Khalsa News homepage

 

 Share on Facebook

Main News Page

ਜਪੁ ਬਾਣੀ ਤੋਂ ਪਹਿਲਾਂ ਲਿਖੀ ਇਬਾਰਤ
-: ਪ੍ਰੋ. ਕਸ਼ਮੀਰਾ ਸਿੰਘ USA
11.08.2020
#KhalsaNews #ProfKashmiraSinghUSA #Jap #Manglacharan #MoolMantar

ਪੰਜਾਬ ਟਾਈਮਜ਼ ਦੇ 4 ਅਤੇ 5 ਜਨਵਰੀ, 2020 ਦੇ ਪਰਚਿਆਂ ਵਿੱਚ ਡਾਕਟਰ ਗੋਬਿੰਦਰ ਸਿੰਘ ਸਮਰਾਓ ਦੇ ਲਿਖੇ “ੴ ਤੋਂ ਜਪੁ ਤੀਕ” ਦੋ ਲੇਖ ਛਪੇ ਹਨ । ਲੇਖਕ ਨੇ ਅਰਥ ਕਰਦਿਆਂ ਦੱਸਿਆ ਹੈ ਕਿ ਮੂਲ ਮੰਤ੍ਰ ਵਿੱਚ ਪਰਮਾਤਮਾ ਦਾ ਕਿਤੇ ਜ਼ਿਕਰ ਨਹੀਂ ਹੈ । ਲੇਖਕ ਨੇ ਲਿਖਿਆ ਹੈ -“ ਪਰ ਧਿਆਨ ਨਾਲ ਪੜ੍ਹਿਆਂ ਪਤਾ ਲੱਗਦਾ ਹੈ ਕਿ ਇਸ ਵਿੱਚ ਪਰਮਾਤਮਾ ਦਾ ਤਾਂ ਕੋਈ ਜ਼ਿਕਰ ਹੀ ਨਹੀਂ----

ਲੇਖਕ ਨੇ ਜਪੁ ਸ਼ਬਦ ਨੂੰ ਮੂਲ ਮੰਤ੍ਰ ਨਾਲ਼ ਜੋੜਿਆ ਹੈ ਪਰ ਇਹ ਸ਼ਬਦ ਮੂਲ ਮੰਤ੍ਰ ਦਾ ਹਿੱਸਾ ਨਹੀਂ, ਸਗੋਂ ਬਾਣੀ ਦਾ ਸਿਰਲੇਖ ਹੈ ਜਦੋਂ ਕਿ ਮੂਲ ਮੰਤ੍ਰ (ਮੰਗਲ਼ਾਚਰਨ) ਜਪੁ ਬਾਣੀ ਦਾ ਹਿੱਸਾ ਨਹੀਂ ਹੈ ਕਿਉਂਕਿ ਇਹ ਹੋਰ 32 ਥਾਵਾਂ ਉੱਤੇ ਇਸੇ ਰੂਪ ਵਿੱਚ ਗੁਰਬਾਣੀ ਵਿੱਚ ਲਿਖਿਆ ਮਿਲ਼ਦਾ ਹੈ ਜਿੱਥੇ ਇਹ ਸੰਬੰਧਤ ਬਾਣੀ ਦਾ ਹਿੱਸਾ ਨਹੀਂ ਹੈ ।

