Share on Facebook

Main News Page

ਅਖੌਤੀ ਦਸਮ ਗ੍ਰੰਥ ਵਿੱਚ ‘ਸ਼੍ਰੀ ਅਸਿਪਾਨ’ ਦੇ ਕੀ ਅਰਥ ਹਨ ?
-: ਪ੍ਰੋ. ਕਸ਼ਮੀਰਾ ਸਿੰਘ
USA

ਸ. ਜਸਵੰਤ ਸਿੰਘ ਇਸਮਾਈਲਾਬਾਦ ਨੇ ਬੜੀ ਮਿਹਨਤ ਨਾਲ਼ ਤਿਆਰ ਕਤਿੀ ਆਡੀਓ ਵੀਡੀਓ ਰਾਹੀਂ ‘ਦਸਮ ਗ੍ਰੰਥ’ ਦੇ ਅਰਥ ਕਰਦਿਆਂ ‘ਸ਼੍ਰੀ ਅਸਿਪਾਨ’ ਦੇ ਅਰਥ ‘ਅਕਾਲਪੁਰਖ’ ਕੀਤੇ ਹਨ। ਉਸ ਨੇ ‘ਪਾਇ ਗਹੇ ਜਬ ਤੇ ਤੁਮਰੇ------’। ਸਵੱਯੇ ਦੀ ਵਿਚਾਰ ਕਰਦਿਆਂ ‘ਸ਼੍ਰੀ ਅਸਿਪਾਨ’ ਦੇ ਅਰਥ ‘ਅਕਾਲਪੁਰਖ’ ਕਰ ਕੇ ਸਿੱਖਾਂ ਨੂੰ ਸਹੀ ਸੇਧ ਨਹੀਂ ਦਿੱਤੀ। ਇਹ ਇੱਕ ਤਰ੍ਹਾਂ ਦਾ ਗੁੰਮਰਾਹਕੁਨ ਪ੍ਰਚਾਰ ਕੀਤਾ ਗਿਆ ਹੈ। ਬੁਲਾਰੇ ਨੂੰ ‘ਅਸਿਪਾਨ’ ਦੇ ਅਰਥ ‘ਅਸਿਪਾਨ’ ਹੀ ਕਰਨੇ ਚਾਹੀਦੇ ਸਨ, ਕਿਉਂਕਿ ਉਸ ਦਾ ਵਿਸ਼ਾ ਕਥਾ ਕਰਨੀ ਨਹੀਂ ਸੀ। ਜੇ ਮੱਖੀ ਉੱਤੇ ਮੱਖੀ ਵੀ ਮਾਰਨੀ ਹੈ ਤਾਂ ਉਹ ਵੀ ਸੋਚ ਕੇ ਮਾਰਨੀ ਚਾਹੀਦੀ ਸੀ ਤਾਂ ਜੁ ਸਿੱਖ ਕੌਮ ਦਾ ‘ਅਸਿਪਾਨ’ ਸ਼ਬਦ ਦੇ ਗ਼ਲਤ ਅਰਥਾਂ ਰਾਹੀਂ ਕੀਤਾ ਨੁਕਸਾਨ ਦੁਹਰਾਇਆ ਨਾ ਜਾਂਦਾ। ਜੇ ਬੁਲਾਰੇ ਨੇ “ਅਸਿਪਾਨ” ਸ਼ਬਦ ਦੇ ਅਰਥ ਸਮਝੇ ਹੀ ਨਹੀਂ ਤਾਂ ਉਸ ਦੇ ਮੂੰਹੋਂ ਇਸ ਸ਼ਬਦ ਲਈ ‘ਅਕਾਲਪੁਰਖ’ ਸ਼ਬਦ ਦੀ ਵਰਤੋਂ ਬਿਲਕੁਲ ਨਹੀਂ ਫ਼ਬਦੀ ਸੀ। ਗ਼ਲਤ ਨਿਰਨਾ ਕਰਨ ਦਾ ਅਧਿਕਾਰ ਉਸ ਵੀਰ ਨੂੰ ਨਹੀਂ ਵਰਤਣਾ ਚਾਹੀਦਾ ਸੀ ਕਿਉਂਕਿ ਉਸ ਦਾ ਵਿਸ਼ਾ ਕੇਵਲ ਜਿਵੇਂ ਲਿਖਿਆ ਹੈ ਉਸ ਦੇ ਅਨੁਸਾਰ ਹੀ ਅਰਥ ਕਰਨਾ ਸੀ ਨਾ ਕਿ ਆਪਣੇ ਕੋਲ਼ੋਂ ਕੋਈ ਗ਼ਲਤ ਟਿੱਪਣੀ ਵਰਤਣੀ।

