Khalsa News homepage

 

 Share on Facebook

Main News Page

ਭਾਈ ਨਰਿੰਦਰ ਸਿੰਘ ਬਨਾਰਸ ਵਾਲ਼ੇ ਗੁਰਪੁਰਬ ਸਮੇਂ ਅਖੌਤੀ ਦਸਮ ਗ੍ਰੰਥ ਦਾ ਪ੍ਰਚਾਰ ਵੀ ਕਰ ਗਏ
-: ਪ੍ਰੋ. ਕਸ਼ਮੀਰਾ ਸਿੰਘ USA
14.01.2020

ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਜੀ ਦੇ ਪ੍ਰਕਾਸ਼ ਪੁਰਬ ਸਮੇਂ ਕੀਰਤਨ ਕਰਨ ਲਈ ਭਾਈ ਨਰਿੰਦਰ ਸਿੰਘ ਬਨਾਰਸ ਵਾਲ਼ਿਆਂ ਨੂੰ ਬੁਲਾਉਣ 'ਤੇ ਬਹੁਤ ਚੰਗੀ ਗੱਲ ਲੱਗੀ । ਇਹ ਉਨ੍ਹਾਂ ਦੀ ਅਮਰੀਕਾ ਫੇਰੀ ਸੀ । ਚੰਗੀ ਇਸ ਕਰ ਕੇ ਕਿ ਭਾਈ ਜੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸਾਬਕਾ ਹਜ਼ੂਰੀ ਰਾਗੀ ਹਨ । ਭਾਈ ਜੀ ਰਾਗ ਵਿੱਦਿਆ ਵਿੱਚ ਵੀ ਬਹੁਤ ਮਾਹਰ ਹਨ ਅਤੇ ਇਹ ਵਿਦਵਤਾ ਉਹ ਦਰਬਾਰ ਸਾਹਿਬ ਕੀਰਤਨ ਕਰਦੇ ਦਿਖਾ ਚੁੱਕੇ ਹਨ । ਉਨ੍ਹਾਂ ਨੂੰ ਗੁਰਬਾਣੀ ਵੀ ਬਹੁਤ ਕੰਠ ਹੈ ਜਦੋਂ ਕਿ ਬਹੁਤੇ ਰਾਗੀ ਸੱਜਣ ਬਾਣੀ ਨੂੰ ਫ਼ੋਨ ਤੋਂ ਦੇਖ ਕੇ ਕੀਰਤਨ ਕਰਦੇ ਅਤੇ ਨਾਲ਼ ਨਾਲ਼ ਲਿਖੇ ਅਰਥ ਪੜ੍ਹ ਕੇ ਵੀ ਵਧੀਆ ਕਥਾ ਵਾਚਕ ਹੋਣ ਦਾ ਵੀ ਸੁਨੇਹਾ ਦੇ ਦਿੰਦੇ ਹਨ ।

ਗੁਰਦੁਆਰੇ ਦੇ ਪ੍ਰਬੰਧਕਾਂ ਨੇ ਨਾਨਕਸ਼ਾਹੀ ਜੰਤਰੀ 2003 ਅਨੁਸਾਰ ਮਿੱਥੀ ਪੱਕੀ ਤਰੀਕ 5 ਜਨਵਰੀ ਦੀ ਥਾਂ 12 ਜਨਵਰੀ ਨੂੰ ਪ੍ਰਕਾਸ਼ ਪੁਰਬ ਮਨਾਉਣਾ ਸੀ ਜਿੱਥੇ ਭਾਈ ਨਰਿੰਦਰ ਸਿੰਘ ਜੀ ਤਕਰੀਬਨ ਇੱਕ ਹਫ਼ਤਾ ਪਹਿਲਾਂ ਪਹੁੰਚ ਗਏ । ਅਖੰਡ ਪਾਠ ਚਾਲੂ ਹੋਣ ਕਰ ਕੇ ਸ਼ਟਰ ਦੀ ਸਹਾਇਤਾ ਨਾਲ਼ ਹਾਲ ਵਿੱਚ ਪਾਰਟੀਸ਼ਨ ਕਰ ਦਿੱਤੀ ਗਈ । ਹਾਲ ਦੇ ਦੂਜੇ ਹਿੱਸੇ ਵਿੱਚ ਭਾਈ ਨਰਿੰਦਰ ਸਿੰਘ ਜੀ ਨੂੰ ਕੀਰਤਨ ਦੀ ਸੇਵਾ 10 ਅਤੇ 11 ਜਨਵਰੀ ਨੂੰ ਸੌਂਪੀ ਗਈ । ਕੀਰਤਨ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਤੋਂ ਬਿਨਾਂ ਹੀ ਹੋਇਆ । ਭਾਈ ਜੀ ਵਲੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਬਿਨਾਂ ਇੱਕ ਬਾਹਰਲੀ ਰਚਨਾ ਰੇ ਮਨ ਐਸੋ ਕਰਿ ਸੰਨਿਆਸਾ ਨੂੰ ਦਸਵੇਂ ਗੁਰੂ ਜੀ ਲਿਖਿਤ ਦੱਸਕੇ ਇਸ ਦਾ ਵੀ ਰਾਗ ਕਲਾਵਤੀ ਵਿੱਚ ਕੀਰਤਨ ਕੀਤਾ ਗਿਆ ।

