Share on Facebook

Main News Page

ਗੁਰਬਾਣੀ ਵਿੱਚ ਅੱਧਕ ( ) ਧੁਨੀ (ਬੱਲ ਧੁਨੀ) ਦੀ ਵਰਤੋਂ
-: ਪ੍ਰੋ. ਕਸ਼ਮੀਰਾ ਸਿੰਘ ਯੂ.ਐਸ.ਏ.

ਅੱਧਕ ( ੱ ) ਦੀ ਵਰਤੋਂ:-

ਗੁਰਬਾਣੀ ਵਿੱਚ ਕਿਤੇ ਭੀ ਅੱਧਕ ਦਾ ਚਿੰਨ੍ਹ (ਸੇਮਬੋਲ) ਵਰਤਿਆ ਨਹੀਂ ਮਿਲ਼ਦਾ , ਭਾਵੇਂ, ਅੱਧਕ ਦੀ ਧੁਨੀ ਦੀ ਵਰਤੋਂ ਕੀਤੀ ਮਿਲ਼ਦੀ ਹੈ। ਇੱਸ ਤੋਂ ਪਤਾ ਲੱਗਦਾ ਹੈ ਕਿ ਓਦੋਂ ਅੱਧਕ ਦਾ ਚਿੰਨ੍ਹ ਗੁਰਮੁਖੀ ਲਿੱਪੀ ਵਿੱਚ ਅਜੇ ਹੋਂਦ ਵਿੱਚ ਨਹੀਂ ਸੀ । ਉਰਦੂ/ਫ਼ਾਰਸੀ ਭਾਸ਼ਾ ਵਿੱਚ ਅੱਧਕ ਲਈ ਤਸ਼ਦੀਦ ਨਾਂ ਦਾ ਚਿੰਨ੍ਹ ਵਰਤੋਂ ਵਿੱਚ ਸੀ । ਸੰਸਕ੍ਰਿਤ ਭਾਸ਼ਾਂ ਵਿੱਚ ਅੱਧਕ ਦੀ ਵਰਤੋਂ ਅੱਖਰ ਦੇ ਨਾਲ਼ ਉਹੀ ਅੱਧਾ ਅੱਖਰ ਹੋਰ ਜੋੜ ਕੇ ਕੀਤੀ ਜਾਂਦੀ ਸੀ । ਜਿਵੇਂ :-

1. ਉਰਦੂ/ਫ਼ਾਰਸੀ ਭਾਸ਼ਾ ਵਿੱਚ ਅੱਧਕ ਦੀ ਵਰਤੋਂ -

ਅੱਬਾ = ਅਲਿਫ਼+ਤਸ਼ਦੀਦ+ਬੇ+ਜ਼ਬਰ+ਅਲਿਫ਼
(ਆਪਣੇ ਖੱਬੇ ਪਾਸੇ ਨੂੰ ਪੜ੍ਹੋ)