ਸਵੱਯੇ ਵਿੱਚ ਕਿਤੇ ਵੀ ‘ਅਕਾਲਪੁਰਖ’ ਸ਼ਬਦ ਨਹੀਂ ਲਿਖਿਆ ਹੋਇਆ, ਕੇਵਲ ‘ਸ਼੍ਰੀ ਅਸਿਪਾਨ’ ਸ਼ਬਦ ਹੀ ਹੈ ਜਿਸ ਤੋਂ ਰਾਮਾਵਤਾਰ (ਰਾਮਾਇਣ) ਦੇ ਕਵੀ ਨੇ ਕੁੱਝ ਮੰਗ ਕੀਤੀ ਹੈ। ‘ਰਾਮਾਇਣ’ ਦਾ ਕਵੀ ਦਸਵੇਂ ਪਾਤਿਸ਼ਾਹ ਜੀ ਨੂੰ ਬਣਾਉਣਾ ਗੁਰੂ-ਪਦ ਦੀ ਪੁੱਜ ਕੇ ਕੀਤੀ ਗਈ ਨਿਰਾਦਰੀ ਹੈ।

ਆਓ ਅਖੌਤੀ ਦਸਮ ਗ੍ਰੰਥ ਵਿੱਚੋਂ ‘ਅਸਿਪਾਨ’ ਸ਼ਬਦ ਦੇ ਸਹੀ ਅਰਥ ਲੱਭਦੇ ਹਾਂ:-

ਤਿੰਨ ਸ਼ਬਦ ਹਨ- ਅਸਿਪਾਨ, ਅਸਿਕੇਤ ਅਤੇ ਅਸਿਧੁਜ।

ਤਿੰਨਾਂ ਸ਼ਬਦਾਂ ਵਿੱਚ ਵਰਤੇ ‘ਅਸਿ’ ਸ਼ਬਦ ਦਾ ਅਰਥ ਹੈ - ਤਲਵਾਰ। ‘ਕੇਤ’ ਅਤੇ ‘ਧੁਜ’ ਦਾ ਅਰਥ ਹੈ- ਝੰਡਾ {ਮਹਾਨ ਕੋਸ਼}

ਅਸਿਪਾਨ ਦਾ ਅਰਥ- ਹੱਥ ਵਿੱਚ ਫੜੀ ਕਿਰਪਾਨ ਵਾਲ਼ਾ, ਦੇਹਧਾਰੀ ਦੇਵਤਾ ਮਹਾਂਕਾਲ਼। ਕਿਸ ਦੇ ਹੱਥ ਵਿੱਚ ਕਿਰਪਾਨ ਹੈ? ਅਸਿਪਾਨ ਕੌਣ ਹੈ?

ਹੇਠਾਂ ਦੇਖੋ ਪ੍ਰਮਾਣ ਬੰਦ ਨੰਬਰ 111, ਤ੍ਰਿਅ ਚਰਿੱਤ੍ਰ ਨੰਬਰ 404:

1. ਜਿਹ ਅਰਿ ਕਾਲ ਕ੍ਰਿਪਾਨ ਪ੍ਰਹਾਰੈ। ਇਕ ਤੇ ਦੋਇ ਪੁਰਖ ਕੈ ਡਾਰੈ ।111।
ਅਰਥ- ਜਿਸ ਦੁਸ਼ਮਨ (ਅਰਿ) ਉੱਤੇ ਮਹਾਂਕਾਲ਼ (ਕਾਲ਼) ਆਪਣੇ ਹੱਥ ਫੜੀ ਕ੍ਰਿਪਾਨ ਵਾਲ਼ ਵਾਰ ਕਰਦਾ ਹੈ, ਉਸ ਦੇ ਦੋ ਟੁਕੜੇ ਹੋ ਜਾਂਦੇ ਹਨ। ਸਪੱਸ਼ਟ ਹੈ ਕਿ ਮਹਾਂਕਾਲ਼ ਹੀ ਸ਼੍ਰੀ ‘ਅਸਿਪਾਨ’ ਹੈ। ਕਿਸੇ ਵੀ ਤਰ੍ਹਾਂ ‘ਅਸਿਪਾਨ’ ਦਾ ਅਰਥ ‘ਅਕਾਲਪੁਰਖ’ ਨਹੀਂ ਹੈ। ਲੜਨ ਵਾਲ਼ਾ ਅਕਾਲਪੁਰਖ ਨਹੀਂ ਸਗੋਂ ਅਕਾਲਪੁਰਖ ਦੀ ਕ਼ੁਦਰਤ ਵਿੱਚ ਕਲ਼ਪਿਆ ਇੱਕ ਦੇਹਧਾਰੀ ਦੇਵਤਾ ਹੈ ਜੋ ਸ਼ਿਵ ਜੀ ਦਾ, 12 ਵਿੱਚੋਂ, ਇੱਕ ਜੋਤ੍ਰਿਲਿੰਗਮ ਹੈ।

