Khalsa News homepage

 

 Share on Facebook

Main News Page

ਗੁਰਬਾਣੀ ਵਿੱਚ ‘ਦੇਵ’ ਅਤੇ ‘ਦੇਉ’ ਸ਼ਬਦ ਦੀ ਬਹੁ-ਭਾਂਤੀ ਵਰਤੋਂ
-: ਪ੍ਰੋ. ਕਸ਼ਮੀਰਾ ਸਿੰਘ USA
21.10.19

ਗੁਰੂ ਗ੍ਰੰਥ ਸਾਹਿਬ ਵਿੱਚ ‘ਦੇਵ’ ਸ਼ਬਦ ਦੀ ਵਰਤੋਂ ਲੱਗਭਗ 100 ਵਾਰੀ ਅਤੇ ‘ਦੇਉ’ ਸ਼ਬਦ ਦੀ ਵਰਤੋਂ ਲੱਗਭਗ 56 ਵਾਰੀ ਕੀਤੀ ਗਈ ਮਿਲ਼ਦੀ ਹੈ । ਇਨ੍ਹਾਂ ਸ਼ਬਦਾਂ ਦੀ ਸਮੁੱਚੀ ਗੁਰਬਾਣੀ ਵਿੱਚ ਕੀਤੀ ਵਰਤੋਂ ਦੇ ਢੰਗ ਤਰੀਕੇ ਜਾਂ ਅਰਥਾਂ ਨੂੰ ਸਮਝਣ ਤੋਂ ਬਿਨਾਂ ਇਨ੍ਹਾਂ ਬਾਰੇ ਟਪਲੇ ਲੱਗਣੇ ਸੁਭਾਵਕ ਹਨ । ਭਗਤ ਨਾਮਦੇਵ ਜਾਂ ਨਾਮਦੇਉ ਸ਼ਬਦ ਵੱਖਰੇ ਸ਼ਬਦ ਹਨ ਜੋ 35 ਬਾਣੀ ਕਾਰਾਂ ਵਿੱਚੋਂ ਇੱਕ ਦਾ ਨਾਂ ਪ੍ਰਗਟ ਕਰਦੇ ਹਨ । ਭਗਤ ਜੈ ਦੇਵ ਜਾਂ ਜੈ ਦੇਉ ਵੀ ਇੱਕ ਬਾਣੀਕਾਰ ਦਾ ਨਾਂ ਹੈ । ਸਮੁੱਚੀ ਬਾਣੀ ਵਿੱਚ ‘ਦੇਵ’ ਅਤੇ ਦੇਉ’ ਸ਼ਬਦਾਂ ਦੇ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਦੋ ਭਗਤਾਂ ਦੇ ਨਾਵਾਂ ਤੋਂ ਬਿਨਾਂ ਹੋਰ ਕਿਸੇ ਬਾਣੀਕਾਰ ਦੇ ਨਾਂ ਦਾ ਹਿੱਸਾ ਇਹ ‘ਦੇਵ’ ਜਾਂ ‘ਦੇਉ’ ਸ਼ਬਦ ਨਹੀਂ ਹਨ । ਆਓ ਪਹਿਲਾਂ ‘ਦੇਵ’ ਸ਼ਬਦ ਦੀ ਕੀਤੀ ਵਰਤੋਂ ਦੇ ਕੁੱਝ ਕੁ ਪ੍ਰਮਾਣ ਲੈਂਦੇ ਹਾਂ-

ੳ). ਦੀਨਾ ਨਾਥ ਦੈਆਲ ਦੇਵ ਪਤਿਤ ਉਧਾਰਣਹਾਰੁ॥ {ਗਗਸ 137/2}
ਦੈਆਲ ਦੇਵ- ਪ੍ਰਭੂ ਵਾਸਤੇ ਦੇਵ (ਪ੍ਰਕਾਸ਼ ਰੂਪ) ਸ਼ਬਦ: ਦੈਆਲ ਦੇਵ ਕਿਸੇ ਦਾ ਨਾਂ ਨਹੀਂ ਹੈ । ਪ੍ਰਭੂ ਦਇਆਲ ਹੈ ਅਤੇ ਪ੍ਰਕਾਸ਼-ਰੂਪ ਹੈ ।

ਅ). ਆਦਿ ਪੁਰਖੁ ਅਪਰੰਪਰ ਦੇਵ॥ {ਗਗਸ 187/15}
ਦੇਵ=ਪ੍ਰਕਾਸ਼ ਰੂਪ ਪ੍ਰਭੂ ।

ੲ). ਮੋਕਉ ਸਤਿਗੁਰੁ ਭਏ ਦਇਆਲ ਦੇਵ॥ {ਗਗਸ 209/8}
ਦੇਵ= ਸੰਬੋਧਨ ਕਾਰਕ, ਹੇ ਪ੍ਰਕਾਸ਼ ਰੂਪ ਪ੍ਰਭੂ!

