Khalsa News homepage

 

 Share on Facebook

Main News Page

ਕਰਿਓ ਪਛਾਣ... ਸਾਡੇ ਵਿਹੜੇ ਕੌਣ ਆ ਗਿਆ, ਸਿੱਖ ਭਾਈਚਾਰੇ ਨੂੰ ਉਹ ਚੱਕਰਾਂ ਚ ਪਾ ਗਿਆ
-: ਪ੍ਰੋ. ਕਸ਼ਮੀਰਾ ਸਿੰਘ USA 28.12.19

ਸਾਡੇ ਵਿਹੜੇ ਕੌਣ ਆ ਗਿਆ
ਕਰਿਓ ਪਛਾਣ ਸਾਡੇ ਵਿਹੜੇ ਕੌਣ ਆ ਗਿਆ,
ਸਿੱਖ ਭਾਈਚਾਰੇ ਨੂੰ ਉਹ ਚੱਕਰਾਂ ਚ ਪਾ ਗਿਆ । ਕਰਿਓ ਪਛਾਣ-

ਸਿੱਖ ਇਤਿਹਾਸ ਨੂੰ ਉਹ ਆਪੂੰ ਭੰਨ ਤੋੜ ਕੇ,
ਸਿੱਖਾਂ ਵਾਲ਼ੇ ਗ੍ਰੰਥ ਆਖ ਵਿਹੜੇ ਚ ਫੜਾ ਗਿਆ । ਕਰਿਓ ਪਛਾਣ-
ਸਿੱਖ ਹੁਣ ਮੰਨੀ ਬੈਠੇ ਇਸ ਇਤਿਹਾਸ ਨੂੰ,
ਜਿਸ ਵਿੱਚ ਜਾਣ ਬੁੱਝ ਰਲ਼ਾ ਬੜਾ ਪਾ ਗਿਆ । ਕਰਿਓ ਪਛਾਣ-
ਗੁਰੂਆਂ ਦੇ ਨਾਲ਼ ਕਰਾਮਾਤੀ ਗੱਪਾਂ ਜੋੜ ਕੇ,
ਭੰਗ ਤੇ ਅਫ਼ੀਮ ਦੇ ਨਸ਼ੇੜੀ ਵੀ ਬਣਾ ਗਿਆ । ਕਰਿਓ ਪਛਾਣ-
ਪਾਹੁਲ ਵਾਲ਼ੀ ਘਟਨਾ ਨੂੰ ਧੋਖੇ ਨਾਲ਼ ਜੋੜ ਕੇ,
ਤੰਬੂਆਂ ਦੇ ਵਿੱਚ ਪੰਜ ਬੱਕਰੇ ਬਿਠਾ ਗਿਆ । ਕਰਿਓ ਪਛਾਣ-
ਪੰਜਵੇਂ ਗੁਰਾਂ ਨੇ ਦਰਬਾਰ ਸਾਹਿਬ ਰਚਿਆ,
ਉਸ ਨੂੰ ਵੀ ਵਿਸ਼ਣੂ ਦਾ ਮੰਦਰ ਸੁਣਾ ਗਿਆ । ਕਰਿਓ ਪਛਾਣ-
ਬੁੰਗਾ ਜੋ ਅਕਾਲ ਬਣਵਾਇਆ ਛੇਵੇਂ ਪਾਤਿਸ਼ਾਹ,
ਉਸ ਨੂੰ ਵੀ ਵਿਸ਼ਣੂ ਦਾ ਤਖ਼ਤ ਲਿਖਾ ਗਿਆ । ਕਰਿਓ ਪਛਾਣ-
ਦੇਵੀਆਂ ਦੀ ਪੂਜਾ ਵਲ ਸਿੱਖ ਕਦੇ ਜਾਂਦਾ ਨਹੀਂ,
ਦਸਵੇਂ ਗੁਰਾਂ ਨੂੰ ਦੇਵੀ-ਪੂਜ ਵੀ ਬਣਾ ਗਿਆ । ਕਰਿਓ ਪਛਾਣ-
