Share on Facebook

Main News Page

ਦੁਰਗਾ ਮਾਈ ਭਗਵਤੀ ਦਾ ਪੁਨਰ ਜਨਮ
-: ਪ੍ਰੋ. ਕਸ਼ਮੀਰਾ ਸਿੰਘ ਯੂ.ਐਸ.ਏ.
020918

ਵਿਸ਼ਾ ਵਸਤੂ ਲਈ ਸੰਪੂਰਨ ਮਹਾਂ ਸ਼ਿਵ ਪੁਰਾਣ ਗ੍ਰੰਥ, ਸੰਪਾਦਕ ਪੰਡਿਤ ਕੇਵਲ ਕ੍ਰਿਸ਼ਨ ਸ਼ਾਸਤਰੀ, ਪ੍ਰਦੀਪ ਪਬਲਿਸ਼ਰਜ਼ ਜਲੰਧਰ ਨੂੰ ਆਧਾਰ ਬਣਾਇਆ ਗਿਆ ਹੈ। ਇਸ ਗ੍ਰੰਥ ਦੇ ਵਰਤੋਂ ਵਿੱਚ ਲਿਆਂਦੇ ਪੰਨੇਂ ਵੀ ਨਾਲ਼ ਲਿਖੇ ਗਏ ਹਨ।

ਨਾਰਦ ਦਾ ਪਿਤਾ ਬ੍ਰਹਮਾਂ ਉਸ ਨੂੰ ਦੁਰਗਾ ਪੁਨਰ ਜਨਮ ਦੀ ਕਹਾਣੀ ਸੁਣਾ ਰਿਹਾ ਹੈ:
ਪੰਨਾਂ 136-138

ਦਕਸ਼ ਪ੍ਰਜਾਪਤੀ ਦੀਆਂ 7 ਕੁੜੀਆਂ ਵਿੱਚੋਂ ਇੱਕ ਕੁੜੀ ਸਵਧਾ ਦਾ ਵਿਆਹ ਪਿੱਤਰਾਂ ਨਾਲ਼ ਹੋਇਆ ਜਿਸ ਤੋਂ 3 ਕੁੜੀਆਂ ਨੇ ਜਨਮ ਲਿਆ। ਇਨ੍ਹਾਂ ਤਿੰਨਾਂ ਵਿਚੋਂ ਮੈਨਾ ਸੱਭ ਤੋਂ ਵੱਡੀ ਸੀ। ਬਾਕੀ ਦੋ ਕੁੜੀਆਂ ਦੇ ਨਾਂ ਧੰਨਿਆਂ ਅਤੇ ਕਲਾਵਤੀ ਸਨ। ਇੱਕ ਸਮੇਂ ਸਨਤ ਕੁਮਾਰ ਦੀ ਨਿਰਾਦਰੀ ਕਰਨ ਤੇ ਪਹਿਲਾਂ ਤਿੰਨਾਂ ਭੈਣਾਂ ਨੂੰ ਸ਼ਰਾਪ ਮਿਲ਼ਿਆ ਪਰ ਭੁੱਲ ਮੰਨਣ 'ਤੇ ਫਿਰ ਵਰ ਮਿਲ਼ਿਆ। ਇਸ ਵਰ ਨਾਲ਼ ਮੈਨਾ ਕੁੜੀ ਦਾ ਵਿਆਹ ਵਿਸ਼ਨੂੰ ਦੇ ਅੰਸ਼ ਤੋਂ ਪੈਦਾ ਪਰਬਤਰਾਜ ਹਿਮਾਚਲ ਨਾਲ਼ ਹੋ ਗਿਆ। ਇਸ ਵਰ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਅੱਗੋਂ ਜਿਹੜੀ ਕੁੜੀ ਮੈਨਾ ਤੋਂ ਪੈਦਾ ਹੋਵੇਗੀ ਉਹ ਸ਼ਿਵਰਾਣੀ (ਦੁਰਗਾ) ਹੋ ਕੇ ਆਪਣੇ ਕਬੀਲੇ ਦੇ ਸਾਰੇ ਪਾਪ ਕਸ਼ਟ ਨਸ਼ਟ ਕਰ ਦੇਵੇਗੀ। {ਸਨਤ ਕੁਮਾਰ ਦੇ ਵਰ ਕਾਰਣ ਧੰਨਿਆਂ ਦਾ ਵਿਆਹ ਰਾਜਾ ਜਨਕ ਨਾਲ਼ ਹੋਇਆ ਜਿਸ ਤੋਂ ਸੀਤਾ ਨੇ ਜਨਮ ਲਿਆ।ਕਲਾਵਤੀ ਦਾ ਵਿਆਹ ਵਿਸ਼ਭਾਨੂੰ ਨਾਲ਼ ਹੋਇਆ ਜਿਸ ਤੋਂ ਰਾਧਾ ਨੇ ਜਨਮ ਲਿਆ ਜੋ ਸ਼੍ਰੀ ਕ੍ਰਿਸ਼ਨ ਦੀ ਪ੍ਰੇਮਿਕਾ ਬਣੀ।}

