Share on Facebook

Main News Page

ਕੀ ਗੁਰੂ (ਨਾਨਕ ਜੋਤਿ) ਵੀ ਭੁੱਲਣਹਾਰ ਹੈ ?
-: ਪ੍ਰੋ. ਕਸ਼ਮੀਰਾ ਸਿੰਘ ਯੂ.ਐਸ.ਏ.

ਸੋਸ਼ਲ ਮੀਡੀਏ ਉੱਪਰ ਉਪਰੋਕਤ ਵਿਸ਼ੇ ਨੂੰ ਲੈ ਕੇ ਬਹੁਤ ਚਰਚਾ ਚੱਲ ਰਹੀ ਹੈ। ਕੁੱਝ ਇਸ ਵਿਸ਼ੇ ਦੇ ਪੱਖ ਵਿੱਚ ਅਤੇ ਕੁੱਝ ਵਿਰੋਧ ਵਿੱਚ ਆਪਣੇ ਵਿਚਾਰ ਦੇ ਰਹੇ ਹਨ; ਕੁੱਝ ਇੱਕ ਵਲੋਂ ਅਸੱਭਿਅਕ ਭਾਸ਼ਾ ਵੀ ਵਰਤੀ ਜਾ ਰਹੀ ਹੈ ਜੋ ਬਹੁਤ ਹੀ ਮੰਦਭਾਗੀ ਗੱਲ ਹੈ।

ਇੱਕ ਗੱਲ ਤਾਂ ਸਪੱਸ਼ਟ ਜਾਪਦੀ ਹੈ ਕਿ ਸਿੱਖੀ ਨੂੰ ਸਨਾਤਨ ਮੱਤ ਵਿੱਚ ਮੁੜ ਸ਼ਾਮਲ ਕਰਨ ਲਈ, ਬਾਬਾ ਨਾਨਕ ਦੇ ਸਮੇਂ ਤੋਂ ਹੀ, ਲਗਾਤਾਰ ਕੋਸ਼ਿਸ਼ਾਂ ਕਰ ਰਹੀਆਂ ਧਿਰਾਂ ਚਾਹੁੰਦੀਆਂ ਹਨ ਕਿ ਸਿੱਖਾਂ ਨੂੰ ਆਪਸ ਵਿੱਚ ਕਿਸੇ ਨਾ ਕਿਸੇ ਤਰ੍ਹਾਂ, ਸਿੱਖ ਮਸਲੇ ਖੜ੍ਹੇ ਕਰ ਕੇ, ਉਲ਼ਝਾਈ ਰੱਖਿਆ ਜਾਵੇ ਅਤੇ ਭਰਾ-ਮਾਰੂ ਜੰਗ ਵਲ ਤੋਰੀ ਰੱਖਿਆ ਜਾਵੇ ਜਿਸ ਵਿੱਚ ਉਹ ਬਹੁਤ ਹੱਦ ਤਕ ਸਫ਼ਲ ਹੋ ਚੁੱਕੀਆਂ ਹਨ। ਸਿੱਖੀ ਵਿਰਸੇ ਨੂੰ ਵਿਗਾੜਨ ਲਈ 6000 ਤੋਂ ਵੱਧ ਪੁਸਤਕਾਂ ਲਿਖਵਾਈਆਂ ਜਾ ਚੁੱਕੀਆਂ ਹਨ ਜਿਨ੍ਹਾਂ ਵਿੱਚੋਂ ਹੀ ਬਹੁਤ ਸਾਰੀਆਂ ਸਕੂਲਾਂ, ਕਾਲਜਾਂ ਅਤੇ ਯੁਨੀਵਰਸਿਟੀਆਂ ਵਿੱਚ ਪੜ੍ਹਾਈਆਂ ਜਾ ਰਹੀਆਂ ਹਨ। ੴ ਦੀ ਕਾਰ ਵਾਲ਼ੀ ਰੇਖਾ ਕੱਟ ਕੇ ਇਸ ਦਾ 1ਓ ਬਣਾਇਆ ਜਾ ਰਿਹਾ ਹੈ। ਖੰਡੇ ਦੀ ਸ਼ਕਲ ਬਦਲ ਕੇ ਸ਼ਿਵ ਦੇਵਤੇ ਦਾ ਤ੍ਰਿਸ਼ੂਲ ਬਣਾ ਦਿੱਤਾ ਗਿਆ ਹੈ। ਰੋਜ਼ਾਨਾ ਕੀਤੀ ਜਾਂਦੀ ਅਰਦਾਸਿ ਵਿੱਚ ਬਾਬਾ ਨਾਨਕ ਤੋਂ ਪਹਿਲਾਂ ਦੁਰਗਾ ਨੂੰ ਯਾਦ ਕਰਵਾਇਆ ਜਾ ਰਿਹਾ ਹੈ ਜਿਸ ਨਾਲ਼ ਸਭ ਤੇ ਵਡਾ ਸਤਿਗੁਰੁ ਨਾਨਕੁ ਵਾਲ਼ਾ ਸਿੱਖੀ ਸਿਧਾਂਤ ਮਲ਼ੀਆਮੇਟ ਕਰ ਦਿੱਤਾ ਗਿਆ ਹੈ ਅਤੇ ਹੋਰ ਵੀ ਕੱਚੀਆਂ ਰਚਨਾਵਾਂ, ਬਦਲੇ ਗਏ ਨਿੱਤ-ਨੇਮ ਰਾਹੀਂ, ਸਿੱਖੀ ਦਾ ਅੰਗ ਬਣਾ ਦਿੱਤੀਆਂ ਗਈਆਂ ਹਨ। ਇਸ ਕਾਰਵਾਈ ਰਾਹੀਂ ਉਹ ਸਿੱਖੀ ਸਿਧਾਂਤਾਂ ਦਾ ਕ਼ਤ਼ਲ ਬਾਹਰੋਂ ਦੇਖਣ ਨੂੰ ਸਿੱਖੀ ਸਰੂਪ ਵਾਲ਼ਿਆਂ ਤੋਂ ਹੀ ਕਰਵਾ ਰਹੀਆਂ ਹਨ। ਪਿੱਛੇ ਜਿਹੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਇੱਕ ਹਿੰਦੂ ਸੱਜਣ ਨਿਹੰਗ ਬਾਣੇ ਵਿੱਚ ਇੱਕ ਗੁਰਦੁਆਰੇ ਵਿੱਚ ਗ਼ਲਤ ਹਰਕਤਾਂ ਕਰਦਾ ਪਕੜਿਆ ਗਿਆ ਸੀ ਜਿਸ ਦੀ ਸਿੱਖਾਂ ਨੇ ਉਸ ਦਾ ਨਿਹੰਗ ਬਾਣਾ ਉਤਰਵਾ ਕੇ ਖ਼ੂਬ ਭੁਗਤ ਸਵਾਰੀ ਸੀ।

ਸਿੱਖੀ ਦੇ ਦੁਸ਼ਮਣ ਆਪਿ ਪਿੱਛੇ ਰਹਿ ਕੇ ਇਹ ਪ੍ਰਭਾਵ ਦੇ ਰਹੇ ਹਨ ਕਿ ਇਹ ਸਿੱਖਾਂ ਦੀ ਹੀ ਆਪਸੀ ਲੜਾਈ ਹੈ। ਇੱਸ ਦੇ ਸਿੱਟੇ ਵਜੋਂ ਹੀ ਸਿੱਖ ਆਪਣੇ ਸਿੱਖ ਵੀਰਾਂ ਦੀਆਂ ਪੱਗਾਂ ਉਤਾਰਕੇ, ਕਥਾ ਵਿਆਖਿਆ ਦੇ ਧਾਰਮਿਕ ਦਿਵਾਨਾਂ ਵਿੱਚ ਵਿਘਨ ਪਾ ਕੇ, ਸਿੱਖਾਂ ਉੱਤੇ ਮਾਰੂ ਹਮਲੇ ਕਰ ਕੇ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦਾ ਪ੍ਰਚਾਰ ਕਰ ਰਹੇ ਪ੍ਰਚਾਰਕਾਂ ਨੂੰ ਥਾਂ-ਥਾਂ ਤੰਗ ਅਤੇ ਪ੍ਰੇਸ਼ਾਨ ਕਰ ਕੇ ਸਨਾਤਨ ਮੱਤ ਅਨੁਸਾਰ ਪ੍ਰਚਾਰ ਕਰਵਾਉਣ ਦੀ ਕੋਸ਼ਿਸ਼ ਕਰ ਕੇ ਸਿੱਖੀ ਦੇ ਦੁਸ਼ਮਣਾ ਵਲੋਂ ਥਾਪੜੇ ਲੈ ਰਹੇ ਹਨ। ਇਸੇ ਸਾਜਸ਼ ਅਧੀਨ ਹੀ ਸੱਤਵੇਂ ਗੁਰੂ ਜੀ ਨੂੰ ਭੁੱਲਣਹਾਰ ਅਤੇ ਗ਼ਲਤ ਫ਼ੈਸਲੇ ਲੈਣ ਵਾਲ਼ੇ ਪ੍ਰਚਾਰਿਆ ਜਾ ਰਿਹਾ ਹੈ।

