Share on Facebook

Main News Page

ਸਿੱਖ ਦੇ ਰੋਜ਼ਾਨਾ ਨਿੱਤ-ਨੇਮ ਦੀ ਰੂਪ ਰੇਖਾ ਕਿਵੇਂ ਬਣੀ ?
-: ਪ੍ਰੋ. ਕਸ਼ਮੀਰਾ ਸਿੰਘ ਯੂ.ਐਸ.ਏ.

ਧੰਨੁ ਗੁਰੂ ਨਾਨਕ ਪਾਤਿਸ਼ਾਹ ਨੇ ਸਿੱਖ ਦੇ ਰੋਜ਼ਾਨਾ ਨਿੱਤ-ਨੇਮ ਦੀ ਮੁੱਢਲੀ ਰੂਪ ਰੇਖਾ ਤਿਆਰ ਕਰ ਲਈ ਸੀ। ਇੱਸ ਰੂਪ ਰੇਖਾ ਵਾਲ਼ਾ ਨਿੱਤ-ਨੇਮ ਉਨ੍ਹਾਂ ਹੀ ਸਿੱਖਾਂ ਵਿੱਚ ਪ੍ਰਚੱਲਤ ਕੀਤਾ ਸੀ। ਇੱਸ ਨਿੱਤ-ਨੇਮ ਦੇ ਪ੍ਰਚੱਲਤ ਹੋਣ ਦੇ ਪ੍ਰਮਾਣ ਭਾਈ ਗੁਰਦਾਸ ਦੀਆਂ ਵਾਰਾਂ ਵਿੱਚੋਂ ਮਿਲ਼ ਜਾਂਦੇ ਹਨ। ਭਾਈ ਗੁਰਦਾਸ ਦੀ ਪਹਿਲੀ ਵਾਰ ਦੀ ਪਉੜੀ ਨੰਬਰ 38 ਤੋਂ ਪਤਾ ਲੱਗਦਾ ਹੈ ਕਿ ਉਦਾਸੀ ਬਾਣਾ ਉਤਾਰ ਕੇ ਧੰਨੁ ਗੁਰੂ ਨਾਨਕ ਪਾਤਿਸ਼ਾਹ ਜੀ ਨੇ ਕਰਤਾਰ ਪੁਰ ( ਪਾਕਿਸਤਾਨ ) ਵਿੱਚ ਸਿੱਖ ਦੇ ਰੋਜ਼ਾਨਾ ਨਿੱਤ-ਨੇਮ ਦੀ ਮਰਯਾਦਾ ਚਲਾ ਦਿੱਤੀ ਸੀ।

ਭਾਈ ਗੁਰਦਾਸ ਲਿਖਦੇ ਹਨ:-

ਬਾਬਾ ਆਇਆ ਕਰਤਾਰਪੁਰ ਭੇਖ ਉਦਾਸੀ ਸਗਲ ਉਤਾਰਾ॥ (1-38-1)
ਪਹਿਰ ਸੰਸਾਰੀ ਕਪੜੇ ਮੰਜੀ ਬੈਠ ਕੀਆ ਅਵਤਾਰਾ॥ (1-38-2)
ਉਲਟੀ ਗੰਗ ਵਹਾਈਓਨੁ ਗੁਰ ਅੰਗਦ ਸਿਰ ਉਪਰ ਧਾਰਾ॥ (1-38-3)
ਪੁਤੀਂ ਕੌਲ ਨ ਪਾਲਿਆ ਮਨ ਖੋਟੇ ਆਕੀ ਨਸਿਆਰਾ॥ (1-38-4)
ਬਾਣੀ ਮੁਖਹੁ ਉਚਾਰੀਐ ਹੋਇ ਰੁਸ਼ਨਾਈ ਮਿਟੈ ਅੰਧਾਰਾ॥ (1-38-5)
ਗਿਆਨ ਗੋਸ਼ਟ ਚਰਚਾ ਸਦਾ ਅਨਹਦ ਸ਼ਬਦ ਉਠੇ ਧੁਨਕਾਰਾ॥ (1-38-6)
ਸੋਦਰੁ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪੁ ਉਚਾਰਾ॥ (1-38-7)
ਗੁਰਮੁਖ ਭਾਰ ਅਥਰਬਣ ਧਾਰਾ ॥38॥ (1-38-8)