ਸ). ਕਾਮੁ ਕ੍ਰੋਧ ਅਹੰਕਾਰੁ ਬਿਨਸੈ ਮਿਲੈ ਸਤਿਗੁਰ ਦੇਵ॥ {ਗਗਸ 405/10}
ਸਤਿਗੁਰ ਦੇਵ= ਗੁਰੂ-ਦੇਵ, ਪ੍ਰਕਾਸ਼-ਰੂਪ ਗੁਰੂ ।

ਹ). ਸੋ ਵਸੈ ਇਤੁ ਘਰਿ ਜਿਸੁ ਗੁਰੁ ਪੂਰਾ ਸੇਵ॥ ਅਬਿਚਲ ਨਗਰੀ ਨਾਨਕ ਦੇਵ ॥8॥1॥
ਦੇਵ- {ਸੰਬੰਧ ਕਾਰਕ}, ਦੇਵ ਦੀ, ਪ੍ਰਕਾਸ਼ ਰੂਪ ਪ੍ਰਭੂ ਦੀ ਅਬਿਚਲ ਨਗਰੀ ।
ਅਰਥ: ਹੇ ਨਾਨਕ! (ਆਖ-ਹੇ ਭਾਈ!) ਪੂਰਾ ਗੁਰੂ ਜਿਸ ਮਨੁੱਖ ਨੂੰ ਪ੍ਰਭੂ ਦੀ ਸੇਵਾ-ਭਗਤੀ ਦੀ ਦਾਤਿ ਬਖ਼ਸ਼ਦਾ ਹੈ ਉਹ ਇਸ (ਐਸੇ ਹਿਰਦੇ-) ਘਰ ਵਿਚ ਵੱਸਦਾ ਰਹਿੰਦਾ ਹੈ ਜੋ ਪਰਮਾਤਮਾ ਦੇ ਰਹਿਣ ਵਾਸਤੇ (ਵਿਕਾਰਾਂ ਵਿਚ) ਕਦੇ ਨਾਹ ਡੋਲਣ ਵਾਲੀ ਨਗਰੀ ਬਣ ਜਾਂਦਾ ਹੈ ।8।1।

ਨੋਟ: ਨਾਨਕ ਦੇਵ ਪਹਿਲੇ ਗੁਰੂ ਜੀ ਦਾ ਨਾਂ ਨਹੀਂ ਹੈ । ‘ਨਾਨਕ’ ਸ਼ਬਦ ਸੰਬੋਧਨ ਕਾਰਕ ਵਿੱਚ ਹੈ- ਹੇ ਨਾਨਕ! ਸ਼ਬਦ-ਜੋੜ ਨਾਨਕੁ ਦੇਵੁ ਨਹੀਂ ਹਨ ਜੋ ਨਾਂ ਬਣ ਸਕੇ ਪਰ ਪ੍ਰਕਰਣ ਅਨੁਸਾਰ ਇਹ ਸ਼ਬਦ ਜੋੜ ਹੋ ਵੀ ਨਹੀਂ ਸਕਦੇ ।

ਕ). ਸੇਵਹੁ ਸਤਿਗੁਰ ਦੇਵ ਅਗੈ ਨ ਮਰਹੁ ਡਰਿ॥ {ਗਗਸ 519/13}
ਸਤਿਗੁਰ ਦੇਵ=ਗੁਰੂ-ਦੇਵ ਨੂੰ, ਪ੍ਰਕਾਸ਼-ਰੂਪ ਗੁਰੂ ਨੂੰ । ਸਤਿਗੁਰ ਦੇਵ ਸ਼ਬਦ ਸੰਪਰਦਾਨ ਕਾਰਕ ਵਿੱਚ ਹਨ ।

ਖ). ਮਹਿਮਾ ਕਹੀ ਨ ਜਾਇ ਗੁਰ ਸਮਰਥ ਦੇਵ॥ {ਗਗਸ 522/14}
ਗੁਰ ਸਮਰਥ ਦੇਵ {ਦੇਵ-ਸੰਬੰਧ ਕਾਰਕ} =ਸਮਰਥ ਗੁਰਦੇਵ ਦੀ । ਇਵੇਂ ਹੀ ‘ਗੁਰ ਨਾਨਕ ਦੇਵ’ ਵਾਕ-ਅੰਸ਼ ਹੋਵੇ ਤਾਂ ਅਰਥ ਬਣੇਗਾ- ਨਾਨਕ ਗੁਰਦੇਵ (ਗੁਰੂ) ।

