Khalsa News homepage

 

 Share on Facebook

Main News Page

ਸੂਰਜ ਪ੍ਰਕਾਸ਼ ਗ੍ਰੰਥ ਦੀਆਂ 12 ਰਾਸ਼ੀਆਂ ਦਾ ਇੱਕ ਅਧਿਐਨ - ਗੁਰੂ ਗ੍ਰੰਥ ਸਾਹਿਬ ਜੀ ਦੀ ਰੌਸ਼ਨੀ ਵਿੱਚ - ਕਿ਼ਸ਼ਤ਼ ਪਹਿਲੀ
-: ਪ੍ਰੋ. ਕਸ਼ਮੀਰਾ ਸਿੰਘ USA
27.11.19

ਕਵੀ ਸੰਤੋਖ ਸਿੰਘ ਦੇ ਲਿਖਣ ਕਾਲ਼ ਉੱਤੇ ਇੱਕ ਨਜ਼ਰ:

ੳ). ਵਿੱਦਿਆ ਪ੍ਰਾਪਤੀ: ਕਵੀ ਭਾਈ ਸੰਤੋਖ ਸਿੰਘ {ਜੀਵਨ-ਕਾਲ਼, ਸੰਨ 1787-1843} ਨੇ ਗਿਆਨੀ ਸੰਤ ਸਿੰਘ ਨਿਰਮਲੇ {ਜੀਵਨ-ਕਾਲ਼ ਸੰਨ 1762-1832} ਤੋਂ, ਜੋ ਸ਼੍ਰੀ ਦਰਬਾਰ ਸਾਹਿਬ ਦਾ ਕਸਟੋਡੀਅਨ ਸੀ, ਲੱਗਭੱਗ 15 ਸਾਲ ਧਾਰਮਿਕ ਵਿੱਦਿਆ ਪ੍ਰਾਪਤ ਕੀਤੀ । ਇਸ ਸਿਖਲਾਈ ਸਮੇਂ ਉਹ ਗਿਆਨੀ ਸੰਤ ਸਿੰਘ ਦੀ ਰਹਾਇਸ਼ ਬੁਰਜ ਗਿਆਨੀਆਂ ਵਿੱਚ ਹੀ ਰਹੇ ।

ਅ). ਪਿੰਡ ਬੁਰੀਆ ਵਿੱਚ ਟਿਕਾਣਾ: ਇਸ ਉਪਰੰਤ ਉਹ ਸੰਨ 1813 ਦੇ ਨੇੜੇ-ਤੇੜੇ ਹਰਿਆਣੇ ਦੇ ਪਿੰਡ ਬੁਰੀਆ, ਜੋ ਅੱਜ ਦੇ ਜਿਲ਼੍ਹਾ ਯਮੁਨਾਨਗਰ ਵਿੱਚ ਸਥਿੱਤ ਹੈ, ਵਿੱਚ ਜਾ ਟਿਕੇ ਜਿੱਥੇ ਨਾਮ ਕੋਸ਼, ਸੰਸਕ੍ਰਿਤ ਦੀ ਡਿਕਸ਼ਨਰੀ ਅਤੇ 9700 ਬੰਦਾਂ ਵਾਲ਼ੀ ਰਚਨਾ ਨਾਨਕ ਪ੍ਰਕਾਸ਼ ਜੋ ਸੰਨ 1832 ਨੂੰ ਮੁਕੰਮਲ ਹੋਈ, ਆਦਿਕ ਪੁਸਤਕਾਂ ਲਿਖੀਆਂ ਗਈਆਂ ।

ੲ). ਕੈਥਲ ਦੇ ਰਾਜੇ ਉੇਦੇ ਸਿੰਘ ਕੋਲ਼: ਸੰਨ 1825 ਵਿੱਚ ਕੈਥਲ਼ ਦੇ ਰਾਜੇ ਉਦੇ ਸਿੰਘ ਨੇ ਕਵੀ ਸੰਤੋਖ ਸਿੰਘ ਨੂੰ ਆਪਣੇ ਕੋਲ਼ ਦਰਬਾਰੀ ਕਵੀ ਵਜੋਂ ਰੱਖ ਲਿਆ । ਆਪਣੇ 18 ਸਾਲਾਂ ਦੇ ਸਮੇਂ ਵਿੱਚ ਕੈਥਲ ਰਹਿੰਦਿਆਂ ਕਵੀ ਸੰਤੋਖ ਸਿੰਘ ਨੇ ਜਪੁ ਬਾਣੀ ਦਾ ਟੀਕਾ ਗਰਬ ਗੰਜਨੀ ਸੰਨ 1829 ਵਿੱਚ ਲਿਖਿਆ, ਬਾਲਮੀਕੀ ਰਮਾਇਣ ਕਵਿਤਾ ਵਿੱਚ ਸੰਨ 1834 ਵਿੱਚ ਲਿਖੀ, ਆਤਮਾ ਪੁਰਾਨ ਗ੍ਰੰਥ ਦਾ ਤਰਜੁਮਾ ਕੀਤਾ ਅਤੇ ਸੰਨ 1843 ਵਿੱਚ{ਦਸਵੇਂ ਪਾਤਿਸ਼ਾਹ ਜੀ ਦੇ ਜੋਤੀ ਜੋਤਿ ਸਮਾਉਣ ਤੋਂ 135 ਸਾਲਾਂ ਬਾਅਦ} 51820 ਬੰਦਾਂ ਵਾਲ਼ੇ ਸ਼੍ਰੀ ਗੁਰ ਪ੍ਰਤਾਪ ਸੂਰਯੋਦਿਅ ਗ੍ਰੰਥ ਦੀ ਰਚਨਾ ਸੰਪੂਰਨ ਕੀਤੀ ਜਿਸ ਦੇ ਪ੍ਰਚੱਲਤ ਨਾਂ ਸ਼੍ਰੀ ਗੁਰ ਪ੍ਰਤਾਪ ਸੂਰਜ ਅਤੇ ਸੂਰਜ ਪ੍ਰਕਾਸ਼ ਹਨ । ਮਹਾਂਰਾਜਾ ਰਣਜੀਤ ਸਿੰਘ ਦਾ ਰਾਜ ਸੰਨ 1801 ਤੋਂ 1839 ਤਕ ਰਿਹਾ ਜਿਸ ਤੋਂ ਪਤਾ ਲੱਗਦਾ ਹੈ ਕਿ ਸੂਰਜ ਪ੍ਰਕਾਸ਼ ਦੇ ਬਹੁਤੇ ਹਿੱਸੇ ਸਮੇਤ ਕਵੀ ਦੀਆਂ ਸਾਰੀਆਂ ਪੁਸਤਕਾਂ ਮਹਾਂਰਾਜੇ ਦੇ ਰਾਜ ਵਿੱਚ ਹੀ ਲਿਖੀਆਂ ਗਈਆਂ । ਮਹਾਂਰਾਜੇ ਦੇ ਰਾਜ ਵਿੱਚ ਹੀ ਗੁਰਦੁਆਰਿਆਂ ਵਿੱਚ ਬ੍ਰਾਹਮਣਵਾਦ ਦਾ ਵੱਧ ਤੋਂ ਵੱਧ ਪ੍ਰਚਾਰ ਅਤੇ ਪਸਾਰ ਹੋਇਆ।

