ਹੇਠਾਂ ਇੱਕ ਇਸ਼ਤਿਹਾਰ ਨੂੰ ਦੇਖੋ-
ਉਪਰੋਕਤ ਇਸ਼ਤਿਹਾਰ ਵਿੱਚ ਸਮਾਗਮ ਦਾ ਨਾਂ ‘ਜਪ ਤਪ ਸਮਾਗਮ’ ਲਿਖਿਆ ਹੋਇਆ ਹੈ।
1.
ਕੀ "ਜਪ ਤਪ ਸਮਾਗਮ" ਲਿਖਣਾ ਠੀਕ ਹੈ?
ਸਿੱਖੀ ਵਿਚਾਰਧਾਰਾ ਵਿੱਚ ‘ਜਪ ਤਪ’ ਦੀ ਕੋਈ ਮਹਿਮਾ ਨਹੀਂ ਹੈ।
ਗੁਰਬਾਣੀ ਵਿੱਚੋਂ ਸੇਧ ਮਿਲ਼ਦੀ ਹੈ, ਜਿਵੇਂ:
ੳ.) ਜਾਪ ਤਾਪ ਨੇਮ ਸੁਚਿ ਸੰਜਮ
ਨਾਹੀ ਇਨ ਬਿਧੇ ਛੁਟਕਾਰ॥ ਗਰਤ ਘੋਰ ਅੰਧ ਤੇ ਕਾਢਹੁ ਪ੍ਰਭ ਨਾਨਕ ਨਦਰਿ ਨਿਹਾਰਿ॥
(ਗਗਸ ਪੰਨਾਂ 1301)
ਅਰਥ : ਹੇ ਨਾਨਕ! (ਆਖ-) ਜਪ, ਤਪ, ਵਰਤ-ਨੇਮ;
ਸਰੀਰਕ ਪਵਿੱਤ੍ਰਤਾ, ਸੰਜਮ-ਇਹਨਾਂ ਤਰੀਕਿਆਂ ਨਾਲ (ਵਿਕਾਰਾਂ ਤੋਂ ਜੀਵਾਂ ਦੀ) ਖ਼ਲਾਸੀ
ਨਹੀਂ ਹੋ ਸਕਦੀ । ਹੇ ਪ੍ਰਭੂ! ਤੂੰ (ਆਪ ਹੀ) ਮਿਹਰ ਦੀ ਨਿਗਾਹ ਨਾਲ ਤੱਕ ਕੇ
(ਵਿਕਾਰਾਂ ਦੇ) ਘੁੱਪ ਹਨੇਰੇ ਟੋਏ ਵਿਚੋਂ ਬਾਹਰ ਕੱਢ ।2।8।19।
ਅ.) ਜਾਪ ਤਾਪ ਭ੍ਰਮਨ ਬਸੁਧਾ ਕਰਿ
ਉਰਧ ਤਾਪ ਲੈ ਗੈਨ॥ ਇਹ ਬਿਧਿ ਨਹ ਪਤੀਆਨੋ ਠਾਕੁਰ ਜੋਗ ਜੁਗਤਿ ਕਰਿ ਜੈਨ॥ (ਗਗਸ
ਪੰਨਾਂ 674)
ਅਰਥ : ਹੇ ਭਾਈ! ਜਪ ਤਪ ਕਰ ਕੇ, ਸਾਰੀ ਧਰਤੀ ਉਤੇ
ਚੱਕਰ ਲਾ ਕੇ, ਸਿਰ-ਭਾਰ ਤਪ ਕਰ ਕੇ, ਪ੍ਰਾਣ ਦਸਮ ਦੁਆਰ ਵਿਚ ਚਾੜ੍ਹ ਕੇ, ਜੋਗ-ਮਤ
ਦੀਆਂ ਜੁਗਤੀਆਂ ਕਰ ਕੇ, ਜੈਨ-ਮਤ ਦੀਆਂ ਜੁਗਤੀਆਂ ਕਰ ਕੇ-ਇਹਨਾਂ ਤਰੀਕਿਆਂ ਨਾਲ ਭੀ
ਮਾਲਕ-ਪ੍ਰਭੂ ਨਹੀਂ ਪਤੀਜਦਾ ।2।
2. ਗੁਰਮਤਿ ਸਮਾਗਮ ਦਾ ਕੀ ਨਾਂ ਰੱਖਣਾ
ਚਾਹੀਦਾ ਹੈ?
