Share on Facebook

Main News Page

ਅੰਮ੍ਰਿਤ ਕੀਰਤਨ ਪੁਸਤਕ ਵਿੱਚ ਅੰਮ੍ਰਿਤ ਅਤੇ ਜ਼ਹਿਰ ਇਕੱਠੇ
-: ਪ੍ਰੋ. ਕਸ਼ਮੀਰਾ ਸਿੰਘ ਯੂ.ਐਸ.ਏ.
25 Jun 2018

ਪੋਥੀ ਸ਼ਬਦ ਦੀ ਮਹਿਮਾ:
ਪੋਥੀ ਸ਼ਬਦ ਭਾਈ ਗੁਰਦਾਸ ਜੀ ਨੇ ਕਰਤਾਰਪੁਰੀ ਬੀੜ ਜਾਂ ਆਦਿ ਬੀੜ ਵਾਸਤੇ ਵਰਤਿਆ ਸੀ ਜਿਸ ਵਿੱਚ 34 ਬਾਣੀਕਾਰਾਂ { ਨੌਵੇਂ ਗੁਰੂ ਜੀ ਦੀ ਬਾਣੀ ਦਸਵੇਂ ਪਾਤਿਸ਼ਾਹ ਵਲੋਂ ਦਮਦਮੀ ਬੀੜ (ਹੁਣ ਨਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ) ਵਿੱਚ ਦਰਜ ਕੀਤੀ ਗਈ ਸੀ ਜਿਸ ਨਾਲ਼ 35 ਬਾਣੀ ਕਾਰ ਬਣ ਗਏ} ਦੀਆਂ ਰਚਨਾਵਾਂ ਆਪਿ ਪੰਜਵੇਂ ਗੁਰੂ ਜੀ ਨੇ ਦਰਜ ਕਰਵਾਈਆਂ ਸਨ ਅਤੇ ਜਿਨ੍ਹਾਂ ਵਿੱਚ ਕੋਈ ਕੱਚੀ ਬਾਣੀ { ਰਾਗ ਮਾਲ਼ਾ ਕੱਚੀ ਬਾਣੀ ਹੈ ਜੋ ਬਾਅਦ ਵਿੱਚ ਕਿਸੇ ਵਲੋਂ ਦਰਜ ਕੀਤੀ ਗਈ ਸੀ । ਇਸ ਨੂੰ ਚਾਹੇ ਪੜ੍ਹੋ ਚਾਹੇ ਨਾ ਪੜ੍ਹੋ, ਭਾਵ, ਸਿਧਾਂਤਕ ਤੌਰ ਉੱਤੇ ਇੱਸ ਨੂੰ ਸਿੱਖ ਰਹਤ ਮਰਯਾਦਾ ਦੇ ਪੰਨਾਂ 18 ਭੋਗ (ੳ) ਮੱਦ ਰਾਹੀਂ ਰੱਦ ਕੀਤਾ ਜਾ ਚੁੱਕਾ ਹੈ। ਰੱਦ ਕਰਨ ਦੇ ਬਾਵਜੂਦ ਵੀ ਇਸ ਨੂੰ ਸਿੱਖਾਂ ਵਿੱਚ ਲੜਾਈ ਝਗੜਾ ਬਣੇ ਰਹਿਣ ਵਾਸਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਬਾਹਰ ਨਹੀਂ ਕੱਢਿਆ ਗਿਆ ਜਦੋਂ ਕਿ ਹੋਰ ਕਈ ਵਾਧੂ ਪਾਈਆਂ ਰਚਨਾਵਾਂ ਜਿਵੇਂ 25 ਪਦਿਆਂ ਦੀ ਰਤਨ ਮਾਲ਼ਾ, ਜਿਤੁ ਦਰਿ ਲਖ ਮੁਹੰਮਦਾ, ਹਕੀਕਤ ਰਾਹ ਮੁਕਾਮ ਸਿਵਨਾਭਿ ਰਾਜੇ ਕੀ, ਸਿਆਹੀ ਦੀ ਬਿਧੀ, ਅਉਧੂ ਸੋ ਜੋਗੀ ਗੁਰੁ ਮੇਰਾ, ਆਦਿਕ ਨੂੰ ਬਾਹਰ ਕੱਢਿ ਦਿੱਤਾ ਗਿਆ ਸੀ} ਦਰਜ ਨਹੀਂ ਸੀ। ਪੋਥੀ ਪ੍ਰਮੇਸਰ ਕਾ ਥਾਨੁ॥ (ਗਗਸ ਪੰਨਾਂ 1226) ਗੁਰਬਾਣੀ ਦੇ ਵਾਕ ਤੋਂ ਪੋਥੀ ਸ਼ਬਦ ਦੀ ਮਹਿਮਾ ਦਾ ਗਿਆਨ ਹੁੰਦਾ ਹੈ।

