ਚੱਲਦੀ ਪਰਪਾਟੀ
ਆਪਸ-ਵਿਰੋਧੀ:
ਸਿੱਖਾਂ ਵਿੱਚ ਬ੍ਰਾਹਮਣਵਾਦ ਅਤੇ ਅਗਿਆਨਤਾ ਦੋਵੇਂ ਇਕੱਠੇ ਹੀ ਚੱਲ
ਰਹੇ ਹਨ। ਅਗਿਆਨਤਾ ਕਾਰਣ ਹੀ ਬ੍ਰਾਹਮਣਵਾਦ ਸਿੱਖੀ ਦੀਆਂ ਜੜ੍ਹਾਂ ਤਕ ਪਹੁੰਚ ਚੁੱਕਾ ਹੈ।
ਅਗਿਆਨਤਾ ਕਿਸ ਤੋਂ ਹੈ? ਅਗਿਆਨਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਸਮਝਣ
ਤੋਂ ਹੈ। ਇਹ ਅਗਿਆਨਤਾ ਕਿਉਂ ਹੈ? ਤੋਤੇ ਰਟਨੀ
ਨਿੱਤ-ਨੇਮ ਅਤੇ ਪਾਠਾਂ ਦੀਆਂ ਲੜੀਆਂ ਵਿੱਚ ਅੰਧਵਿਸ਼ਵਾਸੀ ਸ਼ਰਧਾ, ਬਹੁ ਗਿਣਤੀ ਡੇਰਿਆਂ ਵਲੋਂ
ਸਿੱਖ ਸੰਗਤਾਂ ਨੂੰ ਗੁਰਬਾਣੀ ਦੇ ਸੱਚ ਤੋਂ ਕੋਰੇ ਰੱਖਣਾ ਤਾਂ ਜੁ ਉਨ੍ਹਾਂ ਦਾ ਕੋਈ ਪਾਖੰਡ
ਨੰਗਾ ਨਾ ਹੋ ਜਾਏ, ਬ੍ਰਾਹਮਣਵਾਦੀ ਸਿੱਖ ਪ੍ਰਚਾਰਕਾਂ ਵਲੋ ਮਨਮੱਤ ਦਾ ਜਾਲ਼ ਵਿਛਾਉਣਾ,
ਗੁਰਦੁਆਰਾ ਪ੍ਰਬੰਧਕਾਂ ਸਮੇਤ ਗ੍ਰੰਥੀ ਅਤੇ ਸੰਗਤਾਂ ਦਾ ਲਕੀਰ ਦੇ ਫ਼ਕੀਰ ਹੋ ਕੇ ਤੁਰੇ ਜਾਣਾ
ਆਦਿਕ ਇਸ ਅਗਿਆਨਤਾ ਦੇ ਕਈ ਕਾਰਣ ਹਨ।
ਗੁਰਦੁਆਰਿਆਂ ਵਿੱਚ ਹੁੰਦੀ ਅਰਦਾਸਿ
ਵਿੱਚ ਗ੍ਰੰਥੀ ਸਿੰਘ ਵਲੋਂ ਕਿਹਾ ਜਾਂਦਾ ਹੈ ‘ਦਸਾਂ ਪਾਤਿਸ਼ਾਹੀਆਂ ਦੀ ਜੋਤਿ ਦਾ ਧਿਆਨ ਧਰ
ਕੇ ਬੋਲੋ ਜੀ ਵਾਹਿ ਗੁਰੂ’। ਅਰਦਾਸਿ ਉਪਰੰਤ ਮਨਮਤੀ ਦੋਹਰਾ ਵੀ ਪੜ੍ਹਿਆ ਜਾਂਦਾ
ਹੈ ਜਿਸ ਵਿੱਚ ਕਿਹਾ ਜਾਂਦਾ ਹੈ ‘ਗੁਰੂ ਗ੍ਰੰਥ ਜੀ ਮਾਨਿਓ
ਪ੍ਰਗਟ ਗੁਰਾਂ ਕੀ ਦੇਹ’ ਭਾਵੇਂ ਕਿ ਇਹ ਦੋਹਰਾ ਅਰਦਾਸਿ ਦਾ ਭਾਗ ਨਹੀਂ ਹੈ ।
‘ਦਸਾਂ ਪਾਤਿਸ਼ਾਹੀਆਂ ਦੀ ਜੋਤਿ’ ਅਤੇ ‘ਪ੍ਰਗਟ ਗੁਰਾਂ ਕੀ ਦੇਹ’ ਆਪਸ ਵਿੱਚ ਵਿਰੋਧੀ ਤੱਥ
ਹਨ, ਜਿਨ੍ਹਾਂ ਨੂੰ ਬਿਨਾਂ ਸੋਚੇ, ਸਮਝੇ ਅਤੇ ਵੀਚਾਰੇ ਲਕੀਰ ਦੇ ਫ਼ਕੀਰ ਹੋ ਕੇ ਗੁਰਦੁਆਰੇ
ਵਿੱਚ ਹਾਜ਼ਰ ਸੱਭ ਸੰਗਤਾਂ (ਧੁਰੰਧਰ ਵਿਦਵਾਨਾਂ, ਪਰਧਾਨਾ ਅਤੇ ਪ੍ਰਚਾਰਕਾਂ ਸਮੇਤ) ਵਲੋਂ
