Khalsa News homepage

 

 Share on Facebook

Main News Page

ਰਾਮ ਮੰਦਰ ਵਿਵਾਦ ਦੇ ਫ਼ੈਸਲੇ ਦੇ ਕੁੱਝ ਅੰਸ਼ਾਂ ਰਾਹੀਂ ਸਿੱਖੀ ਵਿਚਾਰਧਾਰਾ ਉੱਤੇ ਮਾਰੂ ਹਮਲਾ
-: ਪ੍ਰੋ. ਕਸ਼ਮੀਰਾ ਸਿੰਘ USA
24.11.19

ਧੰਨੁ ਗੁਰੂ ਨਾਨਕ ਪਾਤਿਸ਼ਾਹ ਦਾ ਸੰਨ 1469 ਈਸਵੀ ਵਿੱਚ ਪ੍ਰਗਟ ਹੋਣਾ:
ਧੰਨੁ ਗੁਰੂ ਨਾਨਕ ਪਾਤਿਸ਼ਾਹ ਵਲੋਂ ੴ ਦਾ ਸੁਨੇਹਾ ਜਗਤ ਵਿੱਚ ਪਹੁੰਚਾੳਣ ਲਈ ਲੱਗਭੱਗ 14 ਸਾਲ ਲੰਬੀਆਂ ਲੰਬੀਆਂ ਯਾਤ੍ਰਾਵਾਂ ਕੀਤੀਆਂ ਗਈਆਂ । ਇਨ੍ਹਾਂ ਯਾਤ੍ਰਾਵਾਂ ਨੂੰ ਉਦਾਸੀਆਂ ਵੀ ਕਿਹਾ ਗਿਆ ਹੈ । ਹਿੰਦੂ ਤੀਰਥਾਂ ਵਲ ਉਦਾਸੀ ਦਾ ਸਮਾਂ ਸਵਾ ਅੱਠ ਸਾਲਾਂ ਦਾ ਸੀ ਅਤੇ ਇਸ ਫੇਰੀ ਦਾ ਕੁੱਲ ਸਫ਼ਰ ਲੱਗਭੱਗ 6882 ਮੀਲਾਂ ਦਾ ਸੀ।

ਯਾਤ੍ਰਾਵਾਂ ਦਾ ਪ੍ਰਭਾਵ:
ਗੁਰੂ ਜੀ ਦੇ ਇਨ੍ਹਾਂ ਯਤਨਾ ਨਾਲ਼ ਬ੍ਰਾਹਮਣਵਾਦ ਦੇ ਜੂਲ਼ੇ ਹੇਠੋਂ ਲੋਕ ਬਾਹਰ ਨਿਕਲ਼ਣ ਲੱਗ ਪਏ ਸਨ ਅਤੇ ਰਾਜਿਆਂ ਵਲੋਂ ਜੰਤਾ ਉੱਤੇ ਕੀਤੇ ਜਾਂਦੇ ਜ਼ੁਲਮਾਂ ਵਿਰੁੱਧ ਆਵਾਜ਼ ਚੁੱਕਣ ਲੱਗ ਪਏ ਸਨ ।

ਗੁਰੂ ਜੀ ਵਲੋਂ ਗੁਰਬਾਣੀ ਦੀ ਰਚਨਾ:
ਗੁਰੂ ਜੀ ਵਲੋਂ ਗੁਰਬਾਣੀ ਦੀ ਰਚਨਾ ਕੀਤੀ ਗਈ ਜਿਸ ਵਿੱਚ ਗ਼ਰੀਬ ਜੰਤਾ ਨਾਲ਼ ਧਰਮ ਦੇ ਠੇਕੇਦਾਰਾਂ ਅਤੇ ਰਾਜਿਆਂ ਵਲੋਂ ਕੀਤੀਆਂ ਜਾ ਰਹੀਆਂ ਵਧੀਕੀਆਂ ਦਾ ਜ਼ਿਕਰ ਕੀਤਾ ਗਿਆ ਅਤੇ ਨਿੱਤ ਦੇ ਕੀਰਤਨ ਅਤੇ ਵਿਆਖਿਆ ਰਾਹੀਂ ਆਮ ਜੰਤਾ ਨੂੰ ਇਨ੍ਹਾਂ ਵਧੀਕੀਆਂ ਪ੍ਰਤੀ ਜਾਗਰੂਕ ਵੀ ਕੀਤਾ ਜਾਂਦਾ ਰਿਹਾ ।

ਬ੍ਰਾਹਮਣਵਾਦ ਗੁਰੂ ਜੀ ਦੇ ਵਿਰੋਧ ਵਿੱਚ ਡਟ ਗਿਆ:
ਬ੍ਰਾਹਮਣਵਾਦੀਆਂ ਨੇ ਗੁਰੂ ਜੀ ਵਲੋਂ ਫੈਲਾਈ ਜਾਗਰੂਕਤਾ ਕਾਰਣ ਆਈ ਇਸ ਤਬਦੀਲੀ ਨੂੰ ਆਪਣੀ ਹੇਠੀ ਸਮਝ ਲਿਆ ਅਤੇ ਗੁਰੂ ਨਾਨਕ ਪਾਤਿਸ਼ਾਹ ਦੇ ਲੁਕਾਈ ਨੂੰ ਇੱਕ ਈਸ਼ਵਰ ਨਾਲ਼ ਜੋੜਨ ਦੇ ਵਿਚਾਰਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਜੋ ਅੱਜ ਤਕ ਲਗਾਤਾਰ ਜਾਰੀ ਹੈ । ਸਿੱਖੀ ਵਿਚਾਰਧਾਰਾ ਦੇ ਇਨ੍ਹਾਂ ਵਿਰੋਧੀਆਂ ਵਲੋਂ ਸਿੱਖ ਇਤਿਹਾਸ ਨੂੰ ਵੀ ਬ੍ਰਾਹਮਣਵਾਦੀ ਰੰਗ ਵਿੱਚ ਰੰਗ ਕੇ ਲਿਖਿਆ ਗਿਆ ਜਿਸ ਨਾਲ਼ ਸਿੱਖੀ ਨੂੰ ਬਹੁਤ ਸਾਰੀ ਢਾਅ ਲੱਗ ਚੁੱਕੀ ਹੈ । ਸਿੱਖੀ ਨਾਲ਼ ਸੰਬੰਧਤ ਕੀਤੇ ਗਏ ਗ੍ਰੰਥ ਜਿਵੇਂ ਪੁਰਾਤਨ ਜਨਮ ਸਾਖੀਆਂ, ਗੁਰ ਬਿਲਾਸ ਨਾਂ ਹੇਠ ਲਿਖੇ ਪੁਰਾਤਨ ਗ੍ਰੰਥ, ਪ੍ਰਕਾਸ਼{ਪੰਥ ਪ੍ਰਕਾਸ਼, ਸੂਰਜ ਪ੍ਰਕਾਸ਼ ਆਦਿਕ}, ਦਸ਼ਮ ਗ੍ਰੰਥ ਆਦਿਕ ਬ੍ਰਾਹਮਣਵਾਦੀ ਮੱਤ ਨਾਲ਼ ਸਿੱਖੀ ਨੂੰ ਮਿਲ਼ਗੋਭਾ ਬਣਾ ਚੁੱਕੇ ਹਨ ।

