Khalsa News homepage

 

 Share on Facebook

Main News Page

ਗੁਰੂ ਨਾਨਕ ਬਾਣੀ ਅਤੇ ਭਗਤ ਬਾਣੀ ਵਿੱਚ "ਦੀਵੇ" ਦਾ ਸੰਕਲਪ
-: ਪ੍ਰੋ. ਕਸ਼ਮੀਰਾ ਸਿੰਘ USA 05.11.19

ਧੁਰ ਕੀ ਬਾਣੀ ਵਿੱਚ "ਦੀਵਾ" ਸ਼ਬਦ 16 ਵਾਰੀ ਵਰਤਿਆ ਗਿਆ ਹੈ । ਪ੍ਰਕਰਣ ਅਨੁਸਾਰ ਇਸ ਦੀ ਵਿਆਖਿਆ ਵੱਖ-ਵੱਖ ਰੂਪ ਵਿੱਚ ਕੀਤੀ ਗਈ ਹੈ । ਦੀਵਾ ਸ਼ਬਦ ਦੀ ਵਰਤੋਂ ਗੁਰੂ ਨਾਨਕ ਸਾਹਿਬ ਅਤੇ ਭਗਤ ਬਾਣੀ ਵਿੱਚ ਜਿਸ ਢੰਗ ਨਾਲ਼ ਕੀਤੀ ਗਈ ਹੈ, ਇਸ ਲੇਖ ਵਿੱਚ ਉਸ ਬਾਰੇ ਵਿਚਾਰ ਕੀਤੀ ਗਈ ਹੈ । ਭਾਵੇਂ ਦੀਪਕ ਸ਼ਬਦ ਦਾ ਅਰਥ ਵੀ ਦੀਵਾ ਹੁੰਦਾ ਹੈ, ਪਰ ਦੀਪਕ ਸ਼ਬਦ ਦੀ ਵਰਤੋਂ ਇਸ ਵਿਚਾਰ ਚਰਚਾ ਦਾ ਹਿੱਸਾ ਨਹੀਂ ਹੈ ।

ਪੰਦਰਾਂ ਭਗਤਾਂ ਵਿੱਚੋਂ ਭਗਤ ਰਵਿਦਾਸ ਜੀ, ਭਗਤ ਬੇਣੀ ਜੀ ਅਤੇ ਭਾਈ ਸੁੰਦਰ ਜੀ ਨੇ ਦੀਵਾ ਸ਼ਬਦ ਦੀ ਵਰਤੋਂ ਕੀਤੀ ਹੈ । ਦੀਵਾ ਸ਼ਬਦ ਦੀ ਵਰਤੋਂ ਮਿੱਟੀ ਜਾਂ ਧਾਤ ਦੇ ਬਣੇ ਦੀਵੇ ਵਜੋਂ ਵੀ ਹੈ ਅਤੇ ਆਤਮਕ ਜੀਵਨ ਦੇ ਮਾਰਗ ਦਰਸ਼ਨ ਲਈ ਹਰੀ ਨਾਮ ਦੇ ਦੀਵੇ ਵਜੋਂ ਭੀ ਹੈ ।

ਦੋਹਾਂ ਦੀਵਆਂ ਵਿੱਚ ਕੀ ਫ਼ਰਕ ਹੈ?
ਪਹਿਲਾ ਦੀਵਾ ਭੌਤਿਕ ਰੂਪ ਵਿੱਚ ਦਿਖਾਈ ਦਿੰਦਾ ਹੈ ਅਤੇ ਦੂਜਾ ਦੀਵਾ ਆਤਮਕ ਜੀਵਨ ਦੀ ਸੁੰਦਰਤਾ ਵਿੱਚ ਯੋਗਦਾਨ ਪਾਉਂਦਾ ਹੈ ਪਰ ਪਹਿਲੇ ਦੀਵੇ ਦੀ ਤਰ੍ਹਾਂ ਦਿਖਾਈ ਨਹੀਂ ਦਿੰਦਾ । ਪਹਿਲਾ ਦੀਵਾ ਦਿਸਦਾ ਪਦਾਰਥ ਹੈ ਪਰ ਦੂਜਾ ਦੀਵਾ ਅਤੀ ਸੂਖਮ ਹੈ । ਪਹਿਲਾ ਦੀਵਾ ਆਸਾਨੀ ਨਾਲ਼ ਮਿਲ਼ ਜਾਂਦਾ ਹੈ ਪਰ ਦੂਜਾ ਦੀਵਾ ਗੁਰੂ ਪਰਮੇਸ਼ਰ ਦੀ ਕਿਰਪਾ ਨਾਲ਼ ਕੀਤੀ ਗੁਰ ੳੋੁਪਦੇਸ਼ਾਂ ਦੀ ਕਮਾਈ ਲਈ ਕਠਿਨ ਘਾਲਣਾ ਤੋਂ ਬਾਅਦ ਕਿਸੇ ਭਾਗਾਂ ਵਾਲ਼ੇ ਨੂੰ ਨਸੀਬ ਹੁੰਦਾ ਹੈ । ਪਹਿਲਾ ਦੀਵਾ ਬੁਝ ਅਤੇ ਨਦੀ ਦੇ ਪਾਣੀ ਵਿੱਚ ਡੁੱਬ ਵੀ ਜਾਂਦਾ ਹੈ ਪਰ ਦੂਜਾ ਦੀਵਾ ਜਗ ਜਾਏ ਤਾਂ ਕਦੇ ਬੁਝਦਾ ਨਹੀਂ । ਪਹਿਲਾ ਦੀਵਾ ਰਾਤ ਦੇ ਹਨ੍ਹੇਰੇ ਨੂੰ ਰੌਸ਼ਨ ਕਰਦਾ ਹੈ ਅਤੇ ਦੂਜਾ ਦੀਵਾ ਆਤਮਕ ਜੀਵਨ ਦੇ ਮਾਰਗ ਨੂੰ ਚਾਨਣ ਦਿੰਦਾ ਹੈ । ਪਹਿਲੇ ਦੀਵੇ ਨਾਲ਼ ਜਨਮ ਮਰਣ ਨਹੀਂ ਮਿਟਦਾ ਜਦੋਂ ਕਿ ਦੂਜਾ ਦੀਵਾ ਜਮਾਂ ਨਾਲ਼ ਮੇਲ਼ ਨੂੰ ਖ਼ਤਮ ਕਰ ਦਿੰਦਾ ਹੈ । ਗੁਰਬਾਣੀ ਦੀ ਵਿਚਾਰ ਕਰਦਿਆਂ ਹੋਰ ਕਈ ਤੱਥ ਵੀ ਨਾਮ ਦੇ ਦੀਵੇ ਬਾਰੇ ਪਤਾ ਲੱਗਣਗੇ ।

ਗੁਰੂ ਨਾਨਕ ਸਾਹਿਬ ਵਲੋਂ ਦੀਵਾ ਸ਼ਬਦ ਦੀ ਵਰਤੋਂ ਅਤੇ ਵਿਆਖਿਆ:

ਬਿਨੁ ਤੇਲ ਦੀਵਾ ਕਿਉ ਜਲੈ॥ ਇਹੁ ਤੇਲੁ ਦੀਵਾ ਇਉ ਜਲੈ॥
ਕੀ ਤੇਲ ਤੋਂ ਬਿਨਾਂ ਕੋਈ ਦੀਵਾ ਜਲ਼ਦਾ ਰਹਿ ਸਕਦਾ ਹੈ? ਉੱਤਰ ਸਪੱਸ਼ਟ ਹੀ ਨਾਂ ਵਿੱਚ ਹੈ । ਸਾਧਾਰਣ ਤੌਰ 'ਤੇ ਦੀਵਾ ਰੌਸ਼ਨੀ ਕਰ ਲਈ ਵਰਤਿਆ ਜਾਂਦਾ ਰਿਹਾ ਹੈ ਜਦੋਂ ਰੋਸ਼ਨੀ ਦਾ ਕੋਈ ਹੋਰ ਸਾਧਨ ਨਹੀਂ ਸੀ । ਦੀਵਾ ਜਗਾਉਣ ਲਈ ਜ਼ਰੂਰੀ ਹੈ ਕਿ ਮਿੱਟੀ ਜਾਂ ਧਾਤ ਦਾ ਬਣਿਆਂ ਛੋਟਾ ਬਰਤਨ ਹੋਵੇ, ਉਸ ਵਿੱਚ ਤੇਲ ਹੋਵੇ, ਵੱਟੀ ਹੋਵੇ ਅਤੇ ਜਗਾਉਣ ਲਈ ਅੱਗ ਆਦਿਕ ਕੋਈ ਸਾਧਨ ਹੋਵੇ । ਦੀਵਾ ਜਗਦਾ ਰੱਖਣ ਲਈ ਇਹ ਵੀ ਜ਼ਰੂਰੀ ਹੈ ਕਿ ਦੀਵੇ ਨੂੰ ਤੇਜ਼ ਹਵਾ ਨਾ ਪਵੇ । ਇਹ ਤਾਂ ਹੋਈ ਭੌਤਿਕ ਦੀਵੇ ਰਾਹੀਂ ਹਨ੍ਹੇਰੇ ਵਿੱਚ ਰੌਸ਼ਨੀ ਕਰਨ ਦੀ ਗੱਲ । ਅਜਿਹੇ ਦੀਵਿਆਂ ਦੀ ਵਰਤੋਂ ਲੋਕ ਦੀਵਾਲ਼ੀ ਮੌਕੇ, ਪ੍ਰਾਣੀ ਦੇ ਚੜ੍ਹਾਈ ਕਰਨ ਸਮੇਂ, ਮੂਰਤੀ ਅੱਗੇ ਆਰਤੀ ਕਰਨ ਸਮੇਂ ਆਦਿਕ ਕਈ ਅਵਸਰਾਂ ਉੱਪਰ ਕਰਦੇ ਹਨ । ਜਿੱਥੇ ਅਜੇ ਬਿਜਲੀ ਨਹੀਂ ਪਹੁੰਚੀ ਓਥੇ ਦੀਵਿਆਂ ਦੀ ਹੀ ਵਰਤੋਂ ਹੁੰਦੀ ਹੈ ।

ਧੰਨੁ ਗੁਰੂ ਨਾਨਕ ਸਾਹਿਬ ਕਿੱਸ ਦੀਵੇ ਦੀ ਗੱਲ ਕਰਦੇ ਹਨ, ਆਓ ਸਮਝੀਏ:
ਮਿੱਟੀ ਦੇ ਦੀਵੇ ਦੇ ਨਾਲ਼ ਗੁਰਬਾਣੀ ਵਿੱਚ ਗੁਰੂ ਜੀ ਨੇ ਨਾਮ ਰੂਪੀ ਦੀਵੇ ਦੀ ਵੀ ਗੱਲ ਕੀਤੀ ਹੈ । ਇਸ ਨਾਮ ਰੂਪੀ ਦੀਵੇ ਲਈ ਕਿਹੜਾ ਤੇਲ ਚਾਹੀਦਾ, ਕਿਹੜੀ ਵੱਟੀ ਚਾਹੀਦੀ ਅਤੇ ਕਿਹੜੀ ਅੱਗ ਦੀ ਲੋੜ ਹੈ, ਇਸ ਨੂੰ ਬਹੁਤ ਚੰਗੀ ਤਰ੍ਹਾਂ ਸਮਝਾਇਆ ਗਿਆ ਹੈ । ਇਸ ਦੀਵੇ ਨੇ ਰਾਤ ਪੈਣ ਸਮੇਂ ਹੋਇਆ ਹਨ੍ਹੇਰਾ ਦੂਰ ਨਹੀਂ ਕਰਨਾ । ਇਸ ਦੀਵੇ ਨੇ ਰੱਬੀ ਗਿਆਨ ਦੇ ਚਾਨਣ ਨਾਲ਼ ਅਗਿਆਨਤਾ ਦਾ ਹਨ੍ਹੇਰਾ ਦੂਰ ਕਰਨਾ ਹੈ । ਇਸ ਦੀਵੇ ਦਾ ਚਾਨਣ ਜਮਾਂ ਨਾਲ਼ ਮੇਲ਼ ਤੋਂ ਬਚਾਉਂਦਾ ਹੈ ਜਦੋਂ ਇਸ ਵਿੱਚ ਦੁੱਖ ਰੂਪੀ ਤੇਲ ਪਾਕੇ ਇਸ ਨੂੰ ਜਗਾਇਆ ਜਾਂਦਾ ਹੈ । ਧੰਨੁ ਗੁਰੂ ਨਾਨਕ ਸਾਹਿਬ ਇਸ ਗੱਲ ਨੂੰ ਇਉਂ ਸਮਝਾਉਂਦੇ ਹਨ-

ਆਸਾ ਮਹਲਾ 1 ॥ ਦੀਵਾ ਮੇਰਾ ਏਕੁ ਨਾਮੁ ਦੁਖੁ ਵਿਚਿ ਪਾਇਆ ਤੇਲੁ ॥ ਉਨਿ ਚਾਨਣਿ ਓਹੁ ਸੋਖਿਆ ਚੂਕਾ ਜਮ ਸਿਉ ਮੇਲੁ ॥1॥ {ਗਗਸ 358}
ਅਰਥ: - ਮੇਰੇ ਵਾਸਤੇ ਪਰਮਾਤਮਾ ਦਾ ਨਾਮ ਹੀ ਦੀਵਾ ਹੈ (ਜੋ ਮੇਰੀ ਜ਼ਿੰਦਗੀ ਦੇ ਰਸਤੇ ਵਿਚ ਆਤਮਕ ਰੌਸ਼ਨੀ ਕਰਦਾ ਹੈ) ਉਸ ਦੀਵੇ ਵਿਚ ਮੈਂ (ਦੁਨੀਆ ਵਿਚ ਵਿਆਪਣ ਵਾਲਾ) ਦੁੱਖ (-ਰੂਪ) ਤੇਲ ਪਾਇਆ ਹੋਇਆ ਹੈ । ਉਸ (ਆਤਮਕ) ਚਾਨਣ ਨਾਲ ਉਹ ਦੁੱਖ-ਰੂਪ ਤੇਲ ਸੜਦਾ ਜਾਂਦਾ ਹੈ, ਤੇ ਜਮ ਨਾਲ ਮੇਰਾ ਵਾਹ ਭੀ ਮੁੱਕ ਜਾਂਦਾ ਹੈ ।

ਵਿਚਾਰ: ਜਾਪਦਾ ਹੈ ਕਿ ਗੁਰੂ ਜੀ ਨੂੰ ਉਨ੍ਹਾਂ ਧਾਰਮਿਕ ਆਗੂਆਂ ਵਲੋਂ ਦੀਵੇ ਜਗਾਉਣ ਸੰਬੰਧੀ ਸਵਾਲ ਪੁੱਛਿਆ ਗਿਆ ਹੈ ਜੋ ਚੜ੍ਹਾਈ ਕਰ ਚੁੱਕੇ ਪ੍ਰਾਣੀ ਦੇ ਹੱਥ ਵਿੱਚ ਦੀਵਾ ਬਾਲ਼ਕੇ ਰੱਖਦੇ ਅਤੇ ਕਿਰਿਆ ਸਮੇਂ 360 ਦੀਵੇ ਬਾਲ਼ ਕੇ ਰੱਖਦੇ ਹੋਣ ਤਾਂ ਕਿ ਇਹ ਦੀਵੇ ਮਰੇ ਪ੍ਰਾਣੀ ਦੇ ਰਾਹ ਵਿੱਚ ਚਾਨਣ ਕਰਨਗੇ । ਗੁਰੂ ਜੀ ਨੇ ਉਨ੍ਹਾਂ ਨੂੰ ਸਮਝਾਉਂਦਿਆਂ ਕਿਹਾ ਕਿ ਉਨ੍ਹਾਂ ਕੋਲ਼ ਜੀਉਂਦੇ ਹੀ ਨਾਮ ਦਾ ਪੱਕਾ ਦੀਵਾ ਹੈ ਜੋ ਆਤਮਕ ਗਿਆਨ ਦੀ ਰੌਸ਼ਨੀ ਦਿੰਦਾ ਰਹਿੰਦਾ ਹੈ ਜਿਸ ਨਾਲ਼ ਏਥੇ ਵਿਚਰਦਿਆਂ ਹੀ ਪ੍ਰਭੂ ਚਿੰਤਨ ਨਾਲ਼ ਜਮਾਂ ਦੀ ਫਾਹੀ ਕੱਟੀ ਜਾਂਦੀ ਹੈ ਅਤੇ ਹੋਰ ਦੀਵੇ ਬਾਲਣ ਦੀ ਲੋੜ ਨਹੀਂ ਰਹਿੰਦੀ ।