ਗ੍ਰੰਥ ਦੇ ਨਾਂ ਨਾਲ਼ ਕਵੀ ਨੇ ਸੂਰਜ ਨੂੰ ਜੋੜਿਆ ਜਿਸ ਤੋਂ 12 ਭਾਗਾਂ ਦਾ ਨਾਂ 12 ਰਾਸ਼ੀਆਂ {ਸੂਰਜ ਦੀਆਂ 12 ਰਾਸ਼ੀਆਂ ਅਨੁਸਾਰ} ਅਤੇ ਕਾਂਡਾਂ ਵਾਸਤੇ ਅੰਸੂ {ਅੰਸ਼ੂ, ਅਰਥ- ਕਿਰਣ} ਲਿਖਿਆ ਗਿਆ ਹੈ । ਸੂਰਜ ਪ੍ਰਕਾਸ਼ ਦੀਆਂ 12 ਰਾਸ਼ੀਆਂ ਵਿੱਚ ਜਿੱਥੇ ਕਿਤੇ ਸਿੱਖੀ ਵਿਚਾਰਧਾਰਾ ਦੀ ਉਲੰਘਣਾ ਕੀਤੀ ਮਿਲ਼ਦੀ ਹੈ ਜਾਂ ਬ੍ਰਾਹਮਣਵਾਦੀ ਪ੍ਰਭਾਵ ਹੈ ਜਾਂ ਮਨਮਤਿ ਵਾਲ਼ੀ ਕੋਈ ਸਾਖੀ ਲਿਖੀ ਗਈ ਹੈ ਉਸ ਤੋਂ ਪਾਠਕਾਂ ਨੂੰ ਜਾਣੂੰ ਕਰਵਾਉਣਾ ਇਸ ਅਧਿਐਨ ਦਾ ਪ੍ਰਯੋਜਨ ਹੈ ਤਾਂ ਜੁ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਸਰਬ-ਉੱਚਤਾ ਦਿੱਤੀ ਜਾ ਸਕੇ ਅਤੇ ਸ਼੍ਰੋਤੇ ਸੂਰਜ ਪ੍ਰਕਾਸ਼ ਦੀ ਗੁਰਦੁਆਰਿਆਂ ਵਿੱਚ ਮਨਮਤਿ ਅਧੀਨ ਹੁੰਦੀ ਕਥਾ ਵਿੱਚੋਂ ਮਨਮਤਾਂ ਨੂੰ ਪਛਾਣ ਸਕਣ {ਕਥਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਹੀ ਹੋਣੀ ਚਾਹੀਦੀ ਹੈ ਕਿਉਂਕਿ ਸੂਰਜ ਪ੍ਰਕਾਸ਼ ਸਿੱਖੀ ਵਿਚਾਰਧਾਰਾ ਵਿਰੋਧੀ ਅੰਸ਼ਾਂ ਨਾਲ਼ ਭਰਿਆ ਪਿਆ ਹੈ ਜਿਨ੍ਹਾਂ ਦੀ ਸਿੱਖ ਸੰਗਤਾਂ ਨੂੰ ਕੋਈ ਲੋੜ ਨਹੀਂ ਹੈ ।}

