Share on Facebook

Main News Page

ਗੁਰਬਾਣੀ ਦੇ ਅਨੱਰਥ ਕਰਨ ਦੀ ਹਿੰਮਤ ਕਿਉਂ ?
-: ਪ੍ਰੋ. ਕਸ਼ਮੀਰਾ ਸਿੰਘ USA

ਕਈ ਥਾਵਾਂ ਤੋਂ ਗੁਰਬਾਣੀ ਦੇ ਸਹੀ ਅਰਥਾਂ ਨੂੰ ਨਿੱਜੀ ਧਾਰਮਿਕ ਹਿੱਤਾਂ ਕਾਰਣ ਗ਼ਲਤ ਰੰਗਤ ਦੇਣ ਦੀਆਂ ਘਟਨਾਵਾਂ ਸਾਮ੍ਹਣੇ ਆ ਰਹੀਆਂ ਹਨ। ਇਹ ਤਾਂ ਇੱਕਾ-ਦੁੱਕਾ ਘਟਨਾਵਾਂ ਹੀ ਸੋਸ਼ਲ ਮੀਡੀਏ ਰਾਹੀਂ ਚਾਨਣ ਵਿੱਚ ਆਈਆਂ ਹਨ ਹਨ ਜਿਨ੍ਹਾਂ ਦਾ ਸਹੀ ਦਿਸ਼ਾ ਵਿੱਚ ਪ੍ਰਤੀਕਰਮ ਕਿਸੇ ਨਾ ਕਿਸੇ ਸੁਹਿਰਦ ਸੱਜਣ ਵਲੋਂ ਦਿੱਤਾ ਵੀ ਗਿਆ ਹੈ। ਪ੍ਰਤੀਕਰਮ ਚੰਗਾ ਹੈ ਪਰ ਸਥਾਈ ਹੱਲ ਨਹੀਂ ਹੈ। ਲੋਕ ਬੇਅਦਵੀ ਕਰੀ ਜਾਣਗੇ ਅਤੇ ਸਿੱਖ ਪ੍ਰਤੀ ਕਰਮ ਦੇ ਕੇ ਸੰਤੁਸ਼ਟ ਹੁੰਦੇ ਰਹਿਣਗੇ। ਪਤਾ ਨਹੀਂ ਕਿੰਨੀਆਂ ਅਜਿਹੀਆਂ ਹੋਰ ਘਟਨਾਵਾਂ ਵਾਪਰਦੀਆਂ ਹੋਣਗੀਆਂ ਜਿਨ੍ਹਾਂ ਦਾ ਕਿਸੇ ਨੂੰ ਕੋਈ ਪਤਾ ਨਹੀਂ। ਇਸ ਸਥਿੱਤੀ ਦੇ ਕੁੱਝ ਕੁ ਕਾਰਣਾ ਵਾਰੇ ਇੱਥੇ ਵਿਚਾਰ ਕੀਤੀ ਜਾ ਰਹੀ ਹੈ:

1. ਸਿੱਖਾਂ ਦਾ ਵਿਗਾੜਿਆ ਪੁਰਾਤਨ ਇਤਿਹਸ ਬਿਨਾਂ ਰੋਕ ਜਾਰੀ ਰਹਿਣਾਂ:

ੳ. ਦੇਹਧਾਰੀ ਗੁਰੂ ਪ੍ਰੰਪਰਾ ਬੰਦ:

ਨੌਵੇਂ ਗੁਰੂ ਜੀ ਤਕ ਅਤੇ ਦਸਵੇਂ ਗੁਰੂ ਜੀ ਦੇ ਸ਼ਰੀਰ ਵਿੱਚ ਹੁੰਦਿਆਂ ਕਿਸੇ ਸਿੱਖੀ ਦੇ ਦੁਸ਼ਮਣ ਨੁੰ ਹਿੰਮਤ ਨਹੀਂ ਸੀ ਪਈ ਕਿ ਉਹ ਕਿਸੇ ਗੁਰੂ ਪਾਤਿਸ਼ਾਹ ਪ੍ਰਤੀ ਨਿਰਾਦਰੀ ਭਰੀ ਕੋਈ ਪੁਸਤਕ ਲਿਖ ਸਕਦਾ। ਦਸਵੇਂ ਗੁਰੂ ਜੀ ਨੇ ਜੋਤੀ ਜੋਤਿ ਸਮਾਉਣ ਸਮੇਂ ਸੰਨ 1708 ਵਿੱਚ ਦਸਦਮੀ ਬੀੜ ਨੂੰ ਗੁਰਤਾ-ਗੱਦੀ ਦੇ ਕੇ ਸਿੱਖ ਕੌਮ ਦਾ ਸਦਾ ਅਟੱਲ ਗੁਰੂ ਗ੍ਰੰਥ ਦੇ ਰੂਪ ਸਥਾਪਤ ਕਰ ਦਿੱਤਾ।