2. ਸੰਸਕ੍ਰਿਤ/ਹਿੰਦੀ ਵਿੱਚ ਅੱਧਕ ਦੀ ਵਰਤੋਂ -

ਛੁੱਟੀ = छुट्टी।   ਪੱਤਾ= पत्ता।  ਬੱਚਾ= बच्चा।  ਕੁੱਤਾ= कुत्ता

ਉਪਰੋਕਤ ਤੋਂ ਪਤਾ ਲੱਗਦਾ ਹੈ ਕਿ ਅੱਧਕ, ਭਾਵ, ਅੱਖਰ ਦੀ ਧੁਨੀ ਨੂੰ ਦੁੱਤ ਕਰਕੇ ਜਾਂ ਅੱਖਰ ਉੱਤੇ ਬੱਲ ਦੇ ਕੇ ਬੋਲਣਾਂ ਆਮ ਪ੍ਰਚੱਲਤ ਸੀ । ਪੰਜਾਬੀ ਭਾਸ਼ਾ ਬੋਲਣ ਵਾਲ਼ੇ ਭੀ ਉਹੀ ਪ੍ਰਾਣੀ ਸਨ ਜੋ ਅੱਧਕ ਦੀ ਧੁਨੀ ਨੂੰ ਬੋਲਣ ਦਾ ਅਭਿਆਸ ਰੱਖਦੇ ਸਨ ਤੇ ਸਿੱਖੀ ਵਿਚਾਰਧਾਰਾ ਨੂੰ ਅਪਣਾ ਕੇ ਸਿੱਖ ਬਣ ਗਏ । ਹਿੰਦੂ ਜਾਂ ਮੁਸਲਮਾਨ ਤੋਂ ਸਿੱਖ ਬਣਨ ਲਈ ਐਸੀ ਕੋਈ ਸ਼ਰਤ ਨਹੀਂ ਸੀ ਕਿ ਉਹ ਪਹਿਲਾਂ ਅੱਧਕ ਦੀ ਧੁਨੀ ਬੋਲਣੀ ਬੰਦ ਕਰਨ । ਜੇ ਅੱਧਕ ਦੀ ਧੁਨੀ ਦਾ ਚਿੰਨ੍ਹ ਗੁਰਬਾਣੀ ਵਿੱਚ ਨਹੀਂ ਹੈ ਤਾਂ ਇਸ ਦਾ ਅਰਥ ਇਹ ਨਹੀਂ ਕਿ ਇਹ ਧੁਨੀ ਪੰਜਾਬੀ ਭਾਸ਼ਾ ਵਿੱਚੋਂ ਉੱਕਾ ਹੀ ਅਲੋਪ ਹੋ ਗਈ ਸੀ । ਧੁਨੀਆਂ ਪਹਿਲਾਂ ਤੇ ਉਨ੍ਹਾਂ ਦੇ ਚਿੰਨ੍ਹ ਪਿੱਛੋਂ ਜਾ ਕੇ ਹੋਂਦ ਵਿੱਚ ਆਉਂਦੇ ਹਨ ।

ਹੁਣ ਪ੍ਰਸ਼ਨ ਹੈ ਕਿ ਕੀ ਅੱਧਕ ਦਾ ਚਿੰਨ੍ਹ ਨਾ ਲੱਗਾ ਹੋਣ ਤੇ ਭੀ ਸ਼ਬਦਾਂ ਵਿੱਚ ਲੋੜ ਅਨੁਸਾਰ ਇਹ ਧੁਨੀ ਬੋਲਣੀ ਹੈ ਕਿ ਨਹੀਂ ? ਉੱਤਰ ਸਪੱਸ਼ਟ ਹੈ ਕਿ ਬੋਲਣੀ ਹੈ, ਨਹੀਂ ਤਾਂ ਪਾਠ ਰੁੱਖਾ ਹੋਵੇਗਾ ਅਤੇ ਅਰਥ ਭੀ ਠੀਕ ਨਹੀਂ ਬਣਨਗੇ। ਗੱਲ ਅੱਧਕ ਦਾ ਚਿੰਨ੍ਹ ਲੱਗਾ ਜਾਂ ਨਾ ਲੱਗਾ ਹੋਣ ਦੀ ਨਹੀਂ, ਗੱਲ ਹੈ ਕਿ ਸ਼ਬਦ ਰਚਨਾ ਨੂੰ ਵਿਚਾਰ ਕੇ ਬੋਲਣ ਨਾਲ਼ ਅਰਥ ਕੀ ਬਣਦੇ ਹਨ । ਕਿਸੇ ਭੀ ਸ਼ਬਦ ਦੇ ਬੋਲਣ ਵਿੱਚ ਉੱਸ ਭਾਸ਼ਾ ਦੀਆਂ ਧੁਨੀਆਂ ਨੂੰ ਧਿਆਨ ਵਿੱਚ ਰੱਖਣਾ ਹੈ ਜਿੱਸ ਭਾਸ਼ਾ ਵਿੱਚੋਂ ਉਹ ਸ਼ਬਦ ਲਿਆ ਗਿਆ ਹੈ ਨਹੀਂ ਤਾਂ ਅਰਥ ਦਾ ਅਨੱਰਥ ਬਣ ਜਾਏਗਾ । ਇੱਸ ਕੰਮ ਲਈ ਸ਼ਬਦ-ਜੋੜ ਭਾਸ਼ਾ ਧੁਨੀ-ਗਿਆਨ ਦਾ ਹੋਣਾ ਅਤੀ ਜ਼ਰੂਰੀ ਹੈ । ਬਿਨਾ ਵੀਚਾਰ ਜਾਂ ਲੋੜ ਤੋਂ ਅੱਧਕ ਦੀ ਵਰਤੋਂ ਭੀ ਅਰਥ ਦਾ ਅਨੱਰਥ ਬਣਾ ਦਿੰਦੀ ਹੈ । ਗੁਰਬਾਣੀ ਵਿੱਚੋਂ ਪਾਵਨ ਕੁਝ ਤੁਕਾਂ ਵਿੱਚ ਅੱਧਕ ਦੀ ਧੁਨੀ ਦੀ ਵਰਤੋਂ/ਕੁਵਰਤੋਂ ਤੇ ਵਿਚਾਰ ਕਰਦੇ ਹਾਂ:-