ਪਹਿਲੀ ਰਾਸ਼ੀ ਅੰਸ਼ੂ 1:
ਸਰਸਵਤੀ ਦੇਵੀ ਦੀ ਸਿਫ਼ਤਿ:
ਕਵੀ ਸੰਤੋਖ ਸਿੰਘ ਨੇ ਸਨਾਤਨੀ ਮੱਤ ਦੇ ਪ੍ਰਭਾਵ ਹੇਠ ਸੱਤਵੇਂ ਬੰਦ ਵਿੱਚ ਪਹਿਲਾਂ ਹਿੰਦੂ ਮੱਤ ਦੀ ਸਰਸਵਤੀ ਦੇਵੀ ਦੀ ਉਸਤਤਿ ਕੀਤੀ ਹੈ ਜਦੋਂ ਕਿ ਬੇਨਤੀ ਗੁਰੂ ਪ੍ਰਮੇਸ਼ਰ ਅੱਗੇ ਕਰਨੀ ਬਣਦੀ ਸੀ । ਇਸ ਤੋਂ ਕਵੀ ਉੱਤੇ ਨਿਰਮਲਾ ਸੰਪਰਦਾ ਦੀ ਬ੍ਰਾਹਮਣਵਾਦੀ ਰੰਗਤ ਚੜ੍ਹੀ ਹੋਣ ਦਾ ਪ੍ਰਮਾਣ ਮਿਲ਼ ਜਾਂਦਾ ਹੈ । ਦੇਖੋ ਦੇਵੀ ਦੀ ਉਸਤਤਿ ਦਾ ਨਮੂਨਾ:

ਤਰਨੀ ਬਿਘਨਾ ਸਲਿਤਾਪਤਿ ਕੀ, ਪਤਿ ਕੀ ਅਤਿ ਰਖਿਅਕ ਸ਼੍ਰੀ ਬਰਨੀ ।
ਬਰਨੀ ਸੁਖਦਾ ਸ਼ਰਨਾਗਤਿ ਕੀ, ਗਤਿ ਕੀ ਸਮਤਾ ਗਜ ਕੀ ਕਰਨੀ ।

ਤਰਨੀ - ਬੇੜੀ । ਸਲਿਤਾਪਤਿ- ਸਮੁੰਦਰ । ਸ਼੍ਰੀ- ਸਰਸਵਤੀ । ਸ਼੍ਰੀ ਬਰਨੀ- ਬਾਣੀ ਦੀ ਦੇਵੀ ਸਰਸਵਤੀ । ਬਰਨੀ -ਵਰਣਨ ਕੀਤੀ । ਸੁਖਦਾ -ਸੁੱਖਾਂ ਦੀ ਦਾਤੀ । ਗਜ- ਹਾਥੀ । ਗਤਿ -ਚਾਲ ।

ਪਹਿਲੀ ਰਾਸ਼ੀ ਅੰਸ਼ੂ 2:
ਭਾਈ ਬੂੜਾ ਨੂੰ ਬਾਲਕ ਤੋਂ ਕਰਾਮਾਤੀ ਢੰਗ ਨਾਲ਼ ਬੁੱਢਾ ਦਿਖਾਉਣਾ:
ਭਾਈ ਬੂੜਾ ਬਾਲਕ ਰੂਪ ਵਿੱਚ ਪਹਿਲੇ ਗੁਰੂ ਜੀ ਨੂੰ ਮਿਲ਼ੇ ਸਨ । ਜਦੋਂ ਉਸ ਦੇ ਮਾਪੇ ਭਾਈ ਬੂੜਾ ਨੂੰ ਦੇਖਣ ਆਏ ਤਾਂ ਉਹ ਬਾਲਕ ਨੂੰ ਬੁੱਢਾ ਬਣਿਆਂ ਦੇਖ ਛੱਡ ਕੇ ਚਲੇ ਗਏ । ਇਹ ਕਰਾਮਾਤ ਗੁਰਮਤਿ ਵਿਰੋਧੀ ਹੈ । ਪ੍ਰਮਾਣ ਦੇਖੋ:

ਪੁੱਛਣ ਤੇ ਸਿੱਖਾਂ ਨੇ ਭਾਈ ਬੂੜਾ ਦੇ ਮਾਪਿਆਂ ਨੂੰ ਕਿਹਾ ਕਿ ਬੂੜਾ ਅੰਦਰ ਬੈਠਾ ਹੈ । ਮਾਪਿਆਂ ਨੇ ਉਸ ਉੱਤੇ ਨਜ਼ਰ ਪਾਈ ਤਾਂ ਉਨ੍ਹਾਂ ਨੂੰ ਉਹ ਬੁੱਢਾ ਦਿਸਿਆ-
ਸਿੱਖਨ ਕਹਯੁ ਸੁਅੰਤਰ ਬੈਸਾ । ਜਾਇ ਨਿਹਾਰਿਓ ਅਤਿ ਬ੍ਰਿਧ ਜੈਸਾ ।--4।

ਹਿੰਦੂ ਮੱਤ ਵਾਲੇ ਕਰਮ ਗੁਰਿਆਈ ਦਾ ਤਿਲਕ ਲਾਉਣ ਦੀ ਰਸਮ ਦਾ ਵੀ ਸੂਰਜ ਪ੍ਰਕਾਸ਼ ਨੇ ਪ੍ਰਚਾਰ ਕੀਤਾ ਹੈ । ਕਵੀ ਅਨੁਸਾਰ ਬਾਬਾ ਬੁੱਢਾ ਨੂੰ ਭਾਈ ਬੁੱਢਾ ਆਖਣ ਲਈ ਪੰਜਵੇਂ ਗੁਰੂ ਜੀ ਨੇ ਭਾਈ ਦੀ ਪਦਵੀ ਦੇਣ ਉਪਰੰਤ ਹੁਕਮ ਕੀਤਾ ਸੀ ।ਕਵੀ ਲਿਖਦਾ ਹੈ ਕਿ ਸੰਗਤਾਂ ਨੇ ਉਸ ਨੂੰ ਭਾਈ ਬੁੱਢਾ ਦੀ ਬੰਸ਼ ਵਿੱਚੋਂ ਭਾਈ ਰਾਮ ਕੁਇਰ ਦੀ ਕਥਾ ਸੁਣਾਉਣ ਲਈ ਕਿਹਾ ।

