Share on Facebook

Main News Page

ਫਿਕਾ ਬੋਲਿ ਵਿਗੁਚਣਾ
-: ਪ੍ਰੋ. ਕਸ਼ਮੀਰਾ ਸਿੰਘ ਯੂ.ਐਸ.ਏ.

ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਿਧ ਗੋਸਟਿ (ਉੱਚਾਰਣ ਸਿੱਧ ਗੋਸ਼ਟਿ) ਨਾਂ ਦੀ ਬਾਣੀ ਤੋਂ ਪਤਾ ਲੱਗਦਾ ਹੈ ਕਿ ਦੋ ਧਿਰਾਂ ਵਿੱਚ ਅਧਿਆਤਮਕ ਵਿਚਾਰਾਂ ਦਾ ਵਟਾਂਦਰਾ ਕਿਵੇਂ ਸ਼ਾਂਤ ਮਈ ਢੰਗ ਨਾਲ਼ ਕੀਤਾ ਜਾਂਦਾ ਹੈ। ਸਿੱਧ ਪੁਰਸ਼ ਕਈ ਪ੍ਰਸ਼ਨ ਪੁੱਛਦੇ ਹਨ ਅਤੇ ਗੁਰੂ ਨਾਨਕ ਪਾਤਿਸ਼ਾਹ ਜੀ ਦੇ ਦਿੱਤੇ ਪ੍ਰਸ਼ਨਾਂ ਦੇ ਸਮਾਧਾਨ ਸੁਣ ਕੇ ਕ੍ਰੋਧ ਵਿੱਚ ਨਹੀਂ ਉੱਛਲ਼ਦੇ ਅਤੇ ਨਾਂ ਹੀ ਕੋਈ ਦੁਰਬਚਨ ਬੋਲਦੇ ਹਨ। ਸਿੱਧ ਆਪਣੇ ਮੱਤ ਨੂੰ ਵਡਿਆਉਣ ਲਈ ਕਈ ਦਲੀਲਾਂ ਦਿੰਦੇ ਹਨ ਅਤੇ ਗੁਰੂ ਜੀ ਸ਼ਾਂਤ ਚਿੱਤ ਰਹਿ ਕੇ ਆਪਣਾ ਮੱਤ ਪ੍ਰਗਟ ਕਰਦੇ ਸਿੱਧਾਂ ਦੀਆਂ ਦਲੀਲਾਂ ਦਾ ਵਿਸ਼ਲੇਸ਼ਣ ਕਰਦੇ ਹਨ। ਗੁਰੂ ਜੀ ਨੇ ਆਪਿ ਕੋਈ ਪ੍ਰਸ਼ਨ ਨਹੀਂ ਪੁੱਛਿਆ ਕਿਉਂਕਿ ਉਹ ਆਪਿ ਹਰ ਪੱਖ ਤੋਂ ਸਪੱਸ਼ਟ ਸਨ।

