ਅਬਿਚਲ
ਸ਼ਬਦ ਦੀ ਵਰਤੋਂ ਗੁਰਬਾਣੀ ਵਿੱਚ 7 ਵਾਰੀ ਕੀਤੀ ਗਈ ਹੈ । ਵਰਤੋਂ ਵਿੱਚ 'ਅਬਿਚਲ' ਸ਼ਬਦ
ਸੰਬੰਧਕ ਅਤੇ ਇਸਤ੍ਰੀ ਲਿੰਗ ਰੂਪ ਵਿੱਚ ਆਇਆ ਹੈ । 'ਅਬਿਚਲ ਨਗਰੁ' ਵਿੱਚ 'ਅਬਿਚਲ' ਸ਼ਬਦ
ਸੰਬੰਧਕੀ ਰੂਪ ਵਿੱਚ ਹੈ ਅਤੇ 'ਅਬਿਚਲ ਨੀਵ' ਵਿੱਚ ਇਸਤ੍ਰੀ ਲਿੰਗ ਰੂਪ ਵਿੱਚ ਹੈ ।
'ਅਬਿਚਲ ਨਗਰੁ' ਦਾ ਅਰਥ ਹੈ- ਨਾ ਡੋਲਣ ਵਾਲ਼ੇ ਪ੍ਰਭੂ
ਦਾ ਸ਼ਹਰ । 'ਅਬਿਚਲ ਨੀਵ' ਦਾ ਅਰਥ ਹੈ- ਨਾ ਡੋਲਣ ਵਾਲ਼ੀ
ਸਿਫ਼ਤਿ ਸਾਲਾਹ ਵਾਲ਼ੀ ਨੀਂਹ ।
ਗੁਰਬਾਣੀ ਵਿੱਚ 'ਅਬਿਚਲੁ' ਸ਼ਬਦ ਵੀ ਦੋ ਵਾਰੀ ਵਰਤਿਆ ਗਿਆ ਹੈ ਪਰ
ਓਥੇ ਇਹ ਪੁਲਿੰਗ ਰੂਪ ਵਿੱਚ ਇੱਕ-ਵਚਨ ਵਿਸ਼ੇਸ਼ਣ ਵਜੋਂ ਵਰਤਿਆ ਹੋਇਆ ਹੈ । 'ਸ੍ਰੀ ਗੁਰੂ
ਰਾਜੁ ਅਬਿਚਲੁ ਅਟੱਲੁ' ( ਗਗਸ 1390/10) ਵਾਕ-ਅੰਸ਼ ਵਿੱਚ 'ਅਬਿਚਲੁ' ਦਾ ਅਰਥ ਹੈ- ਕਦੇ
ਨਾ ਡੋਲਣ ਵਾਲ਼ਾ । 'ਤੂ ਦਾਨਾ ਤੂ ਅਬਿਚਲੁ ਤੂਹੀ' (ਗਗਸ 884/7) ਵਾਕ-ਅੰਸ਼ ਵਿੱਚ 'ਅਬਿਚਲੁ'
ਸ਼ਬਦ ਦਾ ਅਰਥ ਹੈ- ਕਦੇ ਨਾ ਡੋਲਣ ਵਾਲ਼ਾ ।
'ਅਬਿਚਲ ਨੀਵ'
ਕਾਹਦੀ ਨੀਂਹ ਹੈ?