ਪਹਿਲੀ ਰਾਸੀ ਅੰਸ਼ੂ 3:
ਸਿੱਖੀ ਵਿੱਚ ਵਰ ਅਤੇ ਸਰਾਪ ਦਾ ਪ੍ਰਚਾਰ:
ਭਾਈ ਰਾਮ ਕੁਇਰ ਨੂੰ ਭਾਈ ਬੁੱਢਾ ਜੀ ਦੀ ਵੰਸ਼ ਵਿੱਚੋਂ ਦੱਸਦਿਆ ਕਵੀ ਨੇ ਲਿਖਿਆ ਹੈ ਕਿ ਭਾਈ ਬੁੱਢੇ ਦੀ ਸੰਤਾਨ ਵਿੱਚੋਂ ਭਾਈ ਰਾਮ ਕੁਇਰ ਕਰਾਮਾਤੀ ਸੀ ਅਤੇ ਵਰ ਸਰਾਪ ਦੇ ਦਿੰਦਾ ਸੀ । ਇੱਕ ਕਰਾਮਾਤੀ ਮਨਮਤੀ ਕਹਾਣੀ ਰਾਹੀਂ ਕਵੀ ਲਿਖਦਾ ਹੈ ਕਿ ਕੋਈ ਜ਼ਿਮੀਦਾਰ ਭਾਈ ਰਾਮ ਕੁਇਰ ਲਈ ਪ੍ਰਸ਼ਾਦਾ ਲਿਆਇਆ ਅਤੇ ਭਾਈ ਰਾਮ ਕੁਇਰ ਨੇ ਛਕ ਕੇ ਪੁੱਛਿਆ ਕਿ ਇਹ ਕਿਸ ਅਰਥ ਲਿਆਇਆ ਹੈਂ? ਉੱਤਰ ਮਿਲ਼ਿਆ ਕਿ ਵਰ੍ਹੀਣਾ/ਬਰਸੀ ਸੀ । ਭਾਈ ਰਾਮ ਕੁਇਰ ਨੇ ਕਿਹਾ ਕਿ ਇਹ ਕੰਮ ਤਾਂ ਪਿੰਡ ਵਿੱਚ ਰੋਜ਼ ਹੋਣਾ ਚਾਹੀਦਾ ਹੈ ਤਾਂ ਪਿੰਡ ਵਿੱਚ ਰੋਜ਼ ਮੌਤ ਹੋਣ ਲੱਗ ਪਈ । ਫਿਰ ਕਿਸੇ ਦਿਨ ਪਰਸ਼ਾਦਾ ਲਿਆਂਦਾ ਗਿਆ ਤਾਂ ਦੱਸਿਆ ਕਿ ਪਿੰਡ ਵਿੱਚ ਕਿਸੇ ਦੀ ਸ਼ਾਦੀ ਸੀ ਤਾਂ ਭੋਜਨ ਲਿਆਂਦਾ ਹੈ । ਭਾਈ ਰਾਮ ਕੁਇਰ ਨੇ ਵਰ ਦਿੱਤਾ ਕਿ ਪਿੰਡ ਵਿੱਚ ਰੋਜ਼ ਸ਼ਾਦੀ ਹੋਇਆ ਕਰੇ । ਇਸ ਤਰ੍ਹਾਂ ਕਰਾ ਕੇ ਪਿੰਡ ਵਾਲ਼ਿਆਂ ਨੇ ਪਹਿਲੇ ਮੌਤ ਵਾਲ਼ੇ ਸਰਾਪ ਨੂੰ ਆਪੇ ਹੀ ਟਾਲ਼ ਲਿਆ । ਗੁਰਮਤਿ ਵਿੱਚ ਨਾ ਤਾਂ ਅਜਿਹੀ ਕਰਾਮਾਤ ਨੂੰ ਕੋਈ ਥਾਂ ਹੈ ਅਤੇ ਨਾਹੀ ਕਿਸੇ ਅਜਿਹੇ ਵਰ ਅਤੇ ਸਰਾਪ ਨੂੰ ।

ਪਹਿਲੀ ਰਾਸ਼ੀ ਅੰਸ਼ੂ 4:
ਭਾਈ ਰਾਮ ਕੁਇਰ ਦੀ ਇੱਕ ਹੋਰ ਕਰਾਮਾਤੀ ਕਹਾਣੀ:
ਭਾਈ ਰਾਮ ਕੁਇਰ ਨੂੰ ਕਰਾਮਾਤੀ ਦਿਖਾਉਣ ਲਈ ਇੱਥੇ ਵੀ ਇੱਕ ਕਹਾਣੀ ਬਣਾਈ ਗਈ ਹੈ । ਲਾਹੌਰ ਦੇ ਹਾਕਮ ਨੇ ਇੱਕ ਵਾਰੀ ਭਾਈ ਰਾਮ ਕੁਇਰ ਦੀ ਪਰਖ ਕਰਨੀ ਚਾਹੀ ਅਤੇ ਉਸ ਨੂੰ ਇੱਕ ਬਹੁਤ ਹੀ ਅੜੀਅਲ ਘੋੜੀ ਪੇਸ਼ ਕੀਤੀ । ਭਾਈ ਰਾਮ ਕੁਇਰ ਉਸ ਉੱਤੇ ਇੱਕ ਪਾਸੇ ਨੂੰ ਲੱਤਾਂ ਲਮਕਾ ਦੇ ਬੈਠ ਗਏ ਅਤੇ ਸੱਭ ਹੈਰਾਨ ਹੋ ਗਏ, ਘੌੜੀ ਆਰਾਮ ਨਾਲ਼ ਤੁਰਦੀ ਰਹੀ ।