12 ਜਨਵਰੀ ਨੂੰ ਭਰੇ ਦੀਵਾਨ ਵਿੱਚ ਭਾਈ ਜੀ ਨੇ ਕੀਰਤਨ ਕੀਤਾ । ਹੈਰਾਨੀ ਓਦੋਂ ਹੋਈ ਜਦੋਂ ਉਹ ਕੀਰਤਨ ਵਿੱਚ ਵਿਆਖਿਆ ਕਰਦੇ ਹੋਏ ਅਖੌਤੀ ਅਖੌਤੀ ਦਸਮ ਗ੍ਰੰਥ ਵਿੱਚੋਂ ਸਿੱਖੀ ਵਿਚਾਰਧਾਰਾ ਦੇ ਉਲ਼ਟ ਕੁੱਝ ਰਚਨਾਵਾਂ ਵੀ ਗਾ ਸੁਣਾ ਗਏ । ਇਸ ਤਰ੍ਹਾਂ ਕਰਦੇ ਉਹ ਮਾਤਾ ਗੁਜਰ ਕੌਰ ਅਤੇ ਪਿਤਾ ਗੁਰੂ ਤੇਗ਼ ਬਹਾਦੁਰ ਜੀ ਨੂੰ ਕਈ ਬਿਧੀਆਂ ਨਾਲ਼ ਜੋਗ ਸਾਧਨਾ ਕਰਦੇ ਹੋਏ ਅਤੇ ਭਾਂਤਿ ਭਾਂਤਿ ਦੇ ਹਿੰਦੂ ਤੀਰਥਾਂ ਉੱਤੇ ਇਸ਼ਨਾਨ ਕਰਦੇ ਹੋਏ ਦੱਸ ਗਏ । ਇਹ ਰਚਨਾਵਾਂ ਸਨ:

ਤਾਤਾ ਮਾਤ ਮੁਰ ਅਲਖ ਅਰਾਧਾ । ਬਹੁ ਬਿਧਿ ਜੋਗ ਸਾਧਨਾ ਸਾਧਾ । ਅਤੇ
ਮੁਰ ਪਿਤ ਪੂਰਬ ਕੀਅਸ ਪਯਾਨਾ । ਭਾਂਤ ਭਾਂਤ ਕੇ ਤੀਰਥ ਨਾਨ੍ਹਾ । ਜਬ ਹੀ ਜਾਤ ਤ੍ਰਿਬੁਣੀ ਭਏ ਪੁਨ ਦਾਨ ਦਿਨ ਕਰਤ ਬਿਤਏ । ਤਹੀ ਪ੍ਰਕਾਸ਼ ਹਮਾਰਾ ਭਇਓ । ਪਟਨਾ ਸ਼ਹਰ ਬਿਖੈ ਭਵ ਲਇਓ ।
ਇਨ੍ਹਾਂ ਤੋਂ ਬਿਨਾਂ ਅਖੌਤੀ ਦਸਮ ਗ੍ਰੰਥ ਵਿੱਚੋਂ "ਕੋਊ ਭਇਓ ਮੁੰਡੀਆ ਸੰਨਿਆਸੀ---, ਰਚਨਾ ਨੂੰ ਵੀ ਦਸਵੇਂ ਗੁਰੂ ਜੀ ਦੀ ਬਾਣੀ ਕਹਿ ਕੇ ਗਾਇਆ ਗਿਆ ।

ਮਨ ਵਿੱਚ ਉੱਠ ਰਹੇ ਪ੍ਰਸ਼ਨ:

ੳ). ਜਿੰਨੀ ਭਾਈ ਨਰਿੰਦਰ ਸਿੰਘ ਜੀ ਦੀ ਪ੍ਰਸਿੱਧੀ ਸੀ ਉਸ ਤੇ ਪ੍ਰਸ਼ਨ ਚਿੰਨ੍ਹ ਜ਼ਰੂਰ ਲੱਗ ਗਿਆ । ਰਾਗੀ ਸਿੰਘ ਵਲੋਂ ਮਾਤਾ ਗੁਜਰ ਕੌਰ ਅਤੇ ਧੰਨੁ ਗੁਰੂ ਤੇਗ਼ ਬਹਾਦੁਰ ਜੀ ਨੂੰ ਜੋਗ ਸਾਧਨਾ ਵੀ ਕਰਵਾ ਦਿੱਤੀ ਜਦੋਂ ਕਿ ਜੋਗ ਸਾਧਨਾ ਦਾ ਗੁਰਮਤਿ ਵਿੱਚ ਕੋਈ ਸਥਾਨ ਨਹੀਂ ਹੈ । ਗੁਰਬਾਣੀ ਵਿੱਚ ਜਪੁ ਜੀ ਵਿੱਚ ਹੀ ਮੁੰਦਾ ਸੰਤੋਖੁ -----॥ ਵਾਲ਼ੀ ਪਉੜੀ ਜੋਗੀਆਂ ਨੂੰ ਉਪਦੇਸ਼ ਕਰਦੀ ਸੱਭ ਕੁੱਝ ਬਿਆਨ ਕਰਦੀ ਹੈ ਕਿ ਅਸਲੀ ਜੋਗੀ ਕੌਣ ਹੈ । ਜੋਗ ਸਾਧਨਾ ਦੀ ਪੋਲ ਖੋਲ੍ਹਦਾ ਹੇਠ ਲਿਖਿਆ ਸ਼ਬਦ ਜੇ ਰਾਗੀ ਸਿੰਘ ਦੇ ਮਨ ਵਿੱਚ ਵਸ ਗਿਆ ਹੁੰਦਾ ਤਾਂ ਸ਼ਾਇਦ ਉਹ ਦਸਵੇਂ ਗੁਰੂ ਜੀ ਤੇ ਮਹਾਨ ਮਾਤਾ ਪਿਤਾ ਜੀ ਤੋਂ ਜੋਗ ਸਾਧਨਾ ਨਾ ਕਰਾਉਂਦੇ । ਦੇਖੋ ਇਹ ਸ਼ਬਦ:

ੴ ਸਤਿਗੁਰ ਪ੍ਰਸਾਦਿ॥ ਸੂਹੀ ਮਹਲਾ 1 ਘਰੁ 7॥ ਜੋਗੁ ਨ ਖਿੰਥਾ ਜੋਗੁ ਨ ਡੰਡੈ ਜੋਗੁ ਨ ਭਸਮ ਚੜਾਈਐ ॥ ਜੋਗੁ ਨ ਮੁੰਦੀ ਮੂੰਡਿ ਮੁਡਾਇਐ ਜੋਗੁ ਨ ਸਿੰਙੀ ਵਾਈਐ ॥ ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ ॥1॥ ਗਲੀ ਜੋਗੁ ਨ ਹੋਈ ॥ ਏਕ ਦ੍ਰਿਸਟਿ ਕਰਿ ਸਮਸਰਿ ਜਾਣੈ ਜੋਗੀ ਕਹੀਐ ਸੋਈ ॥1॥ ਰਹਾਉ ॥ ਜੋਗੁ ਨ ਬਾਹਰਿ ਮੜੀ ਮਸਾਣੀ ਜੋਗੁ ਨ ਤਾੜੀ ਲਾਈਐ ॥ ਜੋਗੁ ਨ ਦੇਸਿ ਅਿਖੌਤੀ ਦਸਮਤਰਿ ਭਵਿਐ ਜੋਗੁ ਨ ਤੀਰਥਿ ਨਾਈਐ ॥ ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ ॥2॥ ਸਤਿਗੁਰੁ ਭੇਟੈ ਤਾ ਸਹਸਾ ਤੂਟੈ ਧਾਵਤੁ ਵਰਜਿ ਰਹਾਈਐ॥ ਨਿਝਰੁ ਝਰੈ ਸਹਜ ਧੁਨਿ ਲਾਗੈ ਘਰ ਹੀ ਪਰਚਾ ਪਾਈਐ ॥ ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ ॥3॥ ਨਾਨਕ ਜੀਵਤਿਆ ਮਰਿ ਰਹੀਐ ਐਸਾ ਜੋਗੁ ਕਮਾਈਐ ॥ ਵਾਜੇ ਬਾਝਹੁ ਸਿੰਙੀ ਵਾਜੈ ਤਉ ਨਿਰਭਉ ਪਦੁ ਪਾਈਐ ॥ ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਤਉ ਪਾਈਐ ॥4॥1॥8॥

