Share on Facebook

Main News Page

ਗੁਰੂ ਗ੍ਰੰਥ ਸਾਹਿ਼ਬ ਵਿੱਚ ਵਰਤੀਆਂ ਕੁੱਝ ਭਾਸ਼ਾਵਾਂ ਦੇ ਦਰਸ਼ਨ - ਪਹਿਲੀ ਕਿਸ਼ਤ
-: ਪ੍ਰੋ. ਕਸ਼ਮੀਰਾ ਸਿੰਘ USA
01.10.2021
#KhalsaNews #ProfKashmiraSingh #Languages #SGGS #Punjabi #Sanskrit #Hindi #Arabic

👉 ਲੜੀ ਜੋੜਨ ਲਈ ਪੜ੍ਹੋ ਕਿਸ਼ਤ : ਪਹਿਲੀ, ਦੂਜੀ, ਆਖ਼ਰੀ

ਗੁਰੂ ਗ੍ਰੰਥ ਸਾਹਿ਼ਬ ਦੀ ਲਿਖਣ ਸ਼ੈਲੀ ਕਿਹੜੀ ਹੈ?

ਗੁਰਬਾਣੀ ਦੀ ਰਚਨਾ ‘ਗੁਰਮੁਖੀ’ ਲਿੱਪੀ ਵਿੱਚ ਹੈ । ਸਿੱਖ ਵਿਦਵਾਨਾਂ ਵਲੋਂ ਗੁਰਬਾਣੀ ਦੀ ਭਾਸ਼ਾ ਨੂੰ ‘ਸਾਧ ਭਾਸ਼ਾ’ ਜਾਂ ਆਰਕ੍ਹੇਕ ਪੰਜਾਬੀ (Archaic Punjabi) ਕਿਹਾ ਗਿਆ ਹੈ, ਭਾਵ, ਗੁਰਬਾਣੀ ਰਚਨਾ ਵਿੱਚ ਉਸ ਸਮੇਂ ਲੋਕਾਂ ਵਿੱਚ ਪ੍ਰਚੱਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ ਜਿਸ ਵਿੱਚ, ਪੰਜਾਬੀ ਤੋਂ ਬਿਨਾਂ, ਹੋਰ ਵੱਖ-ਵੱਖ ਭਾਸ਼ਾਵਾਂ ਜਿਵੇਂ ਅ਼ਰਬੀ, ਫ਼ਾਰਸੀ, ਸੰਸਕ੍ਰਿਤ, ਸਿੰਧੀ, ਹਿੰਦੀ, ਬ੍ਰਜ, ਪ੍ਰਾਕ੍ਰਿਤ ਆਦਿਕ ਦੇ ਦਰਸ਼ਨ ਹੁੰਦੇ ਹਨ ।

ਗੁਰਮੁਖੀ ਲਿੱਪੀ ਕੀ ਹੈ?

ਪੰਜਾਬੀ ਭਾਸ਼ਾ ਦੀ ਲਿੱਪੀ ਨੂੰ ‘ਗੁਰਮੁਖੀ’ ਲਿੱਪੀ ਕਿਹਾ ਜਾਂਦਾ ਹੈ, ਜਿਵੇਂ- ਉਰਦੂ ਭਾਸ਼ਾ ਦੀ ਲਿੱਪੀ ਫ਼ਾਰਸੀ, ਹਿੰਦੀ ਭਾਸ਼ਾ ਦੀ ਲਿੱਪੀ ਦੇਵਨਾਗਰੀ ਅਤੇ ਅੰਗ੍ਰੇਜ਼ੀ ਭਾਸ਼ਾ ਦੀ ਲਿੱਪੀ ਰੋਮਨ ਹੈ । ਪੰਜਾਬੀ ਭਾਸ਼ਾ ਨੂੰ ਲਿਖਣ ਲਈ ਵਰਤੇ ਜਾਂਦੇ ਸਾਰੇ ਅੱਖਰਾਂ, ਲਗਾਂ, ਲਗਾਖਰਾਂ ਤੇ ਹੋਰ ਸਹਾਇਕ ਚਿੰਨ੍ਹਾਂ ਦੇ ਸਮੂਹ ਦਾ ਨਾਂ ਹੀ ਗੁਰਮੁਖੀ ਲਿੱਪੀ ਹੈ । ਗੁਰਮੁਖੀ ਲਿੱਪੀ ਵਿੱਚ ਕੋਈ ਵੀ ਭਾਸ਼ਾ ਲਿਖੀ ਜਾ ਸਕਦੀ ਹੈ ਜਿਵੇਂ, ‘ਆਈ ਐਮ ਏ ਸਟੂਡੈਂਟ’ ਵਾਕ ਪੰਜਾਬੀ ਭਾਸ਼ਾ ਦੀ ਗੁਰਮੁਖੀ ਲਿੱਪੀ ਵਿੱਚ ਹੈ, ਪੰਜਾਬੀ ਭਾਸ਼ਾ ਵਿੱਚ ਨਹੀਂ; ਭਾਸ਼ਾ ਅੰਗ੍ਰੇਜ਼ੀ ਹੀ ਹੈ । ਕੁੱਝ ਪ੍ਰਮਾਣ, ਗੁਰਬਾਣੀ ਵਿੱਚੋਂ, ਹੇਠਾਂ ਲਿਖੇ ਜਾ ਰਹੇ ਹਨ ਤਾਂ ਜੁ ਭਾਸ਼ਾ ਅਤੇ ਲਿੱਪੀ ਦਾ ਅੰਤਰ ਹੋਰ ਸਪੱਸ਼ਟ ਹੋ ਸਕੇ: -

ੳ. ਯਕ ਅਰਜ ਗੁਫਤਮ ਪੇਸਿ ਤੋ ਦਰ ਗੋਸ ਕੁਨ ਕਰਤਾਰ ॥ (ਗਗਸ ਪੰਨਾਂ 721)
ਅ. ਤੂ ਚਉ ਸਜਣ ਮੈਡਿਆ ਡੇਈ ਸਿਸੁ ਉਤਾਰਿ ॥ (ਗਗਸ ਪੰਨਾਂ 1094)
ੲ. ਸਬਦੰ ਰਤੰ ਹਿਤੰ ਮਇਆ ਕੀਰਤੰ ਕਲੀ ਕਰਮ ਕ੍ਰਿਤੁਆ ॥ (ਗਗਸ ਪੰਨਾਂ 1354)
ਸ. ਪਰਮਾਦਿ ਪੁਰਖ ਮਨੋਪਿਮੰ ਸਤਿ ਆਦਿ ਭਾਵ ਰਤੰ ॥ ਪਰਮਦਭੁਤੰ ਪਰਕ੍ਰਿਤਿ ਪਰੰ ਜਦਿ ਚਿੰਤਿ ਸਰਬ ਗਤੰ ॥1॥ (ਗਗਸ ਪੰਨਾਂ 526)

ਹ. ਤਿਲੰਗ ਮਹਲਾ 5 ਘਰੁ 1 ॥ ਖਾਕ ਨੂਰ ਕਰਦੰ ਆਲਮ ਦੁਨੀਆਇ ॥ ਅਸਮਾਨ ਜਿਮੀ ਦਰਖਤ ਆਬ ਪੈਦਾਇਸਿ ਖੁਦਾਇ ॥1॥ ਬੰਦੇ ਚਸਮ ਦੀਦੰ ਫਨਾਇ ॥ ਦੁਨੀਆ ਮੁਰਦਾਰ ਖੁਰਦਨੀ ਗਾਫਲ ਹਵਾਇ ॥ ਰਹਾਉ ॥ ਗੈਬਾਨ ਹੈਵਾਨ ਹਰਾਮ ਕੁਸਤਨੀ ਮੁਰਦਾਰ ਬਖੋਰਾਇ ॥ ਦਿਲ ਕਬਜ ਕਬਜਾ ਕਾਦਰੋ ਦੋਜਕ ਸਜਾਇ ॥2॥ ਵਲੀ ਨਿਆਮਤਿ ਬਿਰਾਦਰਾ ਦਰਬਾਰ ਮਿਲਕ ਖਾਨਾਇ ॥ ਜਬ ਅਜਰਾਈਲੁ ਬਸਤਨੀ ਤਬ ਚਿ ਕਾਰੇ ਬਿਦਾਇ ॥3॥ ਹਵਾਲ ਮਾਲੂਮੁ ਕਰਦੰ ਪਾਕ ਅਲਾਹ ॥ ਬੁਗੋ ਨਾਨਕ ਅਰਦਾਸਿ ਪੇਸਿ ਦਰਵੇਸ ਬੰਦਾਹ ॥4॥1॥