ਦੇਵੀਆਂ ਦੀ ਪੂਜਾ ਵਾਲ਼ੇ ਗੀਤ ਆਪ ਰਚ ਕੇ,
ਨਗਰਾਂ ਦੇ ਕੀਰਤਨਾਂ ਵਿੱਚ ਉਹ ਗਵਾ ਗਿਆ । ਕਰਿਓ ਪਛਾਣ-
ਜੋਗੀਆਂ ਤਪੱਸੀਆਂ ਦਾ ਸਿੱਖੀ ਨਾਲ਼ ਮੇਲ਼ ਨਹੀਂ,
ਦਸਵੇਂ ਗੁਰਾਂ ਨੂੰ ਉਹ ਤਪੱਸੀ ਵੀ ਬਣਾ ਗਿਆ । ਕਰਿਓ ਪਛਾਣ-
ਮੰਨਦੇ ਨਾ ਗੁਰੂਆਂ ਦੇ ਪਿਛਲੇ ਜਨਮ ਨੂੰ,
ਹੇਮ ਕੁੰਟ ਰਚ ਕੇ ਇਹ ਗੱਲ ਵੀ ਮਨਾ ਗਿਆ । ਕਰਿਓ ਪਛਾਣ -
ਵਰਤਾਂ ਦੇ ਵਿੱਚ ਸਿੱਖ ਰੱਖੇ ਵਿਸ਼ਵਾਸ ਨਾ,
ਗੁਰੂ ਦੇ ਦੁਆਰੀਂ ਚੌਥ ਕਰਵਾ ਮਨਾ ਗਿਆ । ਕਰਿਓ ਪਛਾਣ-
ਦੇਂਵਦੇ ਜੋ ਹੋਕਾ ਗੁਰੂ ਗ੍ਰੰਥ ਉਪਦੇਸ਼ ਦਾ,
ਉਨ੍ਹਾਂ ਦੀਆਂ ਪੱਗਾਂ ਨੂੰ ਹੀ ਹੱਥ ਉਹ ਪਵਾ ਗਿਆ । ਕਰਿਓ ਪਛਾਣ-
ਬਾਣੀ ਦਾ ਹੀ ਸੱਚ ਹਿੱਕ ਠੋਕ ਕੇ ਜੋ ਬੋਲਦੇ,
ਉਨ੍ਹਾਂ ਦੀਆਂ ਸੰਗਤਾਂ ਚ ਰੌਲ਼ਾ ਉਹ ਪੁਆ ਗਿਆ । ਕਰਿਓ ਪਛਾਣ-
ਸ਼ਾਨ ਉੱਚੀ ਗੁਰੂਆਂ ਦੀ ਮਿੱਟੀ ਚ ਮਿਲਾਉਣ ਲਈ,
ਹਿੰਦੀ ਵਿੱਚ ਸਿੱਖ ਇਤਿਹਾਸ ਵੀ ਲਿਖਾ ਗਿਆ । ਕਰਿਓ ਪਛਾਣ-
ਲਿਖ ਕੇ ਕਿਤਾਬ ਇਹੋ ਰੁਹਬ ਨਾਲ਼ ਆਪਣੇ,
ਸ਼੍ਰੋਮਣੀ ਕਮੇਟੀ ਨੂੰ ਛਪਾਉਣ ਲਈ ਫੜਾ ਗਿਆ । ਕਰਿਓ ਪਛਾਣ-
ਸਿਰਸੇ ਤੋਂ ਜਦ ਬਲਦੇਬ ਸਿੰਘ ਬੋਲਿਆ,
ਉਸ ਦੀ ਆਵਾਜ਼ ਨੂੰ ਵੀ ਆਪ ਉਹ ਦਬਾ ਗਿਆ । ਕਰਿਓ ਪਛਾਣ-
ਗੁਰੂ ਗ੍ਰੰਥ ਵਾਲ਼ਾ ਗੁਰੂ ਬਖ਼ਸ਼ਿਆ ਨਿੱਤਨੇਮ,
ਉਹਨੂੰ ਵੀ ਨਾ ਛੱਡਿਆ ਤੇ ਰਲ਼ਾ ਵਿੱਚ ਪਾ ਗਿਆ । ਕਰਿਓ ਪਛਾਣ-
ਦਸਵੇਂ ਗੁਰਾਂ ਨੇ ਗੁਰੂ ਗ੍ਰੰਥ ਗੁਰੂ ਥਾਪਿਆ,