ਗ). ਸਰਨਿ ਦੇਵ ਅਪਾਰ ਨਾਨਕ ਬਹੁਰਿ ਜਮੁ ਨਹੀ ਲੁਝੈ ॥2॥7॥15॥ {1122/3}
ਅਰਥ: ਹੇ ਨਾਨਕ! ਜਿਹੜਾ ਮਨੁੱਖ ਚਾਨਣ-ਰੂਪ ਬੇਅੰਤ ਪ੍ਰਭੂ ਦੀ ਸਰਨ ਵਿਚ ਆ ਜਾਂਦਾ ਹੈ, ਜਮਦੂਤ ਮੁੜ ਉਸ ਨਾਲ ਕੋਈ ਝਗੜਾ ਨਹੀਂ ਪਾਂਦਾ ।2।7।15।

ਨੋਟ: ‘ਦੇਵ’ ਸ਼ਬਦ ਨੂੰ ‘ਨਾਨਕ’ ਸ਼ਬਦ ਨਾਲ਼ ਜੋੜ ਕੇ ਨਾਨਕ ਦੇਵ ਨਾਂ ਨਹੀਂ ਬਣਾਇਆ ਜਾ ਸਕਦਾ । ‘ਦੇਵ’ ਅਤੇ ‘ਅਪਾਰ’ ਸ਼ਬਦ ਸੰਬੰਧ ਕਾਰਕ ਵਿੱਚ ਹਨ । ਅਰਥ ਬਣਨਗੇ- ਪ੍ਰਕਾਸ਼ ਰੂਪ ਅਪਾਰ ਪ੍ਰਭੂ ਦੀ । ‘ਨਾਨਕ’ ਸ਼ਬਦ ਸੰਬੋਧਨ ਕਾਰਕ ਵਿੱਚ ਹੈ ।

ਘ). ਨਾਨਕ ਸੇਵ ਅਪਾਰ ਦੇਵ ਤਟਹ ਖਟਹ ਬਰਤ ਪੂਜਾ ਗਵਨ ਭਵਨ ਜਾਤ੍ਰ ਕਰਨ ਸਗਲ ਫਲ ਪੁਨੀ ॥2॥1॥57॥8॥21॥7॥57॥93॥ {ਗਗਸ 1153/5}
ਅਰਥ: ਹੇ ਨਾਨਕ! ਬੇਅੰਤ ਪ੍ਰਭੂ-ਦੇਵ (ਪ੍ਰਕਾਸ਼ ਰੂਪ ਪ੍ਰਭੂ) ਦੀ ਸੇਵਾ-ਭਗਤੀ ਹੀ ਤੀਰਥ-ਜਾਤ੍ਰਾ ਹੈ, ਭਗਤੀ ਹੀ ਛੇ ਸ਼ਾਸਤਰਾਂ ਦੀ ਵਿਚਾਰ ਹੈ, ਭਗਤੀ ਹੀ ਦੇਵ-ਪੂਜਾ ਹੈ, ਭਗਤੀ ਹੀ ਦੇਸ-ਰਟਨ ਤੇ ਤੀਰਥ-ਜਾਤ੍ਰਾ ਹੈ । ਸਾਰੇ ਫਲ ਸਾਰੇ ਪੁੰਨ ਪਰਮਾਤਮਾ ਦੀ ਸੇਵਾ-ਭਗਤੀ ਵਿਚ ਹੀ ਹਨ ।

ਨੋਟ: ਏਥੇ ਵੀ ‘ਦੇਵ’ ਸ਼ਬਦ ‘ਨਾਨਕ’ ਸ਼ਬਦ ਨਾਲ਼ ਜੁੜ ਕੇ ਨਾਂ (ਗੁਰੂ ਨਾਨਕ ਦੇਵ ਜੀ) ਨਹੀਂ ਬਣਾਏਗਾ । ‘ਅਪਾਰ’ ਅਤੇ ‘ਦੇਵ’ ਸ਼ਬਦ ਸੰਬੰਧ ਕਾਰਕ ਵਿੱਚ ਹਨ ਅਤੇ ਅਪਾਰ ਦੇਵ ਦਾ ਅਰਥ ਹੈ- ਬੇਅੰਤ ਪ੍ਰਕਾਸ਼ ਰੂਪ ਦੀ, ਪ੍ਰਭੂ ਦੀ । ‘ਨਾਨਕ’ ਸ਼ਬਦ ਸੰਬੋਧਨ ਕਾਰਕ ਵਿੱਚ ਹੈ ।