ਅੱਜ ਦੇ ਸਮੇਂ ਵਿੱਚ ਸਿੱਖਾਂ ਵਿੱਚ ਧਾਰਮਿਕ ਵਿਚਾਰਾਂ ਦਾ ਵਟਾਂਦਰਾ ਸਿੱਧ ਗੋਸ਼ਟਿ ਵਾਲ਼ਾ ਨਾ ਰਹਿ ਕੇ, ਬਹੁਤਾ ਡਾਂਗ-ਸੋਟੇ ਵਾਲ਼ਾ ਬਣ ਚੁੱਕਾ ਹੈ। ਇਸ ਦਾ ਪ੍ਰਤੱਖ ਕਾਰਣ ਸਿੱਖੀ ਸਿਧਾਂਤਾਂ ਉੱਤੇ ਸਨਾਤਨਵਾਦ ਦੀ ਪਕੜ ਹੈ। ਸਨਾਤਨਵਾਦੀ ਨਹੀਂ ਚਾਹੁੰਦੇ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਅਨੁਸਾਰ ਪ੍ਰਚਾਰ ਹੋਵੇ ਜਿਸ ਕਾਰਣ ਉਹ ਸਨਾਤਨਵਾਦੀ ਫ਼ਲਸਫ਼ੇ ਨੂੰ ਡਾਂਗ-ਸੋਟੇ ਨਾਲ਼ ਲਾਗੂ ਕਰਵਾਉਣਾ ਚਾਹੁੰਦੇ ਹਨ। {ਚੰਗੀ ਗੱਲ ਹੈ ਕਿ ਡਾਂਗ-ਸੋਟੇ ਦਾ ਕਰਾਰਾ ਜਵਾਬ ਕਈ ਥਾਵਾਂ ਉੱਤੇ ਕਾਨੂੰਨੀ ਮੱਦਦ (ਪੁਲਿਸ ਸਹਾਇਤਾ) ਨਾਲ਼ ਦਿੱਤਾ ਜਾ ਚੁੱਕਾ ਹੈ ਅਤੇ ਡਾਂਗ-ਸੋਟੇ ਦੀ ਵਰਤੋਂ ਨੂੰ ਕਾਫ਼ੀ ਠੱਲ੍ਹ ਪਈ ਹੈ} ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਗਿਆਨ ਦੀ ਰੌਸ਼ਨੀ ਵਿੱਚ ਚੱਲਣ ਵਾਲਿਆਂ ਪ੍ਰਚਾਰਕਾਂ ਨੂੰ ਧੱਕੇ ਨਾਲ਼ ਠਿੱਬੀ ਲਉਣ ਲਈ ਸਨਾਤਨਵਾਦੀਏ ਹਰ ਵੇਲੇ ਤਤਪਰ ਰਹਿੰਦੇ ਹਨ ਅਤੇ ਗਾਲ਼ੋ-ਵਾਲ਼ੀ ਉੱਤੇ ਵੀ ਉੱਤਰ ਆਉਂਦੇ ਹਨ। {ਗਾਲ਼ੋ-ਵਾਲ਼ੀ ਵਿਰੁੱਧ ਕਾਨੂੰਨੀ ਚਾਰਾਜੋਈ ਨਾਲ਼ ਪਿੱਛੇ ਜਿਹੇ ਨਿਊਜ਼ੀਲੈਂਡ ਵਿਰਸਾ ਰੇਡੀਓ ਦੇ ਸੰਚਾਲਕਾਂ ਨੂੰ ਚੰਗਾ ਸਬਕ ਮਿਲ਼ਿਆ ਹੈ}

ਸਿੱਖੀ ਵਿੱਚ ਪਏ ਸਨਾਤਨਵਾਦੀ ਪ੍ਰਭਾਵ ਨੂੰ ਦੂਰ ਕਰਨ ਲਈ ਹਰ ਗੁਰੂ ਦੇ ਸਿੱਖ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸਮਝਣ ਲਈ ਗੁਰਬਾਣੀ ਵਿਆਕਰਣ ਅਨੁਸਾਰ ਕੀਤੇ ਗੁਰਬਾਣੀ ਦੇ ਟੀਕਿਆਂ ਦਾ ਡੂੰਘਾ ਅਧਿਅਨ ਕਰਨਾ ਚਾਹੀਦਾ ਹੈ। ਪ੍ਰੋ. ਸਾਹਿਬ ਸਿੰਘ ਦਾ ਟੀਕਾ ਇਸ ਕਾਰਜ ਲਈ ਮੀਲ ਪੱਥਰ ਸਾਬਤ ਹੋ ਚੁੱਕਾ ਹੈ। ਸਨਾਤਨਵਾਦੀ ਪ੍ਰਭਾਵ ਵਾਲ਼ੇ ਸਿੱਖਾਂ ਦੀ ਗਿਣਤੀ ਇਸ ਸਮੇਂ ਬਹੁਤ ਜ਼ਿਆਦਾ ਹੋ ਚੁੱਕੀ ਹੈ ਕਿਉਂਕਿ ਗੁਰਬਾਣੀ ਦਾ ਸੱਚ ਬਹੁਤ ਘੱਟ ਪ੍ਰਗਟ ਕੀਤਾ ਜਾ ਸਕਿਆ ਹੈ।