1. ਜਬ ਦੇਖਿਓ ਬੇੜਾ ਜਰਜਰਾ ਤਬ ਉਤਰਿ ਪਰਿਓ ਹਉ ਫਰਕਿ ॥ (ਅੰਕੁ-1368 ਗਗਸ)

ਤੁਕ ਵਿੱਚ ਫਰਕਿ ਸ਼ਬਦ ਦੀ ਵਰਤੋਂ ਫੜੱਕ ਤੋਂ ਹੈ ਭਾਵ ਬਹੁਤ ਜਲਦੀ, ਇੱਸ ਲਈ ਰ ਅੱਧਕ ਨਾਲ਼ ਬੋਲਿਆ ਜਾਵੇਗਾ। ਕੱਕਾ ਅੱਖਰ ਨੂੰ ਦੁੱਤ ਕਰਕੇ ਬੋਲਣ ਨਾਲ਼ ਹੀ ਅਰਥ ਸ਼ੁੱਧ ਹੋਣਗੇ । ਜੇ ਫਰੱਕਿ ਦੀ ਥਾਂ ਫਰਕਿ ਪੜਿਆ ਜਾਵੈ ਤਾਂ ਅਰਥ ਹੋਣਗੇ ਅੰਤਰ ਕਰਕੇ, ਜੋ ਇੱਥੇ ਢੁੱਕਵੇਂ ਨਹੀਂ ।

2. ਫਰੀਦਾ ਕੰਨਿ ਮੁਸਲਾ ਸੂਫੁ ਗਲਿ ਦਿਲਿ ਕਾਤੀ ਗੁੜੁ ਵਾਤਿ ॥ (ਅੰਕੁ-1380 ਗਗਸ)

