ਸੰਨ 1945 ਵਿਚ ਸ਼੍ਰੋ. ਕਮੇਟੀ ਵਲੋਂ
ਪ੍ਰਵਾਨ ਕੀਤੀ ਰਹਤ ਮਰਯਾਦਾ ਵਿੱਚ ਗੁਰੂ ਹੁਕਮਾਂ ਦੇ ਉਲ਼ਟ ਜੋੜੀ ਇੱਕ ਵਾਧੂ ਰਚਨਾ ‘ਜਾਪੁ’
ਵੀ ਹੈ। ਇਸ ਦਾ ਅਰਥਾਂ ਸਮੇਤ ਅਧਿਐਨ ਕਰਨ ਨਾਲ਼ ਪਤਾ ਲੱਗਦਾ ਹੈ ਕਿ
ਇਸ ਰਚਨਾ ਅਨੁਸਾਰ ਲਿਖਾਰੀ ਦਾ ਪਿਤਾ ‘ਸਰਬਕਾਲ਼’ ਹੈ ਅਤੇ ਮਾਤਾ
‘ਲੋਕ ਮਾਤਾ/ਦੇਵੀ ਕਾਲਿਕਾ’ ਹੈ। ਇਸ ਤੱਥ ਦਾ ਪਤਾ ਵੀ ਉਸ ਨੂੰ ਲੱਗ ਸਕਦਾ ਹੈ
ਜਿਸ ਨੇ ਸਮੁੱਚੇ ਅਖੌਤੀ ਦਸਮ ਗ੍ਰੰਥ ਨੂੰ ਅਰਥਾਂ ਸਮੇਤ ਵਿਚਾਰਿਆ ਹੋਵੇ ਜਾਂ ਜਾਗਰੂਕ
ਸਿੱਖ ਵਿਦਵਾਨਾਂ ਦੀਆਂ ਅਖੌਤੀ ਦਸਮ ਗ੍ਰੰਥ ਸੰਬੰਧੀ ਲਿਖਤਾਂ ਨੂੰ ਵਾਚਿਆ ਹੋਵੇ। ਜੇ ਅਜਿਹਾ
ਕਰਨ ਦਾ ਬਹੁਤਾ ਸਮਾਂ ਨਹੀਂ ਮਿਲ਼ਿਆ ਤਾਂ ਅਖੌਤੀ ਦਸਮ ਗ੍ਰੰਥ ਦਾ ਪੰਨਾਂ ਨੰਬਰ 73 ਜ਼ਰੂਰ
ਪੜ੍ਹ ਲਿਆ ਜਾਵੇ।
ਹੇਠ ਲਿਖੀਆਂ ਸਤਰਾਂ ਧਿਆਨ ਨਾਲ਼ ਪੜ੍ਹੋ।
ਅਖੌਤੀ ਦਸਮ ਗ੍ਰੰਥ ਦਾ ਲਿਖਾਰੀ (ਗੁਰੂ ਗੋਬਿੰਦ ਸਿੰਘ ਜੀ ਨਹੀਂ) ਖੁਲ੍ਹੇ ਆਮ ਇਹ ਕਹਿ
ਰਿਹਾ ਹੈ ਕਿ ਉਸ ਦਾ ਪਿਤਾ ‘ਸਰਬਕਾਲ਼’ ਅਤੇ ਮਾਤਾ ‘ਦੇਬਿ ਕਾਲਿਕਾ’ ਹੈ।
ਸਰਬਕਾਲ ਹੈ ਪਿਤਾ ਅਪਾਰਾ ॥ ਦੇਬਿ ਕਾਲਕਾ
ਮਾਤ ਹਮਾਰਾ ॥ (ਅਖੌਤੀ ਦਸਮ ਗ੍ਰੰਥ ਪੰਨਾ 73)
ਜਾਪੁ ਨਾਂ ਦੀ ਰਚਨਾ ਦਸਵੇਂ ਗੁਰੂ ਜੀ ਨਾਲ਼ ਜੋੜ ਕੇ ਪੜ੍ਹਾਈ ਜਾ ਰਹੀ
ਹੈ ਜਿਸ ਦਾ ਅਰਥ ਹੋਇਆ ਕਿ ਗੁਰੂ ਜੀ ਨੇ ਸਰਬਕਾਲ਼ ਨੂੰ ਪਿਤਾ ਅਤੇ ਦੇਬਿ ਕਾਲਿਕਾ ਨੂੰ ਖ਼ੁਦ