1. ਗੁਰੂ ਨੂੰ ਭੁੱਲਣਹਾਰ ਕਹਿਣ ਪਿੱਛੇ ਕੀ ਚਾਲਾਕੀ ਹੈ:

ਦਸ਼ਮ ਗ੍ਰੰਥ ਨੂੰ, ਸਨਾਤਨ ਮੱਤੀਆਂ ਵਲੋਂ, ਸਿੱਖ ਕੌਮ ਦੇ ਨਾਲ਼ ਇਉਂ ਜੋੜ ਦਿੱਤਾ ਗਿਆ ਹੈ ਕਿ ਬਹੁਤ ਸਾਰੇ ਸਿੱਖ ਇੱਸ ਨੂੰ ਧੰਨੁ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦੀ ਲਿਖਤ ਮੰਨ ਕੇ ਚੱਲ ਰਹੇ ਹਨ, ਭਾਵੇਂ ਅਜਿਹਾ ਨਹੀਂ ਹੈ। ਅਜਿਹੇ ਵੀਰਾਂ ਨੂੰ ਜੋ ਮਰਜ਼ੀ ਪਰਮਾਣ ਦਿਓ ਕਿ ਅਜਿਹਾ ਮੰਨਣਾ ਗੁਰੂ ਜੀ ਦੀ ਨਿਰਾਦਰੀ ਹੈ, ਇਹ ਵੀਰ ਟੱਸ ਤੋਂ ਮੱਸ ਹੋਣ ਲਈ ਤਿਆਰ ਨਹੀਂ। ਨਾ ਮੰਨਣ ਦਾ ਅਸਲੀ ਕਾਰਣ ਇਨ੍ਹਾਂ ਵੀਰਾਂ ਵਲੋਂ ਇਸ ਗ੍ਰੰਥ ਨੂੰ ਆਪਿ ਨਾ ਪੜ੍ਹਨਾ ਅਤੇ ਨਾ ਸਮਝਣਾ ਹੀ ਹੈ, ਬੱਸ ਦਸ਼ਮ ਨਾਂ ਤੋਂ ਹੀ ਇਹ ਭਾਵੁਕ ਹੋਏ ਬੇਠੇ ਹਨ, ਭਾਵੇਂ, ਅਸਲੀਅਤ ਕੁੱਝ ਹੋਰ ਹੈ।

ਦਸ਼ਮ ਗ੍ਰੰਥ ਦਾ ਲਿਖਾਰੀ ਕਈ ਥਾਵਾਂ ਉੱਤੇ ਆਪ ਨੂੰ ਭੁੱਲਣਹਾਰ ਲਿਖ ਬੈਠਾ ਹੈ। ਸਿੱਖੀ ਦੇ ਦੁਸਮਣਾ ਨੇ ਤੀਰ ਚਲਾ ਦਿੱਤਾ ਹੈ ਕਿ ਦਸਵੇਂ ਗੁਰੂ ਭੁੱਲਣਹਾਰ ਹਨ। ਹੁਣ ਕੋਸ਼ਿਸ਼ ਇਹ ਕੀਤੀ ਜਾ ਰਹੀ ਹੈ ਕਿ ਬਾਕੀ ਨੌਂ ਗੁਰੂ ਪਾਤਿਸ਼ਾਹਾਂ ਨੂੰ ਵੀ ਭੁੱਲਣਹਾਰ ਸਿੱਧ ਕੀਤਾ ਜਾਵੇ ਤਾਂ ਜੁ ਗੁਰਬਾਣੀ ਦੀ ਸੱਚਾਈ ਉੱਤੇ ਵੀ ਉਂਗਲ਼ ਚੁੱਕਣ ਲਈ ਰਾਹ ਪੱਧਰਾ ਕੀਤਾ ਜਾ ਸਕੇ। ਜਾਪਦਾ ਹੈ ਕਿ ਇਸੇ ਵਜ੍ਹਾ ਕਰ ਕੇ ਹੀ ਸੱਤਵੇਂ ਗੁਰੂ ਜੀ ਨੂੰ ਭੁੱਲਣਹਾਰ ਸਾਬਤ ਕਰਨ ਉੱਤੇ ਜ਼ੋਰ ਲਾਇਆ ਜਾ ਰਿਹਾ ਹੈ। ਦਸ਼ਮ ਗ੍ਰੰਥ ਵਿੱਚੋਂ ਪ੍ਰਮਾਣ ਦੇਖੋ ਜਿੱਥੇ ਇਸ ਦਾ ਲਿਖਾਰੀ ਆਪਣੇ ਆਪ ਨੂੰ ਭੁਲਿਆ ਹੋਇਆ ਆਖਦਾ ਹੈ:

ੳ). ਨਿਰਖਿ ਭੂਲਿ ਕਬਿ ਕਰੋ ਨਾ ਹਾਸੀ।---ਦ.ਗ੍ਰੰ. ਪੰਨਾਂ 181
ਅਰਥ:- ਮੇਰੀ ਭੁੱਲ ਦੇਖ ਕੇ ਕਵੀ ਜਨੋ ਹਾਸਾ ਨਾ ਪਾਇਓ।

ਅ). ਤਵ ਪ੍ਰਸਾਦਿ ਕਰਿ ਗੰਥ ਸੁਧਾਰਾ। ਭੂਲ ਪਰੀ ਲਹੁ ਲੇਹੁ ਸੁਧਾਰਾ।--ਦ.ਗ੍ਰੰ. ਪੰਨਾਂ 254
ਅਰਥ:- ਤੇਰੀ (ਦੁਰਗਾ/ਜਗ ਮਾਇ/ ਜਗ ਮਾਤਾ ਦੀ) ਕਿਰਪਾ ਨਾਲ਼ ਗ੍ਰੰਥ ਸੁਧਾਰਿਆ ਹੈ, ਫਿਰ ਵੀ ਜੇ ਭੁੱਲ ਹੋ ਗਈ ਹੋਵੇ ਤਾਂ ਭੁੱਲ ਨੂੰ ਸੁਧਾਰ ਲੈਣਾ।

ੲ). ਕ੍ਰਿਸਨ ਜਥਾ ਮਤ ਚਰਿਤ੍ਰ ਉਚਾਰੋ।ਚੂਕ ਹੋਇ ਕਬਿ ਲੇਹੁ ਸੁਧਾਰੋ।--ਦ. ਗ੍ਰੰ. ਪੰਨਾਂ 310
ਅਰਥ:- ਆਪਣੀ ਮੱਤਿ ਨਾਲ਼ ਕ੍ਰਿਸ਼ਨਾਵਤਾਰ ਰਾਹੀਂ ਸ਼੍ਰੀ ਕ੍ਰਿਸ਼ਨ ਦੇ ਕੌਤਕ ਕਹਿਣ ਲੱਗਾ ਹਾਂ, ਜੇ ਭੁੱਲ ਹੋ ਗਈ ਹੋਵੇ ਤਾਂ ਆਪ ਹੀ ਠੀਕ ਕਰ ਲਿਓ।

ਸ). ਸਤ੍ਰਹ ਸੈ ਪੈਤਾਲ ਮਹਿ ਕੀਨੀ ਕਥਾ ਸੁਧਾਰ। ਚੂਕ ਹੋਇ ਜਹ ਤਹ ਸੁ ਕਬਿ ਲੀਜਹੁ ਸਕਲ ਸੁਧਾਰ।---ਦ.ਗ੍ਰੰ. ਪੰਨਾਂ 354
ਅਰਥ:- ਸੰਮਤ 1745 ਵਿੱਚ ਕਥਾ ਦੀ ਸੁਧਾਈ ਕੀਤੀ ਹੈ। ਜੇ ਭੁੱਲ ਹੋ ਗਈ ਹੋਵੇ ਤਾਂ ਕਵੀ ਜਨੋਂ ਆਪ ਹੀ ਠੀਕ ਕਰ ਲਿਓ।

ਹ). ਖੜਗਪਾਨ ਕੀ ਕ੍ਰਿਪਾ ਤੇ ਪੋਥੀ ਰਚੀ ਬਿਚਾਰ। ਭੂਲ ਹੋਇ ਜਹਂ ਤਹਂ ਸੁ ਕਬਿ ਪੜੀਅਹੁ ਸਭੈ ਸੁਧਾਰ।--ਦ.ਗ੍ਰੰ. ਪੰਨਾਂ 386
ਅਰਥ:-ਸ਼ਿਵ ਜੀ ਦੇ ਇੱਕ ਜੋਤ੍ਰਿਲਿੰਗਮ ਮਹਾਂਕਾਲ਼( ਸਰਬਕਾਲ਼/ ਅਸਕੇਤ/ ਖੜਗਕੇਤ/ਅਸਿਪਾਨ) ਦੀ ਕਿਰਪਾ ਨਾਲ਼ ਪੋਥੀ ਲਿਖੀ ਹੈ। ਜਿੱਥੇ ਕਿਤੇ ਵੀ ਭੁੱਲ ਹੋ ਗਈ ਹੋਵੇ ਤਾਂ ਆਪ ਹੀ ਸੋਧ ਕਰ ਕੇ ਪੜ੍ਹ ਲਿਓ।

ਕ). ਤਾਂ ਤੇ ਥੋਰੀ ਯੈ ਕਥਾ ਕਹਾਈ। ਭੂਲ ਦੇਖ ਕਬਿ ਲੇਹੁ ਬਨਾਈ। ਦ.ਗ੍ਰੰ. ਪੰਨਾਂ 570

ਖ). ਤਾ ਤੇ ਥੋਰੀ ਕਥਾ ਉਚਾਰੀ। ਚੂਕ ਹੋਇ ਕਬਿ ਲੇਹੁ ਸੁਧਾਰੀ।--ਦ.ਗ੍ਰੰ. ਪੰਨਾਂ 1273

ਦਸ਼ਮ ਗ੍ਰੰਥ ਦੇ ਲਿਖਾਰੀ ਦਾ ਰੱਬ ਵੀ ਭੁੱਲਣਹਾਰ ਹੈ!!!