ਹਿਮਾਚਲ ਨੂੰ ਵਿਆਹ ਦੀ ਵਧਾਈ ਅਤੇ ਉਸ ਅੱਗੇ ਦੇਵਤਿਆਂ ਦੀ ਬੇਨਤੀ:
ਪੰਨਾਂ 138-39

ਵਿਆਹ ਪਿੱਛੋਂ ਹਿਮਾਚਲ ਨੂੰ ਵਧਾਈ ਦੇਣ ਲਈ ਰਿਸ਼ੀ, ਮੁਨੀ ਅਤੇ ਦੇਵਤੇ ਉਸ ਕੋਲ਼ ਪਹੁੰਚ ਗਏ। ਹਿਮਾਚਲ ਨੇ ਉਨ੍ਹਾਂ ਨੂੰ ਕਿਹਾ ਕਿ ਹੁਣ ਤੁਸੀਂ ਮੈਨੂੰ ਸੇਵਕ ਜਾਣ ਕੇ ਕੋਈ ਆਗਿਆ ਦੇਵੋ। ਦੇਵਤਿਆਂ ਨੇ ਕਿਹਾ, ਹੇ ਹਿਮਾਚਲ! ਅਸੀਂ ਲੋਕ ਤੁਹਾਡੇ ਕੋਲ਼ ਇਸ ਲਈ ਆਏ ਹਾਂ ਕਿ ਤੁਹਾਡੇ ਦੁਆਰਾ ਦੇਵਤਾਵਾਂ ਦੇ ਕੰਮਾਂ ਦੀ ਵੀ ਸਿੱਧੀ ਹੋਵੇਗੀ। ਤੁਸੀਂ ਇਹ ਜਾਣਦੇ ਹੋ ਕਿ ਸਤੀ ਨੇ ਦਕਸ਼ ਦੇ ਯੱਗ ਵਿੱਚ ਆਪਣਾ ਸ਼ਰੀਰ ਤਿਆਗ ਦਿੱਤਾ ਸੀ। ਇਸ ਲਈ ਤੁਸੀਂ ਹੁਣ ਅਜਿਹਾ ਉਪਾਉ ਕਰੋ ਜਿਸ ਨਾਲ਼ ਉਹ ਤੁਹਾਡੀ ਧੀ ਬਣ ਕੇ ਜਨਮ ਲਵੇ। ਅਜਿਹਾ ਕਰਨ ਨਾਲ਼ ਤੁਹਾਨੂੰ ਤਾਂ ਖ਼ੁਸ਼ੀ ਮਿਲ਼ੇਗੀ ਹੀ, ਤਿੰਨਾਂ ਲੋਕਾਂ ਦਾ ਕਲਿਆਣ ਵੀ ਹੋਵੇਗਾ

ਦੇਵਤਿਆਂ ਨੂੰ ਭਗਵਤੀ ਜਗਦੰਬੇ ਦੇ ਦਰਸ਼ਨ ਹੋਣੇ:

ਬ੍ਰਹਮੇ ਵਲੋਂ ਨਾਰਦ ਨੂੰ ਕਹਾਣੀ ਸੁਣਾਈ ਜਾ ਰਹੀ ਹੈ-
ਉਸ ਸਮੇਂ ਭਗਵਤੀ ਜਗਦੰਬੇ (ਦੁਰਗਾ) ਦੀ ਸਿਫ਼ਤਿ ਕਰਦਿਆਂ ਦੇਵਤਿਆਂ ਨੂੰ ਉਸ ਨੇ ਆਪਣਾ ਪੂਰਾ ਸਰੂਪ ਪ੍ਰਗਟ ਕਰ ਕੇ ਦਰਸ਼ਨ ਦਿੱਤੇ। ਦੇਵਤਿਆਂ ਬੇਨਤੀ ਕੀਤੀ ਅਤੇ ਕਿਹਾ- ਹੇ ਮਾਤੇਸ਼ਵਰੀ! ਹੇ ਜਗਦੰਬੇ ! ਅਸੀ ਹੁਣ ਤੁਹਾਡੇ ਚਰਣਾ ਵਿੱਚ ਆਏ ਹਾਂ। ਤੁਸੀਂ ਸਾਡੇ ਮਨੋਰਥ ਪੂਰੇ ਕਰੋ ਅਰਥਾਤ ਧਰਤੀ ਉੱਤੇ ਦੂਜਾ ਜਨਮ ਲੈ ਕੇ ਸ਼ਿਵਰਾਣੀ ਦਾ ਅਹੁਦਾ ਗ੍ਰਿਹਣ ਕਰੋ। ਸਨਤ ਕੁਮਾਰ ਜੋ ਭਵਿੱਖ ਬਾਣੀ ਕਰ ਚੁੱਕੇ ਹਨ, ਉਸ ਨੂੰ ਪੂਰਾ ਕਰਨਾ ਵੀ ਤੁਹਾਡਾ ਕੰਮ ਹੈ।

ਭਗਵਤੀ ਜਗਦੰਬਾ ਨੇ ਖ਼ੁਸ਼ ਹੋ ਕੇ ਕਿਹਾ- ਹੇ ਦੇਵਤਾਓ! ਹਿਮਾਚਲ ਅਤੇ ਮੈਨਾ ਸਾਨੂੰ ਪ੍ਰਾਪਤ ਕਰਨ ਲਈ ਬਹੁਤ ਤਪ ਕਰ ਰਹੇ ਹਨ। ਉਨ੍ਹਾਂ ਦੇ ਘਰ ਅਸੀਂ ਪ੍ਰਗਟ ਹੋਵਾਂਗੇ।ਤੁਹਾਡੇ ਸਾਰੇ ਦੁੱਖ ਜ਼ਰੂਰ ਹੀ ਦੂਰ ਹੋਣਗੇ। ਏਨਾ ਕਹਿ ਕੇ ਜਗਦੰਬਾ ਅਲੋਪ ਹੋ ਗਈ।

ਮੈਨਾ ਨੂੰ ਭਗਵਤੀ ਊਮਾ (ਦੁਰਗਾ) ਦੇ ਦਰਸ਼ਨ:
ਪੰਨਾਂ 141-42

ਮੈਨਾ ਦੀ ਤਪੱਸਿਆ ਤੋਂ ਖ਼ੁਸ਼ ਹੋ ਕੇ ਦੁਰਗਾ ਨੇ ਉਸ ਨੂੰ ਦਰਸ਼ਨ ਦਿੱਤੇ। ਮੈਨਾ ਨੇ ਬੇਨਤੀ ਕਰਦਿਆਂ ਕਿਹਾ ਕਿ ਉਸ ਦੇ ਘਰ 100 ਪੁੱਤਰ ਅਤੇ ਤੁਹਾਡੇ ਵਰਗੀ ਧੀ ਪੈਦਾ ਹੋਵੇ। ਮੈਨਾ ਦੀ ਬੇਨਤੀ ਸੁਣ ਕੇ ਭਗਵਤੀ ਜਗਦੰਬਾ ਨੇ ਮੁਸਕਰਾ ਕੇ ਕਿਹਾ- ਹੇ ਮੈਨਾ! ਤੁਹਾਡੀ ਬੁੱਧੀ ਧੰਨ ਹੈ ਜੋ ਤੁਸੀ ਅਜਿਹਾ ਵਰਦਾਨ ਮੰਗਿਆ ਹੈ । ਜਿਸ ਤਰ੍ਹਾਂ 100 ਪੁੱਤਰਾਂ ਦੀ ਇੱਛਾ ਕੀਤੀ ਹੈ ਉਹ ਤੇਰੇ ਗਰਭ ਤੋਂ ਉਸੇ ਤਰ੍ਹਾਂ ਪੈਦਾ ਹੋਣਗੇ, ਪਰ ਆਪਣੇ ਵਰਗੀ ਮੈ ਆਪ ਹੀ ਹਾਂ, ਤੇਰੇ ਮਨ ਦੀ ਇੱਛਾ ਪੂਰਤੀ ਦੇ ਕਾਰਣ ਮੈ ਆਪ ਹੀ ਤੁਹਾਡੇ ਘਰ ਵਿੱਚ ਅਵਤਾਰ ਲਵਾਂਗੀ। ਇਹ ਕਹਿ ਕੇ ਭਗਵਤੀ ਜਗਦੰਬਾ ਅਲੋਪ ਹੋ ਗਈ।