ਪਹਿਲੀ ਰਾਸ਼ੀ ਅੰਸ਼ੂ 5:
ਸੂਰਜ ਪ੍ਰਕਾਸ਼ ਗ੍ਰੰਥ ਲਿਖਣ ਦਾ ਆਧਾਰ:
ਕਵੀ ਲਿਖਦਾ ਹੈ ਕਿ ਭਾਈ ਰਾਮ ਕੁਇਰ, ਭਾਈ ਮਨੀ ਸਿੰਘ ਅਤੇ ਹੋਰ ਸਿੱਖਾਂ ਨੇ ਜੋ ਜੋ ਗੁਰੂ ਸਾਹਿਬਾਨ ਦੀਆਂ ਸਾਖੀਆਂ ਸੁਣਾਈਆਂ, ਉਨ੍ਹਾਂ ਨੂੰ ਉਸ ਨੇ ਕਵਿਤਾ ਵਿੱਚ ਲਿਖਿਆ ਹੈ । ਕਵੀ ਸੰਤੋਖ ਸਿੰਘ ਵੇਲੇ ਨਾ ਤਾਂ ਭਾਈ ਰਾਮ ਕੁਇਰ ਹੀ ਸੀ ਅਤੇ ਨਾ ਹੀ ਭਾਈ ਮਨੀ ਸਿੰਘ ਹੀ ਸਨ । ਸਪੱਸ਼ਟ ਹੈ ਕਿ ਕਵੀ ਨੇ ਸੁਣੀਆਂ ਸੁਣਾਈਆਂ ਕਹਾਣੀਆਂ ਨੂੰ ਬਿਨਾਂ, ਕਿਸੇ ਗੁਰਮਤਿ ਕਸਵੱਟੀ ਦੇ, ਪੇਸ਼ ਕਰ ਦਿੱਤਾ ਹੈ । ਭਾਈ ਰਾਮ ਕੁਇਰ ਵਲੋਂ ਲਿਖਾਈਆਂ ਸਾਖੀਆਂ ਦੀ ਕਿਤਾਬ ਵੀ ਕੈਥਲ ਦੇ ਰਾਜੇ ਨੇ ਰਮਦਾਸ ਤੋਂ ਮੰਗਵਾ ਲਈ ਸੀ ਜੋ ਭਾਈ ਵੀਰ ਸਿੰਘ ਦੇ ਲਿਖਣ ਅਨੁਸਾਰ ਬਾਅਦ ਵਿੱਚ ਓਥੋਂ ਗੁੰਮ ਹੋ ਗਈ ਸੀ । ਇਸ ਕਿਤਾਬ ਵਿੱਚੋਂ ਸਾਖੀਆਂ ਲੈ ਕੇ ਕਵੀ ਨੇ ਸੂਰਜ ਪ੍ਰਕਾਸ਼ ਵਿੱਚ ਲਿਖੀਆਂ ਹਨ । ਕਵੀ ਇੱਥੇ ਦੱਸਦਾ ਹੈ ਕਿ ਉਸ ਨੇ ਨਾਨਕ ਪ੍ਰਕਾਸ਼ ਲਿਖ ਕੇ ਰਾਮਾਇਣ ਲਿਖੀ ਅਤੇ ਆਤਮਾ ਪੁਰਾਨ ਦੀ ਕਥਾ ਲਿਖੀ ।

ਰਾਸ਼ੀ ਪਹਿਲੀ ਅੰਸ਼ੂ 6:
ਭਾਈ ਰਾਮ ਕੁਇਰ ਵਲੋਂ ਸੁਣਾਈ ਸਾਖੀ ਅਨੁਸਾਰ ਕਵੀ ਲਿਖਦਾ ਹੈ ਕਿ ਰੱਬ ਨੇ ਆਪ ਕਾਲ਼ੂ ਦੇ ਘਰ ਨਾਨਕ ਵਜੋਂ ਜਨਮ ਲਿਆ ਸੀ, ਪਰ ਇਹ ਗੁਰਮਤਿ ਅਨੁਸਾਰ ਠੀਕ ਨਹੀਂ ਹੈ । ਰੱਬ ਅਜੂਨੀ ਹੈ, ਕਦੇ ਜਨਮ ਨਹੀਂ ਲੈਂਦਾ, ਕਦੇ ਮਰਦਾ ਨਹੀਂ ਅਤੇ ਕਦੇ ਸੰਸਾਰ ਤੋਂ ਅਲੋਪ ਨਹੀਂ ਹੁੰਦਾ ।