ਕੀ ਅੰਮ੍ਰਿਤ ਕੀਰਤਨ ਪੁਸਤਕ ਨੂੰ ਪੋਥੀ ਕਹਿਣਾ ਠੀਕ ਹੈ?
ਅੰਮ੍ਰਿਤ ਕੀਰਤਨ ਇੱਕ ਪੁਸਤਕ ਹੈ ਜਿੱਸ ਵਿੱਚ ਸੱਚੀ ਬਾਣੀ ਦੇ ਅੰਮ੍ਰਿਤ ਦੇ ਨਾਲ਼ ਨਾਲ਼ ਕੱਚੀ ਬਾਣੀ ਦਾ ਜ਼ਹਰ ਵੀ ਭਰਿਆ ਪਿਆ ਹੈ। ਅੰਮ੍ਰਿਤ ਕੀਰਤਨ ਨੂੰ ਪੋਥੀ ਕਹਿਣਾ ਪੋਥੀ ਸ਼ਬਦ ਦੀ ਤੌਹੀਨ ਜਾਪਦੀ ਹੈ। ਇਸ ਪੁਸਤਕ ਦਾ ਨਾਂ ਅੰਮ੍ਰਿਤ ਕੀਰਤਨ ਰੱਖਣਾ ਵੀ ਠੀਕ ਨਹੀਂ। ਸੱਚੀ ਬਾਣੀ ਦਾ ਕੀਰਤਨ ਤਾਂ ਅੰਮ੍ਰਿਤ ਕੀਰਤਨ ਹੋ ਸਕਦਾ ਹੈ, ਪਰ ਕੱਚੀ ਬਾਣੀ ਦਾ ਕੀਰਤਨ ਅੰਮ੍ਰਿਤ ਕੀਰਤਨ ਨਹੀਂ ਹੁੰਦਾ। ਅੰਮ੍ਰਿਤ ਕੀਰਤਨ ਨਾਂ ਦੀ ਪੁਸਕਤ ਕੱਚੀਆਂ ਰਚਨਾਵਾਂ (ਦਸਵੇਂ ਗੁਰੂ ਜੀ ਦੀ ਦ੍ਰਿਸ਼ਟੀ ਤੋਂ ਬਾਹਰ) ਨਾਲ਼ ਭਰੀ ਪਈ ਹੈ।

ਅੰਮ੍ਰਿਤ ਕੀਰਤਨ ਨਾਂ ਦੀ ਥਾਂ ਢੁੱਕਦਾ ਨਾਂ:
ਇਸ ਦਾ ਨਾਂ ਕੀਰਤਨੀਆਂ ਵਾਸਤੇ ਸਹਾਇਕ ਪੁਸਤਕ ਰੱਖਿਆ ਜਾ ਸਕਦਾ ਸੀ। ਸੱਚੀ ਅਤੇ ਕੱਚੀ ਬਾਣੀ ਦਾ ਕੀਰਤਨ ਕਰਨ ਵਾਲ਼ੇ ਆਪਣੀ ਮਰਜ਼ੀ ਦੀਆਂ ਰਚਨਾਵਾਂ ਏਥੋਂ ਲ਼ੱਭ ਸਕਦੇ ਹਨ। ਕੀਰਤਨੀਏ ਦੋਵੇਂ ਤਰ੍ਹਾਂ ਦੇ ਹਨ- ਸੱਚੀ ਬਾਣੀ ਦੇ ਅਤੇ ਕੱਚੀ ਬਾਣੀ ਦੇ। ਚੰਗਾ ਇਹ ਹੀ ਸੀ ਕਿ ਇਸ ਵਿੱਚ ਕੱਚੀਆਂ ਰਚਨਾਵਾਂ ਸ਼ਾਮਲ ਨਾ ਕੀਤੀਆਂ ਜਾਂਦੀਆਂ।

