Share on Facebook

Main News Page

ਸਾਧ ਸੰਤ ਦੇ ਲਕਸ਼ਣ-ਗੁਰਬਾਣੀ ਵਿੱਚੋਂ
-: ਪ੍ਰੋ. ਕਸ਼ਮੀਰਾ ਸਿੰਘ USA

ਸਹਸਕ੍ਰਿਤੀ ਦੇ ਸਲੋਕਾਂ ਵਿੱਚ ਧੰਨੁ ਗੁਰੂ ਅਰਜੁਨ ਸਾਹਿਬ ਪਾਤਿਸ਼ਾਹ ਜੀ ਨੇ ਸਾਧ ਸੰਤ ਦੇ ਲਕਸ਼ਣ (ਲਖ੍ਹਣ - ਇਸ ਸ਼ਬਦ ਦਾ ਪਾਠ ਲਖਿਅਣ ਬਣਦਾ ਹੈ ਕਿਉਂਕਿ ਖੱਖੇ ਪੈਰੀਂ /੍ਯ/ ਹੈ। ਲਖਣ ਪਾਠ ਅਨਪੜ੍ਹਤਾ ਕਾਰਣ ਪ੍ਰਚੱਲਤ ਹੈ) ਜਾਂ ਸ਼ੁੱਭ ਗੁਣ ਬਿਆਨ ਕੀਤੇ ਹਨ। ਇਹ ਲਕਸ਼ਣ 6 ਪੰਕਤੀਆਂ ਵਿੱਚ ਵਿੱਚ ਦਰਸ਼ਾਏ ਗਏ ਹਨ। ਇਨ੍ਹਾਂ ਅੰਮ੍ਰਿਤ ਵਚਨਾ ਤੋਂ ਸੇਧ ਲੈ ਕੇ ਅਜਿਹੀ ਜੀਵਨ ਸ਼ੈਲੀ ਦੀ ਘਾੜਤ ਘੜਨੀ ਹੀ ਸਾਧ ਅਤੇ ਸੰਤ ਪੁਣਾ ਹੈ।

ਸ਼ਲੋਕ ਨੰਬਰ 40 ਸਾਧ ਸੰਤ ਦੇ ਜੀਵਨ ਪ੍ਰਤੀ ਹਰ ਇਕ ਨੂੰ ਜਾਗਰੂਕ ਕਰਦਾ ਹੈ ਅਤੇ ਸਾਧ ਸੰਤ ਪੁਣੇ ਦੀ ਕਸ਼ਵੱਟੀ ਵੀ ਬਖ਼ਸ਼ਦਾ ਹੈ ।

ਸਲੋਕ ਕਿ ਸ਼ਲੋਕ-ਉੱਚਾਰਣ ਪੱਖ:

ਸ਼ਲੋਕ- ਇਸ ਸ਼ਬਦ ਦਾ ਸਲੋਕ ਪਾਠ ਵਰਤੀ ਭਾਸ਼ਾ ਦੀ ਅਗਿਆਨਤਾ ਕਾਰਣ ਹੈ ਕਿਉਂਕਿ ਇਹ ਪਾਠ ਵਰਤੀ ਸੰਸਕ੍ਰਿਤ ਭਾਸ਼ਾ ਅਤੇ ਸਿੱਖ ਵਿਦਵਾਨਾਂ ਵਲੋਂ ਕੀਤੀ ਖੋਜ ਦੀ ਨਿਰਾਦਰੀ ਕਰਨ ਵਾਲ਼ਾ ਹੈ। ਸ਼ਲੋਕ ਬੋਲਣ ਦਾ ਅਰਥ ਸਿਫ਼ਤਿ ਸਾਲਾਹ ਦਾ ਗੀਤ ਅਤੇ ਸਲੋਕ ਬੋਲਣ ਦਾ ਅਰਥ ਉਹੀ ਦੇਸ਼ ਜਾਂ ਵਹੀ ਲੋਕ ਹੁੰਦਾ ਹੈ। ਦੇਖੋ ਮਹਾਨ ਕੋਸ਼ :

ਯਾਦ ਰੱਖਣ ਯੋਗ ਨੇਮ:

ਯਾਦ ਰੱਖਣ ਵਾਲ਼ੀ ਗੱਲ ਹੈ ਕਿ ਸਿੱਖ ਪੰਜਾਬੀ ਭਾਸ਼ਾ ਨੂੰ ਪਹਿਲ ਦੇ ਆਧਾਰ ਉੱਤੇ ਸਿੱਖਦਾ, ਸਮਝਦਾ, ਬੋਲਦਾ ਅਤੇ ਲਿਖਦਾ ਹੈ ਪਰ ਦੂਜੀਆਂ ਭਾਸ਼ਾਵਾਂ ਦਾ ਵੀ ਨਿਰਾਦਰ ਨਹੀਂ ਕਰਦਾ। ਕਿਸੇ ਕੌਮ ਦਾ ਇਤਿਹਾਸ ਪੜ੍ਹਨ ਲਈ ਉਸ ਕੌਮ ਦੀ ਭਾਸ਼ਾ ਨੂੰ ਸਿੱਖਣਾ ਅਤੇ ਸਮਝਣਾ ਲਾਜ਼ਮੀ ਹੁੰਦਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਰਚਨਾਵਾਂ ਵਿੱਚ ਵਰਤੀਆਂ ਗਈਆਂ ਕਈ ਭਾਸ਼ਾਵਾਂ ਕਿਸੇ ਨਫ਼ਰਤ ਅਧੀਨ ਨਹੀਂ ਸਗੋਂ ਉਸ ਸਮੇਂ ਦੀ ਪੰਜਾਬੀ ਭਾਸ਼ਾ ਨੂੰ ਹੋਰ ਅਮੀਰ ਬਣਾਉਣ ਲਈ ਉਸ ਸਮੇਂ ਪ੍ਰਚੱਲਤ ਭਾਸ਼ਾਵਾਂ ਦੇ ਸ਼ਬਦਾਂ ਨੂੰ ਤੱਤਸਮ ਜਾਂ ਤਦਭਵ ਰੂਪ ਵਿੱਚ ਪੰਜਾਬੀ ਭਾਸ਼ਾ ਵਿੱਚ ਵਰਤਿਆ ਗਿਆ ਹੈ।

ਹਿੰਦੁਸਤਾਨ ਦੇ ਵੱਖ-ਵੱਖ ਖਿੱਤਿਆਂ ਵਿੱਚੋਂ ਓਥੋਂ ਦੇ ਬਾਣੀਕਾਰਾਂ ਰਾਹੀਂ ਉਨ੍ਹਾਂ ਖਿੱਤਿਆਂ ਵਿੱਚ ਬੋਲੀਆਂ ਜਾਂਦੀਆਂ ਭਾਸ਼ਾਵਾਂ ਦੇ ਸ਼ਬਦ ਵੀ ਗੁਰਬਾਣੀ ਵਿੱਚ ਮਿਲ਼ਦੇ ਹਨ ਜੋ ਸਤਿਕਾਰ ਦੇ ਪਾਤਰ ਹਨ, ਨਫ਼ਰਤ ਦੇ ਨਹੀਂ। ਜੇ ਗੁਰੂ ਪਾਤਿਸ਼ਾਹ ਆਪਿ ਭਾਸ਼ਾ ਨੇਮਾਂ ਨੂੰ ਮੁੱਖ ਰੱਖਕੇ ਸ਼ਬਦ ਬੋਲਦੇ ਸਨ ਤਾਂ ਸਿੱਖਾਂ ਨੂੰ ਇਸ ਤਰ੍ਹਾਂ ਬੋਲਣ ਵਿੱਚ ਕੋਈ ਹਾਨੀ ਕਿਵੇਂ ਹੈ?

