Share on Facebook

Main News Page

‘ਭਗਵਤੀ’ ਤੋਂ ‘ਭਗਉਤੀ’ ਦਾ ਸਫ਼ਰ
-:  ਪ੍ਰੋ. ਕਸ਼ਮੀਰਾ ਸਿੰਘ USA 
26.09.19

ਹਿੰਦੂ ਮੱਤ ਵਿੱਚ ਭਗਵਤੀ ਇੱਕ ਦੇਵੀ ਹੈ ਅਤੇ ਪਾਰਵਤੀ ਦੇ ਕਈ ਨਾਵਾਂ-ਦੁਰਗਾ, ਦੁਰਗਸ਼ਾਹ, ਚੰਡੀ, ਚੰਡਿਕਾ, ਭਵਾਨੀ, ਗਿਰਜਾ, ਜਗਦੰਬੇ, ਲੋਕ ਮਾਤਾ, ਜਗ ਮਾਈ, ਜਗ ਮਾਇ, ਆਦਿਕ ਵਿੱਚੋਂ ਉਸ ਦਾ ਇੱਕ ਨਾਂ ਹੈ । ‘ਭਗਉਤੀ’ ਸ਼ਬਦ ਦੀ ‘ਭਗਵਤੀ’ ਸ਼ਬਦ ਤੋਂ ਬਦਲਕੇ ਹੀ ਬਣਿਆਂ ਹੈ । ਭਗਉਤੀ ਅਤੇ ਭਗਵਤੀ ਇੱਕੋ ਦੇਵੀ ਪਾਰਬਤੀ ਦੇ ਨਾਂ ਹਨ । ‘ਵ’ ਅੱਖਰ ਵਿੱਚ ‘ਉ’ ਦੀ ਆਈ ਤਬਦੀਲੀ ਕਾਰਨ ‘ਭਗਵਤੀ’ ਤੋਂ ‘ਭਗਉਤੀ’ ਸ਼ਬਦ ਬਣਿਆਂ ਹੈ ਇਸ ਲਈ ਦੋਹਾਂ ਸ਼ਬਦਾਂ ਦਾ ਅਰਥ ਇੱਕੋ ਹੀ ਹੈ ।

‘ਸ੍ਰੀ ਭਗਵਤੀ ਜੀ ਸਹਾਇ’ ਦਾ ਅਰਥ ਉਹੀ ਹੈ ਜੋ ‘ਸ੍ਰੀ ਭਗਉਤੀ ਜੀ ਸਹਾਇ’ ਦਾ ਹੈ ਅਤੇ ਦੋਹਾਂ ਵਾਕਾਂ ਵਿੱਚ ਹਿੰਦੂ ਮੱਤ ਦੀ ਦੇਵੀ ਪਾਰਬਤੀ ਅੱਗੇ ਸਹਾਈ ਹੋਣ ਦੀ ਬੇਨਤੀ ਹੈ । ਭਗਵਤੀ ਅਤੇ ਭਗਉਤੀ ਦਾ ਅਰਥ ਕਿਸੇ ਵੀ ਸੂਰਤ ਵਿੱਚ ਕਰਤਾ ਪੁਰਖ/ ਅਕਾਲ ਪੁਰਖ ਨਹੀਂ ਹੈ ਅਤੇ ਨਾ ਹੀ ਅਜਿਹਾ ਅਰਥ ਕਰਨਾ ਸਿੱਖੀ ਵਿਚਾਰਧਾਰਾ ਵਿੱਚ ਪ੍ਰਵਾਨ ਹੈ । ਜੇ ਕੋਈ ਅਜਿਹਾ ਅਰਥ ਕਰ ਕੇ ਸੁਣਾਉਂਦਾ ਵੀ ਹੈ ਤਾਂ ਉਹ ਆਪਣੇ ਗਿਆਨ ਦਾ ਦਿਵਾਲ਼ਾ ਕੱਢ ਕੇ ਹੀ ਸੁਣਾਉਂਦਾ ਹੈ ਜਿਸ ਨਾਲ਼ ਸਨਾਤਨਵਾਦੀ ਵਿਚਾਰਧਾਰਾ ਨੂੰ ਸਿੱਖੀ ਵਿੱਚ ਘੁਸਪੈਠ ਕਰਨ ਦਾ ਰਾਹ ਖੁੱਲ੍ਹਦਾ ਹੈ । ਹੇਠਾਂ ਕੁੱਝ ਪ੍ਰਮਾਣ ਦਿੱਤੇ ਗਏ ਹਨ ਜੋ ਸਮੇਂ ਦੀ ਗਤੀ ਨਾਲ਼ ‘ਵ’ ਤੋਂ ‘ਉ’ ਬਦਲ ਜਾਣ ਦੀ ਪੁਸ਼ਟੀ ਕਰਦੇ ਹਨ ਅਤੇ ਇਨ੍ਹਾਂ ਦੇ ਅਰਥ ਇਸ ਤਬਦੀਲੀ ਕਾਰਨ ਨਹੀਂ ਬਦਲਦੇ । ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਤਬਦੀਲੀ ਦੇ ਦਿੱਤੇ ਇਨ੍ਹਾਂ ਪ੍ਰਮਾਣਾਂ ਵਿੱਚੋਂ ਕਈ ਪ੍ਰਮਾਣ ਮਿਲ਼ਦੇ ਹਨ-