ਉਪਰੋਕਤ ਪਉੜੀ ਦੀ ਸੱਤਵੀਂ ਪੰਕਤੀਂ ਤੋਂ ਸਪੱਸ਼ਟ ਹੈ ਕਿ ਸਵੇਰੇ ਅੰਮ੍ਰਿਤ ਵੇਲੇ ‘ਜਪੁ’ ਜੀ ਦਾ ਪਾਠ ਹੁੰਦਾ ਸੀ ਅਤੇ ਸ਼ਾਮ ਨੂੰ ‘ਸੋ ਦਰੁ’ ਦਾ ਪਾਠ ਗਾ ਕੇ ਕੀਤਾ ਜਾਂਦਾ ਸੀ।

ਕੀ ‘ਸੋਹਿਲਾ’ ਵੀ ਰਾਤ ਨੂੰ ਸੌਂਣ ਸਮੇਂ ਪੜ੍ਹਿਆ ਜਾਂਦਾ ਸੀ? ਭਾਈ ਗੁਰਦਾਸ ਨੇ ਇੱਸ ਦਾ ਜ਼ਿਕਰ ਵਾਰ ਨੰ: 6 ਦੀ ਪਉੜੀ ਨੰ: 3 ਵਿੱਚ ਕਰ ਦਿੱਤਾ ਹੈ। ਭਾਈ ਗੁਰਦਾਸ ਜੀ ਲਿਖਦੇ ਹਨ:-

ਅੰਮ੍ਰਿਤ ਵੇਲੇ ਉਠ ਕੇ ਜਾਇ ਅੰਦਰ ਦਰਯਾਇ ਨ੍ਹਵੰਦੇ॥ (6-3-1)
ਸਹਜ ਸਮਾਧ ਅਗਾਧ ਵਿਚ ਇਕ ਮਨ ਹੋ ਗੁਰ ਜਾਪ ਜਪੰਦੇ॥ (6-3-2)
ਮਥੇ ਟਿਕੇ ਲਾਲ ਲਾਇ ਸਾਧ ਸੰਗਤ ਚਲ ਜਾਇ ਬਹੰਦੇ॥ (6-3-3)
ਸ਼ਬਦ ਸੁਰਤਿ ਲਿਵਲੀਨ ਹੋਇ ਸਤਿਗੁਰ ਬਾਣੀ ਗਾਵ ਸੁਨੰਦੇ॥ (6-3-4)
ਭਾਇ ਭਗਤ ਭੈ ਵਰਤਮਾਨ ਗੁਰ ਸੇਵਾ ਗੁਰ ਪੁਰਬ ਕਰੰਦੇ॥ (6-3-5)
ਸੰਝੈ ਸੋਦਰੁ ਗਾਵਣਾ ਮਨ ਮੇਲੀ ਕਰ ਮੇਲ ਮਿਲੰਦੇ॥ (6-3-6)
ਰਾਤੀ ਕੀਰਤਿ ਸੋਹਿਲਾ ਕਰਿ ਆਰਤੀ ਪਰਸਾਦ ਵੰਡੰਦੇ॥ (6-3-7)
ਗੁਰਮੁਖ ਸੁਖਫਲ ਪਿਰਮ ਚਖੰਦੇ ॥3॥ (6-3-8)

ਉਪਰੋਕਤ ਪਉੜੀ ਦੀਆਂ ਦੋ ਤੁਕਾਂ ਤੋਂ ਸ਼ਾਮ ਅਤੇ ਸੌਣ ਸਮੇਂ ਦੀਆਂ ਬਾਣੀਆਂ ਦਾ ਪਤਾ ਲੱਗਦਾ ਹੈ ਕਿ ਸ਼ਾਮ ਨੂੰ ‘ਸੋਦਰੁ’ ਗਾਇਆ ਜਾਂਦਾ ਸੀ ਅਤੇ ਰਾਤ ਨੂੰ ‘ਸੋਹਿਲਾ’ ਪੜ੍ਹਿਆ ਜਾਂਦਾ ਸੀ।

ਪਹਿਲੇ ਪਾਤਿਸ਼ਾਹ ਜੀ ਸਮੇਂ ਨਿੱਤ-ਨੇਮ ਦੀ ਰੂਪ ਰੇਖਾ ਕੀ ਸੀ?