ਕੰਨਿ- ਮੋਢੇ ਉੱਤੇ। ਸੂਫੁ- ਕਾਲ਼ੀ ਖਫ਼ਨੀ। ਦਿਲਿ- ਦਿਲ ਵਿੱਚ (ਅਧਿਕਰਣ ਕਾਰਕ ਸ਼ਬਦ)। ਵਾਤਿ- ਮੂੰਹ ਵਿੱਚ (ਅਧਿਕਰਣ ਕਾਰਕ ਸ਼ਬਦ- ਲੋਚੳਟਵਿੲ ਚੳਸੲ)। ਤੁਕ ਵਿੱਚ ਮੁਸਲਾ ਸ਼ਬਦ ਦਾ ਅਰਥ ਹੈ ਨਮਾਜ਼ (ਸੱਲਤ) ਪੜਨ੍ਹ ਲਈ ਸਾਧਨ। ਇਹ ਅਰਥ ਤਾਂ ਹੀ ਬਣਨਗੇ ਜੇ ਸ਼ਬਦ ਨੂੰ ਮੁਸੱਲਾ ਪੜ੍ਹਿਆ ਜਾਵੈ । ਇਹ ਅ਼ਰਬੀ ਭਾਸ਼ਾ ਦਾ ਸ਼ਬਦ ਮੁਸੱਲਹ਼ ਹੈ । ਜੇ ਸੱਸਾ ਅੱਖਰ ਏਥੇ ਅੱਧਕ ਨਾਲ਼ ਨਾ ਬੋਲਿਆ ਜਾਵੈ ਤਾਂ ਮੁਸਲਾ ਬੋਲਣ ਨਾਲ਼ ਸ਼ਬਦ ਦੇ ਅਰਥ ਹੋਣਗੇ ਮੁਸਲਮਾਨ ਅਤੇ ਕੰਨਿ ਮੁਸਲਾ ਦਾ ਅਰਥ ਬਣੇਗਾ ਮੋਢੇ ਉੱਤੇ ਮੁਸਲਮਾਨ ਚੁੱਕੀ ਫਿਰਦਾ ਹੈ ਤੇ ਇਉਂ ਬਾਣੀ ਦਾ ਨਿਰਾਦਰ ਹੋਏਗਾ ਅਤੇ ਅਰਥਾਂ ਦਾ ਅਨਰੱਥ ਬਣੇਗਾ।

3. ੳ. ਮਾਤਾ ਪ੍ਰੀਤਿ ਕਰੇ ਪੁਤੁ ਖਾਇ ॥ (ਅੰਕੁ -164 ਗਗਸ)         ਅ. ਮਾਤਾ ਭੈਸਾ ਅੰਮੁਹਾ ਜਾਇ ॥ (ਅੰਕੁ -326 ਗਗਸ)

ਤੁਕ ਨੰਬਰ 3. ੳ. ਵਿੱਚ ਮਾਤਾ ਸ਼ਬਦ ਦਾ ਅਰਥ ਹੈ ਮਾਂ, ਤ ਨਾਲ਼ ਕੋਈ ਬੱਲ ਧੁਨੀ ਨਹੀਂ ਹੈ । ਜੇ ਗ਼ਲਤੀ ਨਾਲ਼ ਬੱਲ ਧੁਨੀ ਬੋਲੀ ਗਈ ਤਾਂ ਅਰਥ ਬਣੇਗਾ ਮਸਤਿਆ ਹੋਇਆ ਪ੍ਰੇਮ ਕਰਦਾ ਹੈ ਤੇ ਪੁੱਤਰ ਖਾਂਦਾ ਹੈ ਜੋ ਠੀਕ ਨਹੀਂ ਹੋਵੈਗਾ ।

ਤੁਕ ਨੰਬਰ 3. ਅ. ਵਿੱਚ ਮਾਤਾ ਸ਼ਬਦ ਦਾ ਅਰਥ ਹੈ ਮਸਤਿਆ ਹੋਇਆ ਅਤੇ ਉੱਚਾਰਣ ਮਾੱਤਾ ਜਾਂ ਮਾਅਤਾ ਹੋਵੇਗਾ । ਤ ਨੂੰ ਦੁੱਤ ਕਰਕੇ ਬੋਲਿਆ ਜਾਵੈਗਾ । ਇੱਥੇ ਮਾਤਾ ਸ਼ਬਦ ਮੱਤਾ ਤੋਂ ਬਣਿਆਂ ਹੈ । ਤੁਕ ਦਾ ਅਰਥ ਬਣੇਗਾ- ਮਸਤੇ ਹੋਏ ਸੰਢੇ ਵਰਗਾ ਮਨੁ ਅਮੋੜ-ਪੁਣਾ ਕਰਦਾ ਹੈ । ਮਾਤਾ ਸ਼ਬਦ ਵਿੱਚ /ਮਾ/ ਨਾਲ਼ ਅੱਧਕ ਧੁਨੀ ਬੋਲਣ ਤੋ ਬਿਨਾਂ ਮਾਤਾ ਭੈਸਾ ਦਾ ਅਰਥ ਬਣੇਗਾ ਮਾਂ ਸੰਢਾ ਹੈ ਜੋ ਗ਼ਲਤ ਹੈ । ਸ਼੍ਰੋਤੇ ਨੇ ਬੋਲਣ ਵਾਲ਼ੇ ਦੀ ਰਸਨਾ ਤੋਂ ਹੋਏ ਉੱਚਾਰਣ ਨੂੰ ਸੁਣਕੇ ਹੀ ਕੋਈ ਅਰਥ ਭਾਵ ਸਮਝਣਾ ਹੁੰਦਾ ਹੈ । ਠੀਕ ਬੋਲਣ ਨਾਲ਼ ਹੀ ਠੀਕ ਅਰਥ ਪ੍ਰਚਾਰ ਵਿੱਚ ਆਉਣਗੇ।