ਙ). ਰਵਿਦਾਸ ਧਿਆਏ ਪ੍ਰਭ ਅਨੂਪ॥ ਗੁਰ ਨਾਨਕ ਦੇਵ ਗੋਵਿੰਦ ਰੂਪ ॥8॥1॥
ਵਿਚਾਰ: ‘ਨਾਨਕ’ ਸ਼ਬਦ ਸੰਬੋਧਨ ਕਾਰਕ ਵਿੱਚ ਹੈ, ਹੇ ਨਾਨਕ! ‘ਗੁਰ’ ਸ਼ਬਦ ‘ਦੇਵ’ ਸ਼ਬਦ ਨਾਲ਼ ਜੁੜ ਕੇ ‘ਗੁਰਦੇਵ’ ਬਣਾਏਗਾ । ਗੁਰਦੇਵ- ਗੁਰੂ ਹੀ, ਪ੍ਰਕਾਸ਼-ਰੂਪ ਗੁਰੂ ਹੀ । ਗੋਵਿੰਦ {ਸੰਬੰਧ ਕਾਰਕ} ਗੋਵਿੰਦ ਦਾ, ਪ੍ਰਭੂ ਦਾ । ਰੂਪ- ਰੂਪ ਹੀ ਹੈ । ਨੋਟ: ‘ਗੁਰੁ ਨਾਨਕੁ ਦੇਵੁ’ ਲਿਖਿਆ ਹੁੰਦਾ ਤਾਂ ਪਹਿਲੇ ਗੁਰੂ ਜੀ ਦਾ ਨਾਂ ਬਣਨਾ ਸੀ ਪਰ ਅਜਿਹਾ ਨਹੀਂ ਹੈ ।
ਅਰਥ: ਰਵਿਦਾਸ ਨੇ ਭੀ ਸੋਹਣੇ ਪ੍ਰਭੂ ਦਾ ਸਿਮਰਨ ਕੀਤਾ । ਹੇ ਨਾਨਕ! ਆਖ ਕਿ ਗੁਰੂ ਪਰਮਾਤਮਾ ਦਾ ਰੂਪ ਹੀ ਹੈ ।

ਚ). ਦਰਸਨ ਪਿਆਸ ਬਹੁਤੁ ਮਨਿ ਮੇਰੈ॥ ਮਿਲੁ ਨਾਨਕ ਦੇਵ ਜਗਤ ਗੁਰ ਕੇਰੈ ॥2॥1॥34॥ {ਗਗਸ 1304/18}
ਅਰਥ: ਹੇ ਜਗਤ ਦੇ ਗੁਰਦੇਵ! ਮੇਰੇ ਮਨ ਵਿਚ ਤੇਰੇ ਦਰਸਨ ਦੀ ਬਹੁਤ ਤਾਂਘ ਹੈ, (ਮੈਨੂੰ) ਨਾਨਕ ਨੂੰ ਮਿਲ ।2।1।34।
ਵਿਚਾਰ: ‘ਨਾਨਕ’ ਸ਼ਬਦ ਉਕਾਰਾਂਤ ਨਹੀਂ ਸਗੋਂ ਸੰਪ੍ਰਦਾਨ ਕਾਰਕ ਵਿੱਚ ਹੈ ਜਿਸ ਦਾ ਅਰਥ ਹੈ- ਨਾਨਕ ਨੂੰ । ਮਿਲੁ ਨਾਨਕ- ਮੈਨੂੰ ਨਾਨਕ ਨੂੰ ਮਿਲ਼ । ਕੌਣ ਮਿਲ਼ੇ? ਦੇਵ ਜਗਤ ਗੁਰ ਕੇਰੈ- ਜਗਤ ਦਾ ਗੁਰਦੇਵ, ਜਗਤ ਦਾ ਮਾਲਿਕ । ਕੇਰੈ- ਦੇ । ‘ਜਗਤ’ ਸ਼ਬਦ ਸੰਬੰਧ ਕਾਰਕ ਵਿੱਚ ਹੈ । ‘ਗੁਰਦੇਵ’ ਸੰਬੋਧਨ ਕਾਰਕ ਵਿੱਚ ਹੈ । ਗੁਰਬਾਣੀ ਵਿਆਕਰਣ ਅਨੁਸਾਰ ਇੱਥੇ ‘ਨਾਨਕ’ ਨੂੰ ‘ਨਾਨਕੁ’ ਅਤੇ ‘ਦੇਵ’ ਨੂੰ ‘ਦੇਵੁ’ ਨਹੀਂ ਲਿਖਿਆ ਜਾ ਸਕਦਾ ਇਸ ਲਈ ‘ਦੇਵ’ ਸ਼ਬਦ ਨੂੰ ‘ਨਾਨਕ’ ਸ਼ਬਦ ਨਾਲ਼ ਜੋੜ ਕੇ ਪਹਿਲੇ ਗੁਰੂ ਜੀ ਦਾ ਨਾਂ ਨਹੀਂ ਬਣਾਇਆ ਜਾ ਸਕਦਾ ।

