Share on Facebook

Main News Page

ਸਿੱਖੀ ਵਿਰਾਸਤ ਖ਼ਤਮ ਕਰਨ ਪਿੱਛੇ ਕੌਣ ਹੈ ?
-: ਪ੍ਰੋ. ਕਸ਼ਮੀਰਾ ਸਿੰਘ USA
04.04.19

ਸਿੱਖੀ ਦੀ ਨੀਂਹ ਰੱਖੀ ਗਈ:
ਸਿੱਖੀ ਦੀ ਨੀਂਹ ਧੰਨੁ ਗੁਰੂ ਨਾਨਕ ਸਾਹਿਬ ਜੀ (ਸੰਨ 1469 ਤੋਂ 1539) ਨੇ ਰੱਖੀ ਸੀ ।

ਉਸ ਸਮੇਂ ਦੇ ਹਾਲਾਤ ਕੀ ਸਨ?
। ਉਸ ਵੇਲੇ ਦੇ ਹਾਲਾਤ ਦਾ ਨਕਸ਼ਾ ਭਾਈ ਗੁਰਦਾਸ ਨੇ ਇਉਂ ਖਿੱਚਿਆ ਹੈ-

ਕਲਿ ਆਈ ਕੁਤੇ ਮੁਹੀ ਖਾਜੁ ਹੋਆ ਮੁਰਦਾਰ ਗੁਸਾਈ॥ ਰਾਜੇ ਪਾਪੁ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ॥ ਪਰਜਾ ਅੰਧੀ ਗਿਆਨੁ ਬਿਨ ਕੁੜ ਕੁਸਤੁ ਮੁਕਹੁ ਆਲਾਈ॥ ਚੇਲੇ ਸਾਜ ਵਜਾਇਦੇ ਨਚਨਿ ਗੁਰੂ ਬਹੁਤ ਬਿਧਿ ਭਾਈ॥ ਸੇਵਕ ਬੈਠਨ ਘਰਾ ਵਿਚ ਗੁਰ ਉਠਿ ਘਰੀ ਤਿਨਾੜੈ ਜਾਈ॥ ਕਾਜੀ ਹੋਏ ਰਿਸ਼ਵਤੀ ਵੱਢੀ ਲੈ ਕੇ ਹੱਕੁ ਗਵਾਈ॥ ਇਸਤ੍ਰੀ ਪੁਰਖੈ ਦਾਮਿ ਹਿਤ ਭਾਵੈ ਆਇ ਕਿਥਾਊਂ ਜਾਈ॥ ਵਰਤਿਆ ਪਾਪ ਸਭਸ ਜਗ ਮਾਹੀ॥ {ਵਾਰ 1 ਪਉੜੀ 30}