4. ਓਹੁ ਧਨਵੰਤੁ ਕੁਲਵੰਤੁ ਪਤਿਵੰਤੁ ॥ (ਅੰਕੁ -294 ਗਗਸ)

ਤੁਕ ਵਿੱਚ ਓਹੁ ਸ਼ਬਦ ਪੁਲਿੰਗ ਹੈ ਤੇ ਬਾਕੀ ਸ਼ਬਦ ਭੀ ਪੁਲ਼ਿੰਗ ਸਰੂਪ ਹਨ । ਪਤਿਵੰਤੁ ਨੂੰ ਪੱਤਿਵੰਤੁ ਸਮਝ ਕੇ ਪੜ੍ਹਨਾ ਹੈ ਤੇ ਠੀਕ ਅਰਥ ਬਣੇਗਾ ਇੱਜ਼ਤ ਵਾਲ਼ਾ । ਅੱਧਕ ਬੋਲਣ ਤੋਂ ਬਿਨਾ ਪੜ੍ਹਨ ਤੇ ਅਰਥ ਬਣੇਗਾ ਪਤੀ ਵਾਲ਼ਾ ਕਿਉਂਕਿ ਪਤਿ ਸ਼ਬਦ ਦਾ ਅਰਥ ਹੈ ਪਤੀ ,ਭਾਵ, ਖ਼ਸਮ ਹੈ। ਬੰਦਾ ਪਤਨੀ ਵਾਲ਼ਾ ਹੋ ਸਕਦਾ ਹੈ ਪਤੀ ਵਾਲ਼ਾ ਨਹੀਂ ਕਿਉਂਕਿ ਓਹੁ ਸ਼ਬਦ ਪੁਲਿੰਗ ਵਾਸਤੇ ਹੈ । ਜੇ ਪਤਿਵੰਤੁ ਸ਼ਬਦ ਨੂੰ ਪੱਤਵੰਤ ਬੋਲਿਆ ਜਾਵੇ ਤਾਂ ਗੁਰਬਾਣੀ ਦੀ ਭਾਸ਼ਾ ਅਨੁਸਾਰ ਪੱਤਵੰਤ ਦਾ ਅਰਥ ਪੱਤਿਆਂ ਵਾਲ਼ਾਂ ਬਣੇਗਾ ਜੋ ਪ੍ਰਕਰਣ ਅਨੁਸਾਰ ਢੁੱਕਦਾ ਨਹੀਂ ਹੈ। ਗੁਰਬਾਣੀ ਵਿੱਚ ਪੱਤ ਸ਼ਬਦ ਦ੍ਰੱਖ਼ਤਾਂ ਦੇ ਪੱਤਿਆਂ ਵਾਸਤੇ ਵਰਤਿਆ ਗਿਆ ਹੈ, ਜਿਵੇਂ:- ਫਲ ਫਿਕੇ ਫੁਲ ਬਕਬਕੇ ਕੰਮਿ ਨ ਆਵਹਿ ਪਤ॥ (ਗਗਸ ਅੰਕੁ 470)