ਗੁਰਮਤਿ ਅਨੁਸਾਰ ਵਧੀਆ ਨਾਂ ‘ਕਥਾ ਕੀਰਤਨ ਸਮਾਗਮ’ ਬਣਦਾ ਹੈ ਨਾ ਕਿ
‘ਜਪ ਤਪ ਸਮਾਗਮ’
3. ਕੀ ਕੀਰਤਨੀਆਂ ਨੂੰ ਸਟੇਜ਼ ਵਲ ਮੂੰਹ
ਕਰਕੇ ਕੀਰਤਨ ਕਰਨਾ ਯੋਗ ਹੈ?
ਉਪਰੋਕਤ ਇਸ਼ਤਿਹਾਰ ਵਿੱਚ ਲਿਖੇ
ਕੀਰਤਨ ਕਰਨ ਵਾਲ਼ੇ ਗੁਰਮੁਖਾਂ (ਦੋਦੜੇ ਵਾਲ਼ਿਆਂ) ਨੇ ਯੂਟਾ ਦੇ ਇੱਕ ਗੁਰਦੁਆਰੇ ਵਿੱਚ ਰਾਗੀ
ਜਥੇ ਲਈ ਬਣਾਈ ਸਟੇਜ਼ ਵਲ ਮੂੰਹ ਕਰਕੇ ਥੱਲੇ ਬੈਠ ਕੇ ਕੀਰਤਨ ਕੀਤਾ ਜਿਸ ਨਾਲ਼ ਉਨ੍ਹਾਂ ਪਿੱਛੇ
ਦੂਰ ਤਕ ਬੈਠੀ ਸੰਗਤ ਵਲ ਕੀਰਤਨੀਆਂ ਦੀ ਪਿੱਠ ਸੀ। ਸਥਾਨਕ ਸੰਗਤ ਨਾ ਮਾਤਰ ਹੀ ਬੈਠੀ ਸੀ ।
ਇਹ ਪਿਰਤ ਸੰਗਤ ਦੇ ਨਿਯਮਾਂ ਦੇ ਉਲ਼ਟ ਹੈ। ਕੀਰਤਨ ਸਟੇਜ਼ ਨੂੰ ਨਹੀਂ ਸੁਣਾਉਣਾਂ, ਸੰਗਤਾਂ
ਨੂੰ ਸੁਣਾਉਣਾ ਹੁੰਦਾ ਹੈ। ਜੇ ਇਸ ਜਥੇ ਦੀ ਕੀਰਤਨ ਕਰਨ ਦੀ ਇਹ ਰੀਤ ਗੁਰਦੁਆਰੇ ਅਪਣਾ ਲੈਣ
ਤਾਂ ਫਿਰ ਗੁਰਦੁਆਰਿਆਂ ਨੂੰ ਸਟੇਜ਼ਾਂ ਖ਼ਤਮ ਕਰ ਦੇਣੀਆਂ ਪੈਣਗੀਆਂ । ਕਥਾ ਵਾਚਕ ਵੀ ਫਿਰ
ਸਟੇਜ਼ ਜਾਂ ਕੰਧ ਵੱਲ ਮੂੰਹ ਕਰ ਕੇ ਕਥਾ ਕਰਿਆ ਕਰਨਗੇ । ਭਾਸ਼ਣ ਦੇਣ ਵਾਲ਼ੇ ਵੀ ਫਿਰ ਲੈੱਕਚਰ
ਸਟੈਂਡ ਦੇ ਅੱਗੇ ਖੜ ਕੇ ਸੰਗਤਾਂ ਵੱਲ ਪਿੱਠ ਕਰ ਕੇ ਆਪਣਾ ਭਾਸ਼ਣ ਦਿਆ ਕਰਨਗੇ । ਸਟੇਜ਼
ਸਕੱਤ੍ਰ ਵੀ ਫਿਰ ਸੰਗਤਾਂ ਵਲ ਨੂੰ ਪਿੱਠ ਕਰ ਕੇ ਸੂਚਨਾਵਾਂ ਦਿਆ ਕਰਨਗੇ। ਹਜ਼ੂਰੀ ਰਾਗੀ ਜਥੇ
ਵੀ ਫਿਰ ਸਟੇਜ਼ ਜਾਂ ਕੰਧ ਵਲ ਨੂੰ ਮੂੰਹ ਕਰ ਕੇ ਕੀਰਤਨ ਕਰਿਆ ਕਰਨਗੇ। ਕੀ ਅਜਿਹਾ ਸੰਭਵ