ਕ. ਬੇਗਮ ਪੁਰਾ ਸਹਰ ਕੋ ਨਾਉ ॥ ਦੂਖੁ ਅੰਦੋਹੁ ਨਹੀ ਤਿਹਿ ਠਾਉ ॥ ਨਾਂ ਤਸਵੀਸ ਖਿਰਾਜੁ ਨ ਮਾਲੁ ॥ ਖਉਫੁ ਨ ਖਤਾ ਨ ਤਰਸੁ ਜਵਾਲੁ ॥1॥ ਅਬ ਮੋਹਿ ਖੂਬ ਵਤਨ ਗਹ ਪਾਈ ॥ ਊਹਾਂ ਖੈਰਿ ਸਦਾ ਮੇਰੇ ਭਾਈ ॥1॥ ਰਹਾਉ ॥ ਕਾਇਮੁ ਦਾਇਮੁ ਸਦਾ ਪਾਤਿਸਾਹੀ ॥ ਦੋਮ ਨ ਸੇਮ ਏਕ ਸੋ ਆਹੀ ॥ ਆਬਾਦਾਨੁ ਸਦਾ ਮਸਹੂਰ ॥ ਊਹਾਂ ਗਨੀ ਬਸਹਿ ਮਾਮੂਰ ॥2॥ ਤਿਉ ਤਿਉ ਸੈਲ ਕਰਹਿ ਜਿਉ ਭਾਵੈ ॥ ਮਹਰਮ ਮਹਲ ਨ ਕੋ ਅਟਕਾਵੈ ॥ ਕਹਿ ਰਵਿਦਾਸ ਖਲਾਸ ਚਮਾਰਾ ॥ ਜੋ ਹਮ ਸਹਰੀ ਸੁ ਮੀਤੁ ਹਮਾਰਾ ॥3॥2॥ (ਗਗਸ ਪੰਨਾਂ 345)

ਉਪਰੋਕਤ ਲਿਖੇ ਸਾਰੇ ਪ੍ਰਮਾਣ ਪੰਜਾਬੀ ਭਾਸ਼ਾ ਵਿੱਚ ਨਹੀਂ, ਸਗੋਂ ਵੱਖ ਵੱਖ ਭਾਸ਼ਾਵਾਂ ਦੇ ਸ਼ਬਦਾਂ ਦੇ ਮੋਤੀਆਂ ਨਾਲ਼ ਜੜੇ ਹੋਏ ਹਨ ਜੋ ਪੰਜਾਬੀ ਭਾਸ਼ਾ ਦੀ ਗੁਰਮੁਖੀ ਲਿੱਪੀ ਵਿੱਚ ਲਿਖੇ ਗਏ ਹਨ ।

ਤਤਸਮ, ਅਰਧ ਤਤਸਮ ਅਤੇ ਤਦਭਵ ਸ਼ਬਦਾਂ ਤੋਂ ਕੀ ਭਾਵ ਹੈ?

ਇਨ੍ਹਾਂ ਵੱਖ-ਵੱਖ ਭਾਸ਼ਾਵਾਂ ਵਿੱਚੋਂ ਆਏ ਤਤਸਮ (ਮੂਲ਼ ਰੂਪ ਵਿੱਚ, ਜਿਵੇਂ: ਸ਼ਰੀਰ, ਕੇਸ਼, ਖ਼ਾਕੁ ਗ਼ਰੀਬ, ਗ਼ੁਬਾਰ, ਯਾਰ ਆਦਿਕ), ਅਰਧ ਤਤਸਮ (ਤਤਸਮ ਵਿੱਚ ਥੋੜੀ ਤਬਦੀਲੀ ਵਾਲ਼ੇ, ਜਿਵੇਂ: ਸੂਰਯ ਤੋਂ ਸੂਰਜ, ਜਸਯ ਤੋਂ ਜਸ, ਸ਼੍ਵਾਨ ਤੋਂ ਸ਼ੁਆਨ ਆਦਿਕ) ਅਤੇ ਤਦਭਵ (ਤਤਸਮ ਵਿੱਚ ਬਹੁਤੀ ਤਬਦੀਲੀ ਵਾਲ਼ੇ, ਜਿਵੇਂ: ਅੰਗੁਸ਼ਟ ਤੋਂ ਅੰਗੂਠਾ, ਗੋਵਾਇਦੋ ਤੋਂ ਗਵਾਇਆ, ਪੂਰਬ ਤੋਂ ਪੁਬ ਆਦਿਕ) ਵਜੋਂ ਵਰਤੇ ਗਏ ਸ਼ਬਦ ਹਨ । ਕਈ ਸ਼ਬਦਾਂ ਦੇ ਤਤਸਮ ਵੀ ਅਤੇ ਬਦਲੇ ਹੋਏ ਰੂਪ ਵਰਤੇ ਵੀ ਗੁਰਬਾਣੀ ਵਿੱਚ ਮਿਲ਼ਦੇ ਹਨ । ਸਮੇਂ ਦੀ ਚਾਲ ਨਾਲ਼ ਤਤਸਮ ਤੋਂ ਬਦਲੇ ਹੋਏ ਸ਼ਬਦਾਂ ਦੇ ਕੁੱਝ ਪ੍ਰਮਾਣ ਹਨ, ਜਿਵੇਂ: ਅਗਨਿ ਤੋਂ ਆਗ, ਕਪਾਟ ਤੋਂ ਕਿਵਾੜ, ਧੁਕਸ਼ ਤੋਂ ਧੁਖ, ਕਰਣ ਤੋਂ ਕਾਨ, ਕੱਜਲ ਤੋਂ ਕਾਜਲ, ਅਰਧ ਤੋਂ ਆਧ/ਆਧੀ, ਅਸ਼ਟ ਤੋਂ ਆਠ, ਚਰਮ ਤੋਂ ਚਾਮ, ਕਰਮ ਤੋਂ ਕਾਮ, ਕੂਪ ਤੋਂ ਕੂਆਂ, ਪੁੱਤ੍ਰ ਤੋਂ ਪੂਤ, ਕ੍ਰਿਸ਼ਣ ਤੋਂ ਕਿਸ਼ਨ, ਕਸ਼ੀਰ ਤੋਂ ਖੀਰ, ਪਕਸ਼ ਤੋਂ ਪੰਖ, ਸ਼੍ਰਿੰਗ ਤੋਂ ਸੀਂਗ, ਸ਼੍ਰਿਣੁ ਤੋਂ ਸੁਣ, ਗਰਧਵ ਤੋਂ ਗਧਾ, ਗ੍ਰਿਹ ਤੋਂ ਘਰ, ਬਯਾਗ੍ਰ ਤੋਂ ਬਾਘ, ਦੁਹਲਕ ਤੋਂ ਦੋਲਕ, ਸ਼੍ਰਿੰਗਾਰ ਤੋਂ ਸ਼ਿੰਗਾਰ/ਸੀਂਗਾਰ, ਸ਼ਰਕਰਾ ਤੋਂ ਸ਼ੱਕਰ, ਨਿਦ੍ਰਾ ਤੋਂ ਨੀਂਦ, ਪ੍ਰਹਰ ਤੋਂ ਪਹਰ, ਕਰਪੂਰ ਤੋਂ ਕਪੂਰ, ਗ੍ਰਾਮ ਤੋਂ ਗਾਂਵ, ਪ੍ਰਤਿਵੇਸ਼ਮਿਕਾ ਤੋਂ ਪੜੋਸਣ, ਵਾਣੀ ਤੋਂ ਵੈਨ/ਵੈਣ/ਬੈਣ, ਮੁਖ ਤੋਂ ਮੂੰਹ, ਅਵਧਿ ਤੋਂ ਅਉਧ, ਤਾਂਬੂਲਿਕ ਤੋਂ ਤੰਬੋਲੀ, ਸ਼ਾਦਬਾਸ਼ ਤੋਂ ਸ਼ਾਬਾਸ਼, ਆਰਾਤ੍ਰਿਕਾ ਤੋਂ ਆਰਤੀ, ਕ਼ਾਜ਼ੀ ਤੋਂ ਕ਼ਾਦੀ, ਯੋਗੀ ਤੋਂ ਜੋਗੀ, ਵਰਤਿ ਤੋਂ ਬਾਤੀ (=ਦੀਵੇ ਦੀ ਬੱਤੀ), ਬੁਡ ਤੋਂ ਡੁਬ, ਬਿਗੋ ਤੋਂ ਬੁਗੋ, ਭ੍ਰਤ੍ਰਿ ਤੋਂ ਭਰਤਾ, ਨਨਾਂਦ੍ਰਿ ਤੋਂ ਨਨਦ, ਮੰਡੂਕ ਤੋਂ ਮੇਂਡੁਕ, ਮਧੁ ਤੋਂ ਮੇਧਿ, ਮੇਸ਼ੀ ਤੋਂ ਮੇਘਾ (=ਭੇਡ), ਵਧਨ ਤੋਂ ਵਿਧਣ, ਮਰਕਟੀ ਤੋਂ ਮਾਕੁਰੀ (=ਮੱਕੜੀ), ਲੋਕੋਪਚਾਰ ਤੋਂ ਲੋਕਪਚਾਰਾ, ਕਸ਼ਯੋਨਾ ਤੋਂ ਖੂਨਾ (=ਘਾਟਾ, ਅਪਧਿ ਤੋਂ ਪਿੰਧੀ, ਨਕੁਟੀ ਤੋਂ ਨਕਟੀ, ਨਕੁਟ ਤੋਂ ਨਕਟੂ, ਧੀਵਰ ਤੋਂ ਝੀਵਰੁ, ਗੇਯ ਤੋਂ ਗੀਅ, ਕੂਰੰਮੀ ਤੋਂ ਕੁੰਮੀ, ਧੁਕਸ਼ ਤੋਂ ਧੁਖ, ਉਪਾਨਹ ਤੋਂ ਪਨਹੀ, ਪਿਪੀਲਿਕਾ ਤੋਂ ਪਪੀਲਕਾ, ਨਿਕœ ਤੋਂ ਨੀਕ (=ਚੰਗਾ), ਆਦਿਕ ਤਤਸਮ ਸ਼ਬਦਾਂ ਤੋਂ ਸਮੇਂ ਦੀ ਚਾਲ ਨਾਲ਼ ਬਣੇ ਸ਼ਬਦ ਹਨ ।