5. ਜਾਤਿ ਮਹਿ ਜੋਤਿ ਜੋਤਿ ਮਹਿ ਜਾਤਾ ਅਕਲ ਕਲਾ ਭਰਪੂਰ ਰਹਿਆ ॥ (ਅੰਕੁ -469 ਗਗਸ)

ਤੁਕ ਵਿੱਚ ਅਕਲ ਸ਼ਬਦ ਅ਼ਰਬੀ ਭਾਸ਼ਾ ਦਾ ਅ਼ਕ਼ਲ ਨਹੀਂ ਜਿਸ ਦਾ ਅਰਥ ਬੁੱਧਿ ਹੁੰਦਾ ਹੈ । ਤਾਂ ਤੇ ਇੱਸ ਦਾ ਪਾਠ ਕ ਨੂੰ ਦੁੱਤ ਕਰਕੇ ਠੀਕ ਬਣੇਗਾ ਤੇ ਬੋਲਿਆ ਜਾਵੈਗਾ ਅ+ਕੱਲ (ਭਾਵ ਅਖੰਡ)। ਇਸ ਨੂੰ ਅਕ+ਲ ਨਹੀਂ ਬੋਲਿਆ ਜਾਵੈਗਾ। ਇੱਥੇ ਵਰਤੇ ਅਕਲ ਸ਼ਬਦ ਨੂੰ ਠੀਕ ਬੋਲਣ ਲਈ ਗੁਰਬਾਣੀ ਵਿਚਾਰ ਰਾਹੀਂ ਠੀਕ ਬੋਲਣ ਦੀ ਅ਼ਕ਼ਲ ਜ਼ਰੂਰ ਆ ਜਾਣੀ ਚਾਹੀਦੀ ਹੈ।ਏਥੇ ਕਲਾ ਦਾ ਅਰਥ ਹੈ ਟੋਟਾ ਜਾਂ ਹਿੱਸਾ ਅਤੇ ਅਕਲ ਦਾ ਅਰਥ ਸੰਪੂਰਨ ਹੈ । ਪ੍ਰਭੂ ਐਸਾ ਹੈ ਜਿੱਸ ਦੇ ਹੋਰ ਟੋਟੇ ਨਹੀਂ ਹੋ ਸਕਦੇ ਭਾਵ ਉਹ ਸੰਪੂਰਨ ਅਤੇ ਅਖੰਡ ਹੈ।

6. ਰਾਗੁ ਸੂਹੀ ਮਹਲਾ 1 ਕੁਚਜੀ (ਅੰਕੁ -762 ਗਗਸ)      ਸੂਹੀ ਮਹਲਾ 1 ਸੁਚਜੀ ॥ (ਅੰਕੁ -762 ਗਗਸ)