ਇਸ ਦਾ ਸ਼ਰੀਕ ਨਵਾਂ ਗ੍ਰੰਥ ਉਹ ਛਪਾ ਗਿਆ । ਕਰਿਓ ਪਛਾਣ-
ਵਿਹੜਿਓਂ ਸ਼ਰੀਕ ਕਦੇ ਵੀ ਨਾ ਏਹੋ ਨਿੱਕਲ਼ੇ,
ਕੁੱਝ ਰਚਨਾਵਾਂ ਨਿੱਤਨੇਮ ਚ ਪੁਆ ਗਿਆ । ਕਰਿਓ ਪਛਾਣ-
ਗੁਰੂ ਗ੍ਰੰਥ ਨਾਲ਼ ਇੱਸ ਰੱਖ ਕੇ ਸ਼ਰੀਕ ਨੂੰ,
ਤਖ਼ਤਾਂ ਦੇ ਉੱਤੇ ਪ੍ਰਕਾਸ਼ ਵੀ ਕਰਾ ਗਿਆ । ਕਰਿਓ ਪਛਾਣ-
ਗੁਰੂ ਦੇ ਸ਼ਰੀਕ ਦਾ ਜੋ ਚਹੁੰਦੇ ਪ੍ਰਕਾਸ਼ ਨਾ,
ਦੇਸੀ ਬੰਬ ਉਨ੍ਹਾਂ ਦੀਆਂ ਕਾਰਾਂ ਤੇ ਚਲਾ ਗਿਆ । ਕਰਿਓ ਪਛਾਣ-
ਸਾਡਾ ਤਾਂ ਨਿਸ਼ਾਨਾ ਇੱਕੋ ਇੱਕ ਗੁਰੂ ਗ੍ਰੰਥ ਸੀ,
ਦੂਜੇ ਗ੍ਰੰਥ ਨਾਲ਼ ਬੜੀ ਦੁਬਿਧਾ ਚ ਪਾ ਗਿਆ । ਕਰਿਓ ਪਛਾਣ-
ਪਾਉਂਦੇ ਨਾ ਜਨੇਊ ਅਸੀਂ ਗੁਣਾਂ ਨੂੰ ਹੀ ਧਾਰਦੇ,
ਨਾਨਕ ਦੇ ਗਲ਼ ਉਹ ਜਨੇਊ ਵੀ ਪੁਆ ਗਿਆ । ਕਰਿਓ ਪਛਾਣ-
ਭਾਈ ਬੁੱਢੇ ਕੋਲ਼ੋਂ ਵਰ ਲੈਣ ਦੀ ਕਹਾਣੀ ਘੜ,
ਪੇਟ ਮਾਤਾ ਗੰਗਾ ਜੀ ਦੇ ਹਵਾ ਵੀ ਭਰਾ ਗਿਆ । ਕਰਿਓ ਪਛਾਣ-
ਬੋਧੀਆਂ ਨੂੰ ਖਾਧਾ ਨਾਲ਼ੇ ਜੈਨੀਆਂ ਨੂੰ ਖਾਧਾ ਏ,
ਪਾਰਸੀ ਧਰਮ ਨੂੰ ਵੀ ਪੇਟ ਵਿੱਚ ਪਾ ਗਿਆ । ਕਰਿਓ ਪਛਾਣ-
ਅਗਲਾ ਨਿਸ਼ਾਨਾ ਉਹਨੇ ਸਾਡੇ ਉੱਤੇ ਸਾਧਿਆ,
ਚੰਗਾ ਚੋਖਾ ਹਿੱਸਾ ਉਹ ਤੇ ਸਾਡਾ ਵੀ ਹੈ ਖਾ ਗਿਆ । ਕਰਿਓ ਪਛਾਣ-
ਜਿਨ੍ਹਾਂ ਮੋਹਤਬਾਰਾਂ ਦਾ ਸੀ ਕੰਮ ਉਹਨੂੰ ਰੋਕਣਾ,
ਦਬਕੇ ਮਰਾ ਕੇ ਉਹਨਾਂ ਚੁੱਪ ਹੈ ਕਰਾ ਗਿਆ । ਕਰਿਓ ਪਛਾਣ-
ਪੜ੍ਹੇ ਲਿਖੇ ਦਾੜ੍ਹੀ ਕੇਸ਼ਾਂ ਵਾਲ਼ੇ ਸਿੱਖ ਬੰਦੇ ਕਈ,