ਬੋਲਿਆ ਜਾਂਦਾ ਹੈ। ਕਦੇ ਕਿਸੇ ਦੇ ਕੰਨ ਉੱਤੇ ਜੂੰ ਨਹੀਂ ਸਰਕੀ ਕਿ ਉਹ ਦੋ ਆਪਸ ਵਿਰੋਧੀ
ਵਾਕ ਕਿਉਂ ਬੋਲ ਰਹੇ ਹਨ। ਬਹੁਤਿਆਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਇਹ ਵਾਕ ਸ਼੍ਰੀ ਗੁਰੂ
ਗ੍ਰੰਥ ਸਾਹਿਬ ਵਿੱਚ ਹਨ ਜਾਂ ਨਹੀਂ। ‘ਤਾਏ ਦੀ ਧੀ ਚੱਲੀ ਤੇ ਮੈਂ ਕਿਉਂ ਰਹਾਂ ਇਕੱਲੀ’
ਵਾਲ਼ੀ ਖੇਡ ਵਾਪਰ ਰਹੀ ਹੈ।
ਸੱਚ ਕੀ ਹੈ ?
ਸ਼੍ਰੀ ਗੁਰੂ ਗ੍ਰੰਥ ਸਾਹਿਬ 35 ਬਾਣੀਕਾਰਾਂ
ਦੀ ਜੋਤਿ ਹਨ, ਭਾਵੇਂ ਸਿੱਖ ‘ਦਸਾਂ ਪਾਤਿਸ਼ਾਹੀਆਂ’ ਦੀ ਜੋਤਿ ਹੀ ਕਹਿ ਰਹੇ ਹਨ।
ਦਸਾਂ ਵਿੱਚੋਂ ਕੇਵਲ ਛੇ ਗੁਰੂ ਪਾਤਿਸ਼ਾਹਾਂ (ਪਹਿਲੇ ਪੰਜ ਅਤੇ ਨੌਵੇਂ ਗੁਰੂ ਜੀ ਦੀ) ਦੀ
ਬਾਣੀ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਬਾਕੀ ਚਾਰਿ ਗੁਰੂ ਪਾਤਿਸ਼ਾਹਾਂ ਦੀ
ਬਾਣੀ ਨਹੀਂ ਹੈ । ਜੋਤਿ ਦਾ ਕੀ ਅਰਥ ਹੈ? ਜੋਤਿ ਦਾ
ਅਰਥ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ (ਰਾਗਮਾਲ਼ਾ ਤੋਂ ਬਿਨਾਂ) ਵਿੱਚ ਦਰਜ ਧੁਰ ਕੀ ਬਾਣੀ ਦੀ
ਵਿਚਾਰਧਾਰਾ ਦੀ ਗਿਆਨਮਈ ਰੌਸ਼ਨੀ। ਇਸ ਗਿਆਨ ਦੀ ਬੇਸਮਝੀ ਕਾਰਣ ਹੀ ਸਿੱਖ ਬ੍ਰਾਹਮਣਵਾਦ ਦੀ
ਚੱਕੀ ਵਿੱਚ ਪਿਸ ਰਹੇ ਹਨ ਜਿਨ੍ਹਾਂ ਨੂੰ ਬੁੱਧੂ ਬਣਾ ਕੇ ਗਿਆਨ ਅਤੇ ਆਰਥਕ ਪੱਖੋਂ ਲੁੱਟਿਆ
ਜਾ ਰਿਹਾ ਹੈ। ਬਹੁਤ ਟਾਵੇਂ ਪ੍ਰਚਾਰਕ ਹਨ ਜੋ ਸਿੱਖਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ
ਸੱਚ ਨਾਲ਼ ਜੋੜਨ ਦੀ ਕੋਸ਼ਿਸ਼ ਵਿੱਚ ਹਨ। ‘ਦੇਹ’ ਸ਼ਬਦ ਦਾ ਅਰਥ ਚਲਦੇ ਪ੍ਰਸੰਗ ਵਿੱਚ ਹੈ-
ਸ਼ਰੀਰ। ਕੀ ਸਿੱਖ ਨੂੰ ਨਾਸ਼ਵਾਨ ਸ਼ਰੀਰ ਨਾਲ਼ ਜੋੜਿਆ ਗਿਆ ਸੀ ਜਾਂ
ਸ਼ਬਦ-ਗੁਰੂ-ਗਿਆਨ ਨਾਲ਼? ਸੱਭ ਗੁਰੂ ਪਾਤਿਸ਼ਾਹਾਂ ਨੇ ਸਿੱਖ ਨੂੰ ਗੁਰ-ਸ਼ਬਦ ਨਾਲ਼