ਧੰਨੁ ਗੁਰੂ ਨਾਨਕ ਸਾਹਿਬ ਜੀ ਨੂੰ ਕੀ ਕੀ ਕਰਨਾ ਪਿਆ?
ਇਸ ਕਾਰਜ ਲਈ ਉਨ੍ਹਾਂ ਦਾ ਮੌਕੇ ਦੇ ਬਾਦਿਸ਼ਾਹ, ਕਾਜ਼ੀਆਂ (ਜੱਜਾਂ), ਪੀਰਾਂ, ਬ੍ਰਾਹਮਣਾ, ਜੋਗੀਆਂ, ਸਿੱਧਾਂ, ਸਾਧੂਆਂ, ਕੱਟੜ ਪ੍ਰੰਪਰਾਵਾਦੀਆਂ, ਆਮ ਲੋਕਾਂ ਆਦਿਕ ਨਾਲ਼ ਵਾਸਤਾ ਪਿਆ । ਜਿੱਥੇ ਕਿਤੇ ਉਨ੍ਹਾਂ ਨੇ ਝੂਠ ਦਾ ਪਾਸਾਰਾ ਦੇਖਿਆ ਓਥੇ ਉਨ੍ਹਾਂ ਨੇ ਸੱਚ ਦੀ ਆਵਾਜ਼ ਬੁਲੰਦ ਕੀਤੀ ਅਤੇ ਝੂਠ ਦਾ ਪੜਦਾ ਫ਼ਾਸ਼ ਕੀਤਾ। ਸਦੀਆਂ ਤੋਂ ਚੱਲੀਆਂ ਆ ਰਹੀਆਂ ਮਜ਼ਲੂਮਾਂ ਦੀ ਲੁੱਟ-ਖਸੁੱਟ ਵਾਲ਼ੀਆਂ ਰੀਤਾਂ ਅਤੇ ਫੋਕੀਆਂ ਰਸਮਾਂ ਦੀ ਅਸਲੀਅਤ ਨੂੰ ਲੋਕਾਂ ਸਾਮ੍ਹਣੇ ਉਜਾਗਰ ਕੀਤਾ । ਵੱਖ-ਵੱਖ ਦੇਵੀ ਦੇਵਤਿਆਂ ਨੂੰ ਪੂਜਣ ਦੀ ਥਾਂ ਇੱਕ ਰੱਬ ਨੂੰ ਮੰਨਣ ਦੀ ਗੱਲ ਚਲਾਈ । ਜਨੇਊ ਦੇ ਅਰਥ ਸਮਝਾਏ ਅਤੇ ਧਾਗੇ ਵਾਲ਼ਾ ਜਨੇਊ ਇੱਕ ਪਾਸੇ ਰੱਖ ਦਿੱਤਾ । ਤਸਵੀਰ ਪੂਜਾ ਨੂੰ, ਤੀਰਥਾਂ ਦੇ ਇਸ਼ਨਾਨ ਨੂੰ ਬੇ-ਲੋੜਾ ਦੱਸਿਆ । ਜਾਤ-ਪਾਤ ਦੀਆਂ ਵੰਡੀਆਂ ਵਿਰੁੱਧ ਆਵਾਜ਼ ਉਠਾਈ ਅਤੇ ਦੱਸਿਆ ਕਿ ਸਾਰੇ ਹੀ ਰੱਬ ਦੇ ਪਿਆਰੇ ਜੀਵ ਹਨ । ਆਪਣੇ ਆਪ ਵਿੱਚ ਜਾਤ ਕਰਕੇ ਕੋਈ ਉੱਚਾ ਅਤੇ ਨੀਵਾਂ ਨਹੀਂ ਹੈ । ਸ਼ੂਦਰਾਂ ਦੀ ਬਾਂਹ ਫੜੀ ਅਤੇ ਉਨ੍ਹਾਂ ਨੂੰ ਬਾਕੀਆਂ ਦੇ ਨਾਲ਼ ਇੱਕੋ ਪੰਗਤ ਵਿੱਚ ਅਤੇ ਸਾਂਝੀ ਸੰਗਤ ਵਿੱਚ ਬਿਠਾਇਆ । ਰਾਜਿਆਂ ਨੂੰ ਜ਼ਾਲਮ ਸ਼ੇਰਾਂ ਨਾਲ਼ ਅਤੇ ਉਨ੍ਹਾਂ ਦੇ, ਮਜ਼ਲੂਮਾਂ ਦਾ ਰੱਤ ਪੀਣੇ, ਕਰਮਚਾਰੀਆਂ ਨੂੰ ਕੁੱਤਿਆਂ ਨਾਲ਼ ਤੁਲਨਾ ਦਿੱਤੀ । ਗੁਰਬਾਣੀ ਨੂੰ ਸੰਗੀਤਮਈ ਢੰਗ ਨਾਲ਼ ਗਾ ਕੇ ਰੱਬੀ ਉਪਦੇਸ਼ ਦਿੱਤਾ ।