ਸਿਰਲੇਖਾਂ ਵਿੱਚ ਵਰਤੇ ਸ਼ਬਦ ਕੁਚਜੀ ਅਤੇ ਸੁਚਜੀ, ਕੁੱਚ ਜੀ ਅਤੇ ਸੁੱਚ ਜੀ ਨਹੀਂ ਹਨ । ਕੁਚਜੀ ਸ਼ਬਦ ਦਾ ਪਾਠ ਕੁਚੱਜੀ( ਚੱਜ ਤੋਂ ਬਿਨਾਂ) ਅਤੇ ਸੁਚਜੀ ਸ਼ਬਦ ਦਾ ਪਾਠ ਸੁਚੱਜੀ (ਚੱਜ ਵਾਲ਼ੀ) ਠੀਕ ਬਣਦਾ ਹੈ, ਅੱਧਕ ਧੁਨੀ ਦੀ ਠੀਕ ਥਾਂ ਵਰਤੋਂ ਕਰਕੇ । ਸ. ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਵਿੱਚ ਪਹਿਲੀ ਵਾਰੀ 9180-82 ਹੋਏ ਸ਼ੁੱਧ ਪਾਠ ਬੋਧ ਸਿੱਖਿਆ ਸਮਾਗਮ ਵਿੱਚ ਇੱਕ ਬੀਬੀ ਨੇ ਅੱਧਕ ਦੀ ਗ਼ਲਤ ਵਰਤੋਂ ਕਰਕੇ ਕੁਚਜੀ ਅਤੇ ਸੁਚਜੀ ਸ਼ਬਦਾਂ ਨੂੰ ਕੁੱਚ ਜੀ ਅਤੇ ਸੁੱਚ ਜੀ ਪੜ੍ਹ ਦਿੱਤਾ ਸੀ ਜਿਸ ਦੀ ਸੋਧ ਪਾਠ ਤੋਂ ਪਿੱਛੋਂ ਹੋਈ ਵਿਾਚਰ ਚਰਚਾ ਵਿੱਚ ਕੀਤੀ ਗਈ ਸੀ।

7. ਬਿਲਾਵਲ ਮਹਲਾ 3 ਵਾਰ ਸਤ ਘਰੁ 10 (ਅੰਕੁ -841 ਗਗਸ)

ਸਿਰਲੇਖ ਵਿੱਚ ਸ਼ਬਦ ਸਤ ਸੰਸਕ੍ਰਿਤ ਦੇ ਸ਼ਬਦ ਸਪਤ ਤੋਂ ਬਣਿਆ ਹੈ ਜਿੱਸਦਾ ਅਰਥ ਹੈ ਸੱਤ (Seven) । ਇਹ ਸ਼ਬਦ ਸ ਨੂੰ ਅੱਧਕ ਸਹਿਤ ਬੋਲਿਆ ਜਾਵੈਗਾ । ਬਿਨਾ ਅੱਧਕ ਬੋਲਣ ਦੇ ਵਾਰ ਸਤ ਦਾ ਅਰਥ ਬਣੇਗਾ ਵਾਰ ਦਾ ਅਰਕ ਜਿਵੇਂ ਨਿੰਬੂ ਦਾ ਸਤ ਜੋ ਨਿੰਬੂ ਦਾ ਸੁਕਾਇਆ ਹੋਇਆ ਅਰਕ ਹੁੰਦਾ ਹੈ ।

8. ਅਸੀ ਖਤੇ ਬਹੁਤੁ ਕਮਾਵਦੇ ਅੰਤੁ ਨਾ ਪਾਰਾਵਾਰੁ ॥ (ਅੰਕੁ -1416 ਗਗਸ) ਤੁਕ ਦੇ ਸ਼ਬਦ ਖਤੇ ਵਿੱਚ ਬਿਨਾ ਵਿਚਾਰੇ ਤ ਦੁੱਤ ਕੀਤਿਆ, ਭਾਵ, ਖੱਤੇ ਪਾਠ ਗ਼ਲਤ ਹੋਵੈਗਾ । ਇਹ ਸ਼ਬਦ ਅ਼ਰਬੀ ਭਾਸ਼ਾ ਦੇ ਸ਼ਬਦ ਖ਼ਤ਼ਾ ਤੋਂ ਬਹੁ-ਵਚਨ ਪੁਲਿੰਗ ਭਾਵ-ਵਾਚਕ ਨਾਂਵ ਹੈ ।

ਖ਼ਤ਼ਾ ਸ਼ਬਦ ਦਾ ਅਰਥ ਹੈ ਪਾਪ । ਖਤੇ ਸ਼ਬਦ ਨੂੰ ਖੱਤੇ ਬੋਲਣ ਨਾਲ਼ ਅਰਥ ਬਣੇਗਾ ਖੇਤ (Fields), ਜੋ ਮਾਇਆ ਨਾਲ਼ ਖ਼ਰੀਦੇ ਜਾਂਦੇ ਹਨ, ਪਰ ਇਹ ਅਰਥ ਇੱਥੇ ਢੁੱਕਦਾ ਨਹੀਂ ਹੈ ਕਿਉਂਕਿ ਪ੍ਰਕਰਣ ਅਨੁਸਾਰ ਇਹ ਅਰਥ ਨਹੀਂ ਹੈ ।

