Share on Facebook

Main News Page

ਸਿੱਖ ਰਹਤ ਮਰਯਾਦਾ 1931-1945 ਦੇ ਵਿਚਾਰਨਯੋਗ ਪਹਿਲੂ - ਭਾਗ ਪਹਿਲਾ
-: ਪ੍ਰੋ. ਕਸ਼ਮੀਰਾ ਸਿੰਘ ਯੂ.ਐਸ.ਏ.

1. ਕੀ ਮੌਜੂਦਾ ਮਰਯਾਦਾ ਦੀ ਲੋੜ ਸੀ?

ਧੰਨੁ ਗੁਰੂ ਨਾਨਕ ਪਾਤਿਸ਼ਾਹ ਤੋਂ ਲੈ ਕੇ ਸਿੱਖ ਰਹਤ ਮਰਯਾਦਾ ਬਣਨ ਤਕ, ਭਾਵ ਸੰਨ 1469 ਤੋਂ ਸੰਨ 1931 ਤਕ 462 ਸਾਲ ਤੱਕ ਕਿਸੇ ਸਿੱਖ ਨੂੰ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਤੋਂ ਬਿਨਾਂ ਕਿਸੇ ਹੋਰ ਵੱਖਰੀ ਰਹਤ ਮਰਯਾਦਾ ਦੀ ਪੁਸਤਕ ਦੀ ਕੋਈ ਲੋੜ ਨਹੀਂ ਪਈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਰਯਾਦਾ ਵਿੱਚ ਰਹਿਣਾ ਹੀ ਸਿਖਾਉਂਦਾ ਹੈ।

ਸੋਚਣ ਵਾਲ਼ੀ ਗੱਲ ਹੈ ਕਿ- ਕੀ 462 ਸਾਲ ਤਕ ਸਿੱਖਾਂ ਦੇ ਜੀਵਨ ਵਿੱਚ ਕੋਈ ਧਾਰਮਿਕ ਰਹਤ ਮਰਯਾਦਾ ਨਹੀ ਸੀ? ਰਹਤ ਸੀ ਅਤੇ ਉਹ ਸੀ ਗੁਰਬਾਣੀ ਵਿੱਚ ਦਰਸ਼ਾਏ ਆਦਰਸ਼ਾਂ ਦੀ ।

ਧੁਰ ਕੀ ਬਾਣੀ ਦੇ ਉਪਦੇਸ਼ ਦੇ ਉਲ਼ਟ ਕੋਈ ਕਾਰਜ ਕੁਰਹਤ ਹੀ ਸੀ। ਜੇ ਲੋੜ ਸੀ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦੇ ਠੀਕ ਪ੍ਰਚਾਰ ਅਤੇ ਪਸਾਰ ਦੀ। ਮੌਕੇ ਅਨੁਸਾਰ ਸਿੱਖ ਧੁਰ ਕੀ ਬਾਣੀ ਦੇ ਆਧਾਰ ਉੱਤੇ ਅਰਦਾਸਿ ਵੀ ਕਰ ਲੈਂਦੇ ਸਨ ਅਤੇ ਨਿੱਤ-ਨੇਮ ਵੀ ਮੌਜੂਦ ਸੀ। ਇਸ ਤੋਂ ਬਿਨਾਂ ਹੋਰ ਜਾਣਕਾਰੀ ਦੇਣ ਲਈ ਛੋਟੇ ਛੋਟੇ ਕਿਤਾਬਚੇ ਬਣਾਏ ਜਾ ਸਕਦੇ ਸਨ। ਮੌਜੂਦਾ ਸਿੱਖ ਰਹਤ ਮਰਯਾਦਾ ਦੀ ਲੋੜ ਨਹੀਂ ਸੀ ਕਿਉਂਕਿ ਇਸ ਨੇ ਸਿੱਖਾਂ ਨੂੰ ਆਪਸੀ ਦੁਸ਼ਮਣੀ ਵੱਲ ਤੋਰ ਦਿੱਤਾ ਹੈ।

2. ਸਿੱਖ ਰਹਤ ਮਰਯਾਦਾ ਨੂੰ ਘੜਨ ਦਾ ਕਾਰਣ ਕੀ ਸੀ?