ਬੂਟੀ ਕੋਈ ਸੁੰਘਾ ਕੇ ਪਿੱਛੇ ਆਪਣੇ ਹੈ ਲਾ ਗਿਆ । ਕਰਿਓ ਪਛਾਣ-
ਸਿੱਖਾਂ ਵਿੱਚ ਸਿੱਖ ਰੂਪ ਐਸੇ ਕਈ ਵਾੜ ਕੇ ਤੇ,
ਆਪਣੀ ਬੰਦੂਕ ਮੋਢੇ ਉਨ੍ਹਾਂ ਤੋਂ ਚਲਾ ਗਿਆ । ਕਰਿਓ ਪਛਾਣ-
ਖ਼ੂਨੀ ਜੋ ਦੀਵਾਰ ਵਿੱਚ ਸਰਹੰਦ ਖੜੀ ਸੀ,
ਓਸ ਨੂੰ ਢਹਾਇ ਓਥੇ ਥੜਾ ਬਣਵਾ ਗਿਆ । ਕਰਿਓ ਪਛਾਣ-
ਏਹੋ ਜੇਹੇ ਜਿਹੜੇ ਸਾਡੇ ਕੇਂਦਰੀ ਸਥਾਨ ਸਨ,
ਢਹਿ ਢੇਰੀ ਕਰ ਦਿੱਖ ਹੋਰ ਹੀ ਬਣਾ ਗਿਆ । ਕਰਿਓ ਪਛਾਣ-
ਸਿੱਖ ਯਾਦਗਾਰਾਂ ਦੀ ਪਛਾਣ ਉਹ ਮਿਟਾਇ ਕੇ,
ਗੁੰਬਦਾਂ ਦੇ ਵਿੱਚ ਦੇਵ ਚਿੱਤ੍ਰ ਬਣਾ ਗਿਆ । ਕਰਿਓ ਪਛਾਣ-
ਸਾਡੀ ਅਰਦਾਸਿ ਰਹਿਣ ਦਿੱਤੀ ਨਾਹੀਂ ਵੱਖਰੀ,
ਆਪਣੀ ਭਗਉਤੀ ਨੂੰ ਉਹ ਵਿੱਚੇ ਹੀ ਅੜਾ ਗਿਆ । ਕਰਿਓ ਪਛਾਣ-
ਨਾਨਕ ਸੀ ਵੱਡਾ ਪਰ ਵੱਡਾ ਰਹਿਣ ਦਿੱਤਾ ਨਾ,
ਨਾਨਕ ਤੋਂ ਵੱਡੀ ਉਹ ਭਗਉਤੀ ਨੂੰ ਬਣਾ ਗਿਆ । ਕਰਿਓ ਪਛਾਣ-
ਗੁਰੂ ਵਾਲ਼ੀ ਪਾਹੁਲ ਗੁਰੂ ਵਾਲ਼ੀ ਰਹਿਣ ਦਿੱਤੀ ਨਾ,
ਮਹਾਂਕਾਲ਼ ਆਪਣਾ ਉਹ ਵਿੱਚੇ ਹੀ ਪੜ੍ਹਾ ਗਿਆ । ਕਰਿਓ ਪਛਾਣ-
ਉਹਨੂੰ ਸੀ ਵੰਗਾਰ ਪਾਉਣ ਵਾਲ਼ੇ ਸਿੱਖ ਯੋਧੇ ਜੋ,
ਉਨ੍ਹਾਂ ਤਾਈਂ ਸਿੱਖੀ ਵਿੱਚੋਂ ਖ਼ਾਰਜ ਕਰਾ ਗਿਆ । ਕਰਿਓ ਪਛਾਣ-
ਚੱਲਿਆਂ ਨਾ ਤੀਰ ਉਹਦਾ ਗੁਰੂਆਂ ਦੇ ਸਾਮ੍ਹਣੇ,
ਦਸਵੇਂ ਗੁਰਾਂ ਦੇ ਪਿੱਛੋਂ ਹਰ ਪਾਸੇ ਛਾ ਗਿਆ । ਕਰਿਓ ਪਛਾਣ-
ਗੁਰੂ ਦਾ ਸ਼ਰੀਕ ਉਨ ਸਾਂਭ-ਸਾਂਭ ਰੱਖਿਆ,
