Share on Facebook

Main News Page

ਗਉੜੀ ਰਾਗੁ ਵਿੱਚ ‘ਘਰੁ’ ਦੀ ਵਰਤੋਂ ਹੈ ਕਿ ਨਹੀਂ ?
-: ਪ੍ਰੋ. ਕਸ਼ਮੀਰਾ ਸਿੰਘ USA
06.05.19

ਰਾਗੁ ਸ਼ਬਦ ਇਸਤ੍ਰੀਲਿੰਗ ਕਿ ਪੁਲਿੰਗ ?

‘ਰਾਗੁ’ ਸ਼ਬਦ ਦੇ ਉਕਾਰਾਂਤ ਹੋਣ ਕਾਰਣ ਇਹ ਪੁਲਿੰਗ ਬਣ ਜਾਂਦਾ ਹੈ, ਭਾਵੇਂ, ਕੁੱਝ ਸ਼ਬਦ ਮੂਲ਼ਿਕ ਔਂਕੜ ਚਿੰਨ੍ਹ ਨਾਲ਼ ਉਕਾਰਾਂਤ ਹੁੰਦੇ ਹੋਏ ਵੀ ਇਸਤ੍ਰੀ ਲਿੰਗ ਹਨ ਜਿਵੇਂ ਖਾਂਡੁ, ਰਤੁ, ਖਾਕੁ, ਭੰਡੁ ਆਦਿਕ । ਗਉੜੀ ਰਾਗੁ ਤੋਂ ਸਪੱਸ਼ਟ ਹੈ ਕਿ ਗਉੜੀ ਕੋਈ ਰਾਗਣੀ {ਇਸਤ੍ਰੀ ਲਿੰਗ} ਨਹੀਂ ਸਗੋਂ ਰਾਗੁ ਹੈ ।

ਘਰੁ ਸ਼ਬਦ ਦੀ ਵਰਤੋਂ:

ਘਰੁ ਸ਼ਬਦ ਦੀ ਵਰਤੋਂ ਆਮ ਕਰਕੇ ਗੁਰਬਾਣੀ ਦੀਆਂ ਰਚਨਾਵਾਂ ਦੇ ਸਿਰਲੇਖਾਂ ਵਿੱਚ ਕੀਤੀ ਹੁੰਦੀ ਹੈ ਜਿਵੇਂ ‘ਸ੍ਰੀ ਰਾਗੁ ਮਹਲਾ 1 ਘਰੁ 4’ {‘ਸ੍ਰੀ’ ਸ਼ਬਦ ਦਾ ਸ਼ੁਧ ਉੱਚਾਰਣ ‘ਸ਼੍ਰੀ’ (ਸ਼ਹਰੲੲ) ਹੁੰਦਾ ਹੈ । ਮਹਾਨ ਕੋਸ਼ ਅਨੁਸਾਰ ਗੁਰਬਾਣੀ ਵਿੱਚ 3 ਰਾਗ /ਸ਼/ ਨਾਲ਼ ਬੋਲਣੇ ਬਣਦੇ ਹਨ । ਇਹ 3 ਰਾਗ ਹਨ- ਸ੍ਰੀ, ਧਨਾਸਰੀ ਅਤੇ ਜੈਤਸਰੀ ਜੋ ਬੋਲਣ ਵਿੱਚ ਸ਼੍ਰੀ, ਧਨਾਸ਼ਰੀ ਅਤੇ ਜੈਤਸ਼ਰੀ ਹਨ ਜਿਨ੍ਹਾਂ ਵਿੱਚ /ਸ਼/ ਸੰਸਕ੍ਰਿਤ ਭਾਸ਼ਾ ਵਿੱਚੋਂ ਆਈ ਹੈ । ਮਹਾਨ ਕੋਸ਼ ਵਿੱਚ ਇਨ੍ਹਾਂ ਰਾਗਾਂ ਨੂੰ ਸ਼੍ਰੀ, ਜਯਤਿਸ਼੍ਰੀ ਅਤੇ ਧਨਾਸ਼੍ਰੀ ਲਿਖ ਕੇ ਦੱਸਿਆ ਹੋਇਆ ਹੈ ਕਿ ਇਹ ਸੰਸਕ੍ਰਿਤ ਭਾਸ਼ਾ ਵਿੱਚੋਂ ਆਏ ਹਨ ਅਤੇ /ਸ਼/ ਮੂਲ਼ਿਕ ਚਿੰਨ੍ਹ ਹੈ ।} ਰਾਗੁ -ਸੂਚਕ ਸ਼ਬਦਾਂ ਦੇ ਪੈਰਾਂ ਵਿੱਚ ਦਿੱਤੇ ਅੰਕਾਂ ਤੋਂ ਵੀ ‘ਘਰੁ’ ਸ਼ਬਦ ਦਾ ਕੰਮ ਲਿਆ ਗਿਆ ਹੈ ।

