ਏ
ਵਨ ਪੰਜਾਬੀ ਟੀ.ਵੀ. ਚੈੱਨਲ ਰਾਹੀਂ ਆਨੰਦਪੁਰ ਵਾਲ਼ੇ ਇੱਕ ਕਥਾਵਾਚਕ ਨਾਲ਼
ਚੈੱਨਲ ਵਲੋਂ ਕੀਤੀ ਭੇਂਟ-ਵਾਰਤਾ ਦਿਖਾਈ ਗਈ। ਭੇਂਟ ਵਾਰਤਾ ਕਰਨ ਵਾਲ਼ੇ
ਸੱਜਣ ਦੀ ‘ਜਾਪੁ’ ਰਚਨਾ ਦੇ ਅਰਥਾਂ ਪ੍ਰਤੀ ਸੋਝੀ ਨਾ-ਮਾਤ੍ਰ ਹੀ ਸੀ।
ਕਥਾਵਾਚਕ ਜੀ ਨੇ ਕਿਹਾ ਕਿ ‘ਜਾਪੁ’ ਨਾਂ ਦੀ ਰਚਨਾ,
ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰੋਂ, ਨਿੱਤ-ਨੇਮ ਅਤੇ ਪਾਹੁਲ
ਦੀਆਂ ਬਾਣੀਆਂ ਵਿੱਚ ਪਾਈ ਗਈ ਹੈ, ਸਿੱਖ ਧਰਮ ਦੀ ਰੀੜ੍ਹ ਦੀ ਹੱਡੀ ਹੈ।
ਹੋਸਟ ਨੇ ਇਸ ਦਾ ਕੋਈ ਇਤਰਾਜ਼ ਨਹੀਂ ਕੀਤਾ। ਇਸ ਤਰ੍ਹਾਂ ਕਹਿਣ ਤੋਂ ਪਹਿਲਾਂ
ਕਥਾਵਾਚਕ ਜੀ ਨੂੰ ਪਹਿਲਾਂ ਹੇਠ ਲਿਖੇ ਪ੍ਰਸ਼ਨਾਂ ਦਾ ਹੱਲ ਲੱਭਣ ਦੀ ਲੋੜ
ਹੈ:
ਪ੍ਰਸ਼ਨ ਹਨ:
-
ਜਦੋਂ ਧੰਨੁ ਗੁਰੂ ਨਾਨਕ
ਪਾਤਿਸ਼ਾਹ ਜੀ ਨੇ ਧੁਰ ਕੀ ਬਾਣੀ ਰਚ ਕੇ ਸਿੱਖੀ ਦਾ ਨਿਰਮਲ ਪੰਥ ਚਲਾਇਆ
ਸੀ, ਤਾਂ ਓਦੋਂ ਕਿਹੜੀ ਰੀੜ੍ਹ ਦੀ ਹੱਡੀ ਸੀ? ਨਿਰਮਲ ਪੰਥ ‘ਜਾਪੁ’
ਰਚਨਾ ਦੀ ਰੀੜ੍ਹ ਦੀ ਹੱਡੀ ਤੋਂ ਬਿਨਾਂ ਡਿੱਗ ਕਿਉਂ ਨਹੀਂ ਪਿਆ?