ਭਾਸ਼ਾਵਾਂ ਵਿੱਚ ਕਈ ਸ਼ਬਦ ਸਾਂਝੇ:

ਖੋਜ ਵਿੱਚ ਦੇਖਿਆ ਗਿਆ ਹੈ ਕਿ ਕਈ ਸ਼ਬਦ ਉਨ੍ਹਾਂ ਹੀ ਅਰਥਾਂ ਵਿੱਚ ਹੋਰ ਭਾਸ਼ਾਵਾਂ ਵਿੱਚ ਸਾਂਝੇ ਵੀ ਬੋਲੇ ਜਾਂਦੇ ਹਨ, ਜੋ ਸੰਬੰਧਤ ਭਾਸ਼ਾਵਾਂ ਦੇ ਵਰਣਨ ਵਿੱਚ ਲਿਖ ਦਿੱਤੇ ਗਏ ਹਨ । ਇਸ ਲੇਖ ਵਿੱਚ ਲੱਭੀਆਂ ਕੁੱਝ ਭਾਸ਼ਾਵਾਂ ਅਤੇ ਇਨ੍ਹਾਂ ਨਾਲ਼ ਸੰਬੰਧਤ ਕੁੱਝ ਸ਼ਬਦਾਂ ਨੂੰ ਬਿਆਨ ਕਰਨ ਦਾ ਹੀ ਜਤਨ ਹੋਇਆ ਹੈ ।

ਸੰਕੇਤਾਂ ਦੀ ਵਰਤੋਂ:
ਕੇਵਲ ਉੱਚਾਰਣ ਪੱਖ ਤੋਂ ਲੋੜ ਅਨੁਸਾਰ ਕੁੱਝ ਭਾਸ਼ਾਵਾਂ ਦੇ ਸ਼ਬਦ ਲਿਖਣ ਵਿੱਚ ਪੈਰ ਬਿੰਦੀਆਂ ਆਦਿਕ ਦੀ ਵਰਤੋਂ ਵੀ ਕੀਤੀ ਗਈ ਹੈ । ਬ੍ਰੈੱਕਟਾਂ ਵਿੱਚ ਦਿੱਤੇ ਅੰਕ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨੇ ਹਨ । ਮਹਾਨ ਕੋਸ਼ ਲਈ ‘ਮਕੋ’ ਸ਼ਬਦ ਵਰਤਿਆ ਹੈ।:

1. ਪੁਰਾਤਨ ਪੰਜਾਬੀ:
ਸੰਸਕ੍ਰਿਤ ਭਾਸ਼ਾ ਤੋਂ ਸਮੇਂ ਦੀ ਚਾਲ ਨਾਲ਼ ਪ੍ਰਾਕ੍ਰਿਤਾਂ ਬਣੀਆਂ ਅਤੇ ਪ੍ਰਾਕ੍ਰਿਤਾਂ ਤੋਂ ਅਪਭ੍ਰੰਸ਼ਾਂ ਬਣੀਆਂ। ਕਿਹਾ ਜਾਂਦਾ ਹੈ ਕਿ ਪੈਸ਼ਾਚੀ ਪ੍ਰਾਕ੍ਰਿਤ, ਜੋ ਬਾਅਦ ਵਿੱਚ ਅਪਭ੍ਰੰਸ਼ ਵਿੱਚ ਬਦਲ ਗਈ, ਤੋਂ ਪੰਜਾਬੀ ਭਾਸ਼ਾ ਦਾ ਨਿਕਾਸ ਹੋਇਆ । ਸੱਤਵੀਂ ਸਦੀ ਵਿੱਚ ਪੰਜਾਬੀ ਵੀ ਅਪਭ੍ਰੰਸ਼ ਵਿੱਚ ਬਦਲ ਗਈ ਅਤੇ ਦਸਵੀਂ ਸਦੀ ਵਿੱਚ ਸਥਿਰ ਹੋ ਗਈ । ਪੰਜਾਬੀ ਵਿੱਚ ਸੱਭ ਤੋਂ ਪੁਰਾਣੀ ਉਪਲਬਧ ਰਚਨਾ ਨਾਥਾਂ ਜੋਗੀਆਂ ਦੀ ਮੰਨੀ ਜਾਂਦੀ ਹੈ ਜੋ ਨੌਂਵੀਂ ਤੋਂ ਚੌਦਵੀਂ ਸਦੀ ਵਿੱਚ ਹੋਈ ਅਤੇ ਜੋ ਸ਼ਬਦਾਂ ਦੀ ਬਣਤਰ ਅਤੇ ਰੂਪ ਪੱਖੋਂ ਸ਼ੌਰਸ਼ੈਨੀ ਅਪਭ੍ਰੰਸ਼ ਦੇ ਬਹੁਤ ਨੇੜੇ ਹੈ (ਵਿਕੀਪੀਡੀਆ 8 ਸਤੰਬਰ, 2021 ਸੰਸਕਰਣ); ਵੰਨਗੀ ਵਜੋਂ ਕੁੱਝ ਪੰਕਤੀਆਂ ਹਨ-

