ਆਦਿ ਬੀੜ (ਪੋਥੀ ਸਾਹਿਬ) ਦੀ ਲਿਖਾਈ
ਸੰਨ 1604 ਈਸਵੀ ਵਿੱਚ ਸੰਪੂਰਨ ਹੋਈ ਸੀ । ਇਸ ਵਿੱਚ ਪੰਜਵੇਂ ਗੁਰੂ ਜੀ ਵਲੋਂ
ਨਿਤਨੇਮ ਦਰਜ ਕਰਵਾਇਆ ਗਿਆ ਸੀ ਜੋ ਹੁਣ ਛਾਪੇ ਦੀ ਬੀੜ ਦੇ ਪਹਿਲੇ 13 ਪੰਨਿਆਂ ਉੱਤੇ ਦਰਜ
ਹੈ ।
ਆਦਿ ਬੀੜ ਦੀ ਲਿਖਾਈ ਤੋਂ ਪਹਿਲਾਂ ਸਿੱਖਾਂ ਵਿੱਚ ਕਿਹੜਾ ਨਿਤਨੇਮ
ਪ੍ਰਚੱਲਤ ਸੀ, ਇਸ ਦਾ ਪਤਾ ਲਾਉਣਾ ਹੀ ਇਸ ਲੇਖ ਦਾ ਮੰਤਵ ਹੈ । ਧੰਨੁ ਗੁਰੂ ਨਾਨਕ ਸਾਹਿਬ
ਦੇ ਸਮੇਂ ਪ੍ਰਚੱਲਤ ਨਿਤਨੇਮ ਦੀ ਰੂਪ ਰੇਖਾ ਦੀ ਭਾਲ਼ ਕਰਨੀ ਪਵੇਗੀ ।
ਭਾਈ ਗੁਰਦਾਸ ਦੀਆਂ
ਵਾਰਾਂ ਦਾ ਅਧਿਐਨ ਕਰਨ ਨਾਲ਼ ਧੰਨੁ ਗੁਰੂ ਨਾਨਕ ਸਾਹਿਬ ਦੇ ਸਮੇਂ ਪ੍ਰਚੱਲਤ ਨਿਤਨੇਮ ਬਾਰੇ
ਬਹੁਤ ਵਧੀਆ ਜਾਣਕਾਰੀ ਮਿਲ਼ਦੀ ਹੈ । ਭਾਈ ਗੁਰਦਾਸ ਜੀ ਨੂੰ ਤੀਜੇ ਗੁਰੂ ਜੀ ਤੋਂ ਛੇਵੇਂ
ਗੁਰੂ ਜੀ ਤਕ 4 ਗੁਰੂ ਪਾਤਿਸ਼ਾਹਾਂ ਦੀ ਸੇਵਾ ਅਤੇ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ।
ਕਰਤਾਰਪੁਰ (ਹੁਣ ਪਾਕਿਸਤਾਨ ਵਿੱਚ) ਧੰਨੁ ਗੁਰੂ ਨਾਨਕ ਸਾਹਿਬ ਦੇ
ਸਮੇਂ ਉਨ੍ਹਾਂ ਵਲੋਂ ਬਖ਼ਸ਼ਿਆ ਨਿਤਨੇਮ ਪ੍ਰਚੱਲਤ ਸੀ ਜਿਸ ਦੀ ਰੂਪ ਰੇਖਾ ਭਾਈ ਗੁਰਦਾਸ ਵਲੋਂ
ਦਿੱਤੇ ਹੇਠ ਲਿਖੇ ਪ੍ਰਮਾਣਾ ਤੋਂ ਪ੍ਰਗਟ ਹੁੰਦੀ ਹੈ:
1. ਪੰਜਵੇਂ ਗੁਰੂ
ਜੀ ਤੋਂ ਪਹਿਲਾਂ ਸਵੇਰ ਅਤੇ ਸ਼ਾਮ ਦਾ ਨਿਤਨੇਮ ਕੀ ਸੀ?