ਬਾਣੀਕਾਰਾਂ ਨੇ ਜੇ ਲੋੜ ਅਨੁਸਾਰ ਕਿਸੇ ਵਿਦਵਾਨ ਨਾਲ਼ ਅ਼ਰਬੀ, ਫ਼ਾਰਸੀ, ਸੰਸਕ੍ਰਿਤ ਜਾਂ ਕਿਸੇ ਹੋਰ ਭਾਸ਼ਾ ਵਿੱਚ ਵਿਚਾਰ ਵਟਾਂਦਰਾ ਕੀਤਾ ਹੈ ਤਾਂ ਉਹ ਸੰਬੰਧਤ ਭਾਸ਼ਾ ਦੇ ਬੋਲਣ ਦੇ ਨੇਮਾ ਅਨੁਸਾਰ ਹੀ ਕੀਤਾ ਹੈ। ਇਨ੍ਹਾਂ ਨੇਮਾਂ ਨੂੰ ਪਾਠ ਕਰਨ ਵਿੱਚ ਰੱਦ ਨਹੀਂ ਕੀਤਾ ਜਾ ਸਕਦਾ। ਸ੍ਰਵਣ (ਥਣ) ਨੂੰ ਸ਼੍ਰਵਣ (ਕੰਨ), ਸ਼੍ਰਵਣ ਨੂੰ ਸ੍ਰਵਣ , ਪਾਸਾ (ਦਿਸ਼ਾ) ਨੂੰ ਪਾਸ਼ਾ (ਚੌਪੜ ਦੀ ਖੇਡ ਦਾ ਡਾਈਸ), ਪਾਸ਼ਾ ਨੂੰ ਪਾਸਾ, ਬਾਸ਼ਾ (ਇੱਕ ਪੰਛੀ) ਨੂੰ ਬਾਸਾ (ਵਸੇਵਾਂ), ਬਾਸਾ ਨੂੰ ਬਾਸ਼ਾ ਆਦਿਕ ਨਹੀਂ ਬੋਲਿਆ ਜਾ ਸਕਦਾ ਕਿਉਂਕਿ ਅਜਿਹਾ ਕਰਨ ਨਾਲ਼ ਭਾਸ਼ਾਵਾਂ ਦੀ ਨਿਰਾਦਰੀ ਤਾਂ ਹੁੰਦੀ ਹੀ ਹੈ ਅਤੇ ਨਾਲ਼ ਹੀ ਸ਼ਬਦਾਂ ਦੇ ਅਰਥਾਂ ਦੇ ਅਨੱਰਥ ਵੀ ਹੋ ਜਾਂਦੇ ਹਨ।

ਨੋਟ: ਆਸਾ ਕੀ ਵਾਰ ਦਾ ਕੀਰਤਨ ਕਰਨ ਵਾਲ਼ਿਆਂ ਗੁਰਮੁਖਾਂ ਨੂੰ ਦੱਸੋ ਕਿ ਤੇਵੇਹਾ ਪਾਸਾ ਢਾਲੀਐ ਨਹੀਂ ਤੇਵੇਹਾ ਪਾਸ਼ਾ ਢਾਲੀਐ ਸਹੀ ਪਾਠ ਹੁੰਦਾ ਹੈ। ਪਾਸ਼ਾ ਢਾਲੀਐ- ਜੀਵਨ ਦੀ ਚੌਪੜ-ਰੂਪ ਬਾਜ਼ੀ ਖੇਡਦੇ ਹੋਏ ਕਰੇ ਜਾ ਰਹੇ ਕਰਮਾਂ ਦਾ ਗੀਟਾ (ਡਾਈਸ) ਇਸ ਤੲ੍ਹਾਂ ਧਿਆਨ ਨਾਲ਼ ਸੁੱਟਣਾ ਕਿ ਜਨਮ ਦੀ ਬਾਜ਼ੀ ਹਾਰ ਕੇ ਨ ਜਾਣਾ ਪਵੇ। ਪਾਸਾ ਢਾਲੀਐ ਬੋਲਣ ਨਾਲ਼ ਕੋਈ ਸਾਰਥਕ ਗੱਲ ਨਹੀਂ ਬਣਦੀ।}

ਸਹਸਕ੍ਰਿਤੀ ਸ਼ਬਦ ਕਿਵੇਂ ਬਣਿਆਂ ?