ਅ). ਰਾਗੀ ਸਿੰਘ ਵਲੋਂ ਨੌਵੇਂ ਗੁਰੂ ਜੀ ਨੂੰ ਹਿੰਦੂ ਮੱਤ ਦੇ ਭਾਂਤਿ ਭਾਂਤਿ ਦੇ ਤੀਰਥਾਂ ਉੱਤੇ ਇਸ਼ਨਾਨ ਵੀ ਕਰਾ ਦਿੱਤਾ ਗਿਆ । ਐਨੀ ਬਾਣੀ ਯਾਦ ਕਰ ਕੇ ਅਤੇ ਗਾ ਕੇ ਵੀ ਰਾਗੀ ਸਿੰਘ ਜੀ ਨੂੰ ਇਹ ਨਹੀਂ ਪਤਾ ਲੱਗ ਸਕਿਆ ਕਿ ਗੁਰੂ ਸਾਹਿਬ ਤਾਂ ਖ਼ੁਦ ਹੀ ਤੀਰਥ ਹੁੰਦੇ ਹਨ ਜਿਨ੍ਹਾਂ ਨੂੰ ਕਿਸੇ ਤੀਰਥ ਉੱਤੇ ਇਸ਼ਨਾਨ ਕਰਨ ਦੀ ਲੋੜ ਨਹੀਂ ਹੁੰਦੀ ।ਇਹ ਬਹੁਤ ਹੈਰਾਨੀ ਵਾਲ਼ੀ ਗੱਲ ਹੈ । ਏਥੋਂ ਕੀਰਤਨੀਏ ਸਿੰਘ ਦੀ ਗੁਰਬਾਣੀ ਦੀ ਵਿਚਾਰਧਾਰਾ ਨੂੰ ਨਾ ਸਮਝਣ ਬਾਰੇ ਜਾਣ ਕੇ ਬਹੁਤ ਹੈਰਾਨੀ ਹੁੰਦੀ ਹੈ । ਰਾਗੀ ਸਿੰਘ ਨੇ ਕਿਹਾ ਕਿ ਤ੍ਰਿਬੇਣੀ (ਪ੍ਰਯਾਗ ਅਲਾਹਾਬਾਦ) ਜਾ ਕੇ ਨੌਵੇਂ ਗੁਰੂ ਜੀ ਨੇ ਬਹੁਤ ਪੁੰਨ ਦਾਨ ਕੀਤਾ ਅਤੇ ਓਥੇ ਹੀ ਦਸਵੇਂ ਗੁਰੂ ਜੀ ਦਾ ਪ੍ਰਕਾਸ਼ ਵੀ ਹੋ ਗਿਆ । ਆਓ ਦੇਖੀਏ ਗੁਰਬਾਣੀ ਤੀਰਥ ਇਸ਼ਨਾਨ, ਜੋਗ ਸਾਧਨਾ ਅਤੇ ਦਾਨ ਪੁੰਨ ਬਾਰੇ ਕੀ ਉਪਦੇਸ਼ ਕਰਦੀ ਹੈ-

1. ਰੱਬੀ ਨਾਮ ਦੀ ਯਾਦ ਹੀ ਤੀਰਥ ਹੈ:
ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ॥ ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ॥ ਗੁਰ ਗਿਆਨੁ ਸਾਚਾ ਥਾਨੁ ਤੀਰਥੁ ਦਸ ਪੁਰਬ ਸਦਾ ਦਸਾਹਰਾ॥ ਹਉ ਨਾਮੁ ਹਰਿ ਕਾ ਸਦਾ ਜਾਚਉ ਦੇਹੁ ਪ੍ਰਭ ਧਰਣੀਧਰਾ॥ {ਗਗਸ ਪੰਨਾਂ 687}

2. ਸਤਿਗੁਰੂ ਖ਼ੁਦ ਹੀ ਤੀਰਥ ਹੈ ਜਿਸ ਨੂੰ ਕਿਸੇ ਹੋਰ ਤੀਰਥ ਉੱਤੇ ਸ਼ੁੱਧੀ ਦੀ ਲੋੜ ਨਹੀਂ:
ਤੀਰਥੁ ਪੂਰਾ ਸਤਿਗੁਰੂ ਜੋ ਅਨਦਿਨੁ ਹਰਿ ਹਰਿ ਨਾਮੁ ਧਿਆਏ॥ ਓਹੁ ਆਪਿ ਛੁਟਾ ਕੁਟੰਬ ਸਿਉ ਦੇ ਹਰਿ ਹਰਿ ਨਾਮੁ ਸਭ ਸ੍ਰਿਸਟਿ ਛਡਾਏ॥ {ਗਗਸ ਪੰਨਾਂ 140}

3. ਤੀਰਥ ਮਨ ਦੀ ਮੈਲ਼ ਨਹੀਂ ਉਤਾਰਦੇ:
ਤੀਰਥ ਨਾਇ ਨ ਉਤਰਸਿ ਮੈਲੁ॥ ਕਰਮ ਧਰਮ ਸਭਿ ਹਉਮੈ ਫੈਲੁ॥ ਲੋਕ ਪਚਾਰੈ ਗਤਿ ਨਹੀ ਹੋਇ॥ ਨਾਮ ਬਿਹੂਣੇ ਚਲਸਹਿ ਰੋਇ॥2॥ {ਗਗਸ ਪੰਨਾਂ 890}