-
ਜਿਹੜੀ ਰੀੜ੍ਹ ਦੀ ਹੱਡੀ ਸਿੱਖੀ
ਢਾਂਚੇ ਲਈ ਪਹਿਲੇ ਨੌਂ ਗੁਰੂ ਪਾਤਿਸ਼ਾਹਾਂ ਨੇ ਰੱਬੀ ਬਾਣੀ ਉਚਾਰਦਿਆਂ
ਅਤੇ ਕੁਰਬਾਨੀਆਂ ਦੇ ਕੇ ਮਿਹਨਤ ਕਰ ਕੇ ਬਣਾਈ ਸੀ, ਉਹ ‘ਜਾਪੁ’ ਰਚਨਾ
ਤੋਂ ਬਿਨਾਂ ਟੁੱਟ ਕਿਉਂ ਨਾ ਗਈ? ਜਿਸ ਰੀੜ੍ਹ ਦੀ ਹੱਡੀ ਨੂੰ ਦਸਵੇਂ
ਗੁਰੂ ਜੀ ਨੇ ਸਰਬੰਸ ਕੁਰਬਾਨ ਕਰ ਕੇ ਹੋਰ ਮਜ਼ਬੂਤ ਕੀਤਾ ਸੀ ਉਸ ਰੀੜ੍ਹ
ਦੀ ਹੱਡੀ ਨੂੰ ਕਿਹੜੇ ਮਾਈ ਦੇ ਲਾਲ ਨੇ ਤੋੜਿਆ? ਤੁਹਾਡੇ ਕੋਲ਼ ਇਸ
ਤਰ੍ਹਾਂ ਗੁਰੂ ਪਾਤਿਸ਼ਾਹਾਂ ਵਲੋਂ ਬਣਾਈ ਸਿੱਖੀ ਦੀ ਰੀੜ੍ਹ ਦੀ ਹੱਡੀ
ਨੂੰ ਟੁੱਟ ਜਾਣ ਦਾ ਕੀ ਸਬੂਤ ਹੈ? ਕੀ ਤੁਹਾਡੇ ਵਿਚਾਰਾਂ ਨੇ ਆਪ ਹੀ
ਇਸ ਮਜ਼ਬੂਤ ਰੀੜ੍ਹ ਦੀ ਹੱਡੀ ਨੂੰ ਤਾਂ ਨਹੀਂ ਤੋੜ ਦਿੱਤਾ?
-
ਕੀ ਤੁਹਾਨੂੰ ਦਸਾਂ ਪਾਤਿਸ਼ਾਹੀਆਂ
ਦੀ ਮਿਹਨਤ ਨਾਲ਼ ਬਣਾਈ ਸਿੱਖੀ ਦੀ ਰੀੜ੍ਹ ਦੀ ਹੱਡੀ ਉੱਤੇ ਕੋਈ ਭਰੋਸਾ
ਨਹੀਂ ਰਿਹਾ?
-
ਕੀ ਤੁਸੀਂ ‘ਜਾਪੁ’ ਰਚਨਾ ਨੂੰ
ਸਿੱਖੀ ਦੀ ਰੀੜ੍ਹ ਦੀ ਹੱਡੀ ਮੰਨ ਕੇ ਦਸਾਂ ਪਾਤਿਸ਼ਾਹੀਆਂ ਦੀ ਸਿੱਖੀ
ਮਹੱਲ ਉਸਾਰਨ ਲਈ ਕੀਤੀ ਮਿਹਨਤ ਉੱਤੇ ਆਪ ਹੀ ਪਾਣੀ ਨਹੀਂ ਫੇਰਿਆ?
-
ਜਦੋਂ ਦਸਵੇਂ ਪਾਤਿਸ਼ਾਹ ਜੀ ਨੇ
‘ਜਾਪੁ’ ਰਚਨਾ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਕ੍ਰਿਤ
ਰਚਨਾ ਵਜੋਂ ਕੋਈ ਥਾਂ ਹੀ ਨਹੀਂ ਦਿੱਤੀ, ਦਮਦਮੀ ਬੀੜ ਨੂੰ ਨੌਵੇਂ ਗੁਰੂ
ਜੀ ਦੀ ਬਾਣੀ ਸਮੇਤ ਸੰਪੂਰਨ ਕਰਨ ਸਮੇਂ, ਤਾਂ ਇਹ ਰਚਨਾ ਸਿੱਖੀ ਦੀ
ਰੀੜ੍ਹ ਦੀ ਹੱਡੀ ਕਿਵੇਂ ਹੋ ਗਈ?
-
ਕੀ ਸ਼੍ਰੀ ਗੁਰੂ ਗ੍ਰੰਥ ਸਾਹਿਬ
ਜੀ (ਜਾਪੁ’ ਰਚਨਾ ਤੋਂ ਬਿਨਾਂ), ਜਿਸ ਨੂੰ ਆਪਿ ਦਸਵੇਂ ਗੁਰੂ ਜੀ ਨੇ
ਸਿੱਖ ਕੌਮ ਦਾ ਗੁਰੂ ਥਾਪਿਆ, ਰੀੜ੍ਹ ਦੀ ਹੱਡੀ ਕਿਵੇਂ ਨਹੀਂ ਹੈ?