ਪੁਸਤਕ ਕਿਵੇਂ ਰਚੀ ਗਈ?
ਖ਼ਾਲਸਾ ਬ੍ਰਦਰਜ਼ ਬਾਜ਼ਾਰ ਮਾਈ ਸੇਵਾਂ ਅੰਮ੍ਰਿਤਸਰ ਵਾਲ਼ੇ 30 ਜਨਵਰੀ 1951 ਨੂੰ ਅੰਮ੍ਰਿਤ ਕੀਰਤਨ ਪੋਥੀ ਦੇ ਪ੍ਰਕਾਸ਼ਕ ਬਣੇ। ਪੁਸਤਕ ਦੇ ਪੰਨਾਂ (ਅ) ਉੱਤੇ ਲਿਖੀ ਉਥਾਨਕਾ ਤੋਂ ਭਲੀ ਭਾਂਤਿ ਪਤਾ ਲੱਗ ਜਾਂਦਾ ਹੈ ਕਿ ਪ੍ਰਕਾਸ਼ਕ (ਕੂਕਰ ਰਾਮ ਕਉ) ਨੇ ਪੁਸਤਕ ਦੀਆਂ ਬਹੁਤੀਆਂ ਰਚਨਾਵਾਂ ਚੁਣਨ ਵਿੱਚ ਮਨਮਤੀ ਅੰਧ ਵਿਸ਼ਵਾਸ ਨੂੰ ਅੱਗੇ ਰੱਖਦੇ ਹੋਏ ਬਿਨਾਂ ਕਿਸੇ ਖੋਜ ਪੜਤਾਲ਼ ਤੋਂ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਛਿੱਕੇ ਉੱਤੇ ਟੰਗ ਕੇ ਘੋਰ ਕੁਤਾਹੀ ਕੀਤੀ ਹੈ।ਉਥਾਨਕਾ ਵਿੱਚ ਲਿਖਿਆ ਹੈ-ਤਿੰਨ ਵਰ੍ਹੇ ਹੋਏ ਵੀਰ ਹਰਚਰਨ ਸਿੰਘ ਜੀ ਨੰਦਾ ਦੇ ਪਵਿੱਤ੍ਰ ਗ੍ਰਹਿ ਵਿਖੇ, ਸੱਚੇ ਪਾਤਿਸ਼ਾਹ ਦੀ ਹਜ਼ੂਰੀ ਵਿੱਚ ਗੁਰਮੁਖ ਰੂਹਾਂ ਦੀ ਭੀਰ ਪਈ। ਮਸਤਾਨੇ ਵੀਰ ਰਤਨ ਸਿੰਘ ਜੀ ਨੇ ਸ਼੍ਰੀ ਦਸਮ ਗ੍ਰੰਥ ਅਤੇ ਭਾਈ ਗੁਰਦਾਸ ਜੀ ਦੇ ਭੰਡਾਰੇ ਵਿੱਚੋਂ ਵੀ ਅੰਮ੍ਰਿਤ ਕੀਰਤਨ ਦੇ ਛਾਂਦੇ ਸੋਹਣੀਆਂ ਰੂਹਾਂ ਨੂੰ ਭੁੰਚਾਏ।