'ਅਬਿਚਲ ਨੀਵ' ਪ੍ਰਭੂ ਦੀ ਭਗਤੀ ਅਤੇ ਸਿਫ਼ਤਿ ਸਾਲਾਹ ਦੀ ਨੀਂਵ ਹੈ
ਜੋ ਕਦੇ ਡੋਲਦੀ ਨਹੀਂ । ਧਰਤੀ ਉੱਤੇ ਬਣੇ ਕਿਸੇ 'ਅਬਿਚਲ' ਨਾਮੀ ਅਸਥਾਨ ਦੀ ਨੀਂਹ ਲਈ
ਗੁਰਬਾਣੀ ਵਿੱਚ 'ਅਬਿਚਲ ਨੀਵ' ਸ਼ਬਦ ਨਹੀਂ ਵਰਤੇ ਗਏ ਅਤੇ ਨਾ ਹੀ ਉਸ ਅਸਥਾਨ ਨਾਲ਼ ਇਹ ਸ਼ਬਦ
ਜੋੜ ਕੇ ਦੇਖਣੇ ਚਾਹੀਦੇ ਹਨ ਕਿਉਂਕਿ ਇਹ ਸ਼ਬਦ ਕਿਸੇ ਭੋਤਿਕ ਅਸਥਾਨ ਲਈ ਭਵਿੱਖ ਬਾਣੀ ਨਹੀਂ
। ਅਬਿਚਲ ਨੀਵ' ਦੇ ਇਸ ਸੰਕਲਪ ਨੂੰ ਸਮਝਣ ਲਈ ਹੇਠ ਲਿਖੀਆਂ ਪਾਵਨ ਪੰਕਤੀਆਂ ਨੂੰ ਧਿਆਨ
ਗੋਚਰੇ ਕਰਨਾ ਜ਼ਰੂਰੀ ਹੈ-
ੳ). ਅੰਗੀਕਾਰੁ ਕੀਓ ਮੇਰੈ ਕਰਤੈ ਗੁਰ
ਪੂਰੇ ਕੀ ਵਡਿਆਈ॥ ਅਬਿਚਲ ਨੀਵ ਧਰੀ ਗੁਰ ਨਾਨਕ ਨਿਤ ਨਿਤ ਚੜੇ ਸਵਾਈ॥2॥ {ਗਗਸ
500/18}
ਅ). ਤੇਰਿਆ ਦਾਸਾ ਰਿਦੈ ਮੁਰਾਰੀ॥ ਪ੍ਰਭਿ
ਅਬਿਚਲ ਨੀਵ ਉਸਾਰੀ॥ {ਗਗਸ 622/7}
ੲ). ਭਲਾ ਸੰਜੋਗੁ ਮੂਰਤੁ ਪਲੁ ਸਾਚਾ
ਅਬਿਚਲ ਨੀਵ ਰਖਾਈ॥ ਜਨ ਨਾਨਕ ਪ੍ਰਭ ਭਏ ਦਇਆਲਾ ਸਰਬ ਕਲਾ ਬਣਿ ਆਈ॥ {ਗਗਸ
781/14}
ਸ). ਦਹ ਦਿਸ ਪੂਰਿ ਰਹਿਆ ਜਸੁ ਸੁਆਮੀ
ਕੀਮਤਿ ਕਹਣੁ ਨ ਜਾਈ॥ ਕਹੁ ਨਾਨਕ ਸਤਿਗੁਰ ਬਲਿਹਾਰੀ ਜਿਨਿ ਅਬਿਚਲ ਨੀਵ ਰਖਾਈ॥ {ਗਗਸ
783/12}
ਹ). ਅਬਿਚਲ ਨੀਵ ਧਰਾਈ ਸਤਿਗੁਰਿ ਕਬਹੂ
ਡੋਲਤ ਨਾਹੀ॥ ਗੁਰ ਨਾਨਕ ਜਬ ਭਏ ਦਇਆਲਾ ਸਰਬ ਸੁਖਾ ਨਿਧਿ ਪਾਂਹੀ॥ {ਗਗਸ
1226/12}
ਉਪਰੋਕਤ ਪੰਜਾਂ ਹੀ ਪ੍ਰਮਾਣਾਂ ਵਿੱਚ 'ਅਬਿਚਲ
ਨੀਵ' ਦਾ ਅਰਥ ਹੈ- ਪ੍ਰਭੂ ਭਗਤੀ ਅਤੇ ਸਿਫ਼ਤਿ ਸਾਲਾਹ
ਕਾਰਣ ਮਨ ਦੀ ਕਦੇ ਨਾ ਡੋਲਣ ਵਾਲ਼ੀ ਅਵੱਸਥਾ ।
ਗੁਰੂ ਗ੍ਰੰਥ ਸਾਹਿਬ ਜੀ ਦੀ ਜੈ ਜੈਕਾਰ!