-
ਕੀ ਦਸਾਂ ਪਾਤਿਸ਼ਾਹੀਆਂ ਅਤੇ
ਅਨੇਕਾਂ ਸਿੱਖਾਂ ਵਲੋਂ ਸਿੱਖੀ ਦਾ ਮਹੱਲ ਉਸਾਰਨ ਲਈ ਕੀਤੀਆਂ ਕੁਬਾਨੀਆਂ
ਦਾ ਇਤਿਹਾਸ ਸਿੱਖੀ ਦੀ ਰੀੜ੍ਹ ਦੀ ਹੱਡੀ ਨਹੀਂ ?
-
ਕੀ ਦੁਰਗਾ ਦੇਵੀ ਦੀਆਂ ਸਿਫ਼ਤਾਂ
ਵਾਲ਼ੀ ‘ਜਾਪੁ’ ਰਚਨਾ ਸਾਮ੍ਹਣੇ ਦਸਾਂ ਗੁਰੂ ਪਾਤਿਸ਼ਾਹੀਆਂ ਅਤੇ ਅਨੇਕਾਂ
ਸਿੱਖਾਂ ਦੀਆਂ ਸਿੱਖੀ ਲਈ ਕੀਤੀਆਂ ਕੁਰਬਾਨੀਆਂ ਤੁੱਛ ਹੋ ਗਈਆਂ?
-
ਕੀ ਤੁਸੀਂ ‘ਜਾਪੁ’ ਲਿਖਣ ਵਾਲ਼ੇ
ਕਵੀ ਦੀ ਰਚਨਾਂ ‘ਕ੍ਰਿਸ਼ਨਾਵਤਾਰ’ ਵਿੱਚ ਲਿਖੀ {ਛੰਦ ਨੰਬਰ 421 ਤੋਂ
440} ‘ਅਥ ਦੇਵੀ ਜੂ ਕੀ ਉਸਤਤ ਕਥਨੰ’ ਅਤੇ ‘ਚੰਡੀ ਚਰਿਤ੍ਰ’ ਵਿੱਚ
ਛੰਦ ਨੰਬਰ 223 ਤੋਂ 256 ਤਕ ‘ਦੇਵੀ ਉਸਤਤ ਕਥਨੰ’ ਸਿਰਲੇਖ ਹੇਠ ਲਿਖੀ
ਦੁਰਗਾ/ ਭਗਉਤੀ/ ਪਾਰਬਤੀ ਦੀ ਉਸਤਤ ਕਦੇ ਪੜ੍ਹਨ ਦਾ ਯਤਨ ਕੀਤਾ ਹੈ?
ਜੇ ਨਹੀਂ ਤਾਂ ਪੜ੍ਹ ਕੇ ਦੇਖੋ ਤੇ ਪਤਾ ਲੱਗ ਜਾਵੇਗਾ ਕਿ ‘ਜਾਪੁ’ ਅਤੇ
‘ਅਥ ਦੇਵੀ ਜੂ ਕੀ ਉਸਤਤ ਕਥਨੰ’ ਦਾ ਵਿਸ਼ਾ ਇੱਕੋ ਹੀ ਹੈ - ਦੁਰਗਾ/
ਭਗਉਤੀ /ਪਾਰਬਤੀ ਦੀਆਂ ਸਿਫ਼ਤਾਂ ਕਰਨੀਆਂ ਜੋ ਸਿੱਖੀ ਵਿੱਚ ਪਰਵਾਨ ਨਹੀਂ।
-
ਦੇਵੀ ਉਸਤਤ ਵਿੱਚ
‘ਨਮੋ ਨਿਤ ਨਾਰਾਇਣੀ ਕਰੂਰ ਕਰਮੀ’
ਲਿਖਿਆ ਹੈ... ਤੇ ‘ਜਾਪੁ’
ਵਿੱਚ ‘ਨਮੋ ਨਿਤ ਨਾਰਾਇਣੇ ਕਰੂਰ ਕਰਮੇ’
ਲਿਖਿਆ ਹੈ।
ਦੇਵੀ ਉਸਤਤ ਵਿੱਚ ‘ਨਮੋ ਲੋਕ ਮਾਤਾ’
ਲਿਖਿਆ ਹੈ... ਤੇ ‘ਜਾਪੁ’
