾ ਮਿੱਠਾ ਖਾਂਦਾ ਹੈ
ਅਤੇ ਸਿਰ ਵਿੱਚ ਸੁਆਹ ਪਾ ਰੱਖੀ ਹੈ, ਅਗਿਆਨੀ ਮੂਰਖ ਨੇ (ਇਸ ਤਰ੍ਹਾਂ) ਆਪਣੀ ਪੱਤ ਗਵਾ ਲਈ
ਹੈ।
ਜਿਸ ਦਰਵਾਜੇ ਬੰਦ ਕਰਕੇ ਲੰਬੇ ਤੱਪ ਸਾਧਨ ਨੂੰ ਵੱਡੀ ਮਹੱਤਤਾ
ਦਿੱਤੀ ਜਾ ਰਹੀ ਹੈ, ਉਸ ਕਰਮ ਨੂੰ ਗੁਰਬਾਣੀ ਕਿਸੇ ਰਾਹ ਤੋਂ ਭਟਕੇ ਹੋਏ ਦੇ ਕਰਮ ਦਸ ਰਹੀ
ਹੈ। ਸਾਤਿਗੁਰੂ ਸਾਨੂੰ ਸਮਝਾਉਂਦੇ, ਬਖਸ਼ਿਸ਼ ਕਰਦੇ ਹਨ:
ਸਭਿ ਜਪ ਸਭਿ ਤਪ ਸਭ ਚਤੁਰਾਈ।। ਊਝੜਿ ਭਰਮੈ ਰਾਹਿ ਨ ਪਾਈ।।
ਬਿਣੁ ਬੂਝੇ ਕੋ ਥਾਇ ਨ ਪਾਈ।। ਨਾਮ ਬਿਹੂਣੈ ਮਾਥੇ ਛਾਈ।। {ਆਸਾ ਮਹਲਾ ੧,
ਪੰਨਾ ੪੧੨}
ਜੇਹੜਾ ਮਨੁੱਖ ਅਕਾਲ ਪੁਰਖ ਨੂੰ ਹਿਰਦੇ ਵਸਾਉਣ ਦੀ ਬਜਾਏ, ਸਾਰੇ
ਜਪ ਕਰਦਾ ਹੈ ਸਾਰੇ ਤਪ ਸਾਧਦਾ ਹੈ, ਹਰੇਕ ਕਿਸਮ ਦੀ ਸਿਆਣਪ-ਅਕਲ ਭੀ ਵਿਖਾਂਦਾ ਹੈ, ਤਾਂ
ਉਸ ਦਾ (ਜਪ ਤਪ ਆਦਿਕ ਦਾ) ਕੋਈ ਭੀ ਉੱਦਮ (ਪ੍ਰਭੂ ਦੀ ਹਜ਼ੂਰੀ ਵਿਚ) ਪਰਵਾਨ ਨਹੀਂ ਹੁੰਦਾ।
ਉਹ ਗ਼ਲਤ ਰਸਤੇ `ਤੇ ਭਟਕ ਰਿਹਾ ਹੈ, ਉਹ ਸਹੀ ਰਸਤੇ ਉੱਤੇ ਨਹੀਂ ਜਾ ਰਿਹਾ। ਪਰਮਾਤਮਾ ਦੇ
ਨਾਮ ਤੋਂ ਸੱਖਣੇ ਮਨੁੱਖ ਦੇ ਸਿਰ ਸੁਆਹ ਹੀ ਪੈਂਦੀ ਹੈ।
ਕਿਆ ਜਪੁ ਕਿਆ ਤਪੁ ਸੰਜਮੋ ਕਿਆ ਬਰਤੁ ਕਿਆ ਇਸਨਾਨੁ।।
ਜਬ ਲਗੁ ਜੁਗਤਿ ਨ ਜਾਨੀਐ ਭਾਉ ਭਗਤਿ ਭਗਵਾਨ।। {ਗਉੜੀ ਪੂਰਬੀ ਕਬੀਰ ਜੀ, ਪੰਨਾ
੩੩੭}
ਜਦ ਤਕ ਅਕਾਲ ਪੁਰਖ ਨਾਲ ਪਿਆਰ ਤੇ ਉਸ ਦੀ ਭਗਤੀ ਦੀ ਜੁਗਤਿ ਨਹੀਂ
