Share on Facebook

Main News Page

ਨਿੱਤਨੇਮ ਵਾਲ਼ੇ ਜਾਪੁ ਵਿੱਚ ਸਿੱਖੀ ਵਿਚਾਰਧਾਰਾ ਨਾਲ਼ ਮਖ਼ੌਲ
- ਕੀ ਰੱਬ ਸਵੱਰਗ ਵਿੱਚ ਨਿਵਾਸ ਰੱਖਦਾ ਹੈ ?

-: ਪ੍ਰੋ. ਕਸ਼ਮੀਰਾ ਸਿੰਘ ਯੂ.ਐਸ.ਏ.
300918

ਜਾਪੁ ਰਚਨਾ ਦੀ ਵਿਚਾਰਧਾਰਾ:
ਜਾਪੁ ਰਚਨਾ ਨੂੰ ਰੱਬ ਦੀਆਂ ਸਿਫ਼ਤਾਂ ਵਾਲ਼ੀ ਮੰਨਣ ਵਾਲ਼ੇ ਕਹਿੰਦੇ ਹਨ ਕਿ ਰੱਬ ਸਵੱਰਗ ਵਿੱਚ ਨਿਵਾਸ ਰੱਖਦਾ ਹੈ, ਜਿਵੇਂ:-
ਬਹਿਸਤੁਲ ਨਿਵਾਸ ਹੈਂ ॥155। -- ਜਾਪੁ (ਅਖੌਤੀ ਦਸਮ ਗ੍ਰੰਥ)
ਅਰਥ- ਰੱਬ ਆਪ ਸਵੱਰਗ ਦਾ ਵਾਸੀ ਹੈ ਭਾਵ, ਹੇ ਰੱਬ ਜੀ ਤੂੰ ਸਵੱਰਗ ਦਾ ਵਾਸੀ ਹੈਂ। ਇਹ ਸਿੱਖੀ ਵਿਚਾਰਧਾਰਾ ਦੇ ਉਲ਼ਟ ਹੈ। ਅਨਮਤੀਆਂ ਅਨੁਸਾਰ ਸਵੱਰਗ ਧਰਤੀ ਤੋਂ ਦੂਰ ਕਿਤੇ ਆਕਾਸ਼ ਵਿੱਚ ਹੈ। ਸਿੱਖੀ ਵਿਚਾਰਧਾਰਾ ਅਨੁਸਾਰ ਅਗਾਂਹ ਕੋਈ ਸੱਚਖੰਡ ਆਦਿਕ ਸਵੱਰਗ ਅਤੇ ਨਰਕ ਨਹੀਂ ਹੈ। ਜੋ ਕੁੱਝ ਵੀ ਹੈ ਇਸੇ ਧਰਤੀ ਉੱਤੇ ਹੀ ਹੈ। ਜੀਵ ਜੰਤੂ ਧਰਤੀ ਉੱਤੇ ਹੀ ਸਵੱਰਗ ਅਤੇ ਨਰਕ ਭੋਗਦੇ ਹਨ, ਭਾਵ, ਇੱਥੇ ਹੀ ਸੁੱਖ ਮਾਣਦੇ ਅਤੇ ਦੁੱਖ ਭੋਗਦੇ ਹਨ।

ਸ਼੍ਰੀ ਗੁਰੂ ਗ੍ਰੰਥ ਸਾਹਿ਼ਬ ਜੀ ਕੀ ਕਹਿੰਦੇ ਹਨ:

ਸਿੱਖੀ ਵਿਚਾਰਧਾਰਾ ਅਨੁਸਾਰ ਇਸ ਧਰਤੀ ਤੋਂ ਅੱਗੇ ਕੋਈ ਸਵੱਰਗ ਅਤੇ ਨਰਕ ਨਹੀਂ ਹੈ। ਜੇ ਅੱਗੇ ਕੋਈ ਸਵੱਰਗ ਹੀ ਨਹੀਂ ਤਾਂ ਰੱਬ ਦਾ ਓਥੇ ਵਸਣਾ ਕਪੋਲ ਕਲਪਣਾ ਹੈ, ਝੂਠ ਹੈ। ਜਾਪੁ ਰਚਨਾ ਇਸ ਝੂਠ ਨਾਲ਼ ਸਹਿਮਤ ਹੈ।