ਸ਼੍ਰੋ. ਕਮੇਟੀ 15-16 ਨਵੰਬਰ ਸੰਨ 1920 ਨੂੰ ਬਣੀ। ਅੰਗ੍ਰੇਜ਼ ਸਰਕਾਰ ਨੇ ਇਸ ਕਮੇਟੀ ਨੂੰ ਰਜਿਸਟਰ ਕਰਨ ਤੋਂ ਪਹਿਲਾਂ ਆਪਣੇ ਪਿੱਠੂ ਅਤੇ ਸਿੱਖਾਂ ਨੂੰ ਕਮਜ਼ੋਰ ਕਰਨ ਵਾਲ਼ੇ 36 ਮੈਂਬਰਾਂ ਨੂੰ ਵੀ ਇਸ ਵਿੱਚ ਸ਼ਾਮਲ ਕਰਨ ਲਈ ਕਮੇਟੀ ਨੂੰ ਰਾਜ਼ੀ ਕਰ ਲਿਆ। ਡਿਪਟੀ ਕਮਿਸ਼ਨਰ ਨੇ ਇਹ ਕਮੇਟੀ, ਖ਼ਾਲਸਾ ਬਰਾਦਰੀ ਵਲੋਂ 12 ਅਕਤੂਬਰ 1920 ਨੂੰ ਅਕਾਲ ਬੁੰਗੇ ਦਾ ਪ੍ਰਬੰਧ ਆਪਣੇ ਹੱਥਾਂ ਵਿੱਚ ਲੈ ਕੇ ਸ. ਤੇਜਾ ਸਿੰਘ ਭੁੱਚਰ ਨੂੰ ਅਕਾਲ ਬੁੰਗੇ ਦਾ ਮੁੱਖ ਸੇਵਾਦਾਰ ਬਣਾਉਣ ਤੇ, 13 ਅਕਤੂਬਰ ਸੰਨ 1920 ਨੂੰ ਇੱਕ ਸਰਬਰਾਹ ਦੀ ਦੇਖ-ਰੇਖ ਵਿੱਚ ਬਣਾ ਦਿੱਤੀ ਸੀ। ਸ਼੍ਰੋ. ਕਮੇਟੀ 30 ਅਪ੍ਰੈਲ ਸੰਨ 1921 ਨੂੰ ਰਜਿਸਟਰ ਕੀਤੀ ਗਈ। ਸੁੰਦਰ ਸਿੰਘ ਮਜੀਠੀਆ ਪ੍ਰਧਾਨ, ਹਰਬੰਸ ਸਿੰਘ ਅਟਾਰੀ ਮੀਤ ਪ੍ਰਧਾਨ ਅਤੇ ਸੁੰਦਰ ਸਿੰਘ ਰਾਮਗੜੀਆ ਸਕੱਤ੍ਰ ਚੁਣੇ ਗਏ। ਸੁੰਦਰ ਸਿੰਘ ਮਜੀਠੀਆ ਦੇ ਅਸਤੀਫ਼ੇ ਕਾਰਣ ਖੜਕ ਸਿੰਘ ਨੂੰ ਪ੍ਰਧਾਨ ਚੁਣਿਆ ਗਿਆ।