ਸਵੇਰ ਸਮੇਂ ਦਾ ਨਿੱਤ-ਨੇਮ: ‘ਜਪੁ’ ਬਾਣੀ ਦਾ ਉਚਾਰਨ।

ਸ਼ਾਮ ਸਮੇਂ ਦਾ ਨਿੱਤ-ਨੇਮ: ‘ਸੋ ਦਰੁ’ ਸਿਰਲੇਖ ਹੇਠ ਧੰਨੁ ਗੁਰੂ ਨਾਨਕ ਪਾਤਿਸ਼ਾਹ ਜੀ ਦੇ ਲਿਖੇ 3 ਸ਼ਬਦਾਂ ਦਾ ਗਾਇਆ ਜਾਣਾ ਸੀ। ਇਹ ਸ਼ਬਦ ਸਨ- ਸੋ ਦਰੁ ਰਾਗੁ ਆਸਾ ਮਹਲਾ 1, ਆਸਾ ਮਹਲਾ 1( ਸੁਣਿ ਵਡਾ ਆਖੈ ਸਭੁ ਕੋਇ॥--- ) ਅਤੇ ਆਸਾ ਮਹਲਾ 1 ( ਆਖਾ ਜੀਵਾ ਵਿਸਰੈ ਮਰਿ ਜਾਉ॥---- )

ਰਾਤ ਸਮੇਂ ਦਾ ਨਿੱਤ-ਨੇਮ: ਇਸ ਸੰਗ੍ਰਿਹ ਵਿੱਚ ਵੀ 3 ਸ਼ਬਦ ਧੰਨੁ ਗੁਰੂ ਨਾਨਕ ਪਾਤਿਸ਼ਾਹ ਜੀ ਦੇ ਸ਼ਾਮਲ ਸਨ, ਜਿਵੇਂ, ਰਾਗੁ ਗਉੜੀ ਦੀਪਕੀ ਮਹਲਾ 1 (ਜੈ ਘਰਿ ਕੀਰਤਿ----॥), ਆਸਾ ਮਹਲਾ 1 (ਛਿਅ ਘਰ ਛਿਅ ਗੁਰ----॥) ਅਤੇ ਆਸਾ ਮਹਲਾ 1 ( ਗਗਨਮੈ ਥਾਲੁ-------॥)

ਧੰਨੁ ਗੁਰੂ ਨਾਨਕ ਪਾਤਿਸ਼ਾਹ ਜੀ ਦੇ ਨਿੱਤ-ਨੇਮ ਵਿੱਚ ਕਿੱਸ ਗੁਰੂ ਜੀ ਨੇ ਵਾਧਾ ਕੀਤਾ?