4. ਤ੍ਰਿਬੇਣੀ ਦਾ ਇਸ਼ਨਾਨ ਕੀ ਹੈ:
ਸਾਲਾਹਿ ਸਾਚੇ ਮੰਨਿ ਸਤਿਗੁਰੁ ਪੁੰਨ ਦਾਨ ਦਇਆ ਮਤੇ॥ ਪਿਰ ਸੰਗਿ ਭਾਵੈ ਸਹਜਿ ਨਾਵੈ ਬੇਣੀ ਤ ਸੰਗਮੁ ਸਤ ਸਤੇ॥

ਜਿਸ ਤ੍ਰਿਬੇਣੀ ਵਿੱਚ ਰਾਗੀ ਵਲੋਂ ਨੌਵੇਂ ਗੁਰੂ ਜੀ ਨੂੰ ਇਸ਼ਨਾਨ ਕਰਦੇ ਕਿਹਾ ਗਿਆ ਹੇਠਾਂ ਪੜ੍ਹੋ ਉਸ ਤ੍ਰਿਬੇਣੀ ਬਾਰੇ ਬਾਣੀ ਕੀ ਆਖਦੀ ਹੈ -

ਅਰਥ: - ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਮਨੁੱਖ ਪਤੀ-ਪ੍ਰਭੂ ਦੀ ਸੰਗਤਿ ਵਿਚ ਰਹਿ ਕੇ ਉਸ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ ਆਤਮਕ ਅਡੋਲਤਾ ਵਿਚ (ਮਾਨੋ, ਆਤਮਕ) ਇਸ਼ਨਾਨ ਕਰਦਾ ਹੈ; ਇਹੀ ਉਸ ਦੇ ਵਾਸਤੇ ਸੁੱਚੇ ਤੋਂ ਸੁੱਚਾ ਤ੍ਰਿਬੇਣੀ ਸੰਗਮ (ਦਾ ਇਸ਼ਨਾਨ) ਹੈ ।

5. ਰਾਗੀ ਸਿੰਘ ਵਲੋਂ ਦਸਵੇਂ ਗੁਰੂ ਜੀ ਦੇ ਮਹਾਨ ਮਾਤਾ ਪਿਤਾ ਜੀ ਕੋਲ਼ੋਂ ਤ੍ਰਿਬੇਣੀ ਦੇ ਸ਼ਥਾਨ ਤੇ ਪੁੰਨ ਦਾਨ ਵੀ ਕਰਵਾ ਦਿੱਤਾ ਪਰ ਦੇਖੋ ਗੁਰਬਾਣੀ ਵਿੱਚ ਪੁੰਨ ਦਾਨ ਬਾਰੇ ਕੀ ਉਪਦੇਸ਼ ਕਰਦੀ ਹੈ-

ੳ). ਹਰੀ ਦੇ ਨਾਮ ਨੂੰ ਜਪਾਉਣ ਦਾ ਦਾਨ ਕਰੀਦਾ ਹੈ । ਦੇਖੋ ਇਹ ਪੰਕਤੀ-
ਹਰਿ ਕਾ ਨਾਮੁ ਧਿਆਇ ਸੁਣਿ ਸਭਨਾ ਨੋ ਕਰਿ ਦਾਨੁ॥ {ਗਗਸ ਪੰਨਾਂ 135}

ਅ). ਰੱਬ ਦੀਆਂ ਦਿੱਤੀਆਂ ਵਸਤੂਆਂ ਦੇ ਦਾਨ ਬਾਰੇ ਗੁਰਬਾਣੀ ਆਖਦੀ ਹੈ-
ਗੰਗਾ ਜਉ ਗੋਦਾਵਰਿ ਜਾਈਐ ਕੁੰਭਿ ਜਉ ਕੇਦਾਰ ਨ੍‍ਾਈਐ ਗੋਮਤੀ ਸਹਸ ਗਊ ਦਾਨੁ ਕੀਜੈ ॥ ਕੋਟਿ ਜਉ ਤੀਰਥ ਕਰੈ ਤਨੁ ਜਉ ਹਿਵਾਲੇ ਗਾਰੈ ਰਾਮ ਨਾਮ ਸਰਿ ਤਊ ਨ ਪੂਜੈ ॥2॥ ਅਸੁ ਦਾਨ ਗਜ ਦਾਨ ਸਿਹਜਾ ਨਾਰੀ ਭੂਮਿ ਦਾਨ ਐਸੋ ਦਾਨੁ ਨਿਤ ਨਿਤਹਿ ਕੀਜੈ ॥ ਆਤਮ ਜਉ ਨਿਰਮਾਇਲੁ ਕੀਜੈ ਆਪ ਬਰਾਬਰਿ ਕੰਚਨੁ ਦੀਜੈ ਰਾਮ ਨਾਮ ਸਰਿ ਤਊ ਨ ਪੂਜੈ ॥3॥ {ਗਗਸ ਪੰਨਾਂ 973}

