Share on Facebook

Main News Page

ਕੌਣ ਹਨ ਸ. ਨਿਰਮਲ ਸਿੰਘ ਹੰਸਪਾਲ ਜਰਮਨੀ ?
-: ਪ੍ਰੋ. ਕਸ਼ਮੀਰਾ ਸਿੰਘ ਯੂ.ਐਸ.ਏ.

8-9 ਮਾਰਚ, 2017 ਨੂੰ ਦਸ਼ਮ ਗ੍ਰੰਥ ਸੰਬੰਧੀ ਵਿਵਾਦ ਨੂੰ ਸੁਲਝਾਉਣ ਲਈ ਜਰਮਨੀ (ਫਰੈਂਕਫਰਟ) ਵਿੱਚ ਇੱਕ ਸੰਵਾਦ ਦਾ ਪ੍ਰਬੰਧ ਕੀਤਾ ਗਿਆ ਸੀ। ਇੱਸ ਦੇ ਪ੍ਰਬੰਧ ਕਰਤਾ, ਸਾਥੀਆਂ ਦੇ ਸਹਿਯੋਗ ਨਾਲ਼, ਸ. ਨਿਰਮਲ ਸਿੰਘ ਜੀ ਹੰਸਪਾਲ ਸਨ। ਲਫ਼ਜ਼ੀ ਤੌਰ 'ਤੇ ਹੰਸਪਾਲ ਦਾ ਅਰਥ ਹੈ - ਹੰਸਾਂ ਨੂੰ ਪਾਲਣ-ਪੋਸ਼ਣ ਵਾਲ਼ੇ। ਹੰਸਪਾਲ ਲਫ਼ਜ਼ ਦੇ ਅਰਥਾਂ ਅਨੁਸਾਰ ਉਨ੍ਹਾਂ ਨੇ ਸੱਭ ਬੁਲਾਰਿਆਂ ਨੂੰ ਹੰਸ ਮੰਨ ਕੇ ਸੱਦਾ ਦੇ ਕੇ ਖ਼ੂਬ ਸੇਵਾ ਟਹਲ ਕੀਤੀ, ਭਾਵੇਂ ਕੁੱਝ ਹੰਸਾਂ ਦੇ ਵਤੀਰੇ ਨੇ ਉਨ੍ਹਾਂ ਦਾ ਮਨ ਖੱਟਾ ਵੀ ਕੀਤਾ। ਸੰਵਾਦ ਵਿੱਚ ਹਾਜ਼ਰ ਹੋਣ ਵਾਲ਼ੇ ਬੁਲਾਰਿਆਂ ਲਈ ਉਨ੍ਹਾਂ ਵਲੋਂ ਹਵਾਈ ਟਿਕਟਾਂ ਅਤੇ ਰਿਹਾਇਸ਼ ਦਾ ਪੂਰਾ ਪ੍ਰਬੰਧ ਵੀ ਕੀਤਾ ਗਿਆ। ਬੁਲਾਰਿਆਂ ਨੇ ਉਨ੍ਹਾਂ ਦੀ ਮਹਿਮਾਨ-ਨਿਵਾਜ਼ੀ ਦਾ ਪੂਰਾ ਅਨੰਦ ਮਾਣਿਆਂ।

ਸੰਵਾਦ ਰਚਾਉਣ ਦਾ ਇਹ ਮੌਕਾ ਬਹੁਤ ਹੀ ਵਧੀਆ ਸੀ ਜਿਸ ਵਿੱਚ ਸਿੱਖ ਵਿਦਵਾਨਾਂ ਵਲੋਂ ਦਸ਼ਮ ਗ੍ਰੰਥ ਵਾਰੇ ਚਲਦੇ ਵਿਵਾਦ ਲਈ ਕੁੱਝ ਹੱਲ ਕੱਢਿਆ ਜਾਣਾ ਸੀ, ਤਾਂ ਜੁ ਸਿੱਖਾਂ ਵਿੱਚ ਭਰਾ-ਮਾਰੂ ਜੰਗ ਦੇ ਬੀਜੇ ਬੂਟਿਆਂ ਨੂੰ ਜੜ੍ਹਾਂ ਤੋਂ ਪੁੱਟ ਕੇ ਪਰੇ ਸੁੱਟਿਆ ਜਾ ਸਕੇ। ਅਫ਼ਸੋਸ ਕਿ ਅਜਿਹਾ ਨਾ ਹੋ ਸਕਿਆ। ਸ. ਨਿਰਮਲ ਸਿੰਘ ਹੰਸਪਾਲ ਦੇ ਕੀਤੇ ਯਤਨਾਂ ਦਾ ਸੰਵਾਦ ਦੀ ਇੱਕ ਧਿਰ ਨੇ ਕੋਈ ਮੁੱਲ ਨਹੀਂ ਪਾਇਆ ਕਿਉਂਕਿ ਇਸ ਧਿਰ ਨੇ ਸੰਵਾਦ ਵਿੱਚ, ਕਿਸੇ ਹਾਨੀ ਜਾਂ ਹਾਰ ਆਦਿਕ ਦੇ ਡਰ ਤੋਂ, ਭਾਗ ਲੈਣ ਤੋਂ ਕੋਰੀ ਹੀ ਨਾਂਹ ਕਰ ਦਿੱਤੀ।