ਅਵਗੁਣ ਤੋਂ ਅਉਗਣ, ਅਵਤਾਰ ਤੋਂ ਅਉਤਾਰ, ਅਵਸਰ ਤੋਂ ਅਉਸਰ, ਪਵਨ ਤੋਂ ਪਉਣ, ਪੜਾਵ ਤੋਂ ਪੜਾਉ, ਬਚਾਵ ਤੋਂ ਬਚਾਉ, ਝੁਕਾਵ ਤੋਂ ਝੁਕਾਉ, ਬਹਾਵ ਤੋਂ ਬਹਾਉ, ਸੱਭਾਵ ਤੋਂ ਸੁਭਾਉ, ਪੁਲਾਵ ਤੋਂ ਪੁਲਾਉ, ਦਬਾਵ ਤੋਂ ਦਬਾਉ, ਪ੍ਰਭਾਵ ਤੋਂ ਪ੍ਰਭਾਉ, ਦੇਵਰਾਨੀ ਤੋਂ ਦਿਉਰਾਣੀ, ਦੇਵ ਤੋਂ ਦੇਉ, ਕੇਵੜਾ ਤੋਂ ਕਿਉੜਾ, ਰੇਵੜੀ ਤੋਂ ਰਿਉੜੀ, ਆਵਣਗੇ ਤੋਂ ਆਉਣਗੇ, ਗਾਂਵ ਤੋਂ ਗਾਉਂ, ਰਾਵ ਤੋਂ ਰਾਉ, ਗਾਂਵਦਾ ਤੋਂ ਗਾਉਂਦਾ, ਉਠਾਵ ਤੋਂ ਉਠਾਉ, ਅਵਖਦ ਤੋਂ ਅਉਖਦ, ਅਵਰਿਆ ਤੋਂ ਅਉਤਰਿਆ, ਵਰਤਾਵ ਤੋਂ ਵਰਤਾਉ ਆਦਿਕ ਅਤੇ ਇਵੇਂ ਹੀ ਭਗਵਤੀ ਤੋਂ ਭਗਉਤੀ

‘ਵਾਰ ਸ਼੍ਰੀ ਭਗਉਤੀ ਜੀ ਕੀ’ ਤੋਂ ਭਾਵ ਹੈ ‘ਵਾਰ ਸ਼੍ਰੀ ਭਗਵਤੀ ਜੀ ਕੀ’ । ‘ਵਾਰ ਸ਼੍ਰੀ ਭਗਵਤੀ ਜੀ ਕੀ’ ਦਾ ਅਰਥ ਹੈ ‘ਵਾਰ ਦੁਰਗਾ ਕੀ’ । ਸ਼੍ਰੋ. ਕਮੇਟੀ ਵਲੋਂ ਸਿੱਖ ਰਹਿਤ ਮਰਯਾਦਾ ਵਿੱਚ ਬਣਾਈ ਸਿੱਖ ਅਰਦਾਸਿ ਵਿੱਚ ਧੋਖੇ ਨਾਲ਼ ਹੀ ‘ਵਾਰ ਦੁਰਗਾ ਕੀ’ ਦਾ ਅਸਲ ਨਾਂ ਬਦਲ ਕੇ ‘ਵਾਰ ਸ਼੍ਰੀ ਭਗਉਤੀ ਜੀ ਕੀ’ ਲਿਖ ਦਿੱਤਾ ਗਿਆ ਸੀ ਅਤੇ ਅਜਿਹੀ ਆਖ਼ਰੀ ਪ੍ਰਵਾਨਗੀ ਸ਼੍ਰੋ. ਕਮੇਟੀ ਨੇ ਸੰਨ 1945 ਵਿੱਚ ਦੇ ਦਿੱਤੀ ਸੀ । ਸਿੱਖਾਂ ਨੂੰ ਅਰਦਾਸਿ ਵਿੱਚ ਸ਼ਾਮਲ ਕੀਤੀ ‘ਪ੍ਰਿਥਮ ਭਗਉਤੀ ਸਿਮਰ ਕੈ’ ਵਾਲ਼ੀ ਪਉੜੀ ਰਾਹੀਂ ਦੁਰਗਾ ਮਾਈ ਪਾਰਬਤੀ ਦਾ ਪਾਠ ਰੋਜ਼ਾਨਾਂ ਕਈ ਵਾਰ ਅਰਦਾਸਿ ਦੀ ਪ੍ਰਕਿਰਿਆ ਰਾਹੀਂ ਚੇਤੇ ਕਰਾਇਆ ਜਾ ਰਿਹਾ ਹੈ ।