ਸਹਸਕ੍ਰਿਤ ਸ਼ਬਦ ਦਾ ਅਰਥ ਸੰਸਕ੍ਰਿਤ ਨਹੀਂ ਹੈ। ਸੰਸਕ੍ਰਿਤ ਤੋਂ ਸਮਾਂ ਬੀਤਣ ਨਾਲ਼ ਬਦਲ ਕੇ ਬਣੀ ਭਾਸ਼ਾ ਪ੍ਰਾਕ੍ਰਿਤ ਵਿੱਚ ਸੰਸਕ੍ਰਿਤ ਸ਼ਬਦ ਤੋਂ ਸਹਸਕ੍ਰਿਤ ਬਣ ਗਿਆ। ਪਾਲੀ ਭਾਸ਼ਾ ਵਿੱਚ ਵੀ ਸੰਸਕ੍ਰਿਤ ਨੂੰ ਸਹਸਕ੍ਰਿਤ ਲਿਖਿਆ ਗਿਆ ਹੈ। ਭਾਈ ਹਰਜਿੰਦਰ ਸਿੰਘ ਘੜਸਾਣਾ ਸਹਸਕ੍ਰਿਤੀ ਸ਼ਬਦ ਵਾਰੇ ਚਾਨਣਾ ਪਾਉਂਦੇ ਲਿਖਦੇ ਹਨ- ਸਹਸਕ੍ਰਿਤ ਬਾਣੀ ਪਾਲੀ, ਪ੍ਰਾਕ੍ਰਿਤ ਅਤੇ ਅਰਧ-ਮਾਗਧੀ ਭਾਖਾ ਵਿੱਚ ਹੈ। ਇਸ ਦਾ ਪਿੰਡਾ ਸੰਸਕ੍ਰਿਤ ਦੀ ਸ਼ੈਲੀ ਵਾਲਾ ਹੈ, ਐਪਰ ਸਿੱਧਾ ਸੰਸਕ੍ਰਿਤ ਨਾਲ ਇਸ ਬਾਣੀ ਦਾ ਕੋਈ ਤੁਅੱਲੁਕ ਨਹੀਂ ਹੈ। ਲਫ਼ਜ਼ਾਂ ਦੀ ਬਣਤਰ ਅਤੇ ਸ਼ੈਲੀ ਮੂਜਬ ਪ੍ਰਾਕ੍ਰਿਤ ਨਾਲਾ ਨਾਤਾ ਜੁੜਦਾ ਹੈ।

ਸਹਸਕ੍ਰਿਤੀ ਦਾ ਸ਼ਲੋਕ ਨੰਬਰ 40 ਇਉਂ ਹੈ:

ਮੰਤ੍ਰੰ ਰਾਮ ਰਾਮ ਨਾਮੰ ਧ੍ਹਾਨੰ ਸਰਬਤ੍ਰ ਪੂਰਨਹ ॥ ਗ੍ਹਾਨੰ ਸਮ ਦੁਖ ਸੁਖੰ ਜੁਗਤਿ ਨਿਰਮਲ ਨਿਰਵੈਰਣਹ ॥
ਦਯਾਲੰ ਸਰਬਤ੍ਰ ਜੀਆ ਪੰਚ ਦੋਖ ਬਿਵਰਜਿਤਹ ॥  ਭੋਜਨੰ ਗੋਪਾਲ ਕੀਰਤਨੰ ਅਲਪ ਮਾਯਾ ਜਲ ਕਮਲ ਰਹਤਹ ॥
ਉਪਦੇਸੰ ਸਮ ਮਿਤ੍ਰ ਸਤ੍ਰਹ ਭਗਵੰਤ ਭਗਤਿ ਭਾਵਨੀ ॥  ਪਰ ਨਿੰਦਾ ਨਹ ਸ੍ਰੋਤਿ ਸ੍ਰਵਣੰ ਆਪੁ ਤ੍ਹਿਾਗਿ ਸਗਲ ਰੇਣੁਕਹ ॥
ਖਟ ਲਖ੍ਹਣ ਪੂਰਨੰ ਪੁਰਖਹ ਨਾਨਕ ਨਾਮ ਸਾਧ ਸ੍ਵਜਨਹ ॥
40॥ ਪੰਨਾਂ ਗਗਸ 1357