ਅਰਥ: - (ਹੇ ਮੇਰੇ ਮਨ!) ਕੁੰਭ ਦੇ ਮੇਲੇ ਤੇ ਜੇ ਗੰਗਾ ਜਾਂ ਗੋਦਾਵਰੀ ਤੀਰਥ ਤੇ ਜਾਈਏ, ਕੇਦਾਰ ਤੀਰਥ ਤੇ ਇਸ਼ਨਾਨ ਕਰੀਏ ਜਾਂ ਗੋਮਤੀ ਨਦੀ ਦੇ ਕੰਢੇ ਹਜ਼ਾਰ ਗਊਆਂ ਦਾ ਦਾਨ ਕਰੀਏ; (ਹੇ ਮਨ!) ਜੇ ਕੋਈ ਕ੍ਰੋੜਾਂ ਵਾਰੀ ਤੀਰਥ ਜਾਤ੍ਰਾ ਕਰੇ, ਜਾਂ ਆਪਣਾ ਸਰੀਰ ਹਿਮਾਲੈ ਪਰਬਤ ਦੀ ਬਰਫ਼ ਵਿਚ ਗਾਲ ਦੇਵੇ, ਤਾਂ ਭੀ ਇਹ ਸਾਰੇ ਕੰਮ ਪ੍ਰਭੂ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ ।2। (ਹੇ ਮੇਰੇ ਮਨ!) ਜੇ ਘੋੜੇ ਦਾਨ ਕਰੀਏ, ਹਾਥੀ ਦਾਨ ਕਰੀਏ, ਸੇਜ ਦਾਨ ਕਰੀਏ, ਵਹੁਟੀ ਦਾਨ ਕਰ ਦੇਈਏ, ਆਪਣੀ ਜ਼ਿਮੀਂ ਦਾਨ ਕਰ ਦੇਈਏ; ਜੇ ਸਦਾ ਹੀ ਅਜਿਹਾ (ਕੋਈ ਨ ਕੋਈ) ਦਾਨ ਕਰਦੇ ਹੀ ਰਹੀਏ; ਜੇ ਆਪਣਾ ਆਪ ਭੀ ਭੇਟ ਕਰ ਦੇਈਏ; ਜੇ ਆਪਣੇ ਬਰਾਬਰ ਤੋਲ ਕੇ ਸੋਨਾ ਦਾਨ ਕਰੀਏ, ਤਾਂ ਭੀ (ਹੇ ਮਨ!) ਇਹ ਸਾਰੇ ਕੰਮ ਪ੍ਰਭੂ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ ।3।

ੲ). ਦਾਨ ਅਤੇ ਤ੍ਰਿਬੇਣੀ ਇਸ਼ਨਾਨ ਕੀ ਹੈ:
ਰਾਗੁ ਗੋਂਡ ਬਾਣੀ ਨਾਮਦੇਉ ਜੀ ਕੀ ਘਰੁ 1॥
ਅਸੁਮੇਧ ਜਗਨੇ॥ ਤੁਲਾ ਪੁਰਖ ਦਾਨੇ॥ ਪ੍ਰਾਗ ਇਸਨਾਨੇ ॥1॥ ਤਉ ਨ ਪੁਜਹਿ ਹਰਿ ਕੀਰਤਿ ਨਾਮਾ॥ ਅਪੁਨੇ ਰਾਮਹਿ ਭਜੁ ਰੇ ਮਨ ਆਲਸੀਆ ॥1॥ਰਹਾਉ॥ {ਗਗਸ ਪੰਨਾਂ 873}

ਅਰਥ:- ਜੇ ਕੋਈ ਮਨੁੱਖ ਅਸਮੇਧ ਜੱਗ ਕਰੇ, ਆਪਣੇ ਨਾਲ ਸਾਵਾਂ ਤੋਲ ਕੇ (ਸੋਨਾ ਚਾਂਦੀ ਆਦਿਕ) ਦਾਨ ਕਰੇ ਅਤੇ ਪ੍ਰਾਗ (ਤ੍ਰਿਬੇਣੀ) ਆਦਿਕ ਤੀਰਥਾਂ ਤੇ ਇਸ਼ਨਾਨ ਕਰੇ ।1। ਤਾਂ ਭੀ ਇਹ ਸਾਰੇ ਕੰਮ ਪ੍ਰਭੂ ਦੇ ਨਾਮ ਦੀ, ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ, ਬਰਾਬਰੀ ਨਹੀਂ ਕਰ ਸਕਦੇ । ਸੋ, ਹੇ ਮੇਰੇ ਆਲਸੀ ਮਨ! ਆਪਣੇ ਪਿਆਰੇ ਪ੍ਰਭੂ ਨੂੰ ਸਿਮਰ ।1।ਰਹਾਉ।

ਕੀ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਦਸਵੇਂ ਪਾਤਿਸ਼ਾਹ ਜੀ ਆਪਣੀ ਬਾਣੀ ਦਰਜ ਕਰਨੀ ਛੱਡ ਗਏ ਜਾਂ ਭੁੱਲ ਗਏ?