ਗੁਰੂ ਗ੍ਰੰਥ ਵਿੱਚੋਂ ਕਈ ਪੰਨੇ ਪੜਵਾ ਗਿਆ । ਕਰਿਓ ਪਛਾਣ-
ਲਾਈ ਨਾ ਝਰੀਟ ਉਨਿ ਆਪਣੇ ਗ੍ਰੰਥ ਨੂੰ,
ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾ ਗਿਆ । ਕਰਿਓ ਪਛਾਣ-
ਤੀਰਥਾਂ ਅਠਾਹਠਾਂ ਉੱਤੇ ਸਿੱਖ ਕਦੇ ਨ੍ਹਾਉਂਦੇ ਨਾ,
ਨੌਵੇਂ ਗੁਰਾਂ ਤਾਈਂ ਕਈ ਤੀਰਥੀਂ ਨਹਾ ਗਿਆ । ਕਰਿਓ ਪਛਾਣ-
ਭਾਗ ਕੌਰ ਸਿੰਘਣੀ ਸੀ ਜੰਗ ਵਿੱਚ ਜੂਝਦੀ,
ਓਸ ਨੂੰ ਵੀ ਰਹਿਣ ਵਾਲ਼ੀ ਨਗਨ ਬਤਾ ਗਿਆ । ਕਰਿਓ ਪਛਾਣ-
ਗੁਰੂ ਜੋ ਗ੍ਰੰਥ ਸਾਡੀ ਆਨ ਸ਼ਾਨ ਸੱਭ ਦੀ,
ਜੁੱਤੀ ਵਾਲ਼ੀ ਟੋਕਰੀ ਸਕੈਨ ਪਾ ਕਰਾ ਗਿਆ । ਕਰਿਓ ਪਛਾਣ-
ਅੱਜ ਤਕ ਕਿਸੇ ਨੇ ਨਾ ਓਸ ਤਾਈਂ ਤਲਬਿਆ,
ਡਰ ਉਹਦੇ ਡੌਲ਼ਿਆਂ ਦੀ ਸ਼ਕਤੀ ਦਾ ਖਾ ਗਿਆ । ਕਰਿਓ ਪਛਾਣ-
ਆਗੂਆਂ ਦੇ ਕੰਨ ਉੱਤੇ ਜੂੰ ਨਾ ਸਰਕਦੀ,
ਜੂੰ-ਮਾਰ ਪਤਾ ਨਹੀਂ ਦਵਾਈ ਕਿੰਨੀ ਪਾ ਗਿਆ । ਕਰਿਓ ਪਛਾਣ-
ਆਪਣਾ ਹੀ ਰੰਗ ਦਿੱਲੀ ਰਾਗੀਆਂ ਤੇ ਚਾੜ੍ਹ ਕੇ,
ਆਪਣੀ ਹੀ ਉਂਗਲ਼ੀ ਤੇ ਸੱਭ ਨੂੰ ਨਚਾ ਗਿਆ । ਕਰਿਓ ਪਛਾਣ-
ਵਿਰਸਾ ਮਹਾਨ ਸਾਡਾ ਬੀੜਾਂ ਹੱਥ ਲਿਖੀਆਂ ਦਾ,
ਆਖ ਕੇ ਬਿਰਧ ਵਿੱਚ ਅੱਗ ਦੇ ਜਲ਼ਾ ਗਿਆ । ਕਰਿਓ ਪਛਾਣ-
ਸ਼ਾਨਦਾਰ ਸਿੱਖ ਇਤਿਹਾਸ ਨੂੰ ਮਿਟਾਉਣ ਲਈ,
ਛੇ ਕੁ ਹਜ਼ਾਰ ਵੀ ਕਿਤਾਬਾਂ ਉਹ ਛਪਾ ਗਿਆ । ਕਰਿਓ ਪਛਾਣ-
ਛਾਪੀਆਂ ਕਿਤਾਬਾਂ ਰਾਹੀਂ ਕੂੜ ਪਰਚਾਰ ਲਈ,
ਕਾਲਜਾਂ ਸਕੂਲਾਂ ਦੇ ਸਿਲੇਬਸਾਂ ਚ ਪਾ ਗਿਆ । ਕਰਿਓ ਪਛਾਣ-