ਧੰਨੁ ਗੁਰੂ ਨਾਨਕ ਪਾਤਿਸ਼ਾਹ ਜੀ ਦੇ ਵਿਚਾਰ ਕਿਸ ਨੂੰ ਰਾਸਿ ਨਹੀਂ ਆਏ?
ਗੁਰੂ ਜੀ ਦੇ ਸਤਿ ਨਾਮ ਦੇ ਰੱਬੀ ਪ੍ਰਚਾਰ ਸਦਕਾ ਸਦੀਆਂ ਤੋਂ ਚੱਲੀਆਂ ਆ ਰਹੀਆਂ ਰੀਤਾਂ ਰਸਮਾਂ ਉੱਤੇ ਕਰਾਰੀ ਸੱਟ ਲੱਗਣ ਨਾਲ਼ ਬ੍ਰਾਹਮਣਵਾਦ, ਗੁਰੂ ਜੀ ਦੀ ਰੱਬੀ ਵਿਚਾਰਧਾਰਾ ਦੇ, ਵਿਰੁੱਧ ਹੋਗਿਆ ।ਵਿਰੋਧ ਵਾਲ਼ਾ ਇਹ ਸਿਲਸਿਲਾ ਦਸਵੇਂ ਗੁਰੂ ਜੀ ਤਕ ਚੱਲਦਾ ਰਿਹਾ । ਬ੍ਰਾਹਮਣਵਾਦ ਸਮੇਂ ਸਮੇਂ ਕੋਸ਼ਿਸ਼ ਕਰਦਾ ਰਿਹਾ ਕਿ ਗੁਰੂ ਦਰਬਾਰ ਵਿੱਚ ਫੁੱਟ ਪੈ ਜਾਵੇ ਅਤੇ ਸਿੱਖ ਆਪੋ ਵਿੱਚ ਉਲ਼ਝ ਜਾਣ । ਭਾਈ ਪ੍ਰਿਥੀ ਚੰਦ ਨੂੰ ਪੰਜਵੇਂ ਗੁਰੂ ਜੀ ਦੇ ਵਿਰੁੱਧ ਕਰਨ ਅਤੇ ਪੰਜਵੇਂ ਗੁਰੂ ਜੀ ਦੇ ਵਿਰੁੱਧ ਜਹਾਂਗੀਰ ਦੇ ਕੰਨ ਭਰ ਕੇ ਗੁਰੂ ਜੀ ਨੂੰ ਸ਼ਹੀਦ ਕਰਵਾਉਣ ਵਿੱਚ ਬ੍ਰਾਹਮਣਵਾਦ ਦਾ ਪੂਰਾ ਹੱਥ ਰਿਹਾ । ਬੀਰਬਲ ਰਾਹੀਂ ਪੰਜਵੇਂ ਗੁਰੂ ਜੀ ਦੇ ਵਿਰੁੱਧ ਅਕਬਰ ਦੇ ਕੰਨ ਭਰੇ ਗਏ ਪਰ ਓਥੇ ਬ੍ਰਾਹਮਣਵਾਦ ਸਫ਼ਲ ਨਾ ਹੋ ਸਕਿਆ ਕਿਉਂਕਿ ਅਕਬਰ ਸਿਆਣਾ ਸੀ ਜੋ ਅਸਲੀਅਤ ਨੂੰ ਜਾਣਦਾ ਸੀ ।