ਪਦ ਅਰਥ:- ਅਲਪ-ਅਲਿਪ, ਅਲੇਪ, ਨਿਰਲੇਪ । ਭਾਵਨੀ-ਭਾਵਨਾ, ਸਰਧਾ, ਪਿਆਰ । ਸ੍ਰਵਣੰ-ਕੰਨ (ਵਣ) । ਰੇਣੁਕਹ-ਚਰਨ-ਧੂੜ । ਮੰਤ੍ਰੰ-ਕਿਸੇ ਦੇਵਤਾ ਨੂੰ ਪ੍ਰਸੰਨ ਕਰਨ ਲਈ ਜਪਣ-ਯੋਗ ਸ਼ਬਦ । ਧ੍ਹਾਨμ-ਕਿਸੇ ਚੀਜ਼ ਵਿਚ ਬਿਰਤੀ ਨੂੰ ਲਿਵਲੀਨ ਕਰਨਾ (ਧਿਆਨੰ) । ਗ੍ਹਾਨ- ਗਿਆਨੰ, ਸਮਝ ) । ਸ੍ਰੋਤਿ-ਸੁਣਨਾ । ਆਪੁ-ਆਪਾ-ਭਾਵ । ਤ੍ਹਿਾਗਿ-ਤਿਆਗ ਕੇ । ਖਟ-ਛੇ । ਲਖ੍ਹਣ-ਲੱਛਣ (ਸੰਸਕ੍ਰਿਤ- ਲਕਸ਼ਣ) । ਸਮ-ਬਰਾਬਰ । ਜੁਗਤਿ-ਜੀਵਨ ਗੁਜ਼ਾਰਨ ਦਾ ਤਰੀਕਾ । ਸ਼ਲੋਕ ਦੀ ਭਾਸ਼ਾ ਸੰਸਕ੍ਰਿਤ ਨਹੀਂ ਹੈ, ਭਾਵੇਂ, ਪਿੰਡਾ ਸੰਸਕ੍ਰਿਤ ਦਾ ਹੈ ।

ਪੰਕਤੀ-ਵਾਰ ਅਰਥ ਇਉਂ ਹਨ:

 1. ਮੰਤ੍ਰੰ ਰਾਮ ਰਾਮ ਨਾਮੰ ਧ੍ਹਾਨੰ ਸਰਬਤ੍ਰ ਪੂਰਨਹ ॥
  ਪਰਮਾਤਮਾ ਦਾ ਨਾਮ (ਜੀਭ ਨਾਲ) ਜਪਣਾ ਅਤੇ ਉਸ ਨੂੰ ਸਰਬ-ਵਿਆਪਕ ਜਾਣ ਕੇ ਉਸ ਵਿਚ ਸੁਰਤਿ ਜੋੜਨੀ;

 2. ਗ੍ਹਾਨੰ ਸਮ ਦੁਖ ਸੁਖੰ ਜੁਗਤਿ ਨਿਰਮਲ ਨਿਰਵੈਰਣਹ ॥
  ਸੁਖਾਂ ਦੁਖਾਂ ਨੂੰ ਇਕੋ ਜਿਹਾ ਸਮਝਣਾ ਅਤੇ ਪਵਿਤ੍ਰ ਤੇ ਵੈਰ-ਰਹਿਤ ਜੀਵਨ ਜੀਊਣਾ;

 3. ਦਯਾਲੰ ਸਰਬਤ੍ਰ ਜੀਆ ਪੰਚ ਦੋਖ ਬਿਵਰਜਿਤਹ ॥
  ਸਾਰੇ ਜੀਵਾਂ ਨਾਲ ਪਿਆਰ-ਹਮਦਰਦੀ ਰੱਖਣੀ ਅਤੇ ਕਾਮਾਦਿਕ ਪੰਜੇ ਵਿਕਾਰਾਂ ਤੋਂ ਬਚੇ ਰਹਿਣਾ;