ਲੇਖਕ ਨੇ ਮਿਹਰਵਾਨ ਵਾਲ਼ੀ ਜਨਮ ਸਾਖੀ ਵਿੱਚ ਲਿਖੀ ਸੁਣੀ ਸੁਣਾਈ ਗੱਲ ਤੇ ਯਕੀਨ ਕਰ ਕੇ ਲਿਖਿਆ ਹੈ ਕਿ ਜਪੁ ਬਾਣੀ ਭਾਈ ਲਹਿਣਾ ਜੀ ਨੇ ਗੁਰੂ ਨਾਨਕ ਪਾਤਿਸ਼ਾਹ ਦੀ ਸਾਰੀ ਬਾਣੀ ਵਿੱਚੋਂ ਛਾਂਟ ਕੇ ਰਚੀ ਹੈ ਜੋ ਸੱਚ ਤੋਂ ਕੋਹਾਂ ਦੂਰ ਹੈ । ਕੀ ਗੁਰੂ ਸਾਹਿਬ ਨੇ ਆਪਣੀ ਬਾਣੀ ਮਿਲਗੋਭਾ ਕਰ ਕੇ ਰੱਖੀ ਹੋਈ ਸੀ ਕਿ ਛਾਂਟਣ ਦੀ ਲੋੜ ਪੈ ਗਈ? ਛਾਂਟਣ ਦਾ ਅਰਥ ਹੈ ਕਿ ਕੁੱਝ ਮਾੜਾ ਹੈ ਤੇ ਕੁੱਝ ਚੰਗਾ ਹੈ ਜੋ ਰਲ਼ਿਆ ਪਿਆ ਹੈ । ਉਸ ਵਿੱਚੋਂ ਮਾੜਾ ਛੱਡ ਕੇ ਚੰਗਾ ਚੰਗਾ ਵੱਖ ਕਰ ਲੈਣ ਨੂੰ ਛਾਂਟਣਾ ਕਿਹਾ ਜਾਂਦਾ ਹੈ । ਇਸ ਤੋਂ ਗੁਰੂ ਸਾਹਿਬ ਤੇ ਇਹ ਦੋਸ਼ ਵੀ ਲਾ ਦਿੱਤਾ ਗਿਆ ਕਿ ਉਨ੍ਹਾਂ ਨੇ ਕੁੱਝ ਮਾੜਾ ਵੀ ਲਿਖਿਆ ਹੈ ਜੋ ਭਾਈ ਲਹਿਣੇ ਨੇ ਛੱਡ ਦਿੱਤਾ ਤੇ ਚੰਗਾ ਚੰਗਾ ਛਾਂਟ ਲਿਆ । ਜਪੁ ਬਾਣੀ ਗੁਰੂ ਜੀ ਦੀ ਆਪਣੀ ਹੀ ਲਿਖੀ ਹੋਈ ਕਿਰਤ ਹੈ ਜਿਸ ਵਿੱਚ ਕਿਸੇ ਸਿੱਖ ਦੀ ਪਰਖ ਕਰਨ ਦੀ ਕੋਈ ਗੱਲ ਅਤੇ ਲੋੜ ਨਹੀਂ ਸੀ । ਇਹ ਉਸੇ ਤਰ੍ਹਾਂ ਦੀ ਲੰਬੀ ਰਚਨਾ ਹੈ ਜਿਸ ਤਰ੍ਹਾਂ ਦੀਆਂ ਵਾਰ ਆਸਾ ਕੀ ਪਉੜੀਆਂ ਵਿੱਚ, ਓਅੰਕਾਰੁ, ਸਿਧ ਗੋਸਟਿ ਆਦਿਕ ਗੁਰੂ ਨਾਨਕ ਸਹਿਬ ਦੀਆਂ ਬਾਣੀਆਂ ਹਨ ਜੋ ਕਿਸੇ ਤੋਂ ਛਾਂਟੀ ਕਰਵਾ ਕੇ ਨਹੀਂ ਲਿਖਵਾਈਆਂ ਗਈਆਂ । ਪੰਜਵੇਂ ਗੁਰੂ ਜੀ ਨੇ ਆਦਿ ਬੀੜ ਲਿਖਵਾਉਣ ਲੱਗਿਆਂ ਬਾਣੀ ਨੂੰ ਤਰਤੀਬ ਦਿੱਤੀ ਸੀ ਨਾ ਕਿ ਬਾਣੀ ਦੀ ਛਾਂਟੀ ਕੀਤੀ ਸੀ ਕਿਉਂਕਿ ਬਾਣੀ ਦੀ ਛਾਂਟੀ ਨਹੀਂ ਕੀਤੀ ਜਾ ਸਕਦੀ । ਗੁਰੂ ਸਾਹਿਬ ਦੇ ਹੁੰਦਿਆਂ ਬਾਣੀ ਵਿੱਚ ਕਿਸੇ ਮਿਲਾਵਟ ਦੀ ਸੰਭਾਵਨਾ ਨੂੰ ਸੋਚਿਆ ਵੀ ਨਹੀਂ ਜਾ ਸਕਦਾ । ਗੁਰੂ ਸਾਹਿਬ ਬਾਣੀ ਲਿਖ ਕੇ ਆਪ ਸੰਭਾਲ਼ ਕੇ ਆਪਣੇ ਪਾਸ ਰੱਖਦੇ ਸਨ ।

ਮੂਲ ਮੰਤ੍ਰ ਵਿੱਚ ਪਰਮਾਤਮਾ ਦਾ ਜ਼ਿਕਰ ਹੈ ਭਾਵੇਂ ਲੇਖਕ ਇਸ ਨਾਲ਼ ਸਹਿਮਤ ਨਹੀਂ । ਗੁਰਬਾਣੀ ਵਿੱਚੋਂ ਕੁੱਝ ਪਰਮਾਣ ਦੇਣ ਦਾ ਯਤਨ ਕੀਤਾ ਗਿਆ ਹੈ ਜਿਸ ਤੋਂ ਮੂਲ ਮੰਤ੍ਰ ਵਿੱਚ ਪਰਮਾਤਮਾ ਦਾ ਜ਼ਿਕਰ ਕੀਤਾ ਸਿੱਧ ਹੁੰਦਾ ਹੈ ।

ਮੂਲ ਮੰਤ੍ਰ (ਮੰਗਲਾਚਰਣ) ਅਤੇ ਰੱਬ ਦਾ ਸੰਬੰਧ:
ਗੁਰੂ ਗ੍ਰੰਥ ਸਾਹਿਬ ਦੇ ਆਰੰਭ ਵਿੱਚ ‘ਜਪੁ’ ਬਾਣੀ ਤੋਂ ਪਹਿਲਾਂ ਜੋ ਇਬਾਰਤ ਲਿਖੀ ਹੋਈ ਮਿਲ਼ਦੀ ਹੈ, ਉਹ ਹੈ- “ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥” ਗੁਰਬਾਣੀ ਵਿੱਚ ਇਹ ਲਿਖਤ 33 ਵਾਰੀ ਵਰਤੀ ਗਈ ਹੈ ।