ਦੁਰਗਾ/ਜਗਦੰਬਾ/ਭਗਵਤੀ ਦਾ ਮੈਨਾ ਦੇ ਘਰ ਜਨਮ ਹੋਣਾ:
ਪੰਨਾਂ 148-49

ਜਦ ਗਰਭ ਦੇ 9 ਮਹੀਨੇ ਬੀਤ ਗਏ ਅਤੇ ਦਸਵਾਂ ਮਹੀਨਾ ਪੂਰਾ ਹੋਣ ਲੱਗਾ , ਉਸ ਸਮੇਂ ਆਕਾਸ਼ ਵਿੱਚ ਸ਼ੁੱਭ ਸ਼ਗਨ ਹੋਣ ਲੱਗੇ। ਆਕਾਸ਼ ਪੂਰੀ ਤਰ੍ਹਾਂ ਸਾਫ਼ ਹੋ ਗਿਆ ਅਤੇ ਉਸ ਦੀ ਰੌਸ਼ਨੀ ਵਧ ਗਈ । ਸਾਰੇ ਅਸ਼ੁੱਭ ਗ੍ਰਹਿ ਅਲੋਪ ਹੋ ਗਏ। ਉਸ ਸਮੇਂ ਰਿਸ਼ੀ ਮੁਨੀ ਅਤੇ ਦੇਵਤੇ ਫੁੱਲਾਂ ਦੀ ਵਰਖਾ ਕਰਨ ਲੱਗੇ ਅਤੇ ਗੰਧਰਵ, ਸਿੱਧ, ਕਿੰਨਰ, ਅਪੱਸਰਾਂ, ਵਿੱਦਿਆਧਰ ਆਪਣੀਆਂ ਇਸਤ੍ਰੀਆਂ ਨਾਲ਼ ਨੱਚਣ ਅਤੇ ਗਾਉਣ ਲੱਗੇ । ਇਸ ਤਰ੍ਹਾਂ ਧੂਮ ਧਾਮ ਦੀ ਸ਼ੁਕਲ ਪੱਖ ਨਵਮੀ ਨੂੰ ਮ੍ਰਿਗਸ਼ਿਰਾ ਨਕਸ਼ੱਤ੍ਰ ਵਿੱਚ ਅੱਧੀ ਰਾਤ ਵੇਲੇ ਭਗਵਤੀ ਮਹਾਂਮਾਇਆ ਨੇ ਉਸ ਅਪਾਰ ਖ਼ੁਸ਼ੀ ਵਿੱਚ ਮੈਨਾ ਦੇ ਗਰਭ ਤੋਂ ਪਾਰਬਤੀ ਰੂਪ ਵਿੱਚ ਜਨਮ ਲਿਆ। ਕਾਲਿਕਾ ਪੁਰਾਣ ਵਿੱਚ ਵੀ ਇਹ ਕਥਾ ਲਿਖੀ ਹੋਈ ਹੈ।

ਉਪਰੋਕਤ ਕਥਾ ਤੋਂ ਸਿੱਖੀ ਵਿਚਾਰਧਾਰਾ ਰਾਹੀਂ ਨਿਕਲ਼ਦੇ ਸਿੱਟੇ:

  1. ਪਾਰਬਤੀ ਸ਼ਿਵ ਜੀ ਦੀ ਪਤਨੀ ਹੈ ਜਿਸ ਦੇ ਨਾਂ ਦੁਰਗਾ, ਗਿਰਿਜਾ, ਭਗਵਤੀ (ਭਗਉਤੀ), ਜਗਦੰਬਾ, ਮਾਤੇਸ਼ਵਰੀ, ਮਹਾਂਮਾਇਆ, ਊਮਾ ਆਦਿਕ ਵੀ ਹਨ ਜੋ ਸ਼ਿਵ ਪੁਰਾਣ ਦੀ ਇਸ ਕਹਾਣੀ ਵਿੱਚ ਵਰਤੇ ਗਏ ਹਨ। ਅਗਿਆਨੀ, ਬਹੁਤੇ ਪੜ੍ਹੇ ਲਿਖੇ ਅਤੇ ਬਹੁਤੇ ਪ੍ਰਚਾਰਕ ਸਿੱਖਾਂ ( ਜਿਨ੍ਹਾ ਪੜ੍ਹੇ ਲਿਖਿਆਂ ਵਿੱਚ ਭਾਈ ਵੀਰ ਸਿੰਘ ਵੀ ਸ਼ਾਮਲ ਹੈ) ਵਲੋਂ ਇਸ ਦੁਰਗਾ ਨੂੰ ਅਕਾਲ ਪੁਰਖ ਦੱਸਣਾ ਅਤੇ ਦੁਰਗਾ ਦੀ ਸਿਫ਼ਤਿ ਵਾਲੀਆਂ ਰਚਨਾਵਾਂ ਨੂੰ ਦਸਵੇਂ ਗੁਰੂ ਜੀ ਨਾਲ਼ ਅਕਾਰਥ ਹੀ ਜੋੜਨਾ ਗੁਰੂ ਜੀ ਦੀ ਨਿਰਾਦਰੀ ਅਤੇ ਸਿੱਖ ਕੌਮ ਨਾਲ਼ ਅੰਤਾਂ ਦਾ ਧ੍ਰੋਹ ਕਮਾਇਆ ਜਾ ਰਿਹਾ ਹੈ । ਅਜਿਹੇ ਪ੍ਰਚਾਰਕਾਂ ਨੂੰ ਸੁਣਨ ਵਾਲ਼ੀਆਂ ਸੰਗਤਾਂ ਅੰਧ ਵਿਸ਼ਵਾਸੀ ਅਗਿਆਨਤਾ ਕਾਰਣ ਹੀ ਇਨ੍ਹਾਂ ਨੂੰ ਸੁਣ ਰਹੀਆਂ ਹਨ।

  2. ਅਕਾਲ ਪੁਰਖ ਅਜੂਨੀ ਹੈ। ਦੁਰਗਾ ਦਾ ਇਸ ਕਹਾਣੀ ਰਾਹੀਂ ਮੈਨਾ ਦੇ ਘਰ ਜਨਮ ਹੁੰਦਾ ਹੈ। ਫਿਰ ਦੁਰਗਾ ਅਜੂਨੀ ਨਹੀਂ ਹੈ । ਅਜੂਨੀ ਨਾ ਹੋਣ ਕਰ ਕੇ ਦੁਰਗਾ ਅਕਾਲ ਪੁਰਖ ਨਹੀਂ ਹੈ । ਅਜੂਨੀ ਹੋਣ ਕਾਰਣ ਅਕਾਲ ਪੁਰਖ ਦੀ ਮੌਤ ਨਹੀਂ ਪਰ ਦੁਰਗਾ ਮੁੜ ਪੁਨਰ ਜਨਮ ਧਾਰਣ ਕਰਦੀ ਹੈ। ਸਿੱਖੀ ਸਾਹਿਤ ਵਿੱਚ ਦੁਰਗਾ ਨੂੰ ਕੋਈ ਸਥਾਨ ਨਹੀਂ ਹੈ।