ਦਸਵੇਂ ਗੁਰੂ ਦੇ ਜੋਤੀ ਜੋਤਿ ਸਮਾਉਣ ਤੋਂ ਪਿੱਛੋਂ ਕੀ ਹੋਇਆ?
ਦਸਵੇਂ ਗੁਰੂ ਜੀ ਦੇ ਜੋਤੀ ਜੋਤਿ ਸਮਾਉਣ ਪਿੱਛੋਂ ਬ੍ਰਾਹਮਣਵਾਦ ਦੇ ਜਿਵੇਂ ਦੋਹੀਂ ਹੱਥੀਂ ਲੱਡੂ ਆ ਗਏ । ਦਸਵੇਂ ਗੁਰੂ ਜੀ ਦੇ ਹੁੰਦਿਆਂ ਕਿਸੇ ਸਿੱਖੀ ਦੇ ਦੁਸ਼ਮਣ ਨੂੰ ਕਿਸੇ ਗੁਰੂ ਪਾਤਿਸ਼ਾਹ ਜੀ ਦੇ ਵਿਰੁੱਧ ਕੋਈ ਪੁਸਤਕ ਲਿਖਣ ਦਾ ਹੀਆ ਨਹੀਂ ਪਿਆ । ਸੰਨ 1708 ਤੋਂ ਪਿੱਛੋਂ ਦਸਵੇਂ ਗੁਰੂ ਜੀ ਦੀ ਸ਼ਖ਼ਸੀਅਤ ਨੂੰ ਬਾਕੀ ਗੁਰੂ ਪਾਤਿਸ਼ਾਹਾਂ ਨਾਲ਼ੋਂ ਵੱਖ ਦਰਸ਼ਾਉਣ ਲਈ ਸਿੱਖੀ ਵਿਰੋਧੀ ਅਨੇਕਾਂ ਗ੍ਰੰਥ ਹੋਂਦ ਵਿੱਚ ਆ ਗਏ । ਦਸਵੇਂ ਗੁਰੂ ਜੀ ਨੂੰ ਦੁਰਗਾ ਮਾਈ ਪਾਰਬਤੀ ਦੇ ਪੁਜਾਰੀ ਅਤੇ ਨਸ਼ਿਆਂ ਦੇ ਆਦੀ ਬਣਾਉਣ ਦੀ ਕੋਝੀ ਹਰਕਤ ਕੀਤੀ ਗਈ । ਇਨ੍ਹਾਂ ਗ੍ਰੰਥਾਂ ਵਿੱਚ ਕਵੀ ਕੁਇਰ ਸਿੰਘ, ਸੁਮੇਰ ਸਿੰਘ ਅਤੇ ਸੁੱਖਾ ਸਿੰਘ ਦੇ ਲਿਖੇ 'ਗੁਰਬਿਲਾਸ' ਪਾਤਿਸ਼ਾਹੀ ਦਸਵੀ, ਕਵੀ ਗਿਆਨੀ ਗਿਆਨ ਸਿੰਘ ਦਾ ਲਿਖਿਆ 'ਪੰਥ ਪ੍ਰਕਾਸ਼', ਕਵੀ ਸੰਤੋਖ ਸਿੰਘ ਦਾ ਲਿਖਿਆ ਸੂਰਜ ਪ੍ਰਕਾਸ਼, ਅੰਮ੍ਰਿਤਸਰ ਸ਼ੋਧਕ ਕਮੇਟੀ ਦਾ ਬਣਾਇਆ ਦਸ਼ਮ ਗ੍ਰੰਥ ਆਦਿਕ ਸ਼ਾਮਲ ਹਨ ।

ਆਜ਼ਾਦੀ ਤੋਂ ਪਹਿਲਾਂ ਸ਼੍ਰੋ. ਕਮੇਟੀ ਨੇ ਕੀ ਕੀਤਾ?
ਸੰਨ 1945 ਵਿੱਚ ਸ਼੍ਰੋ. ਕਮੇਟੀ ਵਲੋਂ ਦਸਵੇਂ ਗੁਰੂ ਜੀ ਤੋਂ ਪ੍ਰਵਾਨਤ ਸਿੱਖਾਂ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਾਲ਼ੇ ਪਹਿਲੇ 13 ਪੰਨਿਆਂ ਦੇ ਰੋਜ਼ਾਨਾ ਨਿੱਤਨੇਮ ਵਿੱਚ ਦਖ਼ਲ ਅੰਦਾਜ਼ੀ ਕੀਤੀ ਗਈ ਜੋ ਬ੍ਰਾਹਮਣਵਾਦੀ ਪ੍ਰਭਾਵ ਦਾ ਹੀ ਨਤੀਜਾ ਹੈ । ਸੰਨ 1925 ਵਿੱਚ ਬਣੀ ਆਰ.ਐੱਸ. ਐੱਸ. ਸੰਸਥਾ ਦਾ ਪ੍ਰਭਾਵ ਓਦੋਂ ਤੋਂ ਹੀ ਸ਼੍ਰੋ. ਕਮੇਟੀ ਕਬੂਲਦੀ ਆ ਰਹੀ ਹੈ ।