ਸ਼੍ਰੋ. ਕਮੇਟੀ ਵਲੋਂ ਚਲਾਈ ਗੁਰਦੁਆਰਾ ਸੁਧਾਰ ਲਹਿਰ (ਸੰਨ 1920-25) ਨੇ ਕਈ ਇਤਿਹਾਸਕ ਗੁਰਦੁਆਰਿਆਂ ਨੂੰ ਬ੍ਰਾਹਮਣਵਾਦੀ ਮਹੰਤਾਂ ਦੇ ਪੰਜੇ ਤੋਂ ਆਜ਼ਾਦ ਕਰਵਾ ਲਿਆ, ਭਾਵੇਂ ਬ੍ਰਾਹਮਣੀ ਰੰਗਤ ਨੂੰ ਨਹੀਂ ਧੋਇਆ ਜਾ ਸਕਿਆ। ਬ੍ਰਾਹਮਣਵਾਦ ਨੂੰ ਮਿਲ਼ੀ ਕਰਾਰੀ ਹਾਰ ਕਾਰਣ ਸੰਨ 1925 ਵਿੱਚ ਆਰ. ਐੱਸ. ਐੱਸ. ਨਾਂ ਦੀ ਇੱਕ ਜਥੇਬੰਦੀ ਬਣ ਗਈ ਜਿਸ ਦਾ ਨਿਸ਼ਾਨਾ ਸ਼੍ਰੋ. ਕਮੇਟੀ ਦੀ ਹੋਈ ਬੱਲੇ-ਬੱਲੇ ਨੂੰ ਢਾਹ ਲਾ ਕੇ ਸਿੱਖਾਂ ਵਿੱਚ ਫੁੱਟ ਪਾਉਣ ਦਾ ਸੀ ਤਾਂ ਜੁ ਸਿੱਖਾਂ ਨੂੰ ਕਮਜ਼ੋਰ ਕਰ ਕੇ ਮੁੜ ਬ੍ਰਾਹਮਣਵਾਦ ਦੇ ਡੰਡੇ ਹੇਠ ਰੱਖਿਆ ਜਾ ਸਕੇ। ਬ੍ਰਾਹਮਣਵਾਦ , ਮਿਲ਼ੀ ਕਰਾਰੀ ਹਾਰ ਦਾ ਬਦਲਾ ਲੈਣ ਲਈ, ਸੰਨ 1925 -31 ਤਕ ਆਪਣੀ ਰਣਨੀਤੀ ਬਣਾ ਚੁੱਕਾ ਸੀ। ਸਿੱਖਾਂ ਵਿੱਚ ਫੁੱਟ ਪਾਉਣ ਲਈ ਅੰਗ੍ਰੇਜ਼ ਅਤੇ ਬ੍ਰਾਹਮਣਵਾਦੀ ਇੱਕੱਠੇ ਸਨ। ਇਨ੍ਹਾਂ ਵਲੋਂ ਇੱਕ ਵਾਤਾਵਰਣ ਤਿਆਰ ਕੀਤਾ ਗਿਆ ਜਿਸ ਅਨੁਸਾਰ ਸ਼੍ਰੋ. ਕਮੇਟੀ ਨੇ ਇਸ ਵਾਤਾਵਰਣ ਵਿੱਚ ਸਿੱਖ ਰਹਤ ਮਰਯਾਦਾ ਬਣਾਉਣ ਲਈ ਤਿਆਰੀ ਫੜ ਲਈ, ਓਦੋਂ ਆਰ. ਐੱਸ. ਐੱਸ. ਨੂੰ ਬਣੀ ਨੂੰ 6 ਸਾਲ ਹੋ ਚੁੱਕੇ ਸਨ ਜੋ ਓਸੇ ਜਮਾਤ ਦੀ ਮੋਢੀ ਹੈ ਜੋ ਬਾਬਾ ਨਾਨਕ ਤੋਂ ਹੀ ਸਿੱਖੀ ਨੂੰ ਖ਼ਤਮ ਕਰਨ ਦੀਆਂ ਚਾਲਾਂ ਵਿੱਚ ਲੱਗੀ ਚਲੀ ਆ ਰਹੀ ਸੀ।

3. ਰਹਤ ਮਰਯਾਦਾ ਨੂੰ ਬਣਾਉਣ ਦੀ ਜ਼ਿੰਮੇਦਾਰੀ ਕਿਸ ਦੀ?

ਉਸ ਸਮੇਂ ਦੀ ਸ਼੍ਰੋ. ਕਮੇਟੀ ਨੇ ਇਹ ਜ਼ਿੰਮੇਦਾਰੀ ਲਈ। ਇਸ ਕਮੇਟੀ ਨੇ ਹੀ ਨਵੀਂ 25 ਮੈਂਬਰੀ ਇੱਕ ਸੱਬ-ਕਮੇਟੀ ਖਰੜਾ ਤਿਆਰ ਕਰਨ ਲਈ ਬਣਾਈ ਜਿਸ ਵਿੱਚ ਸ਼੍ਰੀ ਅਕਾਲ ਤਖ਼ਤ (ਬੁੰਗੇ) ਦਾ ਕੋਈ ਦਖ਼ਲ ਨਹੀਂ ਸੀ ਕਿਉਂਕਿ ਅਕਾਲ ਬੁੰਗੇ ਦਾ ਪ੍ਰਬੰਧਕ ਸ਼੍ਰੋ. ਕਮੇਟੀ ਦਾ ਹੀ ਥਾਪਿਆ ਇੱਸ ਦੇ ਅਧੀਨ ਇੱਕ ਮੁਲਾਜ਼ਮ ਹੁੰਦਾ ਹੈ।

4. ਬਣਨ ਦਾ ਸਮਾਂ:

ਸਿੱਖ ਰਹਤ ਮਰਯਾਦਾ 4 ਅਕਤੂਬਰ, 1931 ਨੂੰ ਬਣਨੀ ਸ਼ੁਰੂ ਹੋਈ ਅਤੇ ਸੰਨ 1945 ਨੂੰ ਮੁਕੰਮਲ ਹੋਈ। ਸਪੱਸ਼ਟ ਹੈ ਇਸ ਨੂੰ ਬਣਾਉਣ ਵਿੱਚ 14 ਸਾਲ ਲੱਗ ਗਏ। ਸਿੱਖ ਰਹਿਤ ਮਰਯਾਦਾ ਦੇ ਅਸਲ ਵਿੱਚ 24 ਪੰਨੇ ਹਨ (ਕੁੱਲ 32 ਪੰਨੇ ਹਨ) ਜਿਨ੍ਹਾਂ ਨੂੰ ਲਿਖਣ ਵਿੱਚ 14 ਸਾਲ ਜਾਂ 168 ਮਹੀਨੇ ਲੱਗੇ। ਇੱਸ ਤੋਂ ਗਣਿਤ ਵਿਧੀ ਨਾਲ਼ ਪਤਾ ਲੱਗਦਾ ਹੈ ਕਿ ਰਹਿਤ ਮਰਯਾਦਾ ਦੇ ਖਰੜੇ ਦਾ ਇੱਕ ਪੰਨਾਂ ਲਿਖਣ ਲਈ 7 ਮਹੀਨੇ ਲੱਗੇ। ਜੇ ਇੱਕ ਪੰਨੇਂ ਦੇ ਔਸਤ 140 ਸ਼ਬਦ ਵੀ ਗਿਣੇ ਜਾਣ ਤਾਂ ਇੱਕ ਮਹੀਨੇ (30 ਦਿਨਾਂ ) ਵਿੱਚ ਖਰੜੇ ਦੇ ਕੇਵਲ 20 ਸ਼ਬਦ ਹੀ ਲਿਖੇ ਗਏ।

ਭਾਰਤ ਦੇ ਸੰਵਿਧਾਨ ਦਾ ਖਰੜਾ ਤਿਆਰ ਕਰਨ ਵਿੱਚ ਵੀ 14 ਸਾਲ ਨਹੀਂ ਲੱਗੇ। ਸੰਵਿਧਾਨ ਦਾ ਖਰੜਾ 2 ਸਾਲ 11 ਮਹੀਨੇ ਅਤੇ 18 ਦਿਨਾਂ ਵਿੱਚ ਹੀ ਤਿਆਰ ਹੋ ਗਿਆ ਸੀ। ਮਹਾਨ ਕੋਸ਼ ਦੀ ਰਚਨਾ ਵੀ ਭਾਈ ਕਾਹਨ ਸਿੰਘ ਨਾਭਾ ਨੇ 14 ਸਾਲਾਂ ਵਿੱਚ ਕੀਤੀ । ਮਹਾਨ ਕੋਸ਼ ਦੇ ਆਕਾਰ ਦੇ ਸਾਮ੍ਹਣੇ ਸਿੱਖ ਰਹਿਤ ਮਰਯਾਦਾ ਦਾ ਖਰੜਾ ਕੁੱਛ ਵੀ ਨਹੀਂ ਹੈ। ਮਹਾਨ ਕੋਸ਼ ਦੇ ਇੱਕ ਪੰਨੇਂ ਉੱਤੇ ਲਿਖੇ ਔਸਤ 1200 ਸ਼ਬਦ ਹਨ। ਮਹਾਨ ਕੋਸ਼ ਦਾ ਇੱਕ ਪੰਨਾਂ ਲਿਖਣ ਲਈ 4 ਦਿਨ ਲੱਗੇ ਜਦੋਂ ਕਿ ਖਰੜੇ ਦਾ ਇੱਕ ਪੰਨਾਂ (140 ਸ਼ਬਦਾਂ ਵਾਲ਼ਾ) 7 ਮਹੀਨਿਆਂ ਵਿੱਚ ਲਿਖਿਆ ਗਿਆ। ਮਹਾਨ ਕੋਸ਼ ਲਿਖਣ ਵਾਲ਼ਾ ਕੇਵਲ ਇੱਕ ਵਿਅੱਕਤੀ ਸੀ ਜਦੋਂ ਕਿ ਖਰੜੇ ਨੂੰ ਲਿਖਣ ਵਾਲ਼ੇ 25 ਵਿਅੱਕਤੀ, ਸ਼੍ਰੋ. ਕਮਟੀ ਵਲੋਂ, ਨਿਯੁਕਤ ਕੀਤੇ ਗਏ ਸਨ, ਭਾਵੇਂ 11 ਮੈਂਬਰਾਂ ਨੇ ਖਰੜਾ ਤਿਆਰ ਕਰਨ ਤੋਂ ਆਪਣੇ ਆਪ ਨੂੰ ਅਲੱਗ ਕਰ ਲਿਆ ਸੀ।

5. ਕੀ ਇਹ ਪੰਥ ਜਾਂ ਸ਼੍ਰੀ ਅਕਾਲ ਤਖ਼ਤ ਤੋਂ ਪ੍ਰਵਾਨਤ ਹੈ?