ਮਾਇਆ ਦੇ ਮੋਹ ਦੀ ਹਨ੍ਹੇਰੀ ਵਿੱਚ ਨਾਮ ਦਾ ਦੀਵਾ ਕਿਉਂ ਜਗੇ ?:
ਮਾਇਆ ਰੱਬ ਨੇ ਆਪ ਹੀ ਪੈਦਾ ਕੀਤੀ ਹੈ । ਮਾਇਆ ਨਾ ਛਲ਼ੇ ਜਾਣ ਵਾਲ਼ੀ ਵੀ ਹੈ । ਮਾਇਆ ਨੂੰ ਕੋਈ ਹਥਿਆਰ ਜ਼ਖ਼ਮ ਨਹੀਂ ਦੇ ਸਕਦਾ । ਮਾਇਆ ਦੀਆਂ ਪ੍ਰਬਲ ਲਹਿਰਾਂ ਅੱਗੇ ਲੋਭੀ ਮਨ ਹਾਰ ਜਾਂਦਾ ਹੈ । ਇਹ ਸਥਿਤੀ ਨਾਮ ਦੇ ਦੀਵੇ ਦੀ ਪ੍ਰਾਣੀ ਕੋਲ਼ ਅਣਹੋਂਦ ਕਾਰਨ ਵਾਪਰਦੀ ਹੈ ਕਿਉਂਕਿ ਦੀਵੇ ਵਿੱਚ ਸਿਮਰਨ ਦਾ ਤੇਲ ਨਹੀਂ ਹੁੰਦਾ । ਇਸ ਤੇਲ ਤੋਂ ਬਿਨਾਂ ਨਾਮ ਦਾ ਦੀਵਾ ਜਗ ਨਹੀਂ ਸਕਦਾ । ਹੇਠਾਂ ਦੇਖੋ ਗੁਰੂ ਜੀ ਦੇ ਅੰਮ੍ਰਿਤ ਵਚਨ-

ਸਿਰੀਰਾਗੁ ਮਹਲਾ 1 ਘਰੁ 5 ॥
ਅਛਲ ਛਲਾਈ ਨਹ ਛਲੈ ਨਹ ਘਾਉ ਕਟਾਰਾ ਕਰਿ ਸਕੈ ॥ ਜਿਉ ਸਾਹਿਬੁ ਰਾਖੈ ਤਿਉ ਰਹੈ ਇਸੁ ਲੋਭੀ ਕਾ ਜੀਉ ਟਲ ਪਲੈ ॥1॥ ਬਿਨੁ ਤੇਲ ਦੀਵਾ ਕਿਉ ਜਲੈ॥1॥ਰਹਾਉ॥

ਨਾਮ ਦਾ ਦੀਵਾ ਜਗਾਉਣ ਦੇ ਕਿਹੜੇ ਸਾਧਨ ਹਨ?
ਸਤਿਗੁਰੂ ਨਾਨਕ ਸਾਹਿਬ ਆਤਮਕ ਜੀਵਨ ਲਈ ਨਾਮ ਦਾ ਦੀਵਾ ਜਗਾਉਣ ਲਈ ਇਹ ਸਾਧਨ ਦੱਸਦੇ ਹਨ:

1. ਆਪੋ ਆਪਣੀਆਂ ਧਰਮ ਪੁਸਤਕਾਂ {ਸਿੱਖੀ ਸੋਚ ਵਾਲ਼ਿਆਂ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ} ਵਿੱਚ ਆਤਮਕ ਜੀਵਨ ਨੂੰ ਸਵਾਰਨ ਲਈ ਦਿੱਤੇ ਉਪਦੇਸ਼ਾਂ ਦੀ ਕਮਾਈ ਰੂਪੀ ਤੇਲ ਬਣਾਇਆ ਜਾਵੇ ।

2. ਕਿਉਂਕਿ ਇਹ ਕਮਾਈ ਸ਼ਰੀਰ ਦੇ ਸਾਥ ਨਾਲ਼ ਕੀਤੀ ਜਾਣੀ ਹੈ, ਇਸ ਲਈ ਇਹ ਸ਼ਰੀਰ ਹੀ ਦੀਵੇ ਲਈ ਭਾਂਡਾ ਬਣ ਜਾਣਾ ਹੈ । ਇਸ ਦੀਵੇ ਵਿੱਚ ਗੁਰੂ ਪਰਮੇਸ਼ਰ ਦੇ ਨਿਰਮਲ ਭਉ ਦੀ ਵੱਟੀ ਪਾਈ ਜਾਣੀ ਹੈ ਜਿਸ ਨਾਲ਼ ਕਮਾਈ ਦਾ ਤੇਲ ਉੱਪਰ ਵਲ ਚੜ੍ਹਨਾ ਹੈ ।

3. ਸ਼ਰੀਰ ਰੂਪੀ ਦੀਵੇ ਵਿੱਚ ਗੁਰ ਪਰਮੇਸ਼ਰ ਦੇ ਉਪਦੇਸ਼ਾਂ ਦੀ ਕਮਾਈ ਦੇ ਤੇਲ ਅਤੇ ਨਿਰਮਲ ਭਉ ਦੀ ਬਣਾਈ ਵੱਟੀ ਨਾਲ਼ ਬਣੇ ਇਸ ਦੀਵੇ ਨੂੰ ਬਾਲਣ ਲਈ ਅੱਗ ਦੀ ਵੀ ਲੋੜ ਹੈ । ਗੁਰੂ ਜੀ ਦੱਸਦੇ ਹਨ ਕਿ ਇਸ ਤਰ੍ਹਾਂ ਗੁਰ ਪਰਮੇਸ਼ਰ ਨਾਲ਼ ਬਣਾਈ ਡੂੰਘੀ ਸਾਂਝ ਰੂਪੀ ਅੱਗ ਨਾਲ਼ ਇਸ ਦੀਵੇ ਨੂੰ ਜਗਾਇਆ ਜਾਵੇ ।

ਵਿਚਾਰ: ਧੰਨੁ ਗੁਰੂ ਨਾਨਕ ਸਾਹਿਬ ਨੇ ਆਤਮਕ ਜੀਵਨ ਦਾ ਦੀਵਾ ਜਗਾਉਣ ਲਈ ਸਾਧਨਾ ਬਾਰੇ ਚਾਨਣਾ ਪਾਉਣ ਦੇ ਨਾਲ਼ ਦੱਸਿਆ ਹੈ ਕਿ ਆਤਮਕ ਜੀਵਨ ਦੇ ਦੀਵੇ ਦੇ ਜਗਣ ਨਾਲ਼ ਜੋ ਰੱਬੀ ਗਿਆਨ ਦਾ ਚਾਨਣ ਪੈਦਾ ਹੋਵੇਗਾ, ਉਹ ਹੀ ਪ੍ਰਭੂ ਨਾਲ਼ ਮਿਲਣ ਦਾ ਰਾਹ ਪੱਧਰਾ ਕਰੇਗਾ । ਗੁਰੂ ਜੀ ਦਾ ਦੱਸਿਆ ਦੀਵਾ, ਤੇਲ, ਵੱਟੀ ਅਤੇ ਅੱਗ ਅਨੋਖੇ ਹਨ । ਗੁਰਬਾਣੀ ਰਾਹੀਂ ਗੁਰੂ ਜੀ ਦੇ ਇਸ ਬਾਰੇ ਅੰਮ੍ਰਿਤ ਵਚਨ ਹਨ-

ਪੋਥੀ ਪੁਰਾਣ ਕਮਾਈਐ ॥ ਭਉ ਵਟੀ ਇਤੁ ਤਨਿ ਪਾਈਐ ॥ ਸਚੁ ਬੂਝਣੁ ਆਣਿ ਜਲਾਈਐ ॥2॥ ਇਹੁ ਤੇਲੁ ਦੀਵਾ ਇਉ ਜਲੈ ॥ ਕਰਿ ਚਾਨਣੁ ਸਾਹਿਬ ਤਉ ਮਿਲੈ ॥1॥ ਰਹਾਉ ॥

ਕੱਤਕ ਦੀ ਪੂਰਨਮਾਸ਼ੀ ਨੂੰ ਇਸਤ੍ਰੀਆਂ ਵਲੋਂ ਤੁਲਹੇ ਉੱਤੇ ਦੀਵੇ ਤਾਰਨ ਦੀ ਕਰਮ ਕਾਂਡੀ ਕਿਰਿਆ ਅਤੇ ਗੁਰੂ ਨਾਨਕ ਸਾਹਿਬ ਦੇ ਇਸ ਬਾਰੇ ਅੰਮ੍ਰਿਤ ਬੋਲ:

ਸਤਿਗੁਰੂ ਨਾਨਕ ਪਾਤਿਸ਼ਾਹ ਜੀ ਨੇ ਸਮਝਾਉਂਦਿਆ ਕਿਹਾ ਹੈ ਕਿ ਨਦੀ ਪਾਰ ਕਰਨ ਲਈ ਰੱਸੀਆਂ ਨਾਲ਼ ਬੱਧੇ ਸ਼ਤੀਰਾਂ ਦੇ ਗੱਠੇ ਦੇ ਤੁਲਹੇ ਨੂੰ ਇਹ ਸ਼ਰੀਰ ਸਮਝ । ਇਸ ਸ਼ਰੀਰ ਤੁਲਹੇ ਨੂੰ ਰੱਬੀ ਜੋਤਿ ਦੇ ਗਿਆਨ ਨਾਲ਼ ਮੋਹ ਮਾਇਆ ਤੋਂ ਬਚਾ ਕੇ ਹਲਕਾ ਕਰ ਲੈ । ਇਸ ਤਰ੍ਹਾਂ ਰੱਬੀ ਜੋਤਿ ਦੇ ਗਿਆਨ ਨਾਲ਼ ਬਣਿਆਂ ਨਾਮ ਦੀਵਾ ਸਦਾ ਬਲਦਾ ਰਹੇਗਾ ਪਰ ਤੁਲਹੇ ਉੱਤੇ ਤਾਰਿਆ ਦੀਵਾ ਕੁੱਝ ਸਮੇਂ ਬਾਅਦ ਬੁਝ ਜਾਵੇਗਾ । ਪਾਣੀ ਉੱਤੇ ਇਹੋ ਜਿਹਾ ਦੀਵਾ ਤਾਰ ਜਿਸ ਦੇ ਚਾਨਣ ਨਾਲ਼ ਆਤਮਕ ਜੀਵਨ ਦਾ ਸਫ਼ਰ ਸੌਖਾ ਹੋ ਜਾਏ । ਦੇਖੋ ਇਹ ਅੰਮ੍ਰਿਤ ਵਚਨ-

ਰਾਮਕਲੀ ਮਹਲਾ 1 ॥ ਸੁਰਤੀ ਸੁਰਤਿ ਰਲਾਈਐ ਏਤੁ ॥ ਤਨੁ ਕਰਿ ਤੁਲਹਾ ਲੰਘਹਿ ਜੇਤੁ ॥ ਅੰਤਰਿ ਭਾਹਿ ਤਿਸੈ ਤੂ ਰਖੁ ॥ ਅਹਿਨਿਸਿ ਦੀਵਾ ਬਲੈ ਅਥਕੁ ॥1॥ ਐਸਾ ਦੀਵਾ ਨੀਰਿ ਤਰਾਇ ॥ ਜਿਤੁ ਦੀਵੈ ਸਭ ਸੋਝੀ ਪਾਇ ॥1॥ ਰਹਾਉ ॥

ਅਜਿਹਾ ਦੀਵਾ ਬਣਾਉਣ ਲਈ ਸਤਿਗੁਰੂ ਜੀ ਦੱਸਦੇ ਹਨ ਕਿ ਸੁਚੱਜੀ ਅਕਲ ਨੂੰ ਦੀਵੇ ਲਈ ਮਿੱਟੀ ਬਣਾਇਆ ਜਾਵੇ । ਇਸ ਮਿੱਟੀ ਤੋਂ ਦੀਵਾ ਬਣਾਉਣ ਲਈ ਉੱਚੇ ਅਤੇ ਸੁੱਚੇ ਆਚਰਨ ਰੂਪੀ ਲੱਕੜੀ ਨਾਲ਼ ਘੁਮਿਆਰ ਦਾ ਚੱਕ ਬਣਾਇਆ ਜਾਵੇ ਜਿੱਥੇ ਮਿੱਟੀ ਤੋਂ ਦੀਵਾ ਬਣਨਾ ਹੈ । ਇਹ ਦੀਵਾ ਹੀ ਲੋਕ ਅਤੇ ਪਰਲੋਕ ਵਿੱਚ ਸਾਥ ਦੇਣ ਵਾਲ਼ਾ ਹੋਵੇਗਾ । ਦੇਖੋ ਇਹ ਅੰਮ੍ਰਿਤ ਬੋਲ:

ਹਛੀ ਮਿਟੀ ਸੋਝੀ ਹੋਇ ॥ ਤਾ ਕਾ ਕੀਆ ਮਾਨੈ ਸੋਇ ॥ ਕਰਣੀ ਤੇ ਕਰਿ ਚਕਹੁ ਢਾਲਿ ॥ ਐਥੈ ਓਥੈ ਨਿਬਹੀ ਨਾਲਿ ॥2॥

ਸਤਿਗੁਰੂ ਜੀ ਅੱਗੇ ਦੱਸਦੇ ਹਨ ਕਿ ਕਿਸੇ ਵਿਰਲੇ ਉੱਤੇ ਹੀ ਪ੍ਰਭੂ ਦੀ ਮਿਹਰ ਹੋਵੇ ਤਾਂ ਉਹ ਇਸ ਆਤਮਕ ਦੀਵੇ ਦੇ ਭੇਤ ਨੂੰ ਸਮਝਦਾ ਹੈ ਅਤੇ ਗੁਰੂ ਦੇ ਦੱਸੇ ਰਸਤੇ ਉੱਤੇ ਤੁਰ ਕੇ ਉਸ ਦੇ ਅੰਦਰ ਇਹ ਦੀਵਾ ਟਿਕ ਕੇ ਬਲ਼ਦਾ ਰਹਿੰਦਾ ਹੈ । ਇਸ ਦੀਵੇ ਨੂੰ ਬੁਝਾਇਆ ਨਹੀਂ ਜਾ ਸਕਦਾ ਅਤੇ ਨਾ ਹੀ ਇਹ ਪਾਣੀ ਵਿੱਚ ਡੁੱਬਦਾ ਹੈ ਅਤੇ ਕੱਤਕ ਦੀ ਪੂਰਨਮਾਸ਼ੀ ਨੂੰ ਤੁਲਹੇ ਉੱਤੇ ਦੀਵਾ ਤਾਰਨ ਦੀ ਥਾਂ ਅਜਿਹਾ ਦੀਵਾ ਹੀ ਤਾਰਨਾ ਚਾਹੀਦਾ ਹੈ । ਗੁਰੂ ਜੀ ਫ਼ੁਰਮਾਨ ਕਰਦੇ ਹਨ-

ਆਪੇ ਨਦਰਿ ਕਰੇ ਜਾ ਸੋਇ ॥ ਗੁਰਮੁਖਿ ਵਿਰਲਾ ਬੂਝੈ ਕੋਇ ॥ ਤਿਤੁ ਘਟਿ ਦੀਵਾ ਨਿਹਚਲੁ ਹੋਇ ॥ ਪਾਣੀ ਮਰੈ ਨ ਬੁਝਾਇਆ ਜਾਇ ॥ ਐਸਾ ਦੀਵਾ ਨੀਰਿ ਤਰਾਇ ॥3॥

ਗੁਰੂ ਨਾਨਕ ਪਾਤਿਸ਼ਾਹ ਅੱਗੇ ਦੱਸਦੇ ਹਨ ਕਿ ਨਾਮ ਦਾ ਦੀਵਾ ਮੋਹ ਮਾੲਆ ਦੇ ਝੱਖੜਾਂ ਵਿੱਚ ਨਹੀਂ ਡੋਲਦਾ ਅਤੇ ਨਾ ਹੀ ਇਹ ਬੁਝਦਾ ਹੈ । ਇਸ ਨਾਮ ਦੇ ਦੀਵੇ ਨਾਲ਼ ਹਿਰਦੇ ਸੇਜ ਉੱਤੇ ਬੈਠੇ ਪ੍ਰਭੂ ਨਾਲ਼ ਪੱਕੀ ਸਾਂਝ ਬਣ ਜਾਂਦੀ ਹੈ । ਗੁਰੂ ਜੀ ਕਹਿੰਦੇ ਹਨ ਕਿ ਹਜ਼ਾਰਾਂ ਕਿਸਮ ਦੀਆਂ ਜ਼ਾਤਾਂ ਦੇ ਪ੍ਰਾਣੀਆਂ ਵਿੱਚੋਂ ਜੋ ਭੀ ਨਾਮ ਦਾ ਦੀਵਾ ਜਗਾਏਗਾ ਉਹ ਸੰਸਾਰ ਸਮੁੰਦਰ ਦੀਆਂ ਮੋਹ ਮਾਇਆ ਦੀਆਂ ਲਹਿਰਾਂ ਵਿੱਚੋਂ ਸਹੀ ਸਲਾਮਤ ਬਚ ਜਾਵੇਗਾ । ਦੇਖੋ ਗੁਰੂ ਜੀ ਦੇ ਇਸ ਬਾਰੇ ਅੰਮ੍ਰਿਤ ਵਚਨ-