ਦਸ਼ਮ ਗ੍ਰੰਥ ਦੇ ਲਿਖਾਰੀ ਦਾ ਰੱਬ ਵੀ ਭੁੱਲਣਹਾਰ ਹੈ ਅਤੇ ਉਹ ਵੀ ਇਸਤ੍ਰੀ ਨੂੰ ਸਾਜ ਕੇ ਪਛੁਤਾਇਆ ਕਿ ਉਸ ਤੋਂ ਇਹ ਗ਼ਲਤੀ ਹੋ ਗਈ ਹੈ, ਜਿਵੇਂ:-

ੳ). ਅੰਤ ਤ੍ਰਿਯਨ ਕੇ ਕਿਨੂੰ ਨ ਪਾਯੋ ॥ ਬਿਧਨਾ ਸਿਰਜਿ ਬਹੁਰਿ ਪਛੁਤਾਯੋ ॥ ਜਿਨ ਇਹ ਕਿਯੋ ਸਕਲ ਸੰਸਾਰੋ ॥ ਵਹੈ ਪਛਾਨਿ ਭੇਦ ਤ੍ਰਿਯ ਹਾਰੋ ॥ --ਦ. ਗ੍ਰੰ. ਪੰਨਾਂ 1267

ਅ). ਇਨ ਇਸਤ੍ਰਿਨ ਕੇ ਚਰਿਤ ਅਪਾਰਾ ॥ ਸਜਿ ਪਛੁਤਾਨਯੋ ਇਨ ਕਰਤਾਰਾ ॥--ਦ. ਗ੍ਰੰ. ਪੰਨਾਂ 1278

ਨੋਟ: ਜੋ ਪ੍ਰਾਣੀ ਅੱਜ ਗੁਰੂ ਨੂੰ ਭੁੱਲਣਹਾਰ ਦੱਸ ਰਹੇ ਹਨ ਉਹ ਭਲ਼ਕ ਨੂੰ ਰੱਬ ਨੂੰ ਵੀ ਭੁੱਲਣਹਾਰ ਦੱਸਣਗੇ ਕਿਉਂਕਿ ਉਹ ਦਸ਼ਮ ਗ੍ਰੰਥ ਦੀ, ਰੱਬ ਵੀ ਭੁੱਲਦਾ ਹੈ, ਵਾਲ਼ੀ ਵਿਚਾਰਧਾਰਾ ਨੂੰ ਅਪਣਾਅ ਚੁੱਕੇ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਇਨ੍ਹਾਂ ਹੋਛੇ ਵਿਚਾਰਾਂ ਨੂੰ ਮੂਲ਼ੋਂ ਹੀ ਰੱਦ ਕਰਦੀ ਹੈ।

2. ਕੀ ਸੱਚ ਮੁੱਚ ਹੀ ਗੁਰੂ ਭੁੱਲਣਹਾਰ ਹੈ? ਰੱਬ ਭੁੱਲਣਹਾਰ ਹੈ? ਬਿਲਕੁਲ ਨਹੀਂ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਗਿਆ ਹੈ ਕਿ ਗੁਰੂ ਅਤੇ ਪਾਰਬ੍ਰਹਮ ਕੇਵਲ ਦੋ ਹਸਤੀਆਂ ਕਦੇ ਨਹੀਂ ਭੁੱਲਦੀਆਂ, ਬਾਕੀ ਸਾਰੇ ਭੁੱਲ ਸਕਦੇ ਹਨ। ਜਿਵੇਂ ਕੋਈ ਬਾਦਿਸ਼ਾਹ ਆਪਣੀ ਪਦਵੀ ਲਈ ਆਪਿ ਕਾਨੂੰਨ ਬਣਾਉਂਦਾ ਹੈ ਇਵੇਂ ਹੀ ਗੁਰੂ ਵੀ ਗੁਰੂ ਪਦਵੀ ਲਈ ਆਪ ਹੀ ਕਾਨੂੰਨ ਬਣਾਉਂਦਾ ਹੈ। ਇਹ ਗੁਰੂ ਨੇ ਹੀ ਦੇਖਣਾ ਹੁੰਦਾ ਹੈ ਕਿ ਗੁਰੂ ਅਤੇ ਸਿੱਖ ਦਾ, ਗੁਰੂ ਅਤੇ ਪਾਰਬ੍ਰਹਮ ਦਾ, ਸਿੱਖ ਅਤੇ ਪਾਰਬ੍ਰਹਮ ਦਾ ਕੀ ਰਿਸ਼ਤਾ ਹੋਣਾ ਚਾਹੀਦਾ ਹੈ। ਗੁਰੂ ਤੋਂ ਹੀ ਗੁਰੂ ਪਦਵੀ ਦਾ ਗਿਆਨ ਹੁੰਦਾ ਹੈ। ਗੁਰੂ ਭੁੱਲਣਹਾਰ ਨਹੀਂ ਹੈ। ਰੱਬ ਭੁੱਲਣਹਾਰ ਨਹੀਂ ਹੈ, ਪ੍ਰਮਾਣ:-

ੳ). ਭੁਲਣ ਅੰਦਰਿ ਸਭੁ ਕੋ ਅਭੁਲ ਗੁਰੂ ਕਰਤਾਰੁ॥--ਗਗਸ ਪੰਨਾਂ 61

ਅ). ਭੁਲਣ ਵਿਚਿ ਕੀਆ ਸਭੁ ਕੋਈ ਕਰਤਾ ਆਪਿ ਨ ਭੁਲੈ॥--ਗਗਸ ਪੰਨਾਂ 1344

3. ਗੁਰੂ ਤਾਂ ਭੁੱਲਿਆਂ ਨੂੰ ਸਹੀ ਮਾਰਗ ਦਿਖਾਉਣ ਵਾਲ਼ਾ ਹੈ:

ਗੁਰੂ ਤਾਂ ਭੁਲਿਆਂ ਨੂੰ ਰਾਹੇ ਪਾਉਣ ਵਾਲ਼ਾ ਹੈ। ਆਪਿ ਭੁੱਲਿਆ ਹੋਇਆ ਭੁੱਲਿਆਂ ਹੋਇਆਂ ਲੋਕਾਂ ਨੂੰ ਕਿਵੇਂ ਰਾਹੇ ਪਾ ਸਕਦਾ ਹੈ? ਦੇਖੋ ਪ੍ਰਮਾਣ ਗੁਰੂ ਭੁੱਲਿਆਂ ਨੂੰ ਸਹੀ ਮਾਰਗ ਕਿਵੇਂ ਦਿਖਾਉਂਦਾ ਹੈ:

ੳ). ਭੂਲੇ ਮਾਰਗਿ ਜਿਨਹਿ ਬਤਾਇਆ॥ ਐਸਾ ਗੁਰੁ ਵਡਭਾਗੀ ਪਾਇਆ॥--ਗਗਸ ਪੰਨਾਂ 803
ਅ). ਭੂਲਾ ਮਾਰਗਿ ਸਤਿਗੁਰਿ ਪਾਇਆ॥--ਗਗਸ ਪੰਨਾਂ 1075
ੲ). ਭੂਲੇ ਸਿਖ ਗੁਰੂ ਸਮਝਾਏ॥--ਗਗਸ ਪੰਨਾਂ 1032
ਸ). ਭੂਲੇ ਕਉ ਗੁਰਿ ਮਾਰਗਿ ਪਾਇਆ॥--ਗਗਸ ਪੰਨਾਂ 964

4. ਭੁੱਲਣ ਵਾਲ਼ੇ ਪ੍ਰਾਣੀ ਨੂੰ ਰੱਬ ਹੀ ਭੁਲਾਉਂਦਾ ਹੈ:

ਗੁਰੂ ਨੂੰ ਭੁੱਲਣਹਾਰਾ ਕਹਿਣ ਵਾਲ਼ਾ ਜੋ ਪ੍ਰਾਣੀ ਭੁੱਲ ਕਰਦਾ ਹੈ ਉਸ ਨੂੰ ਰੱਬ ਹੀ ਭੁਲਾਉਂਦਾ ਹੈ ਕਿਉਂਕਿ ਰੱਬ ਉਸ ਦੀ ਸਾਰੀ ਚੰਗਿਆਈ ਖੋਹ ਲੈਂਦਾ ਹੈ। ਜਿਸ ਨੂੰ ਰੱਬ ਸੋਝੀ ਬਖਸ਼ਦਾ ਹੈ ਓਹੀ ਸੱਚ ਨੂੰ ਬੁੱਝਦਾ ਹੈ। ਇਹ ਰੱਬ ਦੀ ਹੀ ਖੇਡ ਹੈ।ਦੇਖੋ ਪ੍ਰਮਾਣ:-

ੳ). ਕੋਈ ਜਾਣਿ ਨ ਭੂਲੇ ਭਾਈ ॥ ਸੋ ਭੂਲੇ ਜਿਸੁ ਆਪਿ ਭੁਲਾਏ ਬੂਝੈ ਜਿਸੈ ਬੁਝਾਈ॥ ਨੋਟ: ਬੁਝਾਈ ਸ਼ਬਦ ਦਾ ਪਾਠ ਬੁੱਝਾਈ ਹੈ।
ਅ). ਜਿਸ ਨੋ ਆਪਿ ਖੁਆਏ ਕਰਤਾ ਖੁਸਿ ਲਏ ਚੰਗਿਆਈ॥--ਗਗਸ ਪੰਨਾਂ 417   ਖੁਸਿ ਲਏ- ਖੋਹ ਲੈਂਦਾ ਹੈ।
ੲ). ਗੁਰੂ ਨੂੰ ਭੁੱਲਣਹਾਰਾ ਕਹਿਣ ਵਾਲ਼ੇ ਨਿੰਦਕ ਨੂੰ ਖ਼ੁਦ ਰੱਬ ਵਲੋਂ ਹੀ ਠੇਡਾ ਲੱਗਾ ਹੁੰਦਾ ਹੈ, ਜਿਵੇਂ:-
ਪਉੜੀ ੫ ॥ ਨਾਰਾਇਿਣ ਲਇਆ ਨਾਠੂੰਗੜਾ ਪੈਰ ਕਿਥੈ ਰਖੈ ॥ ਕਰਦਾ ਪਾਪ ਅਮਿਤਿਆ ਨਿਤ ਵਿਸੋ ਚਖੈ ॥ ਨਿੰਦਾ ਕਰਦਾ ਪਚਿ ਮੁਆ ਵਿਚਿ ਦੇਹੀ ਭਖੈ ॥ ਸਚੈ ਸਾਹਿਬਿ ਮਾਰਿਆ ਕਉਣੁ ਤਿਸ ਨੋ ਰਖੈ ॥ ਨਾਨਕ ਤਿਸੁ ਸਰਣਾਗਤੀ ਜੋ ਪੁਰਖੁ ਅਲਖੈ ॥੨੮॥ {ਪੰਨਾ 315}

ਪਦਅਰਥ:- ਨਾਰਾਇਣਿ-ਨਾਰਾਇਣ ਤੋਂ । ਨਾਠੂੰਗੜਾ-ਠੇਡਾ, ਨੱਠਣ ਲਈ ਧੱਕਾ । ਅਮਿਤਿਆ-ਬੇਅੰਤ । ਵਿਸੋ-ਵਿਹੁ (ਜ਼ਹਰ) ਹੀ । ਭਖੈ-ਚੱਖਦਾ ਹੈ । ਅਲਖੈ-ਅਲੱਖ, ਅਦ੍ਰਿਸ਼ਟ ।

ਅਰਥ:- ਜਿਸ ਮਨੁੱਖ ਨੂੰ ਰੱਬ ਵਲੋਂ ਹੀ ਠੇਡਾ ਵੱਜੇ, ਉਹ (ਜ਼ਿੰਦਗੀ ਦੇ ਸਹੀ ਰਾਹ ਤੇ) ਟਿਕ ਨਹੀਂ ਸਕਦਾ । ਉਹ ਬੇਅੰਤ ਪਾਪ ਕਰਦਾ ਰਹਿੰਦਾ ਹੈ, ਸਦਾ (ਵਿਕਾਰਾਂ ਦੀ) ਵਿਹੁ ਹੀ ਚੱਖਦਾ ਹੈ (ਭਾਵ, ਉਸ ਨੂੰ ਵਿਕਾਰਾਂ ਦਾ ਚਸਕਾ ਪਿਆ ਰਹਿੰਦਾ ਹੈ) । ਦੂਜਿਆਂ ਦੇ ਐਬ ਢੂੰਢ ਢੂੰਢ ਕੇ ਖ਼ੁਆਰ ਹੁੰਦਾ ਹੈ ਤੇ ਆਪਣੇ ਆਪ ਵਿਚ ਸੜਦਾ ਹੈ । ਉਹ (ਸਮਝੋ) ਸੱਚੇ ਪਰਮਾਤਮਾ ਵਲੋਂ ਮਾਰਿਆ ਹੋਇਆ ਹੈ, ਕੋਈ ਉਸ ਦੀ ਸਹਾਇਤਾ ਨਹੀਂ ਕਰ ਸਕਦਾ । ਹੇ ਨਾਨਕ! (ਇਸ ਵਿਹੁ ਤੋਂ ਬਚਣ ਲਈ) ਉਸ ਅਕਾਲ ਪੁਰਖ ਦੀ ਸ਼ਰਨ ਪਉ ਜੋ ਅਲੱਖ ਹੈ ।28। ਨੋਟ: ਪਉੜੀ 5॥ ਦਾ ਪਾਠ ਹੈ- ਪਉੜੀ ਮਹਲਾ ਪੰਜਵਾਂ।

5. ਸਪੱਸ਼ਟ ਹੈ ਕਿ ਨਾ ਗੁਰੂ ਭੁੱਲਦਾ ਹੈ ਨਾ ਕਰਤਾਰ। ਅਸਲ ਵਿੱਚ ਗੁਰੂ ਅਤੇ ਕਰਤਾਰ ਵਿੱਚ ਅਧਿਆਤਮਕ ਗੁਣਾਂ ਅਤੇ ਉਪਦੇਸ਼ ਕਰਕੇ ਕੋਈ ਭੇਦ ਨਹੀਂ ਹੈ। ਗੁਰੂ ਰੱਬ ਵਰਗਾ ਹੀ ਹੁੰਦਾ ਹੈ। ਗੁਰੂ ਰਚਿਤ ਗੁਰਬਾਣੀ ਦਾ ਉਪਦੇਸ਼ ਖਸਮ ਕੀ ਬਾਣੀ ਦਾ ਹੀ ਉਪਦੇਸ਼ ਹੈ। ਜੇ ਰੱਬ ਨਹੀਂ ਭੁੱਲਦਾ ਤਾਂ ਗੁਰੂ ਵੀ ਨਹੀਂ ਭੁੱਲਦਾ। ਗੁਰਬਾਣੀ ਵਿੱਚ ਇਸ ਸੰਬੰਧੀ, ਕਿ ਰੱਬ ਅਤੇ ਗੁਰੂ ਵਿੱਚ ਭੇਦ ਨਹੀਂ, ਕੁੱਝ ਪਰਮਾਣ ਇਉਂ ਹਨ:-

