Share on Facebook

Main News Page

ਗੁਰਬਾਣੀ ਵਿੱਚ ਕੁਵਲੀਆ ਪੀੜੁ ਜਾਂ ਕੁਵਲੀਆਪੀੜੁ
-: ਪ੍ਰੋ. ਕਸ਼ਮੀਰਾ ਸਿੰਘ USA
11.04.19

ਗੁਰਬਾਣੀ ਦੇ ਸ਼ਬਦਾਂ ਨੂੰ ਵਰਣਨਮਾਲ਼ਾ ਅਨੁਸਾਰ ਲਿਖਣ ਵਾਲ਼ੇ ਸੱਜਣ ਸ. ਕੁਲਬੀਰ ਸਿੰਘ ਥਿੰਦ ਵਲੋਂ 'ਕੁਵਲੀਆ' ਅਤੇ 'ਪੀੜੁ' ਦੋ ਸ਼ਬਦ ਗਿਣੇ ਗਏ ਹਨ । ਇਹ ਇਸ ਲਈ ਹੋਇਆ ਕਿ ਗੁਰਬਾਣੀ ਵਿੱਚ ਪਦ-ਛੇਦ ਕਰ ਕੇ ਲਿਖੇ ਹੋਏ ਹੀ ਇਸੇ ਤਰ੍ਹਾਂ ਹਨ । ਸ. ਕੁਲਬੀਰ ਸਿੰਘ ਦਾ ਵਿਸ਼ਾ ਸ਼ਬਦ-ਜੋੜਾਂ ਦੀ ਖੋਜ ਨਹੀਂ ਸੀ ਕੇਵਲ ਸ਼ਬਦਾਂ ਦੀ ਗਿਣਤੀ ਅੱਖਰ ਕ੍ਰਮ ਅਨੁਸਾਰ ਕਰਨਾ ਹੀ ਸੀ ਜੋ ਬੜਾ ਸ਼ਲਾਘਾ-ਯੋਗ ਉੱਦਮ ਹੈ । ਜੇ ਉਹ ਸ਼ਬਦ-ਜੋੜਾਂ ਦੀ ਖੋਜ ਵਲ ਵੀ ਧਿਆਨ ਦੇ ਸਕਦੇ ਤਾਂ ਸੋਨੇ ਤੇ ਸੁਹਾਗੇ ਵਾਲ਼ੀ ਗੱਲ ਹੋਣੀ ਸੀ ਅਤੇ ਟਪਲ਼ਿਆਂ ਤੋਂ ਬਚਣ ਵਿੱਚ ਮੱਦਦ ਮਿਲ਼ ਸਕਣੀ ਸੀ ਪਰ ਅਜਿਹਾ ਨਹੀਂ ਹੋ ਸਕਿਆ। ਹੇਠਾਂ ਉਨ੍ਹਾਂ ਦੇ ਲਿਖੇ ਲਫ਼ਜ਼ ਬਿਆਨ ਕੀਤੇ ਜਾਂਦੇ ਹਨ-

All word database making, text arrangement, alphabetization and formatting etc by: Kulbir Singh Thind, MD. Any use of text for commercial or internet projects requires express written approval from: Kulbir S Thind, MD.

ਸ਼ਬਦਾਂ ਦੀ ਗਿਣਤੀ ਕਰਦਿਆਂ ਸ. ਕੁਲਬੀਰ ਸਿੰਘ ਨੇ ਕੁਵਲੀਆ ਅਤੇ ਪੀੜੁ ਦੋ ਵੱਖਰੇ ਵੱਖਰੇ ਸ਼ਬਦ ਮੰਨ ਨੇ ਇਨ੍ਹਾਂ ਦੀ ਗਿਣਤੀ ਇੱਕ-ਇੱਕ ਲਿਖੀ ਹੈ । ਹੁਣ ਦੇਖਣਾ ਹੋਏਗਾ ਕਿ ਇਹ ਗਿਣਤੀ ਠੀਕ ਹੈ?

