Share on Facebook

Main News Page

ਗੁਰਬਾਣੀ ਵਿੱਚ ਵਾਹ, ਵਾਹੁ, ਵਾਹਿ ਸ਼ਬਦਾਂ ਦਾ ਵਰਤਾਰਾ
-: ਪ੍ਰੋ. ਕਸ਼ਮੀਰਾ ਸਿੰਘ ਯੂ.ਐਸ.ਏ.
05.04.2022
#KhalsaNews #ProfKashmiraSinghUSA #Vaah #Vaho #Vaheguru #Waheguru

ਗੁਰਬਾਣੀ ਦੇ ਸ਼ਬਦ-ਜੋੜਾਂ ਪ੍ਰਤੀ ਪ੍ਰੋ. ਸਾਹਿਬ ਸਿੰਘ ਦੀ ਰਾਇ:

ਗੁਰਬਾਣੀ ਦੇ ਸ਼ਬਦ-ਜੋੜਾਂ ਪ੍ਰਤੀ ਜਾਗਰੂਕ ਹੋਣ ਲਈ ਪ੍ਰੋ. ਸਾਹਿਬ ਸਿੰਘ ਨੇ ਗੁਰਬਾਣੀ ਦੇ ਟੀਕੇ (ਗੁਰੂ ਗ੍ਰੰਥ ਸਾਹਿਬ ਦਰਪਣ) ਦੀ ਪਹਿਲੀ ਜਿਲਦ ਵਿੱਚ (ਪੰਨਾਂ ਨੰਬਰ 4 ਅਤੇ 5 ਉੱਤੇ) ਸ਼ਬਦ-ਜੋੜਾਂ ਦੀ ਮਹੱਤਤਾ ਪ੍ਰਗਟ ਕਰਦਿਆਂ ਲਿਖਿਆ ਹੈ- ਸੰਨ 1920 ਤੋਂ ਮੈਨੂੰ ਇਹ ਯਕੀਨ ਬਣ ਗਿਆ ਕਿ ਕੁਦਰਤਿ ਦੇ ਸਧਾਰਨ ਨਿਯਮਾਂ ਅਨੁਸਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਬੋਲੀ ਭੀ ਉਵੇਂ ਹੀ ਕਿਸੇ ਖ਼ਾਸ ਵਿਆਕਰਨ ਦੀਆਂ ਲੀਹਾਂ ਤੇ ਹੈ, ਜਿਵੇਂ ਹਰੇਕ ਸਮੇਂ ਦੀ ਬੋਲੀ ਖ਼ਾਸ ਵਿਆਕਰਨ ਦੇ ਅਨੁਸਾਰ ਹੁੰਦੀ ਹੈ । ਸੋ, ਇਹ ਸਾਰਾ ਟੀਕਾ ਲਿਖਦਿਆਂ ਮੈਂ ਪੁਰਾਣੀ ਪੰਜਾਬੀ ਦੇ ਉਸ ਵਿਅਕਰਨ ਨੂੰ ਅੱਖਾਂ ਸਾਮ੍ਹਣੇ ਰੱਖਿਆ ਹੈ । ਪਾਠਕਾਂ ਦੀ ਸਹੂਲਤ ਵਾਸਤੇ ਮੈਂ ਟੀਕੇ ਵਿੱਚ ਪੁਾਰਣੀ ਪੰਜਾਬੀ ਦੇ ਵਿਆਕਰਨ ਦੀ ਹਰੇਕ ਗੁੰਝਲ਼ ਤੇ ਔਖਿਆਈ ਨੂੰ ਹੱਲ ਕਰਨ ਦਾ ਜਤਨ ਕੀਤਾ ਹੈ । ਪਰ ਇਸ ਦੀ ਪੂਰੀ ਸਫ਼ਲਤਾ ਤਦੋਂ ਹੀ ਹੋ ਸਕਦੀ ਹੈ, ਜੇ ਪਾਠਕ ਆਪ ਵੀ ਕੁੱਝ ਉੱਦਮ ਕਰਨ । ਪੁਰਾਣੀ ਪੰਜਾਬੀ ਦੇ ਲਫ਼ਜ਼ਾਂ ਦੇ ਜੋੜ ਅੱਜ ਕੱਲ੍ਹ ਦੀ ਪੰਜਾਬੀ ਦੇ ਜੋੜਾਂ ਨਾਲ਼ੋਂ ਕਾਫ਼ੀ ਵਿਲੱਖਣ ਹਨ, ਇਸ ਵਾਸਤੇ ਗੁਰਬਾਣੀ ਨੂੰ ਪੜ੍ਹਨ ਲਿਖਣ ਵੇਲੇ ਪਾਠਕਾਂ ਨੂੰ ਇਹ ਆਦਤ ਬਣਾਉਣੀ ਪਵੇਗੀ ਕਿ ਲਫ਼ਜ਼ਾਂ ਦੇ ਜੋੜਾਂ ਵਲ ਖ਼ਾਸ ਧਿਆਨ ਰਹੇ । ਇਹਨਾਂ ਜੋੜਾਂ ਵਿੱਚ ਹੀ ਪੁਰਾਣੀ ਪੰਜਾਬੀ ਦਾ ਵਿਆਕਰਨ ਹੈ । ਇਹਨਾਂ ਵਲੋਂ ਅਣਗਹਿਲੀ ਕੀਤਿਆਂ ਬਾਣੀ ਦੀ ਸਹੀ ਸੂਝ ਪੈਣੀ ਅਸੰਭਵ ਹੈ । --- ਜੇ ਪਾਠਕ ਸੱਜਣਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸ਼ਬਦ-ਜੋੜਾਂ ਨੂੰ ਵੇਖਣ ਤੇ ਪਛਾਨਣ ਦੀ ਆਂਦਤ ਨਾਂਹ ਬਣਾਈ, ਤਾਂ ਮੇਰੀ ਕੀਤੀ ਹੋਈ ਮਿਹਨਤ ਉਹਨਾਂ ਨੂੰ ਪੂਰਾ ਲਾਭ ਨਹੀਂ ਪੁਚਾ ਸਕੇਗੀ