2. ਜੇ ਪਰ ਮਹਾਕਾਲ਼ ਅਸਿ ਝਾਰਾ। ਏਕ ਸੁਭਟ ਤੇ ਦ੍ਵੈ ਕਰ ਡਾਰਾ। ਜੌ ਦ੍ਵੈ ਨਰ ਪਰ ਟੁਕ ਅਸਿ ਧਰਾ। ਚਾਰਿ ਟੂਕ ਤਿੰਨ ਦ੍ਵੈ ਕੈ ਕਰ।
ਅਰਥ - ‘ਅਸਿ’ ਰੱਖਣ ਵਾਲ਼ਾ ਮਹਾਂਕਾਲ਼ ਹੈ ਜਿਸ ਨੂੰ ਹੀ ‘ਅਸਿਪਾਨ’ ਕਿਹਾ ਹੈ। ‘ਪਾਣਿ’/’ਪਾਨਿ’ ਦਾ ਅਰਥ ਹੈ- ਹੱਥ ਵਿੱਚ । ਇਸ ‘ਅਸਿ’ (ਤਲਵਾਰ) ਦੀ ਵਰਤੋਂ ਮਹਾਂਕਾਲ਼, ਜੰਗ ਵਿੱਚ ਖ਼ੂਬ ਕਰ ਰਿਹਾ ਹੈ।

ਅਸਿਧੁਜ ਦਾ ਅਰਥ - ਜਿਸ ਨੇ ਤਲਵਾਰ ਦੇ ਨਿਸ਼ਾਨ ਵਾਲ਼ਾ ਝੰਡਾ ਚੁੱਕਿਆ ਹੋਇਆ ਹੈ, ਦੇਹਧਾਰੀ ਦੇਵਤਾ ਮਹਾਂਕਾਲ਼।

ਅਸਿਕੇਤ ਦਾ ਅਰਥ - ਮਹਾਂਕਾਲ਼ ਦੇਵਤੇ ਦਾ ਨਾਂ ਹੈ, ਜਿਸ ਨੇ ਤਲਵਾਰ ਦੇ ਨਿਸ਼ਾਨ ਵਾਲ਼ਾ ਝੰਡਾ ਫੜਿਆ ਹੋਇਆ ਹੈ। ਜਿਸ ਮਹਾਂਕਾਲ਼ ਲਈ ‘ਅਸਿਧੁਜ’ ਅਤੇ ‘ਅਸਕੇਤ’ ਸ਼ਬਦ ਵਰਤੇ ਹਨ ਓਸੇ ਲਈ ਹੀ ‘ਅਸਿਪਾਨ’ ਸ਼ਬਦ ਦੀ ਵਰਤੋਂ ਹੈ।

ਦੋ ਹੋਰ ਰਲ਼ਦੇ ਮਿਲ਼ਦੇ ਸ਼ਬਦ ਹਨ - ‘ਖੜਗਕੇਤ’ ਅਤੇ ‘ਖੜਗਧੁਜ’।

ਦੋਹਾਂ ਦਾ ਅਰਥ- ਜਿਸ ਦੇ ਚੁੱਕੇ ਹੋਏ ਝੰਡੇ ਵਿੱਚ ਤਲਵਾਰ ਦਾ ਨਿਸ਼ਾਨ ਹੈ, ਮਹਾਂਕਾਲ਼ ਦੇਹਧਾਰੀ ਦੇਵਤਾ। ‘ਅਸਿਕੇਤ’, ‘ਖੜਗਕੇਤ’ ਅਤੇ ਖੜਗਧੁਜ ਤਿੰਨਾਂ ਹੀ ਸ਼ਬਦਾਂ ਦਾ ਅਰਥ ਹੈ- ਮਹਾਂਕਾਲ਼ ਜਿਸ ਦੇ ਝੰਡੇ ਵਿੱਚ ਤਲਵਾਰ ਦਾ ਨਿਸ਼ਾਨ ਹੈ।