ੳ). ਗੁਰੁ ਪਰਮੇਸਰੁ ਏਕੋ ਜਾਣੁ॥--ਗਗਸ ਪੰਨਾਂ 864
ਅ). ਗੁਰੁ ਪਰਮੇਸਰੁ ਹੈ ਭੀ ਹੋਗੁ॥--ਗਗਸ ਪੰਨਾਂ 864
ੲ). ਗੁਰੁ ਪਰਮੇਸਰੁ ਗੁਰੁ ਗੋਬਿੰਦੁ॥--ਗਗਸ ਪੰਨਾਂ 1080 ਅਤੇ 897
ਸ). ਗੁਰੁ ਪਾਰਬ੍ਰਹਮੁ ਸਦਾ ਨਮਸਕਾਰਉ॥--ਗਗਸ ਪੰਨਾਂ 864
ਹ). ਗੁਰੁ ਪਾਰਬ੍ਰਹਮੁ ਪਰਮੇਸਰੁ ਆਪਿ॥--ਗਗਸ ਪੰਨਾਂ 387
ਕ). ਨਾਨਕ ਸੋਧੇ ਸਿਮ੍ਰਿਤਿ ਬੇਦ॥ ਪਾਰਬ੍ਰਹਮ ਗੁਰ ਨਾਹੀ ਭੇਦ॥--ਗਗਸ ਪੰਨਾਂ 1142
ਖ). ਸਗਲ ਕਲੇਸ ਨਿੰਦਕੁ ਭਇਆ ਖੇਦੁ॥ ਨਾਮੇ ਨਾਰਾਇਣ ਨਾਹੀ ਭੇਦੁ॥--ਗਗਸ ਪੰਨਾਂ 1166
ਗ). ਗੁਰਦੇਵ ਸਤਿਗੁਰੁ ਪਾਰਬ੍ਰਹਮੁ ਪਰਮੇਸਰੁ ਗੁਰਦੇਵ ਨਾਨਕ ਹਰਿ ਨਮਸਕਰਾ॥--ਗਗਸ ਪੰਨਾਂ 262
ਭਾਵ ਅਰਥ:- ਗੁਰੂ ਹੀ ਰੱਬ ਦਾ ਰੂਪ ਹੈ ਜਿਸ ਦੀ ਨਿੰਦਿਆ ਛੱਡ ਕੇ ਉਸ ਨੂੰ ਨਮਸਕਾਰ ਕਰਨੀ ਹੀ ਬਣਦੀ ਹੈ।
ਘ). ਗੁਰਦੇਵ ਕਰਤਾ ਸਭਿ ਪਾਪ ਹਰਤਾ ਗੁਰਦੇਵ ਪਤਿਤ ਪਵਿਤ ਕਰਾ॥--ਗਗਸ ਪੰਨਾਂ 262
ਨੋਟ: ਗੁਰਦੇਵ ਸ਼ਬਦ ਉਕਾਰਾਂਤ ਨਹੀਂ ਲਿਖਿਆ ਕਿਉਂਕਿ ਇਸ ਦੇ ਨਾਲ਼ ਹੀ ਸ਼ਬਦ ਜੁੜਨਾ ਹੈ। ਅਰਥ- ਗੁਰੂ ਹੀ।
ਙ). ਪਾਰਬ੍ਰਹਮ ਗੁਰਦੇਵ ਸਦਾ ਹਜੂਰੀਐ॥--ਗਗਸ ਪੰਨਾਂ 709
ਚ). ਗੁਰ ਕੀ ਮਹਿਮਾ ਕਿਆ ਕਹਾ ਗੁਰੁ ਬਿਬੇਕ ਸਤ ਸਰੁ॥ ਓਹੁ ਆਦਿ ਜੁਗਾਦੀ ਜੁਗਹੁ ਜੁਗੁ ਪੂਰਾ ਪਰਮੇਸਰੁ॥
ਛ). ਆਪਿ ਨਾਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ॥ ਨਿਰੰਕਾਰਿ ਆਕਾਰੁ ਜੋਤਿ ਜਗ ਮੰਡਲਿ ਕਰਿਯਉ ॥ --ਗਗਸ ਪੰਨਾ 1395
ਪਦ ਅਰਥ:- ਕਲਾ ਧਾਰਿ-ਸੱਤਿਆ ਰਚ ਕੇ । ਜਗ ਮਹਿ-ਜਗਤ ਵਿਚ । ਪਰਵਰਿਯਉ-ਪ੍ਰਵਿਰਤ ਹੋਇਆ ਹੈ । ਨਿਰੰਕਾਰਿ-ਨਿਰੰਕਾਰ ਨੇ । ਆਕਾਰੁ-ਅਕਾਰ ਰੂਪ ਹੋ ਕੇ, ਸਰੂਪ ਧਾਰ ਕੇ । ਜਗ ਮੰਡਲਿ-ਜਗਤ ਦੇ ਮੰਡਲ ਵਿਚ । ਜੋਤਿ ਕਰਿਯਉ-ਜੋਤਿ ਪ੍ਰਗਟਾਈ ਹੈ ।
ਅਰਥ:- (ਗੁਰੂ ਅਮਰਦਾਸ) ਆਪ ਹੀ ਨਰਾਇਣ-ਰੂਪ ਹੈ, ਜੋ ਆਪਣੀ ਸੱਤਾ ਰਚ ਕੇ ਜਗਤ ਵਿਚ ਪ੍ਰਵਿਰਤ ਹੋਇਆ ਹੈ । ਨਿਰੰਕਾਰ ਨੇ (ਗੁਰੂ ਅਮਰਦਾਸ ਜੀ ਦਾ) ਅਕਾਰ-ਰੂਪ ਹੋ ਕੇ (ਰੂਪ ਧਾਰ ਕੇ) ਜਗਤ ਵਿਚ ਜੋਤਿ ਪ੍ਰਗਟਾਈ ਹੈ ।
ਜ). ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ॥--ਗਗਸ ਪੰਨਾਂ 968
ਭਾਵ ਅਰਥ:- ਰੱਬ ਨੇ ਧੰਨੁ ਗੁਰੂ ਰਾਮਦਾਸ ਜੀ ਅੰਦਰਿ ਆਪਣੇ ਆਪਿ ਨੂੰ ਟਿਕਾ ਲਿਆ ਹੈ ਜੋ ਪੂਰੀ ਕਰਾਮਾਤਿ ਹੀ ਹੈ।
ਝ). ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ ਹਰਿ ਕਰਤਾ ਆਪਿ ਮੁਹਹੁ ਕਢਾਏ ॥ ਗੁਰਸਿਖਾ ਕੇ ਮੁਹ ਉਜਲੇ ਕਰੇ ਹਰਿ ਪਿਆਰਾ ਗੁਰ ਕਾ ਜੈਕਾਰੁ ਸੰਸਾਰਿ ਸਭਤੁ ਕਰਾਏ॥--ਗਗਸ ਪੰਨਾਂ 308
ਞ). ਦੂਜਾ ਨਾਹੀ ਜਾਨੈ ਕੋਇ॥ ਸਤਗੁਰੁ ਨਿਰੰਜਨੁ ਸੋਇ॥ ਮਾਨੁਖ ਕਾ ਕਰਿ ਰੂਪੁ ਨ ਜਾਨੁ॥ ਮਿਲੀ ਨਿਮਾਨੇ ਮਾਨੁ॥--ਗਗਸ ਪੰਨਾਂ 895
ਭਾਵ ਅਰਥ:- ਗੁਰੂ ਨੂੰ ਨਿਰਾ ਮਨੁੱਖ ਦਾ ਰੂਪ ਨਾ ਸਮਝ, ਗੁਰੂ ਤਾਂ ਰੱਬ ਦਾ ਹੀ ਰੂਪ ਹੈ। ਜੇ ਰੱਬ ਨਹੀਂ ਭੁੱਲਦਾ ਤਾਂ ਗੁਰੂ ਵੀ ਨਹੀਂ ਭੁੱਲਦਾ।

6. ਗੁਰੂ ਦੇ ਨਿੰਦਕਾਂ ਦੀ ਦਸ਼ਾ:

ਸੱਤਵੇਂ ਪਾਤਿਸ਼ਾਹ ਨੂੰ ਭੁੱਲਣਹਾਰਾ ਕਹਿ ਕੇ ਉਨ੍ਹਾਂ ਦੀ ਨਿੰਦਾ ਕਰਨ ਵਾਲ਼ੇ ਸੱਜਣ ਹੇਠ ਲਿਖੇ ਅੰਮ੍ਰਿਤ ਬੋਲ ਜ਼ਰੂਰ ਵਿਚਾਰਨ ਅਤੇ ਸੋਚਣ ਕਿ ਇਹ ਉਨ੍ਹਾਂ ਪ੍ਰਤੀ ਲਾਗੂ ਤਾਂ ਨਹੀਂ ਹੁੰਦੇ?

ੳ). ਅਵਖਧ ਸਭੇ ਕੀਤੀਅਨੁ ਨਿੰਦਕ ਕਾ ਦਾਰੂ ਨਾਹਿ॥ ਆਪਿ ਭੁਲਾਏ ਨਾਨਕਾ ਪਚਿ ਪਚਿ ਜੋਨੀ ਪਾਹਿ॥
ਪਦ ਅਰਥ:- ਅਵਖਧ-ਦਵਾਈਆਂ, ਦਾਰੂ । ਕੀਤੀਅਨੁ-ਕੀਤੇ ਹਨ ਉਸ ਪ੍ਰਭੂ ਨੇ । ਪਾਹਿ-ਪੈਂਦੇ ਹਨ ।
ਅਰਥ:- ਸਾਰੇ ਰੋਗਾਂ ਦੇ ਦਾਰੂ ਉਸ ਪ੍ਰਭੂ ਨੇ ਬਣਾਏ ਹਨ (ਭਾਵ, ਹੋ ਸਕਦੇ ਹਨ), ਪਰ ਨਿੰਦਕਾਂ (ਦੇ ਨਿੰਦਾ-ਰੋਗ ਦਾ ਸਤਿਗੁਰੂ ਦੀ ਮੁੜ ਸ਼ਰਨ ਵਿੱਚ ਆਉਣ ਤੋਂ ਬਿਨਾਂ) ਕੋਈ ਇਲਾਜ ਨਹੀਂ । ਹੇ ਨਾਨਕ! ਪ੍ਰਭੂ ਨੇ ਆਪ ਉਹ ਭੁਲੇਖੇ ਵਿਚ ਪਾਏ ਹੋਏ ਹਨ (ਇਸ ਆਪਣੇ ਕੀਤੇ ਦੇ ਅਨੁਸਾਰ) ਨਿੰਦਕ ਖਪ ਖਪ ਕੇ ਜੂਨੀਆਂ ਵਿਚ ਪੈਂਦੇ ਹਨ ।2। --ਗਗਸ ਪੰਨਾਂ 315