ਗਉੜੀ ਰਾਗੁ ਦੇ ਸਿਰਲੇਖਾਂ ਵਿੱਚ ‘ਘਰੁ’ ਸ਼ਬਦ ਦੀ ਵਰਤੋਂ:

ਗਉੜੀ ਰਾਗੁ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾਂ ਨੰਬਰ 151 ਤੋਂ 346 ਤਕ ਦਰਜ ਹੈ । ਇਸ ਬਾਣੀ ਦੀ ਕਿਸੇ ਵੀ ਰਚਨਾ ਦੇ ਸਿਰਲੇਖ ਵਿੱਚ ‘ਘਰੁ’ ਸ਼ਬਦ ਦੀ ਵਰਤੋਂ ਨਹੀਂ ਕੀਤੀ ਗਈ ਪਰ ‘ਘਰੁ’ ਦੀ ਵਰਤੋਂ ਹੈ । ਓਪਰੀ ਨਜ਼ਰੇ ਜ਼ਰੂਰ ਲੱਗਦਾ ਹੈ ਕਿ ਰਾਗੁ ਗਉੜੀ ਵਿੱਚ ‘ਘਰੁ’ ਦੀ ਵਰਤੋਂ ਨਹੀਂ ਹੈ ।

ਗਉੜੀ ਰਾਗ ਵਿੱਚ ‘ਘਰੁ’ ਦੀ ਵਰਤੋਂ ਕਿਵੇ ਕੀਤੀ ਗਈ ਹੈ?

ਗਉੜੀ ਰਾਗੁ ਦੇ ਸਿਰਲੇਖਾਂ ਦੇ ਸ਼ਬਦਾਂ ਦੇ ਪੈਰਾਂ ਵਿੱਚ ਜਿਹੜੇ ਬਾਰੀਕ ਜਿਹੇ ਅੰਕ ਲੱਗੇ ਮਿਲ਼ਦੇ ਹਨ ਉਹ ਦੋ ਪ੍ਰਕਾਰ ਦੀ ਸੂਚਨਾ ਦਿੰਦੇ ਹਨ:

1. ਦੁਪਦੇ, ਤਿਪਦੇ ਆਦਿਕ ਸੂਚਨਾਂ ਵਾਲ਼ੇ ਸ਼ਬਦਾਂ ਦੀ ਗਿਣਤੀ ਦੀ ਸੂਚਨਾ ।
ਇਸ ਕਿਸਮ ਦੇ ਸ਼ਬਦਾਂ ਦੇ ਪ੍ਰਮਾਣ ਦੇਖੋ :

ੳ. ਗਉੜੀ ਕਬੀਰ ਜੀ ਪੰਚਪਦੇ 2॥ {ਗਗਸ 326}
ਸੂਚਨਾ- ਪੰਚਪਦੇ ਕੇਵਲ ਦੋ (ਨੰਬਰ 15 ਤੋਂ 16) ਹਨ ।

ਅ. ਗਉੜੀ ਕਬੀਰ ਜੀ ਤਿਪਦੇ ਚਾਰਤੁਕੇ 2॥ {ਗਗਸ 326}
ਸੂਚਨਾ- ਤਿਪਦੇ ਚਾਰਤੁਕੇ ਕੇਵਲ 2 (ਨੰਬਰ 17 ਤੋਂ 18) ਹਨ ।

ੲ. ਗਉੜੀ ਕਬੀਰ ਜੀ ਤਿਪਦੇ 15 ॥ {ਗਗਸ 327}
ਸੂਚਨਾ- ਤਿਪਦੇ ਗਿਣਤੀ ਵਿੱਚ 15 ( ਨੰਬਰ 19 ਤੋਂ 33) ਹਨ ।