ਭਾਈ ਲਖਮੀ ਦਾਸ ਤੋਂ ਕਰਾਮਾਤ ਕਰਵਾਈ:
ਸ਼ਿਕਾਰ ਖੇਡ ਕੇ ਘੋੜੇ ਉੱਤੇ ਸਹੇ ਲਟਕਾ ਕੇ ਜਦੋਂ ਭਾਈ ਲਖਮੀ ਦਾਸ ਘਰ ਆਏ ਤਾਂ ਭਾਈ ਸ਼੍ਰੀ ਚੰਦ ਨੇ ਕਿਹਾ ਕਿ ਜੀਵ ਘਾਤ ਲਈ ਲੇਖਾ ਦੇਣਾ ਪਵੇਗਾ । ਭਾਈ ਲਖਮੀ ਦਾਸ ਇਹ ਸੁਣ ਕੇ ਆਪਣੀ ਪਤਨੀ ਅਤੇ ਪੁੱਤਰ ਧਰਮ ਚੰਦ ਨੂੰ ਲੈ ਕੇ ਭਾਈ ਸ਼੍ਰੀ ਚੰਦ ਕੋਲ਼ ਆ ਕੇ ਕਹਿਣ ਲੱਗਾ ਕਿ ਹੁਣੇ ਲੇਖਾ ਦੇਣ ਚੱਲੇ ਹਾਂ । ਇਹ ਸੁਣ ਕੇ ਭਾਈ ਸ਼੍ਰੀ ਚੰਦ ਨੇ ਧਰਮ ਦਾਸ ਨੂੰ ਬਾਂਹ ਫੜ ਕੇ ਕੋਲ਼ ਰੱਖ ਲਿਆ ਅਤੇ ਭਾਈ ਲੱਖਮੀ ਦਾਸ ਅਤੇ ਉਸ ਦੀ ਪਤਨੀ ਅਲੋਪ ਹੋ ਗਏ ਅਤੇ ਮੁੜ ਨਹੀਂ ਆਏ । ਕਵੀ ਲਿਖਦਾ ਹੈ-

ਆਇ ਭ੍ਰਾਤ ਸੋਂ ਭਨਯੋ ਜਨਾਏ । ਲੇਖਾ ਦੇਨਿ ਅਬਹਿ ਹਮ ਆਏ ।
ਸੁਨਤਿ ਸ੍ਰੀ ਚੰਦ ਰਿਦੈ ਬਿਚਾਰਾ । ਧਰਮ ਚੰਦ ਕੋ ਪਕਰਿ ਉਤਾਰਾ ।
ਸਹਿਤ ਭਾਰਜਾ ਗਯੋ, ਨ ਆਯੋ । ਅਵਿਲੋਕਤ ਨਰ ਗਨ ਬਿਸਮਾਯੋ ।19।

ਭਾਈ ਸ਼੍ਰੀ ਚੰਦ ਜੀ ਜਿੱਥੇ ਵੀ ਜਾਂਦੇ ਸਨ, ਆਪਣੇ ਸੇਵਕ ਦੇ ਕੰਧਾੜੇ ਚੜ੍ਹ ਕੇ ਜਾਂਦੇ ਸਨ। ਇਹ ਗੱਲ ਮੰਨਣ ਵਾਲ਼ੀ ਨਹੀਂ ਜਾਪਦੀ ।

ਰਾਸ਼ੀ ਪਹਿਲੀ ਅੰਸ਼ੂ 7:
ਕਵੀ ਨੇ ਪਹਿਲੇ ਗੁਰੂ ਜੀ ਨਗਨ ਬੈਕੁੰਠ ਭੇਜੇ:
ਗੁਰ ਪ੍ਰਨਾਲ਼ੀ ਦਾ ਜ਼ਿਕਰ ਕਰਦਿਆਂ ਕਵੀ ਸੰਤੋਖ ਸਿੰਘ ਨੇ ਲਿਖਿਆ ਹੈ ਕਿ ਪਹਿਲੇ ਗੁਰੂ ਜੀ ਨਗਨ ਸ਼ਰੀਰ ਸਣੇ ਬੈਕੁੰਠ ਗਏ ਅਤੇ ਪਿਛੇ ਰਹੇ ਬਸਤਰਾਂ ਦਾ ਸਸਕਾਰ ਕੀਤਾ ਗਿਆ । ਕਵੀ ਦੀ ਇਹ ਗ਼ਲਤ ਬਿਆਨੀ ਹੈ ਅਤੇ ਈਸਾਈ ਮੱਤ ਦੇ ਪ੍ਰਭਾਵ ਨਾਲ਼ ਇਹ ਲਿਖਿਆ ਹੈ । ਗੁਰਬਾਣੀ ਅਨੁਸਾਰ ਬੈਕੁੰਠ ਕਿਤੇ ਇਸ ਧਰਤੀ ਤੋਂ ਪਰੇ ਨਹੀਂ ਹੈ ਜਿੱਥੇ ਗੁਰੂ ਜੀ ਨੂੰ ਕਵੀ ਨੇ ਨਗਨ ਦੇਹੀ ਸਮੇਤ ਭੇਜਿਆ ਹੈ । ਬੈਕੁੰਠ ਬਾਰੇ ਗੁਰਬਾਣੀ ਵਿੱਚ 36 ਪੰਕਤੀਆਂ ਮਿਲ਼ਦੀਆਂ ਹਨ ਅਤੇ ਜਾਪਦਾ ਹੈ ਕਵੀ ਸੰਤੋਖ ਸਿੰਘ ਨੇ ਇਨ੍ਹਾਂ ਨੂੰ ਪੜ੍ਹ ਕੇ ਬੈਕੁੰਠ ਬਾਰੇ ਕੋਈ ਗਿਆਨ ਨਹੀਂ ਲਿਆ ਅਤੇ ਗੁਰੂ ਜੀ ਨੁੂੰ ਨਗਨ ਸ਼ਰੀਰ ਨਾਲ਼ ਬੈਕੁੰਠ ਵਿੱਚ ਭੇਜ ਦਿੱਤਾ । ਕੁੱਝ ਕੁ ਪ੍ਰਮਾਣ ਦੇਖੋ-