ਛ). ਜਪ੍ਹਉ ਜਿਨ੍‍ ਅਰਜੁਨ ਦੇਵ ਗੁਰੂ ਫਿਰਿ ਸੰਕਟ ਜੋਨਿ ਗਰਭ ਨ ਆਯਉ ॥6॥
ਵਿਚਾਰ: ਅਰਜੁਨ- {ਸੰਪ੍ਰਦਾਨ ਕਾਰਕ} ਅਰਜੁਨ ਨੂੰ । ਦੇਵ ਗੁਰੂ- ਗੁਰੂਦੇਵ ਨੂੰ । ਅਰਜੁਨ ਦੇਵ ਗੁਰੂ- ਗੁਰੂਦੇਵ (ਪ੍ਰਕਾਸ਼-ਰੂਪ) ਅਰਜੁਨ ਨੂੰ , ਗੁਰੂ ਅਰਜੁਨ ਨੂੰ । ਜਿਵੇਂ ਪਿਛਲੇ ਪ੍ਰਮਾਣਾਂ ਵਿੱਚ ਦੇਖਿਆ ਹੈ ਕਿ ਦੇਵ ਸ਼ਬਦ ਗੁਰੂ ਨਾਲ਼ ਜੁੜ ਕੇ ਗੁਰੂਦੇਵ (ਗੁਰੂ) ਸ਼ਬਦ ਬਣਾਉਂਦਾ ਹੈ ਇਵੇਂ ਹੀ ਇਸ ਪ੍ਰਮਾਣ ਵਿੱਚ ਵੀ ‘ਦੇਵ’ ਸ਼ਬਦ ‘ਗੁਰੂ’ ਸ਼ਬਦ ਨਾਲ਼ ਹੀ ਜੁੜਨਾ ਹੈ । ਭੱਟਾਂ ਦੇ ਸਵੱਯਾਂ ਵਿੱਚ 20 ਵਾਰੀ ‘ਅਰਜੁਨ’ ਸ਼ਬਦ ਹੀ ਵਰਤਿਆ ਗਿਆ ਹੈ । ‘ਦੇਵ’ ਸ਼ਬਦ ਦਾ ਸੰਬੰਧ ‘ਗੁਰੂ’ ਸ਼ਬਦ ਨਾਲ਼ ਉੱਪਰ ਲਿਖੇ ਪ੍ਰਮਾਣਾਂ ਵਿੱਚ ਜੁੜਦਾ ਹੈ ਜਿੱਥੇ ਇਹ ਦੋਵੇਂ ਸ਼ਬਦ ਇੱਕੋ ਵਾਕ ਵਿੱਚ ਵਰਤੇ ਗਏ ਹਨ । ਉੱਪਰੋਕਤ ਖ, ਙ ਅਤੇ ਚ ਪ੍ਰਮਾਣ ਮੁੜ ਦੇਖੇ ਜਾ ਸਕਦੇ ਹਨ ।

ਜ). ਅੰਤੁ ਨ ਪਾਵਤ ਦੇਵ ਸਬੈ ਮੁਨਿ ਇੰਦ੍ਰ ਮਹਾ ਸਿਵ ਜੋਗ ਕਰੀ॥ {ਗਗਸ 1409/1}
ਬਹੁਤ ਸਾਰੇ ਥਾਵਾਂ ਉੱਤੇ ‘ਦੇਵ’ ਸ਼ਬਦ ਦੀ ਵਰਤੋਂ ‘ਦੇਵਤਿਆਂ’ ਦੇ ਅਰਥ ਵਿੱਚ ਹੋਈ ਹੈ ਜਿਵੇਂ ਇਸੇ ਪੰਕਤੀ ਵਿੱਚ ਵੀ ਹੈ ।

‘ਦੇਉ’ ਸ਼ਬਦ ਦੀ ਗੁਰਬਾਣੀ ਵਿੱਚ ਵਰਤੋਂ:

‘ਦੇਵ’ ਸ਼ਬਦ ਤੋਂ /ਵ/ ਦੀ /ਉ/ ਵਿੱਚ ਹੋਈ ਤਬਦੀਲੀ ਤੋਂ ‘ਦੇਉ’ ਸ਼ਬਦ ਬਣਿਆਂ ਹੈ । ‘ਦੇਵ’ ਸ਼ਬਦ ਦੀ ਤਰ੍ਹਾਂ ਇਸ ਸ਼ਬਦ ਦੀ ਵਰਤੋਂ ਕੀਤੀ ਗਈ ਹੈ । ਬਹੁਤ ਥਾਵਾਂ ਉੱਤੇ ‘ਦੇਉ’ ਸ਼ਬਦ ਕਿਰਿਆ ਰੂਪ ਵਿੱਚ ਵੀ ਵਰਤਿਆ ਗਿਆ ਹੈ ਜਿੱਥੇ ‘ਦੇਉ’ ਦਾ /ਦੇਉਂ/ ਬਣ ਜਾਂਦਾ ਹੈ । ਗੁਰਬਾਣੀ ਵਿੱਚੋਂ ਕੁੱਝ ਕੁ ਪ੍ਰਮਾਣ ਹੇਠਾਂ ਲਿਖੇ ਜਾਂਦੇ ਹਨ: -

ੳ). ਆਤਮ ਦੇਉ ਪੂਜੀਐ ਬਿਨੁ ਸਤਿਗੁਰ ਬੂਝੁ ਨ ਪਾਇ॥ {ਗਗਸ 87/6}
ਦੇਉ- ਚਾਨਣ ਸਰੂਪ । ਆਤਮਦੇਉ- ਆਤਮਾ ਨੂੰ ਪ੍ਰਕਾਸ਼ ਦੇਣ ਵਾਲ਼ਾ ਪ੍ਰਭੂ । ਆਤਮਦੇਵ ਦੀ ਥਾਂ ਆਤਮਦੇਉ ਵਰਤਿਆ ਹੈ ।

ਅ). ਸਲੋਕੁ ਮ: 2॥ ਦੀਖਿਆ ਆਖਿ ਬੁਝਾਇਆ ਸਿਫਤੀ ਸਚਿ ਸਮੇਉ॥ ਤਿਨ ਕਉ ਕਿਆ ਉਪਦੇਸੀਐ ਜਿਨ ਗੁਰੁ ਨਾਨਕ ਦੇਉ॥1॥ {ਗਗਸ 150/14}

ਵਿਚਾਰ: ਸ਼ਬਦਾਂ ਦੀ ਵਿਆਕਰਣਿਕ ਬਣਤਰ ਨੂੰ ਸਮਝੇ ਬਿਨਾਂ ਅਰਥ ਸਮਝਣ ਵਿੱਚ ਟਪਲ਼ੇ ਲੱਗ ਜਾਂਦੇ ਹਨ ਜੋ ਗੁਰਬਾਣੀ ਦੇ ਸੱਚ ਨੂੰ ਝੂਠ ਵਿੱਚ ਬਦਲ ਦਿੰਦੇ ਹਨ । ‘ਦੇਵ’ ਅਤੇ ‘ਦੇਉ’ ਦਾ ਅਰਥ ਪ੍ਰਕਾਸ਼ ਰੂਪ ਬਹੁਤੀ ਥਾਈਂ ਵਰਤਿਆ ਹੋਇਆ ਮਿਲ਼ਦਾ ਹੈ । ਇਹ ਸ਼ਬਦ ਕਿਸੇ ਗੁਰੂ ਪਾਤਿਸ਼ਾਹ ਜੀ ਦੇ ਨਾਂ ਨਾਲ਼ ਜੋੜਨੇ ਗੁਰਬਾਣੀ ਦੇ ਸ਼ਬਦ-ਜੋੜਾਂ ਦੀ ਬਣਤਰ ਪੱਖੋਂ ਅਗਿਆਨਤਾ ਹੈ । ਇਸ ਪ੍ਰਮਾਣ ਵਿੱਚ ‘ਨਾਨਕੁ’ ਸ਼ਬਦ ਨਹੀਂ ਸਗੋਂ ‘ਨਾਨਕ’ ਹੈ ਜੋ ਸੰਬੋਧਨ ਕਾਰਕ ਵਿੱਚ ਹੈ । ‘ਨਾਨਕ ਦੇਉ’ ਦਾ ਅਰਥ ਪਹਿਲੇ ਗੁਰੂ ਜੀ ਦੇ ਨਾਂ ਨਾਲ਼ ਤਾਂ ਜੁੜਨਾ ਸੀ ਜੇ ‘ਨਾਨਕੁ ਦੇਉ’ ਲਿਖਿਆ ਹੁੰਦਾ ਪਰ ਅਜਿਹਾ ਨਹੀਂ ਹੈ । ‘ਗੁਰੁ’ ਸ਼ਬਦ ਨੂੰ ‘ਦੇਉ’ ਨਾਲ਼ ਜੋੜਿਆ ਜਾਣਾ ਹੈ ਜਿਸ ਨਾਲ਼ ‘ਗੁਰਦੇਉ’ ਸ਼ਬਦ ਬਣਨਾ ਹੈ ।