ਸਮਝੀ (ਭਾਵ, ਜਦ ਤਕ ਇਹ ਸਮਝ ਨਹੀਂ ਪਈ ਕਿ ਭਗਵਾਨ ਨਾਲ ਪਿਆਰ ਕਰਨਾ ਹੀ ਭਗਵਾਨ ਦੀ ਭਗਤੀ
ਕਰਨਾ ਹੈ ਅਤੇ ਇਹੀ ਜੀਵਨ ਦੀ ਅਸਲ ਜੁਗਤੀ ਹੈ), ਜਪ ਤਪ, ਸੰਜਮ, ਵਰਤ, ਇਸ਼ਨਾਨ—ਇਹ ਸਭ ਕਿਸੇ
ਕੰਮ ਨਹੀਂ।
ਹੁਣ ਆਖਿਆ ਜਾਵੇਗਾ ਕਿ ਉਹ ਵੀ ਤਾਂ ਇਨ੍ਹਾਂ ਕਰਮਾਂ ਦੁਆਰਾ
ਪ੍ਰਮਾਤਮਾਂ ਦੀ ਭਗਤੀ ਹੀ ਕਰਦੇ ਰਹੇ ਸਨ, ਜਦਕਿ ਭਗਤੀ ਬਾਰੇ ਸਤਿਗੁਰੂ ਦਾ ਫੁਰਮਾਣ ਹੈ:
ਹਰਿ ਭਗਤਿ ਹਰਿ ਕਾ ਪਿਆਰੁ ਹੈ ਜੇ ਗੁਰਮੁਖਿ ਕਰੇ ਬੀਚਾਰੁ।।
ਪਾਖੰਡਿ ਭਗਤਿ ਨ ਹੋਵਈ ਦੁਬਿਧਾ ਬੋਲੁ ਖੁਆਰੁ।। {ਸਿਰੀ ਰਾਗੁ ਮਹਲਾ ੩, ਪੰਨਾ
੨੮}
ਜੇ ਮਨੁੱਖ ਗੁਰੂ ਦੀ ਸਰਨ ਪੈ ਕੇ (ਗੁਰੂ ਦੀ ਦਿੱਤੀ ਸਿੱਖਿਆ ਦੀ)
ਵਿਚਾਰ ਕਰਦਾ ਰਹੇ ਤਾਂ ਉਸ ਦੇ ਅੰਦਰ ਪਰਮਾਤਮਾ ਦੀ ਭਗਤੀ ਵੱਸ ਪੈਂਦੀ ਹੈ, ਪਰਮਾਤਮਾ ਦਾ
ਪਿਆਰ ਟਿਕ ਜਾਂਦਾ ਹੈ। ਪਰ ਪਖੰਡ ਕੀਤਿਆਂ ਭਗਤੀ ਨਹੀਂ ਹੋ ਸਕਦੀ, ਪਖੰਡ ਦਾ ਬੋਲ ਖ਼ੁਆਰ ਹੀ
ਕਰਦਾ ਹੈ।
ਸਤਿਗੁਰੂ ਤਾਂ ਸਮਝਾਉਂਦੇ ਹਨ ਕਿ ਜੇ ਤੂੰ ਵਰਤ ਹੀ ਰਖਣੇ ਹਨ ਤਾਂ
ਸੱਚ ਧਾਰਨ ਕਰਨ ਦਾ ਵਰਤ ਰੱਖ, ਤੀਰਥਾਂ `ਤੇ ਜਾਣਾ ਚਾਹੁੰਦਾ ਹੈਂ ਤਾਂ ਜੀਵਨ ਵਿੱਚ ਸੰਤੋਖ
ਦਾ ਤੀਰਥ ਬਣਾ, ਤੇ ਇਸ਼ਨਾਨ ਕਰਕੇ ਪਵਿੱਤਰ ਹੋਣਾ ਚਾਹੁੰਦਾ ਹੈਂ ਤਾਂ ਇਲਾਹੀ ਗਿਆਨ ਵਿੱਚ
ਇਸ਼ਨਾਨ ਕਰ ਕੇ ਆਪਣੇ ਜੀਵਨ ਨੂੰ ਪਵਿੱਤਰ ਕਰ ਅਤੇ ਜੇ ਤੂੰ ਤੱਪ ਸਾਧਨਾ ਚਾਹੁੰਦਾ ਹੈ ਤਾਂ