ਅ). ਮਹਾ ਪੁਰਖਾ ਕੀ ਨਿੰਦਾ ਕਾ ਵੇਖੁ ਜਿ ਤਪੇ ਨੋ ਫਲੁ ਲਗਾ ਸਭੁ ਗਇਆ ਤਪੇ ਕਾ ਘਾਲਿਆ ॥ ਬਾਹਰਿ ਬਹੈ ਪੰਚਾ ਵਿਚਿ ਤਪਾ ਸਦਾਏ ॥ ਅੰਦਿਰ ਬਹੈ ਤਪਾ ਪਾਪ ਕਮਾਏ ॥ ਹਰਿ ਅੰਦਰਲਾ ਪਾਪੁ ਪੰਚਾ ਨੋ ਉਘਾ ਕਰਿ ਵੇਖਾਲਿਆ ॥ --ਪੰਨਾ 315-316

ੲ). ਸਲੋਕ ਮ:4 ॥ ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਸੁ ਅਉਖਾ ਜਗ ਮਹਿ ਹੋਇਆ ॥ ਨਰਕ ਘੋਰੁ ਦੁਖ ਖੂਹੁ ਹੈ ਓਥੈ ਪਕੜਿ ਓਹੁ ਢੋਇਆ ॥ ਕੂਕ ਪੁਕਾਰ ਕੋ ਨ ਸੁਣੇ ਓਹੁ ਅਉਖਾ ਹੋਇ ਹੋਇ ਰੋਇਆ ॥ਓਨਿ ਹਲਤੁ ਪਲਤੁ ਸਭੁ ਗਵਾਇਆ ਲਾਹਾ ਮੂਲੁ ਸਭੁ ਖੋਇਆ ॥ ਓਹੁ ਤੇਲੀ ਸੰਦਾ ਬਲਦੁ ਕਰਿ ਨਿਤ ਭਲਕੇ ਉਠਿ ਪ੍ਰਭਿ ਜੋਇਆ ॥ ਹਰਿ ਵੇਖੈ ਸੁਣੈ ਨਿਤ ਸਭੁ ਕਿਛੁ ਤਿਦੂ ਕਿਛੁ ਗੁਝਾ ਨ ਹੋਇਆ ॥ ਜੈਸਾ ਬੀਜੇ ਸੋ ਲੁਣੈ ਜੇਹਾ ਪੁਰਬਿ ਕਿਨੈ ਬੋਇਆ ॥ ਜਿਸੁ ਕਿਰਪਾ ਕਰੇ ਪ੍ਰਭੁ ਆਪਣੀ ਤਿਸੁ ਸਤਿਗੁਰ ਕੇ ਚਰਣ ਧੋਇਆ ॥ ਗੁਰ ਸਤਿਗੁਰ ਪਿਛੈ ਤਰਿ ਗਇਆ ਜਿਉ ਲੋਹਾ ਕਾਠ ਸੰਗੋਇਆ ॥ ਜਨ ਨਾਨਕ ਨਾਮੁ ਧਿਆਇ ਤੂ ਜਪਿ ਹਰਿ ਹਰਿ ਨਾਮਿ ਸੁਖੁ ਹੋਇਆ ॥1॥--ਗਗਸ ਪੰਨਾਂ 309

ਸ). ਆਪਣਿਆ ਭਗਤਾ ਕੀ ਰਖ ਕਰੇ ਹਰਿ ਸੁਆਮੀ ਨਿੰਦਕਾ ਦੁਸਟਾ ਕੇ ਮੁਹ ਕਾਲੇ ਕਰਾਏ ॥ ਸਤਿਗੁਰ ਕੀ ਵਡਿਆਈ ਨਿਤ ਚੜੈ ਸਵਾਈ ਹਰਿ ਕੀਰਤਿ ਭਗਤਿ ਨਿਤ ਆਪਿ ਕਰਾਏ ॥--ਗਗਸ ਪੰਨਾਂ 308

ਹ). ਮ: 4॥ ਹੋਦੈ ਪਰਤਖਿ ਗੁਰੂ ਜੋ ਵਿਛੁੜੇ ਤਿਨ ਕਉ ਦਰਿ ਢੋਈ ਨਾਹੀ ॥ ਕੋਈ ਜਾਇ ਮਿਲੈ ਤਿਨ ਨਿੰਦਕਾ ਮੁਹ ਫਿਕੇ ਥੁਕ ਥੁਕ ਮੁਹਿ ਪਾਹੀ ॥ ਜੋ ਸਤਿਗੁਰਿ ਫਿਟਕੇ ਸੇ ਸਭ ਜਗਤਿ ਫਿਟਕੇ ਨਿਤ ਭੰਭਲ ਭੂਸੇ ਖਾਹੀ ॥ ਜਿਨ ਗੁਰੁ ਗੋਪਿਆ ਆਪਣਾ ਸੇ ਲੈਦੇ ਢਹਾ ਫਿਰਾਹੀ ॥ ਤਿਨ ਕੀ ਭੁਖ ਕਦੇ ਨ ਉਤਰੈ ਨਿਤ ਭੁਖਾ ਭੁਖ ਕੂਕਾਹੀ ॥ ਓਨਾ ਦਾ ਆਖਿਆ ਕੋ ਨਾ ਸੁਣੈ ਨਿਤ ਹਉਲੇ ਹਉਲਿ ਮਰਾਹੀ ॥ ਸਤਿਗੁਰ ਕੀ ਵਡਿਆਈ ਵੇਖਿ ਨ ਸਕਨੀ ਓਨਾ ਅਗੈ ਪਿਛੈ ਥਾਉ ਨਾਹੀ ॥ ਜੋ ਸਤਿਗੁਰਿ ਮਾਰੇ ਤਿਨ ਜਾਇ ਮਿਲਹਿ ਰਹਦੀ ਖੁਹਦੀ ਸਭ ਪਤਿ ਗਵਾਹੀ ॥ ਓਇ ਅਗੈ ਕੁਸਟੀ ਗੁਰ ਕੇ ਫਿਟਕੇ ਜਿ ਓਸੁ ਮਿਲੈ ਤਿਸੁ ਕੁਸਟੁ ਉਠਾਹੀ॥

ਕ). ਕੋਈ ਨਿੰਦਾ ਕਰੇ ਪੂਰੇ ਸਤਿਗੁਰੂ ਕੀ ਤਿਸ ਨੋ ਫਿਟੁ ਫਿਟੁ ਕਹੈ ਸਭੁ ਸੰਸਾਰੁ॥ ਸਤਿਗੁਰ ਵਿਚਿ ਆਪਿ ਵਰਤਦਾ ਹਰਿ ਆਪੇ ਰਖਣਹਾਰੁ॥--ਗਗਸ ਪੰਨਾਂ 302
ਗੁਰੂ ਵਿੱਚ ਰੱਬ ਆਪਿ ਵਰਤਦਾ ਹੈ ਇਸ ਲਈ ਗੁਰੂ ਭੁੱਲਣਹਾਰ ਨਹੀਂ ਕਿਉਂਕਿ ਰੱਬ ਭੁੱਲਣਹਾਰ ਨਹੀਂ।

ਖ). ਕੋਈ ਵਿਛੁੜਿ ਜਾਇ ਸਤਿਗੁਰੁ ਪਾਸੋ ਤਿਸੁ ਕਾਲਾ ਮੁਹੁ ਜਮਿ ਮਾਰਿਆ॥

ਗ). ਮਨ ਵਿੱਚ ਖੋਟ ਰੱਖਣ ਵਾਲ਼ਿਆਂ ਦਾ ਕੰਮ ਸਦਾ ਖੋਟ ਕਮਾਉਣਾ ਹੀ ਹੁੰਦਾ ਹੈ, ਯਥਾ:-
ਇਕਨਾ ਅੰਦਰਿ ਖੋਟੁ ਨਿਤ ਖੋਟੁ ਕਮਾਵਹਿ ਓਹੁ ਜੇਹਾ ਬੀਜੇ ਤੇਹਾ ਫਲੁ ਖਾਏ ॥ ਜਾ ਸਤਿਗੁਰੁ ਸਰਾਫੁ ਨਦਰਿ ਕਰਿ ਦੇਖੈ ਸੁਆਵਗੀਰ ਸਭਿ ਉਘੜਿ ਆਏ ॥ ਓਇ ਜੇਹਾ ਚਿਤਵਹਿ ਨਿਤ ਤੇਹਾ ਪਾਇਨਿ ਓਇ ਤੇਹੋ ਜੇਹੇ ਦਯਿ ਵਜਾਏ ॥ ਨਾਨਕ ਦੁਹੀ ਸਿਰੀ ਖਸਮੁ ਆਪੇ ਵਰਤੈ ਨਿਤ ਕਰਿ ਕਰਿ ਦੇਖੈ ਚਲਤ ਸਬਾਏ ॥1॥