 4. ਭੋਜਨੰ ਗੋਪਾਲ ਕੀਰਤਨੰ ਅਲਪ ਮਾਯਾ ਜਲ ਕਮਲ ਰਹਤਹ ॥
  ਪਰਮਾਤਮਾ ਦੀ ਸਿਫ਼ਤਿ-ਸਾਲਾਹ ਨੂੰ ਜ਼ਿੰਦਗੀ ਦਾ ਆਸਰਾ ਬਣਾਣਾ ਅਤੇ ਮਾਇਆ ਤੋਂ ਇਉਂ ਨਿਰਲੇਪ ਰਹਿਣਾ ਜਿਵੇਂ ਕਉਲ ਫੁੱਲ ਪਾਣੀ ਤੋਂ;

 5. ਉਪਦੇਸੰ ਸਮ ਮਿਤ੍ਰ ਸਤ੍ਰਹ ਭਗਵੰਤ ਭਗਤਿ ਭਾਵਨੀ ॥
  ਸੱਜਣ ਤੇ ਵੈਰੀ ਨਾਲ ਇਕੋ ਜਿਹਾ ਪ੍ਰੇਮ-ਭਾਵ ਰੱਖਣ ਦੀ ਸਿੱਖਿਆ ਗ੍ਰਹਿਣ ਕਰਨੀ ਅਤੇ ਪਰਮਾਤਮਾ ਦੀ ਭਗਤੀ ਵਿਚ ਪਿਆਰ ਬਣਾਣਾ;
  ਉਪਦੇਸੰ ਸਮ ਮਿਤ੍ਰ ਸਤ੍ਰਹ ਭਗਵੰਤ ਭਗਤਿ ਭਾਵਨੀ ॥

 6. ਪਰ ਨਿੰਦਾ ਨਹ ਸ੍ਰੋਤਿ ਸ੍ਰਵਣੰ ਆਪੁ ਤ੍ਹਿਾਗਿ ਸਗਲ ਰੇਣੁਕਹ ॥
  ਪਰਾਈ ਨਿੰਦਿਆ ਆਪਣੇ ਕੰਨਾਂ ਨਾਲ ਨਾਹ ਸੁਣਨੀ ਅਤੇ ਆਪਾ-ਭਾਵ ਤਿਆਗ ਕੇ ਸਭ ਦੇ ਚਰਨਾਂ ਦੀ ਧੂੜ ਬਣਨਾ ।

 7. ਖਟ ਲਖ੍ਹਣ ਪੂਰਨੰ ਪੁਰਖਹ ਨਾਨਕ ਨਾਮ ਸਾਧ ਸ੍ਵਜਨਹ ॥40॥
  ਹੇ ਨਾਨਕ! ਪੂਰਨ ਪੁਰਖਾਂ ਵਿਚ ਇਹ ਛੇ ਲੱਛਣ ਹੁੰਦੇ ਹਨ, ਉਹਨਾਂ ਨੂੰ ਹੀ ਸਾਧ ਗੁਰਮੁਖਿ ਆਖੀਦਾ ਹੈ ।40।

ਉੱਪਰੋਕਤ 7 ਪੰਕਤੀਆਂ ਵਿੱਚੋਂ ਪਹਿਲੀਆਂ 6 ਪੰਕਤੀਆਂ ਵਿੱਚ ਸਾਧ/ਸੰਤ/ਪੂਰਨ ਪੁਰਖ ਦੇ 12 ਲਕਸ਼ਣ ਦੱਸੇ ਗਏ ਹਨ। ਪੰਕਤੀਆਂ 6 ਹਨ ਅਤੇ ਲਕਸ਼ਣ 12 ਹਨ। ਹਰ ਪੰਕਤੀ ਵਿੱਚ ਦੋ ਦੋ ਲਕਸ਼ਣ ਹਨ। ਸੱਤਵੀਂ ਪੰਕਤੀ ਵਿੱਚ ਦੱਸਿਆ ਗਿਆ ਹੈ ਕਿ 6 ਪੰਕਤੀਆਂ ਵਿੱਚ ਦੱਸੇ ਲਕਸ਼ਣਾਂ ਵਾਲ਼ਾ ਹੀ ਸਾਧ. ਸੰਤ ਜਾਂ ਪੂਰਨ ਪੁਰਖ ਹੁੰਦਾ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top