ਰਾਗੀ ਸਿੰਘ ਵਲੋਂ ਗੁਰਬਾਣੀ ਤੋਂ ਬਾਹਰ ਦੀਆਂ ਰਚਨਾਵਾਂ ਨੂੰ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਜੀ ਦੀ ਬਾਣੀ ਮੰਨ ਕੇ ਗਾਇਆ ਤੇ ਸੁਣਾਇਆ ਗਿਆ, ਪਤਾ ਨਹੀਂ ਉਨ੍ਹਾਂ ਨੇ ਇਨ੍ਹਾਂ ਰਚਨਾਵਾਂ ਨੂੰ ਦਸਵੇਂ ਗੁਰੂ ਜੀ ਦੀ ਬਾਣੀ ਮੰਨਣ ਦਾ ਕਿਹੜਾ ਪੈਮਾਨਾ ਵਰਤਿਆ । ਰਾਗੀ ਸਿੰਘ ਨੇ ਕਦੇ ਸੋਚਿਆ ਕਿ ਦਸਵੇਂ ਗੁਰੂ ਜੀ ਨੇ ਜਦੋਂ ਆਪਣੇ ਪਿਤਾ ਜੀ ਦੀ ਬਾਣੀ ਦਮਦਮੀ ਬੀੜ ਵਿੱਚ ਦਰਜ ਕਰਾਈ ਸੀ ਤਾਂ ਕੀ ਉਹ ਆਪਣੀ ਬਾਣੀ ਦਰਜ ਕਰਾਉਣ ਤੋਂ ਭੁੱਲ ਗਏ ਸਨ? ਗੁਰੂ ਤਾਂ ਭੁੱਲਣਹਾਰ ਵੀ ਨਹੀਂ ਹੈ, ਬਾਣੀ ਕਹਿੰਦੀ ਹੈ । ਫਿਰ ਰਾਗੀ ਸਿੰਘ ਨੇ ਕਿਸ ਆਧਾਰ 'ਤੇ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਦੀਆਂ ਰਚਨਾਵਾਂ ਨੂੰ ਦਸਵੇਂ ਗੁਰੂ ਜੀ ਦੀ ਲਿਖਤ ਆਪੇ ਹੀ ਮੰਨ ਲਿਆ? ਬੜੀ ਅਜੀਬ ਗੱਲ ਹੈ ।

ਨਿਮਰਤਾ ਸਹਿਤ ਬੇਨਤੀ: ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਬਾਣੀ ਹੈ । ਇਸ ਤੋਂ ਬਾਹਰ ਝਾਕ ਕੇ ਦੁਹਾਗਣੀ ਬਣਨ ਦੀ ਲੋੜ ਨਹੀਂ । ਖ਼ਸਮ ਇੱਕੋ ਹੀ ਹੁੰਦਾ ਹੈ । ਖ਼ਸਮ ਦੇ ਬਰਾਬਰ ਕੋਈ ਹੋਰ ਬੰਦਾ ਖੜਾ ਕਰ ਦੇਣ ਨਾਲ਼ ਉਹ ਬੰਦਾ ਵੀ ਉਸ ਇਸਤ੍ਰੀ ਦਾ ਖ਼ਸਮ ਨਹੀਂ ਬਣ ਜਾਂਦਾ । ਅਖੌਤੀ ਦਸਮ ਗ੍ਰੰਥ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਖ਼ਸਮ ਦੇ ਬਰਾਬਰ ਖੜਾ ਕਰ ਦਿੱਤਾ ਗਿਆ ਹੈ ਜਿਸ ਨਾਲ਼ ਸਿੱਖਾਂ ਦੇ ਦੋ ਖ਼ਸਮ ਤਾਂ ਨਹੀਂ ਹੋ ਗਏ । ਦੂਜੇ ਨਕਲੀ ਖ਼ਸਮ ਦੀਆਂ ਰਚਨਾਵਾਂ ਨੂੰ ਦਸਵੇਂ ਗੁਰੂ ਜੀ ਦੀ ਬਾਣੀ ਕਹਿ ਕੇ ਪ੍ਰਚਾਰ ਕਰਨਾ ਇਕਾ ਬਾਣੀ ਇਕੁ ਗੁਰੁ ਦੇ ਗੁਰਬਾਣੀ ਦੇ ਸਿਧਾਂਤ ਦੇ ਪ੍ਰਤੀਕੂਲ ਹੈ । ਐਡੇ ਵੱਡੇ ਰਾਗੀ ਸਿੰਘ ਤੋਂ ਇਹ ਆਸ ਨਹੀਂ ਸੀ ਕਿ ਉਹ ਅਖੌਤੀ ਦਸਮ ਗ੍ਰੰਥ ਦੀਆਂ ਰਚਨਾਵਾਂ ਨੂੰ ਵੀ ਦਸਵੇਂ ਗੁਰੂ ਜੀ ਦੀ ਬਾਣੀ ਕਹਿ ਕੇ ਗਾਉਂਦੇ ਅਤੇ ਪ੍ਰਚਾਰ ਕਰਦੇ ਜਦੋਂ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਖ਼ਜ਼ਾਨਾ ਮੁੱਕਣ ਵਾਲ਼ਾ ਨਹੀਂ ਹੈ ।