ਰੱਬ ਕੋਈ ਦੇਹ ਧਾਰੀ ਨਹੀਂ ਜੋ ਕਿਸੇ ਸਵੱਰਗ ਵਿੱਚ ਆਪਣਾ ਤਖ਼ਤ ਲਾ ਕੇ ਬੈਠਾ ਅਨੰਦ ਮਾਣ ਰਿਹਾ ਹੈ ਅਤੇ ਜਿਸ ਨੂੰ ਬਾਕੀ ਦੁਨੀਆਂ ਦਾ ਕੋਈ ਫ਼ਿਕਰ ਹੀ ਨਹੀਂ। ਰੱਬ ਪੰਜਾਂ ਤੱਤਾਂ ਦਾ ਨਹੀਂ ਬਣਿਆਂ ਹੋਇਆ ਜਿਸ ਨੂੰ ਬੈਠਣ ਲਈ ਸਵੱਰਗ ਦਾ ਤਖ਼ਤ ਚਾਹੀਦਾ ਹੋਵੇ। ਅਜਿਹਾ ਸਿੱਖਾਂ ਦਾ ਕੋਈ ਰੱਬ ਨਹੀਂ ਹੈ। ਰੱਬ ਦਾ ਵਾਸਾ ਤਾਂ ਸਾਰੀ ਕੁਦਰਤਿ ਵਿੱਚ ਹੈ। ਇਹ ਧਰਤੀ ਹੀ ਰੱਬ ਦਾ ਟਿਕਾਣਾ ਹੈ, ਹਰ ਥਾਂ ਉਸ ਦਾ ਹੁਕਮੁ ਚੱਲ ਰਿਹਾ ਹੈ, ਜਿਵੇਂ:-

ੳ. ਇਹੁ ਜਗੁ ਸਚੇ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ॥-- ਗਗਸ 463
ਅ. ਬਲਿਹਾਰੀ ਕੁਦਰਤਿ ਵਸਿਆ॥ ਤੇਰਾ ਅੰਤੁ ਨ ਜਾਈ ਲਖਿਆ॥-- ਗਗਸ 469

ਰੱਬ ਦੇ ਪਿਆਰੇ ਨੂੰ ਪਿਆਰੇ ਪ੍ਰਭੂ ਦੀ ਯਾਦ ਹੀ ਸਵੱਰਗ ਹੈ। ਪਿਆਰੇ ਨੂੰ ਭੁੱਲ ਜਾਣਾ ਹੀ ਨਰਕ ਹੈ। ਜਿਵੇਂ:-
ਸ. ਦਾਸੁ ਕਬੀਰ ਤੇਰੀ ਪਨਹ ਸਮਾਨਾ॥ ਭਿਸਤੁ ਨਜੀਕਿ ਰਾਖੁ ਰਹਮਾਨਾ॥
ਨੋਟ: ਭਿਸਤੁ, ਨਜੀਕਿ ਰਾਖੁ ਰਹਮਾਨਾ॥ ਤੁਕ ਨੂੰ ਸਮਝ ਕੇ ਪਾਠ ਵਿੱਚ ਅਰਧ ਵਿਸ਼੍ਰਾਮ ਦੇਣਾ ਹੈ। ਭਿਸਤੁ- ਪੁਲਿੰਗ ਇੱਕ ਵਚਨ, ਅਰਥ- ਮੇਰੇ ਲਈ ਸਵੱਰਗ ਹੈ। ਨਜੀਕਿ ਰਾਖੁ ਰਹਮਾਨਾ- ਹੇ ਪ੍ਰਭੂ ! ਮੈਨੂੰ ਆਪਣੀ ਪਿਆਰੀ ਯਾਦ ਬਖ਼ਸ਼। ਤੇਰੀ ਯਾਦ ਹੀ ਤੇਰੇ ਨੇੜੇ ਹੋਣਾ ਹੈ।