ਖਿਮਾਂ ਦਾ ਗੁਣ ਆਪਣੇ ਜੀਵਨ ਵਿੱਚ ਧਾਰਨ ਕਰ, ਇਹੀ ਵੱਡਾ ਤੱਪ ਹੈ। ਪਾਵਨ ਗੁਰਵਾਕ ਹੈ:
ਸਚੁ ਵਰਤੁ ਸੰਤੋਖੁ ਤੀਰਥੁ ਗਿਆਨੁ ਧਿਆਨੁ ਇਸਨਾਨੁ।। ਦਇਆ
ਦੇਵਤਾ ਖਿਮਾ ਜਪਮਾਲੀ ਤੇ ਮਾਣਸ ਪਰਧਾਨ।। (ਸਲੋਕ ਮਃ ੧, ਪੰਨਾ ੧੨੪੫)
ਉਂਝ ਤਾਂ ਇਸ ਬਾਬੇ ਦੀਆਂ ਸਿੱਖ ਕੌਮ ਨੂੰ ਗੁਰਮਤਿ ਗਾਡੀ ਰਾਹ ਤੋਂ
ਗੁੰਮਰਾਹ ਕਰਨ ਦੀਆਂ ਬਹੁਤ ਦੇਣਾਂ ਹਨ, ਜਿਨ੍ਹਾਂ ਵਿਚੋਂ ਦੋ ਦੀ ਗੱਲ ਪਹਿਲਾਂ ਕੀਤੀ ਜਾ
ਚੁੱਕੀ ਹੈ, ਤੀਸਰੀ ਵੱਡੀ ਦੇਣ ਹੈ, ਗੁਰਬਾਣੀ ਦੇ ਅਥਾਹ ਸਮੁੰਦਰ ਨੂੰ ਛੱਡ ਕੇ, ਕੱਚੀਆਂ
ਧਾਰਨਾਂ ਲਾਕੇ ਕੀਰਤਨ ਕਰਨ ਦਾ ਮਾਰੂ ਰੋਗ ਸਿੱਖੀ ਵਿੱਚ ਸ਼ੁਰੂ ਕਰਨਾ, ਜਿਸ ਨਾਲ ਗੁਰੂ
ਗ੍ਰੰਥ ਸਾਹਿਬ ਦੀ ਮਹਤੱਤਾ ਘਟਾ ਕੇ ਲੋਕਾਈ ਨੂੰ ਨਿਰੋਲ ਗੁਰਬਾਣੀ ਅਤੇ ਉਸ ਦੇ ਅਨਮੋਲ
ਗਿਆਨ ਨਾਲੋਂ ਤੋੜਿਆ ਜਾ ਸਕੇ।
ਇਨ੍ਹਾਂ ਸਾਰਿਆਂ ਤੋਂ ਉਪਰ ਇਹ ਹੈ ਕਿ ਇਸ ਨੇ ਸਿੱਖ ਰਿਆਸਤਾਂ ਦੇ
ਰਜਵਾੜਿਆਂ ਅਤੇ ਹੋਰ ਸਮਰੱਥ ਸਿੱਖਾਂ ਕੋਲੋਂ ਲੱਖਾਂ ਰੁਪਿਆ ਇਕੱਤਰ ਕਰਕੇ ਮਦਨ ਮੋਹਨ
ਮਾਲਵੀਆਂ ਦੇ ਕਹਿਣ `ਤੇ ਬਨਾਰਸ ਹਿੰਦੂ ਯੂਨੀਵਰਸਿਟੀ ਬਣਵਾਈ। ਬੇਸ਼ਕ ਵਿਦਿਆ ਦੇ ਪ੍ਰਚਾਰ
ਪ੍ਰਸਾਰ ਵਾਸਤੇ ਉਦੱਮ ਕਰਨਾ ਇੱਕ ਉਤਮ ਕੰਮ ਹੈ ਪਰ ਯੂਨੀਵਰਸਿਟੀ ਪੰਜਾਬ ਵਿੱਚ ਵੀ ਸਥਾਪਤ
ਕੀਤੀ ਜਾ ਸਕਦੀ ਸੀ ਅਤੇ ਉਸ ਤੋਂ ਉਪਰ ਇੱਕ ਵਿਦਿਅਕ ਅਦਾਰੇ ਦਾ ਨਾਂ ‘ਹਿੰਦੂ ਯੂਨੀਵਰਸਿਟੀ`