ਉਸ ਵੇਲੇ ਇੱਕ ਸੱਜਣ ਜੀ ਨਿਰਮੋਲਕ ਹੀਰਾ ਗੁਟਕੇ ਵਿੱਚੋਂ ਇਹ ਸਬਦ ਲੱਭਣ ਦਾ ਯਤਨ ਕਰ ਰਹੇ ਸਨ। ਉਹਨਾਂ ਦੀ ਨਿਰਾਸਤਾ ਵੇਖ ਕੇ ਦਾਸ ਨੂੰ ਫੁਰਿਆ ਕਿ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਸ਼੍ਰੀ ਦਸਮ ਗ੍ਰੰਥ, ਭਾਈ ਗੁਰਦਾਸ ਸਾਹਿਬ ਅਤੇ ਭਾਈ ਨੰਦਲਾਲ ਸਾਹਿਬ ਜੀ ਰਚਿਤ ਬਾਣੀਆਂ ਵਿੱਚੋਂ ਚੁਣਵੀਂ ਬਾਣੀ ਦਾ ਸੰਗ੍ਰਹਿ ਕਰ ਕੇ ਕੀਰਤਨ ਕਰਨਹਾਰਿਆਂ ਅਤੇ ਸੁਣਨਹਾਰਿਆਂ ਦੀ ਸੇਵਾ ਕਰਨੀ ਚਾਹੀਦੀ ਹੈ।ਸੱਚੇ ਪਾਤਿਸ਼ਾਹ ਨੇ ਆਪ ਇਹ ਚੋਜ ਵਰਤਾ ਕੇ ਹਉ ਮੂਰਖੁ ਕਾਰੈੇ ਲਾਈਆ ਅਤੇ ਇਸ ਫੁਰਨੇ ਨੂੰ ਫੁੱਲ ਫਲ਼ ਲਾ ਦਿੱਤੇ----------------।
ਉਥਾਨਕਾ ਪੜ੍ਹਨ ਤੋਂ ਸਿੱਟੇ:

ੳ). ਸੰਗ੍ਰਿਹ ਕਰਤਾ ਦੀ ਅਗਿਆਨਤਾ:
ਉਥਾਨਕਾ ਤੋਂ ਹੀ ਕੂਕਰ ਰਾਮ ਕਉ ਦੀ ਅਗਿਆਨਤਾ ਲਿਸ਼ਕਾਰੇ ਮਾਰਦੀ ਹੈ ਜਦੋਂ ਉਹ ਦਸ਼ਮ ਗ੍ਰੰਥ, ਭਾਈ ਗੁਰਦਾਸ ਅਤੇ ਭਾਈ ਨੰਦ ਲਾਲ ਦੀਆਂ ਰਚਨਾਵਾਂ ਨੂੰ ਵੀ ਬਾਣੀਆਂ ਦਾ ਦਰਜਾ ਦਿੰਦਾ ਹੈ। ਬਾਣੀ ਜਾਂ ਗੁਰਬਾਣੀ ਸ਼ਬਦ ਅਕਸਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀਆਂ ਰਚਨਾਵਾਂ ( ਰਾਗ ਮਾਲ਼ਾ ਨੂੰ ਛੱਡ ਕੇ) ਦਾ ਨਾਂ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਕੋਈ ਰਚਨਾ ਬਾਣੀ ਜਾਂ ਗੁਰਬਾਣੀਜਾਂ ਗੁਰੂ ਦਾ ਦਰਜਾ ਨਹੀਂ ਰੱਖਦੀ।

ਅ). ਕੂਕਰ ਰਾਮ ਕਉ ਸ਼ਬਦਾਂ ਦੀ ਦੁਰ-ਵਰਤੋਂ:
ਜੇ ਸੱਚ ਮੁੱਚ ਹੀ ਸੰਗ੍ਰਿਹ ਕਰਤਾ ਆਪਣੇ ਆਪ ਨੂੰ ਕੂਕਰ ਰਾਮ ਕਉ ਸਮਝਦਾ ਸੀ ਤਾਂ ਉਹ ਰਾਮ ਦਾ ਵਫ਼ਾਦਾਰ ਕਿਉਂ ਨਹੀਂ ਰਿਹਾ? ਵਫ਼ਾਦਾਰ ਕੂਕਰ ਤਾਂ ਮਾਲਕ ਦਾ ਦਰ ਹੀ ਨਹੀਂ ਛੱਡਦਾ ਭਾਵੇਂ ਉਸ ਨੂੰ ਲੱਖ ਜੁੱਤੀਆਂ ਵੀ ਸਹਿਨ ਕਰਨੀਆਂ ਪੈਣ। ਪਰ ਇਸ ਕੂਕਰ ਰਾਮ ਕਉ ਨੇ ਆਪਣੇ ਸੱਚੇ ਮਾਲਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਦੂਸਰੇ ਨੂੰ ਵੀ ਆਪਣਾ ਮਾਲਕ ਬਣਾਇਆ ਹੈ।