  3. ਕਹਾਣੀ ਵਿੱਚ ਦੁਰਗਾ ਨੂੰ ਭਗਵਤੀ ਕਰ ਕੇ ਵੀ ਲਿਖਿਆ ਹੈ। ਪੰਜਾਬੀ ਵਿੱਚ ਭਗਵਤੀ ਸ਼ਬਦ ਨੂੰ ਭਗਉਤੀ ਲਿਖਿਆ ਜਾਂਦਾ ਹੈ, ਵ ਅੱਖਰ ਤੋਂ ੳ ਬਣ ਜਾਂਦਾ ਹੈ, ਜਿਵੇਂ: - ਭਾਵ ਤੋਂ ਭਾਉ, ਪ੍ਰਭਾਵ ਤੋਂ ਪ੍ਰਭਾਉ, ਲਗਾਵ ਤੋਂ ਲਗਾਉ, ਨਾਂਵ ਤੋਂ ਨਾਂਉ, ਗਾਂਵ (ਪਿੰਡ) ਤੋਂ ਗਾਂਉਂ, ਗਾਵੋ ਤੋਂ ਗਾਓ, ਲਿਆਵੋ ਤੋਂ ਲਿਆਓ, ਖਾਵੋ ਤੋਂ ਖਾਓ ਆਦਿਕ ਸ਼ਬਦ ਬਣਦੇ ਹਨ। ਇਸ ਤੋਂ ਸਪੱਸ਼ਟ ਹੈ ਜਿੱਥੇ ਭਗਉਤੀ ਜੀ ਸਹਾਇ ਲਿਖਿਆ ਹੋਵੇਗਾ ਉਸ ਦਾ ਅਰਥ ਦੁਰਗਾ ਜੀ ਸਹਾਇ ਜਾਂ ਦੇਵੀ ਜੀ ਸਹਾਇ ਹੋਵੇਗਾ ਕਿਉਂਕਿ ਦੁਰਗਾ ਭਗਵਤੀ ਹਿੰਦੂ ਮੱਤ ਅਨੁਸਾਰ ਹਿੰਦੂ ਜਗਤ ਲਈ ਪੂਜਣਯੋਗ ਦੇਵੀ ਹੈ । ਸਿੱਖ ਗੁਰੂ ਅਤੇ ਉਨ੍ਹਾਂ ਦੇ ਸਿੱਖ ਕਿਸੇ ਦੇਵੀ ਦੇ ਪੁਜਾਰੀ ਨਹੀਂ ਹੁੰਦੇ।

  4. ਦੁਰਗਾ ਨੂੰ ਬੁੱਧੀ ਕਹਿਣ ਵਾਲ਼ੇ ਇਸ ਕਥਾ ਤੋਂ ਚੰਗਾ ਸਬਕ਼ ਲੈ ਸਕਦੇ ਹਨ ਜੇ ਉਹ ਈਮਾਨਦਾਰ ਹੋਣ ਕਿਉਂਕਿ ਬੁੱਧੀ ਕਿਸੇ ਮਾਂ ਤੋਂ ਸ਼ਰੀਰਕ ਜਨਮ ਨਹੀਂ ਲੈਂਦੀ । ਗੁਰਮਤਿ ਅਨੁਸਾਰ ਬੁੱਧੀ ਗੁਰੂ ਦੇ ਸ਼ਬਦ-ਗਿਆਨ ਨੂ ਸਮਝਣ ਅਤੇ ਮੰਨਣ ਤੋਂ ਪ੍ਰਾਪਤ ਹੁੰਦੀ ਹੈ।{ਮੰਨੈ ਸੁਰਤਿ ਹੋਵੈ ਮਨਿ ਬੁਧਿ॥}