ਆਪਸੀ ਵਿਚਾਰਾਂ ਦਾ ਵਟਾਂਦਰਾ ਕਰਦਿਆਂ ਹਰ ਸਿੱਖ ਨੂੰ ਇੱਕ ਦੂਜੇ ਪ੍ਰਤੀ ਫਿੱਕੇ ਬੋਲ ਬੋਲਣ ਤੋਂ ਪੂਰੀ ਤਰ੍ਹਾਂ ਬਚ ਕੇ ਚੱਲਣਾ ਚਾਹੀਦਾ ਹੈ। ਅਮਰੀਕਾ ਵਿੱਚ ਰਾਸ਼ਟਰਪਤੀ ਦੀ ਚੋਣ ਲੜ ਰਹੇ ਵਿਅੱਕਤੀਆਂ ਨੂੰ ਇੱਕ ਦੂਜੇ ਦੇ ਸਨਮੁਖ ਖੜੇ ਕਰਕੇ ਪ੍ਰਸ਼ਨਾਂ ਦੇ ਉੱਤਰ ਵਾਰੋ ਵਾਰੀ ਹਰੇਕ ਕੋਲ਼ੋਂ ਲਏ ਜਾਂਦੇ ਹਨ ਪਰ ਕਿਸੇ ਦੀ ਕੀ ਮਜ਼ਾਲ ਕਿ ਕੋਈ ਆਪਣੀ ਜ਼ਬਾਨ ਨੂੰ ਗੰਦਾ ਕਰਦਿਆਂ ਦੂਜਿਆਂ ਨੂੰ ਕੁਬੋਲ ਬੋਲੇ; ਬਿਲਕੁਲ ਸ਼ਾਤਮਈ ਮਾਹੌਲ ਹੁੰਦਾ ਹੈ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਹੇਠ ਲਿਖੇ ਉੱਤਮ ਉਪਦੇਸ਼ਾਂ ਨੂੰ ਧਿਆਨ ਵਿੱਚ ਰੱਖ ਕੇ ਕੋਈ ਵਿਚਾਰ ਚਰਚਾ ਕਰਨੀ ਚਾਹੀਦੀ ਹੈ:

ੳ). ਸਲੋਕੁ ਮ: 1 ॥ ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ ॥ ਫਿਕੋ ਫਿਕਾ ਸਦੀਐ ਫਿਕੇ ਫਿਕੀ ਸੋਇ ॥ ਫਿਕਾ ਦਰਗਹ ਸਟੀਐ ਮੁਹਿ ਥੁਕਾ ਫਿਕੇ ਪਾਇ ॥ ਫਿਕਾ ਮੂਰਖੁ ਆਖੀਐ ਪਾਣਾ ਲਹੈ ਸਜਾਇ ॥1॥ ਗਗਸ ਪੰਨਾਂ 473

ਅਰਥ:- ਹੇ ਨਾਨਕ! ਜੇ ਮਨੁੱਖ ਰੁੱਖੇ ਬਚਨ ਬੋਲਦਾ ਰਹੇ, ਤਾਂ ਉਸ ਦਾ ਤਨ ਅਤੇ ਮਨ ਦੋਵੇਂ ਰੁੱਖੇ ਹੋ ਜਾਂਦੇ ਹਨ (ਭਾਵ, ਮਨੁੱਖ ਦੇ ਅੰਦਰੋਂ ਪ੍ਰੇਮ ਉੱਡ ਜਾਂਦਾ ਹੈ) । ਰੁੱਖਾ ਬੋਲਣ ਵਾਲਾ ਲੋਕਾਂ ਵਿਚ ਰੁੱਖਾ ਹੀ ਮਸ਼ਹੂਰ ਹੋ ਜਾਂਦਾ ਹੈ ਅਤੇ ਲੋਕ ਭੀ ਉਸ ਨੂੰ ਰੁੱਖੇ ਬਚਨਾਂ ਨਾਲ ਹੀ ਯਾਦ ਕਰਦੇ ਹਨ । ਰੁੱਖਾ (ਭਾਵ, ਪ੍ਰੇਮ ਤੋਂ ਸੱਖਣਾ) ਮਨੁੱਖ (ਪ੍ਰਭੂ ਦੀ) ਦਰਗਾਹ ਤੋਂ ਰੱਦਿਆ ਜਾਂਦਾ ਹੈ ਅਤੇ ਉਸ ਦੇ ਮੂੰਹ ਉੱਤੇ ਥੁੱਕਾਂ ਪੈਂਦੀਆਂ ਹਨ (ਭਾਵ, ਫਿਟਕਾਰਾਂ ਪੈਂਦੀਆਂ ਹਨ । (ਪ੍ਰੇਮ-ਹੀਣ) ਰੁੱਖੇ ਮਨੁੱਖ ਨੂੰ ਮੂਰਖ ਆਖਣਾ ਚਾਹੀਦਾ ਹੈ, ਪ੍ਰੇਮ ਤੋਂ ਸੱਖਣੇ ਨੂੰ ਜੁੱਤੀਆਂ ਦੀ ਮਾਰ ਪੈਂਦੀ ਹੈ (ਭਾਵ, ਹਰ ਥਾਂ ਉਸ ਦੀ ਸਦਾ ਬੜੀ ਬੇਇੱਜ਼ਤੀ ਹੁੰਦੀ ਹੈ) ।1।