ਗੋਰਖ ਕਹੈ ਸੁਨਹੁ ਰੇ ਅਵਧੂ ਜਗ ਮੈਂ ਐਸੇ ਰਹਨਾ।
ਆਂਖੇ ਦੇਖਿਬਾ ਕਾਨੇ ਸੁਨਿਬਾ ਮੁਖ ਥੈ ਕਛੂ ਨ ਕਹਨਾ।
ਨਾਥ ਕਹੈ ਤੁਮ ਆਪਾ ਰਾਖੋ ਹਠ ਕਰਿ ਬਾਦ ਨ ਕਰਨਾ।
ਯਹੁ ਜਗ ਹੈ ਕਾਂਟੇ ਕੀ ਬਾੜੀ। ਦੇਖਿ ਦ੍ਰਿਸਟਿ ਪਗ ਧਰਨਾ। 11 (ਮਕੋ)

ਗੁਰਬਾਣੀ ਵਿੱਚ ਪੁਰਾਤਨ ਪੰਜਾਬੀ ਭਾਸ਼ਾ ਦੇ ਸ਼ਬਦਾਂ ਵਿੱਚੋਂ ਕੁੱਝ ਪ੍ਰਮਾਣ ਹਨ, ਜਿਵੇਂ; ਹੁਣ, ਪੁਹਮਿ, ਸੁਰਹੀ, ਪੁਹਪ, ਪੋਹ, ਸੁਹਾਵਾ, ਥੋੜਾ, ਅਸਥਾਨ, ਨੇਹ, ਅਸਨੇਹ, ਅਸਥਲ, ਅਸਥਿਰ, ਅਸਨਾਈ, ਨਾਈ, ਥਣ, ਵੱਥੁ, ਹੱਥ, ਹਾਥੀ, ਜਾਦਮ, ਕਉਲ, ਢੀਠ, ਡੰਡ, ਕਿਥੈ, ਥਾਂ, ਠਾਉ, ਕੁਹਾੜਾ, ਕਾਹਨ, ਸੁਹਾਗ, ਬਹਿਰਾ, ਬਹੁਤ, ਜਲਹਰ, ਪੈਓਹਰੀ, ਬਲਹਰ, ਪੱਥਰ, ਆਥਿ, ਮੈਗਲ, ਕਾਇਰ, ਭੈੇਣ, ਨੈਣ, ਕੋਇਲ, ਰਾਵਲ, ਕੀੜਾ, ਸਚਿਆਰ, ਜੁਆਰੀ, ਕਰਵੱਤ (ਸੰਸਕ੍ਰਿਤ ਕਰਵਤ੍ਰ ਤੋਂ), ਜਮੁਨਾ, ਜਮ, ਉਸੁ (=ਉਸ ਨੂੰ), ਉਨਿ (-ਉਸ ਨੇ), ਅੱਜ, ਦੀਜੈ, ਦਿਚੈ, ਲੀਜੀਐ, ਸੁਣਿ, ਪਸਾਰਿ, ਪਠਾਇ, ਵਿਸਾਰਿ, ਪਾਇ ਕਰੇ (=ਪ੍ਰਾਪਤ ਕਰ ਕੇ), ਤਿਆਗਿ ਕਰੇ, ਖਾਇ ਕੈ, ਸੋਇ ਕੈ, ਹੋਇ ਕੈ, ਤੈ (=ਅਤੇ), ਮਾਰੁ ਮਾਰੁ, ਤ੍ਰਾਹਿ ਤ੍ਰਾਹਿ, ਜੀਹ, ਸੰਤਨ ਕਾ, ਸੰਤਨ ਕੀ, ਭਗਤਨ ਕੀ, ਜੀਅਨ ਕੋ, ਭਗਤਨ ਸੇਤੀ, ਨਿੰਦਕਿ (ਪ੍ਰਾਕ੍ਰਿਤ ਨਿੰਦਕਿਨ ਤੋਂ), ਗਵਾਇਆ, ਭਗਤਹ, ਲੋਗਹ, ਸੰਤਹ, ਕਲਤੁ (ਸੰਸਕ੍ਰਿਤ ਕਲਤ੍ਰ ਤੋਂ), ਪਾਪਿਸਟ, ਛਿਅ, ਖਟ, ਤਿਨਿ, ਚਾਰਿ, ਸਠਿ, ਸਤਰਿ, ਬਹਤਰਿ, ਕੋਟਿ, ਕਰੋੜਿ, ਆਪ (ਸੰ, ‘ਆਤਮਨ’ ਤੋਂ), ਆਪਸੁ (ਸੰ ਆਤਮਨ+ ਸੰ ‘ਸ੍ਵ’ ਤੋਂ); ਗਾਵੈ, ਲਾਗੈ, ਡਰੈ, ਜਰੈ--- ਤੀਜਾ ਪੁਰਖ ਵਰਤਮਾਨ ਕਾਲ਼ ਇਕ-ਵਚਨ; ਗਾਵਹਿ, ਗਾਵਨਿ, ਭਾਵਹਿ, ਭਾਵਨਿ--- ਤੀਜਾ ਪੁਰਖ ਵਰਤਮਾਨ ਕਾਲ਼ ਬਹੁ-ਵਚਨ ਦੇ ਨਾਸਕੀ ਅੰਤਕ ਸ਼ਬਦ; ਬੁਲਾਵਹਿ, ਰਖਹਿ, ਰਾਖਹਿ, ਕਰਾਵਹਿ, ਸੁਣਾਇਹਿ--- ਮੱਧਮ ਪੁਰਖ ਇਕ-ਵਚਨ ਕਿਰਿਆ ਦੇ ਨਾਸਕੀ ਅੰਤਕ ਸ਼ਬਦ; ਆਖਾ, ਜੀਵਾ, ਕਰੀ, ਜਾਈ, ਪੁਕਾਰੀ, ਦਸਾਵਾ, ਚਲਾ--- ਪਹਿਲਾ ਪੁਰਖ ਕਿਰਿਆ ਇਕ-ਵਚਨ ਦੇ ਨਾਸਕੀ ਅੰਤਕ ਸ਼ਬਦ; ਮਿਲਹ, ਕਰਹ, ਚਾਲਹ, ਸਲਾਹਹ, ਛੂਟਹ, ਗਾਵਹ, ਸੁਣਹ, ਵਿਗਾੜਹਿ, ਬੋਲਹਿ, ਜਾਣਹਾ, ਪੂਛਹ, ਜਾਨਹ, ਭੂਲਹ, ਖੇਲਹ, ਹੋਵਹ-ਪਹਿਲਾ ਪੁਰਖ ਬਹੁ-ਵਚਨ ਬਿੰਦੀ ਅੰਤਕ ਕਿਰਿਆਵਾਂ ਦੇ ਸ਼ਬਦ ਆਦਿਕ ਅਨੇਕਾਂ ਸ਼ਬਦਾਂ ਦੇ ਦਰਸ਼ਨ ਹੁੰਦੇ ਹਨ।