ੲ). ਨਿਰਮੋਲਕ ਹੀਰੇ ਦੀ ਰਚਨਾ ਤੋਂ ਸਬਕ ਨਹੀਂ ਲਿਆ:
ਲਿਖਤ ਅਨੁਸਾਰ ਨਿਰਮੋਲਕ ਹੀਰੇ ਨਾਂ ਦੇ ਗੁਟਕੇ ਵਿੱਚ ਕੱਚੀਆਂ ਰਚਨਾਵਾਂ ਨਹੀਂ ਸਨ ਕਿਉਂਕਿ ਓਥੋਂ ਉਹ ਲੱਭੀਆਂ ਨਹੀਂ। ਇਸ ਗੁਟਕੇ ਦੀ ਰਚਨਾ ਤੋਂ ਸਬਕ ਲੈਣਾ ਚਾਹੀਦਾ ਸੀ ਕਿ ਕੱਚੀਆਂ ਰਚਨਾਵਾਂ ਕੀਰਤਨੀਆਂ ਦੇ ਪੱਲੇ ਨਾ ਪਾਈਆਂ ਜਾਣ। ਪਰ ਅਜਿਹਾ ਨਹੀਂ ਕੀਤਾ ਗਿਆ। ਸਿੱਖ ਕੌਮ ਨੂੰ ਅੰਮ੍ਰਿਤ ਕੀਰਤਨ ਪੁਸਤਕ ਰਾਹੀਂ ਦਸ਼ਮ ਗ੍ਰੰਥ ਦੀਆਂ ਰਚਨਾਵਾਂ ਪੜ੍ਹਾ ਕੇ ਦੁਬਿਧਾ ਦੇ ਡੂੰਘੇ ਖੂਹ ਵਿੱਚ ਸੁੱਟ ਦਿੱਤਾ ਗਿਆ। ਸੰਗ੍ਰਿਹ ਕਰਤਾ ਨੇ ਆਪਣੇ ਆਪਿ ਨਿਰਨਾ ਕਰ ਲਿਆ ਕਿ ਉਸ ਦੀਆਂ ਚੁਣੀਆਂ ਦਸ਼ਮ ਗ੍ਰੰਥ ਦੀਆਂ ਰਚਨਾਵਾਂ ਦਸਵੇਂ ਗੁਰੂ ਜੀ ਰਚਿਤ ਹਨ ਜਦੋਂ ਕਿ ਅੱਜ ਤਕ ਇਸ ਦਾ ਕੋਈ ਨਿਰਨਾ ਨਹੀਂ ਹੋ ਸਕਿਆ।

ਸ). ਕੀ ਇਹ ਰੱਬੀ ਚੋਜ ਵਰਤਿਆ ਹੈ?
ਸੰਗ੍ਰਿਹ ਕਰਤਾ ਲਿਖਦਾ ਹੈ ਕਿ ਸੱਚੇ ਪਾਤਿਸ਼ਾਹ ਨੇ ਚੋਜ ਵਰਤਾ ਕੇ ਦਾਸ ਦੇ ਫ਼ੁਰਨੇ ਨੂੰ ਫੁੱਲ ਫ਼ਲ਼ ਲਾ ਦਿੱਤੇ। ਇਸ ਤੋਂ ਇਹ ਭਾਵ ਹੋਇਆ ਕਿ ਆਪਣੇ ਨਾਲ਼ੋਂ ਅਤੇ ਆਪਣੇ ਰੱਬੀ ਉਪਦੇਸ਼ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਾਲ਼ੋਂ ਤੋੜ ਕੇ ਸੱਚੇ ਪਾਤਿਸ਼ਾਹ ਨੇ ਆਪ ਹੀ ਸਿੱਖਾਂ ਨੂੰ ਸੱਚੇ ਗੁਰੂ ਦੇ ਇੱਕ ਹੋਰ ਸ਼ਰੀਕ ( ਦਸ਼ਮ ਗ੍ਰੰਥ) ਦਾ ਸ਼ਰਧਾਲੂ ਬਣਾ ਦਿੱਤਾ। ਕੀ ਇਸ ਨੂੰ ਸੱਚੇ ਪਾਤਿਸ਼ਾਹ ਦੀ ਸੰਗ੍ਰਿਹ ਕਰਤਾ ਉੱਤੇ ਹੋਈ ਕਿਰਪਾ ਮੰਨੋਗੇ ? ਇਹ ਕਿਹੜੇ ਫੁੱਲ ਅਤੇ ਫ਼ਲ਼ ਹਨ ਜੋ ਸੰਗ੍ਰਿਹ ਕਰਤਾ ਭੁੰਚ ਰਿਹਾ ਹੈ? ਕੀ ਇਹ ਜ਼ਹਰ ਵਿੱਚ ਲਪੇਟੇ ਹੋਏ ਫ਼ਲ਼ ਨਹੀਂ?