ਸ. ਗਉੜੀ ਕਬੀਰ ਜੀ ਦੁਪਦੇ 2॥ (ਗਗਸ 329}
ਸੂਚਨਾ- ਦੁਪਦੇ ਗਿਣਤੀ ਵਿੱਚ 2 ( ਨੰਬਰ 34 ਤੋਂ 35) ਹਨ ।

ਹ. ਗਉੜੀ ਬੈਰਾਗਣਿ ਤਿਪਦੇ 3 ॥ {ਗਗਸ 333}
ਸੂਚਨਾ- ਤਿਪਦੇ 3 ( 47 ਤੋਂ 49) ਹਨ ।

ਵਿਚਾਰ: ਉੱਪਰੋਕਤ 5 ਪ੍ਰਮਾਣ ਇਹ ਸਿੱਧ ਕਰਦੇ ਹਨ ਕਿ ਤਿਪਦੇ, ਦੁਪਦੇ ਆਦਿਕ ਸ਼ਬਦਾਂ ਦੇ ਪੈਰੀਂ ਲੱਗੇ ਬਾਰੀਕ ਅੰਕ ਇਨ੍ਹਾਂ ਦੀ ਗਿਣਤੀ ਬਾਰੇ ਸੂਚਨਾ ਦਿੰਦੇ ਹਨ ।
ਕੀ ਪੈਰੀਂ ਲੱਗੇ ਇਹ ਅੰਕ ਪਾਠ ਵਿੱਚ ਬੋਲਣੇ ਚਾਹੀਦੇ ਹਨ?

ਉੱਤਰ ਹਾਂ ਵਿੱਚ ਹੈ ।

ਕੀ ਸਬੂਤ ਹੈ ਕਿ ਇਹ ਪੈਰੀਂ ਲੱਗੇ ਅੰਕ ਪਾਠ ਦਾ ਭਾਗ ਹਨ?

ਸਬੂਤ ਗੁਰਬਾਣੀ ਵਿੱਚ ਹੀ ਦਿੱਤਾ ਗਿਆ ਹੈ । ਦੇਖੋ ਇਹ ਸਬੂਤ :

ਗਉੜੀ ਗੁਆਰੇਰੀ ਕੇ ਪਦੇ ਪੈਤੀਸ ॥ { ਗਗਸ ਪੰਨਾਂ 330}

ਪਦਿਆਂ ਦੀ ਗਿਣਤੀ ਸ਼ਬਦਾਂ ਵਿੱਚ ਲਿਖ ਕੇ ਬੋਲਣ ਦੀ ਵਿਧੀ ਵੀ ਦੱਸ ਦਿੱਤੀ ਗਈ ਹੈ ਕਿ ਇਹ ਅੰਕ ਤੀਜਾ, ਚਉਥਾ, ਪੈਂਤੀਵਾਂ ਆਦਿਕ ਨਹੀਂ ਬੋਲਣੇ ਸਗੋਂ, ਤਿੰਨ, ਚਾਰ, ਪੈਂਤੀ ਆਦਿਕ ਬੋਲਣੇ ਹਨ । ਇਹ ਇਸ ਗੱਲ ਦਾ ਸਬੂਤ ਹੈ ਕਿ ਪਦਿਆਂ ਦੀ ਗਿਣਤੀ ਨੂੰ ਦਰਸ਼ਾਉਂਦੇ ਅੰਕ ਦੱਸੀ ਵਿਧੀ ਅਨੁਸਾਰ ਬੋਲਣ ਦਾ ਭਾਗ ਹਨ । ਗੁਰਬਾਣੀ ਵਿੱਚ ਪਦਿਆਂ ਦੀ ਗਿਣਤੀ ਵਾਲ਼ੇ ਅੰਕ ਸ਼ਬਦਾਂ ਦੇ ਸਿਰਲੇਖਾਂ ਵਿਚ ਵੀ ਵਰਤੇ ਗਏ ਹਨ ਜਿਵੇਂ ਆਸਾ ਮਹਲਾ 5 ਦੁਤੁਕੇ 9- ਪਾਠ ਸੇਧ: ਆਸਾ ਮਹਲਾ ਪੰਜਵਾਂ ਦੁਤੁਕੇ ਨੌਂ (ਪੰਨਾਂ ਗਗਸ 390) ਪਰ ਸਾਰੇ ਗਉੜੀ ਰਾਗੁ ਵਿੱਚ ਇਹ ਪਦਿਆਂ ਦੇ ਵਾਚਕ-ਸ਼ਬਦਾਂ ਦੇ ਪੈਰੀਂ ਬਾਰੀਕ ਅੰਕਾਂ ਦੇ ਰੂਪ ਵਿੱਚ ਵਰਤੇ ਗਏ ਹਨ । ਦੋਹਾਂ ਥਾਵਾਂ ਤੇ ਇਹ ਬੋਲਣ ਦਾ ਭਾਗ ਹਨ ।