2. ਨਵੀਨ ਪੰਜਾਬੀ ਜਾਂ ਆਧੁਨਿਕ ਪੰਜਾਬੀ ਭਾਸ਼ਾ:
ਹੁਣ ਦੀ ਪੰਜਾਬੀ ਅਤੇ ਗੁਰਬਾਣੀ ਦੀ ਭਾਸ਼ਾ ਵਿੱਚ ਬਹੁਤ ਅੰਤਰ ਆ ਚੁੱਕਾ ਹੈ । ਸ਼ਬਦ-ਜੋੜਾਂ ਦਾ ਲਿਖਣ ਢੰਗ ਬਦਲ ਗਿਆ ਹੈ । ਲਿਖਣ ਢੰਗ ਬਦਲਣ ਨਾਲ਼ ਸ਼ਬਦਾਂ ਨੂੰ ਬੋਲਣ ਵਿੱਚ ਵੀ ਬਹੁਤ ਤਬਦੀਲੀ ਆ ਚੁੱਕੀ ਹੈ । ਹੁਣ ਸਾਧੁ, ਸੰਤੁ, ਸੰਤਿ, ਗੁਰੁ, ਗੁਰਿ, ਮਨੁ, ਮਨਿ, ਮਨੈ, ਮਨਹੁ, ਕਰਹੁ, ਕਰਹਿਂ ਆਦਿਕ ਸ਼ਬਦ ਜੋੜ ਨਹੀਂ ਲਿਖੇ ਜਾਂਦੇ । ਅਜਿਹੇ ਸ਼ਬਦ ਹੁਣ ਸਾਧ, ਸੰਤ, ਗੁਰੂ, ਮਨ, ਮਨੋਂ, ਕਰੋ, ਕਰਦੇ ਆਦਿਕ ਲਿਖੇ ਜਾਂਦੇ ਹਨ ਜਿਨ੍ਹਾਂ ਨਾਲ਼ ਲੋੜ ਅਨੁਸਾਰ ਸੰਬੰਧਕਾਂ ਦੀ ਵਰਤੋਂ ਹੁੰਦੀ ਹੈ । ਗੁਰਬਾਣੀ ਵਿੱਚ ਵੀ ਜਿੱਥੇ ਸੰਬੰਧਕਾਂ ਦੀ ਵਰਤੋਂ ਹੈ, ਓਥੇ ਗੁਰ, ਮਨ, ਸਾਧ, ਸੰਤ ਸ਼ਬਦ ਹੀ ਵਰਤੇ ਗਏ ਹਨ, ਜਿਵੇਂ; ਗੁਰ ਕਾ ਬਚਨੁ, ਮਨ ਕਾ ਕਹਿਆ, ਸਾਧ ਕੀ ਸੋਭਾ, ਸੰਤ ਕਾ ਦਰਸੁ ਆਦਿਕ ।

ਹੁਣ ਦੀ ਪੰਜਾਬੀ ਨੂੰ ਮਾਂ ਬੋਲੀ ਵਜੋਂ ਬੋਲਣ ਵਾਲ਼ੇ ਦੁਨੀਆਂ ਵਿੱਚ 113 ਮਿਲੀਅਨ ਦੇ ਲਗਭਗ ਲੋਕ ਹਨ ਜਿਨ੍ਹਾਂ ਵਿੱਚ, ਹੋਰ ਮੁਲਕਾਂ ਤੋਂ ਬਿਨਾਂ, 80.5 ਮਿਲੀਅਨ ਪਾਕਿਸਤਾਨ (ਅੰਕੜੇ 2017 ਦੇ), 31.1 ਮਿਲੀਅਨ ਪੰਜਾਬ (ਅੰਕੜੇ 2011 ਦੇ), 0.5 ਮਿਲੀਅਨ ਕਨੇਡਾ (ਅੰਕੜੇ 2016 ਦੇ), 0.3 ਮਿਲੀਅਨ ਇੰਗਲੈਂਡ (ਅੰਕੜੇ 2011 ਦੇ), 0.3 ਮਿਲੀਅਨ ਅਮਰੀਕਾ (ਅੰਕੜੇ 2017 ਦੇ), 0.1 ਮਿਲੀਅਨ ਅਸਟ੍ਰੇਲੀਆ (ਅੰਕੜੇ 2016 ਦੇ) ਦੇ ਲੋਕ ਸ਼ਾਮਲ ਹਨ । ਅੱਜ ਕੱਲ੍ਹ ਦੀ ਪੰਜਾਬੀ ਨਾਲ਼ ਸੰਬੰਧਤ ਕੁੱਝ ਸ਼ਬਦ ਹਨ, ਜਿਵੇਂ; ਕੁੱਤਾ, ਕੁੱਤੀ, ਦੀਵਾ, ਪਾਠ, ਮੱਤ, ਪਾਣੀ, ਸਵਾਲ, ਜਵਾਬ, ਪੂਰਾ, ਕਦ, ਕਦੇ, ਕਦੋਂ, ਸਿੱਖ, ਸਿੱਖੀ, ਬੈਠ, ਬੈਠਾ, ਬੈਠਣ, ਕੋਠਾ, ਕੋਠੇ, ਲਾਲ, ਰੰਗ, ਮੱਛੀ, ਜਾਲ਼, ਪਰਵਾਰ, ਸੋਨਾ, ਮਾਤਾ, ਪਿਤਾ, ਪਿਉ, ਭੈਣ, ਛੱਡ, ਸ਼ੋਭਾ, ਚਿੱਟੇ, ਕੱਪੜੇ, ਹੋਰ, ਖਾਣਾ, ਧਰਤੀ, ਆਸਰਾ, ਗਲ਼ੀ, ਗੱਲੀਂ, ਮੱਲ, ਮੈਲ਼, ਲੱਖ, ਸਉਂ, ਸੂਰਜ, ਚੰਦ, ਦਿਨ, ਦਿਨੇ, ਰਾਤੀਂ, ਰਾਤਿ, ਸੁਹਾਗਣੀ, ਸੁਹਾਗ, ਨਰਕ, ਸੁਰਗ, ਮਿੱਟੀ, ਪਈ, ਭੰਨ, ਜਾਗੀ, ਜਾਗਿਆ, ਜਵਾਈ, ਬਾਕੀ, ਤੇਰਾ, ਮੇਰਾ, ਸੱਚ, ਝੂਠ, ਚੇਲਾ, ਪਰਧਾਨ, ਭਗਤ, ਕੇਸਰ, ਘਿਅ, ਡਰ, ਕੀਰਤਨ, ਕੀਮਤ, ਹੀਰਾ, ਮੋਤੀ, ਸੰਨ੍ਹ, ਖੇਤ, ਕਿਸਾਨ, ਕਿਰਸਾਨੀ, ਲਾਵੇ, ਸੰਤੋਖ, ਸੁਹਾਗਾ, ਰੱਖਿਆ, ਅਮਲੀ, ਨਾਮ, ਬਲ਼ ਜਾਇ (=ਭਾਵੇਂ ਬਲ਼ ਜਾਇ, 54), ਜਲ਼ ਜਾਇ (=ਭਾਵੇਂ ਜਲ਼ ਜਾਇ, 54) ਆਦਿਕ ।