ਜੇ ਜਰਮਨੀ ਜਾ ਕੇ, ਪ੍ਰਬੰਧਕਾਂ ਦੀਆਂ ਪਰੇਸ਼ਾਨੀਆਂ ਵਧਾ ਕੇ, ਮੁਫ਼ਤ ਵਿੱਚ ਮਿਲ਼ੀਆਂ ਟਿਕਟਾਂ ਦਾ ਲਾਭ ਉਠਾ ਕੇ, ਯੂਨੀਵਰਸਿਟੀ ਤੋਂ ਸੰਵਾਦ ਦੇ ਬਹਾਨੇ ਛੁੱਟੀਆਂ ਲੈ ਕੇ, ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਕਰ ਕੇ ਹੀ ਸੰਵਾਦ ਕਰਨ ਤੋਂ ਮੁੱਕਰਨਾ ਸੀ ਤਾਂ ਚੰਗਾ ਹੁੰਦਾ ਕਿ ਇਹ ਧਿਰ ਓਥੇ ਜਾਂਦੀ ਹੀ ਨਾ ਅਤੇ ਸਿੱਖ ਕੌਮ ਦਾ ਇੰਨਾਂ ਮਾਇਕ ਨੁਕਸਾਨ ਨਾ ਹੁੰਦਾ। ਸਟੇਜ਼ਾਂ ਉੱਪਰ ਬੋਲ ਕੇ ਆਮ ਲੋਕਾਂ ਨੂੰ ਦਸ਼ਮ ਗ੍ਰੰਥ ਦੇ ਮਗਰ ਲਾਉਣਾ ਤਾਂ ਬੜਾ ਸੌਖਾ ਹੈ, ਪਰ ਸੁਆਦ ਤਾਂ ਇਹ ਸੀ ਕਿ ਸੰਵਾਦ ਤੋਂ ਮੁੱਕਰਨ ਵਾਲ਼ੇ ਅਜਿਹੇ ਬੁਲਾਰੇ ਕਿਸੇ ਰੀਸਰਚ ਸਕਾਲਰ ਦੇ ਸਾਮ੍ਹਣੇ ਆਪਣੀ ਗੱਲ ਕਹਿਣ ਦੀ ਹਿੰਮਤ ਰੱਖਦੇ।

ਸ. ਨਿਰਮਲ ਸਿੰਘ ਹੰਸਪਾਲ ਜੀ ਤੁਸੀਂ ਆਪਣੇ ਸੁਭਾਉ ਅਨੁਸਾਰ ਸੱਭ ਦੀ ਸੇਵਾ ਕੀਤੀ ਜਿਸ ਨਾਲ਼ ਤੁਸੀਂ ਗੁਰੂ ਜੀ ਦੀ ਕਿਰਪਾ ਦੇ ਪਾਤ੍ਰ ਬਣੇ ਹੋ। ਤੁਹਾਨੂੰ ਇਹ ਰੰਜ ਜ਼ਰੂਰ ਹੋਵੇਗਾ ਕਿ ਸੋਚਿਆ ਕੁੱਝ ਤੇ ਬਣ ਗਿਆ ਕੁੱਝ ਹੋਰ, ਪਰ ਸਾਰੀ ਸਿੱਖ ਕੌਮ ਨੇ ਤੁਹਾਡੀ ਬਹਾਦਰੀ ਅਤੇ ਸਿੱਖੀ ਪ੍ਰਤੀ ਚੰਗੀ ਸੋਚ ਦੇ ਦਰਸ਼ਨ ਜ਼ਰੂਰ ਕਰ ਲਏ ਹਨ, ਜੋ ਬੜੀ ਚੰਗੀ ਗੱਲ ਹੋਈ ਹੈ। ਤੁਹਾਡੇ ਨਾਂ ਦੇ ਜ਼ਿਕਰ ਤੋਂ ਬਿਨਾਂ ਦਸ਼ਮ ਗ੍ਰੰਥ ਪ੍ਰਤੀ ਸੰਵਾਦਾਂ ਦਾ ਲਿਖਿਆ ਇਤਿਹਾਸ ਮੁਕੰਮਲ ਨਹੀਂ ਹੋਵੇਗਾ।