ਹ). ਕੀ ਸੰਗ੍ਰਿਹ ਕਰਤਾ ਨੇ ਇਹ ਸੱਚੀ ਕਾਰ ਕੀਤੀ ਹੈ?
ਕੀ ਸੱਚੇ ਪਾਤਿਸ਼ਾਹ ਦੀ ਹਉ ਮੂਰਖੁ ਕਾਰੈ ਲਾਈਆ॥ ਵਾਕ ਅੰਸ਼ ਵਿੱਚ ਲਿਖੀ ਇਹ ਸੱਚੀ ਕਾਰ ਹੈ ਜਿਸ ਨੇ ਸਿੱਖਾਂ ਨੂੰ ਸਿੱਖਾਂ ਦੇ ਵੈਰੀ ਬਣਾ ਛੱਡਿਆ? ਸੱਚੀ ਕਾਰ ਕੀ ਹੈ? ਹਉ ਮੂਰਖੁ ਕਾਰੇੈ ਲਾਈਆ ਨਾਨਕ ਹਰਿ ਕੰਮੇ॥ ਸੱਚੀ ਕਾਰ ਹੈ- ਹਰੀ ਦੀ ਭਗਤੀ ਦਾ ਕੰਮ, ਨਾ ਕਿ ਸਿੱਖਾਂ ਨੂੰ ਗੁੰਮਰਾਹ ਕਰਨ ਦੀ ਕਾਰ। (ਗਗਸ ਪੰਨਾਂ 449)। ਸੰਗ੍ਰਿਹ ਕਰਤਾ ਮੰਨਦਾ ਹੈ ਕਿ ਸੱਚੇ ਪਾਤਿਸ਼ਾਹ ਨੇ ਉਸ ਨੂੰ ਆਪਿ ਇਸ ਕਾਰ ਵਿੱਚ ਲਾਇਆ ਹੈ। ਸੱਚਾ ਪਾਤਿਸ਼ਾਹ ਕਿਸੇ ਸਿੱਖ ਨੂੰ ਕਦੇ ਅਜਿਹੀ ਕਾਰ ਵਿੱਚ ਨਹੀਂ ਲਾਉਂਦਾ ਜਿਸ ਨਾਲ਼ ਦੂਜਿਆਂ ਦਾ ਨੁਕਸਾਨ ਹੋਵੇ ਪਰ ਸੰਗ੍ਰਿਹ ਕਰਤਾ ਦੀ ਕਾਰ ਨੇ ਤਾਂ ਸਿੱਖੀ ਦਾ ਬਹੁਤ ਨੁਕਸਾਨ ਕੀਤਾ ਹੈ। ਸਪੱਸ਼ਟ ਹੈ ਕਿ ਅੰਮ੍ਰਿਤ ਕੀਰਤਨ ਨਾਂ ਦੀ ਸਮੁੱਚੀ ਪੁਸਤਕ ਸੱਚੇ ਪਾਤਿਸ਼ਾਹ ਦੀ ਕਾਰ ਨਾਲ਼ ਨਹੀਂ ਬਣੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਸੰਗ੍ਰਿਹ ਕੀਤੀਆਂ ਬਾਣੀਆਂ ਨੂੰ , ਭਾਈ ਗੁਰਦਾਸ ਦੀਆਂ ਰਚਨਾਵਾਂ(41ਵੀਂ ਵਾਰ ਤੋਂ ਬਿਨਾਂ) ਅਤੇ ਭਾਈ ਨੰਦ ਲਾਲ ਸਿੰਘ ਦੀਆਂ ਰਚਨਾਵਾਂ ਨੂੰ ਸੰਗ੍ਰਿਹ ਕਰਨ ਨੂੰ ਸੱਚੀ ਕਾਰ ਕਹਿ ਸਕਦੇ ਹਾਂ ਪਰ ਦਸ਼ਮ ਗ੍ਰੰਥ ਦੀਆਂ ਪਾਈਆਂ ਰਚਨਾਵਾਂ ਨੂੰ ਮਨਮਤਿ ਦੀ ਝੂਠੀ ਕਾਰ ਕਹਿਣਾ ਹੀ ਬਣਦਾ ਹੈ ਅਤੇ ਇਨ੍ਹਾਂ ਕੱਚੀਆਂ ਰਚਨਾਵਾਂ ਪ੍ਰਤੀ ਹਉ ਮੂਰਖੁ ਕਾਰੇੈ ਲਾਈਆ॥ ਵਾਕ-ਅੰਸ਼ ਨਹੀਂ ਢੁੱਕਦਾ। ਚੰਗਾ ਹੁੰਦਾ ਸੰਗ੍ਰਿਹ ਕਰਤਾ ਸੱਚੇ ਪਾਤਿਸ਼ਾਹ ਨੂੰ ਇਹ ਕਾਰ ਕਰਨ ਦੇਣ ਵਿੱਚ ਨਾ ਫਸਾਉਂਦਾ।