ਅ. ਸਿੱਖੀ ਵਿਰੋਧੀ ਸ਼ਕਤੀਆਂ ਦੇ ਕੰਨ ਖੜੇ ਹੋ ਗਏ:

ਹੁਣ ਉਨ੍ਹਾਂ ਸ਼ਕਤੀਆਂ ਨੂੰ ਸਿੱਖ ਇਤਿਹਾਸ ਨੂੰ ਵਿਗਾੜ ਕੇ ਲਿਖਣ ਦੀ ਕਿਰਿਆ ਨੂੰ ਕੋਈ ਰੋਕ ਨਹੀਂ ਸਕਦਾ ਸੀ। ਇਹ ਵਿਰੋਧੀ ਸ਼ਕਤੀਆਂ ਸ਼ਰੀਰਕ ਗੁਰੂ-ਭੈ ਤੋਂ ਮੁਕਤ ਹੋ ਗਈਆਂ। ਮੁਗ਼ਲ ਰਾਜ ਤੋਂ ਬਾਅਦ ਅਤੇ ਸੰਨ 1839 ਵਿੱਚ ਮਹਾਂਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਪਿੱਛੋਂ ਸੰਨ 1849 ਨੂੰ ਪੰਜਾਬ ਵਿੱਚ ਵੀ ਅੰਗ੍ਰੇਜ਼ ਰਾਜ ਸਥਾਪਤ ਹੋ ਗਿਆ। ਬ੍ਰਾਹਮਣਵਾਦ ਦੇ ਨਾਲ਼ ਅੰਗ੍ਰੇਜ਼ ਵੀ ਸਿੱਖੀ ਨੂੰ ਹਰ ਤਰਾਂ ਕਮਜ਼ੋਰ ਕਰਨ ਦੇ ਭਾਈਵਾਲ ਬਣ ਗਏ ਤਾਂ ਜੁ ਉਹ ਪੰਜਾਬ ਵਿੱਚ ਸਿੱਖ ਸ਼ਕਤੀ ਵਲੋਂ ਨਿਸਚਿੰਤ ਹੋ ਕੇ ਰਾਜ ਕਰ ਸਕਣ। ਬੜੂ ਪਿੰਡ ਵਰਗੇ ਡੇਰੇ ਸੱਭ ਅੰਗ੍ਰੇਜ਼ ਸਰਕਾਰ ਦੀ ਸਿੱਖੀ ਨੂੰ ਕਮਜ਼ੋਰ ਕਰਨ ਦੀ ਚਾਲ ਵਜੋਂ ਅੰਗ੍ਰੇਜ਼ ਸਰਕਾਰ ਵਲੋਂ ਸਥਾਪਤ ਕੀਤੇ ਗਏ।

ੲ. ਬ੍ਰਾਹਮਣਵਾਦੀ ਪੁਸਤਕਾਂ:

ਫਿਰ ਕੀ ਸੀ ਸਿੱਖ ਫ਼ਲਸਫ਼ੇ ਵਿਰੋਧੀ ਧੜਾ-ਧੜ ਛੋਟੇ ਮੋਟੇ ਗ੍ਰੰਥ ਹਂੋਦ ਵਿੱਚ ਆਉਣੇ ਸ਼ੁਰੂ ਹੋ ਗਏ ਜਿਨ੍ਹਾਂ ਵਿੱਚ ਰਹਤ ਨਾਮੇ, ਸਾਰੇ ਗੁਰ ਬਿਲਾਸ, ਪੰਥ ਪ੍ਰਕਾਸ਼, ਸੂਰਜ ਪ੍ਰਕਾਸ਼, ਦਸ਼ਮ ਗ੍ਰੰਥ ਆਦਿਕ ਸ਼ਾਮਲ ਹਨ। ਇਹ ਪੁਸਤਕਾਂ ਹੁਣ ਤਕ ਸਿੱਖੀ ਦੇ ਵਿਹੜੇ ਵਿੱਚ ਸ਼ੋਭ ਰਹੀਆਂ ਹਨ ਅਤੇ ਸਿੱਖੀ ਸਿਧਾਂਤਾਂ ਨੂੰ ਖ਼ੋਰਾ ਲਾ ਰਹੀਆਂ ਹਨ।

ਸ. ਪੁਰਾਤਨ ਪੁਸਤਕਾਂ ਸਿੱਖੀ ਵਿਰੋਧੀ:

ਇਨ੍ਹਾਂ ਪੁਸਤਕਾਂ ਵਿੱਚ ਹੀ ਦਸਵੇਂ ਗੁਰੂ ਜੀ ਨੂੰ ਦੁਰਗਾ ਪੂਜਾ ਕਰਦੇ ਅਤੇ ਨਸ਼ਿਆਂ ਦਾ ਸੇਵਨ ਕਰਦੇ ਲਿਖਿਆ ਹੋਇਆ ਹੈ। ਅੰਮ੍ਰਿਤਸਰ ਵਿੱਚ ਸਰੋਵਰ ਵਾਲ਼ੇ ਗੁਰਦੁਆਰੇ ਨੂੰ ਵਿਸ਼ਨੂੰ ਮੰਦਰ ਲਿਖਿਆ ਹੋਇਆ ਹੈ ਅਤੇ ਹੋਰ ਕਈ ਕੁੱਝ ਗੁਰਮਤਿ ਵਿੋਧ ਹੈ।

ਹ. ਬ੍ਰਾਹਮਣਵਾਦੀ ਪੁਸਤਕਾਂ ਉੱਪਰ ਕੋਈ ਪਾਬੰਦੀ ਨਹੀਂ:

ਅੱਜ ਤਕ ਸਿੱਖਾਂ ਦੀ ਸਿਰਮੌਰ ਸ਼੍ਰੋ. ਕਮੇਟੀ , ਤਖ਼ਤਾਂ ਦੇ ਥਾਪੇ ਜਥੇਦਾਰ ਅਤੇ ਹੋਰ ਕੋਈ ਧਾਰਮਿਕ ਸੰਸਥਾ ਇਨ੍ਹਾਂ ਪੁਸਤਕਾਂ ਉੱਤੇ ਪਾਬੰਦੀ ਨਹੀਂ ਲਗਾ ਸਕੀ ਅਤੇ ਨਾ ਹੀ ਸਿੱਖੀ ਵਿਰੋਧੀ ਅੰਸ਼ਾਂ ਨੂੰ ਇਨ੍ਹਾਂ ਗ੍ਰੰਥਾਂ ਵਿੱਚਂ ਬਾਹਰ ਕੱਢ ਸਕੀ ਹੈ। ਵਿਰੋਧੀ ਇਨ੍ਹਾਂ ਗ੍ਰੰਥਾਂ ਨੂੰ ਆਧਾਰ ਬਣਾ ਕੇ ਸਿੱਖੀ ਦੀਆਂ ਜੜ੍ਹਾਂ ਵੱਢਣ ਵਿੱਚ ਕੋਈ ਕਸਰ ਨਹੀਂ ਛੱਡ ਰਹੇ।

2. ਸੰਨ 1984 ਦੇ ਕ਼ਤਲਿ ਆਮ ਵਿੱਚ ਕਾਨੂੰਨੀ ਲੜਾਈ ਵਿੱਚ ਸਿੱਖ ਫ਼ੇਲ੍ਹ:

ਵਿਰੋਧੀ ਸ਼ਕਤੀਆਂ ਨੂੰ ਇਹ ਪਤਾ ਹੈ ਕਿ ਸਿੱਖਾਂ ਦੀ ਫ਼ਰਿਆਦ ਕਿਤੇ ਨਹੀਂ ਸੁਣੀ ਜਾਂਦੀ। ਸਿੱਖ ਕਾਨੂੰਨੀ ਤੌਰ ਉੱਤੇ ਕੋਈ ਇਨਸਾਫ਼ ਨਹੀਂ ਲੈ ਸਕਦੇ। ਵਿਰੋਧੀਆਂ ਨੂੰ ਸਿੱਖਾਂ ਦੀ ਅਜਿਹੀ ਦਸ਼ਾ ਸਿੱਖਾਂ ਦੀ ਕਮਜ਼ੋਰੀ ਦਾ ਅਹਿਸਾਸ ਹੀ ਕਰਾਂਉਂਦੀ ਹੈ। ਵਿਰੋਧੀ ਸਮਝਦੇ ਹਨ ਕਿ ਕਾਨੂੰਨ ਉਨ੍ਹਾਂ ਦੇ ਪੱਖ ਵਿੱਚ ਹੈ ਅਤੇ ਸਿੱਖ ਉਨ੍ਹਾਂ ਦਾ ਕੁੱਝ ਨਹੀਂ ਵਿਗਾੜ ਸਕਦੇ।

3. ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪੱਤਰਿਆਂ ਦੀ ਥਾਂ-ਥਾਂ ਬੇਅਦਵੀ ਪਰ ਕੋਈ ਗ੍ਰਿਫ਼ਤਾਰੀ ਨਹੀਂ।

ਸਿੱਖੀ ਵਿਰੋਧੀ ਸ਼ਕਤੀਆਂ ਨੇ ਇਹ ਦੇਖ ਲਿਆ ਹੈ ਕਿ ਉਹ ਸਿੱਖੀ ਦੇ ਨੁਕਸਾਨ ਵਜੋਂ ਜੋ ਮਰਜ਼ੀ ਕਰ ਸਕਦੇ ਹਨ। ਸਿੱਖਾਂ ਦੀ ਰਾਜਸੀ ਅਤੇ ਧਾਰਮਿਕ ਸ਼ਕਤੀ ਇਨ੍ਹਾਂ ਬੇਅਦਵੀਆਂ ਕਰਨ ਵਾਲ਼ੇ ਦੋਸ਼ੀਆਂ ਤਕ ਪਹੁੰਚ ਹੀ ਨਹੀਂ ਸਕੀ ਜਾਂ ਇਉਂ ਕਹਿ ਲਓ ਕਿ ਇਨ੍ਹਾਂ ਵਿੋਰੋਧੀ ਸ਼ਕਤੀਆਂ ਨੇ ਸਿੱਖ ਆਗੂਆਂ ਨੂੰ ਜਿਵੇਂ ਕਠਪੁਤਲੀਆਂ ਬਣਾ ਲਿਆ ਹੋਵੇ। ਸਿੱਖਾਂ ਦੀ ਇਸ ਤਰਸਯੋਗ ਹਾਲਤ ਨੇ ਗੁਰਬਾਣੀ ਦੇ ਅਨੱਰਥ ਕਰਨ ਵਾਲ਼ਿਆਂ ਨੂੰ ਹੱਲਾਸ਼ੇਰੀ ਹੀ ਦਿੱਤੀ ਹੈ।

4. ਸਿੱਖਾਂ ਦੀ ਆਪਸੀ ਲੜਾਈ :