ਸ਼ਬਦ-ਜੋੜ ਮੂਲ਼ ਰੂਪ ਵਿੱਚ ਪਦ-ਛੇਦ ਨਹੀਂ ਸਨ:

ਗੁਰਬਾਣੀ ਦੀ ਮੁੱਢਲੀ ਲਿਖਾਈ ਸੰਗਲ਼ੀਦਾਰ ਸੀ, ਸ਼ਬਦ-ਜੋੜਾਂ ਵਿੱਚ ਕਿਸੇ ਵਿੱਥ ਤੋਂ ਬਿਨਾਂ । ਗੁਰਬਾਣੀ ਦੇ ਖੋਜੀਆਂ ਅਨੁਸਾਰ ਇਹਨਾਂ ਨੂੰ ਪਦ-ਛੇਦ ਕਰਦਿਆਂ ਬਹੁਤ ਸਾਰੀਆਂ ਉਕਾਈਆਂ ਸਾਮ੍ਹਣੇ ਆ ਚੁੱਕੀਆਂ ਹਨ, ਜਿਵੇਂ- ਕੁਵਲੀਆਪੀੜ (ਸਹੀ ਸ਼ਬਦ- ਹਾਥੀ) ਨੂੰ ਕੁਵਲੀਆ ਪੀੜ, ਨ ਚ (Neither.. Nor) ਨੂੰ ਨਚ (ਨੱਚਣਾਂ), ਦੀਵਟੀ ਨੂੰ ਦੀ ਵਟੀ, ਦੁਧਾਥਣੀ ਨੂੰ ਦੁਧਾ ਥਣੀ, ਸਹ ਕੇ ਰੇ ਬੋਲਾ ਨੂੰ ਸਹ ਕੇਰੇ ਬੋਲਾ, ਵਾਹਿ ਗੁਰੂ ਨੂੰ ਵਾਹਿਗੁਰੂ, ਵਾਹ ਗੁਰੂ ਨੂੰ ਵਾਹਗੁਰੂ ਆਦਿਕ ਲਿਖਣਾ।

ਗੁਰਬਾਣੀ ਵਿੱਚ ਵੱਖ-ਵੱਖ ਕਿਸਮ ਦੇ ਸ਼ਬਦਾਂ ਦੀ ਵਰਤੋਂ:

ਗੁਰੂ ਗ੍ਰੰਥ ਸਾਹਿਬ ਵਿੱਚ ਅੱਠ ਪ੍ਰਕਾਰ ਦੇ ਸ਼ਬਦਾਂ ਦੀ ਵਰਤੋਂ:

1. ਨਾਂਵ (Noun) ਜਿਵੇਂ- ਭਗਤੀ, ਭਗਤਿ, ਨਾਨਕ, ਕਬੀਰ, ਵਾਹੁ ਵਾਹੁ ਆਦਿਕ ।
2. ਪੜਨਾਂਵ (Pronoun) ਜਿਵੇਂ- ਮੈਂ, ਅਸਾਂ, ਉਹ, ਤਿਨਾਂ ਆਦਿਕ।
3. ਵਿਸ਼ੇਸ਼ਣ (Adjective) ਜਿਵੇਂ- ਚਿੱਟਾ, ਲਾਲ, ਨੀਲ਼ੀ, ਖੁਆਰੁ, ਧਨੁ (ਸ਼ਾਬਾਸ਼), ਪਵਿਤੁ, ਬਹੁਤੁ, ਮੁਕਤੁ, ਵਾਹੁ ਵਾਹੁ ਆਦਿਕ।
4. ਕਿਰਿਆ (Verb) ਜਿਵੇਂ- ਬਸੈ, ਬਸਇ, ਬੂਡਾ, ਗਾਵੈ, ਗਾਵਹਿ, ਬੋਲੈ, ਬੋਲਹਿ, ਹਸੈ, ਬੈਸਹੁ, ਗਾਵਹੁ ਆਦਿਕ ।
5. ਕਿਰਿਆ ਵਿਸ਼ੇਸ਼ਣ (Adverb) ਜਿਵੇਂ, ਤਹ, ਜਸ, ਜਬ, ਕਤ, ਕਿਵ, ਸਰਪਰ, ਜਹਾ, ਤਹਾ, ਬਿਰਥਾ (ਵਿਅੱਰਥ), ਅੰਤਿ, ਅੰਦਰਿ, ਬਾਹਰਹੁ, ਨੈਕੁ, ਕਡੂ, ਪਿਛੈ, ਪੁਨਰਪਿ, ਹਦੂਰਿ ਆਦਿਕ ।
6. ਸੰਬੰਧਕ (Preposition) ਜਿਵੇਂ- ਕਾ, ਕੇ, ਕੀ, ਦਾ, ਦੇ, ਦੀ, ਕੇਰਾ, ਊਪਰਿ, ਕੇਰੀਆ, ਸੰਦੀ, ਸੰਦੇ, ਬਿਨਾ, ਬਿਨੁ, ਵਿਣੁ, ਬਾਝਹੁ, ਸੇਤੀ, ਨਾਲਿ, ਪ੍ਰਤਿ, ਮਹਿ, ਮਿਆਨੇ, ਕੂ, ਕੂੰ, ਦੂ, ਪਹੁ, ਤਲਿ, ਪਰਿ ਆਦਿਕ ।
7. ਵਿਸਮਿਕ (Interjection) ਜਿਵੇਂ- ਰੀ, ਰੇ, ਅਹੋ, ਬੇ, ਹੋ, ਵੇ, ਧ੍ਰਿਗੁ, ਫਿਟੁ, ਹਾ ਹਾ, ਹਰਿ (ਸ਼ਾਲਾ!), ਹਰਿ ਹਰਿ (ਰੱਬ ਕਰੇ!) ਆਦਿਕ ।
8. ਯੋਜਕ (Conjunction) ਜਿਵੇਂ- ਨ ਚ, ਪੈ, ਅਰੁ (ਅਤੇ), ਚ (ਅਤੇ), ਅਤੈ, ਤੈ (ਅਤੇ), ਅਕੈ (ਜਾਂ), ਜਉ, ਜੇਕਰਿ, ਜਨਕ (ਮਾਨੋਂ)

ਵਾਹੁ, ਵਾਹ, ਵਾਹਿ:

ਇਹ ਤਿੰਨੇ ਸ਼ਬਦ ਵਿਸਮਿਕ ਸ਼੍ਰੇਣੀ ਦੇ ਸ਼ਬਦ ਹਨ ਜੋ ਆਪਣਾ ਆਜ਼ਾਦ ਸਰੂਪ ਰੱਖਦੇ ਹਨ । ਆਪ-ਮੁਹਾਰੇ ਹੀ ਮੂੰਹ ਵਿੱਚੋਂ ਨਿਕਲ਼ੇ ਸ਼ਬਦਾਂ ਨੂੰ ਵਿਸਮਿਕ ਕਿਹਾ ਜਾਂਦਾ ਹੈ ਜੋ ਕਿਸੇ ਅਚਾਨਕ, ਖ਼ੁਸ਼ੀ, ਗ਼ਮੀ, ਘਬਰਾਹਟ, ਅਸਚਰਜਤਾ ਆਦਿਕ ਨੂੰ ਪ੍ਰਗਟ ਕਰਦੇ ਹੋਣ । ਮਹਾਨ ਕੋਸ਼ ਅਨੁਸਾਰ ਵਾਹ ਸ਼ਬਦ ਦਾ ਅਰਥ ਹੈ- ਸ਼ਾਬਾਸ਼! ਆਫ਼ਰੀਨ! ਅ਼ਰਬੀ ਭਾਸ਼ਾ ਵਿੱਚ ਵਾਹ ਦਾ ਅਰਥ ਹੈ- ਅਸਚਰਜ, ਅਦਭੁਤ । ਗੁਰਬਾਣੀ ਵਿੱਚ ਧੰਨੁ,ਧਨੁ/ਧੰਨਿ ਸ਼ਬਦ ਵੀ ਵਾਹ ਸ਼ਬਦ ਦੇ ਅਰਥ ਵਿੱਚ ਵਰਤੇ ਗਏ ਹਨ । ਗੁਰਬਾਣੀ ਵਿੱਚ, ਵਿਚਾਰ ਅਧੀਨ ਸ਼ਬਦਾਂ ਦੀ ਵਰਤੋਂ ਇਉਂ ਕੀਤੀ ਮਿਲ਼ਦੀ ਹੈ-
ਵਾਹੁ, ਵਾਹ ਅਤੇ ਵਾਹਿ ਸ਼ਬਦਾਂ ਦੀ ਵਿਸਮਿਕ ਰੂਪ ਵਿੱਚ ਵਰਤੋਂ:

- ੳ. ਕੀਆ ਖੇਲੁ ਵਡ ਮੇਲੁ ਤਮਾਸਾ ਵਾਹ ਗੁਰੂ ਤੇਰੀ ਸਭ ਰਚਨਾ॥ (ਗਗਸ ਪੰਨਾਂ 1404)
ਕੀਆ ਖੇਲੁ ਵਡ ਮੇਲੁ ਤਮਾਸਾ ਵਾਹਿ ਗੁਰੂ ਤੇਰੀ ਸਭ ਰਚਨਾ॥ (ਗਗਸ ਪੰਨਾਂ 1403)
ਅਰਥ:- ਗਯੰਦ ਭੱਟ ਨੇ ਧੰਨੁ ਗੁਰੂ ਰਾਮਦਾਸ ਪਾਤਿਸ਼ਾਹ ਦੀ ਵਡਿਆਈ ਕਰਦਿਆਂ ਲਿਖਿਆ ਹੈ- ਹੇ ਗੁਰੂ ਜੀ ਤੁਸੀਂ ਧੰਨੁ ਹੋ! ਤੁਹਾਡੀ ਸ਼ੋਭਾ ਸੁਣ ਕੇ ਤੁਹਾਡੇ ਪ੍ਰਤੀ ਮੂਹੋਂ ਵਾਹ ਅਤੇ ਵਾਹਿ ਸ਼ਬਦ ਨਿਕਲ਼ਦੇ ਹਨ । ਸਾਰੀ ਰਚਨਾ ਜਿਵੇਂ ਤੁਸੀਂ ਹੀ ਬਣਾਈ ਹੈ । ਭੱਟ ਕਵੀ ਨੇ ਰੱਬ ਦੀ ਵਡਿਆਈ ਨਹੀਂ ਕੀਤੀ ਸਗੋਂ ਗੁਰੂ ਨੂੰ ਰੱਬੀ ਰੂਪ ਜਾਣ ਕੇ ਗੁਰੂ ਦੀ ਵਡਿਆਈ ਕੀਤੀ ਹੈ । ਵਾਹਿ! ਧੰਨ ਹੋ ਤੁਸੀਂ!