ਪੁਸਤਕ ਵਿੱਚ ਕੁੱਲ ਰਚਨਾਵਾਂ:
ਪੁਸਤਕ ਦੇ ਆਰੰਭ ਵਿੱਚ ਲਿਖਿਆ ਹੋਇਆ ਹੈ ਕਿ ਇਸ ਵਿੱਚ ਸਾਢੇ ਤਿੰਨ ਹਜ਼ਾਰ ਤੋਂ ਵੱਧ ਸ਼ਬਦਾਂ ਦਾ ਸੰਗ੍ਰਿਹ ਹੈ। ਗੁਰਬਾਣੀ ਅਨੁਸਾਰ ਸ਼ਬਦ ਉਸ ਰਚਨਾ ਨੂੰ ਕਿਹਾ ਜਾਂਦਾ ਹੈ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੋਵੇ। ਸੰਗ੍ਰਿਹ ਕਰਤਾ ਵਲੋਂ ਸਾਰੀਆਂ ਰਚਨਾਵਾਂ ਨੂੰ ਸ਼ਬਦ ਲਿਖਣਾ ਗੁਰਬਾਣੀ-ਸ਼ਬਦ-ਗੁਰੂ ਦੀ ਘੋਰ ਨਿਰਾਦਰੀ ਹੈ। ਦੇਵੀ ਦੇਵਤਿਆਂ ਦੀ ਸਿਫ਼ਤ ਵਾਲ਼ੀਆਂ ਰਚਨਾਵਾਂ ਗੁਰਮਤਿ ਵਿੱਚ ਸ਼ਬਦ ਦਾ ਦਰਜਾ ਨਹੀਂ ਰੱਖਦੀਆਂ। ਪੁਸਤਕ ਦੇ ਨਾਂ ਤੋਂ ਟਪਲ਼ਾ ਖਾ ਕੇ ਬਹੁਤ ਸਾਰੇ ਕੀਰਤਨੀਏ ਇਸ ਵਿੱਚੋਂ ਬਿਨਾਂ ਖੋਜ ਅਤੇ ਅਰਥ ਵਿਚਾਰਾਂ ਤੋਂ ਦਸ਼ਮ ਗ੍ਰੰਥ ਦੀਆਂ ਰਚਨਾਵਾਂ ਗਾਉਂਦੇ ਰਹੇ। ਇੱਸ ਕਿਰਿਆ ਨਾਲ਼ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਇੱਕ ਹੋਰ ਸ਼ਰੀਕ ਗ੍ਰੰਥ ਨੂੰ ਖੜ੍ਹਾ ਕਰਨ ਵਾਲ਼ਿਆਂ ਦਾ ਉਤਸ਼ਾਹ ਵਧਦਾ ਗਿਆ। ਇਹ ਸਿਲਸਿਲਾ ਪਿਛਲੇ 67 ਸਾਲਾਂ ਤੋਂ ਚੱਲਦਾ ਆ ਰਿਹਾ ਹੈ। ਇਸ ਸਿਲਸਿਲੇ ਨੂੰ , ਸਿੱਖਾਂ ਵਿੱਚ ਜਾਗਰੂਕਤਾ ਆਉਣ ਨਾਲ਼, ਓਦੋਂ ਤੋਂ ਜ਼ਰੂਰ ਕੁੱਝ ਠੱਲ੍ਹ ਪੈਣੀ ਸ਼ੁਰੂ ਹੋਈ ਹੈ ਜਦੋਂ ਤੋਂ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੂੰ, ਰਾਜਨੀਤੀ ਤੋਂ ਪ੍ਰੇਰਿਤ ਹੋ ਕੇ , ਬਿਨਾਂ ਉਨ੍ਹਾਂ ਦਾ ਪੱਖ ਸੁਣਨ ਤੋਂ ਅਤੇ ਬਿਨਾਂ ਦਸ਼ਮ ਗ੍ਰੰਥ ਬਾਰੇ ਕੋਈ ਫ਼ੈਸਲਾ ਕਰਨ ਤੋਂ, ਉਨ੍ਹਾਂ ਵਿਰੁੱਧ ਫ਼ਤਵਾ ਜਾਰੀ ਕੀਤਾ ਗਿਆ ਹੈ। ਸਿੱਖ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ਼ ਆਪਣਾ ਰਿਸ਼ਤਾ ਜੋੜਨ ਲੱਗ ਪਏ ਕਿਉਂਕਿ ਦਸਵੇਂ ਗੁਰੂ ਜੀ ਦਾ ਹੁਕਮ ਸਮਝ ਵਿੱਚ ਆਉਣ ਲੱਗ ਪਿਆ ਹੈ-ਸਭਿ ਸਿਖਨ ਕੋ ਹੁਕਮੁ ਹੈ ਗੁਰੂ ਮਾਨਿਓ ਗ੍ਰੰਥੁ।