ਸਿੱਖੀ ਵਿਰੋਧੀ ਸ਼ਕਤੀਆਂ ਇੱਥੋਂ ਤਕ ਸਫ਼ਲ ਹੋ ਚੁੱਕੀਆਂ ਹਨ ਕਿ ਉਹ ਆਪਿ ਪਿੱਛੇ ਰਹਿ ਕੇ ਸਿੱਖਾਂ ਤੋਂ ਹੀ ਸਿੱਖਾਂ ਦੀਆਂ ਪਗੜੀਆਂ ਲੁਹਾ ਰਹੀਆਂ ਹਨ। ਸਿੱਖਾਂ ਨੂੰ ਹੀ ਇੱਕ ਦੂਜੇ ਦੇ ਖ਼ੂਨ ਦੇ ਪਿਆਸੇ ਬਣਾ ਦਿੱਤਾ ਗਿਆ ਹੈ। ਸਤਿਨਾਮ ਦੇ ਜਾਪ ਨੂੰ ਲੜਾਈ ਕਰਨ ਲਈ ਅਤੇ ਸੰਗਤ ਦੀ ਸ਼ਾਂਤੀ ਵਿੱਚ ਬਿਘਨ ਪਾਉਣ ਲਈ ਵਰਤਿਆ ਜਾ ਰਿਹਾ ਹੈ। ਸਿੱਖ ਬਹੁਤੀਆਂ ਥਾਵਾਂ ਉੱਤੇ ਦੂਰ ਦੁਰਾਡੇ ਪਹੁੰਚ ਕੇ ਸਿੱਖ ਪ੍ਰਚਾਰਕ ਭਰਾਵਾਂ ਦੇ ਗਲ਼ ਪੈ ਰਹੇ ਹਨ। ਸਿੱਖੀ ਵਿਰੋਧੀ ਸ਼ਕਤੀਆਂ ਇੱਸ ਪਾਟੋ-ਧਾੜ ਦਾ ਲਾਭ ਉਠਾ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਨੂੰ ਤੋੜ-ਮਰੋੜ ਕੇ ਆਪਣੇ ਨਿੱਜੀ ਮਨੋਰਥਾਂ ਲਈ ਮਨ ਮਰਜ਼ੀ ਦੇ ਅਰਥ ਕਰ ਰਹੀਆਂ ਹਨ। ਸਿੱਖਾਂ ਦਾ ਡਰ ਭਉ ਇਨ੍ਹਾਂ ਵਿਰੋਧੀ ਸ਼ਕਤੀਆਂ ਲਈ ਜਿਵੇਂ ਚੁੱਕਿਆ ਗਿਆ ਹੋਵੇ। ਸਿੱਖੀ ਏਕਤਾ ਭੰਗ ਹੋ ਚੁੱਕੀ ਹੈ।

5. ਗੁਰਬਾਣੀ ਦੇ ਅਰਥਾਂ ਦੀ ਪ੍ਰਵਾਨਤ ਕੌਮੀ ਪ੍ਰਣਾਲ਼ੀ ਦਾ ਨਾ ਹੋਣਾ:

ਦੇਖਿਆ ਗਿਆ ਹੈ ਕਿ ਸਿੱਖਾਂ ਵਿੱਚ ਗੁਰਬਾਣੀ ਦੇ ਅਰਥਾਂ ਪ੍ਰਤੀ ਆਪਣਾ ਆਪਣਾ ਰਵੱਈਆ ਹੈ ਕਿਉਂਕਿ ਗੁਰਬਾਣੀ ਦੇ ਬਹੁਤ ਸਾਰੇ ਟੀਕੇ ਬਣ ਚੁੱਕੇ ਹਨ । ਕਈ ਵਾਰੀ ਅਰਥਾਂ ਦੇ ਵਖਰੇਵੇਂ ਤੋਂ ਹੀ ਸਿੱਖ ਆਪਸ ਵਿੱਚ ਲੜ ਪੈਂਦੇ ਹਨ। ਗੁਰਬਾਣੀ ਦੇ ਵੱਖ-ਵੱਖ ਟੀਕਿਆਂ ਵਿੱਚ ਵੱਖ-ਵੱਖ ਅਰਥ ਕੀਤੇ ਮਿਲ਼ਦੇ ਹਨ। ਗੁਰਬਾਣੀ ਦੇ ਅਰਥਾਂ ਦੀ ਇੱਕ ਕੌਮੀ ਪ੍ਰਣਾਲ਼ੀ ਚਾਹੀਦੀ ਹੈ ਜਿਸ ਦੇ ਦਾਇਰੇ ਤੋਂ ਕੋਈ ਬਾਹਰ ਨਾ ਜਾਏ। { ਪ੍ਰੋ. ਸਾਹਿਬ ਸਿੰਘ ਦਾ ਟੀਕਾ ਯਥਾਰਥ ਦੇ ਬਹੁਤ ਨੇੜੇ ਹੈ ਪਰ ਇਸ ਨੂੰ ਸ਼੍ਰੋ. ਕਮੇਟੀ ਨੇ ਹੀ ਅਪਨਾਇਆ ਨਹੀਂ ਸੀ ਅਤੇ ਮਾਸਟਰ ਤਾਰਾ ਸਿੰਘ ਨੇ ਪ੍ਰਧਾਨ ਵਜੋਂ ਹੁਕਮ ਕਰ ਕੇ ਇਸ ਟੀਕੇ ਨੂੰ ਛਾਪਣ ਤੋਂ ਨਾਹ ਕਰ ਦਿੱਤੀ ਸੀ, ਭਾਵੇਂ, ਹੁਣ ਮੁੱਖ ਵਾਕ ਦੇ ਅਰਥ ਇਸੇ ਟੀਕੇ ਵਿੱਚੋਂ ਹੂ-ਬ-ਹੂ ਨਕਲ ਮਾਰ ਕੇ ਲਿਖੇ ਜਾ ਰਹੇ ਹਨ। ਬਾਅਦ ਵਿੱਚ ਰਾਜ ਪਬਲਿਸ਼ਰਜ਼ ਜਲੰਧਰ ਵਾਲ਼ਿਆਂ ਨੇ ਇਹ ਟੀਕਾ ਛਾਪਿਆ ਸੀ ਜਿਸ ਤੋਂ ਉਨ੍ਹਾਂ ਨੂੰ ਪੁਸ਼ਤਾਂ ਦਾ ਰਿਜ਼ਕ ਮਿਲ਼ ਗਿਆ, ਜਿਵੇਂ ਉਹ ਆਪਿ ਕਹਿੰਦੇ ਹਨ।} ਰਾਜ ਸਰਕਾਰ ਕਾਨੂੰਨ ਦੀ ਵੀ ਵਰਤੋਂ ਕਰ ਸਕਦੀ ਹੈ ਜਾਂ ਗੁਰਦੁਆਰਾ ਐੱਕਟ ਵਿੱਚ ਇਸ ਪਾਬੰਦੀ ਵਾਰੇ ਸੋਧ ਕੀਤੀ ਜਾ ਸਕਦੀ ਹੈ। ਬਹੁ ਗਿਣਤੀ ਡੇਰਿਆਂ ਵਾਲ਼ੇ ਵੀ ਰੋਜ਼ਾਨਾ ਮਨ ਮਰਜ਼ੀ ਦੇ ਅਰਥ ਕਰ ਕੇ ਦੇਹਧਾਰੀ ਗੁਰੂ ਦਾ ਪ੍ਰਚਾਰ ਕਰੀ ਜਾਂਦੇ ਹਨ ਅਤੇ ਬ੍ਰਾਹਮਣਵਾਦ ਵਿੱਚ ਸਿੱਖੀ ਨੂੰ ਲਪੇਟੀ ਜਾਂਦੇ ਹਨ। ਜੇ ਅਜਿਹੇ ਡੇਰਿਆਂ ਵਿੱਚ ਕੀਤੇ ਜਾਂਦੇ ਅਰਥ ਵੀ ਸੋਸ਼ਲ ਮੀਡੀਏ ਰਾਹੀਂ ਬਾਹਰ ਆਉਂਦੇ ਰਹਿਣ ਤਾਂ ਪ੍ਰਤੀਕਰਮ ਦੇਣ ਵਾਲ਼ੇ ਹੀ ਥੱਕ ਜਾਣਗੇ। ਅਜਿਹੀ ਸਥਿੱਤੀ ਵੀ ਸਿੱਖੀ ਵਿਰੋਧੀਆਂ ਨੂੰ ਮਨ ਮਰਜ਼ੀ ਦੇ ਅਰਥ ਕਰਨ ਵਿੱਚ ਖੁੱਲ੍ਹ ਦੇ ਰਹੀ ਹੈ।