ਸ਼੍ਰੋ. ਕਮੇਟੀ ਵੀ ਬ੍ਰਾਹਮਣਵਾਦੀ ਸ਼ਿਕੰਜੇ ਵਿੱਚ:
ਸ਼੍ਰੋ. ਕਮੇਟੀ ਵੀ ਬ੍ਰਾਹਮਣਵਾਦੀ ਚਾਲ ਤੋਂ ਨਹੀਂ ਬਚ ਸਕੀ ਅਤੇ ਇਸ ਨੇ ਵੀ ਸੰਨ 1999 ਈਸਵੀ ਵਿੱਚ {ਬੀਬ ਜਗੀਰ ਕੌਰ ਦੀ ਪ੍ਰਧਾਨਗੀ ਹੇਠ} ਆਪਣੀ ਮੁਹਰ ਹੇਠ ਸਿੱਖੋਂ ਕਾ ਇਤਿਹਾਸ ਨਾਮੀ ਹਿੰਦੀ ਵਿੱਚ ਇੱਕ ਕਿਤਾਬ ਛਾਪ ਕੇ ਗੁਰੂ ਪਾਤਿਸ਼ਾਹਾਂ ਪ੍ਰਤੀ ਬ੍ਰਾਹਮਣਵਾਦ ਵਲੋਂ ਕੱਢੀ ਭੜਾਸ ਨੂੰ ਮੁੜ ਤਾਜ਼ਾ ਕਰ ਦਿੱਤਾ ਹੈ । ਇਸ ਕਿਤਾਬ ਉੱਤੇ ਕਿਸੇ ਲਿਖਾਰੀ ਦਾ ਨਾਂ ਵੀ ਨਹੀਂ ਹੈ ਜਿਸ ਤੋਂ ਸਪੱਸ਼ਟ ਹੈ ਕਿ ਇਹ ਕਿਤਾਬ ਬ੍ਰਾਹਮਣਵਾਦੀ ਅਸਰ ਰਸੂਖ਼ ਹੇਠ ਹੀ ਸ਼੍ਰੋ. ਕਮੇਟੀ ਵਲੋਂ ਛਾਪੀ ਗਈ ਸੀ ।

ਸਿੱਖੀ ਵਿਚਾਰਧਾਰਾ ਦਾ ਸੋਮਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ:
ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ {ਰਾਗ ਮਾਲ਼ਾ ਤੋਂ ਬਿਨਾਂ} 35 ਬਾਣੀਕਾਰਾਂ ਦੀ ਰਚਨਾ ਸ਼ਾਮਲ ਕੀਤੀ ਗਈ ਗਈ ਹੈ । ਭਾਈ ਮਰਦਾਨੇ ਦੀ ਲਿਖੀ ਕੋਈ ਰਚਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਹੈ, ਭਾਵੇਂ, ਕਈ ਸੱਜਣ ਅਗਿਆਨਤਾ ਕਾਰਣ ਹੀ ਅਜਿਹਾ ਆਖ ਰਹੇ ਹਨ ਅਤੇ ਕਈ ਸਕੂਲਾਂ ਵਿੱਚ ਵੀ ਇਸੇ ਅਗਿਆਨਤਾ ਅਧੀਨ ਹੀ ਕੰਧਾਂ ਉੱਤੇ ਲਿਖ ਕੇ ਭਾਈ ਮਰਦਾਨੇ ਨੂੰ ਵੀ ਬਾਣੀਕਾਰਾਂ ਵਿੱਚ ਸ਼ਾਮਲ ਦਿਖਾਇਆ ਗਿਆ ਹੈ । ਸਿੱਖੀ ਨਾਲ਼ ਸੰਬੰਧਤ ਕੋਈ ਵੀ ਫ਼ੈਸਲਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਪਰੇ ਸੁੱਟ ਕੇ ਨਹੀਂ ਕੀਤਾ ਜਾ ਸਕਦਾ, ਜੇ ਕੋਈ ਅਜਿਹੀ ਹਰਕਤ ਕਰਦਾ ਵੀ ਹੈ ਤਾਂ ਉਹ ਸਿੱਖੀ ਵਿਚਾਰਧਾਰਾ ਨੂੰ ਸੱਟ ਮਾਰਨ ਲਈ ਜਾਣ ਬੁੱਝ ਕੇ ਹੀ ਕਰਦਾ ਹੈ । ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਪਏ ਕਹੇ ਜਾਂਦੇ ਸਿੱਖੀ ਦੇ ਸ੍ਰੋਤ ਨਿਕੰਮੇ ਹਨ ਜੇ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦੇ ਵਿਰੋਧ ਵਿੱਚ ਗੱਲ ਕਰਦੇ ਹਨ ।