ਪੁਸਤਕ ਵਿੱਚ ਬਿੱਪਰਵਾਦੀ ਰਚਨਾਵਾਂ:
ਸ਼੍ਰੀ ਗੁਰੂ ਗ੍ਰੰਥ ਸਹਿਬ ਤੋਂ ਬਾਹਰੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਤੋਂ ਉਲ਼ਟ 233 ਰਚਨਾਵਾਂ ਅੰਮ੍ਰਿਤ ਕੀਰਤਨ ਨਾਂ ਦੀ ਪੁਸਤਕ ਵਿੱਚ ਸ਼ਾਮਲ ਕਰ ਕੇ ਸਿੱਖੀ ਦੀਆਂ ਜੜ੍ਹਾਂ ਨੂੰ ਖੋਖਲਾ ਕੀਤਾ ਜਾ ਚੁੱਕਾ ਹੈ।

ਸੁਝਾਅ:
ਪੁਸਤਕ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ, ਭਾਈ ਗੁਰਦਾਸ ਅਤੇ ਭਾਈ ਨੰਦਲਾਲ ਸਿੰਘ ਦੀਆਂ ਰਚਨਾਵਾਂ ਹੀ ਸ਼ਾਮਲ ਕਰ ਕੇ ਸਿੱਖੀ ਦੀਆਂ ਜੜ੍ਹਾਂ ਮੁੜ ਮਜ਼ਬੂਤ ਕੀਤੀਆਂ ਜਾ ਸਕਦੀਆਂ ਹਨ। ਇਸ ਤਰ੍ਹਾਂ ਪੁਸਤਕ ਦਾ ਨਾਂ ਅੰਮ੍ਰਿਤ ਕੀਰਤਨ ਸ਼ੋਭ ਸਕਦਾ ਹੈ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੈ ਜੈਕਾਰ!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top