ਮਾਤਾ ਕਿਹਾ ਹੈ ਪਰ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਦੇ ਅਨੁਕੂਲ ਨਾ ਹੋਣ ਕਰ
ਕੇ ਕਹਿ ਸਕਦੇ ਹਾਂ ਕਿ ਇਹ ਰਚਨਾ ‘ਜਾਪੁ’ ਗੁਰੂ ਕ੍ਰਿਤ ਨਹੀਂ ਹੈ ਕਿਉਂਕਿ ਸ਼੍ਰੀ ਗੁਰੂ
ਗ੍ਰੰਥ ਸਾਹਿਬ ਵਿੱਚ ਦੇਵੀ ਦੇਵਤਿਆਂ ਨੂੰ ਸਿੱਖ ਦੇ ਮਾਤਾ ਪਿਤਾ ਦਾ ਦਰਜਾ ਨਹੀਂ ਦਿੱਤਾ
ਗਿਆ। ਅਕਾਲਪੁਰਖ ਹੀ ਮਾਤਾ, ਪਿਤਾ, ਬੰਧਪ, ਭਰਾ, ਪੁੱਤਰ ਦੀ ਥਾਂ ਸਹਾਈ ਹੈ।
ਕੀ ‘ਜਾਪੁ’ ਵਿੱਚ ਸਰਬਕਾਲ਼ ਨੂੰ ਵੀ ਨਮੋ
ਕੀਤੀ ਹੈ? ਹਾਂ, ਬੰਦ ਨੰਬਰ 19 ਵਿੱਚ ਕਵੀ ‘ਸਰਬਕਾਲ਼’ ਪਿਤਾ ਨੂੰ ਹੀ ਨਮਸਕਾਰ
ਕਰਦਾ ਹੈ, ਜਿਵੇਂ:-
ਨਮੋ ਸਰਬਕਾਲੇ॥
ਅਰਥ:-ਹੇ! ਸਰਬਕਾਲ਼ ਪਿਤਾ ਜੀ ਆਪ ਨੂੰ ਨਮਸਕਾਰ ਹੈ।
ਸਿੱਟਾ:
ਜਾਪੁ ਵਿੱਚ ਲਿਖੇ -‘ਨਮੋ ਸਰਬਕਾਲੇ’, ‘ਨਮੋ ਲੋਕ ਮਾਤਾ’
ਅਤੇ ਅਖੌਤੀ ਦਸਮ ਗ੍ਰੰਥ ਦੇ ਪੰਨਾਂ ਨੰਬਰ 73 ਉੱਪਰ ਲਿਖੇ-
‘ਸਰਬਕਾਲ ਹੈ ਪਿਤਾ ਹਮਾਰਾ। ਦੇਬਿ ਕਾਲਿਕਾ ਮਾਤ ਹਮਾਰਾ।’ ਤੋਂ ਇਹੀ ਸਿੱਟਾ
ਨਿੱਕਲ਼ਦਾ ਹੈ ਕਿ ‘ਜਾਪੁ’ ਅਤੇ ‘ਅਖੌਤੀ ਦਸਮ ਗ੍ਰੰਥ’ ਦਾ ਲਿਖਾਰੀ ਅਕਾਲਪੁਰਖ ਦੀ ਥਾਂ
ਸਰਬਕਾਲ਼ ਨੂੰ ਆਪਣਾ ਪਿਤਾ ਦੱਸਦਾ ਹੈ ਅਤੇ ਕਾਲਿਕਾ ਦੇਵੀ ਦੁਰਗਾ ਮਾਈ ਪਾਰਬਤੀ ਨੂੰ ਆਪਣੀ
ਮਾਤਾ ਦੱਸਦਾ ਹੈ। ਸਪੱਸ਼ਟ ਹੈ ਕਿ ਜਾਪੁ ਰਚਨਾ ਸਿੱਖ ਨੂੰ ਦੇਵੀ ਦੇਵਤਿਆਂ ਦੀਆਂ ਸਿਫ਼ਤਾਂ
ਨਾਲ਼ ਜੋੜ ਕੇ ਕੇਸ਼ਾਧਾਰੀ ਹਿੰਦੂ ਬਣਾਉਣ ਦੀ ਇੱਕ ਬ੍ਰਾਹਮਣਵਾਦੀ ਸਾਜਿਸ਼ ਹੈ।