ਧੰਨੁ ਗੁਰੂ ਅਰਜੁਨ ਪਾਤਿਸ਼ਾਹ ਜੀ ਨੇ ਭਾਈ ਗੁਰਦਾਸ ਰਾਹੀਂ ਸਾਰੀ ਬਾਣੀ ਨੂੰ ਆਪਿ ਤਰਤੀਬ ਦੇ ਕੇ ਲਿਖਵਾਇਆ। ਸੰਨ 1604 ਈਸਵੀ ਵਿੱਚ ਜਦੋਂ ਇਹ ਕਾਰਜ ਸੰਪੂਰਨ ਹੋਇਆ ਤਾਂ ‘ਪੋਥੀ’ (ਆਦਿ ਬੀੜ) ਵਿੱਚ ਪੰਜਵੇਂ ਗੁਰੂ ਜੀ ਨੇ ਨਿੱਤ-ਨੇਮ ਦੀ ਨਵੀਂ ਰੂਪ ਰੇਖਾ ਤਿਆਰ ਕਰ ਕੇ ‘ਪੋਥੀ’ ਵਿੱਚ ਲਿਖਵਾ ਦਿੱਤੀ। ਛਾਪੇ ਦੀ ਬੀੜ ਦੇ ਪਹਿਲੇ 13 ਪੰਨੇ ਪੰਜਵੇਂ ਗੁਰੂ ਜੀ ਵਲੋਂ ਪਹਿਲੇ ਨਿੱਤ-ਨੇਮ ਵਿੱਚ ਕੀਤੇ ਵਾਧੇ ਬਿਆਨ ਕਰ ਰਹੇ ਹਨ। ਪੰਜਵੇਂ ਗੁਰੂ ਜੀ ਨੇ ਪਹਿਲੇ ਗੁਰੂ ਜੀ, ਆਪਣੇ ਅਤੇ ਆਪਣੇ ਪਿਤਾ ਗੁਰੂ ਜੀ ਦੇ ਕੁੱਝ ਹੋਰ ਸ਼ਬਦ ਪਹਿਲਾਂ ਹੀ ਚੱਲ ਰਹੇ ਨਿੱਤ-ਨੇਮ ਵਿੱਚ ਜੋੜ ਕੇ ਇਸ ਨੂੰ ਵਧਾਅ ਦਿੱਤਾ। ਪਹਿਲੇ ਨਿੱਤ-ਨੇਮ ਵਿੱਚ ਜੋ ਸ਼ਬਦ ਧੰਨੁ ਗੁਰੂ ਨਾਨਕ ਪਾਤਿਸ਼ਾਹ ਜੀ ਵਲੋਂ ਲਏ ਗਏ ਸਨ ਪੰਜਵੇਂ ਗੁਰੂ ਜੀ ਨੇ ਉਨ੍ਹਾਂ ਨੂੰ ਉਸੇ ਤਰ੍ਹਾਂ ਰਹਿਣ ਦਿੱਤਾ ਅਤੇ ਨਵੇਂ ਸ਼ਬਦ ਬਾਅਦ ਵਿੱਚ ਜੋੜੇ ਗਏ। ਇਸ ਤਰ੍ਹਾਂ ਸ਼ਾਮ ਦੇ ਨਿੱਤ-ਨੇਮ ਵਿੱਚ 3 ਤੋਂ 9 ਸ਼ਬਦ ਹੋ ਗਏ ਅਤੇ ਰਾਤ ਦੇ ਨਿੱਤ-ਨੇਮ ਵਿੱਚ 3 ਤੋਂ 5 ਸ਼ਬਦ ਹੋ ਗਏ। ਸਵੇਰ ਦਾ ਨਿੱਤ-ਨੇਮ ਉਸੇ ਤਰਾਂ ਰੱਖਿਆ ਗਿਆ। ਜਿਹੜੇ ਵਾਧੂ ਸ਼ਬਦ ਜੋੜੇ ਗਏ ਉਹ ਪਹਿਲਾਂ ਚੁਣੇ ਸ਼ਬਦਾਂ ਦੀ ਤਰ੍ਹਾਂ ਗੁਰਬਾਣੀ ਵਿੱਚ ਹੋਰ ਥਾਵਾਂ ਉੱਪਰ ਵੀ ਦਰਜ ਹਨ।

ਪੰਜਵੇਂ ਗੁਰੂ ਜੀ ਦਾ ਬਣਾਇਆ ਨਿੱਤ-ਨੇਮ ਕਦੋਂ ਤੱਕ ਪ੍ਰਚੱਲਤ ਰਿਹਾ?

ਇਹ ਨਿੱਤ-ਨੇਮ ਦਸਵੇਂ ਗੁਰੂ ਜੀ ਦੇ ਸਮੇਂ ਤਕ ਸਿੱਖਾਂ ਵਿੱਚ ਪ੍ਰਚੱਲਤ ਸੀ। ਦਸਵੇਂ ਗੁਰੂ ਜੀ ਨੇ ‘ਦਮਦਮੀ ਬੀੜ’ ਤਿਆਰ ਕਰਨ ਸਮੇਂ , ਜਿੱਸ ਵਿੱਚ ਨੌਂਵੇਂ ਗੁਰੂ ਜੀ ਦੀ ਬਾਣੀ ਰਾਗਾਂ ਅਨੁਸਾਰ ਦਰਜ ਕੀਤੀ ਗਈ ਸੀ, ਪੰਜਵੇਂ ਗੁਰੂ ਜੀ ਦੇ ਬਣਾਏ ਨਿੱਤ ਵਿੱਚ ਹੋਰ ਕੋਈ ਵਾਧਾ ਨਹੀਂ ਕੀਤਾ, ਜਦੋਂ ਕਿ ‘ਨਾਨਕ’ ਜੋਤਿ ਹੋਣ ਕਰਕੇ ਉਹ ਇਹ ਵਾਧਾ ਕਰਨ ਦੇ ਸਮਰੱਥ ਸਨ। ਇਸ ਤੋਂ ਭਲੀ ਭਾਂਤਿ ਸਪੱਸ਼ਟ ਹੈ ਕਿ ਦਸਵੇਂ ਗੁਰੂ ਜੀ ਦੇ ਸਮੇਂ ਸਿੱਖ ਪੰਜਵੇਂ ਗੁਰੂ ਜੀ ਦਾ ਬਣਾਇਆ ਨਿੱਤ-ਨੇਮ ਹੀ ਕਰਦੇ ਸਨ ਜਿਸ ਨੂੰ ‘ਦਮਦਮੀ ਬੀੜ’ ਰਾਹੀਂ ਦਸਵੇਂ ਗੁਰੂ ਜੀ ਨੇ ਵੀ ਪ੍ਰਵਾਨਗੀ ਦੇ ਦਿੱਤੀ ਸੀ।