3. ਪੱਛਮੀ ਪੰਜਾਬੀ:
‘ਬਹਿਰੰਗ’ ਬੋਲੀਆਂ ਦੇ ‘ਉੱਤਰ-ਪੱਛਮੀ’ ਭਾਗ ਨਾਲ਼ ਪੱਛਮੀ ਪੰਜਾਬੀ ਦਾ ਸੰਬੰਧ ਹੈ । ਇਸ ਭਾਗ ਦੀਆਂ ਬਾਕੀ ਬੋਲੀਆਂ ਹਨ- ਸਿੰਧੀ, ਕਸ਼ਮੀਰੀ ਅਤੇ ਕੋਹਿਸਤਾਨੀ । ਪੱਛਮੀ ਪੰਜਾਬੀ- ਮੁਲਤਾਨ, ਝੰਗ, ਮਿੰਟਗੁਮਰੀ, ਬਹਾਵਲਪੁਰ ਵਿੱਚ ਬੋਲੀ ਜਾਣ ਵਾਲ਼ੀ ਬੋਲੀ ਹੈ । ਗੁਰਬਾਣੀ ਵਿੱਚੋਂ ਇਸ ਬੋਲੀ ਨਾਲ਼ ਸੰਬੰਧਤ ਕੁੱਝ ਸ਼ਬਦ ਹਨ, ਜਿਵੇਂ: ਲਧਮੁ (=ਮੈ ਲੱਭਾ), ਡਿਠਮੁ (=ਮੈ ਦੇਖਿਆ), ਡਿਠੋਮਿ, ਢੰਢੋਲਿਮੁ, ਢੁੂਢਿਮੁ, ਦਿਤੀਮੁ(=ਮੈ ਦਿੱਤੀ), ਦਿਸਮੁ (=ਮੈਨੂੰ ਦਿਸਿਆ), ਤਾਰਿਆਮੁ (=ਮੈਨੂੰ ਤਾਰਿਆ)। ਭਰਮਿਓਹਿ (=ਤੂੰ ਭਰਮਿਆਂ), ਜਲਿਓਹੁ, ਡੁਬੋਹੁ (=ਤੂੰ ਡੁੱਬਾ), ਬਧੋਹੁ(=ਤੈਨੂੰ ਬੱਧਾ), ਦਬਿਓਹੁ, ਪਤੀਣੋਹਿ (=ਤੂੰ ਪਤੀਜਿਆ), ਜਾਗਿਓਹਿ (=ਤੂੰ ਜਾਗਿਆ), ਸੁਧੋਸੁ(=ਉਸ ਨੂੰ ਸ਼ੁੱਧ ਕੀਤਾ), ਟਿਕਿਓਨੁ(=ਉਸ ਨੇ ਟਿੱਕਿਆ), ਰਹੀਅਹਿ (=ਤੂੰ ਰਹਿ ਗਈ), ਹੋਈਅਹਿ (=ਤੂੰ ਹੋ ਗਈ), ਰਹੀਏਹਿ (=ਤੂੰ ਰਹੀ), ਮੁਇਓਹਿ (=ਤੂੰ ਮਰਿਆ), ਉਪਾਇਅਨੁ (=ਉਪਾਏ ਹਨ ਉਸ ਨੇ), ਉਪਾਈਅਨੁ (=ਉਪਾਈ ਹੈ ਉਸ ਨੇ), ਕੀਤੀਅਨੁ (ਇਸਤਰੀ-ਲਿੰਗ), ਲਾਇਅਨੁ (ਪੁਲਿੰਗ), ਜੀਵਾਲਿਅਨੁ (ਪੁਲਿੰਗ) ਸਾਜਿਅਨੁ (ਪੁਲਿੰਗ), ਸਾਜੀਅਨੁ (ਇਸਤ੍ਰੀ-ਲਿੰਗ) ਆਦਿਕ।

4.ਸੰਸਕ੍ਰਿਤ:
ਇਹ ਭਾਰਤ ਦੀ ਸੱਭ ਤੋਂ ਪੁਰਾਤਨ ਭਾਸ਼ਾ ਹੈ ਜਿਸ ਵਿੱਚ ਵੇਦ ਆਦਿਕ ਧਾਰਮਿਕ ਗ੍ਰੰਥ ਲਿਖੇ ਗਏ ਸਨ । ਇਸ ਭਾਸ਼ਾ ਨਾਲ਼ ਸੰਬੰਧਤ ਸ਼ਬਦ ਹਨ, ਜਿਵੇਂ: ਅਸ਼ਟ, ਸ਼ੁਆਨ, ਸ਼੍ਰਵਣ (ਸੁਣਨਾ), ਸ਼ੁਆਨੀ, ਸ਼ਰੀਰ, ਸ਼ੋਭਾ, ਕ੍ਰਿਸ਼ਣ, ਵਿਸ਼ਣੂ, ਧਨਾਸ਼ਰੀ, ਜੈਤਸ਼ਰੀ, ਸ਼੍ਰੀ (=ਰਾਗ, ਸ਼ੋਭਨੀਕ, ਲੱਛਮੀ), ਪਾਸ਼ਾ (=ਧਚਿੲ, 474), ਸ਼ਾਰਿ (=ਚੌਪੜ ਦੀ ਖੇਡ ਵਿੱਚ ਨਰਦ, 1403), ਜਸ਼ੋਧਾ, ਪਰਸ਼ੁਰਾਮ, ਸ਼ਿੰਗਾਰੁ, ਸ਼ੀਂਗਾਰੁ, ਜਸ਼ੁ, ਸ਼ੁਧ੍ਹਾਖਰ, ਵਿਛੁਰਿਤ, ਅਹੋ (1353-ਵਾਹ!), ਹਸਤ (=ਹੱਥ), ਹਸਤਿ (=ਹਾਥੀ), ਸਾਗਰ, ਕੋਕਿਲ, ਨਯਨ, ਵੀਥੀ (=ਵੀਹੀ), ਭਵਨ, ਨਿਕਟਿ, ਤ੍ਰਿਕੁਟਿ, ਅਵਘਟ, ਅਵਗੁਣ, ਗਰਬੁ, ਪ੍ਰਸਾਦ, ਕਾਗ, ਨਾਮ, ਸੰਪਤਿ, ਘ੍ਰਿਤ, ਸ਼ਤ (=100), ਅੰਮ੍ਰਿਤ, ਆਰਤ (=ਦੁਖੀ, ਮੰਗਤਾ), ਕੁਠਾਰੁ, ਭਗਵੰਤ, ਸ਼ਿਖਾ (=ਚੋਟੀ, ਬੋਦੀ), ਸ਼ਰਣ, ਸ਼ਰਨ, ਸ਼ਰਨਾਈ, ਸ਼ੀਤ (=ਠੰਢ), ਸ਼ੀਤਲ, ਉਸ਼ਨ, ਦੁਸ਼ਟ, ਆਸ਼ਾ, ਨਿਰਾਸ਼ਾ, ਸ਼ਰਣਾਗਤੀ, ਸ਼ਾਸਤ੍ਰ, ਆਸ਼੍ਰਮ, ਦਰਸ਼ਨ, ਦਰਸ਼, ਮਹੇਸ਼, ਈਸ਼ੁਰ, ਜੋਗੀਸ਼ੁਰ, ਲਸਟਿਕਾ (=ਲਾਠੀ), ਰਾਸ਼ਿ (=ਪੂੰਜੀ, 268), ਦ੍ਰਿਸ਼ਟਿ, ਸ੍ਰਿਸ਼ਟਿ, ਬਿਨਾਸ਼, ਅਬਿਨਾਸ਼ੀ, ਜਿਹਬਾ, ਜਿਹਬੇ, ਜਿਹਵਾ, ਜਿਹਵੇ, ਕਲਤ੍ਰ, ਜੋਗ, ਜਗ, ਦਾਨ, ਜੋਗੇਨ, ਦਾਨੇਨ, ਜਗੇਨ, ਸਮਰਣ, ਸਮਰਣੇਨ, ਗਰਬੇਣ, ਭਾਰੇਣ, ਸੰਗੇਣ, ਭਰਮੇਣ, ਮਰਣੇਨ, ਮਿਤ੍ਰੇਖੁ (ਮਿੱਤ੍ਰ ਤੋਂ ਬਹੁ-ਵਚਨ, ਅਧਿਕਰਣ ਕਾਰਕ); ਪ੍ਰਣਵਤਿ, ਭਣਤਿ, ਬਦਤਿ, ਬਿਨਵੰਤਿ--- ਕਿਰਿਆ ਤੀਜਾ ਪੁਰਖ ਇਕ-ਵਚਨ ਦੇ /ਤਿ/ ਅੰਤਕ ਸ਼ਬਦ; ਪੜ੍ਹਾਵਸਿ, ਮਾਂਜਸਿ, ਬਿਲੋਵਸਿ, ਜਾਨਸਿ, ਗਰਬਸਿ--(ਮੱਧਮ ਪੁਰਖ ਇਕ-ਵਚਨ ਦੇ /ਸਿ/ ਅੰਤਕ ਸ਼ਬਦ); ਚਿਰਗਟ (=ਪਿੰਜਰਾ), ਚਟਾਰਾ (=ਜਾਲ਼) ਆਦਿਕ ਅਨੇਕਾਂ ਸ਼ਬਦ ਵਰਤੇ ਗਏ ਹਨ।