ਗੁਰੂ ਗ੍ਰੰਥ ਵਿੱਚ ਲਿਖੇ ਮੰਗਲਾਚਰਣ ਚੋਂ,
ਇੱਕੁ ਓਅੰਕਾਰੁ ਕੱਟ ਓਮ ਹੈ ਛਪਾ ਗਿਆ । ਕਰਿਓ ਪਛਾਣ-
ਖੰਡੇ ਦੀ ਸ਼ਕਲ ਭੰਨ ਤੋੜ ਦਿੱਤੀ ਉਸ ਨੇ,
ਇਸ ਨੂੰ ਤਾਂ ਨਿਰਾ ਤ੍ਰਿਸ਼ੂਲ ਹੀ ਬਣਾ ਗਿਆ । ਕਰਿਓ ਪਛਾਣ-
ਇੱਕੁ ਓਅੰਕਾਰੁ ਵਾਲ਼ੀ ਸ਼ਕਲ ਗਵਾਚ ਗਈ,
ਕਾਰ ਵਾਲ਼ੀ ਲੀਕ ਕੱਟ ਚੋਂਝਰ ਦਿਖਾ ਗਿਆ । ਕਰਿਓ ਪਛਾਣ-
ਇੱਕੁ ਓਅੰਕਾਰੁ ਵਾਲ਼ਾ ਏਕਾ ਵੀ ਵਿਗਾੜਿਆ,
ਗਾਂ ਦੀ ਉਹ ਲੱਤ ਜੇਹੀ ਸ਼ਕਲ ਬਣਾ ਗਿਆ । ਕਰਿਓ ਪਛਾਣ-
ਪੈਂਤੀ ਬਾਣੀਕਾਰਾਂ ਦੀਆਂ ਫ਼ੋਟੋਆਂ ਬਣਾਇ ਕੇ,
ਗਾਂ ਦੇ ਉਹ ਵੱਖ-ਵੱਖ ਅੰਗਾਂ ਤੇ ਲਗਾ ਗਿਆ । ਕਰਿਓ ਪਛਾਣ-
ਗਾਂ ਵਾਲ਼ੇ ਥਣਾ ਹੇਠ ਬਾਟਾ ਇੱਕ ਰੱਖ ਕੇ,
ਗੁਰੋਂ ਪਾਇਆ ਅੰਮ੍ਰਿਤ ਦੁੱਧ ਨੂੰ ਬਣਾ ਗਿਆ । ਕਰਿਓ ਪਛਾਣ-
ਗੁਰੂ ਗ੍ਰੰਥ ਹੁੰਦਿਆਂ ਵੀ ਅਸੀਂ ਲੁੱਟੇ ਜਾ ਰਹੇ,
ਨੀਂਦ ਦੀਆਂ ਗੋਲ਼ੀਆਂ ਬਹੁਤ ਵਰਤਾ ਗਿਆ । ਕਰਿਓ ਪਛਾਣ-
ਗੋਲ਼ੀਆਂ ਨੂੰ ਪਰੇ ਨਾ ਵਗਾਹ ਕੇ ਜੇ ਮਾਰਿਆ,
ਸਮਝਿਓ ਰਹਿੰਦਾ ਖੁੰਹਦਾ ਸੱਭ ਲੁੱਟ ਖਾ ਗਿਆ । ਕਰਿਓ ਪਛਾਣ-
ਕਿਲ੍ਹਾ ਜੋ ਗਵਾਲੀਅਰ ਯਾਦਗਾਰ ਸਿੱਖਾਂ ਦੀ,
ਇਸ ਯਾਦਗਾਰ ਨੂੰ ਉਹ ਮਿੱਟੀ ਚ ਮਿਲ਼ਾ ਗਿਆ । ਕਰਿਓ ਪਛਾਣ-
ਕਿਲ੍ਹੇ ਨੇੜੇ ਗੁਰ ਅਸਥਾਨ ਜੀ ਸੋ ਬਣਿਆਂ,
ਕਾਲ਼ੀ ਦੇਵੀ ਵਾਲ਼ਾ ਉਹਨੂੰ ਮੰਦਰ ਬਣਾ ਗਿਆ । ਕਰਿਓ ਪਛਣ-
ਹੋਇਆ ਸੀ ਜਾਂ ਘੱਲੂਘਾਰਾ ਉੱਨੀ ਸੌ ਚੁਰਾਸੀ ਦਾ,