ਰੌਲ਼ਾ ਜ਼ਰੂਰ ਹੈ ਕਿ ਇਹ ਪੰਥ ਜਾਂ ਸ਼੍ਰੀ ਅਕਾਲ ਤਖ਼ਤ ਤੋਂ ਪ੍ਰਵਾਨਤ ਹੈ ਪਰ ਅਜਿਹਾ ਨਹੀਂ ਹੈ ਅਤੇ ਨਾ ਹੀ ਕਿਸੇ ਕੋਲ਼ ਇਸ ਪ੍ਰਸ਼ਨ ਦਾ ਕੋਈ ਜਵਾਬ ਹੈ। ਪੰਥ ਜਾਂ ਸ਼੍ਰੀ ਅਕਾਲ ਤਖ਼ਤ ਨਹੀਂ ਸਗੋਂ ਸ਼੍ਰੋ. ਕਮੇਟੀ ਦੀ ਬਣਾਈ ਇੱਕ ਸਬ-ਕਮੇਟੀ ਵਲੋਂ ਹੀ ਸਿੱਖ ਰਹਤ ਮਰਯਾਦਾ ਦਾ ਖਰੜਾ ਤਿਆਰ ਕੀਤਾ ਗਿਆ ਸੀ। ਸਿੱਖ ਰਹਤ ਮਰਯਾਦਾ ਪੁਸਤਕ ਵਿੱਚ ਹੀ ਲਿਖਿਆ ਗਿਆ ਹੈ ਕਿ ਖਰੜੇ ਨੂੰ ਦੋ ਸੰਸਥਾਵਾਂ ਤੋਂ ਬਿਨਾਂ ਕਿਸੇ ਹੋਰ ਨੇ ਪ੍ਰਵਾਨਗੀ ਦਿੱਤੀ। ਉਹ ਹਨ:- ੳ. ਸਰਬ ਹਿੰਦ ਸਿੱਖ ਮਿਸ਼ਨ ਬੋਰਡ ਜਿਸ ਨੇ ਆਪਣੇ ਵਲੋਂ ਮਤਾ ਨੰਬਰ 1, ਮਿਤੀ 1 ਅਗੱਸਤ 1936 ਨੂੰ, ਬਣਾਏ ਸਿੱਖ ਰਹਿਤ ਮਰਯਾਦਾ ਦੇ ਖਰੜੇ ਨੂੰ , ਪ੍ਰਵਾਨਗੀ ਦਿੱਤੀ। ਅ. ਫਿਰ ਉਸੇ ਸਾਲ ਸ਼੍ਰੋ. ਗੁ. ਪ੍ਰ. ਕਮੇਟੀ ਨੇ ਵੀ ਆਪਣੇ ਮਤਾ ਨੰਬਰ 149, ਮਿਤੀ 12 ਅਕਤੂਬਰ, 1936 ਨੂੰ ਖਰੜੇ ਨੂੰ ਪ੍ਰਵਾਨਗੀ ਦੇ ਦਿੱਤੀ।

ਇਸੇ ਕਮੇਟੀ ਨੇ 9 ਸਾਲਾਂ ਬਾਅਦ , ਸੰਨ 1936 ਵਿੱਚ ਪ੍ਰਵਾਨ ਕੀਤੀ ਸਿੱਖ ਰਹਤ ਮਰਯਾਦਾ ਵਿੱਚ, ਮੁੜ ਵਾਧੇ ਘਾਟੇ ਕਰਨ ਦੀ ਪ੍ਰਵਾਨਗੀ ਸੰਨ 1945 ਵਿੱਚ ਦੇ ਦਿੱਤੀ ਜਦੋਂ ਕਿ ਸਰਬ ਹਿੰਦ ਸਿੱਖ ਮਿਸ਼ਨ ਬੋਰਡ ਤੋਂ ਇਹ ਵਾਧੇ ਘਾਟੇ ਕਰਨ ਦੀ ਪ੍ਰਵਾਨਗੀ ਨਹੀਂ ਲਈ ਗਈ ਜਿਸ ਤੋਂ ਸਪੱਸ਼ਟ ਹੈ ਕਿ ਸ਼੍ਰੋ. ਕਮੇਟੀ ਹੀ ਆਪਣੇ ਆਪ ਨੂੰ ਸੱਭ ਖ਼ਾਲਸਾ ਪੰਥੀਆਂ ਅਤੇ ਅਕਾਲ ਬੁੰਗੇ ਨਾਲ਼ੋਂ ਉੱਚੀ ਸਮਝਦੀ ਸੀ ।