ਘ). ਜਿਨਿ ਗੁਰੁ ਗੋਪਿਆ ਆਪਣਾ ਤਿਸੁ ਠਉੇਰ ਨ ਠਾਉ॥ ਹਲਤੁ ਪਲਤੁ ਦੋਵੈ ਗਏ ਦਰਗਹ ਨਾਹੀ ਥਾਉ॥ ਓਹ ਵੇਲਾ ਹਥਿ ਨ ਆਵਈ ਫਿਰਿ ਸਤਿਗੁਰ ਲਗਹਿ ਪਾਇ॥ ਸਤਿਗੁਰ ਕੀ ਗਣਤੈ ਘੁਸੀਐ ਦੁਖੇ ਦੇਖਿ ਵਿਹਾਇ॥--ਗਗਸ ਪੰਨਾਂ 314     ਗੋਪਿਆ- ਨਿੰਦਿਆ ਕੀਤੀ। ਗਣਤੈ- ਨਿੰਦਾ ਕਰਨ ਨਾਲ਼। ਘੁਸੀਐ- ਸਹੀ ਰਾਹ ਤੋਂ ਖੁੰਝਣਾ।

ਙ). ਸਤਿਗੁਰ ਸੇਤੀ ਗਣਤ ਜਿ ਰਖੈ ਹਲਤੁ ਪਲਤੁ ਸਭੁ ਤਿਸ ਕਾ ਗਇਆ॥ ਨਿਤ ਝਹੀਆ ਪਾਏ ਝਗੂ ਸੁਟੈ ਝਖਦਾ ਝਖਦਾ ਝੜਿ ਪਇਆ॥--ਗਗਸ ਪੰਨਾਂ 307

ਚ). ਸਤਿਗੁਰ ਕੀ ਪਰਤੀਤਿ ਨ ਆਈਆ ਸਬਦਿ ਨ ਲਾਗੋ ਭਾਉ॥ ਓਸ ਨੋ ਸੁਖੁ ਨ ਉਪਜੈ ਭਾਵੈ ਸਉ ਗੇੜਾ ਆਵਉ ਜਾਉ॥--ਗਗਸ ਪੰਨਾਂ 157

ਛ). ਸਲੋਕ ਮਃ ੫ ॥ ਰਹਦੇ ਖੁਹਦੇ ਨਿੰਦਕ ਮਾਰਿਅਨੁ ਕਰਿ ਆਪੇ ਆਹਰੁ॥ ਸੰਤ ਸਹਾਈ ਨਾਨਕਾ ਵਰਤੈ ਸਭ ਜਾਹਰੁ॥੧॥ {ਪੰਨਾ 315}

ਗੁਰੂ ਨਿੰਦਕ ਦਾ ਭਲਾ ਕਿੱਸ ਵਿੱਚ ਹੈ?

ਕਹਿੰਦੇ ਹਨ ਡੁਲ੍ਹੇ ਬੇਰਾਂ ਦਾ ਕੁੱਝ ਨਹੀਂ ਵਿਗੜਦਾ। ਨਿੰਦਕ ਲਈ ਇੱਕ ਮੌਕਾ ਹੈ ਕਿ ਉਹ ਆਪਣੀ ਵਿਗੜੀ ਹੋਈ ਮੁੜ ਸਵਾਰ ਲਵੇ। ਉਹ ਮੌਕਾ ਹੈ ਸਤਿਗੁਰ ਦੀ ਮੁੜ ਸ਼ਰਣ ਵਿੱਚ ਆ ਜਾਣਾ, ਯਥਾ:-

ਪਉੜੀ ॥ ਕੋਈ ਨਿੰਦਕੁ ਹੋਵੈ ਸਤਿਗੁਰੂ ਕਾ ਫਿਰਿ ਸਰਣਿ ਗੁਰ ਆਵੈ ॥ ਪਿਛਲੇ ਗੁਨਹ ਸਤਿਗੁਰੁ ਬਖਸਿ ਲਏ ਸਤਸੰਗਤਿ ਨਾਲਿ ਰਲਾਵੈ ॥ ਜਿਉ ਮੀਹਿ ਵੁਠੈ ਗਲੀਆ ਨਾਲਿਆ ਟੋਭਿਆ ਕਾ ਜਲੁ ਜਾਇ ਪਵੈ ਵਿਚਿ ਸੁਰਸਰੀ ਸੁਰਸਰੀ ਮਿਲਤ ਪਵਿਤ ਪਾਵਨੁ ਹੋਇ ਜਾਵੈ ॥ ਏਹ ਵਡਿਆਈ ਸਤਿਗੁਰ ਨਿਰਵੈਰ ਵਿਚਿ ਜਿਤੁ ਮਿਲਿਐ ਤਿਸਨਾ ਭੁਖ ਉਤਰੈ ਹਰਿ ਸਾਂਤਿ ਤੜ ਆਵੈ ॥ ਨਾਨਕ ਇਹੁ ਅਚਰਜੁ ਦੇਖਹੁ ਮੇਰੇ ਹਰਿ ਸਚੇ ਸਾਹ ਕਾ ਜਿ ਸਤਿਗੁਰੂ ਨੋ ਮੰਨੈ ਸੁ ਸਭਨਾਂ ਭਾਵੈ॥13॥1॥ ਸੁਧੁ ॥--ਗਗਸ ਪੰਨਾਂ 855

ਸਤਿਗੁਰੂ ਹਰਿਰਾਇ ਸਾਹਿਬ ਅਤੇ ਰਾਮਰਾਇ:

ਗੁਰ-ਗੱਦੀ ਦੇ ਵਾਰਿਸ ਲਈ ਗੁਰੂ ਪਾਤਿਸ਼ਾਹਾਂ ਵਲੋਂ ਹੀ ਪਰਖ ਹੁੰਦੀ ਆਈ ਹੈ। ਸਤਿਗੁਰੂ ਨੂੰ ਸੱਭ ਪਤਾ ਹੁੰਦਾ ਸੀ ਕਿ ਗੁਰਗੱਦੀ ਦਾ ਅਸਲੀ ਵਾਰਿਸ ਕੌਣ ਹੈ। ਪਰਖ ਲੈਣ ਦਾ ਮਕਸਦ ਹੁੰਦਾ ਸੀ ਕਿ ਸਿੱਖੀ ਦੇ ਦੁਸਮਣਾ ਨੂੰ ਵੀ ਪਤਾ ਲੱਗ ਜਾਵੇ ਕਿ ਗੁਰਗੱਦੀ ਲੈਣ ਵਾਲ਼ੇ ਵਿੱਚ ਕੀ ਗੁਣ ਹੁੰਦੇ ਹਨ। ਇਹ ਪਰਖ ਇਸ ਲਈ ਸੀ ਕਿ ਸਿੱਖੀ ਦਾ ਵਿਰੋਧ ਕਰਨ ਵਾਲ਼ੇ ਮਨਮੱਤੀਏ ਭੋਲ਼ੇ ਭਾਲ਼ੇ ਸਿੱਖਾਂ ਨੂੰ ਇਹ ਕਹਿ ਕੇ ਗੁਮਰਾਹ ਨਾ ਕਰ ਸਕਣ ਕਿ ਅਮਕਾ ਤਾਂ ਗੁਰਗੱਦੀ ਦਾ ਹੱਕ ਰੱਖਦਾ ਸੀ ਪਰ ਗੁਰੂ ਜੀ ਨੇ ਕਿਸੇ ਹੋਰ ਨੂੰ ਗੁਰਗੱਦੀ ਦੇ ਦਿੱਤੀ। ਵਿਰੋਧੀਆਂ ਦੁਆਰਾ ਅਜਿਹੀ ਲੜਾਈ ਤੋਂ ਸਿੱਖਾਂ ਨੂੰ ਬਚਾਉਣ ਲਈ ਹੀ ਸੱਭ ਦੇ ਸਾਮ੍ਹਣੇ ਇਹ ਪਰਖ ਹੁੰਦੀ ਸੀ। ਸਤਿਗੁਰੂ ਹਰਿਰਾਇ ਸਾਹਿਬ ਨੂੰ ਆਪਣੇ ਪੁੱਤਰ ਰਾਮਰਾਇ ਦੀ ਰਗ-ਰਗ ਦਾ ਪਤਾ ਸੀ ਪਰ ਉਨ੍ਹਾਂ ਨੇ ਰਾਮਰਾਇ ਨੂੰ ਔਰੰਗਜ਼ੇਬ ਪਾਸ ਇਸ ਲਈ ਭੇਜਿਆ ਕਿ ਸੱਭ ਨੂੰ ਰਾਮਰਾਇ ਦੀ ਮਨ ਦੀ ਹਾਲਤ ਦੀ ਅਸਲੀਅਤ ਦਾ ਪਤਾ ਲੱਗ ਜਾਵੇ ਕਿ ਉਹ ਗੁਰਗੱਦੀ ਦੇ ਯੋਗ ਹਨ ਕਿ ਨਹੀਂ।