ਏਥੇ ਸੇਵਾਦਾਰਾਂ ਨੂੰ ਉਹ ਜੀਉਂਦਿਆਂ ਜਲ਼ਾ ਗਿਆ । ਕਰਿਓ ਪਛਾਣ-
ਹਰੀਦੁਆਰ ਕੋਲ਼ ਗਿਆਨ ਗੋਦੜੀ ਸਥਾਨ ਸੀ,
ਉੱਨੀ ਸੌ ਚੁਰਾਸੀ ਵਿੱਚ ਉਹਨੂੰ ਵੀ ਮਿਟਾ ਗਿਆ । ਕਰਿਓ ਪਛਾਣ -
ਮੰਗੂ ਮਠ ਸਿਖਾਂ ਨਾਲ਼ ਜੁੜਿਆ ਸਥਾਨ ਸੀ,
ਜਾ ਉਹ ਉੜੀਸਾ ਵਿੱਚ ਉਸ ਨੂੰ ਢੁਹਾ ਗਿਆ । ਕਰਿਓ ਪਛਾਣ-
ਸਿੱਕਮ ਦੇ ਵਿੱਚ ਸੀ ਸਥਾਨ ਇੱਕ ਸਿੱਖਾਂ ਦਾ,
ਡਾਂਗ ਮਾਰ ਨਾਂ ਸੀ ਤੇ ਉਹਨੂੰ ਵੀ ਮਿਟਾ ਗਿਆ । ਕਰਿਓ ਪਛਾਣ-
ਅੱਖ ਹੁਣ ਉਹਦੀ ਦਰਬਾਰ ਸਾਹਿਬ ਉੱਤੇ ਹੈ,
ਅਯੋਧਿਆ ਦਾ ਫ਼ੈਸਲਾ ਆਧਾਰ ਵੀ ਬਣਾ ਗਿਆ । ਕਰਿਓ ਪਛਾਣ-
ਨਾਨਕ ਗੁਰੂ ਨੇ ਕਹਿੰਦਾ ਮੱਥਾ ਓਥੇ ਟੇਕਿਆ ਸੀ,
ਮੰਦਰ ਦੇ ਹੱਕ ਵਿੱਚ ਏਦਾਂ ਉਹ ਲਿਖਾ ਗਿਆ । ਕਰਿਓ ਪਛਾਣ-
ਧਰਮ ਨਹੀਂ ਸਿੱਖ ਕਹਿੰਦਾ ਹਿੰਦੂਆਂ ਦਾ ਫਿਰਕਾ ਏ,
ਤਾਂ ਹੀ ਸਿਖ ਧਰਮ ਨੂੰ ਉਹ ਕਲ਼ਟ ਬਣਾ ਗਿਆ । ਕਰਿਓ ਪਛਾਣ-
ਸਿਖਾਂ ਦਾ ਕਛਿਹਰਾ ਕਹਿੰਦਾ ਹਨੂੰਮਾਨ ਦਿੱਤਾ ਏ,
ਪਾਹੁਲ ਵਾਲ਼ੀ ਦੁਰਗਾ ਦੀ ਕਰਦ ਲਿਖਾ ਗਿਆ । ਕਰਿਓ ਪਛਾਣ-
ਗੁਰੂਆਂ ਨੂੰ ਬ੍ਰਾਹਮਣਾ ਦੇ ਨਾਲ਼ ਹੀ ਰਲਾਉਣ ਲਈ,
ਹਰ ਰੋਜ਼ ਮੱਥਿਆਂ ਤੇ ਤਿਲਕ ਲਗਾ ਗਿਆ । ਕਰਿਓ ਪਛਾਣ-
ਭਾਈ ਅਰਜਨ ਨੂੰ ਲਾਹੌਰ ਸ਼ਹਿਰ ਭੇਜ ਕੇ,
ਬਿਨਾਂ ਗੁਰੂ ਬਣੇ ਬਾਣੀ ਓਸ ਤੋਂ ਲਿਖਾ ਗਿਆ । ਕਰਿਓ ਪਛਾਣ-
ਗੁਰਿਆਈ ਦੇਣ ਸਮੇਂ ਅਨਮਤਿ ਵਾਲੜੀ,
ਤਿਲਕ ਨਲੇਰ ਵਾਲ਼ੀ ਰੀਤਿ ਵੀ ਚਲਾ ਗਿਆ । ਕਰਿਓ ਪਛਾਣ-