ਪੰਥਕ ਸਰਕਾਰ ਸਮੇਂ ਸ਼੍ਰੋ. ਕਮੇਟੀ ਨੇ ਕੀ ਕੀਤਾ?
ਸੰਨ 1999 ਵਿੱਚ ਬੀਬੀ ਜਗੀਰ ਕੌਰ ਦੀ ਪ੍ਰਧਾਨਗੀ ਵਿੱਚ ਸ਼੍ਰੋ. ਕਮੇਟੀ ਵਲੋਂ 'ਸਿੱਖੋਂ ਕਾ ਇਤਿਹਾਸ' ਹਿੰਦੀ ਵਿੱਚ ਛਪਾਈ ਪੁਸਤਕ ਸਿੱਖੀ ਨੂੰ ਖੁਲ੍ਹੇ ਤੌਰ ਉੱਤੇ ਭੰਡਦੀ ਅਤੇ ਗੁਰੂ ਪਾਤਿਸ਼ਾਹਾਂ ਪ੍ਰਤੀ ਨਿੰਦਾਜਨਕ ਸ਼ਬਦਾਂ ਦੀ ਵਰਤੋਂ ਕਰਦੀ ਹੈ ਜੋ ਬ੍ਰਾਹਮਣਵਾਦੀ ਪ੍ਰਭਾਵ ਦਾ ਹੀ ਨਤੀਜਾ ਹੈ ।

ਬੇਅਦਬੀ ਕਾਂਡ:
ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ-ਕਾਂਡ ਵਿੱਚ ਬ੍ਰਾਹਮਣਵਾਦ ਦੇ ਪ੍ਰਭਾਵ ਕਰ ਕੇ ਹੀ ਸ਼੍ਰੋ. ਕਮੇਟੀ, ਜਥੇਦਾਰ ਅਤੇ ਸਰਕਾਰ ਕੁੱਝ ਨਹੀਂ ਕਰ ਸਕੇ ।
ਸ਼੍ਰੋ. ਕਮੇਟੀ ਵਿੱਚ ਆਰ.ਐੱਸ. ਐੱਸ ਦੇ ਮੈਂਬਰ ਨੂੰ ਮੁੱਖ ਸਕੱਤ੍ਰ ਦਾ ਅਹੁਦਾ ਦੇਣਾ:
ਗੁਰਦੁਆਰਾ ਕਾਨੂੰਨ ਵਿੱਚ ਅਹੁਦਾ ਨਾ ਹੁੰਦਿਆਂ ਹੋਇਆਂ ਵੀ ਬ੍ਰਾਹਮਣਵਾਦੀ ਸੋਚ ਵਾਲ਼ੇ ਵਿਅੱਕਤੀ ਨੂੰ ਮੁੱਖ ਸਕੱਤ੍ਰ ਰੱਖਣਾ ਸਿਖੀ ਵਿੱਚ ਬ੍ਰਾਹਮਣਵਾਦ ਦਾ ਸਿੱਧਾ ਦਖ਼ਲ ਸੀ ।

ਪੁਸਤਕਾਂ ਰਾਹੀਂ ਸਿੱਖ ਇਤਿਹਾਸ ਨਾਲ਼ ਛੇੜ-ਛਾੜ:
ਲਵਲੀ ਯੂਨੀਵਰਸਿਟੀ ਵਿੱਚ ਪੜ੍ਹਾਈ ਜਾਂਦੀ ਐੱਮ. ਏ. ਪੁਲੀਟੀਕਲ ਸਾਇੰਸ ਦੀ ਇੱਕ ਪੁਸਤਕ ਵਿੱਚ ਦਸਵੇਂ ਪਾਤਿਸ਼ਾਹ ਵਾਰੇ ਲਿਖਿਆ ਹੈ ਕਿ ਉਨ੍ਹਾਂ ਖ਼ੁਦਕਸ਼ੀ ਕੀਤੀ ਸੀ। ਕਿਸੇ ਸਰਕਾਰ, ਕਮੇਟੀ ਅਤੇ ਜਥੇਦਾਰ ਨੇ ਅੱਜ ਤਕ ਕੋਈ ਨੋਟਿਸ ਨਹੀਂ ਲਿਆ । ਅੱਠਵੀ ਦੀ ਹਿੰਦੀ ਦੀ ਵਿਆਕਰਣ ਨਾਂ ਦੀ ਪੁਸਤਕ ਵਿੱਚ ਮੰਗਲਾਚਰਨ ਨੂੰ ੴ ਦੀ ਬਜਾਇ ਓਂ ਸਤਿ ਨਾਮੁ ਨਾਲ਼ ਸ਼ੁਰੂ ਕੀਤਾ ਹੋਇਆ ਹੈ ਜੋ ਬ੍ਰਾਹਮਣਵਾਦ ਦਾ ਸਿੱਖੀ ਵਿੱਚ ਸਿੱਧਾ ਦਖ਼ਲ ਹੈ । ਇਹੋ ਜਿਹੀਆਂ 6000 ਤੋਂ ਵੱਧ ਪੁਸਤਕਾਂ ਬ੍ਰਾਹਮਣਵਾਦ ਵਲੋਂ ਲਿਖੀਆਂ ਜਾ ਚੁੱਕੀਆਂ ਹਨ ਜੋ ਸਿੱਖੀ ਵਿਚਾਰਧਾਰਾ ਨੂੰ ਖ਼ਤਮ ਕਰਨ ਵਾਸਤੇ ਹੀ ਹਨ। ਹੋਰ ਵੀ ਬਹੁਤ ਕੁੱਝ ਕੀਤਾ ਜਾ ਚੁੱਕਾ ਹੈ ।