ਭਾਈ ਗੁਰਦਾਸ ਵਲੋਂ ਲਿਖੀ ਪਹਿਲੀ ਵਾਰ ਦੀ ਅਠੱਤੀਵੀਂ ਪਉੜੀ
ਸਵੇਰ ਅਤੇ ਸ਼ਾਮ ਦੇ ਨਿਤਨੇਮ ਦਾ ਖ਼ੁਲਾਸਾ ਕਰਦੀ ਹੈ । ਇਹ ਪਉੜੀ ਹੈ:
ਫਿਰਿ ਬਾਬਾ ਆਇਆ ਕਰਤਾਰ ਪੁਰਿ ਭੇਖ ਉਦਾਸੀ ਸਗਲ ਉਤਾਰਾ॥
ਪਹਿਰਿ ਸੰਸਾਰੀ ਕਪੜੇ ਮੰਜੀ ਬੈਠਿ ਕੀਆ ਅਵਤਾਰਾ॥
ਉਲਟੀ ਗੰਗ ਵਹਾਈਓਨਿ ਗੁਰ ਅੰਗਦੁ ਸਿਰਿ ਉਪਰਿ ਧਾਰਾ॥
ਪੁਤਰੀ ਕੳਲੁ ਨ ਪਾਲਿਆ ਮਨਿ ਖੋਟੇ ਆਕੀ ਨਸਿਆਰਾ॥
ਬਾਣੀ ਮੁਖਹੁ ਉਚਾਰੀਐ ਹੁਇ ਰੁਸਨਾਈ ਮਿਟੈ ਅੰਧਿਆਰਾ॥
ਗਿਆਨ ਗੋਸਟਿ ਚਰਚਾ ਸਦਾ ਅਨਹਦ ਸਬਦਿ ਉਠੇ ਧੁਨਕਾਰਾ॥
ਸੋ ਦਰੁ ਆਰਤੀ ਗਾਵੀਐ
ਅੰਮ੍ਰਿਤ ਵੇਲੇ ਜਾਪੁ ਉਚਾਰਾ॥
ਗੁਰਮੁਖਿ ਭਾਰ ਅਥਰਬਣਿ ਤਾਰਾ ॥38॥
ਵਿਚਾਰ:
ਅੰਮ੍ਰਿਤ ਵੇਲੇ ਪੜ੍ਹੀ ਜਾਣ ਵਾਲ਼ੀ ਬਾਣੀ ‘ਜਪੁ’ ਅਤੇ ‘ਸੋ ਦਰੁ’ ਸਿਰਲੇਖ ਵਾਲ਼ੀ ਰਚਨਾ ਦੋਵੇਂ
ਹੀ ਧੰਨੁ ਗੁਰੂ ਨਾਨਕ ਪਾਤਿਸ਼ਾਹ ਜੀ ਵਲੋਂ ਰਚਿਤ ਬਾਣੀਆਂ ਹਨ ਜੋ ਪੰਜਵੇਂ ਗੁਰੂ ਜੀ ਵਲੋਂ
ਬਣਾਏ ਗਏ ਨਿਤਨੇਮ ਵਿੱਚ ਵੀ ਉਸੇ ਤਰ੍ਹਾਂ ਸ਼ਾਮਲ ਹਨ । ‘ਸੋ ਦਰੁ’ ਸੰਗ੍ਰਿਹ ਵਿੱਚ ਤਿੰਨ
ਸ਼ਬਦ ਹਨ- ਰਾਗੁ ਆਸਾ ਮਹਲਾ 1 ਦਾ ‘ਸੋ ਦਰੁ ਤੇਰਾ ਕੇਹਾ’
ਵਾਲ਼ਾ ਸ਼ਬਦ, ਆਸਾ ਮਹਲਾ 1 ਦਾ ‘ਸੁਣਿ ਵਡਾ ਆਖੈ ਸਭੁ ਕੋਇ’