ੳ). ਪੀੜੁ ਸ਼ਬਦ ਦੀ ਵਰਤੋਂ:
ਇਹ ਸ਼ਬਦ ਬਣਤਰ ਵਿੱਚ ਪੁਲਿੰਗ ਹੈ, ਉਕਾਰਾਂਤ ਹੋਣ ਕਰਕੇ ਭਾਵੇਂ ਕੁੱਝ ਸ਼ਬਦ ਉਕਾਰਾਂਤ ਹੁੰਦੇ ਹੋਏ ਇਸਤ੍ਰੀ ਲਿੰਗ ਵੀ ਹੁੰਦੇ ਹਨ, ( ੁ ) ਮੂਲ਼ਕ ਹੋਣ ਕਰ ਕੇ । 'ਪੀੜੁ' ਸ਼ਬਦ ਦਾ ਅਰਥ 'ਦਰਦ' ਨਹੀਂ ਹੋ ਸਕਦਾ ਕਿਉਂਕਿ 'ਦਰਦ' ਸ਼ਬਦ ਇਸਤ੍ਰੀ ਲਿੰਗ ਹੈ । ਇਸ ਦੀ ਗਿਣਤੀ ਇੱਕ ਕੀਤੀ ਗਈ ਹੈ- ਪੰਨਾਂ 606/17 ਉੱਤੇ ਪਰ ਇਹ ਗਿਣਤੀ ਠੀਕ ਨਹੀਂ ਹੈ । ਗੁਰੂ ਗ੍ਰੰਥ ਸਾਹਿਬ ਵਿੱਚ ਕੋਈ ਇਕੱਲਾ ਸ਼ਬਦ 'ਪੀੜੁ' ਨਹੀਂ ਹੈ ।

ਅ). ਪੀੜ ਸ਼ਬਦ ਦੀ ਵਰਤੋਂ:
ਗਿਣਤੀ ਵਿੱਚ ਇਹ ਸ਼ਬਦ ਪੰਜ ਵਾਰੀ ਵਰਤਿਆ ਗਿਆ ਹੈ- ਪੰਨੇ ਹਨ: 36/3, 379/1, 438/16, 802/3 ਅਤੇ 1289/1 । ਪੰਕਤੀਆਂ ਹੇਠ ਲਿਖੀਆਂ ਹਨ-
* ਬਿਨੁ ਗੁਰ ਰੋਗੁ ਨ ਤੁਟਈ ਹਉਮੈ ਪੀੜ ਨ ਜਾਇ ॥ 36/3
* ਜਾ ਕਾ ਹਰਿ ਸੁਆਮੀ ਪ੍ਰਭ ਬੇਲੀ॥ਪੀੜ ਗਈ ਫਿਰਿ ਨਹੀ ਦੁਹੇਲੀ॥ {ਗਗਸ 379/1}
* ਹਰਿ ਹਰਿ ਕਰਹਿ ਸਿ ਸੂਕਹਿ ਨਾਹੀ ਨਾਨਕ ਪੀੜ ਨ ਖਾਹਿ ਜੀਉ॥ {ਗਗਸ 438/16}
* ਹਰਿ ਸੇਵਕ ਨਾਹੀ ਜਮ ਪੀੜ ॥ {ਗਗਸ 802/3}
* ਸਲੋਕ ਮ:1 ॥ ਪਉਣੈ ਪਾਣੀ ਅਗਨੀ ਜੀਉ ਤਿਨ ਕਿਆ ਖੁਸੀਆ ਕਿਆ ਪੀੜ ॥ {ਗਗਸ 1289/1}

ੲ). ਪੀੜਿ ਸ਼ਬਦ ਦੀ ਵਰਤੋਂ:
ਇੱਕ ਵਾਰੀ ਪੰਨਾਂ ਨੰਬਰ 473/19 ਉੱਤੇ ਕੀਤੀ ਗਈ ਹੈ । ਜਿਵੇਂ-
ਦਰਿ ਲਏ ਲੇਖਾ ਪੀੜਿ ਛੁਟੈ ਨਾਨਕਾ ਜਿਉ ਤੇਲੁ ॥2॥ {ਗਗਸ 473/19}