ਸਪੱਸ਼ਟ ਹੈ ਕਿ ਗੁਰਬਾਣੀ ਦੇ ਸ਼ਬਦਾਂ ਵਿੱਚ ਅੱਧਕ ਦੀ ਧੁਨੀ ਦੀ ਕੀਤੀ ਗਈ ਵਰਤੋਂ ਨੂੰ ਅੱਖੋਂ ਪ੍ਰੋਖੇ ਨਹੀਂ ਕੀਤਾ ਜਾ ਸਕਦਾ । ਲੋੜ ਕੇਵਲ ਮਿਹਨਤ ਕਰਕੇ ਅੱਧਕ ਧੁਨੀ ਵਾਲ਼ੇ ਅਨੇਕਾਂ ਸ਼ਬਦਾਂ ਨੂੰ ਪਛਾਣ ਕਰਨ ਦੀ ਹੈ । ਅਗਿਆਨਤਾ ਵਿੱਚ ਗ੍ਰਸਤ, ਮਿਹਨਤ ਦੀ ਥਾਂ ਢੁੱਚਰਾਂ ਕਰਨ ਵਾਲ਼ੇ ਅਕਸਰ ਇਹ ਗ਼ਲਤ ਕਹਿੰਦੇ ਹਨ ਕਿ ਬਾਣੀ ਓਵੇਂ ਪੜ੍ਹੋ ਜਿਵੇਂ ਲਿਖੀ ਹੈ, ਭਾਵੇਂ, ਅਜਿਹਾ ਉਹ ਆਪ ਵੀ ਨਹੀਂ ਕਰਦੇ। ਗੁਰਬਾਣੀ ਕੇਵਲ ਲਿਖਣ-ਕਾਲ਼ ਵਾਲ਼ੇ ਸਮੇਂ ਵਾਲ਼ੀ ਐਨਕ ਲਾ ਕੇ ਹੀ ਠੀਕ ਪੜ੍ਹੀ ਜਾ ਸਕਦੀ ਹੈ। ਅੱਜ ਦੇ ਸਮੇਂ ਵਾਲ਼ੀ ਐਨਕ ਨਾਲ਼ ਠੀਕ ਦੇਖਿਆ ਜ਼ਰੂਰ ਜਾ ਸਕਦਾ ਹੈ ਪਰ ਬਾਣੀ ਸ਼ੁੱਧ ਰੂਪ ਵਿੱਚ ਨਹੀਂ ਪੜ੍ਹੀ ਜਾ ਸਕਦੀ। ਗੁਰਬਾਣੀ ਵਿੱਚ ਅੱਧਕ ਧੁਨੀ ਵਾਲ਼ੇ ਅਨੇਕਾਂ ਸ਼ਬਦ ਹਨ। ਏਥੇ ਕੇਵਲ ਕੁੱਝ ਕੁ ਉਦਾਹਰਣਾਂ, ਅੱਧਕ ਧੁਨੀ ਦੀ ਹੋਂਦ ਸਮਝਣ ਲਈ, ਹੀ ਦਿੱਤੀਆਂ ਗਈਆਂ ਹਨ।

ਲੇਖਕ ਦੀਆਂ ਛਪੀਆਂ ਪੁਸਤਕਾਂ- ਵਿਸ਼ੇਸ਼ ਧੁਨੀ ਗੁਰਬਾਣੀ ਸ਼ਬਦ ਕੋਸ਼, ਆਸਾ ਕੀ ਵਾਰ ਪਾਠ ਬੋਧ, ਸੁਖਮਨੀ ਪਾਠ ਬੋਧ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top