ਵਾਲ਼ਾ ਸ਼ਬਦ ਅਤੇ ਆਸਾ ਮਹਲਾ 1 ਦਾ ‘ਆਖਾ ਜੀਵਾ ਵਿਸਰੈ ਮਰਿ ਜਾਉ’
ਵਾਲ਼ਾ ਸ਼ਬਦ । ਤਿੰਨੇ ਹੀ ਗੁਰੂ ਨਾਨਕ ਸਾਹਿਬ ਦੇ ਹਨ । ਇਸ ਤੋਂ ਇਹ ਗੱਲ ਸਮਝ ਵਿੱਚ ਆਉਂਦੀ
ਹੈ ਕਿ ਧੰਨੁ ਗੁਰੂ ਨਾਨਕ ਸਾਹਿਬ ਜੀ ਨੇ ਹੀ ਨਿਤਨੇਮ ਦੀ ਰੂਪ ਰੇਖਾ ਦਾ ਮੁੱਢ ਬੰਨ੍ਹਿਆ
ਸੀ ਜਿਸ ਦੀ ਉਗਾਹੀ ਭਾਈ ਗੁਰਦਾਸ ਨੇ ਭਰੀ ਹੈ ।
2. ਪੰਜਵੇਂ ਗੁਰੂ
ਜੀ ਤੋਂ ਪਹਿਲਾਂ ਰਾਤ ਸਮੇਂ ਦਾ ਨਿਤਨੇਮ ਕਿਹੜਾ ਸੀ?
ਭਾਈ ਗੁਰਦਾਸ ਵਲੋਂ ਲਿਖੀ ਛੇਵੀਂ ਵਾਰ ਦੀ ਤੀਜੀ ਪਉੜੀ
ਵਿੱਚ ਰਾਤ ਸਮੇਂ ਦੇ ਨਿਤਨੇਮ ਦਾ ਜ਼ਿਕਰ ਕਰਨ ਦੇ ਨਾਲ਼ ਸੰਝ ਸਮੇਂ ਦੇ ਨਿਤਨੇਮ ਦਾ ਵੀ ਜ਼ਿਕਰ
ਕੀਤਾ ਗਿਆ ਹੈ । ਦੇਖੋ ਇਹ ਪਉੜੀ-
ਅੰਮ੍ਰਿਤ ਵੇਲੇ ਉਠਿ ਕੈ ਜਾਇ ਅੰਦਰਿ ਦਰੀਆਇ ਨ੍ਹਵੰਦੇ॥
ਸਹਜਿ ਸਮਾਧਿ ਅਗਾਧਿ ਵਿਚਿ ਇਕ ਮਨਿ ਹੋਇ ਗੁਰ ਜਾਪੁ ਜਪੰਦੇ॥
ਮਥੇ ਟਿਕੇ ਲਾਲ ਲਾਇ ਸਾਧ ਸੰਗਤਿ ਚਲਿ ਜਾਇ ਬਹੰਦੇ॥
ਸ਼ਬਦੁ ਸੁਰਤਿ ਲਿਵਲੀਣੁ ਹੋਇ ਸਤਿਗੁਰ ਬਾਣੀ ਗਾਇ ਸੁਣੰਦੇ॥
ਭਾਇ ਭਗਤਿ ਭੈ ਵਰਤਮਾਨ ਗੁਰ ਸੇਵਾ ਗੁਰ ਪੁਰਬ ਕਰੰਦੇ॥
ਸੰਝੈ ਸੋ ਦਰੁ ਗਾਵਣਾ ਮਨ ਮੇਲੀ ਕਰਿ ਮੇਲਿ ਮਿਲੰਦੇ॥
ਰਾਤੀ ਕੀਰਤਿ ਸੋਹਿਲਾ ਕਰਿ ਆਰਤੀ ਪਰਸਾਦੁ ਵੰਡੰਦੇ॥
ਗੁਰਮੁਖਿ ਸੁਖ ਫਲੁ ਪਿਰਮ ਚਖੰਦੇ ॥3॥