ੳ). ਤਹਾ ਬੈਕੁੰਠੁ ਜਹ ਕੀਰਤਨੁ ਤੇਰਾ ਤੂੰ ਆਪੇ ਸਰਧਾ ਲਾਇਹਿ॥ {ਗਗਸ 749}
ਅ). ਸਾਰਗ ਮਹਲਾ 5॥ ਹਰਿ ਜਨ ਰਾਮ ਰਾਮ ਰਾਮ ਧਿਆਂਏ॥ ਏਕ ਪਲਕ ਸੁਖ ਸਾਧ ਸਮਾਗਮ ਕੋਟਿ ਬੈਕੁੰਠਹ ਪਾਂਏ ॥1॥ ਰਹਾਉ॥ {ਗਗਸ 1208}
ੲ). ਗਉੜੀ ਕਬੀਰ ਜੀ ॥ ਜੋ ਜਨ ਪਰਮਿਤਿ ਪਰਮਨੁ ਜਾਨਾ ॥ ਬਾਤਨ ਹੀ ਬੈਕੁੰਠ ਸਮਾਨਾ ॥1॥ ਨਾ ਜਾਨਾ ਬੈਕੁੰਠ ਕਹਾ ਹੀ ॥ ਜਾਨੁ ਜਾਨੁ ਸਭਿ ਕਹਹਿ ਤਹਾ ਹੀ ॥1॥ ਰਹਾਉ ॥ ਕਹਨ ਕਹਾਵਨ ਨਹ ਪਤੀਅਈ ਹੈ ॥ ਤਉ ਮਨੁ ਮਾਨੈ ਜਾ ਤੇ ਹਉਮੈ ਜਈ ਹੈ ॥2॥ ਜਬ ਲਗੁ ਮਨਿ ਬੈਕੁੰਠ ਕੀ ਆਸ॥ ਤਬ ਲਗੁ ਹੋਇ ਨਹੀ ਚਰਨ ਨਿਵਾਸੁ ॥3॥ ਕਹੁ ਕਬੀਰ ਇਹ ਕਹੀਐ ਕਾਹਿ ॥ ਸਾਧਸੰਗਤਿ ਬੈਕੁੰਠੈ ਆਹਿ ॥4॥10॥ {ਗਗਸ 325}
ਸ). ਜਬ ਲਗੁ ਮਨ ਬੈਕੁੰਠ ਕੀ ਆਸ॥ ਤਬ ਲਗੁ ਨਾਹੀ ਚਰਨ ਨਿਵਾਸ ॥2॥ {ਗਗਸ 1261}

ਗੁਰੂ ਅਮਰਦਾਸ ਜੀ ਤੋਂ ਵਰ ਦਿਵਾਇਆ:
ਗੁਰੂ ਅਮਰਦਾਸ ਜੀ ਨਾਲ਼ ਤੋਂ ਵਰ ਦਿਵਾਇਆ ਜੋ ਗੁਰਮਤਿ ਅਨਕੂਲ ਨਹੀਂ ਹੈ । ਕਵੀ ਲਿਖਦਾ ਹੈ- ਜਬ ਲਗਿ ਜਗ ਹਮਰੋ ਤਨ ਰਹੈ। ਸੁਤ ਮ੍ਰਿਤ ਮਾਤ ਪਿਤਾ ਨਹਿਂ ਲਹੈਂ।

ਤੀਜੇ ਗੁਰੂ ਜੀ ਤੋਂ ਵਰ ਦਿਵਾਇਆ ਕਿ ਉਨ੍ਹਾਂ ਦੇ ਜੀਉਂਦੇ ਜੀਅ ਕਿਸੇ ਮਾਤਾ ਪਿਤਾ ਦਾ ਪੁੱਤ੍ਰ ਨਾ ਮਰੇ । ਇਹ ਤਾਂ ਅਕਾਲ ਪੁਰਖ ਦੇ ਭਾਣੇ ਵਿੱਚ ਸਿੱਧਾ ਦਖ਼ਲ ਹੈ । ਵਰ ਅਤੇ ਸਰਾਪ ਹਿੰਦੂ ਰਿਸ਼ੀਆਂ ਮੁਨੀਆਂ ਅਤੇ ਸਿੱਧਾਂ ਨਾਲ਼ ਸੰਬੰਧ ਰੱਖਦੇ ਹਨ, ਗੁਰਮਤਿ ਵਿੱਚ ਅਜਿਹਾ ਨਹੀਂ ਹੈ । ਤੀਜੇ ਗੁਰੂ ਜੀ ਨੂੰ ਕਰਾਮਤੀ ਦੱਸਦਿਆਂ ਕਵੀ ਨੇ ਲਿਖਿਆ ਹੈ ਕਿ ਉਨ੍ਹਾਂ ਨੇ 106 ਸਾਲ ਉਮਰ ਮਾਣੀ ਅਤੇ ਆਪਣੀ 6 ਸਾਲ ਉਮਰ ਭਾਈ ਜੇਠਾ ਜੀ ਨੂੰ ਦੇ ਦਿੱਤੀ ਸੀ । ਕਵੀ ਵਲੋਂ ਤੀਜੇ ਗੁਰੂ ਜੀ ਦੀ ਉਮਰ 112 ਸਾਲ ਲਿਖੀ ਹੈ ਜੋ ਠੀਕ ਨਹੀਂ ਹੈ । ਤੀਜੇ ਗੁਰੂ ਜੀ ਦਾ ਜੀਵਨ ਕਾਲ਼ ਸੰਨ 1479 ਤੋਂ 1574 ਤੱਕ ਦਾ ਸੀ ਜਿਵੇਂ ਕਿ ਪ੍ਰੋ. ਸਾਹਿਬ ਸਿੰਘ ਨੇ ਗੁਰ ਇਤਿਹਾਸ ਪਾ: 2 ਤੋਂ 9 ਪੁਸਤਕ ਵਿੱਚ ਲਿਖਿਆ ਹੈ । ਤੀਜੇ ਗੁਰੂ ਜੀ ਦੀ ਸੰਤਾਨ ਲਿਖਿਦਿਆਂ ਕਵੀ ਨੇ ਬੀਬੀ ਦਾਨੀ ਦਾ ਨਾਂ ਨਹੀਂ ਲਿਖਿਆ ।