ਮਹਾਂਕਾਲ਼ ਦੇਵਤੇ ਲਈ ਹੀ - ਅਸਿਕੇਤ, ਅਸਿਧੁਜ, ਖੜਗਕੇਤ ਅਤੇ ਖੜਗਧੁਜ ਸ਼ਬਦ ਵਰਤੇ ਗਏ ਹਨ। ਇਹ ਖ਼ੁਲਾਸਾ ਤ੍ਰਿਅ ਚਰਿੱਤ੍ਰ ਨੰਬਰ 404 ਵਿੱਚ ਕੀਤਾ ਗਿਆ ਹੈ ਜਿਸ ਵਿੱਚ ਮਹਾਂਕਾਲ਼ ਦੇਹਧਾਰੀ ਦੇਵਤਾ ਇੱਕ ਸੁੰਦਰੀ ਦੂਲਹ ਦੇਈ ਨੂੰ ਪ੍ਰਾਪਤ ਕਰਨ ਲਈ ਉਸ ਦੀ ਸਹਾਇਤਾ ਕਰਦਾ ਹੋਇਆ ਦੈਂਤਾਂ ਨਾਲ਼ ਯੁੱਧ ਕਰਦਾ ਹੈ ਅਤੇ ਜਿੱਤਣ ਵਿੱਚ ਸਫ਼ਲ ਹੋ ਜਾਂਦਾ ਹੈ। ਇਹ ਮਹਾਂਕਾਲ਼ ਅਕਾਲਪੁਰਖ ਨਹੀਂ ਸਗੋਂ ਇੱਕ ਦੇਹਧਾਰੀ ਦੇਵਤਾ ਹੈ ਜੋ ਆਪਣੀ ਪਿਆਰੀ ਸੁੰਦਰੀ ਦੂਲਹ ਦੇਈ ਲਈ ਦੈਂਤਾਂ ਨੂੰ ਮਾਰਦਾ ਹੈ।

ਕੇਵਲ ਦੋ ਹੀ ਇਸ਼ਟ ਹਨ:

ਰਾਮ, ਸ਼ਿਆਮ, ਕਾਲ਼ ਆਦਿਕ ਕਵੀਆਂ ਦੇ ਦੋ ਹੀ ਇਸ਼ਟ ਹਨ- ਇੱਕ ਦੁਰਗਾ ਅਤੇ ਦੂਜਾ ਮਹਾਂਕਾਲ਼। ਇਹ ਇਸ਼ਟ ਹੀ ਕਵੀਆਂ ਲਈ ਰੱਬ ਹਨ ਜਿਨ੍ਹਾਂ ਨੇ ਸਾਰਾ ਸੰਸਾਰ ਪੈਦਾ ਕੀਤਾ ਹੈ, ਭਾਵੇਂ, ਕੰਨ ਵਿੱਚੋਂ ਮੈਲ਼ ਕੱਢ ਕੇ ਹੀ ਕੀਤਾ ਹੈ ਜੋ ਅਣਹੋਣੀ ਗੱਲ ਹੈ। ਦੂਲਹ ਦੇਈ ਸੁੰਦਰੀ ਦਾ ਪਤੀ ਹੈ ‘ਮਹਾਂਕਾਲ਼’। ਇਸ ਮਹਾਂਕਾਲ਼ ਦਾ ਕਿਸੇ ਨੇ ਚੇਲਾ ਜਾਂ ਚੇਲੀ ਬਣਨਾ ਹੋਵੇ ਤਾਂ ਉਸ ਲਈ ਸ਼ਰਤਾਂ ਹਨ:-

1. ਚੇਲਾ ਬਣਨ ਵਾਲ਼ੇ ਨੂੰ ਭੰਗ ਪੀਣੀ ਜ਼ਰੂਰੀ ਹੈ।
2. ਚੇਲਾ ਬਣਨ ਵਾਲ਼ੇ ਨੂੰ ਸ਼ਰਾਬ ਪੀਣੀ ਜ਼ਰੂਰੀ ਹੈ।