6. ਅਨਮਤੀਆਂ ਦੇ ਧਰਮ ਗ੍ਰੰਥਾਂ ਅਤੇ ਧਾਰਮਿਕ ਆਗੂਆਂ ਉੱਤੇ ਅਯੋਗ ਟਿੱਪਣੀਆਂ ਨਾ ਹੋਣ।

ਸਿੱਖਾਂ ਨੂੰ ਆਪਣੇ ਧਰਮ ਵਿੱਚ ਪੱਕੇ ਰਹਿ ਕੇ ਬਾਕੀ ਧਰਮਾਂ ਪ੍ਰਤੀ ਜੇ ਵਿਚਾਰ ਕਰਨੀ ਹੋਵੇ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਦੇ ਦਾਇਰੇ ਤੋਂ ਬਾਹਰ ਨਹੀਂ ਜਾਣਾ ਚਾਹੀਦਾ। ਸਿੱਖਾਂ ਨੂੰ ਜਿੰਨਾਂ ਆਪਣਾ ਧਰਮ ਪਿਆਰਾ ਹੈ ਬਾਕੀ ਕੌਮਾਂ ਨੂੰ ਵੀ ਉਨ੍ਹਾਂ ਦੇ ਧਰਮ ਓਨੇ ਹੀ ਪਿਆਰੇ ਹਨ। ਸੱਚ ਨੂੰ ਸੱਚ ਕਹਿਣਾ ਚਾਹੀਦਾ ਹੈ ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਰੌਸ਼ਨੀ ਦੀ ਅਗਵਾਈ ਵਿੱਚ ਰਹਿ ਕੇ।

7. ਸਿੱਖਾਂ ਦੀ ਧਾਰਮਿਕ ਸ਼ਕਤੀ ਖ਼ਤਮ ਦੇ ਬਰਾਬਰ:

ਸ਼੍ਰੋ. ਕਮੇਟੀ ਅਤੇ ਤਖ਼ਤਾਂ ਦੇ ਸੇਵਾਦਾਰਾਂ ਦਾ ਹੁਣ ਕਿਸੇ ਨੂੰ ਕੋਈ ਡਰ ਨਹੀਂ ਰਿਹਾ ਕਿਉਂਕਿ ਇਹ ਪਹਿਲਾਂ ਹੀ ਰਾਜਸੀ ਬ੍ਰਾਹਮਣਵਾਦ ਦੇ ਡੰਡੇ ਹੇਠ ਹਨ। ਜੋ ਹੁਕਮ ਇਨ੍ਹਾਂ ਨੂੰ ਉੱਪਰੋਂ ਆਉਂਦੇ ਹਨ ਇਹ ਉਨ੍ਹਾਂ ਦੀ ਇੰਨ੍ਹ-ਬਿੰਨ੍ਹ ਪਾਲਣਾ ਕਰ ਕਰ ਖ਼ੁਸ਼ ਹੁੰਦੇ ਹਨ। ਸਿੱਖੀ ਦਾ ਵਿਰੋਧ ਕਰਨ ਵਾਲ਼ੀਆਂ ਸ਼ਕਤੀਆਂ ਨੂੰ ਸੋਸ਼ਲ ਮੀਡੀਏ ਰਾਹੀਂ ਅਤੇ ਵਾਪਰ ਚੁੱਕੀਆਂ ਘਟਨਾਵਾਂ ਰਾਹੀਂ ਪਤਾ ਲੱਗ ਚੁੱਕਾ ਹੈ। ਸਿੱਖਾਂ ਦੀ ਪੈਰਵੀ ਕਰਨ ਵਾਲ਼ੀ ਕੋਈ ਚੋਟੀ ਦੀ ਧਿਰ ਨਹੀਂ ਰਹੀ। ਹਰ ਵਿਰੋਧੀ ਸ਼ਕਤੀ ਸਿੱਖੀ ਦਾ ਕਿਸੇ ਨਾ ਕਿਸੇ ਤਰ੍ਹਾਂ ਨੁਕਸਾਨ ਕਰਨ ਲਈ ਤੱਤਪਰ ਹੋ ਚੁੱਕੀ ਹੈ।

8. ਸਿੱਖਾਂ ਨੂੰ ਇੱਕ-ਮੁੱਠ ਹੋਣ ਦੀ ਲੋੜ:

ਸਮੂਹ ਸਿੱਖ ਜਥੇਬੰਦੀਆਂ ਅਤੇ ਡੇਰਿਆਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਹੇਠ ਇੱਕ-ਮੁਠ ਹੋਣ ਅਤੇ ਇਸ ਉੱਤੇ ਤਕੜਾਈ ਨਾਲ਼ ਪਹਿਰਾ ਦੇਣ ਦੀ ਲੋੜ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top