ਸਿੱਖੀ ਵਿੱਚ ਅਵਤਾਰ ਪੂਜਾ ਦੀ ਮਨਾਹੀ ਹੈ:
ਗੁਰੂ ਨਾਨਕ ਜੋਤਿ ਨੇ ਗੁਰਬਾਣੀ ਰਾਹੀਂ ਦੱਸਿਆ ਹੈ ਕਿ ਰੱਬ ਤੋਂ ਕੋਈ ਅਵਤਾਰ ਵੱਡਾ ਨਹੀਂ ਜਿਸ ਲਈ ਅਵਤਾਰ ਵੀ ਰੱਬ ਦਾ ਅੰਤ ਨਹੀਂ ਪਾ ਸਕਦੇ । ਪ੍ਰਮਾਣ ਦੇਖੋ-

ਰਾਮਕਲੀ ਮਹਲਾ 5॥ ਮਹਿਮਾ ਨ ਜਾਨਹਿ ਬੇਦ ॥ ਬ੍ਰਹਮੇ ਨਹੀ ਜਾਨਹਿ ਭੇਦ ॥ ਅਵਤਾਰ ਨ ਜਾਨਹਿ ਅੰਤੁ ॥ ਪਰਮੇਸਰੁ ਪਾਰਬ੍ਰਹਮ ਬੇਅੰਤੁ ॥1॥
ਅਪਨੀ ਗਤਿ ਆਪਿ ਜਾਨੈ ॥ ਸੁਣਿ ਸੁਣਿ ਅਵਰ ਵਖਾਨੈ ॥1॥ ਰਹਾਉ ॥ ਸੰਕਰਾ ਨਹੀ ਜਾਨਹਿ ਭੇਵ ॥ ਖੋਜਤ ਹਾਰੇ ਦੇਵ ॥ ਦੇਵੀਆ ਨਹੀ ਜਾਨੈ ਮਰਮ ॥ ਸਭ ਊਪਰਿ ਅਲਖ ਪਾਰਬ੍ਰਹਮ ॥2॥ {ਗਗਸ ਪੰਨਾਂ 894}

ਅਰਥ:
(ਹੇ ਭਾਈ!) ਪਰਮਾਤਮਾ ਕਿਹੋ ਜਿਹਾ ਹੈ-ਇਹ ਗੱਲ ਉਹ ਆਪ ਹੀ ਜਾਣਦਾ ਹੈ । (ਜੀਵ) ਹੋਰਨਾਂ ਪਾਸੋਂ ਸੁਣ ਸੁਣ ਕੇ ਹੀ (ਪਰਮਾਤਮਾ ਬਾਰੇ) ਜ਼ਿਕਰ ਕਰਦਾ ਰਹਿੰਦਾ ਹੈ ।1।ਰਹਾਉ। (ਹੇ ਭਾਈ! ਪ੍ਰਭੂ ਕੇਡਾ ਵੱਡਾ ਹੈ-ਇਹ ਗੱਲ (ਚਾਰੇ) ਵੇਦ (ਭੀ) ਨਹੀਂ ਜਾਣਦੇ । ਅਨੇਕਾਂ ਬ੍ਰਹਮਾ ਭੀ (ਉਸ ਦੇ) ਦਿਲ ਦੀ ਗੱਲ ਨਹੀਂ ਜਾਣਦੇ । ਸਾਰੇ ਅਵਤਾਰ ਭੀ ਉਸ (ਪਰਮਾਤਮਾ ਦੇ ਗੁਣਾਂ) ਦਾ ਅੰਤ ਨਹੀਂ ਜਾਣਦੇ । ਹੇ ਭਾਈ! ਪਾਰਬ੍ਰਹਮ ਪਰਮੇਸਰ ਬੇਅੰਤ ਹੈ ।1। (ਹੇ ਭਾਈ!) ਅਨੇਕਾਂ ਸ਼ਿਵ ਜੀ ਪਰਮਾਤਮਾ ਦੇ ਦਿਲ ਦੀ ਗੱਲ ਨਹੀਂ ਜਾਣਦੇ, ਅਨੇਕਾਂ ਦੇਵਤੇ ਉਸ ਦੀ ਖੋਜ ਕਰਦੇ ਕਰਦੇ ਥੱਕ ਗਏ । ਦੇਵੀਆਂ ਵਿਚੋਂ ਭੀ ਕੋਈ ਉਸ ਪ੍ਰਭੂ ਦਾ ਭੇਦ ਨਹੀਂ ਜਾਣਦੀ । ਹੇ ਭਾਈ! ਪਰਮਾਤਮਾ ਸਭਨਾਂ ਤੋਂ ਵੱਡਾ ਹੈ, ਉਸ ਦੇ ਸਹੀ ਸਰੂਪ ਦਾ ਬਿਆਨ ਨਹੀਂ ਕੀਤਾ ਜਾ ਸਕਦਾ ।2।