- ਅ. ਵਾਹੁ ਵਾਹੁ ਕਰਹਿ ਸੇਈ ਜਨ ਸੋਹਣੇ ਤਿਨ੍‍ ਕਉ ਪਰਜਾ ਪੂਜਣ ਆਈ ॥ (ਗਗਸ ਪੰਨਾਂ 514)
ਅਰਥ:- ਗੁਰੂ ਪਰਮੇਸ਼ਰ ਨੂੰ ਧੰਨੁ ਧੰਨੁ ਕਹਿਣ ਵਾਲ਼ੇ ਸ਼ੋਭਾ ਖੱਟਦੇ ਹਨ ।
ਵਾਹੁ ਵਾਹੁ! -ਧੰਨੁ ਧੰਨੁ!

- ੲ. ਵਾਹੁ ਵਾਹੁ ਤਿਸ ਨੋ ਆਖੀਐ ਜਿ ਗੁਣਦਾਤਾ ਮਤਿ ਧੀਰੁ ॥
ਵਾਹੁ ਵਾਹੁ! -ਧੰਨੁ ਧੰਨੁ! (ਗਗਸ ਪੰਨਾਂ 514)

- ਸ. ਵਾਹੁ ਵਾਹੁ ਪੂਰੇ ਗੁਰ ਕੀ ਬਾਣੀ ॥ (ਗਗਸ ਪੰਨਾਂ 754)
ਅਰਥ:- ਪੂਰੇ ਗੁਰੂ ਦੀ ਬਾਣੀ ਵਾਹ ਵਾਹ ਹੈ! ਧੰਨਤਾ ਜੋਗ ਹੈ!

- ਹ. ਵਾਹੁ ਵਾਹੁ ਸਤਿਗੁਰੁ ਪੁਰਖੁ ਹੈ ਜਿਨਿ ਸਚੁ ਜਾਤਾ ਸੋਇ ॥ (ਗਗਸ ਪੰਨਾਂ 1421)
ਅਰਥ:- ਸਤਿਗੁਰੂ ਜੀ ਧੰਨਤਾ ਜੋਗ ਹਨ, ਜਿਨਾਂ ਨੇ ਸਦਾ ਥਿਰ ਪ੍ਰਭੂ ਨੂੰ ਜਾਣ ਲਿਆ ਹੈ । ਵਾਹੁ ਵਾਹੁ! - ਧੰਨੁ ਹਨ! ਧੰਨੁ ਹਨ!

- ਕ. ਵਾਹੁ ਖਸਮ ਤੂ ਵਾਹੁ ਜਿਨਿ ਰਚਿ ਰਚਨਾ ਹਮ ਕੀਏ॥ (ਗਗਸ ਪੰਨਾਂ 788)
ਅਰਥ:- ਹੇ ਮਾਲਕ! ਤੂੰ ਧੰਨੁ ਹੈ! ਜਿਸ ਨੇ ਸਾਨੂੰ ਜੀਵਨ ਦਿੱਤਾ ਹੈ ।

ਵਾਹੁ ਵਾਹੁ ਦੀ ਕਰਤਾ ਪੁਰਖ ਵਜੋਂ ਵਰਤੋਂ:
ਵਾਹੁ ਵਾਹੁ ਵੇਪਰਵਾਹੁ ਹੈ ਵਾਹੁ ਵਾਹੁ ਕਰੇ ਸੁ ਹੋਇ ॥ (ਗਗਸ ਪੰਨਾਂ 515)
ਅਰਥ:- ਦੋ ਵਾਰੀ ਲਗਾਤਾਰ ਵਰਤਿਆ ਵਾਹ ਸ਼ਬਦ ਕਰਤਾ ਪੁਰਖ ਦੇ ਅਰਥ ਵੀ ਰੱਖਦਾ ਹੈ । ਜੋ ਵਾਹੁ ਵਾਹੁ ਹੈ ਉਹ ਵੇਪਰਵਾਹ ਹੈ । ਵਾਹੁ ਵਾਹੁ ਜੋ ਕਰਦਾ ਹੈ ਜਗਤ ਵਿੱਚ ਓਹੀ ਹੁਦਾ ਹੈ । ਵਾਹੁ ਵਾਹੁ- ਪ੍ਰਭੂ ।