‘ਮਹਾਂਕਾਲ਼ ਕੋ ਸਿੱਖ ਕਰਿ ਮਦਰਾ ਭਾਂਗ ਪਿਲਾਏ’। ਪ੍ਰਮਾਣ ਵਜੋਂ ਤ੍ਰਿਅ ਚਰਿੱਤ੍ਰ ਨੰਬਰ 266 ਵਿੱਚ ਸੁਮਤਿ ਰਾਜੇ ਦੀ ਧੀ ਰਾਜਕੁਮਾਰੀ ਰਨਥੰਭਕਲਾ ਵਾਲ਼ੀ ਕਹਾਣੀ ਪੜ੍ਹੀ ਜਾ ਸਕਦੀ ਹੈ ਜਿਸ ਵਿੱਚ ਉਹ ਆਪਣੇ ਹੀ ਵਿੱਦਿਆ ਦਾਤੇ ਇੱਕ ਬਿੱਪਰ ਨੂੰ ਬੁੱਤ ਪੂਜਾ ਤੋਂ ਹਟਾਅ ਕੇ ਰਾਜਸ਼ਾਹੀ ਧੌਂਸ ਨਾਲ਼ ਜ਼ਬਰਦਸਤੀ ਮਹਾਂਕਾਲ਼ ਦਾ ਸਿੱਖ (ਚੇਲਾ) ਬਣਾਉਂਦੀ ਹੋਈ ਉਸ ਨੂੰ ਭੰਗ ਅਤੇ ਸ਼ਰਾਬ ਪਿਲ਼ਾਉਂਦੀ ਹੈ।
ਮਹਾਂਕਾਲ ਲਈ ਵਰਤੇ ਨਾਵਾਂ ਦੇ ਪ੍ਰਮਾਣ: ਕਬਿਯੋ ਬਾਚ ਬੇਨਤੀ ਚੌਪਈ ਵਾਲ਼ੇ ਤ੍ਰਿਅ ਚਰਿੱਤ੍ਰ ਨੰਬਰ 404 ਵਿੱਚੋਂ:-

1. ਮਹਾਂਕਾਲ਼ ਦੇਵਤਾ ਦੇਵਤੇ ਨੂੰ ਖੜਗਕੇਤ ਲਿਖਿਆ:
ਖੜਗਕੇਤ ਅਸੁ ਕੀਆ ਤਮਾਸਾ।247।
ਖੜਗਕੇਤ ਪਰ ਕਛੁ ਨ ਬਸਾਏ।261।

2. ਮਹਾਂਕਾਲ਼ ਦੇਵਤਾ ਨੂੰ ਕਾਲ਼ ਲਿਖਿਆ:
ਬਾਇ ਅਸਤ੍ਰ ਲੈ ਕਾਲ ਚਲਾਯੋ।255।

3. ਮਹਾਕਾਲ ਦੇਵਤਾ ਅਸਿਧੁਜ ਵੀ ਹੈ:
ਪੁਨਿ ਅਸਿਧੁਜ ਤਨ ਕਰੀ ਲਰਾਈ।262।
ਧੰਨ੍ਯ ਧੰਨ੍ਯ ਅਸਿਧੁਜ ਕੌ ਕਹੈਂ।263।
ਅਸਿਧੁਜ ਜੂ ਕੋਪਾ ਜਬ ਹੀ ਰਨ।280।

4. ਮਹਾਕਾਲ਼ ਦੇਵਤਾ ਅਸਕੇਤ ਵੀ ਹੈ:
ਆਨਿ ਪ੍ਰਲੈ ਦਿਨ ਸੋ ਪ੍ਰਗਟਯੋ ਸਿਤ ਸਾਇਕ ਲੈ ਅਸਿਕੇਤ ਰਿਸਾਨੇ।271।

5. ਮਹਾਕਾਲ ਦੇਵਤਾ ਖੜਗਾਧੁਜ ਵੀ ਹੈ:
ਆਨਿ ਅਰੇ ਖੜਗਾ ਧੁਜ ਸੌ ਨ ਚਲੈ ਪਗੁ ਦ੍ਵੈ ਬਿਮੁਖਾਹਵ ਹ੍ਵੈ ਕੈ।277।