ਵਿਚਾਰ:
ਉਪਰੋਕਤ ਪ੍ਰਮਾਣ ਅਤੇ ਇਸ ਦੇ ਅਰਥਾਂ ਤੋਂ ਇਹ ਗੱਲ ਸਪੱਸ਼ਟ ਹੈ ਕਿ ੴ ਦਾ ਸੰਦੇਸ਼ ਦੇਣ ਅਤੇ ਪ੍ਰਚਾਰ ਕਰਨ ਵਾਲ਼ੇ ਗੁਰੂ ਪਾਤਿਸ਼ਾਹ ਕੇਵਲ ਇੱਕ ਰੱਬ ਦੇ ਹੀ ਪੁਜਾਰੀ ਸਨ । ਉਨ੍ਹਾਂ ਨੇ ਕਿਸੇ ਅਵਤਾਰ {ਸ਼੍ਰੀ ਰਾਮ ਚੰਦ੍ਰ, ਸ਼੍ਰੀ ਕ੍ਰਿਸ਼ਣ ਆਦਿਕ} , ਦੇਵਤੇ {ਬ੍ਰਹਮਾ, ਵਿਸ਼ਣੂ, ਸ਼ਿਵ ਆਦਿਕ} ਅਤੇ ਦੇਵੀ {ਭਗਉਤੀ, ਭਗਵਤੀ, ਦੁਰਗਾ, ਸ਼ਿਵਾ, ਭਵਾਨੀ, ਚੰਡੀ, ਕਾਲਿਕਾ, ਕਾਲ਼ੀ ਆਦਿਕ} ਨਾਲ਼ ਸੰਬੰਧਤ ਬਣਾਏ ਕਿਸੇ ਅਸਥਾਨ ਦੇ ਦਰਸ਼ਨਾ ਦੀ ਕੋਈ ਇੱਛਾ ਕਦੇ ਨਹੀਂ ਰੱਖੀ ਸੀ ਅਤੇ ਨਾ ਹੀ ਰੱਖ ਸਕਦੇ ਸਨ ਕਿਉਂਕਿ ਉਹ ਆਪਣੀ ਹੀ ਉਚਾਰੀ ਹੋਈ ਬਾਣੀ ਦੇ ਉਪਦੇਸ਼ ਦੇ ਵਿਰੁੱਧ ਨਹੀਂ ਜਾ ਸਕਦੇ ਸਨ । ਗੁਰੂ ਨਾਨਕ ਸਾਹਿਬ ਦੇ ਸਿੱਖ ਵੀ ਕਦੇ ਕਿਸੇ ਅਵਤਾਰ, ਦੇਵਤੇ ਜਾਂ ਦੇਵੀ ਦੀ ਪੂਜਾ ਨਹੀਂ ਕਰ ਸਕਦੇ ਅਤੇ ਨਾ ਹੀ ਇਨ੍ਹਾਂ ਦੇ ਮੰਦਰਾਂ ਵਿੱਚ ਜਾ ਕੇ ਇਨ੍ਹਾਂ ਦੀਆਂ ਬਣਾਈਆਂ ਮੂਰਤੀਆਂ ਨੂੰ ਨਮਸਕਾਰ ਕਰ ਸਕਦੇ ਹਨ । ਸਿੱਖ ਉਹ ਹੀ ਹੁੰਦੇ ਹਨ ਜੋ ਆਪਣੇ ਗੁਰੂ ਦਾ ਦਿੱਤਾ ਉਪਦੇਸ਼ ਕਮਾਉਂਦੇ ਹਨ ।

ਗੁਰਬਾਣੀ ਵਿੱਚ ਸਿੱਖਾਂ ਨੂੰ ਮੂਰਤੀ ਪੂਜਾ ਬਾਰੇ ਮਨਾਹੀ:
ਮਹਲਾ 5 ॥ ਜੋ ਪਾਥਰ ਕਉ ਕਹਤੇ ਦੇਵ ॥ ਤਾ ਕੀ ਬਿਰਥਾ ਹੋਵੈ ਸੇਵ ॥ ਜੋ ਪਾਥਰ ਕੀ ਪਾਂਈ ਪਾਇ ॥ ਤਿਸ ਕੀ ਘਾਲ ਅਜਾਂਈ ਜਾਇ ॥1॥ ਠਾਕੁਰੁ ਹਮਰਾ ਸਦ ਬੋਲੰਤਾ ॥ ਸਰਬ ਜੀਆ ਕਉ ਪ੍ਰਭੁ ਦਾਨੁ ਦੇਤਾ ॥1॥ ਰਹਾਉ ॥ ਅੰਤਰਿ ਦੇਉ ਨ ਜਾਨੈ ਅੰਧੁ ॥ ਭ੍ਰਮ ਕਾ ਮੋਹਿਆ ਪਾਵੈ ਫੰਧੁ ॥ ਨ ਪਾਥਰੁ ਬੋਲੈ ਨਾ ਕਿਛੁ ਦੇਇ ॥ ਫੋਕਟ ਕਰਮ ਨਿਹਫਲ ਹੈ ਸੇਵ ॥2॥ {ਗਗਸ ਪੰਨਾਂ 1160}

ਅਰਥ:
ਸਾਡਾ ਠਾਕੁਰ ਸਦਾ ਬੋਲਦਾ ਹੈ, ਉਹ ਪ੍ਰਭੂ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ ।1।ਰਹਾਉ। ਜੋ ਮਨੁੱਖ ਪੱਥਰ (ਦੀ ਮੂਰਤੀ) ਨੂੰ ਰੱਬ ਆਖਦੇ ਹਨ, ਉਹਨਾਂ ਦੀ ਕੀਤੀ ਸੇਵਾ ਵਿਅਰਥ ਜਾਂਦੀ ਹੈ । ਜੋ ਮਨੁੱਖ ਪੱਥਰ (ਦੀ ਮੂਰਤੀ) ਦੇ ਪੈਰੀਂ ਪੈਂਦੇ ਹਨ, ਉਹਨਾਂ ਦੀ ਮਿਹਨਤ ਅਜਾਈਂ ਚਲੀ ਜਾਂਦੀ ਹੈ ।1। ਅੰਨ੍ਹਾ ਮੂਰਖ ਆਪਣੇ ਅੰਦਰ-ਵੱਸਦੇ ਰੱਬ ਨੂੰ ਨਹੀਂ ਪਛਾਣਦਾ, ਭਰਮ ਦਾ ਮਾਰਿਆ ਹੋਇਆ ਹੋਰ ਹੋਰ ਜਾਲ ਵਿਛਾਉਂਦਾ ਹੈ । ਇਹ ਪੱਥਰ ਨਾਹ ਬੋਲਦਾ ਹੈ, ਨਾਹ ਕੁਝ ਦੇ ਸਕਦਾ ਹੈ, (ਇਸ ਨੂੰ ਇਸ਼ਨਾਨ ਕਰਾਣ ਤੇ ਭੋਗ ਆਦਿਕ ਲਵਾਣ ਦੇ) ਸਾਰੇ ਕੰਮ ਵਿਅਰਥ ਹਨ, (ਇਸ ਦੀ ਸੇਵਾ ਵਿਚੋਂ ਕੋਈ ਫਲ ਨਹੀਂ ਮਿਲਦਾ ।2।