5. ਪ੍ਰਾਕ੍ਰਿਤ:
ਸੰਸਕ੍ਰਿਤ ਭਾਸ਼ਾ ਤੋਂ, ਸਮੇਂ ਨਾਲ਼ ਇਸ ਵਿੱਚ ਤਬਦੀਲੀ ਹੋਣ ਤੇ ‘ਪ੍ਰਾਕ੍ਰਿਤ’ ਭਾਸ਼ਾ ਬਣੀ । ਇਸ ਪ੍ਰਾਕ੍ਰਿਤ ਭਾਸ਼ਾ ਵਿੱਚ ਸਹਸਕ੍ਰਿਤੀ ਦੇ ਸ਼ਲੋਕ ਹਨ । ‘ਸਹਸਕ੍ਰਿਤ’ ਸ਼ਬਦ ‘ਸੰਸਕ੍ਰਿਤ’ ਸ਼ਬਦ ਤੋਂ ਹੀ ਬਣਿਆਂ ਹੈ । ਇਸ ਭਾਸ਼ਾ ਨਾਲ਼ ਸੰਬੰਧਤ ਕੁੱਝ ਸ਼ਬਦ ਹਨ, ਜਿਵੇਂ: ਸਹਸਕ੍ਰਿਤੀ, ਸਹਸਾ ਕਿਰਤਾ, ਸੈਸਾਰ, ਜੀਭ, ਸੁਰਭਿ, ਅਵਘੱਟ, ਪਨਘਟ, ਨਾਠੇ, ਬਿਨਠੀ, ਕੈਠੈ, ਕ੍ਰਿਸ਼ਨ, ਕੁਠਾਰ, ਵੀਥੀ/ਬੀਥੀ, ਸਾਧੂ, ਨਖ, ਭੰਡੁ (ਸੰਸਕ੍ਰਿਤ ਭਾਰਯਾ ਤੋਂ), ਭੰਡੈ, ਭੰਡਹੁ, ਭੰਡਿ, ਚਲਿਅਉ, ਕੀਅਉ, ਪੀਅਉ, ਪਰਿਅਉ, ਪਰਸਿਯਉ, ਭਣਉ, ਧਰਿਅਉ, ਪਢਿਅਉ, ਪਰਵਰਿਯਉ, ਦੀਅਉ, ਗਇਅ, ਭਇਅ, ਜਮ, ਜਮੁਨਾ, ਜਦੋਂ, ਅੱਜ, ਸਚੁ, ਕ੍ਰਿਤੁਆ (1354), ਅਹੋ (=ਵਾਹ! 1353), ਭੋ (=ਹੇ! 1353), ਵਿਣੁ, ਪੁਬਿ, ਪਰਾਕਉ, ਸਰ (=ਠੀਕ ਸਮਾਂ, ਸਰ ਅਪਸਰ), ਪਿਰਥਮੀ, ਭਗਵਾਨਏ, ਗੁਰਏ, ਸਤਿਗੁਰਏ, ਗੁਰਦੇਵਏ, ਆਪ (ਸੰ, ‘ਆਤਮਨ’ ਤੋਂ), ਤਨ (=ਨਾਲ਼, 794), ਮਸਟਿ (=ਚੁੱਪ, 803), ਆਦਿਕ।

6. ਅਪਭ੍ਰੰਸ਼-----ਬਸਇ (=ਬਸਦਾ ਹੈ), ਜਾਣਇ (=ਜਾਣਦਾ ਹੈ), ਹੁਟਇ (=ਹਟਦੀ ਹੈ), ਮਾਣਇ (=ਮਾਣਦਾ ਹੈ); ਡਰਉ (=ਡਰਉਂ, ਮੈਂ ਡਰਦਾ ਹਾਂ), ਜਾਉ, ਖਾਉ, ਮਾਗਉ, ਕਰਉ, ਲਾਗਉ, ਪਾਵਉ, ਤਿਆਗਉ, ਦੇਖਉ, ਜੀਵਉ---ਬਿੰਦੀ ਅੰਤਕ ਕਿਰਿਆਵਾਂ ਇਕ-ਵਚਨ ਵਰਤਮਾਨ ਪਹਿਲਾ ਪੁਰਖ), ਤੀਨ (ਸੰ. ਤ੍ਰੈ ਤੋਂ), ਸਤ (ਸੰ. ਸਪਤ ਤੋਂ) ਆਦਿਕ।

7. ਹਿੰਦੀ:
ਭਾਰਤ ਵਿੱਚ ਸੰਨ 2011 ਈਸਵੀ ਦੀ ਜਨ ਗਣਨਾ ਅਨੁਸਾਰ 322 ਮਿਲੀਅਨ ਲੋਕਾਂ ਦੀ ਇਹ ਮਾਂ ਬੋਲੀ ਅਤੇ Ethnologue 21st Edition 2018 ਅਨੁਸਾਰ 270 ਮਿਲੀਅਨ ਲੋਕਾਂ ਦੀ ਇਹ ਦੂਜੀ ਭਾਸ਼ਾ ਹੈ । ਭਾਰਤ ਵਿੱਚ ਨੌਂ ਰਾਜਾਂ ਅਤੇ ਤਿੰਨ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਦੀ ਇਹ ਸਰਕਾਰੀ ਭਾਸ਼ਾ ਹੈ । ਇਸ ਭਾਸ਼ਾ ਵਿੱਚ ਸੰਸਕ੍ਰਿਤ, ਸ਼ੌਰਸੈਨੀ ਪ੍ਰਾਕ੍ਰਿਤ, ਅਰਬੀ, ਫ਼ਾਰਸੀ ਵਿੱਚੋਂ ਆਏ ਤਤਸਮ, ਅਰਧ ਤਤਸਮ ਅਤੇ ਤਦਭਵ ਸ਼ਬਦ ਸ਼ਾਮਲ ਹਨ । ਬਹੁਤੇ ਸ਼ਬਦ ਹਿੰਦੀ ਅਤੇ ਪੰਜਾਬੀ ਵਿੱਚ ਸਾਂਝੇ ਵੀ ਹਨ । ਗੁਰਬਾਣੀ ਵਿੱਚ ਵਰਤੇ ਹਿੰਦੀ ਸ਼ਬਦਾਂ ਵਿੱਚੋਂ ਕੁੱਝ ਪ੍ਰਮਾਣ ਹਨ, ਜਿਵੇਂ: ਸੰਯੋਗ, ਸੰਪਤਿ, ਕਪਾਸ, ਸੌਦਾ, ਖੰਡ (=ਹਿੱਸਾ, ਅਵੱਸਥਾ), ਗੰਧ, ਸੰਪੂਰਣ, ਪੂਰਣ, ਜੀਤ, ਭਾਰੀ, ਸ਼ਾਖਾ, ਪਥਾ, ਪ੍ਰਿਅ, ਪਲ, ਪਦਾਰਥ, ਮ੍ਰਿਤ, ਦ੍ਰਿਸ਼ਟਿ, ਸ੍ਰਿਸ਼ਟਿ, ਧਾਰਾ, ਪੰਖ, ਕੀਟ, ਜਿਸ ਕਾ, ਤਿਸ ਕਾ, ਪੜੋਸਣਿ, ਤਟ, ਗਾਂਵ, ਏਕਲ, ਪੱਥਰ, ਬਾਦਲ (=ਬੱਦਲ਼), ਗਤਿ, ਦੂਧ, ਬੀਚ, ਕਾਨ, ਸੇ (=ਤੋਂ), ਕਾ (=ਦਾ), ਕੀ (=ਦੀ), ਕੋ (=ਨੂੰ), ਹਾਥ, ਹਮਾਰੇ, ਕੀਆ (=ਕੀਤਾ), ਲੋਗ, ਅਬ (=ਹੁਣ), ਤਬ, ਜਬ, ਕਬ, ਆਪ, ਸਾਥ (=ਨਾਲ਼), ਐਸਾ, ਜੈਸਾ, ਜੈਸੇ, ਥਾ, ਥੀ, ਥੇ, ਤਰਨਾਪੋ, ਸਿਉ, ਜਾਤੁ ਹੈ, ਭਇਓ, ਆਨਿ, ਨਰ, ਬਾਵਰੇ, ਬਾਵਰਿਆ, ਅਪੁਨੀ, ਇਨ ਮੈ, ਤੁਮ, ਤੋ ਕਉ, ਦੀਓ, ਅਉਧ, ਕਹਿਓ, ਭਾਖਿਓ, ਜਾ ਕੈ, ਤਾਹਿ, ਤਿਹ ਨਰ, ਸੁਨਿ, ਤਾ ਸਿਉ, ਆਦਿਕ। ਨੌਵੇਂ ਗੁਰੂ ਜੀ ਦੇ ਸ਼ਲੋਕਾਂ ਵਿੱਚ ਹਿੰਦੀ ਦੀ ਭਰਪੂਰ ਵਰਤੋਂ ਹੈ।