ਡੋਲੈ ਵਾਉ ਨ ਵਡਾ ਹੋਇ ॥ ਜਾਪੈ ਜਿਉ ਸਿੰਘਾਸਣਿ ਲੋਇ ॥ ਖਤ੍ਰੀ ਬ੍ਰਾਹਮਣੁ ਸੂਦੁ ਕਿ ਵੈਸੁ ॥ ਨਿਰਤਿ ਨ ਪਾਈਆ ਗਣੀ ਸਹੰਸ ॥ ਐਸਾ ਦੀਵਾ ਬਾਲੇ ਕੋਇ ॥ ਨਾਨਕ ਸੋ ਪਾਰੰਗਤਿ ਹੋਇ ॥4॥7॥ {ਗਗਸ 878}

ਨ ਵਡਾ ਹੋਇ : ਬੁਝਦਾ ਨਹੀਂ ਹੈ ।

ਗੁਰੂ ਜੀ ਵਲੋਂ ਮਿੱਟੀ ਦੇ ਦੀਵੇ ਦੀ ਗੱਲ:

ੳ). ਗੁਰੂ ਨਾਨਕ ਸਾਹਿਬ ਵਲੋਂ ਭੋਤਿਕ ਦੀਵੇ ਦੀ ਉਦਾਹਰਣ ਦੇ ਕੇ ਸਮਝਾਇਆ ਹੈ ਕਿ ਜਿਵੇਂ ਮਿੱਟੀ ਦੇ ਤੇਲ ਆਦਿਕ ਨਾਲ਼ ਜਗਾਇਆ ਦੀਵਾ ਰਾਤ ਦਾ ਹਨ੍ਹੇਰਾ ਦੂਰ ਕਰਦਾ ਹੈ ਇਵੇਂ ਹੀ ਰੱਬੀ ਬਾਣੀ ਦੇ ਉਪਦੇਸ਼ ਦੀ ਕਮਾਈ ਨਾਲ਼ ਢਲ਼ੀ ਹੋਈ ਮੱਤ ਨਾਲ਼ ਬਣਾਇਆ ਨਾਮ ਦਾ ਦੀਵਾ ਅਗਿਆਨਤਾ ਦਾ ਨਾਸ਼ ਕਰ ਦਿੰਦਾ ਹੈ ਅਤੇ ਪਾਪ ਦੇ ਫ਼ੁਰਨਿਆਂ ਤੋਂ ਬਚਿਆ ਜਾ ਸਕਦਾ ਹੈ । ਦੇਖੋ ਇਹ ਵਚਨ-

ਸਲੋਕ ਮ: 1 ॥ ਦੀਵਾ ਬਲੈ ਅੰਧੇਰਾ ਜਾਇ ॥ ਬੇਦ ਪਾਠ ਮਤਿ ਪਾਪਾ ਖਾਇ ॥ {ਗਗਸ 791}

ਵਿਚਾਰ: ਧਰਮ ਗ੍ਰੰਥ ਦੇ ਨਿਰੇ ਪਾਠ ਦੀ ਗੱਲ ਨਹੀਂ ਕੀਤੀ ਗਈ ਸਗੋਂ ਪਾਠ ਦੀ ਸਮਝ ਨਾਲ਼ ਬਣੀ ਸ੍ਰੇਸ਼ਟ ਮੱਤ ਦੀ ਗੱਲ ਕੀਤੀ ਗਈ ਹੈ ਜੋ ਪਾਪ ਦੇ ਫ਼ੁਰਨਿਆਂ ਤੋਂ ਦੂਰ ਰੱਖਦੀ ਹੈ । ਨਿਰੇ ਪਾਠ ਅਤੇ ਪਾਠ ਤੋਂ ਬਣੀ ਬਿਬੇਕ ਬੁੱਧੀ ਵਿੱਚ ਬਹੁਤ ਫ਼ਰਕ ਹੈ ।

ਅ). ਮਿੱਟੀ ਦੇ ਤੇਲ ਆਦਿਕ ਨਾਲ਼ ਬਲ਼ਦਾ ਦੀਵਾ:
ਗੁਰੂ ਨਾਨਕ ਪਾਤਿਸ਼ਾਹ ਜੀ ਨੇ ਜੈਨੀ ਸ੍ਰੇਵੜਿਆਂ ਦੇ ਕਿਸੇ ਆਤਮਕ ਹੁਲਾਰੇ ਤੋਂ ਰਹਿਤ ਜੀਵਨ ਅਤੇ ਉਨ੍ਹਾਂ ਵਲੋਂ ਲੋਕ ਅਤੇ ਪਰਲੋਕ ਦੋਵੇਂ ਗਵਾ ਲੈਣ ਬਾਰੇ ਚਾਨਣਾਂ ਪਾਉਂਦਿਆਂ ਦੱਸਿਆ ਹੈ ਕਿ ਉਹਨਾਂ ਵਾਸਤੇ ਪਿੰਡ, ਪੱਤਲ, ਕਿਰਿਆ, ਦੀਵਾ ਜਗਾਉਣ ਆਦਿਕ ਦੀ ਕੋਈ ਰਸਮ ਹਿੰਦੂ ਮੱਤ ਅਨੁਸਾਰ ਕੋਈ ਨਹੀਂ ਕਰਦਾ । ਮਰ ਕੇ ਉਹ ਕਿੱਥੇ ਜਾ ਪੈਂਦੇ ਹਨ ਕੋਈ ਪਤਾ ਨਹੀਂ ਜਿਸ ਦਾ ਅਰਥ ਹੈ ਕਿ ਉਨ੍ਹਾਂ ਨੂੰ ਪਰਲੋਕ ਸਵਾਰਨ ਦਾ ਕੋਈ ਆਹਰ ਨਹੀਂ ਹੈ । ਦੇਖੋ ਗੁਰੂ ਜੀ ਦੀ ਬਾਣੀ ਵਿੱਚੋਂ ਹੇਠ ਲਿਖਿਆ ਵਾਕ-

ਓਨਾ ਪਿੰਡੁ ਨ ਪਤਲਿ ਕਿਰਿਆ ਨ ਦੀਵਾ ਮੁਏ ਕਿਥਾਊ ਪਾਹੀ ॥ {ਗਗਸ 149}

ਗੁਰੂ ਨਾਨਕ ਸਾਹਿਬ ਨੇ ਬਾਣੀ ਰੂਪ ਦੀਵੇ ਦੀ ਗੱਲ ਕੀਤੀ:
ਮਲਾਰ ਕੀ ਵਾਰ ਵਿੱਚ ਗੁਰੂ ਨਾਨਕ ਪਾਤਿਸ਼ਾਹ ਨੇ ਦੀਵੇ ਨੂੰ ਬਾਣੀ-ਰੂਪ ਕਿਹਾ ਹੈ ।
ਬਾਣੀ-ਰੂਪ ਦੀਵਾ ਵੀ ਨਾਮ ਦਾ ਹੀ ਦੀਵਾ ਹੈ ਕਿਉਂਕਿ ਬਾਣੀ ਨਾਮ ਵੀ ਹੈ । ਗੁਰੂ ਦੀ ਬਾਣੀ ਵਿੱਚ ਨਾਮ ਦੀ ਜੋਤਿ ਨੂੰ ਆਪਣੇ ਅੰਦਰ ਜਗਾ ਕੇ ਨਾਮ ਦਾ ਦੀਵਾ ਬਣ ਜਾਂਦਾ ਹੈ । ਦੇਖੋ ਵਾਰ ਦੀ ਇੱਕ ਪਉੜੀ-
ਵਾਰ ਮਲਾਰ ਕੀ ਮਹਲਾ 1 ਰਾਣੇ ਕੈਲਾਸ ਤਥਾ ਮਾਲਦੇ ਕੀ ਧੁਨਿ॥ ਪਉੜੀ ॥ ਸਚਾ ਸਤਿਗੁਰੁ ਸੇਵਿ ਸਚੁ ਸਮਾਲਿਆ ॥ ਅੰਤਿ ਖਲੋਆ ਆਇ ਜਿ ਸਤਿਗੁਰ ਅਗੈ ਘਾਲਿਆ ॥ ਪੋਹਿ ਨ ਸਕੈ ਜਮਕਾਲੁ ਸਚਾ ਰਖਵਾਲਿਆ ॥ ਗੁਰ ਸਾਖੀ ਜੋਤਿ ਜਗਾਇ ਦੀਵਾ ਬਾਲਿਆ ॥ ਮਨਮੁਖ ਵਿਣੁ ਨਾਵੈ ਕੂੜਿਆਰ ਫਿਰਹਿ ਬੇਤਾਲਿਆ ॥ ਪਸੂ ਮਾਣਸ ਚੰਮਿ ਪਲੇਟੇ ਅੰਦਰਹੁ ਕਾਲਿਆ ॥ ਸਭੋ ਵਰਤੈ ਸਚੁ ਸਚੈ ਸਬਦਿ ਨਿਹਾਲਿਆ ॥ ਨਾਨਕ ਨਾਮੁ ਨਿਧਾਨੁ ਹੈ ਪੂਰੈ ਗੁਰਿ ਦੇਖਾਲਿਆ ॥14॥ {ਗਗਸ 1284}