2. ‘ਘਰੁ’ ਦੀ ਵਰਤੋਂ ਦੀ ਸੂਚਨਾ ।

ਹੁਣ ਗਉੜੀ ਰਾਗ ਵਿੱਚ ‘ਘਰੁ’ ਸ਼ਬਦ ਲਈ ਵਰਤੇ ਪੈਰੀਂ ਅੰਕਾਂ ਬਾਰੇ ਵਿਚਾਰ ਕਰਦੇ ਹਾਂ । ਭਾਵੇਂ ਇਹ ਪੈਰੀਂ ਲੱਗੇ ਅੰਕ ਪਾਠੀਆਂ ਵਲੋਂ ਪਾਠ ਸਮੇਂ ਅਣਗੌਲ਼ੇ ਕੀਤੇ ਜਾ ਰਹੇ ਹਨ ਜਿਵੇਂ ਇਨ੍ਹਾਂ ਦੀ ਕੋਈ ਹੋਂਦ ਹੀ ਨਾ ਰਹੀ ਹੋਵੇ ਪਰ ਇਹ ਅੰਕ ਆਪਣੀ ਹੋਂਦ ਰੱਖਦੇ ਹਨ ਅਤੇ ਇਨ੍ਹਾਂ ਨੂੰ ਪਾਠ ਵਿੱਚ ਨਾ ਸ਼ਾਮਲ ਕਰਨ ਵਾਲ਼ੇ ਇਹ ਨਹੀਂ ਕਹਿ ਸਕਦੇ ਕਿ ਪਾਠ ਨਿਰਬਿਘਨਤਾ ਸਹਿਤ ਸੰਪੂਰਨ ਹੋਇਆ ਹੈ । ਇਨ੍ਹਾਂ ਚਿੰਨ੍ਹਾਂ ਨੂੰ ਪਾਠ ਵਿੱਚ ਸ਼ਾਮਲ ਕਰਨ ਤੋਂ ਬਿਨਾਂ ਸਹਜ ਪਾਠ/ਅਖੰਡ ਪਾਠ ਅਧੂਰੇ ਹੀ ਹੋ ਰਹੇ ਹਨ ।

ਗਉੜੀ ਰਾਗੁ ਵਿੱਚ ‘ਘਰੁ’ ਸ਼ਬਦ ਬਾਰੇ ਸੂਚਨਾ ਦੀ ਪਛਾਣ ਕੀ ਹੈ?

ਜਦੋਂ ਬਾਰੀਕ ਅੰਕ ਰਾਗ-ਸੂਚਕ ਸ਼ਬਦਾਂ ਦੇ ਪੈਰੀਂ ਲੱਗੇ ਹੁੰਦੇ ਹਨ ਤਾਂ ਇਹ ‘ਘਰੁ’ ਸ਼ਬਦ ਦੀ ਸੂਚਨਾ ਦਿੰਦੇ ਹਨ । ਗੁਰਬਾਣੀ ਵਿੱਚੋਂ ਹੇਠ ਲਿਖੇ ਪ੍ਰਮਾਣ ਇਸ ਤੱਥ ਨੂੰ ਸਪੱਸ਼ਟ ਕਰਨਗੇ:

ੳ. ਰਾਗੁ ਗਉੜੀ ਪੂਰਬੀ1 ਮਹਲਾ 5॥ {ਗਗਸ ਪੰਨਾਂ 204}
ਸੂਚਨਾ ਅਤੇ ਪਾਠ - ਰਾਗੁ ਗਉੜੀ ਪੂਰਬੀ ਘਰੁ 1 ਮਹਲਾ 5॥