ਕੀ ਕਿਸੇ ਗੁਰੂ ਪਾਤਿਸ਼ਾਹ ਜੀ ਦੇ ਗੁਰਪੁਰਬ ਸਮੇ ਤੇ ਉਸੇ ਗੁਰੂ ਜੀ ਦੀ ਬਾਣੀ ਹੀ ਪੜ੍ਹੀ ਜਾ ਸਕਣੀ ਸੰਭਵ ਹੈ?
ਬਿਲਕੁਲ ਸੰਭਵ ਨਹੀਂ ਹੈ । ਛੇਵੇਂ, ਸੱਤਵੇਂ ਅਤੇ ਅੱਠਵੇਂ ਪਾਤਿਸ਼ਾਹਾਂ ਦੀ ਬਾਣੀ ਹੀ ਨਹੀਂ ਹੈ ਤਾਂ ਕੀ ਇਨ੍ਹਾਂ ਪਾਤਿਸ਼ਾਹਾਂ ਦੇ ਪੁਰਬ ਮਨਾਏ ਨਹੀਂ ਜਾ ਸਕਦੇ? ਜੇ ਦਸਵੇਂ ਗੁਰੂ ਜੀ ਨਾਲ਼ ਕੁੱਝ ਰਚਨਾਵਾਂ ਨੂੰ ਧੱਕੇ ਨਾਲ਼ ਜੋੜ ਕੇ ਉਨ੍ਹਾਂ ਦੇ ਪੁਰਬ ਸਮੇਂ ਪੜ੍ਹਨਾ ਜ਼ਰੂਰੀ ਹੈ ਤਾਂ ਇਸ ਤਰ੍ਹਾਂ ਦੀਆਂ ਨਕਲੀ ਰਚਨਾਵਾਂ ਛੇਵੇਂ, ਸੱਤਵੇਂ ਅਤੇ ਅੱਠਵੇਂ ਗੁਰੂ ਜੀ ਨਾਲ਼ ਵੀ ਹੌਲ਼ੀ ਹੌਲ਼ੀ ਜੁੜਨੀਆਂ ਸ਼ੁਰੂ ਹੋ ਜਾਣਗੀਆਂ ਤਾਂ ਕੌਮ ਕਿੱਧਰ ਨੂੰ ਜਾ ਰਹੀ ਹੋਵੇਗੀ, ਅੰਦਾਜ਼ਾ ਲਾਉਣਾ ਔਖਾ ਨਹੀ ਹੈ । ਸਾਰੇ ਗੁਰਪੁਰਬਾਂ ਦੇ ਮੌਕਿਆਂ ਸਮੇਂ ਬਾਣੀ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੀ ਪੜ੍ਹੀ ਗਾਈ ਅਤੇ ਸੁਣੀ ਜਾਣੀ ਬਣਦੀ ਹੈ । ਯੋਗ ਕਥਾਵਾਚਕਾਂ ਵਲੋਂ ਗੁਰਬਾਣੀ ਦੀ ਕਸਵੱਟੀ ਉੱਤੇ ਪੂਰਾ ਉੱਤਰ ਰਹੇ ਇਤਿਹਾਸ ਦੀ ਸੰਬੰਧਤ ਗੁਰਪੁਰਬ ਸਮੇ ਵੱਖਰੀ ਵਿਚਾਰ ਹੋਣੀ ਚਾਹੀਦੀ ਹੈ । ਨਕਲੀ ਰਚਨਾਵਾਂ ਨੂੰ ਦਸਵੇਂ ਗੁਰੂ ਜੀ ਦੀ ਬਾਣੀ ਦੱਸ ਕੇ ਗੁਰੂ ਪਾਤਿਸ਼ਾਹ ਜੀ ਨਾਲ਼ ਬਹੁਤ ਵੱਡੀ ਬੇਇਨਸਾਫ਼ੀ ਕੀਤੀ ਜਾ ਰਹੀ ਹੈ ਅਤੇ ਸਿੱਖੀ ਵਿਚਾਰਧਾਰਾ ਨੂੰ ਗੰਧਲ਼ਾ ਬਣਾਇਆ ਜਾ ਰਿਹਾ ਹੈ ।

ਭੁੱਲ ਚੁੱਕ ਦੀ ਖਿਮਾ ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top