ਵਿਚਾਰ:
ਇਸ ਪਉੜੀ ਵਿੱਚ ਸਪੱਸ਼ਟ ਤੌਰ 'ਤੇ ਜ਼ਿਕਰ ਹੈ ਕਿ ਸ਼ਾਮ ਵੇਲੇ
ਕਰਤਾਰ ਪੁਰ ਧਰਮਸ਼ਾਲਾ ਵਿੱਚ ‘ਸੋ ਦਰੁ’ ਬਾਣੀ ਸੰਗ੍ਰਿਹ ਦੇ ਤਿੰਨ ਸ਼ਬਦ ਗਾਏ ਜਾਂਦੇ ਸਨ
ਅਤੇ ਰਾਤ ਸਮੇਂ ਸਿੱਖ ਸੇਵਕ ਸੋਹਿਲੇ ਦੀ ਬਾਣੀ ਦਾ ਪਾਠ ਕਰਦੇ
ਪ੍ਰਭੂ ਦੀ ਕੀਰਤੀ ਕਰਦੇ ਸਨ । ਪੰਜਵੇਂ ਗੁਰੂ ਜੀ ਤੋਂ ਪਹਿਲਾਂ ਸੋਹਿਲੇ ਦੀ ਬਾਣੀ
ਵਿੱਚ ਗੁਰੂ ਨਾਨਕ ਸਾਹਿਬ ਦੀ ਰਚੀ ਬਾਣੀ
ਦੇ ਤਿੰਨ ਸ਼ਬਦ ਸਨ- ਰਾਗੁ ਗਉੜੀ ਦੀਪਕੀ ਮਹਲਾ 1 ਵਾਲ਼ਾ ‘ਜੈ
ਘਰਿ ਕੀਰਤਿ ਆਖੀਐ’ ਵਾਲ਼ਾ ਸ਼ਬਦ, ਆਸਾ ਮਹਲਾ 1 ਦਾ ‘ਛਿਅ
ਘਰ ਛਿਅ ਗੁਰ ਛਿਅ ਉਪਦੇਸ’ ਵਾਲ਼ਾ ਸ਼ਬਦ ਅਤੇ ਧਨਾਸਰੀ ਮਹਲਾ 1 ਦਾ ‘ਗਗਨਮੈ
ਥਾਲੁ ਰਵਿ ਚੰਦੁ ਦੀਪਕ ਬਨੇ’ ਵਾਲ਼ਾ ਸ਼ਬਦ ।
ਪੰਜਵੇਂ ਗੁਰੂ ਜੀ
ਵਲੋਂ ਬਣਾਇਆ ਗਿਆ ਮੌਜੂਦਾ ਨਿਤਨੇਮ:
ਪੰਜਵੇਂ ਗੁਰੂ ਜੀ ਨੇ ਬਾਬਾ ਨਾਨਕ ਵਾਲ਼ੇ ਨਿਤਨੇਮ ਨੂੰ ਹੀ ਆਧਾਰ ਬਣਾ ਕੇ ਉਸ ਵਿੱਚ ਹੋਰ
ਸ਼ਬਦ ਜੋੜ ਕੇ ਬਣਾਇਆ ਨਿਤਨੇਮ ਆਦਿ ਬੀੜ ਵਿੱਚ ਪੱਕੇ ਤੌਰ ਤੇ ਦਰਜ ਕਰ ਦਿੱਤਾ । ਸਵੇਰ ਵਾਲ਼ਾ
ਚੱਲਿਆ ਆ ਰਿਹਾ ਨਿਤਨੇਮ ‘ਜਪੁ’ ਜੀ ਹੀ ਰੱਖਿਆ ਗਿਆ । ਸ਼ਾਮ ਵਾਲ਼ੇ ਚੱਲੇ ਆ ਰਹੇ ਨਿਤਨੇਮ
