Share on Facebook

Main News Page

ਇੱਕ ਔ਼ਰਤ ਹੈ ਭਗਉਤੀ, ਪਰ ਅਖੌਤੀ ਦਸਮ ਗ੍ਰੰਥ ਵਿੱਚ !
-: ਪ੍ਰੋ. ਕਸ਼ਮੀਰਾ ਸਿੰਘ ਯੂ.ਐਸ.ਏ.

‘ਪ੍ਰਿਥਮ ਭਗਉਤੀ ਸਿਮਰ ਕੈ’ ਪਉੜੀ ਵਿੱਚ ‘ਭਗਉਤੀ’ ਸ਼ਬਦ ਦੇ ਅਰਥ ਕਰਨ ਲੱਗੇ ਬਹੁਤ ਸਾਰੇ ਸਿੱਖ ਵਿਦਵਾਨ ਅਤੇ ਪ੍ਰਚਾਰਕ ਉਕਾਈ ਅਤੇ ਧੋਖਾ ਖਾ ਗਏ ਹਨ। ਦਸ਼ਮ ਗ੍ਰੰਥ ਨੂੰ ਦਸਵੇਂ ਗੁਰੂ ਜੀ ਨਾਲ਼ ਬਿਨਾਂ ਮਤਲਬ ਜੋੜਨ ਦਾ ਰੌਲ਼ਾ ਪਉਣ ਵਾਲ਼ੇ ਬਹੁਤ ਹਨ, ਪਰ ਆਪਿ ਪੜ੍ਹਨ ਅਤੇ ਅਰਥ ਸਮਝਣ ਵਾਲ਼ੇ ਟਾਵੇਂ-ਟਾਵੇਂ ਹਨ। ‘ਭਗਉਤੀ’ ਸ਼ਬਦ ਪੁਲਿੰਗ ਹੈ ਕਿ ਇਸਤਰੀ ਲਿੰਗ?

ਇਸ ਰਮਜ਼ ਨੂੰ ਸਮਝਣ ਵਾਸਤੇ ਦਸ਼ਮ ਗ੍ਰੰਥ ਨੂੰ ਖੰਘਾਲਣਾ ਪਵੇਗਾ। ‘ਦੇਹੁ ਸ਼ਿਵਾ ਬਰ’ ਵਾਲ਼ੀ ਰਚਨਾ ਵਿੱਚ ‘ਸ਼ਿਵਾ’ ਸ਼ਬਦ ਇੱਕ ਮਰਦ ਲਈ ਹੈ ਕਿ ਔ਼ਰਤ ਲਈ, ਇਸ ਦਾ ਖ਼ੁਲਾਸਾ ਖ਼ਾਲਸਾ ਨਿਊਜ਼ ਰਾਹੀਂ ਬਹੁਤ ਸਮਾਂ ਪਹਿਲਾਂ ਕੀਤਾ ਗਿਆ ਸੀ, ਕਿ ‘ਸ਼ਿਵਾ’ ਸ਼ਬਦ ਇਸਤ੍ਰੀ ਲਿੰਗ ਹੈ ਜਿਸ ਦਾ ਅਰਥ ‘ਪਾਰਬਤੀ’ ਹੈ। ‘ਭਗਉਤੀ’ ਸ਼ਬਦ ਵੀ ਦਸ਼ਮ ਗ੍ਰੰਥ ਵਿੱਚ ਇਸਤ੍ਰੀ ਲਿੰਗ ਵਜੋਂ ਵਰਤਿਆ ਗਿਆ ਹੈ। ਜੇ ਇਹ ਸਬਦ ਇਸਤ੍ਰੀ ਲਿੰਗ ਹੈ ਤਾਂ ਇਸ ਦਾ ਅਰਥ, ਅਕਾਲਪੁਰਖ, ਕਰਨ ਵਾਲ਼ੇ ਸਿੱਖ ਕੌਮ ਨਾਲ਼ ਦਗ਼ਾ ਕਮਾ ਚੁੱਕੇ ਹਨ, ਕਿਉਂਕਿ ਅਕਾਲ ਪੁਰਖ ਇਸਤ੍ਰੀ ਲਿੰਗ ਨਹੀਂ ਹੈ। ਦਸ਼ਮ ਗ੍ਰੰਥ ਵਿੱਚੋਂ ‘ਭਗਉਤੀ’ ਸ਼ਬਦ ਦੇ ਇਸਤ੍ਰੀ ਲਿੰਗ ਹੋਣ ਦੇ ਸਬੂਤ ਦੇਣ ਦੀ ਹੇਠਾਂ ਕੋਸ਼ਿਸ਼ ਕੀਤੀ ਗਈ ਹੈ:-