ਉਕਤ ਪੁਸਤਕ ਦੇ ਪੰਨਾ ਨੰਬਰ 160 ਅਧਿਆਏ-2 ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਬੰਧ ਵਿੱਚ ਲਿਖਿਆ ਹੋਇਆ ਹੈ ਕਿ ਗੁਰੂ ਜੀ 1708 ਈ. ਵਿਚ ਜਦੋਂ ਨਾਦਿਰ ਨਾਮਕ ਸਥਾਨ ਉਤੇ ਇਕ ਪਠਾਣ ਦੇ ਛੁਰਾ ਮਾਰਨ ਤੋਂ ਬਾਅਦ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ, ਤਾਂ ਕੁਝ ਦਿਨਾਂ ਤੋਂ ਬਾਅਦ ਉਨ੍ਹਾਂ ਆਪਣੀ ਮੌਤ ਨਿਸ਼ਚਿਤ ਜਾਣਦੇ ਹੋਏ, ਆਪਣੇ ਇੱਕ ਕਮਰੇ ਵਿੱਚ ਬੰਦ ਹੋ ਗਏ ਅਤੇ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਆਤਮ ਹੱਤਿਆ ਕਰ ਲਈ ਸੀ।

".............ਜੋ ਵਿਸ਼ਾ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ ਉਹੀ ਵਿਸ਼ਾ ਦਸਮ ਗ੍ਰੰਥ ਸਾਹਿਬ ਜੀ ਦਾ ਹੈ। .....ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਸਿਧਾਂਤ ਹੈ ਉਹ ਹੀ ਦਸਮ ਗ੍ਰਥ ਦਾ ਸਿਧਾਂਤ ਹੈ....ਕਿਉਂਕਿ ਦਸਮ ਗ੍ਰੰਥ ਦੇ ਵਿੱਚ ਦਸਮ ਪਾਤਸ਼ਾਹ ਨੇ ਉਹ ਹੀ ਵਿਸ਼ੈ ਸਪਸਟ ਕੀਤੇ ਹਨ ਜੋ ਗੁਰੂ ਗ੍ਰੰਥ ਦੇ ਵਿੱਚ ਹਨ।......ਗੁਰੂ ਗ੍ਰੰਥ ਸਾਹਿਬ ਤੋਂ ਦੁਜੇ ਸਥਾਨ ਤੇ ਦਸਮ ਗ੍ਰੂਰੰਥ ਦਾ ਹਰ ਸਿੱਖ ਸਤਕਾਰ ਕਰਦਾ ਹੈ.......... ਗ੍ਰੰਥ ਸਾਹਿਬ ਜੀ ਅਤੇ ਦਸਮ ਗ੍ਰੰਥ ਦੀ ਬਹੁਤ ਡੂੰਗੀ ਸਾਂਝ ਇਸ ਲਈ ਵੀ ਹੈ, ਕਿਉਂਕਿ ਦੋਹਨਾਂ ਗ੍ਰੰਥਾ ਨੂੰ ਰਚਣ ਵਾਲੀ ਜੋਤ ਇਕ ਹੀ ਹੈ............... ।"