ਗੁਰੂ ਜੀ ਦੇ ਦੱਸੇ ਆਤਮਕ ਜੀਵਨ ਦਾ ਦੀਵਾ ਜਗਣ ਦੇ ਸਿੱਟੇ:
ੳ). ਗੁਰੂ ਜੀ ਦੀ ਦੱਸੀ ਜੁਗਤੀ ਨਾਲ਼ ਦੀਵਾ ਜਗਾਉਣ ਤੇ ਪ੍ਰਾਣੀ ਵਿੱਚ ਪ੍ਰਭੂ ਚਿੰਤਨ ਦਾ ਚਾਅ ਬਣਦਾ ਹੈ ਜਿਸ ਨਾਲ਼ ਉਸ ਨੂੰ ਆਤਮਕ ਅਨੰਦ ਮਿਲ਼ਦਾ ਰਹਿੰਦਾ ਹੈ । ਉਸ ਪ੍ਰਾਣੀ ਨੂੰ ਫਿਰ ਸਾਰਾ ਸੰਸਾਰ ਨਾਸ਼ਵਾਨ ਜਾਪਦਾ ਹੈ ਅਤੇ ਇਸ ਨਾਲ਼ ਉਸ ਦੀ ਪਕੜ ਘਟਦੀ ਹੈ । ਪ੍ਰਭੂ ਚਿੰਤਨ ਨਾਲ਼ ਸੰਸਾਰ ਰੂਪੀ ਪ੍ਰਭੂ ਦੀ ਕਚਿਹਰੀ ਵਿੱਚ ਪ੍ਰਾਣੀ ਨੂੰ ਆਦਰ ਸਤਿਕਾਰ ਮਿਲ਼ਦਾ ਹੈ । ਕਿਉਂਕਿ ਇਹ ਸੱਚਾ ਮਾਰਗ ਹੈ ਜਿਸ ਉੱਪਰ ਚੱਲਦਿਆਂ ਜਹਾਨ ਰੂਪੀ ਰੱਬ ਦੀ ਕਚਹਿਰੀ ਵੀ ਪ੍ਰਾਣੀ ਦੀ ਉਸਤਤਿ ਕਰਦੀ ਹੈ । ਪ੍ਰਭੂ ਦੀ ਸਿਮਰਨ ਰੂਪੀ ਸੇਵਾ ਨਾਲ਼ ਪ੍ਰਾਣੀ ਨੂੰ ਫਿਰ ਕਿਸੇ ਦੀ ਮੁਹਛੰਦਗੀ ਨਹੀਂ ਰਹਿੰਦੀ ਅਤੇ ਪ੍ਰਭੂ ਦੇ ਭਾਣੇ ਨੂੰ ਮੰਨਦਾ ਹੋਇਆ ਉਹ ਸਮਤੋਲ ਰਹਿੰਦਾ ਹੈ । ਦੇਖੋ ਹੇਠ ਲਿਖੇ ਗੁਰੂ ਜੀ ਦੇ ਅੰਮ੍ਰਿਤ ਬੋਲ-

ਇਤੁ ਤਨਿ ਲਾਗੈ ਬਾਣੀਆ ॥ ਸੁਖੁ ਹੋਵੈ ਸੇਵ ਕਮਾਣੀਆ ॥ ਸਭ ਦੁਨੀਆ ਆਵਣ ਜਾਣੀਆ ॥3॥
ਵਿਚਿ ਦੁਨੀਆ ਸੇਵ ਕਮਾਈਐ ॥ ਤਾ ਦਰਗਹ ਬੈਸਣੁ ਪਾਈਐ ॥ ਕਹੁ ਨਾਨਕ ਬਾਹ ਲੁਡਾਈਐ ॥
4॥33॥

ਅ). ਆਤਮਕ ਜੀਵਨ ਲਈ ਨਾਮ ਦਾ ਦੀਵਾ ਜਗਣ ਨਾਲ਼ ਨਾਮ ਰੂਪੀ ਕੀਮਤੀ ਰਤਨ ਨੂੰ ਬਾਹਰੋਂ ਭਾਲਣ ਦੀ ਲੋੜ ਨਹੀਂ ਰਹਿੰਦੀ ਅਤੇ ਇਹ ਸ਼ਰੀਰ ਵਿੱਚੋਂ ਹੀ ਲੱਭ ਪੈਂਦਾ ਹੈ । ਦੇਖੋ ਇਸ ਬਾਰੇ ਅੰਮ੍ਰਿਤ ਵਚਨ-
ਵਾਰ ਮਾਝ ਕੀ ਮਹਲਾ 1
ਪਾਇਆ ਰਤਨੁ ਘਰਾਹੁ ਦੀਵਾ ਬਾਲਿਆ ॥ {ਗਗਸ 149}
ਘਰਾਹੁ- {ਅਪਾਦਾਨ ਕਾਰਕ} ਘਰ ਤੋਂ ਹੀ, ਸ਼ਰੀਰ ਵਿੱਚੋਂ ਹੀ । ਰਤਨੁ- ਪ੍ਰਭੂ ।

ਭਗਤ ਬੇਣੀ ਜੀ ਦੀ ਬਾਣੀ ਵਿੱਚ ਦੀਵਾ ਸ਼ਬਦ ਦੀ ਵਰਤੋਂ:
ਭਗਤ ਬੇਣੀ ਜੀ ਨੇ ਰਾਮਕਲੀ ਰਾਗੁ ਵਿੱਚ 9 ਪਦਿਆਂ ਵਾਲ਼ਾ ਇੱਕ ਸ਼ਬਦ ਲਿਖਿਆ ਹੈ । ਇਸ ਸ਼ਬਦ ਦੇ ਅੱਠਵੇਂ ਬੰਦ ਵਿੱਚ ਭਗਤ ਜੀ ਨੇ ਦੀਵਾ ਸ਼ਬਦ ਦੀ ਵਰਤੋਂ ਕੀਤੀ ਹੈ । ਭਗਤ ਜੀ ਨੇ ਇਸ ਦੀਵੇ ਦੇ ਜਗਣ ਲਈ ਪ੍ਰਭੂ ਦੀ ਜੋਤਿ ਦੀ ਗੱਲ ਕੀਤੀ ਹੈ ਜਿਸ ਤੋਂ ਸਪੱਸ਼ਟ ਹੈ ਕਿ ਭਗਤ ਜੀ ਦੁਆਰਾ ਵਰਤਿਆ ਦੀਵਾ ਸ਼ਬਦ ਨਾਮ ਦੇ ਦੀਵੇ ਵਾਸਤੇ ਹੀ ਹੈ । ਭਗਤ ਜੀ ਨੇ ਇਸ ਦੀਵੇ ਨੂੰ ਚਉਮੁਖੀਆ (ਚਾਰ ਮੂੰਹਾਂ ਵਾਲ਼ਾ ਜਿਸ ਵਿੱਚ ਚਾਰ ਵੱਟੀਆਂ ਜਗਾਈਆਂ ਜਾ ਸਕਣ) ਦੀਵਾ ਕਿਹਾ ਹੈ । ਇਸ ਦਾ ਭਾਵ ਹੈ ਕਿ ਇਹ ਨਾਮ ਦਾ ਦੀਵਾ ਆਤਮਕ ਜੀਵਨ ਦੇ ਮਾਰਗ ਵਿੱਚ ਚਾਰੇ ਪਾਸੇ ਚਾਨਣ ਹੀ ਚਾਨਣ ਕਰ ਦਿੰਦਾ ਹੈ । ਗੁਰੂ ਨਾਨਕ ਪਾਤਿਸ਼ਾਹ ਅਤੇ ਭਗਤ ਬੇਣੀ ਦੀ ਬਾਣੀ ਵਿੱਚ ਨਾਮ ਦੇ ਦੀਵੇ ਦੀ ਗੱਲ ਸਾਂਝੀ ਹੈ । ਅੰਤਰ ਕੇਵਲ ਏਨਾਂ ਕੁ ਹੈ ਕਿ ਭਗਤ ਬੇਣੀ ਜੀ ਨੇ ਦੀਵੇ ਨੂੰ ਚਉਮੁਖੀਆ ਲਿਖਿਆ ਹੈ । ਭਗਤ ਬੇਣੀ ਜੀ ਨੇ ਨਾਮ ਦੇ ਦੀਵੇ ਦੀ ਬਣਤਰ ਬਾਰੇ ਕੋਈ ਗੱਲ ਨਹੀਂ ਲਿਖੀ ਜਦੋਂ ਕਿ ਗੁਰੂ ਨਾਨਕ ਪਾਤਿਸ਼ਾਹ ਜੀ ਨੇ ਦੀਵੇ ਦੀ ਬਣਤਰ ਬਾਰੇ ਵਿਸਥਾਰ ਨਾਲ਼ ਚਰਚਾ ਕੀਤੀ ਹੈ । ਭਗਤ ਜੀ ਦੀ ਬਾਣੀ ਦੇ ਬੋਲ ਅਤੇ ਉਨ੍ਹਾਂ ਦੇ ਅਰਥ ਇਉਂ ਹਨ-