ਵਾਹੁ ਵਾਹੁ ਦੀ ਸਿਫ਼ਤਿ ਸਲਾਹ ਵਜੋਂ ਵਰਤੋਂ:

ਵਾਹੁ ਵਾਹੁ ਸਿਫਤਿ ਸਲਾਹ ਹੈ ਗੁਰਮੁਖਿ ਬੂਝੈ ਕੋਇ॥ (ਗਗਸ ਪੰਨਾਂ 514)
ਅਰਥ:- ਵਾਹੁ ਵਾਹੁ ਕਰਨਾ ਗੁਰੂ ਪਰਮੇਸ਼ਰ ਦੀ ਸਿਫ਼ਤਿ ਸਲਾਹ ਹੀ ਹੈ, ਪਰ ਇਸ ਗੱਲ ਦੀ ਸਮਝ ਗੁਰੂ ਦੀ ਸ਼ਰਣ ਪਿਆਂ ਹੀ ਆਉਂਦੀ ਹੈ ।

ਵਾਹਿਗੁਰੂ ਸ਼ਬਦ ਦੀ ਰੱਬ ਵਜੋਂ ਵਰਤੋਂ:

ਕੀ ਵਾਹਿਗੁਰੂ ਜਾਂ ਵਾਹਗੁਰੂ ਸ਼ਬਦ ਦਾ ਅਰਥ ਰੱਬ ਹੈ? ਉੱਪਰੋਕਤ ਵਿਚਾਰ ਅਨੁਸਾਰ ਉੱਤਰ ਨਾਂਹ ਵਿੱਚ ਹੈ । ਜੇ ਇਨ੍ਹਾਂ ਸ਼ਬਦਾਂ ਦਾ ਅਰਥ ਰੱਬ ਹੁੰਦਾ ਤਾਂ ਤਾਂ ਪਹਿਲੇ ਪੰਜ ਗੁਰੂ ਪਾਤਿਸ਼ਾਹਾਂ ਵਲੋਂ ਵੀ ਇਸ ਦੀ ਵਰਤੋਂ ਹੋਣੀ ਸੀ, ਪਰ ਨਹੀਂ ਹੈ । ਜੇ ਆਦਿ ਬੀੜ ਲਿਖਣ ਤੋਂ ਪਿੱਛੋਂ ਵੀ ਵਾਹਿਗੁਰੂ ਅਤੇ ਵਾਹਗੁਰੂ ਸ਼ਬਦਾਂ ਦਾ ਅਰਥ ਰੱਬ ਚੱਲ ਪਿਆ ਹੁੰਦਾ ਤਾਂ ਨੌਵੇਂ ਗੁਰੂ ਜੀ ਦੀ ਬਾਣੀ ਵਿੱਚ ਵੀ ਇਸ ਦੀ ਵਰਤੋਂ ਹੋਣੀ ਸੰਭਵ ਸੀ । ਜੇ ਵਾਹਿਗੁਰੂ/ਵਾਹਗੁਰੂ ਸ਼ਬਦ ਰੱਬ ਬੋਧਕ ਹੁੰਦੇ ਤਾਂ 15 ਭਗਤਾਂ, 3 ਗੁਰਸਿੱਖਾਂ ਅਤੇ 10 ਭੱਟਾਂ ਦੀ ਬਾਣੀ ਵਿੱਚ ਵੀ ਇਨ੍ਹਾਂ ਸ਼ਬਦਾਂ ਨੂੰ ਵਰਤਿਆ ਹੋਣਾ ਸੀ, ਪਰ ਅਜਿਹਾ ਨਹੀਂ ਹੋਇਆ । ਜੇ ਅਜਿਹਾ ਨਹੀਂ ਹੋਇਆ ਤਾਂ ਗਯੰਦ ਭੱਟ ਦੀ ਰਚਨਾ ਵਿੱਚ ਵੀ ਵਾਹਿਗੁਰੂ/ਵਾਹਗੁਰੂ ਸ਼ਬਦ ਰੱਬ ਬੋਧਕ ਨਹੀਂ । ਗਯੰਦ ਭੱਟ ਨੇ ਤਾਂ ਚੌਥੇ ਸਤਿਗੁਰੂ ਜੀ ਨੂੰ ਰੱਬੀ ਰੂਪ ਜਾਣ ਕੇ ਉਨ੍ਹਾਂ ਦੀ ਰੱਬ ਵਰਗੀ ਵਡਿਆਈ ਕੀਤੀ ਹੈ ਅਤੇ ਧੰਨੁ ਗੁਰੂ ਰਾਮਦਾਸ ਜੀ ਨੂੰ ਹੀ ਵਾਹਿ ਅਤੇ ਵਾਹ ਸ਼ਬਦਾਂ ਨਾਲ਼ ਧੰਨੁ ਧੰਨੁ ਕਿਹਾ ਹੈ ।