ਪਹਿਲੀ ਰਾਸ਼ੀ ਅੰਸ਼ੂ 8:
ਗੁਰੂ ਪਾਤਿਸ਼ਾਹਾਂ ਦੇ ਕਈ ਕਈ ਵਿਆਹ ਲਿਖ ਦਿੱਤੇ:
ਕਵੀ ਸੰਤੋਖ ਸਿੰਘ ਨੇ ਛੇਵੇਂ ਗੁਰੂ ਜੀ ਦੀਆਂ ਤਿੰਨ ਪਤਨੀਆਂ- ਦਮੋਦਰੀ, ਮਰਵਾਹੀ ਅਤੇ ਮਾਤਾ ਨਾਨਕੀ ਜੀ ਮਿੱਥ ਲਈਆਂ ਜੋ ਗੁਰਬਾਣੀ ਦੇ ਆਸ਼ੇ ਅਨੁਸਾਰ ਨਹੀਂ ਹੈ । ਕਵੀ ਇਹ ਤਾਂ ਲਿਖਦਾ ਹੈ ਕਿ ਛੇਵੇਂ ਗੁਰੂ ਜੀ ਅਤੇ ਮਾਤਾ ਨਾਨਕੀ ਤੋਂ ਗੁਰੂ ਤੇਗ਼ ਬਹਾਦੁਰ ਜਨਮੇ ਪਰ ਬਾਕੀ ਚਾਰ ਪੁੱਤਰ ਕਿੱਸ ਮਹਿਲ ਤੋਂ ਜਨਮੇ, ਇਸ ਬਾਰੇ ਕੁੱਝ ਨਹੀਂ ਲਿਖਦਾ। ਕੇਵਲ ਮਾਤਾ ਨਾਨਕੀ ਨੂੰ ਹੀ ਮਹਿਲ ਮੰਨਣਾ ਚਾਹੀਦਾ ਹੈ ।

ਭਾਈ ਗੁਰਦਾਸ ਜੀ ਨੇ ਵਾਰ ਨੰਬਰ 6 ਦੀ ਪਉੜੀ ਨੰਬਰ 8 ਵਿੱਚ ਲਿਖਿਆ ਹੈ-

ਗੁਰਦਰਸ਼ਨ ਪਰਸ਼ਨ ਸਫਲ ਛੇ ਦਰਸ਼ਨ ਇਕ ਦਰਸ਼ਨ ਜਾਣੈ॥ ਦਿਬ ਦ੍ਰਿਸ਼ਟ ਪਰਗਾਸ ਕਰ ਲੋਕ ਵੇਦ ਗੁਰ ਗਿਆਨ ਪਛਾਣੈ॥
ਏਕਾ ਨਾਰੀ ਜਤੀ ਹੋਇ ਪਰ ਨਾਰੀ ਧੀ ਭੈਣ ਵਖਾਣੈ॥ ਪਰ ਧਨ ਸੂਅਰ ਗਾਇ ਜਿਉ ਮਕਰੂਹ ਹਿੰਦੂ ਮੁਸਲਮਾਣੈ॥
ਘਰਬਾਰੀ ਗੁਰ ਸਿਖ ਹੋਇ ਸਿਖਾ ਸੂਤ੍ਰ ਮਲ ਮੂਤ੍ਰ ਵਿਡਾਣੈ॥ ਪਾਰਬ੍ਰਹਮ ਪੂਰਨ ਬ੍ਰਹਮ ਗ੍ਯਾਨ ਧ੍ਯਾਨ ਗੁਰਸਿਖ ਸਿਞਾਣੈ॥
ਸਾਧ ਸੰਗਤ ਮਿਲ ਪਤ ਪਰਵਾਣੈ ॥8॥

ਇਸੇ ਤਰ੍ਹਾਂ ਸੱਤਵੇਂ ਗੁਰੂ ਜੀਆਂ 8 ਪਤਨੀਆਂ ਮਿੱਥ ਲਈਆਂ ਜਿਨ੍ਹਾਂ ਦੇ ਨਾਂ ਹੇਠਾਂ ਬਿਆਨ ਕੀਤੇ ਗਏ ਹਨ-

ਬਯਾਹੀ ਮਹਿਲਾ ਅਸ਼ਟ ਮਹਾਨੀ । ਕਿਸ਼ਨ ਕੁਇਰ ਕੋਟਿ ਕਲਯਾਨੀ ।

ਚਲਦਾ...


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top