ਰਖਣਾ ਜਿਥੇ ਆਪਣੇ ਆਪ ਵਿੱਚ ਸੰਪਰਦਾਇਕਤਾ ਦੀ ਬੋ ਦੇਂਦਾ ਹੈ, ਉਥੇ ਇਹ ਵੀ ਸਪੱਸ਼ਟ ਕਰਦਾ
ਹੈ ਕਿ ਇਹ ਯੂਨੀਵਰਸਿਟੀ ਕੇਵਲ ਹਿੰਦੂ ਧਰਮ ਦੀ ਪ੍ਰਫੁਲਤਾ ਵਾਸਤੇ ਬਣਾਈ ਗਈ ਸੀ। ਜਿਵੇਂ
ਕਿ ਉਪਰ ਦੱਸਿਆ ਜਾ ਚੁੱਕਾ ਹੈ ਕਿ ਅਤਰ ਸਿੰਘ ਨੂੰ ਸਿੱਖ ਸਿਧਾਂਤਾਂ ਦੇ ਉਲਟ ‘ਸੰਤ` ਦੀ
ਉਪਾਧੀ ਅੰਗ੍ਰੇਜ਼ੀ ਸਰਕਾਰ ਨੇ ਦਿੱਤੀ ਸੀ, ਕਿਉਂਕਿ ਇਸਨੇ ਜਾਰਜ ਪੰਚਮ ਦੇ ਆਉਣ `ਤੇ ਅਰਦਾਸ
ਕੀਤੀ ਸੀ ਕਿ ਅੰਗ੍ਰੇਜ਼ਾਂ ਦਾ ਰਾਜ ਸਦਾ ਕਾਇਮ ਰਹੇ। ਪਰ ‘ਹਿੰਦੂ ਯੂਨੀਵਰਸਿਟੀ` ਬਨਵਾਉਣ
ਦੇ ਬਦਲੇ ਇਸ ਨੂੰ ‘ਸੰਤ` ਦੇ ਤੌਰ `ਤੇ ਸਭ ਤੋਂ ਵਧ ਪ੍ਰਚਾਰਿਆ ਹਿੰਦੂ ਆਗੂਆਂ ਨੇ, ਜਿਸ
ਨਾਲ ਸਿੱਖ ਕੌਮ ਅੰਦਰ ਮੌਜੂਦਾ ਦੌਰ ਦੇ ‘ਦੇਹਧਾਰੀ ਸੰਤਵਾਦ` ਦੀ ਮੰਦਭਾਗੀ ਸ਼ੁਰੂਆਤ ਹੋਈ।
ਯੁਨੀਵਰਸਿਟੀ ਦਾ ਉਦਘਾਟਨ ਕਰਨ ਪੁੱਜੇ ਅਤਰ ਸਿੰਘ ਨੂੰ ਸੋਨੇ ਦੀ ਪਾਲਕੀ ਨੁਮਾ ਗੱਡੀ ਵਿੱਚ
ਬਿਠਾਇਆ ਗਿਆ ਜਿਸਨੂੰ ਇਨਸਾਨਾਂ ਨੇ ਆਪਣੇ ਹੱਥਾਂ ਨਾਲ ਖਿਚਿਆ। ਮਨੁੱਖਾਂ ਦੁਆਰਾ ਖਿੱਚੀ
ਜਾ ਰਹੀ ਪਾਲਕੀ ਵਿੱਚ ਮਹਾਪੁਰਖ ਸ਼ਾਨ ਨਾਲ ਬੈਠੇ ਰਹੇ।
ਅਤਰ ਸਿੰਘ ਦੀ
ਤਰ੍ਹਾਂ, ਇਸ ਦੇ ਡੇਰੇ ਦੀਆਂ ਵੀ ਸਿੱਖ ਕੌਮ ਨੂੰ ਬਹੁਤ ਦੇਣਾਂ ਹਨ ਪਰ ਸੱਭ ਤੋਂ
ਵੱਡੀ ਦੇਣ ਇਹ ਹੈ ਕਿ ਇਸ ਡੇਰੇ ਮਸਤੂਆਣੇ ਵਿੱਚ ਸਿੱਖ ਕੌਮ ਦੇ ਸਿੱਖੀ ਦੇ ਕੇਂਦਰ ਦਰਬਾਰ
ਸਾਹਿਬ ਦੀ ਮਹਤੱਤਾ ਘਟਾਉਣ ਅਤੇ ਆਪਣੇ ਡੇਰੇ ਦੀ ਮਹਤੱਤਾ ਵਧਾਉਣ ਲਈ ਦਰਬਾਰ ਸਾਹਿਬ ਦੀ