6. ਖਰੜੇ ਸੰਬੰਧੀ ਆਏ ਸੁਝਾਉ:

21 ਸੰਸਥਾਵਾਂ ਅਤੇ 50 ਵਿਅੱਕਤੀਆਂ ਵਲੋਂ ਖਰੜੇ ਵਾਰੇ ਆਪਣੇ ਸੁਝਾਉ ਭੇਜੇ ਗਏ। ਇਹ ਸੁਝਾਉ ਕੀ ਸਨ ਅਤੇ ਕਿਹੜੇ ਮੰਨੇ ਅਤੇ ਕਿਹੜੇ ਰੱਦ ਕੀਤੇ ਗਏ ਜਾਂ ਕਿਹੜੇ ਬ੍ਰਾਹਮਣਵਾਦੀ ਸਨ ਅਤੇ ਕਿਹੜੇ ਗੁਰਮਤਿ ਅਨੁਸਾਰੀ ਸਨ , ਇਹ ਤਾਂ ਸ਼੍ਰੋ. ਕਮੇਟੀ ਦਾ ਪੁਰਾਣਾ ਰੀਕਾਰਡ ਹੀ ਦੱਸ ਸਕਦਾ ਹੈ।

7. ਕੀ ਸਿੱਖ ਰਹਤ ਮਰਯਾਦਾ ਬਣਾਉਣ ਵਾਲ਼ੇ ਗੁਰੂ ਤੋਂ ਬਾਗ਼ੀ ਨਹੀਂ ਹੋਏ?

ਬਾਗ਼ੀ ਵੀ ਹੋਏ ਹਨ ਅਤੇ ਸਿੱਖ ਕੌਮ ਨਾਲ਼ ਧੋਖਾ ਵੀ ਕੀਤਾ ਹੈ। ਗੁਰੂ ਦੇ ਹੁਕਮਾਂ ਤੋਂ ਬਾਗ਼ੀ ਹੋ ਕੇ ਆਪਣੇ ਹੁਕਮ ਚਲਾਉਣੇ ਦੂਜਿਆਂ ਨਾਲ਼ ਨਿਰਾ ਧੋਖਾ ਹੈ। ਪੰਜਵੇਂ ਗੁਰੂ ਜੀ ਵਲੋਂ ਆਪਣੇ ਹੁਕਮ ਨਾਲ਼ ਸਿੱਖ ਕੌਮ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬਾਣੀਆਂ ਵਿੱਚੋਂ ਇੱਕ ਵੱਖਰਾ ਢਾਂਚਾ ਬਣਾਇਆਂ ਸੀ ਜਦੋਂ ਕਿ ਲਈਆਂ ਗਈਆਂ ਬਾਣੀਆਂ ਹੋਰ ਥਾਵਾਂ ਉੱਤੇ ਵੀ ਲਿਖੀਆਂ ਹੋਈਆਂ ਹਨ। ਇਹ ਢਾਂਚਾ ਛਾਪੇ ਵਾਲ਼ੀ ਬੀੜ ਦੇ ਪਹਿਲੇ 13 ਪੰਨਿਆਂ ਉੱਤੇ ਦਰਜ ਹੈ। ਇਹ ਹੀ ਸਿੱਖਾਂ ਦਾ ਨਿੱਤ-ਨੇਮ ਸੀ ਅਤੇ ਇਸ ਢਾਂਚੇ ਨੂੰ ਰਹਤ ਮਰਯਾਦਾ ਬਣਾਉਣ ਵਾਲ਼ਿਆਂ ਨੇ ਤੋੜ ਕੇ ਰੱਖ ਦਿੱਤਾ (ਨਕਲੀ ਅਪ੍ਰਵਾਨਤ ਰਚਨਾਵਾਂ ਦਾ ਕੋਲ਼ੋਂ ਵਾਧਾ ਕਰ ਕੇ) ਅਤੇ ਸਿੱਖ ਕੌਮ ਨਾਲ਼ ਗੱਦਰੀ ਕੀਤੀ। ਇਹੀ ਢਾਂਚਾ ਦਸਵੇਂ ਗੁਰੂ ਜੀ ਨੇ ਵੀ ਨਹੀਂ ਤੋੜਿਆ ਸੀ ਜਦੋਂ ਉਨ੍ਹਾਂ ਨੇ ਪੋਥੀ (ਆਦਿ ਬੀੜ) ਨੂੰ ਸੰਪੂਰਨ ਕਰ ਕੇ ਦਮਦਮੀ ਬੀੜ ਤਿਆਰ ਕਰਵਾਈ ਸੀ। ਮਰਯਾਦਾ ਬਣਾਉਣ ਦੀ ਕਾਰਵਾਈ ਤੋਂ ਸਪੱਸ਼ਟ ਹੋਇਆ ਕਿ ਮਰਯਾਦਾ ਦੇ ਘਾੜਿਆਂ ਨੇ ਗੁਰੂ ਦੀ ਸੋਚ ਅਤੇ ਕਰਣੀ ਨੂੰ ਰੱਦ ਕਰ ਕੇ ਆਪਣੀ ਮਨਮਤੀ ਸੋਚ ਨੂੰ ਮੁਹਰੇ ਰੱਖ ਕੇ ਸਿੱਖ ਕੌਮ ਨਾਲ਼ ਧੋਖਾ ਕੀਤਾ।