ਵਿੱਚ ਵੀ ‘ਨਮੋ ਲੋਕ ਮਾਤਾ’
ਲਿਖਿਆ ਹੈ।
ਦੇਵੀ ਉਸਤਤ ਵਿੱਚ ‘ਤੁਹੀ ਰਾਜ
ਰਾਜੇਸ਼ਵਰੀ’ ਲਿਖਿਆ ਹੈ... ਅਤੇ
‘ਜਾਪੁ’ ਵਿੱਚ ‘ਨਮੋ ਰਾਜ
ਰਾਜੇਸ਼ਵਰੰ’ ਲਿਖਿਆ ਹੈ।
ਦੇਵੀ ਉਸਤਤ ਵਿੱਚ ‘ਤੁਹੀ ਰਾਜਸੀ
ਸਾਤਕੀ ਤਾਮਸੀ’ ਹੈ... ਅਤੇ
‘ਜਾਪੁ’ ਵਿੱਚ ‘ ਨਮੋ ਰਾਜਸੰ
ਤਾਮਸੰ ਸਾਂਤ ਰੂਪੇ’ ਲਿਖਿਆ ਹੈ।
ਦੇਵੀ ਉਸਤਤ ਵਿੱਚ ‘ਭੂਪਿ ਭੂਪਾ’
ਹੈ... ਅਤੇ ‘ਜਾਪੁ’
ਵਿੱਚ ‘ਨਮੋ ਭੂਪ ਭੂਪੇ’ ਲਿਖਿਆ
ਹੈ।
ਇਹ ਤਾਂ ਕੁੱਝ ਕੁ ਉਦਾਹਰਣਾਂ ਹਨ।
ਕਥਾ ਵਾਚਕ ਜੀ ਦੱਸੋ ਦੋਹਾਂ ਵਿੱਚ ਤੁਹਾਨੂੰ ਦੇਵੀ ਦੀ ਉਸਤਤ ਕੀਤੀ ਨਹੀਂ ਦਿਸਦੀ?
ਨੋਟ:
ਦਸਵੇਂ ਗੁਰੂ ਜੀ ਵਲੋਂ
ਪ੍ਰਵਾਨ ਕੀਤਾ ਅਤੇ ਪੰਜਵੇਂ ਗੁਰੂ ਜੀ ਵਲੋਂ ਬਣਾਇਆ ਸਿੱਖ ਦਾ ਨਿੱਤ-ਨੇਮ
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੁਸ਼ੋਭਤ ਹੈ ਜਿੱਸ ਵਿੱਚ
ਕੋਈ ‘ਜਾਪੁ’ ਨਾਂ ਦੀ ਰਚਨਾ ਨਹੀਂ ਹੈ। ਰਾਗ-ਵਾਰ ਬਾਣੀ ਛਾਪੇ ਦੀ ਬੀੜ ਦੇ
14 ਪੰਨੇ ਤੋਂ ਸ਼ੁਰੂ ਹੁੰਦੀ ਹੈ। ਪਹਿਲੇ 13 ਪੰਨੇ ਰਾਗ-ਵਾਰ ਰਚਨਾ ਨਹੀਂ
ਸਗੋਂ, ‘ਜਪੁ’ ਬਾਣੀ ਨੂੰ ਛੱਡ ਕੇ, ਵੱਖ-ਵੱਖ ਰਾਗਾਂ ਵਿੱਚੋਂ ਚੁਣੇ ਗਏ
ਸ਼ਬਦਾਂ ਦੇ ਵੱਖ-ਵੱਖ ਸਮੂਹ ਹਨ ਜਿਨ੍ਹਾਂ ਵਿੱਚ ‘ਸੋ ਦਰੁ’, ‘ਸੋ ਪੁਰਖੁ’
ਅਤੇ ‘ਸੋਹਿਲਾ’ ਸ਼ਾਮਲ ਹਨ। ਇਨ੍ਹਾਂ ਸਮੂਹਾਂ ਦੇ ਸ਼ਬਦ ਬਾਕੀ ਬਾਣੀ ਵਿੱਚ