ਵਿਚਾਰ:
ਗੁਰੂ ਪਾਤਿਸ਼ਾਹ ਵਲੋਂ ਦਿੱਤੇ ਉਪਰੋਕਤ ਉਪਦੇਸ਼ ਤੋਂ ਸਪੱਸ਼ਟ ਹੈ ਕਿ ਗੁਰੂ ਜੀ ਕਿਸੇ ਮੰਦਰ ਵਿੱਚ ਜਾ ਕੇ ਕਿਸੇ ਮੂਰਤੀ ਨੂੰ ਨਮਸਕਾਰ ਨਹੀਂ ਕਰ ਸਕਦੇ । ਗੁਰੂ ਦੇ ਸਿੱਖ ਵੀ ਅਜਿਹਾ ਨਹੀਂ ਕਰ ਸਕਦੇ ਕਿਉਂਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਹੀ ਸਿੱਖੀ ਦੀ ਜੜ੍ਹ ਹੈ । ਉਪਰੋਕਤ ਵਿਚਾਰ ਸਿੱਖਾਂ ਨੂੰ ਕਿਸੇ ਹੋਰ ਬੁੱਤਪ੍ਰਸਤ ਮਜ਼੍ਹਬ ਨਾਲੋਂ ਬਿਲਕੁਲ ਅਲੱਗ ਕਰਦੇ ਹਨ ਅਤੇ ਵੱਖਰੀ ਕੌਮ ਦਾ ਦਰਜਾ ਦਿੰਦੇ ਹਨ ।

ਗੁਰੂ ਨਾਨਕ ਸਾਹਿਬ ਹਿੰਦੂ ਤੀਰਥਾਂ ਵਲ ਕਿਉਂ ਗਏ?
ਗੁਰਬਾਣੀ ਦੇ ਉਪਦੇਸ਼ਾਂ ਰਾਹੀਂ ਦੇਖ ਲਿਆ ਹੈ ਕਿ ਗੁਰੂ ਅਤੇ ਸਿੱਖ ਅਵਤਾਰਾਂ, ਦੇਵਤਿਆਂ ਅਤੇ ਦੇਵੀਆਂ ਦੀਆ ਮੂਰਤੀਆਂ ਦੇ ਦਰਸ਼ਨਾਂ ਨੂੰ ਕਦੇ ਨਹੀਂ ਲੋਚਦੇ ਕਿਉਂਕਿ ਉਹ ਇੱਕੋ ਰੱਬ ਨੂੰ ਹੀ ਮੰਨਦੇ ਹਨ । ਗੁਰੂ ਨਾਨਕ ਸਾਹਿਬ ਵਲੋਂ ਹਿੰਦੂ ਤੀਰਥਾਂ ਦਾ ਭ੍ਰਮਣ ਚੜ੍ਹਿਆ ਸੋਧਣ ਧਰਤਿ ਲੁਕਾਈ ਦੇ ਆਸ਼ੇ ਨਾਲ਼ ਕੀਤਾ ਗਿਆ ਸੀ । ਉਨ੍ਹਾਂ ਨੇ ਹੈ ਹੈ ਕਰਦੀ ਸੁਣੀ ਲੁਕਾਈ ਦਾ ਅਨੁਭਵ ਕੀਤਾ ਸੀ । ਉਨ੍ਹਾਂ ਨੇ ਥਾਂ-ਥਾਂ ਰੱਬ ਦੇ ਨਾਂ ਤੇ ਹੋ ਰਹੇ ਪਖੰਡਾ ਨਾਲ਼ ਲੁੱਟੀ ਜਾ ਰਹੀ ਗ਼ਰੀਬ ਜੰਤਾ ਨੂੰ ਜਾਗਰੂਕ ਕਰਨ ਲਈ ਹੀ ਘਰ-ਬਾਰ ਦੇ ਸੁੱਖਾਂ ਨੂੰ ਪਰੇ ਸੁੱਟ ਕੇ ਜਗਤ ਦੇ ਭ੍ਰਮਣ ਦਾ ਰਾਹ ਚੁਣਿਆਂ ਸੀ । ਛੋਡੀਲੇ ਪਾਖੰਡਾ॥ਨਾਮਿ ਲਇਐ ਜਾਹਿ ਤਰੰਦਾ॥ {ਗਗਸ ਪੰਨਾਂ 471} ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਉਪਦੇਸ਼ ਸੀ । ਗੁਰੂ ਨਾਨਕ ਸਾਹਿਬ ਕਿਸੇ ਤੀਰਥ ਅਸਥਾਨ ਉੱਤੇ ਕਿਸੇ ਮੂਰਤੀ ਨੂੰ ਮੱਥਾ ਟੇਕਣ ਨਹੀਂ ਗਏ ਸਨ ਕਿਉਂਕਿ ਉਹ ਮੂਰਤੀ ਪੂਜਾ ਦੇ ਵਿਰੁੱਧ ਸਨ ।

ਗੁਰੂ ਨਾਨਕ ਸਾਹਿਬ ਕੇਵਲ ਅਯੁੱਧਿਆ ਹੀ ਨਹੀਂ ਗਏ:

ੳ). ਪਹਿਲੀ ਉਦਾਸੀ ਸਮੇਂ ਅਯੁੱਧਿਆ ਤੋਂ ਬਿਨਾਂ ਗੁਰੂ ਨਾਨਕ ਸਾਹਿਬ ਹੋਰ ਬਹੁਤ ਸਾਰੇ ਹਿੰਦੂ ਤੀਰਥ ਅਸਥਾਨਾਂ ਉੱਤੇ ਰੱਬੀ ਭਗਤੀ ਦਾ ਉਪਦੇਸ਼ ਦੇਣ ਗਏ ਸਨ । ਗੁਰੂ ਨਾਨਕ ਸਾਹਿਬ ਵਲੋਂ ਹਿੰਦੂ ਮੱਤ ਦੇ ਤੀਰਥਾਂ ਵਲ ਵਿਸ਼ੇਸ਼ ਪੁਰਬਾਂ ਉੱਤੇ ਜਾਣ ਦਾ ਮਕਸਦ ਮੰਦਰਾਂ ਵਿੱਚ ਮੱਥਾ ਟੇਕਣਾ ਅਤੇ ਮੂਰਤੀ ਪੂਜਾ ਕਰਨਾ ਨਹੀਂ ਸੀ । ਜਿਸ ਗੁਰੂ ਨਾਨਕ ਸਾਹਿਬ ਨੇ ਗੁਰਬਾਣੀ ਵਿੱਚ ਅਵਤਾਰ ਪੂਜਾ, ਮੂਰਤੀ ਪੂਜਾ, ਤੀਰਥ ਇਸ਼ਨਾਨ ਆਦਿਕ ਕਰਮਾਂ ਦਾ ਖੰਡਨ ਕੀਤਾ ਹੋਵੇ ਉਨ੍ਹਾਂ ਬਾਰੇ ਆਖਣਾ ਕਿ ਉਹ ਸ਼੍ਰੀ ਰਾਮ ਚੰਦ੍ਰ ਦੀ ਮੂਰਤੀ ਦੀ ਪੂਜਾ ਕਰਨ ਲਈ ਅਯੁੱਧਿਆ ਗਏ ਸਨ ਤਾਂ ਇਹ ਸਿੱਖੀ ਨਾਲ਼ ਕੋਝਾ ਮਜ਼ਾਕ ਹੈ ਜੋ ਇਸ ਝੂਠ ਨੂੰ ਠੀਕ ਸਿੱਧ ਕਰਨ ਲਈ ਕੀਤਾ ਗਿਆ ਹੈ ਕਿ ਗੁਰੂ ਨਾਨਕ ਸਾਹਿਬ ਸ਼੍ਰੀ ਰਾਮ ਚੰਦ੍ਰ ਦੇ ਭਗਤ ਸਨ । ਸਿੱਖੀ ਵਿਚਾਰਧਾਰਾ ਉੱਤੇ ਇਹ ਇੱਕ ਮਾਰੂ ਹਮਲਾ ਹੈ ਜੋ ਮਾਨਯੋਗ ਸੁਪਰੀਮ ਕੋਰਟ ਵਲੋਂ ਰਾਮ ਮੰਦਰ ਵਿਵਾਦ ਦਾ ਫ਼ੈਸਲਾ ਸੁਣਾਉਂਦਿਆਂ ਕੀਤਾ ਗਿਆ ਹੈ ਅਤੇ ਇਸ ਫ਼ੈਸਲੇ ਵਿੱਚ ਸਿੱਖੀ ਵਿਰੁੱਧ ਕੀਤੀਆਂ ਟਿੱਪਣੀਆਂ ਨੂੰ ਸੋਧੇ ਜਾਣ ਦੀ ਲੋੜ ਹੈ ।

ਅ). ਸਿੱਧਾਂ, ਨਾਥਾਂ ਅਤੇ ਜੋਗੀਆਂ ਦੇ ਡੇਰਿਆਂ ਵਲ ਜਾਣ ਦਾ ਗੁਰੂ ਨਾਨਕ ਸਾਹਿਬ ਦਾ ਮਕਸਦ ਸਿੱਧ ਬਣਨਾ ਜਾਂ ਸਿੱਧਾਂ ਦੀ ਪੂਜਾ ਕਰਨਾ ਨਹੀਂ ਸੀ ਸਗੋਂ ਉਨ੍ਹਾਂ ਨੂੰ ਗ੍ਰਿਹਸਤੀ ਜੀਵਨ ਦਾ ਮਹੱਤਵ ਦੱਸਣਾ ਅਤੇ ਉਨ੍ਹਾਂ ਵਲੋਂ ਆਮ ਲੋਕਾਂ ਨੂੰ ਕਰਾਮਾਤੀ ਸ਼ਕਤੀਆਂ ਦਿਖਾ ਕੇ ਆਪਣੀ ਪੂਜਾ ਕਰਾਉਂਣ ਅਤੇ ਡਰਾਉਂਣ ਤੋਂ ਵਰਜਣ ਲਈ ਸੰਵਾਦ ਰਚਾਉਣਾ ਸੀ । ਸਿੱਧਾਂ ਵਲੋਂ ਪ੍ਰਸ਼ਨ ਦੇ ਉੱਤਰ ਵਿੱਚ ਗੁਰੂ ਜੀ ਨੇ ਕਿਹਾ ਸੀ- ਭਾਈ ਗੁਰਦਾਸ ਦੇ ਸ਼ਬਦਾਂ ਵਿੱਚ: ਸਿਧ ਛਪ ਬੈਠੇ ਪਰਬਤੀ ਕਉਣ ਜਗਤ ਕਉ ਪਾਰਿ ਉਤਾਰਾ॥ ਇੱਕ ਹੋਰ ਪ੍ਰਸ਼ਨ ਦੇ ਉੱਤਰ ਵਿੱਚ ਭਾਈ ਗੁਰਦਾਸ ਦੇ ਸ਼ਬਦਾਂ ਵਿੱਚ ਗੁਰੂ ਜੀ ਨੇ ਕਿਹਾ ਕਿ ਉਹ ਕਰਾਮਾਤਾਂ ਦਿਖਾਉਣ ਦੇ ਪੱਖ ਵਿੱਚ ਨਹੀਂ ਹਨ-