  5. ਭਗਵਤੀ ਦੁਰਗਾ ਦੇ ਪੁਨਰ ਜਨਮ ਦੀ ਕਹਾਣੀ ਤੋਂ ਪਤਾ ਲੱਗ ਗਿਆ ਹੈ ਕਿ ਉਸ ਨੇ ਧੀ ਬਣ ਕੇ ਜਨਮ ਲਿਆ ਹੈ ਪੁੱਤ੍ਰ ਬਣ ਕੇ ਨਹੀਂ। ਸਪਸ਼ਟ ਹੋ ਗਿਆ ਕਿ ਦੁਰਗਾ ਭਗਉਤੀ ਇੱਕ ਇਸਤ੍ਰੀ ਹੈ ਜਿਸ ਦਾ ਸ਼ਿਵ ਜੀ ਨਾਲ਼ ਵਿਆਹ ਹੁੰਦਾ ਹੈ। { ਇਹੋ ਦੁਰਗਾ ਸ਼ਿਵਾ ਨਾਂ ਨਾਲ਼ ਬਰ ਵੀ ਦਿੰਦੀ ਹੈ}ਰੱਬ ਨਾ ਹੀ ਇਸਤ੍ਰੀ ਹੈ ਅਤੇ ਨਾ ਹੀ ਉਸ ਦਾ ਕਿਸੇ ਮਰਦ ਨਾਲ਼ ਵਿਆਹ ਹੋਇਆ ਹੈ।

  6. ਜੇ ਕਿਸੇ ਨੂੰ ਇਹ ਕਹਾਣੀ ਝੂਠੀ ਲੱਗੇ ਤਾਂ ਸਮਝ ਲੈਣਾ ਕਿ ਦਸ਼ਮ ਗ੍ਰੰਥ ਵਿੱਚ ਲਿਖੀਆਂ ਕਹਾਣੀਆਂ ਵੀ ਝੂਠੀਆਂ ਹੀ ਹਨ ਕਿਉਂਕਿ ਉਨ੍ਹਾਂ ਦਾ ਆਧਾਰ ਇਹ ਪੁਰਾਣ { ਸ਼ਿਵ ਪੁਰਾਣ, ਮਾਰਕੰਡੇ ਪੁਰਾਣ, ਭਾਗਵਤ ਪੁਰਾਣ) ਹੀ ਹਨ। ਜੇ ਇਹ ਕਹਾਣੀ ਕਿਸੇ ਨੂੰ ਠੀਕ ਜਾਪੇ ਤਾਂ ਸਮਝ ਲੈਣਾ ਕਿ ਦਸ਼ਮ ਗ੍ਰੰਥ ਵਿੱਚ ਲਿਖੀਆਂ ਦੁਰਗਾ/ਭਗਉਤੀ ਦੀਆਂ ਸਿਫ਼ਤਾਂ ਵੀ ਹਿੰਦੂ ਮੱਤ ਦੀ ਦੇਵੀ ਦੀਆਂ ਸਿਫ਼ਤਾਂ ਹੀ ਹਨ ਜਿਨ੍ਹਾਂ ਤੋਂ ਸਿੱਖਾਂ ਨੇ ਕੁੱਝ ਨਹੀਂ ਲੈਣਾ।

ਨੋਟ:

ਗੀਤਾ ਪ੍ਰੈੱਸ ਗੋਰਖਪੁਰ http://www.gitapress.org/ ਵਲੋਂ ਛਪੀਆਂ ਪੁਸਤਕਾਂ- ਸ਼੍ਰੀ ਮੱਦਭਾਗਵਤ (ਦੁਰਗਾ ਪੁਰਾਣ), ਸ਼ਿਵ ਪੁਰਾਣ ਆਦਿਕ ਸੰਖੇਪ ਰੂਪ ਵਿੱਚ ਹਿੰਦੀ ਵਿੱਚ ਛਪੀਆਂ ਪੁਸਤਕਾਂ ਦੁਰਗਾ/ ਭਗਵਤੀ /ਭਗਉਤੀ /ਮਹਾਂਕਾਲ਼/ਸਦਾ ਸ਼ਿਵ/ਕਾਲ਼/ਸ਼ਿਵ/ਮਹੇਸ਼ ਆਦਿਕ ਸੰਬੰਧੀ ਚਾਨਣਾ ਪਾਉਂਦੀਆਂ ਹਨ ਕਿ ਇਹ ਹਿੰਦੂ ਮੱਤ ਨਾਲ਼ ਸੰਬੰਧਤ ਦੇਵੀ ਦੇਵਤੇ ਹਨ ਜਿਨ੍ਹਾਂ ਦੇ ਸਿੱਖ ਪੁਜਾਰੀ ਨਹੀਂ।

ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਜੈ ਜੈਕਾਰ!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top