ਮੂਲ ਮੰਤ੍ਰ ਹੈ ਕਿ ਮੰਗਲ਼ਾਚਰਣ?
ਗੁਰਾਬਾਣੀ ਵਿੱਚ 33 ਵਾਰ ਵਰਤੀ ਗਈ ਸੰਪੂਰਣ ਇਬਾਰਤ - ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥ ਜੇ ਮੂਲ ਮੰਤ੍ਰ ਮੰਨ ਲਈ ਜਾਵੇ ਤਾਂ ਇਸ ਦੇ ਬਾਕੀ ਛੋਟੇ ਰੂਪਾਂ ਨੂੰ ਵੀ ਛੋਟੇ ਮੂਲ ਮੰਤ੍ਰ ਮੰਨਣਾ ਪਵੇਗਾ ਕਿਉਂਕਿ ਉਹ ਵੀ ਤਾਂ ਮੂਲ ਮੰਤ੍ਰ ਦਾ ਹੀ ਹਿੱਸਾ ਹੀ ਮੰਨੇ ਜਾਣਗੇ । ਫਿਰ ਤਾਂ ਮੂਲ ਮੰਤ੍ਰ ਇੱਕ ਨਾ ਹੋ ਕੇ ਛੋਟੇ ਵੱਡੇ ਕਈ ਬਣ ਜਾਣਗੇ ਜਦੋਂ ਕਿ ਮੂਲ ਮੰਤ੍ਰ ਤਾਂ ਇੱਕ ਹੀ ਹੁੰਦਾ ਹੈ ।

ਗੁਰਬਾਣੀ ਅਨੁਸਾਰ ਮੂਲ ਮੰਤ੍ਰ ਕੀ ਹੈ?
ਮਾਰੂ ਮਹਲਾ 1॥
ਮੂਲ ਮੰਤ੍ਰੁ ਹਰਿ ਨਾਮੁ ਰਸਾਇਣੁ ਕਹੁ ਨਾਨਕ ਪੂਰਾ ਪਾਇਆ ॥5॥ ---ਗਗਸ ਪੰਨਾਂ 1040
ਰਸਾਇਣੁ- ਸਾਰੇ ਰਸਾਂ ਦਾ ਘਰ । ਮੂਲ ਮੰਤ੍ਰੁ- ਸੱਭ ਮੰਤ੍ਰਾਂ ਦਾ ਮੂਲ ।

ਮੰਗਲਾਚਰਣ ਕੀ ਹੈ?
ਲਿਖਾਈ ਕਰਨ ਤੋਂ ਪਹਿਲਾਂ ਆਪਣੇ ਪਿਆਰੇ ਇਸ਼ਟ ਦੀ ਸਿਫ਼ਤਿ ਵਿੱਚ ਲਿਖੇ ਗਏ ਬੋਲਾਂ ਨੂੰ ਮੰਗਲਾਚਰਣ ਕਿਹਾ ਜਾਂਦਾ ਹੈ । ਜਪੁ ਜੀ ਤੋਂ ਪਹਿਲਾਂ ਲਿਖੀ ਲਿਖਤ ਦਾ ਨਾਂ ਮੰਗਲਾਚਰਣ ਠੀਕ ਜਾਪਦਾ ਹੈ ਭਾਵੇਂ ਇਹ ਸੰਖੇਪ ਵਿੱਚ ਕੀਤਾ ਹੋਵੇ ਜਾਂ ਵਿਸਥਾਰ ਸਹਿਤ ਕੀਤਾ ਹੋਵੇ । ਜਪੁ ਜੀ ਤੋਂ ਪਹਿਲਾਂ ਲਿਖੀ ਲਿਖਤ ਅਤੇ ਇਸ ਦੇ ਵਰਤੇ ਸੰਖੇਪ ਰੂਪ ਰੱਬੀ ਸਿਫ਼ਤਿ ਵਿੱਚ ਹਨ ਇਸ ਲਈ ਇਹ ਮੰਗਲਾਚਰਣ ਹਨ । ਲੇਖਕ ਨੇ ੴ ਤੋਂ ਜਪੁ ਤੀਕ ਨੂੰ ਮੂਲ ਮੰਤ੍ਰ ਲਿਖਿਆ ਹੈ । ਮੰਗਲ਼ਾਚਰਨ ਸ਼ਬਦ ਮੂਲਮੰਤ੍ਰ ਸ਼ਬਦ ਦੀ ਥਾਂ ਜਿਆਦਾ ਪ੍ਰਸੰਗਕ ਹੈ ਅਤੇ ਉਹ ਵੀ ੴ ਤੋਂ ਗੁਰ ਪ੍ਰਸਾਦਿ ਤੀਕ ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top