ਸਿਧ ਬੋਲੇ ਸੁਨ ਨਾਨਕਾ ਤੁਹਿ ਜਗ ਨੂੰ ਕਰਾਮਾਤ ਦਿਖਲਾਈ॥ ਕੁਝ ਦਿਖਾਈਂ ਅਸਾਨੂੰ ਭੀ ਤੂੰ ਕਿਉਂ ਢਿਲ ਅਜੇਹੀ ਲਾਈ॥
ਬਾਬਾ ਬੋਲੇ ਨਾਥ ਜੀ ਅਸਾਂ ਵੇਖੇ ਜੋਗੀ ਵਸਤੁ ਨ ਕਾਈ॥ ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ॥-
--{42}

ੲ). ਇਸਲਾਮ ਦੇ ਧਾਰਮਿਕ ਅਸਥਾਨਾਂ ਵਲ ਜਾਣ ਦਾ ਗੁਰੂ ਜੀ ਦਾ ਮਕਸਦ ਓਥੇ ਜਾ ਕੇ ਹਜ਼ਰਤ ਮੁਹੰਮਦ ਦੇ ਚੇਲੇ ਬਣਨਾ ਨਹੀਂ ਸੀ ਸਗੋਂ ਪੰਜ ਨਮਾਜ਼ਾਂ ਦੇ ਗੁੱਝੇ ਅਰਥ ਸਮਝਾਉਣਾਂ ਅਤੇ ਇਹ ਦੱਸਣਾ ਸੀ ਕਿ ਰੱਬ ਹਰ ਥਾਂ ਅਤੇ ਹਰ ਦਿਸ਼ਾ ਵਿਚ ਮੌਜੂਦ ਹੈ ਜਿਸ ਦਾ ਟਿਕਾਣਾ ਕਿਸੇ ਖ਼ਾਸ ਥਾਂ ਨੂੰ ਨਹੀਂ ਮੰਨਿਆਂ ਜਾ ਸਕਦਾ । ਗੁਰੂ ਜੀ ਦਾ ਮਕਸਦ ਸੀ- ਪਿਆਰ ਸਹਿਤ ਸੰਵਾਦ ਰਚਾ ਕੇ ਸਮਾਜ ਵਿੱਚ ਪ੍ਰਵੇਸ਼ ਕੀਤੀਆਂ ਕੁਰੀਤੀਆਂ ਤੋਂ ਆਗੂਆਂ ਅਤੇ ਆਮ ਲੋਕਾਂ ਨੂੰ ਜਾਗਰੂਕ ਕਰ ਕੇ ਇੱਕ ਰੱਬ ਦੀ ਬੰਦਗੀ ਵਿੱਚ ਜੋੜਨਾ । ਸ਼ੁੱਭ ਅਮਲ ਕਰਨ ਦਾ ਸੰਦੇਸ਼ ਦਿੰਦਿਆਂ, ਹਾਜੀਆਂ ਵਲੋਂ ਕੀਤੇ ਪ੍ਰਸ਼ਨ ਦਾ ਉੱਤਰ ਦਿੰਦਿਆਂ, ਭਾਈ ਗੁਰਦਾਸ ਦੇ ਸ਼ਬਦਾਂ ਵਿੱਚ, ਗੁਰੂ ਜੀ ਨੇ ਕਿਹਾ ਸੀ-

ਪੁਛਨ ਗਲ ਈਮਾਨ ਦੀ ਕਾਜ਼ੀ ਮੁਲਾਂ ਇਕਠੇ ਹੋਈ॥ ਵਡਾ ਸਾਂਗ ਵਰਤਾਇਆ ਲਖ ਨ ਸਕੇ ਕੁਦਰਤਿ ਕੋਈ॥
ਪੁਛਣ ਖੋਲ੍ਹ ਕਿਤਾਬ ਨੂੰ ਵਡਾ ਹਿੰਦੂ ਕੀ ਮੁਸਲਮਾਨੋਈ॥ ਬਾਬਾ ਆਖੇ ਹਾਜ਼ੀਆਂ ਸ਼ੁਭ ਅਮਲਾਂ ਬਾਝੋ ਦੋਨੋ ਰੋਈ॥
ਹਿੰਦੂ ਮੁਸਲਮਾਨ ਦੋਇ ਦਰਗਹਿ ਅੰਦਰ ਲੈਣ ਨ ਢੋਈ॥ ਕਚਾ ਰੰਗ ਕੁਸੁੰਭ ਕਾ ਪਾਣੀ ਧੋਤੈ ਥਿਰ ਨ ਰਹੋਈ॥
ਕਰਨ ਬਖੀਲੀ ਆਪ ਵਿਚ ਰਾਮ ਰਹੀਮ ਇਕ ਥਾਇ ਖਲੋਈ॥ ਰਾਹ ਸ਼ੈਤਾਨੀ ਦੁਨੀਆ ਗੋਈ ॥33॥

ਗੁਰੂ ਨਾਨਕ ਪਾਤਿਸ਼ਾਹ ਜਗਤ ਫੇਰੀਆਂ ਸਮੇਂ ਕਿਸੇ ਪੀਰ ਜਾਂ ਅਵਤਾਰ ਦੇ ਭਗਤ ਬਣਨ ਨਹੀਂ ਗਏ ਸਨ ਸਗੋਂ ਸੰਵਾਦ ਰਚਾ ਕੇ ਜੋ ਉਨ੍ਹਾਂ ਨੇ ਕੀਤਾ ਉਸ ਨੂੰ ਭਾਈ ਗੁਰਦਾਸ ਨੇ ਇਉਂ ਬਿਆਨ ਕੀਤਾ ਹੈ-