ਨਿੱਤ-ਨੇਮ ਦੀ ਬਣਤਰ ਦਾ ਇਤਿਹਾਸਕ ਪੱਖ:

ਮਹਾਨ ਕੋਸ਼ ਵਿੱਚ ( ਪਟਿਆਲ਼ਾ ਸ਼ਬਦ ਅਧੀਨ) ਪਟਿਆਲ਼ੇ ਕਿਲ੍ਹੇ ਵਿੱਚ ਬਾਬਾ ਆਲਾ ਸਿਘ ਦੇ ਬੁਰਜ ਵਿੱਚ ਕੁੱਝ ਇਤਿਹਾਸਕ ਵਸਤੂਆਂ ਦਾ ਜ਼ਿਕਰ ਕੀਤਾ ਗਿਆ ਹੈ ਜੋ ਗੁਰੂ ਪਾਤਿਸ਼ਾਹਾਂ ਨਾਲ਼ ਸੰਬੰਧਤ ਹਨ। ਉਨ੍ਹਾਂ ਵਸਤੂਆਂ ਵਿੱਚ ਇੱਕ ‘ਦਸ਼ਮੇਸ਼ ਗੁਟਕੇ’ ਦਾ ਵੀ ਜ਼ਿਕਰ ਹੈ। ਇਸ ਗੁਟਕੇ ਵਿੱਚ ਉਹੀ ਨਿੱਤ-ਨੇਮ ਹੈ ਜੋ ਪੰਜਵੇਂ ਗੁਰੂ ਜੀ ਦਾ ਬਣਾਇਆ ਹੋਇਆ ਹੈ।

ਯੂ ਟਿਊਬ ਉੱਤੇ 250 ਸਾਲ ਪੁਰਾਣਾ ਵੀ ਇੱਕ ਗੁਟਕਾ ਦਿਖਾਇਆ ਗਿਆ ਹੈ ਜਿਸ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਾਲ਼ਾ ਹੀ ਨਿੱਤ-ਨੇਮ ਹੈ।

👉 ਦਸਵੇਂ ਗੁਰੂ ਜੀ ਤੋਂ ਪ੍ਰਵਾਨਤ ਨਿੱਤ-ਨੇਮ ਕਿੱਸ ਨੇ ਬਦਲਣ ਦੀ ਗ਼ੁਸਤਾਖ਼ੀ ਕੀਤੀ?

ਕੋਈ ਕਹਿੰਦਾ ਹੈ ‘ਪੰਥ’ ਨੇ, ਕੋਈ ਕਹਿੰਦਾ ਹੈ ਸ਼੍ਰੀ ਅਕਾਲ ਤਖ਼ਤ ਨੇ, ਕੋਈ ਕਹਿੰਦਾ ਹੈ ਸ਼੍ਰੋ. ਗੁ. ਪ੍ਰ. ਕਮੇਟੀ ਨੇ ਅਤੇ ਕੋਈ ਕਹਿੰਦਾ ਹੈ ਇੱਕ ਸੱਬ-ਕਮੇਟੀ ਨੇ। ਆਖ਼ਿਰ ਕਿਸੇ ਨਾ ਕਿਸੇ ਨੇ ਤਾਂ ਗੁਰੂ ਪਾਤਿਸ਼ਾਹ ਦੇ ਹੁਕਮਾਂ ਨੂੰ ਚੁਨੌਤੀ ਤਾਂ ਦੇ ਹੀ ਦਿੱਤੀ ਹੈ, ਜਿਸ ਕਾਰਣ ਸਿੱਖਾਂ ਵਿੱਚ ਆਪਸੀ ਫੁੱਟ ‘ਇੱਟ ਕੁੱਤੇ ਦਾ ਵੈਰ’ ਬਣ ਕੇ ਫੈਲ ਚੁੱਕੀ ਹੈ। ਗੁਰੂ ਦੇ ਹੁਕਮਾਂ ਨੂੰ ਚੁਨੌਤੀ ਦੇ ਕੇ ਸੁੱਖ ਅਤੇ ਸ਼ਾਂਤੀ ਦੀ ਭਾਲ਼ ਕਰਨੀ ਬੇ-ਮਇਨੇ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top