8. ਅ਼ਰਬੀ:
ਇਹ ਭਾਸ਼ਾ ਪਹਿਲੀ ਤੋਂ ਚੌਥੀ ਸਦੀ ਵਿੱਚ ਹੋਂਦ ਵਿੱਚ ਆਈ । ਦੁਨੀਆਂ ਵਿੱਚ ਇਹ ਪੰਜਵੀਂ ਸੱਭ ਤੋਂ ਵੱਧ ਬੋਲੀ ਜਾਣ ਵਾਲ਼ੀ ਭਾਸ਼ਾ ਹੈ । ਯੂਨਾਈਟਿਡ ਅ਼ਰਬ ਦੇਸ਼ਾਂ ਵਿੱਚ ਇਸ ਨੂੰ ਮਾਂ ਬੋਲੀ ਅਤੇ ਦੂਜੀ ਭਾਸ਼ਾ ਵਜੋਂ ਬੋਲਣ ਵਾਲ਼ੇ 422 ਮਿਲੀਅਨ ਦੇ ਲਗਭਗ ਲੋਕ ਹਨ (ਵਿਕੀਪੀਡੀਆ 18 ਅਗੱਸਤ, 2021 ਦਾ ਸੰਸਕਰਣ)।

ਇਸ ਭਾਸ਼ਾ ਵਿੱਚੋਂ ਗੁਰੂ ਗ੍ਰੰਥ ਸਾਹਿ਼ਬ ਵਿੱਚ ਆਏ ਕੁੱਝ ਸ਼ਬਦ ਹਨ, ਜਿਵੇਂ: ਕ਼ੁਦਰਤਿ, ਖ਼ਤ਼ਾ (=ਪਾਪ), ਖ਼ਤ਼ੇ, ਹ਼ਲਾਲ, ਹ਼ਕ਼ੀਨਾ (=ਇੰਦ੍ਰੀਆਂ ਵੱਸ ਕਰ ਕੇ), ਸੁਲਤ਼ਾਨ, ਹ਼ਰਾਮ, ਹ਼ਾਲ, ਹ਼ੁਕਮ, ਹ਼ੁਕਮੀ, ਹਿ਼ਕਮਤਿ, ਕ਼ਲਮ, ਕ਼ਵਾਦੇ (=ਝਗੜਾਲੂ), ਕ਼ੁਰਾਨ, ਖ਼ਸਮ, ਸਾਹਿ਼ਬ, ਸਾਕ਼ਤ਼, ਰਜ਼ਾ, ਰਜ਼ਾਈ, ਰਜ਼ਾਇ, ਕ਼ਾਦਰ, ਕ਼ਦਾ, ਮਲੂਕ (=ਬਾਦਿਸ਼ਾਹ ਲੋਕ), ਮਲੂਕੁ, ਮਲੂਕੀ, ਮਨਸ਼ਾ, ਉਮਰ, ਉਮਰੇ (=ਅਮੀਰ ਦਾ ਬਹੁਵਚਨ), ਤੌ਼ਕ਼, ਸ਼ਾਇ਼ਰ (ਕਵੀ), ਖ਼ਲਕ਼ਤ, ਆਸ਼ਕ਼, ਆਸ਼ਕ਼ੀ, ਇ਼ਸ਼ਕ਼, ਫ਼ਰੀਦ, ਸ਼ਰੀਕ, ਤਸ਼ਵੀਸ਼ (=ਪਰੇਸ਼ਾਨੀ, 345), ਖ਼ਿਰਾਜ (=ਮਸੂਲ, 345), ਖ਼ਉਫ਼ (=ਡਰ, 345), ਜ਼ਵਾਲ (=ਘਾਟਾ,345), ਖ਼ੈਰਿ (=ਸ਼ਾਂਤੀ, 345), ਖ਼ਲਾਸ (=ਮੋਹ ਮਾਇਆ ਤੋਂ ਨਿਰਲੇਪ, 345), ਗ਼ਨੀ (=ਅਮੀਰ, 345), ਮਾਮੂਰ (=ਸੰਤੁਸ਼ਟ, 345), ਵਤਨ (345), ਮਿਹਰਵਾਨੁ, ਮੁਸ਼ਤਾਕ (=ਮੋਹਿਤ), ਜੇਜ਼ੀਆ (=ਮਸੂਲ), ਮੁਸ਼ਕਿ, ਕਰੀਮਾ, ਕਰੀਮ, ਫੀਲ (=ਹਾਥੀ), ਸ਼ੂਮ, ਮਸਕੀਨ, ਗ਼ੁਬਾਰੁ (=ਘੁੱਪ ਹਨ੍ਹੇਰਾ), ਮਜਲਸ, ਮਰਤਬਾ, ਮਿਲਖ, ਸਿਲਕ (=ਰੱਸੀ), ਹ਼ਵਾ (=ਹਿਰਸ), ਗ਼ਾਫ਼ਿਲ, ਬਖ਼ੀਲ, ਬੇਨਜ਼ਰ, ਅਹਵਾਲ, ਆਖ਼ਿਰ, ਤਹ਼ਕ਼ੀਕ਼ (=ਸੱਚਾਈ, 721), ਤਕਬੀਰ (=ਮੁਰਦੇ ਲਈ ਨਮਾਜ਼, 721), ਖ਼ਿਆਲ (721), ਤ਼ਰੀਕ਼ਤ (=ਮਨ ਦੀ ਸ਼ੁੱਧੀ ਦਾ ਢੰਗ), ਬਕ਼ਰੀਦਿ (=ਗਾਂ ਦੀ ਬਲੀ ਦਾ ਦਿਨ, ਜ਼ੁਲਹਿ਼ੱਜ ਮਹੀਨੇ ਦੀ ਦਸਵੀਂ ਤਾਰੀਖ਼), ਈਦ (=ਤਿਓਹਾਰ, ਈਦੁਲਫ਼ਿਤਰ ਸਮੇਂ ਰਮਜ਼ਾਨ ਦੇ ਰੋਜ਼ਿਆਂ ਤੋਂ ਪਿੱਛੋਂ ਚੰਦ ਨੂੰ ਦੇਖਣਾ) ਅਵਲਿ (=ਆਰੰਭ ਸਮੇਂ, 1349), ਅਲਹ (1349), ਨੂਰੁ (=ਪ੍ਰਕਾਸ਼, 1349), ਸਿਹਰੁ (=ਜਾਦੂ, 727), ਵਿਦਾ (=ਵਿਦਾਇਗੀ, 551) ਆਦਿਕ।

ਚਲਦਾ...


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top