ਅ. ਗਉੜੀ2 ਮਹਲਾ 5॥ {ਗਗਸ ਪੰਨਾਂ 205, 212, 248}
ਸੂਚਨਾ ਅਤੇ ਪਾਠ- ਗਉੜੀ ਘਰੁ 2 ਮਹਲਾ 5॥

ੲ. ਗਉੜੀ3 ਮਹਲਾ 5॥ {ਗਗਸ 206, 212, 248}
ਸੂਚਨਾ ਅਤੇ ਪਾਠ- ਗਉੜੀ ਘਰੁ 3 ਮਹਲਾ 5॥ {ਗਗਸ ਪੰਨਾਂ 206}

ਸ. ਗਉੜੀ4 ਮਹਲਾ 5॥ {ਗਗਸ 206}

ਹ. ਗਉੜੀ5 ਮਹਲਾ 5॥ {ਗਗਸ 208}

ਕ. ਗਉੜੀ6 ਮਹਲਾ 5॥ {ਗਗਸ 209)

ਖ. ਰਾਗੁ ਗਉੜੀ1 ਪੂਰਬੀ ਮਹਲਾ 5॥ {ਗਗਸ 210}
ਸੂਚਨਾ ਅਤੇ ਪਾਠ- ਰਾਗੁ ਗਉੜੀ ਘਰੁ 1 ਪੂਰਬੀ ਮਹਲਾ 5॥ ਜਾਂ
ਰਾਗੁ ਗਉੜੀ ਪੂਰਬੀ ਘਰੁ 1 ਮਹਲਾ 5॥

ਗ. ਰਾਗੁ ਗਉੜੀ ਚੇਤੀ 1 ਮਹਲਾ 5॥ {ਗਗਸ 210}
ਸੂਚਨਾ ਅਤੇ ਪਾਠ- ਰਾਗੁ ਗਉੜੀ ਚੇਤੀ ਘਰੁ 1 ਮਹਲਾ 5

ਘ. ਗਉੜੀ ਪੂਰਬੀ 4 ਮਹਲਾ 5॥ {ਗਗਸ 212}
ਸੂਚਨਾ ਅਤੇ ਪਾਠ- ਗਉੜੀ ਪੂਰਬੀ ਘਰੁ 4 ਮਹਲਾ 5

ਙ. ਰਾਗੁ ਗਉੜੀ ਮਾਲਾ 1 ਮਹਲਾ 5॥ {ਗਗਸ 214}
ਸੂਚਨਾ ਅਤੇ ਪਾਠ ਸੇਧ- ਰਾਗੁ ਗਉੜੀ ਮਾਲਾ ਘਰੁ ਪਹਿਲਾ ਮਹਲਾ ਪੰਜਵਾਂ ।

ਚ. ਗਉੜੀ ਮਾਲਾ 2 ਮਹਲਾ 5॥ {ਗਗਸ 215}
ਸੂਚਨਾ ਅਤੇ ਪਾਠ- ਗਉੜੀ ਮਾਲਾ ਘਰੁ 2 ਮਹਲਾ 5

ਛ. ਗਉੜੀ ਮਾਝ 1 ਮਹਲਾ 5॥ {ਗਗਸ 216}

ਜ. ਰਾਗੁ ਗਉੜੀ ਮਾਝ 2 ਮਹਲਾ 5॥ {ਗਗਸ 217}

ਝ. ਰਾਗੁ ਗਉੜੀ 1 ਛੰਤ ਮਹਲਾ 5॥ {ਗਗਸ 247}
ਸੂਚਨਾ ਅਤੇ ਪਾਠ- ਰਾਗੁ ਗਉੜੀ ਘਰੁ 1 ਛੰਤ ਮਹਲਾ 5

ਞ. ਰਾਗੁ ਗਉੜੀ ਬੈਰਾਗਣਿ1 ਕਬੀਰ ਜੀ॥ {ਗਗਸ 332}
ਸੂਚਨਾ ਅਤੇ ਪਾਠ- ਰਾਗੁ ਗਉੜੀ ਬੈਰਾਗਣਿ ਘਰੁ 1 ਕਬੀਰ ਜੀ ।