ਹੋਰ ਥਾਵਾਂ ਉੱਤੇ ਵੀ ਮੌਜੂਦ ਹਨ। ਇਨ੍ਹਾਂ ਸਮੂਹਾਂ ਦੀ ਧੰਨੁ ਗੁਰੂ ਨਾਨਕ
ਪਾਤਿਸ਼ਾਹ ਜੀ ਵਲੋਂ ਕੀਤੀ ਇਸ ਸ਼ਬਦ-ਚੋਣ ਨੂੰ ਪੰਜਵੇਂ ਗੁਰੂ ਜੀ ਨੇ ਸੰਪੂਰਨ
ਕੀਤਾ ਸੀ, ਜੋ ਸਿੱਖ ਦਾ ਨਿੱਤ-ਨੇਮ ਬਣਿਆਂ।
ਆਦਿ ਬੀੜ ਵਿੱਚ ਇਸ ਨੂੰ ਦਰਜ ਕਰਨ ਤੋਂ ਬਾਅਦ ਇਸ
ਵਿੱਚ ਤਬਦੀਲੀ ਕੇਵਲ ਅਗਲੇ ਗੁਰੂ ਹੀ ਕਰ ਸਕਦੇ ਸਨ। ਸ਼੍ਰੋ. ਕਮੇਟੀ ਨੇ
ਸੰਨ 1931 ਤੋਂ 45 ਤਕ ਬਣਾਈ ਰਹਤ ਮਰਯਾਦਾ ਵਿੱਚ ਗੁਰੂ ਪਾਤਿਸ਼ਾਹਾਂ ਦੇ
ਬਣਾਏ ਸਵੇਰ ਅਤੇ ਸ਼ਾਮ ਦੇ ਨਿੱਤ-ਨੇਮ ਨੂੰ ਸਨਾਤਨਵਾਦੀ ਪ੍ਰਭਾਵ ਕਬੂਲਦਿਆਂ
ਭੰਗ ਕਰ ਕੇ ਬਹੁਤ ਭਾਰੀ ਗ਼ਲਤੀ ਕੀਤੀ ਸੀ, ਜਿਸ ਨਾਲ਼ ਸਿੱਖ ਕੌਮ ਵਿੱਚ
ਭਰਾ-ਮਾਰੂ ਜੰਗ ਦੇ ਬੀਜ ਬੀਜੇ ਗਏ ਸਨ, ਜਿਸ ਦਾ ਖ਼ਮਿਆਜ਼ਾ ਸਿੱਖ ਕੌਮ ਹੁਣ
ਭੁਗਤ ਰਹੀ ਹੈ ਅਤੇ ਇਹ ਸੱਭ ਕੁੱਝ ਮਾੜਾ ਦੇਖ ਕੇ ਸਨਾਤਨਵਾਦ ਪ੍ਰਸੰਨ ਹੋ
ਰਿਹਾ ਹੈ।
ਸਿੱਖਾਂ ਦਾ ਭਲਾ ਇਸੇ ਵਿੱਚ ਹੈ ਕਿ ਉਹ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ
ਜੀ ਦੀ ਬਾਣੀ (ਰਾਗ ਮਾਲ਼ਾ ਤੋਂ ਬਿਨਾਂ) ਨੂੰ ਹੀ ਗੁਰੂ-ਕ੍ਰਿਤ ਮੰਨਣ,
ਕਿਉਂਕਿ ਇਸੇ ਨੂੰ ਹੀ ਦਸਵੇਂ ਗੁਰੂ ਜੀ ਵਲੋਂ ਗੁਰੂ ਦਾ ਦਰਜਾ ਦਿੱਤਾ ਗਿਆ
ਸੀ ਨਾ ਕਿ ‘ਜਾਪੁ’ ਰਚਨਾ ਨੂੰ ਜਾਂ ‘ਜਾਪੁ’ ਰਚਨਾ ਵਾਲ਼ੇ ਕਿਸੇ ਹੋਰ ਗ੍ਰੰਥ
ਨੂੰ।
ਗੁਰੂ ਖ਼ੈਰ ਕਰੇ!