‘ਵਾਰ ਦੁਰਗਾ ਕੀ’ ਦਾ ਨਾਂ ਪਹਿਲੀ ਵਾਰੀ ਸੰਨ 1897 ਵਿੱਚ ਸੋਧਕ ਕਮੇਟੀ ਅੰਮ੍ਰਿਤਸਰ ਵਲੋਂ ਛਪਾਏ ਦਸ਼ਮ ਗ੍ਰੰਥ ਵਿੱਚ ਬਦਲ ਕੇ ‘ਵਾਰ ਸ਼੍ਰੀ ਭਗਉਤੀ ਜੀ ਕੀ’ ਕਰ ਦਿੱਤਾ ਗਿਆ ਸੀ ਜਿਸ ਦੀ ਨਕਲ ਕਰਦਿਆਂ, ਬਿਨਾਂ ਬਿਬੇਕ ਬੁੱਧੀ ਦੀ ਵਰਤੋਂ ਕੀਤੇ, ਸ਼੍ਰੋ. ਕਮੇਟੀ ਨੇ ਬਦਲਿਆ ਨਾਂ ਹੀ ਅਰਦਾਸਿ ਵਿੱਚ ਸ਼ਾਮਲ ਕਰ ਕੇ ਸਿੱਖਾਂ ਨੂੰ ਦੁਰਗਾ ਦਾ ਪਾਠ ਪੜ੍ਹਾਉਣ ਲਾ ਦਿੱਤਾ ਸੀ ਜੋ ਅਜੇ ਤਕ, ਕੁੱਝ ਕੁ ਸੰਸਥਾਵਾਂ ਅਤੇ ਵਿਅੱਕਤੀਆਂ ਨੂੰ ਛੱਡ ਕੇ, ਸਿੱਖਾਂ ਨਾਲ਼ ਇੱਕ ਧੱਬੇ ਵਜੋਂ ਚੁੰਬੜਿਆ ਹੋਇਆ ਹੈ ਜਿਸ ਨੂੰ ਗੁਰਬਾਣੀ ਗਿਆਨ ਦੀ ਤੇਜ਼ ਰੌਸ਼ਨੀ ਤੋਂ ਬਿਨਾਂ ਹੋਰ ਕਿਸੇ ਵੀ ਰਸਾਇਣਕ ਪਦਾਰਥ ਦਾ ਛਿੜਕਾਅ ਦੂਰ ਨਹੀਂ ਕਰ ਸਕਦਾ । ‘ਵਾਰ ਸ਼੍ਰੀ ਭਗਉਤੀ ਜੀ ਕੀ’ ਦੀਆਂ ਸਾਰੀਆਂ ਪਉੜੀਆਂ ਹੀ ਦੁਰਗਾ ਦਾ ਪਾਠ ਦ੍ਰਿੜ ਕਰਾਉਂਦੀਆਂ ਹਨ ਜਿਵੇਂ ਕਿ ਵਾਰ ਦੀ ਆਖ਼ਰੀ 55ਵੀਂ ਪਉੜੀ ਦੀ ਪੰਕਤੀ ਕੂਕ-ਪੁਕਾਰ ਕੇ ਕਹਿ ਰਹੀ ਹੈ- ਦੁਰਗਾ ਪਾਠ ਬਣਾਇਆ ਸਭੇ ਪਉੜੀਆਂ । ਫੇਰ ਨਾ ਜੂਨੀ ਆਇਆ ਜਿਨ ਇਹ ਗਾਇਆ ।55।

ਗੁਰੂ ਗ੍ਰੰਥ ਸਾਹਿਬ ਜੀ ਦੀ ਜੈ ਜੈਕਾਰ!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top