ਟ. ਗਉੜੀ3 ਪੰਚਪਦਾ॥ {ਗਗਸ 333}
ਸੂਚਨਾ ਅਤੇ ਪਾਠ- ਗਉੜੀ ਘਰੁ 3 ਪੰਚਪਦਾ ।

ਠ. ਰਾਗੁ ਗਉੜੀ ਪੂਰਬੀ1 ਕਬੀਰ ਜੀ॥ {ਗਗਸ 334}
ਸੂਚਨਾ ਅਤੇ ਪਾਠ ਸੇਧ- ਰਾਗੁ ਗਉੜੀ ਪੂਰਬੀ ਘਰੁ 1 ਕਬੀਰ ਜੀ ।

ਡ. ਗਉੜੀ8 ॥ {ਗਗਸ 336}
ਸੂਚਨਾ ਅਤੇ ਪਾਠ ਸੇਧ- ਗਉੜੀ ਘਰੁ 8 (ਅੱਠਵਾਂ) ।

ਢ. ਗਉੜੀ 9॥ {ਗਗਸ 337}
ਣ. ਰਾਗੁ ਗਉੜੀ 11॥ {ਗਗਸ 338}
ਤ. ਗਉੜੀ ਪੂਰਬੀ 12॥ {ਗਗਸ 338}
ਥ. ਗਉੜੀ 12॥ {ਗਗਸ 338}
ਦ. ਗਉੜੀ 13॥ {ਗਗਸ 338}
ਧ. ਗਉੜੀ5 ॥ {ਗਗਸ 338}

ਸੂਚਨਾ ਅਤੇ ਪਾਠ ਸੇਧ- ਡ. ਭਾਗ ਵਿੱਚ ਗਉੜੀ ਸ਼ਬਦ ਦੇ ਪੈਰੀਂ ਅੰਕ 8 ਲੱਗਾ ਹੋਇਆ ਸੀ ਅਤੇ ਇਹ ਘਰ ਦਾ ਸੂਚਕ ਸੀ । ਗਉੜੀ ਨੂੰ ਗਉੜੀ ਅੱਠਵੀਂ (ਉੱਕਾ ਹੀ ਗ਼ਲਤ ਹੈ ਕਿਉਂਕਿ ਗਉੜੀ ਪੁਲਿੰਗ ਸ਼ਬਦ ਹੈ), ਗਉੜੀ ਅੱਠਵਾਂ ਨਹੀਂ ਕਿਹਾ ਜਾ ਸਕਦਾ ਕਿਉਂਕਿ ਅਜਿਹਾ ਬੋਲਣ ਦਾ ਕੋਈ ਸਹੀ ਅਰਥ-ਭਾਵ ਨਹੀਂ ਬਣਦਾ । ਗਉੜੀ ਅੱਠਵਾਂ ਗਉੜੀ ਦਾ ਕੋਈ ਅੱਠਵਾਂ ਸ਼ਬਦ ਵੀ ਨਹੀਂ ਹੈ ।

ਉੱਪਰੋਕਤ ਢ ਤੋਂ ਦ ਤਕ ਘਰੁ-ਸੂਚਨਾ ਅਤੇ ਪਾਠ ਸੇਧ:

ਪ੍ਰਮਾਣਾਂ ਵਿੱਚ ਢ ਤੋਂ ਦ ਤਕ ਘਰੁ ਦੇ ਸੂਚਕ ਅੰਕ ਨੂੰ ਪੈਰੀਂ ਲਿਖਣ ਦੀ ਥਾਂ ਸ਼ਬਦ ਦੇ ਬਰਾਬਰ ਲਿਖਿਆ ਹੋਇਆ ਹੈ ਜਿਸ ਦਾ ਅਰਥ ਇੱਕੋ ਜਿਹਾ ਹੈ । ਪਾਠ ਵਿੱਚ ਬੋਲਿਆ ਜਾਵੇਗਾ- ਗਉੜੀ ਘਰੁ ਨੌਵਾਂ, ਗਉੜੀ ਘਰੁ ਗਿਆਰਵਾਂ, ਗਉੜੀ ਪੂਰਬੀ ਘਰੁ ਬਾਰਵਾਂ, ਗਉੜੀ ਘਰੁ ਬਾਰਵਾਂ ਅਤੇ ਗਉੜੀ ਘਰੁ ਤੇਰ੍ਹਵਾਂ ।