ਹੈ? ਸੱਭ ਦਾ ਉੱਤਰ ਹੋਵੇਗਾ- ਅਜਿਹਾ ਸੰਭਵ ਨਹੀਂ ਹੈ ।
ਸ਼ਾਇਦ ਦੋਦੜੇ ਵਾਲ਼ੇ ਸੋਚਦੇ ਹੋਣਗੇ ਕਿ
ਉਹ ਗੁਰੂ ਨੂੰ ਸੁਣਾਉਣ ਲਈ ਅਜਿਹਾ ਕਰਦੇ ਹਨ, ਪਰ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ
ਗੁਰੂ ਨੂੰ ਸੁਣਾਉਣ ਦੀ ਲੋੜ ਨਹੀਂ । ਗੁਰੂ ਜੀ ਸਾਡੇ ਨਾਲ਼ੋਂ ਵੱਧ ਸਿਆਣੇ ਹਨ ।
ਉਨ੍ਹਾਂ ਨੇ ਤਾਂ ਸਾਨੂੰ ਗੁਰਬਾਣੀ ਦਿੱਤੀ ਹੋਈ ਹੈ ਜੋ ਸੰਗਤਾਂ ਦੇ ਸਨਮੁਖ ਹੋ ਕੇ ਸੰਗਤਾਂ
ਨਾਲ਼ ਸਾਂਝੀ ਕਰਨੀ ਹੁੰਦੀ ਹੈ। ਗੁਰੂ ਦੇ ਦਰਸ਼ਨ ਗੁਰੂ ਦੇ ਸ਼ਬਦ ਵਿੱਚੋਂ ਹੀ ਕੀਤੇ ਜਾਂਦੇ
ਹਨ। ਗੁਰਬਾਣੀ ਪੜ੍ਹਦਿਆਂ ਅਤੇ ਗਾਉਂਦਿਆਂ ਗੁਰੂ ਨਾਲ਼ ਹੀ ਗੱਲਾਂ ਹੁੰਦੀਆਂ ਹਨ ਅਤੇ ਗੁਰੂ
ਸੁਰਤੀ ਵਿੱਚ ਹੀ ਹੁੰਦਾ ਹੈ । ਸੰਗਤਾਂ ਵਲ ਨੂੰ ਮੂੰਹ ਕਰ ਕੇ ਕਥਾ, ਕੀਰਤਨ ਅਤੇ ਭਾਸ਼ਣ
ਕਰਨ ਵਾਲ਼ੇ ਗੁਰੂ ਤੋਂ ਮਨਮੁਖ ਨਹੀਂ ਕਹੇ ਜਾ ਸਕਦੇ। ਉਨ੍ਹਾਂ ਵਿੱਚ ਵੀ ਗੁਰੂ ਹੀ ਵਰਤ ਰਿਹਾ
ਹੁੰਦਾ ਹੈ।
ਦੋਦੜੇ ਵਾਲ਼ੇ ਕੀਰਤਨੀ ਜਥੇ ਨੂੰ ਬੇਨਤੀ
ਹੈ ਕਿ ਉਹ ਸਟੇਜ਼ ਜਾਂ ਕੰਧਾਂ ਨੂੰ ਸੰਬੋਧਨ ਕਰਨ ਦੀ ਥਾਂ ਸੰਗਤਾਂ ਵਲ ਨੂੰ ਮੂੰਹ ਕਰ ਕੇ
ਕੀਰਤਨ ਕਥਾ-ਵਿਚਾਰ ਕਰਿਆ ਕਰਨ । ਜਿਹੜਾ ਨਿਯਮ/ਕਾਨੂੰਨ ਇੱਕਸਾਰ ਲਾਗੂ ਨਹੀਂ ਹੋ
ਸਕਦਾ ਉਹ ਕੋਈ ਨਿਯਮ/ਕਾਨੂੰਨ ਨਹੀਂ ਹੁੰਦਾ।