ਵਿਆਕਰਣਕ ਸੋਚ:
ਭਿਸਤੁ, ਨਜੀਕਿ ਰਾਖੁ ਰਹਮਾਨਾ॥ ਪੰਕਤੀ ਵਿੱਚ ਭਿਸ਼ਤੁ ਸ਼ਬਦ ਉਕਾਰਾਂਤ ਹੈ ਅਤੇ ਗੁਰਬਾਣੀ ਵਿਆਕਰਣ ਅਨੁਸਾਰ ਉਕਾਰਾਂਤ (ਨਾਂਵ) ਸ਼ਬਦ ਦਾ ਨਾਲ਼ ਦੇ ਅਗਲੇ ਸੰਬੰਧਕ ਨਜੀਕਿ ਨਾਲ਼ ਕੋਈ ਜੋੜ ਨਹੀਂ ਹੈ। ਭਿਸਤੁ ਨਜੀਕਿ ਰਾਖੁ ਦਾ ਅਰਥ ਕਤੱਈ ਭਿਸ਼ਤ ਦੇ ਨੇੜੇ ਰੱਖ ਨਹੀਂ ਹੋ ਸਕਦਾ। ਭਗਤ ਕਬੀਰ ਜੀ ਨੂੰ ਨਰਕ ਤੋਂ ਕੋਈ ਡਰ ਨਹੀਂ ਅਤੇ ਭਿਸ਼ਤ ਨਾਲ਼ ਕੋਈ ਪਿਆਰ ਨਹੀਂ। ਭਿਸ਼ਤੁ ਸ਼ਬਦ ਨਾਲ਼ ਕੋਈ ਸੰਬਧਕ ਨਹੀਂ ਜੁੜ ਸਕਦਾ ਕਿਉਂਕਿ ਇਹ ਉਕਾਰਾਂਤ ਹੈ।

ਕਿੱਸ ਦੇ ਨੇੜੇ ਰੱਖਣ ਲਈ ਬੇਨਤੀ ਹੈ? ਭਿਸ਼ਤ ਦੇ ਕਿ ਰਹਮਾਨ ਦੇ? ਸਪੱਸ਼ਟ ਹੈ ਰਹਮਾਨ ਦੇ।

ਕਬੀਰ ਜੀ ਸਵੱਰਗ ਅਤੇ ਨਰਕ ਪ੍ਰਤੀ ਹੋਰ ਵਚਨ ਵੀ ਦੇਖੋ:

- ਕਵਨੁ ਹ. ਨਰਕੁ ਕਿਆ ਸੁਰਗ ਬਿਚਾਰਾ ਸੰਤਨ ਦੋਊ ਰਾਦੇ॥ ਹਮ ਕਾਹੂ ਕੀ ਕਾਣਿ ਨ ਕਢਤੇ ਅਪਨੇ ਗੁਰ ਪਰਸਾਦੇ॥ ਗਗਸ 969
ਕਾਣਿ- ਮੁਥਾਜੀ, ਅਧੀਨਗੀ। ਗੁਰ ਪਰਸਾਦੇ- ਗੁਰ ਪਰਸਾਦਿ, ਗੁਰੂ ਦੀ ਕਿਰਪਾ ਸਦਕਾ।
ਅਰਥ : -(ਇਹ ਲੋਕ ਆਖਦੇ ਹਨ ਕਿ ਕਾਸ਼ੀ ਵਿਚ ਰਹਿਣ ਵਾਲਾ ਪ੍ਰਾਣੀ ਸੁਰਗ ਮਾਣਦਾ ਹੈ, ਪਰ) ਨਰਕ ਕੀਹ, ਤੇ, ਵਿਚਾਰਾ ਸੁਰਗ ਕੀਹ? ਸੰਤਾਂ ਨੇ ਦੋਵੇਂ ਹੀ ਰੱਦ ਕਰ ਦਿੱਤੇ ਹਨ; ਕਿਉਂਕਿ ਸੰਤ ਆਪਣੇ ਗੁਰੂ ਦੀ ਕਿਰਪਾ ਨਾਲ (ਨਾਹ ਸੁਰਗ ਤੇ ਨਾਹ ਨਰਕ) ਕਿਸੇ ਦੇ ਭੀ ਮੁਥਾਜ ਨਹੀਂ ਹਨ ।5। ਗਗਸ ਪੰਨਾਂ 969