ਕੁਵਲੀਆ ਸ਼ਬਦ ਦੀ ਵਰਤੋਂ:
ਗਿਣਤੀਕਾਰ ਵਲੋਂ ਇਸ ਸ਼ਬਦ ਦੀ ਗਿਣਤੀ ਇੱਕ ਕੀਤੀ ਗਈ ਹੈ ਪਰ ਇਹ ਵੀ ਠੀਕ ਨਹੀਂ ਹੈ । ਗੁਰਬਾਣੀ ਵਿੱਚ ਕੋਈ ' ਕੁਵਲੀਆ' ਨਾਂ ਦਾ ਸ਼ਬਦ ਨਹੀਂ ਹੈ, ਭਾਵੇਂ, ਗੁਰਬਾਣੀ ਦੇ ਪਦ-ਛੇਦ ਕਰਨ ਵਾਲ਼ੇ ਨੇ ਇਸ ਸ਼ਬਦ ਨੂੰ ਵੱਖਰਾ ਲਿਖ ਕੇ ਗ਼ਲਤੀ ਕੀਤੀ ਹੈ ਅਤੇ ਗਿਣਤੀਕਾਰ ਨੇ ਅਗਾਂਹ ਇਹੋ ਭੁੱਲ ਕੀਤੀ ਹੈ ।
ਉਪਰੋਕਤ ਵਿਚਾਰ ਤੋਂ ਪਤਾ ਲੱਗਦਾ ਹੈ ਕਿ ਗੁਰਬਾਣੀ ਵਿੱਚ 'ਪੀੜੁ' ਸ਼ਬਦ ਵਾਲ਼ੀ ਕੋਈ ਪੰਕਤੀ ਨਹੀਂ ਹੈ ਅਤੇ ਨਾ ਹੀ 'ਕੁਵਲੀਆ' ਸ਼ਬਦ ਵਾਲ਼ੀ ਕੋਈ ਵੱਖਰੀ ਪੰਕਤੀ ਹੈ ।

ਫਿਰ ਕੀ ਹੈ 'ਕੁਵਲੀਆਪੀੜੁ'?

ਗੁਰਬਾਣੀ ਵਿੱਚ ਇਹ ਸ਼ਬਦ ਪੰਨਾਂ 606 ਉੱਤੇ 17ਵੀਂ ਪੰਕਤੀ ਵਿੱਚ ਦਰਜ ਹੈ ਅਤੇ ਇਸ ਦੇ ਦਰਸ਼ਨ ਕਰੋ-
ਆਪੇ ਗੋਪੀ ਕਾਨੁ ਹੈ ਪਿਆਰਾ ਬਨਿ ਆਪੇ ਗਊ ਚਰਾਹਾ ॥ ਆਪੇ ਸਾਵਲ ਸੁੰਦਰਾ ਪਿਆਰਾ ਆਪੇ ਵੰਸੁ ਵਜਾਹਾ ॥ ਕੁਵਲੀਆਪੀੜੁ ਆਪਿ ਮਰਾਇਦਾ ਪਿਆਰਾ ਕਰਿ ਬਾਲਕ ਰੂਪਿ ਪਚਾਹਾ ॥2॥
ਕੁਵਲੀਆਪੀੜੁ ਇੱਕੋ ਹੀ ਸ਼ਬਦ ਹੈ ਜਿਸ ਨੂੰ ਦੋ ਬਣਾ ਕੇ ਨਹੀਂ ਲਿਖਿਆ ਜਾ ਸਕਦਾ ।
ਕੰਸ ਦੇ ਹਾਥੀ ਦਾ ਨਾਂ ਸੀ- 'ਕੁਵਲੀਆਪੀੜੁ' ।
ਮਹਾਨ ਕੋਸ਼ ਵਿੱਚ ਕੁਵਲੀਆ ਨਾਂ ਦਾ ਕੋਈ ਸ਼ਬਦ ਨਹੀਂ ਹੈ ਪਰ 'ਕੁਵਲੀਆਪੀੜੁ' ਦਾ ਅਰਥ ਕੰਸ ਦਾ ਹਾਥੀ ਲਿਖਿਆ ਹੋਇਆ ਹੈ।

ਪ੍ਰੋ. ਸਾਹਿਬ ਸਿੰਘ ਨੇ ਕੁਵਲੀਆਪੀੜੁ ਦੇ ਅਰਥ ਕੀਤੇ ਹਨ-
ਕੰਸ ਵਲੋਂ ਭੇਜਿਆ ਹਾਥੀ ਕ੍ਰਿਸ਼ਨ ਜੀ ਨੂੰ ਮਾਰਨ ਵਾਸਤੇ ।

ਕੁਵਲੀਆਪੀੜੁ ਆਪਿ ਮਰਾਇਦਾ ਪਿਆਰਾ ਕਰਿ ਬਾਲਕ ਰੂਪਿ ਪਚਾਹਾ ॥2॥ ਪੰਕਤੀ ਦੇ ਕੀ ਅਰਥ ਹਨ?