ਇਨਬਿਨ ਨਕਲ ਤਿਆਰ ਕਰ ਦਿੱਤੀ ਹੈ, ਇਹ ਮਹਾਨ ਕਾਰਜ ਇਸ ਡੇਰੇ ਦੇ ਇੱਕ ਸਾਧ ਧਰਮ ਸਿੰਘ ਨੇ
੧੯੯੦ ਵਿੱਚ ਸ਼ੁਰੂ ਕਰਾਇਆ। ਉਸ ਦਾ ਕਹਿਣਾ ਸੀ ਕਿ ਉਸ ਨੂੰ ਸੰਤ ਅਤਰ ਸਿੰਘ ਨੇ ਸੁਫਨੇ
ਵਿੱਚ ਆਕੇ ਇਹ ਦਰਬਾਰ ਸਾਹਿਬ ਬਣਾਉਣ ਲਈ ਆਖਿਆ ਸੀ। ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ
ਫੁਰਮਾਉਂਦੀ ਹੈ, ਸੁਪਨੇ ਸੇਤੀ ਚਿਤੁ ਮੂਰਖਿ ਲਾਇਆ।। (ਮ: ੫, ਪੰਨਾ
੭੦੭)। ਇਨ੍ਹਾਂ ਇੱਕ ਸੁਫਨੇ ਦਾ ਬਹਾਨਾ ਬਣਾ ਕੇ ਸਿੱਖ ਕੌਮ ਦੇ ਮਹਾਨ ਕੇਂਦਰੀ ਸਥਾਨ ਦੀ
ਨਕਲ ਤਿਆਰ ਕਰ ਦਿੱਤੀ।
ਉਂਝ ਇਨ੍ਹਾਂ ਦੀ ਕਿਤਾਬ ਸੰਤ ਸਰੋਵਰ ਵਿੱਚ ਵੀ ਲਿਖਿਆ ਹੈ ਕਿ ਮਰਨ
ਤੋਂ ਪਹਿਲਾਂ ਇਸ ਨੇ ਆਖਿਆ ਸੀ ਕਿ ਇਥੇ ਮਹਾਨ ਤੀਰਥ ਪਰਗਟ ਹੋਣਗੇ। ਇਸ ਦੇ ਨਾਲ ਇੱਕ ਹੋਰ
ਪਖੰਡੀ ਸਾਧ ਇਸ ਕੰਮ ਵਿੱਚ ਸ਼ਾਮਲ ਰਿਹਾ, ਉਹ ਸੀ ਬਲਵੰਤ ਸਿੰਘ ਸਿਹੋੜੇ ਵਾਲਾ। ਉਸ ਵੇਲੇ
ਵੀ ਕੌਮ ਵਿੱਚ ਇਸ ਗੈਰ ਸਿਧਾਂਤਕ, ਪੰਥ ਵਿੱਚ ਵੰਡੀਆਂ ਪਾਉਣ ਵਾਲੇ, ਪੰਥ ਮਾਰੂ ਕਾਰੇ
ਵਿਰੁਧ ਕਾਫੀ ਰੋਸ ਜਾਗਿਆ। ਇਥੋਂ ਤੱਕ ਕੇ ੧੯੯੬ ਵਿੱਚ ਅਕਾਲ-ਤਖਤ ਸਾਹਿਬ ਵਲੋਂ ਇੱਕ ਆਦੇਸ਼
ਜਾਰੀ ਕਰਕੇ ਇਸ ਨੂੰ ਰੁਕਵਾਇਆ ਗਿਆ, ਪਰ ਉਦੋਂ ਤੱਕ ਬਿਲਡਿੰਗ ਤਕਰੀਬਨ ਤਿਆਰ ਹੋ ਚੁੱਕੀ
ਸੀ ਅਤੇ ਸਰੋਵਰ ਬਣ ਰਿਹਾ ਸੀ। ਇਹ ਦਰਬਾਰ ਸਾਹਿਬ ਦੀ ਅਹਿਮੀਅਤ ਘਟਾਉਣ ਦੀ ਕੋਝੀ ਕੋਸ਼ਿਸ਼
ਹੈ।