ਅਰਦਾਸਿ ਨੂੰ ਵੀ ਪਵਿੱਤਰ ਨਹੀਂ ਰਹਿਣ ਦਿੱਤਾ ਗਿਆ ਕਿਉਂਕਿ ਇੱਸ ਵਿੱਚ ਵਾਰ ਦੁਰਗਾ ਕੀ ਦੀ ਇੱਕ ਪਉੜੀ ਜੋੜ ਕੇ ( ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀਆਂ 400 ਤੋਂ ਵੱਧ ਪਉੜੀਆਂ ਛੱਡ ਕੇ) ਸਿੱਖ ਕੌਮ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਅੰਦਰ ਦੁਰਗਾ ਮਾਈ ਪਾਰਬਤੀ ਦੇ ਸੋਹਿਲੇ ਗਾਉਣ ਲਾ ਦਿੱਤਾ ਗਿਆ ਜੋ ਪਿਛਲੇ 70-80 ਸਾਲਾਂ ਤੋਂ { ਸੰਨ 1945 ਤੋਂ ਪਹਿਲਾਂ ਦੁਰਗਾ ਦੇਵੀ ਵਾਲ਼ੀ ਇਹ ਅਰਦਾਸਿ ਨਹੀਂ ਸੀ } ਅਰਦਾਸੀਆਂ ਦੁਆਰਾ ਗਾਏ ਜਾ ਰਹੇ ਹਨ। ਭਾਵੇਂ ਹੁਣ ਇਹ ਡਾ. ਰਤਨ ਸਿੰਘ ਜੱਗੀ ਦੀ ਖੋਜ ਤੋਂ ਸਪੱਸ਼ਟ ਹੋ ਚੁਕਾ ਹੈ ਕਿ ਵਾਰ ਦੁਰਗਾ ਕੀ ਦਾ ਨਾਂ ਬਦਲ ਕੇ ਕਿਸੇ ਸਿੱਖੀ ਦੁਸ਼ਮਣ ਨੇ ਵਾਰ ਸ਼੍ਰੀ ਭਗਉਤੀ ਜੀ ਕੀ ਪਾਤਿਸ਼ਾਹੀ 10 ਲਿਖ ਦਿੱਤਾ ਹੈ ਫਿਰ ਵੀ ਸਿੱਖ ਭੁਲੇਖੇ ਵਿੱਚ ਦੁਰਗਾ ਮਾਈ ਦੇ ਇੰਨੇ ਪੱਕੇ ਭਗਤ ਬਣ ਗਏ ਹਨ ਕਿ ਇਸ ਨੂੰ ਪਹਿਲਾਂ ਚੇਤੇ ਕਰ ਕੇ ( ਪ੍ਰਿਥਮ ਭਗਉਤੀ ਸਿਮਰ ਕੇ--ਬੋਲ ਕੇ) ਫਿਰ ਅਰਦਾਸਿ ਸ਼ੁਰੂ ਕਰਦੇ ਹਨ। ਬਹੁਤੇ ਪ੍ਰਚਾਰਕ ਵੀ ਪਿੱਛੇ ਨਹੀਂ ਰਹੇ ਜੋ ਦੁਰਗਾ ਨੂੰ ਮਨਮੱਤ ਅਤੇ ਧੱਕੇ ਨਾਲ਼ ਅਕਾਲ ਪੁਰਖ ਕਹਿ ਕੇ ਦੁਰਗਾ ਭਗਤੀ ਵਿੱਚ ਵਾਧਾ ਕਰ ਰਹੇ ਹਨ।