ਸੰਵਾਦ ਅਸਥਾਨ ਉੱਤੇ ਹਾਜ਼ਰ ਸਿੱਖਾਂ ਵਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ (ਰਾਗਮਾਲ਼ਾ ਤੋਂ ਬਿਨਾਂ) ਦੀਆਂ ਹੀ ਬਾਣੀਆਂ ਪੜ੍ਹਨ ਦਾ ਮਤਾ ਪਾਸ ਕੀਤਾ ਗਿਆ, ਮਤਾ ਵੀ ਆਮ ਸਿੱਖਾਂ ਨੂੰ ਸੇਧ ਦੇਵੇਗਾ ਕਿ ਦਸਵੇਂ ਗੁਰੂ ਜੀ ਵਲੋਂ ਸਿੱਖ ਕੌਮ ਦਾ ਥਾਪਿਆ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ (ਰਾਗਮਾਲ਼ਾ ਤੋਂ ਬਿਨਾਂ) ਹੈ ਜਿਸ ਦੀ ਬਾਣੀ ਦੀ ਬਰਾਬਰੀ ਇਸ ਤੋਂ ਬਾਹਰ ਪਈ ਕੋਈ ਵੀ ਰਚਨਾ ਨਹੀਂ ਕਰ ਸਕਦੀ, ਭਾਵੇਂ, ਉਸ ਰਚਨਾ ਵਿੱਚ ਪ:10 ਲਿਖਿਆ ਹੋਵੇ ਜਾਂ ਨਾਨਕ ਸ਼ਬਦ ਦੀ ਮੁਹਰ ਹੋਵੇ। ਸਿੱਖਾਂ ਲਈ ਨਿੱਤ-ਨੇਮ, ਪਾਹੁਲ ਅਤੇ ਅਰਦਾਸਿ ਵਿੱਚ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ(ਰਾਗਮਾਲ਼ਾ ਤੋਂ ਬਿਨਾਂ) ਦੀ ਬਾਣੀ ਪੜ੍ਹਨੀ ਹੀ ਦਸਵੇਂ ਗੁਰੂ ਜੀ ਵਲੋਂ ਪ੍ਰਵਾਨ ਹੈ।

ਸੰਵਾਦ ਵਿੱਚ ਡਟੇ ਰਹਿਣ ਵਾਲ਼ੀ ਧਿਰ ਵਿੱਚ ਪ੍ਰੋ. ਦਰਸ਼ਨ ਸਿੰਘ, ਡਾ. ਹਰਜਿੰਦਰ ਸਿੰਘ ਦਿਲਗੀਰ, ਡਾ. ਗੁਰਦਰਸ਼ਨ ਸਿੰਘ ਢਿੱਲੋਂ, ਸ. ਦਲਬੀਰ ਸਿੰਘ ਐੱਮ.ਐੱਸ ਸੀ. ਅਤੇ ਸ. ਗੁਰਤੇਜ ਸਿੰਘ ਸਾਬਕਾ ਆਈ. ਏ. ਐੱਸ. ਸ਼ਾਮਲ ਸਨ।

ਸੰਵਾਦ ਤੋਂ ਪਰੇ ਹਟ ਜਾਣ ਵਾਲ਼ੀ ਧਿਰ ਵਿੱਚ ਡਾ; ਅਮਰਜੀਤ ਸਿੰਘ, ਡਾ. ਇੰਦਰਜੀਤ ਸਿੰਘ ਗੋਗੋਆਣੀ ਅਤੇ ਪ੍ਰਿੰਸੀਪਲ ਸ. ਵਰਿਆਮ ਸਿੰਘ ਸ਼ਾਮਲ ਸਨ।

ਗੁਰੂ ਰਾਖਾ!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top