6. ਦੂਲਹ ਦੇਈ ਵਰਨ ਲਈ ਕੌਣ ਲੜਦਾ ਹੈ? ਅਕਾਲਪੁਰਖ ਕਿ ਮਹਾਂਕਾਲ਼ ਦੇਵਤਾ? ਮਹਾਂਕਾਲ਼ ਲੜਦਾ ਹੈ:
ਤਾਂ ਹੀ ਤੇ ਦਾਨਵ ਬਹੁ ਭਏ।ਸਨਮੁਖ ਮਹਾਕਾਲ਼ ਕੇ ਧਏ।303।

7. ਪੁਨਿ ਰਾਛਸ ਕਾ ਕਾਟਾ ਸੀਸਾ। ਸ੍ਰੀ ਅਸਿਕੇਤ ਜਗਤ ਕੇ ਈਸਾ। ਪੁਪਨ ਬ੍ਰਿਸਟਿ ਗਗਨ ਤੇ ਭਈ ਸਭਹਿਨ ਆਨਿ ਬਧਾਈ ਦਈ।375।
ਧੰਨਯ ਧੰਨਯ ਲੋਗਨ ਕੇ ਰਾਜਾ। ਦੁਸਟਨ ਦਾਹ ਗੀਰਬ ਨਿਵਾਜਾ।ਅਖਲ ਭਵਨ ਕੇ ਸਿਰਜਨ ਹਾਰੇ।ਦਾਸ ਜਾਨਿ ਮੁਹਿ ਲੇਹੁ ਉਬਾਰੇ।376।

ਧੰਨਯ ਧੰਨਯ ਲੋਗਨ ਕੇ ਰਾਜਾ। ਕਿੱਸ ਨੂੰ ਕਿਹਾ ਹੈ? ਉੱਤਰ: ਮਹਾਂਕਾਲ਼ ਦੇਵਤੇ ਨੂੰ।
ਦੁਸਟਨ ਦਾਹ ਗਰੀਬ ਨਿਵਾਜਾ। ਕਿੱਸ ਨੂੰ ਕਿਹਾ ਹੈ? ਉੱਤਰ: ਮਹਾਂਕਾਲ਼ ਦੇਵਤੇ ਨੂੰ।
ਅਖਲ ਭਵਨ ਕੇ ਸਿਰਜਨਹਾਰੇ। ਕਿੱਸ ਨੂੰ ਕਿਹਾ ਹੈ? ਉੱਤਰ: ਮਹਾਂਕਾਲ਼ ਦੇਵਤੇ ਨੂੰ।
ਦਾਸ ਜਾਨਿ ਮੁਹਿ ਲੇਹੁ ਉਬਾਰੇ। ਕਿੱਸ ਨੂੰ ਕਿਹਾ ਹੈ? ਉੱਤਰ: ਮਹਾਂਕਾਲ਼ ਦੇਵਤੇ ਨੂੰ।

8. ਇੱਕੋ ਹੀ ਦੋਹਰੇ ਵਿੱਚ ਮਹਾਂਕਾਲ਼ ਦੇ ਦੋ ਹੋਰ ਨਾਂ:
ਜੇ ਪੂਜਾ ਅਸਿਕੇਤ ਕੀ ਨਿਤਪ੍ਰਤਿ ਕਰੇ ਬਨਾਇ। ਤਿਨ ਪਰ ਅਪਨੋ ਹਾਥ ਦੈ ਅਸਿਧੁਜ ਲੇਤ ਬਚਇ।367।

ਪੂਰਾ ਸਵੱਯਾ ਹੈ-
ਪਾਇ ਗਹੇ ਜਬ ਤੇ ਤੁਮਰੇ ਤਬ ਤੇ ਕੋਈ ਆਂਖ ਤਰੇ ਨਹੀਂ ਆਨਯੋ। ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈ ਮਤ ਏਕ ਨ ਮਾਨਯੋ।
ਸਿਮ੍ਰਿਤਿ ਸ਼ਾਸਤਰ ਵੇਦ ਸਭੈ ਬਹੁ ਭੇਦ ਕਹੈ ਹਮ ਏਕ ਨ ਜਾਨਯੋ। ਸ੍ਰੀ ਅਸਿਪਾਨ ਕ੍ਰਿਪਾ ਤੁਮਰੀ ਕਰਿ ਮੈ ਨਾ ਕਹਯੋ ਸਭ ਤੋਹਿ ਬਖਾਨਯੋ।
863। (ਰਾਮਾਵਤਾਰ/ਰਾਮਾਇਣ)।