ਕਿਸੇ ਵਾਰ ਦਾ ਸਿਰਲੇਖ ਹੀ ਦੱਸ ਦਿੰਦਾ ਹੈ ਕਿ ਵਾਰ ਵਿੱਚ ਕਿੱਸ ਯੋਧੇ ਦੀ ਉਪਮਾਂ ਹੈ ਜਿਵੇਂ ਕਿ- ਬੰਦਾ ਸਿੰਘ ਬਹਾਦੁਰ ਦੀ ਵਾਰ, ਭਾਈ ਦੀਪ ਸਿੰਘ ਦੀ ਵਾਰ, ਛੋਟੇ ਸਾਹਿਬਜ਼ਾਦਿਆਂ ਦੀ ਵਾਰ, ਸ਼ਹੀਦ ਊਧਮ ਸਿੰਘ ਦੀ ਵਾਰ, ਸ਼ਹੀਦ ਭਗਤ ਸਿੰਘ ਦੀ ਵਾਰ ਆਦਿਕ ਅਤੇ ਇਵੇਂ ਹੀ ਵਾਰ ਦੁਰਗਾ ਕੀ ਦੇ ਸਿਰਲੇਖ ਤੋਂ ਪਤਾ ਲੱਗ ਜਾਂਦਾ ਹੈ ਕਿ ਇਸ ਵਿੱਚ ਦੁਰਗਾ ਦੇਵੀ ਦੀ ਮਹਿਮਾ ਦੀ ਹੀ ਦੈਂਤਾਂ ਨਾਲ਼ ਯੁੱਧ ਦੀ ਕਥਾ ਹੈ। ਉਹ ਦਿਨ ਸਿੱਖ ਕੌਮ ਲਈ ਸਿੱਖੀ ਦੀ ਚੜ੍ਹਦੀ ਕਲਾ ਵਾਲ਼ਾ ਹੋਵੇਗਾ ਜਿਸ ਦਿਨ ਇਸ ਦੁਰਗਾ ਦੇਵੀ ਦੀ ਸਿਫ਼ਤ ਵਾਲ਼ੀ ਪਉੜੀ ਨੂੰ ਇਹ ਕੌਮ ਪਰੇ ਵਗਾਹ ਮਾਰੇਗੀ। ਸਿੱਖੀ ਵਿੱਚ ਛਾਏ ਬ੍ਰਾਹਮਣਵਾਦ ਦੀ ਰੀੜ੍ਹ ਦੀ ਹੱਡੀ ਤੋੜਨ ਲਈ ਇਹ ਕਾਰਵਾਈ ਤਕੜੀ ਡਾਂਗ ਦੀ ਇੱਕ ਕਰਾਰੀ ਚੋਟ ਹੋਵੇਗੀ।

ਸ਼ਾਬਸ਼! ਉਨ੍ਹਾਂ ਵੀਰਾਂ ਅਤੇ ਕਮੇਟੀਆਂ ਦੇ ਜਿਨ੍ਹਾਂ ਨੇ ਅਰਦਾਸਿ ਵਿੱਚੋਂ ਦੁਰਗਾ ਦੇਵੀ ਵਾਲ਼ੀ ਪਉੜੀ ਨੂੰ ਜੜ੍ਹੋਂ ਵੱਢ ਵਿੱਤਾ ਹੈ ਕਿਉਂਕਿ ਵਾਰ ਦੁਰਗਾ ਕੀ ਦੀਆਂ ਸਾਰੀਆਂ ਪਉੜੀਆਂ ਹੀ ਦੁਰਗਾ ਦੇ ਪਾਠ ਦੀਆਂ ਹਨ ਅਤੇ ਇਹ ਸੱਚ ਲਿਖਾਰੀ ਨੇ ਵਾਰ ਦੀ 55ਵੀਂ ਪਉੜੀ ਵਿੱਚ ਖ਼ੁਦ ਹੀ ਲਿਖਿਆ ਹੋਇਆ ਹੈ ਜਿਸ ਦੀ ਵੱਡੇ-ਵੱਡੇ ਧੁਰੰਧਰ ਵਿਦਵਾਨਾਂ, ਪ੍ਰਚਾਰਕਾਂ ਅਤੇ ਅਰਦਾਸੀਆਂ ਨੂੰ ਇਸ ਗੱਲ ਦੀ ਭਿਣਕ ਹੋ ਜਾਣ ਤੇ ਵੀ ਉਹ ਦੁਰਗਾ ਮਾਈ ਨਾਲ਼ ਪੱਕੇ ਤੌਰ 'ਤੇ ਜੁੜੇ ਹੋਏ ਹਨ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਲ ਮੁੜਨ ਦਾ ਨਾਂ ਨਹੀਂ ਲੈਂਦੇ।

ਚਲਦਾ... ਭਾਗ ਦੂਜਾ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top