ਧ ਭਾਗ ਤੋਂ ਸੂਚਨਾ ਅਤੇ ਪਾਠ ਸੇਧ- ਗਉੜੀ ਘਰੁ ਪੰਜਵਾਂ ।

ਨੋਟ: ਘਰੁ ਸ਼ਬਦ ਦੇ ਅੰਕਾਂ ਨੂੰ ਸ਼ਬਦਾਂ ਵਿੱਚ ਪਹਿਲਾ, ਦੂਜਾ, ਤੀਜਾ ਆਦਿਕ ਕਰਮ ਵਾਚਕ ਸੰਖਿਅਕ ਵਿਸ਼ੇਸ਼ਣ ਵਜੋਂ ਬੋਲਿਆ ਜਾਂਦਾ ਹੈ, ਇੱਕ, ਦੋ, ਤਿੰਨ ਨਹੀਂ ਜੋ ਸੰਖਿਅਕ ਵਿਸ਼ੇਸ਼ਣ ਹਨ । ‘ਮਹਲਾ’ ਸ਼ਬਦ ਨਾਲ਼ ਆਏ ਅੰਕਾਂ ਨੂੰ ਵੀ ਕਰਮ ਵਾਚਕ ਸੰਖਿਆਕ ਵਿਸ਼ੇਸ਼ਣ ਵਜੋਂ ਹੀ ਬੋਲਿਆ ਜਾਂਦਾ ਹੈ ।

ਸਾਰ:

ਘਰੁ ਸ਼ਬਦ ਨੂੰ ਪ੍ਰਗਟ ਕਰਨ ਦੇ ਦੋ ਤਰੀਕੇ ਹਨ । ਇੱਕ ਤਰੀਕਾ ਹੈ - ਜਿਸ ਵਿੱਚ ਸ਼ਬਦ ‘ਘਰੁ’ ਸਿਰਲੇਖ ਵਿੱਚ ਲਿਖ ਕੇ ਪਿੱਛੋਂ ਅੰਕ ਲਿਖਿਆ ਜਾਂਦਾ ਹੈ । ਦੂਜਾ ਤਰੀਕਾ ਹੈ- ਜਿਸ ਵਿੱਚ ‘ਘਰੁ’ ਸ਼ਬਦ ਦੀ ਵਰਤੋਂ ਸਿਰਲੇਖ ਵਿੱਚ ਨਹੀਂ ਕੀਤੀ ਹੁੰਦੀ ਸਗੋਂ ਕੇਵਲ ਬਾਰੀਕ ਅੰਕ ਹੀ ਰਾਗ-ਸੂਚਕ ਸ਼ਬਦਾਂ ਦੇ ਪੈਰੀਂ ਲਿਖਿਆ ਜਾਂਦਾ ਹੈ । ਸਾਰੇ ਗਉੜੀ ਰਾਗ ਵਿੱਚ ਦੂਜਾ ਤਰੀਕਾ ਹੀ ਵਰਤਿਆ ਗਿਆ ਹੈ । ਦੋਹਾਂ ਤਰੀਕਿਆਂ ਵਿੱਚ ‘ਘਰੁ’ ਦਾ ਸੂਚਕ ਅੰਕ ਬੋਲਣ ਦਾ ਭਾਗ ਹੁੰਦਾ ਹੈ ਅਤੇ ਜੇ ਨਾ ਬੋਲਿਆ ਜਾਵੇ ਤਾਂ ਪਾਠ ਅਧੂਰਾ ਕਰ ਕੇ ਹੀ ਸੰਪੂਰਨ ਹੋਣ ਦੀ ਅਰਦਾਸਿ ਕਰ ਦਿੱਤੀ ਜਾਂਦੀ ਹੈ । ਬਾਣੀਕਾਰਾਂ ਵਲੋਂ ਵਰਤੇ ਇਨ੍ਹਾਂ ਅੰਕਾਂ ਨੂੰ ਸਮਝ ਕੇ ਪਾਠ ਵਿੱਚ ਸ਼ਾਮਲ ਕਰਨ ਦੀ ਅਤੀ ਲੋੜ ਹੈ ।

ਗੁਰੂ ਗ੍ਰੰਥ ਸਾਹਿਬ ਜੀ ਦੀ ਜੈ ਜੈਕਾਰ!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top