ਚਉਮੁਖ ਦੀਵਾ ਜੋਤਿ ਦੁਆਰ ॥ ਪਲੂ ਅਨਤ ਮੂਲੁ ਬਿਚਕਾਰਿ ॥ ਸਰਬ ਕਲਾ ਲੇ ਆਪੇ ਰਹੈ ॥ ਮਨੁ ਮਾਣਕੁ ਰਤਨਾ ਮਹਿ ਗੁਹੈ ॥8॥ {ਗਗਸ 974}

ਪ੍ਰਭੂ ਦੀ ਜੋਤਿ ਦੁਆਰਾ ਉਸ ਦੇ ਅੰਦਰ (ਮਾਨੋ) ਚਾਰ ਮੂੰਹਾਂ ਵਾਲਾ ਦੀਵਾ ਜਗ ਪੈਂਦਾ ਹੈ (ਜਿਸ ਕਰਕੇ ਹਰ ਪਾਸੇ ਚਾਨਣ ਹੀ ਚਾਨਣ ਰਹਿੰਦਾ ਹੈ); (ਉਸ ਦੇ ਅੰਦਰ, ਮਾਨੋ, ਇਕ ਐਸਾ ਫੁੱਲ ਖਿੜ ਪੈਂਦਾ ਹੈ, ਜਿਸ ਦੇ) ਵਿਚਕਾਰ ਪ੍ਰਭੂ-ਰੂਪ ਮਕਰੰਦ ਹੁੰਦਾ ਹੈ ਤੇ ਉਸ ਦੀਆਂ ਬੇਅੰਤ ਪੱਤੀਆਂ ਹੁੰਦੀਆਂ ਹਨ (ਅਨμਤ ਰਚਨਾ ਵਾਲਾ ਪ੍ਰਭੂ ਉਸ ਦੇ ਅੰਦਰ ਪਰਗਟ ਹੋ ਪੈਂਦਾ ਹੈ) ਉਹ ਮਨੁੱਖ ਸਾਰੀਆਂ ਤਾਕਤਾਂ ਦੇ ਮਾਲਕ ਪ੍ਰਭੂ ਨੂੰ ਆਪਣੇ ਅੰਦਰ ਵਸਾ ਲੈਂਦਾ ਹੈ, ਉਸ ਦਾ ਮਨ ਮੋਤੀ (ਬਣ ਕੇ ਪ੍ਰਭੂ ਦੇ ਗੁਣ ਰੂਪ) ਰਤਨਾਂ ਵਿਚ ਜੁੜਿਆ ਰਹਿੰਦਾ ਹੈ ।8।

ਭਗਤ ਰਵਿਦਾਸ ਜੀ ਦੀ ਬਾਣੀ ਵਿੱਚ ਸ਼ਬਦ- ਦੀਵਾ:

ਧਨਾਸਰੀ ਰਾਗੁ ਦੇ ਇੱਕ ਸ਼ਬਦ ਵਿੱਚ ਭਗਤ ਰਵਿਦਾਸ ਜੀ ਨੇ ਕਿਸੇ ਮੂਰਤੀ ਅੱਗੇ ਦੀਵੇ ਘੁਮਾ ਕੇ ਆਰਤੀ ਕਰਨ ਦੀ ਥਾਂ ਨਾਮ ਦਾ ਦੀਵਾ ਜਗਾਉਣ ਲਈ ਕਿਹਾ ਹੈ ।

ਨਾਮੁ ਤੇਰਾ ਦੀਵਾ ਨਾਮੁ ਤੇਰੋ ਬਾਤੀ ਨਾਮੁ ਤੇਰੋ ਤੇਲੁ ਲੇ ਮਾਹਿ ਪਸਾਰੇ ॥ {ਗਗਸ 694}

ਵਿਚਾਰ: ਭਗਤ ਜੀ ਦੇ ਇਹ ਵਿਚਾਰ ਗੁਰੂ ਨਾਨਕ ਪਾਤਿਸ਼ਾਹ ਜੀ ਦੇ ਵਿਚਾਰਾਂ ਵਾਲ਼ੇ ਹੀ ਹਨ । ਫ਼ਰਕ ਕੇਵਲ ਏਨਾ ਕੁ ਹੈ ਕਿ ਭਗਤ ਰਵਿਦਾਸ ਜੀ ਨੇ ਦੀਵੇ, ਵੱਟੀ ਅਤੇ ਤੇਲ ਨੂੰ ਨਾਮ ਹੀ ਕਿਹਾ ਹੈ ਜਦੋਂ ਕਿ ਗੁਰੂ ਨਾਨਕ ਪਾਤਿਸ਼ਾਹ ਜੀ ਨੇ ਦੀਵੇ ਲਈ ਮਿੱਟੀ, ਵੱਟੀ ਦਾ ਸਾਮਾਨ ਅਤੇ ਤੇਲ ਦੀ ਸਹੀ ਚੋਣ ਬਾਰੇ ਵਿਸਥਾਰ ਨਾਲ਼ ਲਿਖਿਆ ਹੈ । ਗੱਲ ਦੋਹਾਂ ਬਾਣੀਕਾਰਾਂ ਨੇ ਨਾਮ ਦੇ ਦੀਵੇ ਦੀ ਹੀ ਕੀਤੀ ਹੈ ।
ਭਗਤ ਜੀ ਨੇ ਨਾਮ ਦੇ ਦੀਵੇ ਦੀ ਗੱਲ ਕਰਦਿਆਂ ਇਸ ਸ਼ਬਦ ਨੂੰ ਸੰਕੋਚ ਕੇ ਵਰਤਿਆ ਹੈ । ਕੇਵਲ ਏਨਾਂ ਹੀ ਕਿਹਾ ਹੈ - ਹੇ ਪ੍ਰਭੂ! ਤੇਰਾ ਨਾਮ ਮੇਰੇ ਲਈ ਦੀਵਾ ਹੈ । ਇਹ ਨਹੀਂ ਦੱਸਿਆ ਕਿ ਇਹ ਦੀਵਾ ਕਿਵੇਂ ਬਣੇਗਾ । ਭਗਤ ਬਾਣੀ ਦਾ ਸੰਗ੍ਰਹਿ ਗੁਰੂ ਨਾਨਕ ਪਾਤਿਸ਼ਾਹ ਕੋਲ਼ ਮੌਜੂਦ ਸੀ । ਗੁਰੂ ਪਾਤਿਸ਼ਾਹ ਜੀ ਨੇ ਭਗਤ ਰਵਿਦਾਸ ਜੀ ਦੇ ਇਸ ਸ਼ਬਦ ਨੂੰ ਵੀ ਪੜ੍ਹਿਆ । ਭਗਤ ਰਦਿਵਾਸ ਜੀ ਵਲੋਂ ਦੱਸੇ ਗਏ ਨਾਮ ਦੇ ਦੀਵੇ ਦੀ ਗੁਰੂ ਨਾਨਕ ਸਾਹਿਬ ਵਲੋਂ ਖੁੱਲ੍ਹ ਕੇ ਵਿਚਾਰ ਕੀਤੀ ਗਈ ਹੈ ਅਤੇ ਇਸ ਦੀਵੇ ਨੂੰ ਬਣਾਉਣ ਦੀ ਵਿਧੀ ਅਤੇ ਇਸ ਦੀਆਂ ਬਹੁਤੀਆਂ ਬਰਕਤਾਂ ਦਾ ਜ਼ਿਕਰ ਵੀ ਕੀਤਾ ਹੈ ।