ਕ. ਕਬੀਰ ਸੁਰਗ ਨਰਕ ਤੇ ਮੈ ਰਹਿਓ ਸਤਿਗੁਰ ਕੈ ਪ੍ਰਸਾਦਿ॥ ਚਰਨ ਕਮਲ ਕੀ ਮਉਜ ਮੈ ਰਹਉ ਅੰਤਿ ਅਰੁ ਆਦਿ॥
ਅਰਥ:- ਹੇ ਕਬੀਰ! ਮੈਂ ਤਾਂ ਸਦਾ ਹੀ ਪਰਮਾਤਮਾ ਦੇ ਸੋਹਣੇ ਚਰਨਾਂ (ਦੀ ਯਾਦ) ਦੇ ਹੁਲਾਰੇ ਵਿਚ ਰਹਿੰਦਾ ਹਾਂ; (ਤੇ ਇਸ ਤਰ੍ਹਾਂ) ਆਪਣੇ ਸਤਿਗੁਰੂ ਦੀ ਕਿਰਪਾ ਨਾਲ ਮੈਂ ਸੁਰਗ (ਦੀ ਲਾਲਸਾ) ਅਤੇ ਨਰਕ (ਦੇ ਡਰ) ਤੋਂ ਬਚ ਗਿਆ ਹਾਂ । 120। ਗਗਸ ਪੰਨਾਂ 1370

ਖ. ਪਰਮੇਸਰ ਤੇ ਭੁਲਿਆ ਵਿਆਪਨਿ ਸਭੇ ਰੋਗ॥
ਅਰਥ- ਆਧਿ, ਬਿਆਧਿ ਅਤੇ ਉਪਾਧਿ ਆਦਿਕ ਸਾਰੇ ਰੋਗਾਂ ਨਾਲ਼ ਸ਼ਰੀਰ ਦਾ ਗ੍ਰਸਤ ਹੋ ਜਾਣਾ ਹੀ ਨਰਕ ਹੈ। ਕਿਤੇ ਵੀ ਨਿੱਤ ਦਾ ਕਲ਼ੇਸ਼, ਲੜਾਈ ਝਗੜਾ, ਅਸ਼ਾਂਤੀ, ਮਾਰ ਕੁਟਾਈ, ਜ਼ੁਲਮ, ਗ਼ੁਲਾਮਾਂ ਵਰਗਾ ਵਰਤਾਉ ਨਰਕ ਭੋਗਣ ਤੋਂ ਘੱਟ ਨਹੀਂ। ਘਰਾਂ/ਹਸਪਤਾਲਾਂ ਵਿੱਚ ਨਿੱਤ ਦੀ ਜ਼ਰੂਰੀ ਮਲ-ਮੂਤਰ ਤਿਆਗ ਦੀ ਕਿਰਿਆ ਵੀ ਮੰਜੇ ਉਤੇ ਕਰਨ ਵਾਲ਼ੇ ਸਵੱਰਗ ਵਿੱਚ ਨਹੀਂ ਹਨ। ਘੋਰ ਦੁੱਖਾਂ ਦਾ ਨਾਂ ਨਰਕ ਅਤੇ ਰੱਬੀ ਰਜ਼ਾ ਅਤੇ ਯਾਦ ਵਿੱਚ ਮਿਲ਼ੇ ਸੁੱਖਾਂ ਦਾ ਨਾਂ ਸਵੱਰਗ ਹੈ। ਫਿਰ ਤਾਂ ਰੱਬ ਨੂੰ ਸਵੱਰਗ ਵਿੱਚ ਬੈਠਾ ਜਾਣ ਕੇ ਜਿੰਨੇ ਮਰਜ਼ੀ ਪਾਪ/ਜ਼ੁਲਮ ਕਰੀ ਜਾਓ ਕਿਹੜਾ ਕੋਈ ਰੱਬ ਨੇੜੇ ਬੈਠਾ ਦੇਖਦਾ ਹੈ? ਇਹ ਸਿੱਖੀ ਵਿਚਾਰਧਾਰਾ ਨਹੀਂ ਹੈ। ਗੁਰਬਾਣੀ ਦਾ ਤਾਂ ਉਪਦੇਸ਼ ਹੈ: -

ਗ. ਸਾਜਨੜਾ ਮੇਰਾ ਸਾਜਨੜਾ ਨਿਕਟਿ ਖਲੋਇੜਾ ਮੇਰਾ ਸਾਜਨੜਾ॥
ਘ. ਨੇੜਾ ਹੈ ਦੂਰਿ ਨ ਜਾਣਿਅਹੁ ਨਿਤ ਸਾਰੇ ਸੰਮਾਲੇ੍‍॥-- ਗਗਸ 489

ਸਿੱਟਾ: ਬਹਿਸਤੁਲ ਨਿਵਾਸ ਹੈਂ ॥ ਸਿੱਖੀ ਵਿਚਾਰਧਾਰਾ ਦੇ ਉਲ਼ਟ ਹੈ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੈ ਜੈਕਾਰ!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top