ਅਰਥ: ਪ੍ਰਭੂ ਆਪ ਹੀ ਬਾਲਕ-ਰੂਪ (ਕ੍ਰਿਸ਼ਨ-ਰੂਪ) ਕੋਲ਼ੋਂ ਕੰਸ ਦੇ ਭੇਜੇ ਹੋਏ ਹਾਥੀ ਕੁਵਲੀਆਪੀੜੁ ਨੂੰ ਮਰਵਾਉਣ ਵਾਲ਼ਾ ਹੈ । ਦਾਸ ਨੇ ਕੁੱਝ ਬਹੁਤ ਹੀ ਗੁਰਮੁਖ ਸੱਜਣਾਂ ਕੋਲ਼ੋਂ 'ਕੁਵਲੀਆਪੀੜੁ' ਦਾ ਅਰਥ ਪੁੱਛਿਆ ਤਾਂ ਬੜਾ ਹੀ ਹੈਰਾਨਕੁਨ ਉੱਤਰ ਮਿਲ਼ਿਆ- ਕਹਿੰਦੇ ਅਰਥ ਹੈ ਕੋਈ ਅਵੱਲੀ ਜਿਹੀ ਪੀੜ ਲਾ ਕੇ ਪ੍ਰਭੂ ਮਾਰ ਦਿੰਦਾ ਹੈ । ਫਿਰ ਦਾਸ ਨੇ ਅਸਲੀ ਅਰਥਾਂ ਵਲ ਧਿਆਨ ਦੁਆਇਆ ਤਾਂ ਦੰਗ ਰਹਿ ਗਏ ਕਿ ਉਹ ਤਾਂ ਹੁਣ ਤਕ ਆਪਣੇ ਕੀਤੇ ਅਰਥ ਸਮਝ ਕੇ ਸਹਜ ਪਾਠ, ਅਖੰਡ ਪਾਠ ਕਰਦੇ ਰਹੇ ਹਨ ।

ਹੇਠਾਂ ਪੋਥੀ ਅਤੇ ਮਹਾਨ ਕੋਸ਼ ਵਿੱਚੋਂ ਫੋਟੋ ਕਾਪੀਆਂ ਵੀ ਦਿੱਤੀਆਂ ਗਈਆਂ ਹਨ ਜੋ ਕੁਵਲੀਆਪੀੜੁ ਸ਼ਬਦ ਦੀ ਅਸਲੀਅਤ ਨੂੰ ਬਿਆਨ ਕਰਦੀਆਂ ਹਨ ਅਤੇ ਪਦ-ਛੇਦ ਦੀ ਗ਼ਲਤੀ ਵਲ ਵੀ ਧਿਆਨ ਦਿਵਾਉਂਦੀਆਂ ਹਨ ।

ਨੋਟ: ਗੁਰਬਾਣੀ ਦੇ ਸ਼ੁੱਧ ਪਾਠ ਦੀ ਜਾਚ ਤਾਂ ਆ ਸਕਦੀ ਹੈ ਜੇ ਸ਼ਬਦ- ਜੋੜਾਂ ਦੇ ਅਰਥਾਂ ਦਾ ਪਾਠੀ ਨੂੰ ਗਿਆਨ ਹੋਵੇ ਨਹੀਂ ਤਾਂ ਤੋਤਾ ਰਟਨੀ ਪਾਠ ਹੀ ਹੋ ਰਹੇ ਹਨ ਭਾਵੇਂ ਪਾਠ ਨਿਰਬਿਘਨਤਾ ਸਹਿਤ ਹੋਣ ਦੀ ਰਟੀ ਰਟਾਈ ਅਰਦਾਸਿ ਵੀ ਕੀਤੀ ਜਾ ਰਹੀ ਹੈ ।

ਗੁਰੂ ਗ੍ਰੰਥ ਸਾਹਿਬ ਜੀ ਦੀ ਜੈ ਜੈਕਾਰ!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top