ਕਾਰ ਸੇਵਾ ਦੇ ਨਾਂ 'ਤੇ ਸਿੱਖ ਇਤਿਹਾਸ ਨਾਖ ਛੇੜ-ਛਾੜ:
ਕਾਰ ਸੇਵਾ ਵਾਲ਼ਿਆਂ ਨੂੰ ਇਹ ਐਜੰਡਾ ਦਿੱਤਾ ਹੋਇਆ ਹੈ ਕਿ ਉਨ੍ਹਾਂ ਨੇ ਸਿੱਖ ਇਤਿਹਾਸ ਦੀਆਂ ਪੁਰਾਤਨ ਨਿਸ਼ਾਨੀਆਂ ਨੂੰ ਮੂਲ਼ੋਂ ਹੀ ਖ਼ਤਮ ਕਰ ਕੇ ਨਵੀਆਂ ਇਮਾਰਤਾਂ ਦੀ ਉਸਾਰੀ ਕਰਨੀ ਹੈ ਤਾਂ ਜੁ ਕਿਸੇ ਨੂੰ ਪਤਾ ਹੀ ਨਾ ਲੱਗੇ ਕਿ ਇਸ ਧਰਤੀ ਉੱਤੇ ਕੋਈ ਚਮਕੌਰ ਦੀ ਕੱਚੀ ਗੜ੍ਹੀ, ਠੰਢਾ ਬੁਰਜ, ਕਤਲਗੜ੍ਹ, ਖ਼ੂਨੀ ਦੀਵਾਰ, ਜੋਤੀ ਸਰੂਪ, ਟੋਡਰਮੱਲ ਦੀ ਹਵੇਲੀ ਆਦਿਕ ਕੋਈ ਥਾਂ ਜਾਂ ਨਿਸ਼ਾਨ ਸੀ । ਇਹ ਕੰਮ ਬ੍ਰਾਹਮਣਵਾਦ ਵਲੋਂ ਸਿੱਖੀ ਬਾਣੇ ਵਾਲ਼ਿਆਂ ਕੋਲ਼ੋਂ ਹੀ ਕਰਵਾਇਆ ਜਾ ਰਿਹਾ ਹੈ । ਪੰਥਕ ਸਰਕਾਰ ਪੰਜਾਬ ਦੀ ਬਾਦਿਸ਼ਾਹੀ ਬਦਲੇ ਬ੍ਰਾਹਮਣਵਾਦ ਅਧੀਨ ਹੋ ਕੇ ਕੰਮ ਕਰਦੀ ਰਹੀ, ਸ਼੍ਰੋ. ਕਮੇਟੀ ਉਸ ਦੀ ਗ਼ੁਲਾਮ ਹੋਣ ਕਰਕੇ ਬ੍ਰਾਹਮਣਵਾਦ ਦਾ ਕਹਿਣਾ ਨਹੀਂ ਮੋੜ ਸਕਦੀ, ਆਪਣੇ ਗਲ਼ੋੰ ਬਲਾਅ ਲਾਹ ਕੇ ਸ਼੍ਰੋ. ਕਮੇਟੀ ਨੇ ਅਖੌਤੀ ਕਾਰ ਸੇਵਾ ਵਾਲ਼ੇ ਮੋਹਰੇ ਕੀਤੇ ਹੋਏ ਹਨ ਜਿਨ੍ਹਾਂ ਨੂੰ ਬ੍ਰਾਹਮਣਵਾਦ ਦੀਆਂ ਸਖ਼ਤ ਹਦਾਇਤਾਂ ਹਨ ਕਿ ਉਨ੍ਹਾਂ ਨੇ ਸਿੱਖੀ ਦੇ ਸੱਭ ਨਿਸ਼ਾਨ ਮਿਟਾਉਣੇ ਹਨ ਕਿਉਂਕਿ ਸ਼੍ਰੋ. ਕਮੇਟੀ ਅਤੇ ਸਰਕਾਰ ਉਨ੍ਹਾਂ ਨੂੰ ਰੋਕ ਨਹੀਂ ਸਕਦੀ ।
ਵਾੜ ਹੀ ਖੇਤ ਨੂੰ ਖਾਏ ਤਾਂ, ਦੱਸੋ ਖੇਤ ਨੂੰ ਕੌਣ ਬਚਾਏ?


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top