ਭਾਈ ਗੁਰਦਾਸ ਕੋਲ਼ੋਂ ਧੰਨੁ ਗੁਰੂ ਪੰਜਵੇਂ ਦੀ,
ਡੋਲਿਆ ਭਰੋਸਾ ਜਦੋਂ ਪਰਖ ਕਰਾ ਗਿਆ । ਕਰਿਓ ਪਛਾਣ-
ਚੌਥੀ ਪਾਤਿਸ਼ਾਹੀ ਦੀਆਂ ਬਖ਼ਸ਼ਸ਼ਾਂ ਮਿਟਾਉਣ ਲਈ,
ਪਿੰਗਲੇ ਦੇ ਨ੍ਹਾਉਣ ਵਾਲ਼ੀ ਸਾਖੀ ਵੀ ਸੁਣਾ ਗਿਆ । ਕਰਿਓ ਪਛਾਣ-
ਸਰ ਸੰਤੋਖ ਦੀ ਪੁਟਾਈ ਜਦੋਂ ਹੁੰਦੀ ਸੀ,
ਮਿੱਟੀ ਹੇਠਾਂ ਮੱਟ ਵਿੱਚੋਂ ਜੋਗੀ ਵੀ ਕਢਾ ਗਿਆ । ਕਰਿਓ ਪਛਾਣ-
ਪੰਜ ਸੀ ਪਿਆਰੇ ਜਿਹੜੇ ਬੁੰਗੇ ਜੋ ਅਕਾਲ ਦੇ,
ਉਨ੍ਹਾਂ ਨੂੰ ਵੀ ਨੌਕਰੀਓਂ ਖ਼ਾਰਜ ਕਰਾ ਗਿਆ । ਕਰਿਓ ਪਛਾਣ-
ਪੰਜਾਂ ਸੇਵਾਦਾਰਾਂ ਉੱਤੇ ਹੁਕਮ ਚਲਾਇ ਕੇ,
ਘਰ ਬੈਠਾ ਸੌਦਾ ਸਾਧ ਮੁਆਫ਼ ਉਹ ਕਰਾ ਗਿਆ । ਕਰਿਓ ਪਛਾਣ-
ਸ਼੍ਰੋ. ਕਮੇਟੀ ਚ ਅਸਾਮੀ ਬਣਵਾਇ ਕੇ,
ਮੁਖੀਆ ਸਕੱਤ੍ਰ ਉਹ ਆਪਣਾ ਲਗਾ ਗਿਆ । ਕਰਿਓ ਪਛਾਣ-
ਪੌਣੇਂ ਚਾਰ ਲੱਖ ਉਹਦੀ ਮਿੱਥ ਤਨਖ਼ਾਹ ਨੂੰ,
ਗੁਰੂ ਵਾਲ਼ੀ ਗੋਲਕ ਚੋਂ ਲੁੱਟ ਵੀ ਮਚਾ ਗਿਆ । ਕਰਿਓ ਪਛਾਣ-
ਕੀਰਤਨ ਵਾਲ਼ੀ ਮੱਦ ਬਦਲੀ ਕਰਾਇ ਕੇ,
ਆਪਣੇ ਗ੍ਰੰਥ ਦਾ ਉਹ ਨਾਂ ਵੀ ਪੁਆ ਗਿਆ । ਕਰਿਓ ਪਛਾਣ-
ਦੋ ਹਜ਼ਾਰ ਤਿੰਨ ਵਾਲ਼ੀ ਬਣੀ ਸਿੱਖ ਜੰਤਰੀ ਜੋ,
ਬੁੰਗਾ ਏ ਅਕਾਲ ਤੋਂ ਉਹ ਰੱਦ ਕਰਵਾ ਗਿਆ ।
ਕਰਿਓ ਪਛਾਣ ਸਾਡੇ ਵਿਹੜੇ ਕੌਣ ਆ ਗਿਆ,
ਸਿੱਖ ਭਾਈਚਾਰੇ ਨੂੰ ਉਹ ਚੱਕਰਾਂ ਚ ਪਾ ਗਿਆ ।

ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top