ਵਿੱਚ ‘ਸੋ ਪੁਰਖੁ’ ਦਾ ਚਾਰ ਸ਼ਬਦਾਂ ਦਾ ਸੰਗ੍ਰਿਹ ਹੋਰ ਜੋੜ ਦਿੱਤਾ ਜਿਸ ਨਾਲ਼ ਇਹ 9 ਸ਼ਬਦਾਂ
ਵਾਲ਼ਾ ਨਿਤਨੇਮ ਬਣ ਗਿਆ । ਰਾਤ ਵੇਲੇ ਦੇ ਚੱਲਦੇ ਆ ਰਹੇ ਨਿਤਨੇਮ ਵਿੱਚ ਦੋ ਸ਼ਬਦ ਹੋਰ ਜੋੜ
ਕੇ ਪੰਜ ਸ਼ਬਦਾਂ ਦਾ ਸੰਗ੍ਰਿਹ ਬਣਾ ਦਿੱਤਾ ਗਿਆ ।
ਪੰਜਵੇਂ ਗੁਰੂ ਜੀ ਦੇ ਬਣਾਏ ਇਸ ਨਿਤਨੇਮ ਨੂੰ ਦਸਵੇਂ ਪਾਤਿਸ਼ਾਹ ਨੇ
ਵੀ ਦਮਦਮੀ ਬੀੜ ਦੀ ਰਚਨਾ ਰਾਹੀਂ ਪ੍ਰਵਾਨਗੀ ਬਖ਼ਸ਼ ਦਿੱਤੀ ਜਿਸ ਤੋਂ ਸਪੱਸ਼ਟ ਹੈ ਕਿ ਦਸਵੇਂ
ਪਾਤਿਸ਼ਾਹ ਤਕ ਪੰਜਵੇਂ ਗੁਰੂ ਜੀ ਦਾ ਬਣਾਇਆ ਨਿਤਨੇਮ ਹੀ ਪ੍ਰਚੱਲਤ ਸੀ ।
ਇਸ ਪ੍ਰਵਾਨੇ ਹੋਏ ਨਿਤਨੇਮ ਨੂੰ ਤੋੜਨ ਦੀ ਅਵੱਗਿਆ ਕਰਨ ਵਾਲ਼ੀ
ਸ਼੍ਰੋ. ਗੁ. ਪ੍ਰ. ਕਮੇਟੀ ਅੰਮ੍ਰਿਤਸਰ ਹੈ ਅਤੇ ਇਸ ਦਾ ਤੋੜਿਆ ਹੋਇਆ ਨਿਤਨੇਮ ਸਿੱਖ ਰਹਤ
ਮਰਯਾਦਾ ਵਿੱਚ ਦਰਜ ਹੈ ਜੋ ਅੱਜ ਸਿੱਖ ਕੌਮ ਵਿੱਚ ਆਪਸੀ ਫੁੱਟ ਦਾ ਕਾਰਣ ਬਣ ਚੁੱਕਾ ਹੈ।
ਆਪਣੇ ਖ਼ਸਮ ਨੂੰ ਛੱਡ ਕੇ ਕਿਸੇ ਪਰਾਏ ਨਾਲ਼ ਜਾਰੀ ਪਾਉਣ ਦੇ ਕਦੇ ਵੀ ਚੰਗੇ ਸਿੱਟੇ
ਨਹੀਂ ਨਿਕਲ਼ ਸਕਦੇ ਪਰ ਸ਼ੋ. ਕਮੇਟੀ ਨੇ ਆਪਣਾ ਖ਼ਸਮ ਛੱਡ ਕੇ ਪਰਾਏ ਵਲ ਝਾਕਣ ਲੱਗਿਆਂ ਖ਼ਸਮ
ਗੁਰੂ ਦਾ ਕੋਈ ਭੈ ਨਹੀਂ ਰੱਖਿਆ ਜਿਸ ਦਾ ਖ਼ਮਿਆਜ਼ਾ ਸਾਰੀ ਸਿੱਖ ਕੌਮ ਨੂੰ ਭੁਗਤਣਾ ਪੈ ਰਿਹਾ
ਹੈ।
ਗੁਰੂ ਰਾਖਾ!