ਅ). ਆਸਾ ਮਹਲਾ 3 ॥ ਦੋਹਾਗਣੀ ਮਹਲੁ ਨ ਪਾਇਨੀ ਨ ਜਾਣਨਿ ਪਿਰ ਕਾ ਸੁਆਉ ॥ ਫਿਕਾ ਬੋਲਹਿ ਨਾ ਨਿਵਹਿ ਦੂਜਾ ਭਾਉ ਸੁਆਉ ॥1॥ ਗਗਸ ਪੰਨਾਂ 426

ਅਰਥ:- ਮੰਦੇ ਭਾਗਾਂ ਵਾਲੀਆਂ ਜੀਵ-ਇਸਤ੍ਰੀਆਂ ਪ੍ਰਭੂ-ਪਤੀ ਦਾ ਟਿਕਾਣਾ ਨਹੀਂ ਲੱਭ ਸਕਦੀਆਂ, ਉਹ ਪ੍ਰਭੂ-ਪਤੀ ਦੇ ਮਿਲਾਪ ਦਾ ਆਨμਦ ਨਹੀਂ ਜਾਣ ਸਕਦੀਆਂ । ਉਹ ਖਰ੍ਹਵਾ ਬੋਲਦੀਆਂ ਹਨ, ਲਿਫਣਾ ਨਹੀਂ ਜਾਣਦੀਆਂ, ਮਾਇਆ ਦਾ ਪਿਆਰ ਹੀ ਉਹਨਾਂ ਦੀ ਜ਼ਿੰਦਗੀ ਦਾ ਪਿਆਰ ਬਣਿਆ ਰਹਿੰਦਾ ਹੈ ।1।

ੲ). ਬਾਬਾ ਬੋਲੀਐ ਪਤਿ ਹੋਇ ॥ ਊਤਮ ਸੇ ਦਰਿ ਊਤਮ ਕਹੀਅਹਿ ਨੀਚ ਕਰਮ ਬਹਿ ਰੋਇ ॥੧॥ਰਹਾਉ॥ ਜਿਤੁ ਬੋਲਿਐ ਪਤਿ ਪਾਈਐ ਸੋ ਬੋਲਿਆ ਪਰਵਾਣੁ ॥ ਫਿਕਾ ਬੋਲਿ ਵਿਗੁਚਣਾ ਸੁਣਿ ਮੂਰਖ ਮਨ ਅਜਾਣ ॥ ਗਗਸ ਪੰਨਾਂ 15

ਅਰਥ:-ਹੇ ਭਾਈ! ਉਹ ਬੋਲ ਬੋਲਣਾ ਚਾਹੀਦਾ ਹੈ (ਜਿਸ ਨਾਲ ਪ੍ਰਭੂ ਦੀ ਹਜ਼ੂਰੀ ਵਿਚ) ਇੱਜ਼ਤ ਮਿਲੇ । ਉਹੀ ਮਨੁੱਖ (ਅਸਲ ਵਿਚ) ਚੰਗੇ ਹਨ, ਜੋ ਪ੍ਰਭੂ ਦੀ ਹਜ਼ੂਰੀ ਵਿਚ ਚੰਗੇ ਆਖੇ ਜਾਂਦੇ ਹਨ, ਮੰਦ-ਕਰਮੀ ਬੰਦੇ ਬੈਠੇ ਝੁਰਦੇ ਹੀ ਹਨ ।1।ਰਹਾਉ। ਉਹੀ ਬੋਲ ਬੋਲਿਆ ਹੋਇਆ ਸੁਚੱਜਾ ਹੈ ਜਿਸ ਦੇ ਬੋਲਣ ਨਾਲ (ਪ੍ਰਭੂ ਦੀ ਹਜ਼ੂਰੀ ਵਿਚ) ਆਦਰ ਮਿਲਦਾ ਹੈ । ਹੇ ਮੂਰਖ ਅੰਞਾਣ ਮਨ! ਸੁਣ, ਫਿੱਕਾ (ਨਾਮ-ਰਸ ਤੋਂ ਸੱਖਣਾ) ਬੋਲ ਬੋਲਿਆਂ ਖ਼ੁਆਰ ਹੋਈਦਾ ਹੈ (ਭਾਵ, ਜੇ ਸਾਰੀ ਉਮਰ ਨਿਰੀਆਂ ਉਹੀ ਗੱਲਾਂ ਕਰਦੇ ਰਹੀਏ ਜੋ ਪ੍ਰਭੂ ਦੀ ਯਾਦ ਤੋਂ ਖ਼ਾਲੀ ਹੋਣ ਤਾਂ ਦੁਖੀ ਹੀ ਰਹੀਦਾ ਹੈ) ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top