ਗੜ੍ਹ ਬਗਦਾਦ ਨਿਵਾਇਕੈ ਮਕਾ ਮਦੀਨਾ ਸਭ ਨਿਵਾਯਾ॥ ਸਿਧ ਚੌਰਾਸੀਹ ਮੰਡਲੀ ਖਟ ਦਰਸ਼ਨ ਪਾਖੰਡ ਜਣਾਯਾ॥
ਪਾਤਾਲਾਂ ਆਕਾਸ਼ ਲਖ ਜਿੱਤੀ ਧਰਤੀ ਜਗਤ ਸਬਾਯਾ॥ ਜਿਤੀ ਨਵਖੰਡ ਮੇਦਨੀ ਸਤਨਾਮ ਕਾ ਚਕ੍ਰ ਫਿਰਾਯਾ॥
ਦੇਵਦਾਨੋ ਰਾਕਸ ਦੈਂਤ ਸਭ ਚਿਤ੍ਰ ਗੁਪਤ ਸਭ ਚਰਨੀ ਲਾਯਾ॥ ਇੰਦ੍ਰਾਸਣ ਅਪੱਛਰਾਂ ਰਾਗ ਰਾਗਨੀ ਮੰਗਲ ਗਾਯਾ॥
ਹਿੰਦੂ ਮੁਸਲਮਾਨ ਨਿਵਾਇਆ ॥37॥

ਗੁਰੂ ਨਾਨਕ ਸਾਹਿਬ ਨੇ ਅਯੁੱਧਿਆ ਵਿੱਚ ਕਿੱਥੇ ਡੇਰਾ ਕੀਤਾ?
ਗੁਰੂ ਨਾਨਕ ਸਾਹਿਬ ਅਤੇ ਭਾਈ ਮਰਦਾਨਾ ਲਾਹੌਰ, ਸੈਦਪੁਰ, ਹਰਿਦੁਆਰ ਅਤੇ ਗੋਰਖਮਤੇ ਤੋਂ ਹੁੰਦੇ ਹੋਏ ਅਜੁੱਧਿਆ ਪਹੁੰਚੇ । ਪ੍ਰੋ. ਸਾਹਿਬ ਸਿੰਘ ਦੀ ਖੋਜ ਅਨੁਸਾਰ ਗੁਰੂ ਨਾਨਕ ਸਾਹਿਬ ਅਤੇ ਭਾਈ ਮਰਦਾਨੇ ਨੇ ਕਿਸੇ ਮੰਦਰ ਵਿੱਚ ਨਹੀਂ ਸਗੋਂ ਵਸ਼ਿਸ਼ਟ ਮੁਨੀ ਦੇ ਨਾਂ ਵਾਲ਼ੇ ਆਸ਼ਰਮ ਦੇ ਕੋਲ਼ ਡੇਰਾ ਕੀਤਾ ਸੀ । ਵਸਿਸ਼ਟ ਮੁਨੀ ਸ਼੍ਰੀ ਰਾਮ ਚੰਦ੍ਰ ਦਾ ਗੁਰੂ ਸੀ ।

ਗੁਰੂ ਨਾਨਕ ਸਾਹਿਬ ਅਯੁੱਧਿਆ ਕਿਉਂ ਗਏ?
ਅਯੁੱਧਿਆ ਬੈਰਾਗੀ ਸਾਧੂਆਂ ਦਾ ਗੜ੍ਹ ਸੀ । ਬੈਰਾਗੀ ਇੱਕ ਫਿਰਕਾ ਹੈ ਵੈਸ਼ਨਵ ਸਾਧੂਆਂ ਦਾ ਅਤੇ ਇਹ ਰਾਮਾਨੰਦ ਤੋਂ ਚੱਲਿਆ ਸੀ । ਕੱਤਕ ਦੀ ਮੱਸਿਆ ਨੁੰ ਮਿਥਿਹਾਸ ਅਨੁਸਾਰ ਤੁਲਸੀ ਦਾ ਜਨਮ ਦਿਨ ਮੰਨ ਕੇ ਉਸ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਇਸੇ ਦਿਨ ਅਯੁੱਧਿਆ ਵਿੱਚ ਦੀਵਾਲ਼ੀ ਵੀ ਮਨਾਈ ਜਾਂਦੀ ਹੈ । ਦੂਰੋਂ ਨੇੜਿਓ ਬਹੁਤ ਸਾਰੇ ਬੈਰਾਗੀ ਸਾਧੂ ਅਤੇ ਆਮ ਲੋਕ ਇੱਥੇ ਇਸ ਦਿਨ ਇਕੱਠੇ ਹੁੰਦੇ ਸਨ । ਇਸ ਦਿਨ ਓਥੇ ਮੂਰਤੀ ਪੂਜਾ, ਤੁਲਸੀ ਦੀ ਪੂਜਾ, ਸਾਲਗ੍ਰਾਮ ਦੀ ਪੂਜਾ ਅਤੇ ਮਾਇਆ ਪ੍ਰਾਪਤੀ ਲਈ ਲੱਛਮੀ ਦੀ ਪੂਜਾ ਹੋਇਆ ਕਰਦੀ ਸੀ । ਗੁਰੂ ਨਾਨਕ ਸਾਹਿਬ ਨੇ ਓਥੇ ਪਹੁੰਚ ਕੇ ਸੱਭ ਨੂੰ ਕੇਵਲ ਸੱਭ ਵਿੱਚ ਵਸਦੇ ਰੱਬ ਦੀ ਬੰਦਗੀ ਦਾ ਸੰਦੇਸ਼ ਦਿੱਤਾ ਅਤੇ ਮੂਰਤੀ ਪੂਜਾ, ਤੁਲਸੀ ਪੂਜਾ, ਸਾਲਗ੍ਰਾਮ ਪੂਜਾ, ਲੱਛਮੀ ਪੂਜਾ ਤੋਂ ਹਟਣ ਲਈ ਪਿਆਰ ਨਾਲ਼ ਸਮਝਾਇਆ ।

ਚਲਦਾ...


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top