ਭਾਈ ਸੁੰਦਰ ਜੀ ਵਲੋਂ ਦੀਵਾ ਸ਼ਬਦ ਦੀ ਵਰਤੋਂ:

ਤੀਜੇ ਗੁਰੂ ਜੀ ਵਲੋਂ ਆਪਣੀ ਅੰਤਮ ਕਿਰਿਆ ਬਾਰੇ ਦੱਸਦਿਆਂ ਭਾਈ ਸੁੰਦਰ ਵਲੋਂ ਕੁੱਝ ਵਚਨ ਲਿਖੇ ਗਏ ਹਨ । ਇਨ੍ਹਾਂ ਵਿੱਚ ਦੀਵਾ ਸ਼ਬਦ ਮਿੱਟੀ ਜਾਂ ਧਾਤ ਆਦਿਕ ਦੇ ਦੀਵੇ ਬਾਰੇ ਹੀ ਗੱਲ ਕੀਤੀ ਗਈ ਹੈ । ਦੱਸਿਆ ਗਿਆ ਹੈ ਗੁਰੂ ਨੇ ਪਿੰਡ, ਪੱਤਲ, ਕਿਰਿਆ ਦੀਵਾ, ਫੁੱਲ ਆਦਿਕ ਨੂੰ ਕੋਈ ਵਿਸ਼ੇਸ਼ਤਾ ਨਹੀਂ ਦਿੱਤੀ ਅਤੇ ਇਨ੍ਹਾਂ ਨੂੰ ਸਤਿ ਸੰਗਤ ਤੋਂ ਕੁਰਬਾਨ ਕੀਤਾ ਹੈ । {ਇਨ੍ਹਾਂ ਵਚਨਾਂ ਨੂੰ ਨਾ ਸਮਝਦਿਆਂ ਹੋਇਆਂ ਅਗਿਆਨੀ ਬਣ ਕੇ ਸੂਰਜ ਪ੍ਰਕਾਸ਼ ਦੇ ਕਰਤਾ ਨੇ ਲਿਖ ਮਾਰਿਆ ਹੈ ਕਿ ਗੁਰੂ ਜੀ ਦੀਆਂ ਅਸਥੀਆਂ ਗੰਗਾ-ਹਰਿਦੁਆਰ ਵਿੱਚ ਪਾਈਆਂ ਗਈਆਂ ਸਨ ਜੋ ਸਿੱਖੀ ਵਿਚਾਰਧਾਰਾ ਦੀਆਂ ਧਜੀਆਂ ਉਡਾਉਣ ਵਾਲ਼ੀ ਕੋਝੀ ਹਰਕਤ ਹੈ।} ਭਾਈ ਸੁੰਦਰ ਜੀ ਦੇ ਵਚਨ ਦੇਖੋ-

ਪਿੰਡੁ ਪਤਲਿ ਕਿਰਿਆ ਦੀਵਾ ਫੁਲ ਹਰਿ ਸਰਿ ਪਾਵਏ ॥ {ਗਗਸ 923}

ਅਰਥ: - ਭਾਈ ਸੁੰਦਰ ਜੀ ਦੱਸਦੇ ਹਨ ਕਿ ਗੁਰੂ ਜੀ ਤਾਂ ਪਿੰਡ ਪਤਲਿ, ਕਿਰਿਆ, ਦੀਵਾ ਅਤੇ ਫੁੱਲ - ਇਹਨਾਂ ਸਭਨਾਂ ਨੂੰ ਸਤਸੰਗ ਤੋਂ ਸਦਕੇ ਕਰਦੇ ਹਨ ।
ਕਿਰਿਆ- {ਫਰੋਚੲਸਸ} ਸਾਧਨ ਹੈ, ਠੋਸ ਨਹੀਂ ਹੈ ਜੋ ਚੁੱਕ ਕੇ ਕਿਤੇ ਲੈਜਾਈ ਅਤੇ ਪਾਈ ਜਾ ਸਕੇ । ਹਰਿ- {ਸੰਬੰਧ ਕਾਰਕ} ਪ੍ਰਭੂ ਦੇ। ਸਰਿ- {ਅਧਿਕਰਣ ਕਾਰਕ} ਸਰੋਵਰ ਵਿੱਚ । ਗੁਰਬਾਣੀ ਵਿੱਚ ਵਿਚ ਹਰੀ ਦੇ ਚਰਨਾਂ ਨੂੰ, ਹਰੀ ਨੂੰ ਗੁਰੂ ਨੂੰ ਅਤੇ ਸਤਸੰਗ ਨੂੰ ਹਰਿਸਰੁ ਆਖਿਆ ਗਿਆ ਹੈ । ਪਾਵਏ- {ਵਰਤਮਾਨ ਕਾਲ਼ ਦੀ ਤੀਜੇ ਪੁਰਖ ਦੀ ਇੱਕ-ਵਚਨ ਕਿਰਿਆ} ਪਾਉਂਦਾ ਹੈ । ਪਾਵਏ ਸ਼ਬਦ ਦਾ ਅਰਥ ਪਾ ਦਿਓ ਜਾਂ ਪਾਇਓ ਨਹੀਂ ਹੈ ।

ਵਿਚਾਰ ਦਾ ਸਿੱਟਾ:
ਭਗਤ ਬੇਣੀ ਜੀ ਅਤੇ ਭਗਤ ਰਵਿਦਾਸ ਜੀ ਦੀ ਬਾਣੀ ਗੁਰੂ ਨਾਨਕ ਸਾਹਿਬ ਕੋਲ਼ ਮੌਜੂਦ ਸੀ ਜਿਸ ਨੂੰ ਗੁਰੂ ਜੀ ਨੇ ਚੰਗੀ ਤਰ੍ਹਾਂ ਪੜ੍ਹਿਆ ਅਤੇ ਵਾਚਿਆ ਸੀ । ਜਿੱਥੋਂ ਤਕ ਨਾਮ ਦੇ ਦੀਵੇ ਵਾਲ਼ੀ ਗੱਲ ਹੈ ਉਹ ਤਿੰਨਾਂ ਬਾਣੀਕਾਰਾਂ ਵਿੱਚ ਸਾਂਝੀ ਹੈ । ਭਗਤਾਂ ਨੇ ਨਾਮ ਦੇ ਦੀਵੇ ਦੀ ਬਣਤਰ ਬਾਰੇ ਵਿਸਥਾਰ ਨਾਲ਼ ਨਹੀਂ ਲਿਖਿਆ ਜਦੋਂ ਕਿ ਗੁਰੂ ਨਾਨਕ ਪਾਤਿਸ਼ਾਹ ਜੀ ਨੇ ਇਸ ਗੁੱਝੀ ਰਮਜ਼ ਨੂੰ ਆਪਣੀ ਬਾਣੀ ਵਿੱਚ ਪੂਰੇ ਵਿਸਥਾਰ ਨਾਲ਼ ਬਿਆਨ ਕੀਤਾ ਹੈ । ਭਾਈ ਸੁੰਦਰ ਅਤੇ ਗੁਰੂ ਨਾਨਕ ਪਾਤਿਸ਼ਾਹ ਜੀ ਨੇ ਪਿੰਡ ਪਤਲਿ ਕਿਰਿਆ ਦੀਵਾ ਸ਼ਬਦਾਂ ਦੀ ਸਮਾਨ ਵਰਤੋਂ ਕਰ ਕੇ ਦੀਵਾ ਸ਼ਬਦ ਦੇ ਮਿੱਟੀ ਆਦਿਕ ਦਾ ਦੀਵਾ ਵਜੋਂ ਸਮਾਨ ਅਰਥ ਵਰਤੇ ਹਨ । ਭਾਈ ਸੁੰਦਰ ਜੀ ਨੇ ਨਾਮ ਦੇ ਦੀਵੇ ਦੀ ਗੱਲ ਨਹੀਂ ਕੀਤੀ ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top