ਜੋੜਿਆ ਨਾ ਕਿ ਦੇਹ ਨਾਲ਼ ਜਿਵੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬੋਲ ਹਨ:
ੳ. ਸਬਦੁ ਗੁਰੂ ਸੁਰਤਿ ਧੁਨਿ ਚੇਲਾ॥
ਅ. ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥
ੲ. ਸਬਦੁ ਗੁਰ ਪੀਰਾ ਗਹਿਰ ਗੰਭੀਰਾ ਬਿਨੁ ਸਬਦੈ ਜਗੁ ਬਉਰਾਨੰ॥
ਦਸਵੇਂ ਗੁਰੂ ਜੀ ਨੇ ਚੱਲਦੀ ਦੇਹ-ਧਾਰੀ ਗੁਰੂ ਦੀ ਪ੍ਰੰਪਰਾ ਨੂੰ ਸਦਾ
ਲਈ ਬੰਦ ਕਰ ਕੇ ਦਮਦਮੀ ਬੀੜ ਨੂੰ ਮੱਥਾ ਟੇਕਿ ਗੁਰੂ ਪਦਵੀ ਬਖ਼ਸ਼ ਕੇ ਸਿੱਖਾਂ ਨੂੰ ਸ਼੍ਰੀ
ਗੁਰੂ ਗ੍ਰੰਥ ਸਾਹਿਬ (ਰਾਗਮਾਲ਼ਾ ਤੋਂ ਬਿਨਾਂ) ਦੇ ਲੜ ਲਾ ਦਿੱਤਾ। ਇੱਸ ਤੱਥ ਨੂੰ ਨਿਰਮਲੇ
ਗਿਆਨੀ ਗਿਆਨ ਸਿੰਘ ਨੇ ਬ੍ਰਾਹਮਣਵਾਦੀ ਰੰਗਤ ਦੇ ਕੇ ਲਿਖ ਦਿੱਤਾ-‘ਗੁਰੂ ਗ੍ਰੰਥ ਜੀ ਮਾਨਿਓ
ਪ੍ਰਗਟ ਗੁਰਾਂ ਕੀ ਦੇਹ’ ਅਤੇ ਦੇਹ ਦੀ ਪੂਜਾ ਅਤੇ ਮਾਲਸ਼ ਕਰਵਾਉਣ ਵਾਲ਼ਿਆਂ ਵਿਹਲੜਾਂ ਨੇ ਇਸ
ਨੂੰ ਗੁਰਦੁਆਰਿਆਂ ਵਿੱਚ ਪ੍ਰਚੱਲਤ ਕਰ ਦਿੱਤਾ ਜਿਸ ਨਾਲ਼ ਸਿੱਖ ਦੇਹ ਦੇ ਪੁਜਾਰੀ ਬਣ ਗਏ ਅਤੇ
ਸ਼ਬਦ ਗੁਰੂ ਨਾਲ਼ੋਂ ਟੁੱਟ ਕੇ ਗੁਰਮਤਿ ਤੋਂ ਦੂਰਿ ਹੋ ਗਏ। ਸੱਚ ਕੀ ਹੈ? ਸਿੱਖ ‘ਦੇਹ’ ਦਾ
ਪੁਜਾਰੀ ਨਹੀਂ, ਸਿੱਖ ਦਾ ਗੁਰੂ ਦੇਹ-ਧਾਰੀ ਕੋਈ ਮਹਾਂਪੁਰਸ਼ ਨਹੀਂ ਸਗੋਂ ਸਿੱਖ ਦਾ ਇੱਕੋ
ਇੱਕ ਗੁਰੂ ‘ਸ਼੍ਰੀ ਗੁਰੂ ਗ੍ਰੰਥ ਸਾਹਿਬ’ ਹੈ।
ਨੋਟ:
ਬੀਬੀ ਹਰਪਾਲ ਕੌਰ ਨੇ ਗੁਰਦੁਆਰਿਆਂ ਵਿੱਚ ਚੱਲ ਰਹੀ ਮਨਮੱਤ ਦਾ
ਜ਼ਿਕਰ ਕਰ ਕੇ ‘ਖ਼ਾਲਸਾ ਨਿਊਜ਼’ ਰਾਹੀਂ ਵਧੀਆ ਸੇਧ ਦਿੱਤੀ ਹੈ। ਇਸ ਤੋਂ ਪਤਾ ਲੱਗਦਾ
ਹੈ ਕਿ ਬੀਬੀਆਂ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਪਕੜ ਕਰ ਰਹੀ ਹੈ ਜੋ
ਸਿੱਖ ਕੌਮ ਦੇ ਭਵਿੱਖ ਲਈ ਚੰਗੀ ਗੱਲ ਹੈ।