ਨਾਨਕ- ਹੇ ਨਾਨਕ! ਗੁਰਦੇਉ- ਪ੍ਰਕਾਸ਼ ਰੂਪ ਗੁਰੂ ।
‘ਜਿਨ ਗੁਰੁ ਨਾਨਕ ਦੇਉ’ ਦਾ ਅਰਥ ਬਣਿਆਂ- ਹੇ ਨਾਨਕ! ਆਖ ਕਿ ਜਿਨਾਂ ਦੇ ਸਿਰ ਉੱਪਰ ਪ੍ਰਕਾਸ਼ ਰੂਪ ਗੁਰੂ ਦਾ ਹੱਥ ਹੈ, ਜਿਨ੍ਹਾਂ ਵਲ ਪ੍ਰਕਾਸ਼-ਰੂਪ ਗੁਰੂ ਹੈ, ਜਿਨ੍ਹਾਂ ਦਾ ਗੁਰਦੇਉ ਹੈ । ਵਿਸਥਾਰ-
ਪਦਅਰਥ:- ਦੀਖਿਆ-ਸਿੱਖਿਆ । ਆਖਿ-ਆਖ ਕੇ, ਸੁਣਾ ਕੇ । ਬੁਝਾਇਆ-ਗਿਆਨ ਦਿੱਤਾ ਹੈ, ਆਤਮਕ ਜੀਵਨ ਦੀ ਸੂਝ ਦਿੱਤੀ ਹੈ । ਸਿਫਤੀ-ਸਿਫ਼ਤਿ-ਸਾਲਾਹ ਦੀ ਰਾਹੀਂ । ਸਚਿ-ਸੱਚ ਵਿਚ । ਸਮੇਉ-ਸਮਾਈ ਦਿੱਤੀ ਹੈ, ਜੋੜਿਆ ਹੈ । ਕਿਆ-ਹੋਰ ਕੀਹ?

ਅਰਥ: -ਹੇ ਨਾਨਕ! ਜਿਨ੍ਹਾਂ ਦਾ ਗੁਰਦੇਵ ਹੈ (ਭਾਵ, ਜਿਨ੍ਹਾਂ ਦੇ ਸਿਰ ਤੇ ਗੁਰਦੇਵ ਹੈ), ਜਿਨ੍ਹਾਂ ਨੂੰ (ਗੁਰੂ ਨੇ) ਸਿੱਖਿਆ ਦੇ ਕੇ ਗਿਆਨ ਦਿੱਤਾ ਹੈ ਤੇ ਸਿਫ਼ਤਿ-ਸਾਲਾਹ ਦੀ ਰਾਹੀਂ ਸੱਚ ਵਿਚ ਜੋੜਿਆ ਹੈ, ਉਹਨਾਂ ਨੂੰ ਕਿਸੇ ਹੋਰ ਉਪਦੇਸ਼ ਦੀ ਲੋੜ ਨਹੀਂ ਰਹਿੰਦੀ ।1।

ੲ). ਆਪੇ ਕਰਤਾ ਆਪੇ ਦੇਉ ॥1॥ {ਗਗਸ 343/5}
ਦੇਉ- ਪ੍ਰਕਾਸ਼-ਰੂਪ ਪ੍ਰਭੂ ।

ਸ). ਨਾਨਕੁ ਤਾ ਕਾ ਦਾਸੁ ਹੈ ਸੋਈ ਨਿਰੰਜਨ ਦੇਉ ॥3॥ {ਗਗਸ 469/15}
ਗੁਰਬਾਣੀ ਵਿੱਚ ਵਰਤੇ ਸ਼ਬਦ ‘ਨਿਰੰਜਨ ਦੇਉ’ ਜਾਂ ‘ਨਿਰੰਜਨ ਦੇਵ’ ਕਿਸੇ ਦਾ ਨਾਂ ਨਹੀਂ ਹੈ । ਇਸੇ ਤਰ੍ਹਾਂ ਨਾਨਕ ਦੇਵ ਜਾਂ ਨਾਨਕ ਦੇਉ ਨਾਂ ਨਹੀਂ ਹੈ । ਨਿਰੰਜਨ- ਸ਼ੁੱਧ ਸਰੂਪ । ਦੇਉ- ਪ੍ਰਕਾਸ਼-ਸਰੂਪ ।