ਸਵੱਯੇ ਤੋਂ ਪਤਾ ਲੱਗਦਾ ਹੈ ਕਿ ਇਸ ਦੇ ਕਵੀ ਨੂੰ ਮਹਾਂਕਾਲ਼ ਤੋੰ ਬਿਨਾਂ ਹੋਰ ਕੋਈ ਵੱਡੀ ਸ਼ਕਤੀ ਪ੍ਰਵਾਨ ਨਹੀਂ ਹੈ। ਉਹ ਤਾਂ ਬ੍ਰਹਮਾ, ਵਿਸ਼ਨੂ, ਰਾਮ ਰਹੀਮ ਆਦਿਕ ਕਿਸੇ ਨੂੰ ਵੀ ਮਹਾਂਕਾਲ਼ ਤੋਂ ਵੱਡੇ ਨਹੀਂ ਸਮਝਦਾ। ਇਹ ਗੱਲ ਦਸਵੇਂ ਗੁਰੂ ਜੀ ਨਹੀਂ ਕਹਿ ਰਹੇ ਸਗੋਂ ਮਹਾਂਕਾਲ਼ ਦੇਵਤੇ ਦਾ ਪੁਜਾਰੀ ਕਵੀ ਕਹਿ ਰਿਹਾ ਹੈ। ਦੇਖੋ ਚਰਿੱਤ੍ਰ ਨੰਬਰ 266:

ਏਕੈ ਮਹਾਕਾਲ ਹਮ ਮਾਨੈ ॥ ਮਹਾ ਰੁਦ੍ਰ ਕਹ ਕਛੂ ਨ ਜਾਨੈ ॥
ਬ੍ਰਹਮ ਬਿਸਨ ਕੀ ਸੇਵ ਨ ਕਰਹੀ ॥ ਤਿਨ ਤੇ ਹਮ ਕਬਹੂੰ ਨਹੀ ਡਰਹੀ ॥
੯੬॥

ਰਾਮ ਕ੍ਰਿਸ਼ਨ ਇਹ ਜਿਨੈ ਬਖਾਨੈ। ਸ਼ਿਵ ਬ੍ਰਹਮਾ ਏ ਜਾਹਿ ਪ੍ਰਮਾਨੈ। ਤੇ ਸਭ ਹੀ ਸ਼੍ਰੀ ਕਾਲ਼ ਸੰਘਾਰੇ। ਕਾਲ਼ ਪਾਇਕੈ ਬਹੁਰਿ ਸਵਾਰੇ।115।
ਕੇਤੇ ਰਾਮਚੰਦ ਅਰੁ ਕ੍ਰਿਸ਼ਨਾ। ਕੇਤੇ ਚਤੁਰਾਨਨ ਸ਼ਿਵ ਬਿਸ਼ਨਾ। ਚੰਦ ਸੂਰਜ ਏ ਕਵਨ ਬਿਚਾਰੇ। ਪਾਨੀ ਭਰਤ ਕਾਲ਼ ਕੇ ਦੁਆਰੇ।116।

ਕਾਲ਼- ਦੇਹਧਾਰੀ ਦੇਵਤਾ ਮਹਾਂਕਾਲ਼।

ਉਪਰੋਕਤ ਪ੍ਰਮਾਣਾ ਤੋਂ ਸਪੱਸ਼ਟ ਹੁੰਦਾ ਹੈ ਕਿ ਸ਼੍ਰੀ ਅਸਿਪਾਨ ਦਾ ਅਰਥ ਅਕਾਲਪੁਰਖ ਨਹੀਂ ਸਗੋਂ ਇਕ ਦੇਹਧਾਰੀ ਦੇਵਤਾ ਮਹਾਂਕਾਲ਼ ਹੈ। ਸਿੱਖ ਮਹਾਂਕਾਲ਼ ਦਾ ਪੁਜਾਰੀ ਨਹੀਂ , ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਿਆਨ ਕੀਤੇ ਰੱਬ ਦਾ ਪੁਜਾਰੀ ਹੈ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਜੈ ਜੈਕਾਰ!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸਚ ਬੋਲਣ ਅਤੇ ਸਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top