ਵਾਹਿ/ ਵਾਹ ਦੀ ਥਾਂ ਧੰਨੁ ਸ਼ਬਦ ਦੀ ਸਮਾਨਾਰਥਕ ਵਰਤੋਂ:

ਧਨਿ ਧਨਿ ਸਤਿਗੁਰ ਅਮਰਦਾਸੁ ਜਿਨਿ ਨਾਮੁ ਦ੍ਰਿੜਾਯਉ ॥ (ਗਗਸ ਪੰਨਾਂ 1397)
ਸੋਈ ਰਾਮਦਾਸੁ ਗੁਰੁ ਬਲ੍ਹ ਭਣਿ ਮਿਲਿ ਸੰਗਤਿ ਧੰਨਿ ਧੰਨਿ ਕਰਹੁ ॥ (ਗਗਸ ਪੰਨਾਂ 1405)
ਅਰਥ:- ਭੱਟ ਕਵੀ ਆਖਦਾ ਹੈ- ਸਤਿ ਸੰਗਤਿ ਵਿੱਚ ਮਿਲ਼ ਕੇ ਗੁਰੂ ਰਾਮਦਾਸ ਪਾਤਿਸ਼ਾਹ ਜੀ ਨੂੰ ਧੰਨਿ ਧੰਨਿ ਕਰੋ । ਵਾਹਿ ਵਾਹਿ ਦਾ ਅਰਥ ਹੀ ਏਥੇ ਧੰਨਿ ਧੰਨਿ ਹੈ ।

ਗਯੰਦ ਭੱਟ ਨੇ ਵਾਹਿ ਸ਼ਬਦ ਨਾਲ਼ ਗੁਰੂ ਸ਼ਬਦ ਨਹੀਂ ਵੀ ਵਰਤਿਆ:

ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਜੀਉ ॥ (ਗਗਸ ਪੰਨਾਂ 1402)
ਇਸ ਪੰਕਤੀ ਨੂੰ ਗਯੰਦ ਭੱਟ ਨੇ ਸਵੱਯਾ ਨੰਬਰ 6, 7 ਅਤੇ 8 ਵਿੱਚ 4 ਵਾਰੀ ਵਰਤਿਆ ਹੈ ਤੇ ਚਾਰੇ ਵਾਰੀ ਵਾਹਿ ਸ਼ਬਦ ਨੂੰ ਆਜ਼ਾਦ ਰੂਪ ਵਿੱਚ ਵਰਤਿਆ ਹੈ ਜਿਸ ਤੋਂ ਸਪੱਸ਼ਟ ਹੈ ਕਿ ਵਾਹਿ ਸ਼ਬਦ ਗੁਰੂ ਸ਼ਬਦ ਨਾਲ਼ ਨਹੀਂ ਜੁੜਦਾ ਅਤੇ ਵਾਹਿ ਸ਼ਬਦ ਦਾ ਅਰਥ ਧੰਨੁ/ਧੰਨਿ ਬਣਦਾ ਹੈ ।

ਆਜ਼ਾਦ ਵਾਹ ਸ਼ਬਦ ਦਾ ਅਰਥ ਵਹਿਣ ਵੀ:

ਨਦੀਆ ਅਤੈ ਵਾਹ ਪਵਹਿ ਸਮੁੰਦਿ ਨ ਜਾਣੀਅਹਿ॥ (ਜਪੁ)
ਨਦੀਆ ਵਾਹ ਵਿਛੁੰਨਿਆ ਮੇਲਾ ਸੰਜੋਗੀ ਰਾਮ॥ (ਗਗਸ ਪੰਨਾਂ 439)

ਭੁੱਲ ਚੁੱਕ ਦੀ ਖਿਮਾ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top