ਹ). ਨਾਨਕ ਵਾਹੁ ਵਾਹੁ ਜੋ ਕਰਹਿ ਹਉ ਤਨੁ ਮਨੁ ਤਿਨ੍‍ ਕਉ ਦੇਉ ॥1॥ {ਗਗਸ 515/11}
ਦੇਉ- {ਕਿਰਿਆ} ਦੇਉਂ, ਮੈਂ ਦੇਵਾਂ ।

ਕ). ਜੇ ਓਹੁ ਦੇਉ ਤ ਓਹੁ ਭੀ ਦੇਵਾ॥ {ਗਗਸ 525/5}
ਦੇਉ- ਦੇਵਤਾ । ਦੇਵਾ- ਦੇਵਤਾ ।

ਖ). ਗੁਰੁ ਮੇਰਾ ਦੇਉ ਅਲਖ ਅਭੇਉ॥ {ਗਗਸ 864/15}
ਦੇਉ- ਪ੍ਰਕਾਸ਼-ਰੂਪ ਪ੍ਰਭੂ । ਮੇਰਾ ਗੁਰੂ ਪ੍ਰਕਾਸ਼ ਰੂਪ ਪ੍ਰਭੂ ਦਾ ਹੀ ਰੂਪ ਹੈ ।

ਗ). ਬੋਹਿਥੁ ਨਾਨਕ ਦੇਉ ਗੁਰੁ ਜਿਸੁ ਹਰਿ ਚੜਾਏ ਤਿਸੁ ਭਉਜਲੁ ਤਰਣਾ ॥22॥ {ਗਗਸ 1102/10}
ਵਿਚਾਰ: ਬੋਹਿਥੁ- ਜਹਾਜ਼ । ਨਾਨਕ- {ਸੰਬੋਧਨ ਕਾਰਕ} ਹੇ ਨਾਨਕ! ਬੋਹਿਥ ਦੇਉ ਗੁਰੁ- ਗੁਰਦੇਉ ਬੋਹਿਥ ਹੈ । ਬੋਹਿਥ ਨਾਨਕ ਦੇਉ ਗੁਰੁ- ਹੇ ਨਾਨਕ! ਗੁਰਦੇਉ (ਪ੍ਰਕਾਸ਼-ਰੂਪ ਗੁਰੂ) ਜਹਾਜ਼ ਹੈ । ‘ਦੇਉ’ ਸ਼ਬਦ ‘ਨਾਨਕ’ ਸ਼ਬਦ ਨਾਲ਼ ਨਹੀਂ ਜੁੜੇਗਾ ਕਿਉਂਕਿ ਸ਼ਬਦ-ਜੋੜ ‘ਨਾਨਕੁ’ ਨਹੀਂ ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜਿਨ੍ਹਾਂ ਸ਼ਬਦਾਂ ਦੀ ਵਿਆਖਿਆ ਹੈ ਉਨ੍ਹਾਂ ਦੇ ਅਰਥ ਬਾਹਰੋਂ ਭਾਲਣ ਦੀ ਲੋੜ ਨਹੀਂ ਰਹਿ ਜਾਂਦੀ । ਗੁਰਬਾਣੀ ਦੇ ਅਰਥ ਸ਼ਬਦ-ਜੋੜਾਂ ਨਾਲ਼ ਲੱਗੀਆਂ ਮਾਤ੍ਰਾਵਾਂ ਅਤੇ ਪ੍ਰਕਰਣ ਉੱਤੇ ਆਧਾਰਤ ਹਨ ਜਿਨ੍ਹਾਂ ਨੂੰ ਧਿਆਨ ਵਿੱਚ ਰੱਖਣ ਨਾਲ਼ ਅਰਥ ਸਮਝਣ ਵਿੱਚ ਸੌਖ ਹੋ ਜਾਂਦੀ ਹੈ । ਪ੍ਰੋ. ਸਾਹਿਬ ਸਿੰਘ ਦੀ ਲਿਖੀ ‘ਗੁਰਬਾਣੀ ਵਿਆਕਰਣ’ ਪੁਸਤਕ ਅਤੇ ਉਨ੍ਹਾਂ ਵਲੋਂ ਲਿਖਿਆ ‘ਸ਼੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਅਰਥ ਸਮਝਣ ਵਿੱਚ ਬਹੁਤ ਸਹਾਇਕ ਹਨ ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top