ਲੋਕਾਂ ਨੇ ਦੇਖਿਆ ਕਿ ਰਾਮਰਾਇ ਨੇ ਗੁਰਬਾਣੀ ਦੀ ਇੱਕ ਤੁਕ ਬਦਲ ਦਿੱਤੀ। ਮਿਟੀ ਮੁਸਲਮਾਨ ਕੀ ਦੀ ਥਾਂ ਮਿਟੀ ਬੇਈਮਾਨ ਕੀ ਕਹਿ ਦਿੱਤਾ। ਇਹ ਵੀ ਲਿਖਿਆ ਮਿਲ਼ਦਾ ਹੈ ਕਿ ਰਾਮਰਾਇ ਨੇ ਕਈ ਕਰਾਮਾਤਾਂ ਵੀ ਦਿਖਾਈਆਂ। ਡਾਕਟਰ ਹਰਜਿੰਦਰ ਸਿੰਘ ਦਿਲਗੀਰ, ਪ੍ਰਸਿੱਧ ਇਤਿਹਾਸਕਾਰ, ਅਨੁਸਾਰ ਭੱਟ ਵਹੀਆਂ ਦੇਖੀਆਂ ਜਾਣ ਤਾਂ ਓਥੇ ਮਿਟੀ ਬੇਈਮਾਨ ਮੁਸਲਮਾਨ ਕੀ ਲਿਖਿਆ ਮਿਲ਼ਦਾ ਹੈ, ਦੋਹਾਂ ਹਾਲਤਾਂ ਵਿੱਚ ਤੁਕ ਬਦਲੀ ਦਾ ਸੰਕੇਤ ਜ਼ਰੂਰ ਹੈ। ਪ੍ਰੋ. ਸਾਹਿਬ ਸਿੰਘ ਅਨੁਸਾਰ ਇਹ ਘਟਨਾ ਫਰਬਰੀ ਸੰਨ 1660 ਦੇ ਬਾਅਦ ਦੀ ਹੈ ਜਦੋਂ ਰਾਮਰਾਇ ਅਜੇ 13-14 ਸਾਲਾਂ ਦੇ ਸਨ। ਰਾਮਰਾਇ ਅਤੇ ਹਰਿਕ੍ਰਿਸ਼ਨ ਦੋਹਾਂ ਭਰਾਵਾਂ ਦੀ ਉਮਰ ਵਿੱਚ 9 ਸਾਲਾਂ ਦਾ ਅੰਤਰ ਸੀ। ਸਤਿਗੁਰੂ ਜੀ ਨੂੰ ਘਟਨਾ ਦੀ ਪੂਰੀ ਖ਼ਬਰ ਮਿਲ਼ ਗਈ। ਸਿੱਖ ਵਿਰੋਧੀਆਂ ਅਤੇ ਸੰਗਤਾਂ ਨੇ ਦੇਖ ਲਿਆ ਕਿ ਬਾਦਿਸ਼ਾਹ ਨੂੰ ਖ਼ੁਸ਼ ਕਰਨ ਲਈ ਗੁਰਬਾਣੀ ਬਦਲਣ ਕਾਰਣ ਰਾਮਰਾਇ ਗੁਰਗੱਦੀ ਦੇ ਯੋਗ ਨਹੀਂ ਰਿਹਾ। 6 ਅਕਤੂਬਰ ਸੰਨ 1661 ਨੂੰ ਸਤਿਗੁਰੂ ਹਰਿਰਾਇ ਪਾਤਿਸ਼ਾਹ ਜੀ ਨੇ ਗੁਰਗੱਦੀ ਆਪਣੇ ਛੋਟੇ ਪੁੱਤ੍ਰ ਹਰਿਕ੍ਰਿਸ਼ਨ ਨੂੰ ਸੌਂਪ ਦਿੱਤੀ ਜੋ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਹੋ ਕੇ ਸਿੱਖਾਂ ਦੇ ਅੱਠਵੇਂ ਗੁਰੂ ਕਹਿਲਾਏ। ਉਧਰ ਸਿੱਖੀ ਵਿੱਚ ਫੁੱਟ ਨੂੰ ਉਤਸ਼ਾਹਤ ਕਰਨ ਲਈ ਬਾਦਿਸ਼ਾਹ ਨੇ ਦੂਨ ਵਿੱਚ ਰਾਮਰਾਇ ਨੂੰ 4 ਪਿੰਡਾਂ ਦੀ ਜਾਗੀਰ ਦੇ ਕੇ ਨਿਵਾਜ਼ ਦਿੱਤਾ ਜਿਵੇਂ ਧੀਰ ਮੱਲ ਨੂੰ ਸ਼ਾਹ ਜਹਾਨ ਨੇ ਜਾਗੀਰ ਦੇ ਕੇ ਸਿੱਖ ਵਿਚਾਰਧਾਰਾ ਤੋਂ ਦੂਰ ਕਰ ਦਿੱਤਾ ਸੀ। ਸਿੱਖਾਂ ਦਾ, ਗੁਰੂ ਹਰਿਕ੍ਰਿਸ਼ਨ ਸਾਹਿਬ ਵਲ ਝੁਕਾਅ ਦੇਖ ਕੇ ਔਰੰਗਜ਼ੇਬ ਨੇ ਰਾਮਰਾਇ ਨੂੰ ਗੁਰਗੱਦੀ ਦਿਵਾਉਣ ਵਿੱਚ ਕੋਈ ਰੁਚੀ ਨਹੀਂ ਲਈ, ਭਾਵੇਂ ਰਾਮਰਾਇ ਦੇ ਸਮੱਰਥਕਾਂ ਨੇ ਬਾਦਿਸ਼ਾਹ ਨੂੰ ਅਜਿਹਾ ਕਰਨ ਵਿੱਚ ਮੱਦਦ ਦੀ ਗੁਹਾਰ ਲਗਾਈ ਸੀ।

ਗੁਰੂ ਦੇ ਹੁਕਮਾਂ ਅਤੇ ਕੀਤੇ ਫ਼ੈਸਲਿਆਂ ਉੱਤੇ ਕਿਸੇ ਨੂੰ ਵੀ ਕਿੰਤੂ ਪ੍ਰੰਤੂ ਕਰਨ ਦਾ ਕੋਈ ਅਧਿਕਾਰ ਨਹੀਂ ਬਣਦਾ। ਇਹ ਗੱਲ ਚੇਤੇ ਰੱਖਣੀ ਚਾਹੀਦੀ ਹੈ-

ਗੁਰਿ ਕਹਿਆ ਸਾ ਕਾਰ ਕਮਾਵਹੁ॥ ਗੁਰ ਕੀ ਕਰਣੀ ਕਾਹੇ ਧਾਵਹੁ॥ ਨਾਨਕ ਗੁਰਮਤਿ ਸਾਚਿ ਸਮਾਵਹੁ॥

ਗੁਰੂ ਪਰਮੇਸ਼ਰ ਨੂੰ ਭੁੱਲਣਹਾਰ ਕਹਿਣ ਵਾਲ਼ਿਆਂ ਨੂੰ ਜਨਤਕ ਤੌਰ 'ਤੇ ਮੁਆਫ਼ੀ ਮੰਗ ਲੈਣੀ ਚਾਹੀਦੀ ਹੈ ਅਤੇ ਚੱਲ ਰਹੇ ਵਿਵਾਦ ਦਾ, ਸ਼ਾਂਤੀ ਬਣਾਈ ਰੱਖਣ ਲਈ, ਇਹੀ ਇੱਕ ਸੱਭ ਤੋਂ ਵਧੀਆ ਹੱਲ ਹੈ, ਯਥਾ:-

ਕੋਈ ਨਿੰਦਕੁ ਹੋਵੈ ਸਤਿਗੁਰੂ ਕਾ ਫਿਰਿ ਸਰਣਿ ਗੁਰ ਆਵੈ॥
ਪਿਛਲੇ ਗੁਨਾਹ ਸਤਿਗੁਰੁ ਬਖਸਿ ਲਏ ਸਤਸੰਗਤਿ ਨਾਲਿ ਰਲਾਵੈ।

ਜਿਉ ਮੀਹਿ ਵੁਠੈ ਗਲੀਆ ਨਾਲਿਆ ਟੋਭਿਆ ਕਾ ਜਲੁ ਜਾਇ ਪਵੈ ਵਿਚਿ ਸੁਰਸਰੀ ਸੁਰਸਰੀ ਮਿਲਤ ਪਵਿਤ੍ਰੁ ਪਾਵਨੁ ਹੋਇ ਜਾਵੈ॥ ਏਹ ਵਡਿਆਈ ਸਤਿਗੁਰ ਨਿਰਵੈਰ ਵਿਚਿ ਜਿਤੁ ਮਿਲਿਐ ਤਿਸਨਾ ਭੁਖ ਉਤਰੈ ਹਰਿ ਸਾਂਤਿ ਤੜ ਆਵੈ॥ਨਾਨਕ ਇਹੁ ਅਚਰਜੁ ਦੇਖਹੁ ਮੇਰੇ ਹਰਿ ਸਚੇ ਸਾਹ ਕਾ ਜਿ ਸਤਿਗੁਰੂ ਨੋ ਮੰਨੈ ਸੁ ਸਭਨਾ ਭਾਵੈ॥13॥ਸੁਧੁ॥--ਗਗਸ ਪੰਨਾਂ 855
ਸੁਰਸਰੀ- ਗੰਗਾ ਨਦੀ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top