ਭਗਉਤੀ ਉਸਤਤ ਵਿੱਚ ਲਿਖੇ ਗਏ 48 ਬੰਦ, ਪੰਨਾਂ 809

ਭਗਉਤੀ ਉਸਤਤ ਵਿੱਚ ਲਿਖੇ 48 ਬੰਦਾਂ ਦਾ ਸਿਰਲੇਖ ਹੈ ‘ਸ੍ਰੀ ਭਗਉਤੀ ਏ ਨਮ’। {ਪ੍ਰਚੱਲਤ ਪੋਥੀ ਵਿੱਚ ‘ਸ੍ਰੀ ਭਗਉਤੀ ਜੀ ਸਹਾਇ’ ਲਿਖਿਆ ਹੈ} ਇਸੇ ਭਗਉਤੀ ਨੂੰ ਲਿਖਾਰੀ ਨੇ ਚੰਡੀ ਦਾ ਨਾਂ ਵੀ ਦਿੱਤਾ ਹੈ, ਕਿਉਂਕਿ ਉਹ ਚੰਡੀ ਦਾ ਚਰਿੱਤ੍ਰ ਲਿਖਦਾ ਹੈ ਜੋ ਚਰਿਤ੍ਰੋ ਪਾਖਯਾਨ ਦਾ ਪਹਿਲਾ ਚਰਿਤ੍ਰ ਹੈ। ਲਿਖਾਰੀ ਨੇ ਭਗਉਤੀ ਨੂੰ ਆਪਿ ਹੀ, ਤ੍ਰਿਅ ਚਰਿਤ੍ਰਾਂ ਵਿੱਚ, ਚੰਡੀ ਨਾਂ ਦੀ ਔਰਤ (ਤ੍ਰਿਅ) ਮੰਨਿਆਂ ਹੈ, ਅਕਾਲ ਪੁਰਖ ਨਹੀਂ, ਜਿਵੇਂ ਚਰਿਤ੍ਰ ਦੇ ਅੰਤ ਉੱਤੇ ਲਿਖਾਰੀ ਲਿਖਦਾ ਹੈ- ਇਤਿ ਸ੍ਰੀ ਚਰਿਤ੍ਰ ਪਖਯਾਨੇ ਚੰਡੀ ਚਰਿਤ੍ਰੇ ਪ੍ਰਥਮ ਧਿਆਇ ਸਮਾਪਤਮ ਸਤੁ ਸੁਭਮ ਸਤੁ।1।48।ਅਫਜੂੰ। ਜਿਸ ਭਗਉਤੀ ਨੂੰ ਉਹ ਨਮਸਕਾਰ ਕਰਦਾ ਹੈ ਉਸ ਨੂੰ ਤ੍ਰਿਅ (ਚੰਡੀ) ਮੰਨ ਕੇ ਓਸੇ ਦਾ ਚਰਿਤ੍ਰ ਲਿਖਦਾ ਹੈ।

ਭਗਉਤੀ ਵਾਸਤੇ ਵਰਤੇ ਇਸਤ੍ਰੀ ਲਿੰਗ ਸ਼ਬਦਾਂ ਦੀ ਵਰਤੋਂ ਦੇਖੋ:-

1. ਠਾਢੀ- ਖੜੀ। ਭਗਉਤੀ ਖੜੀ ਹੈ, ਭਗਉਤੀ ਖੜਾ ਨਹੀਂ।
ਨਿਹਾਰੌ ਜਹਾਂ ਆਪ ਠਾਢੀ ਵਹੀ ਹੈਂ।1। ਅਰਥ:- ਜਿੱਥੇ ਦੇਖਦੇ ਹਾਂ ਓਥੇ ਤੂੰ ਹੀ ਖੜੀ ਹੈਂ।

2. ਅਵਤਰੀ- ਜਨਮ ਲਿਆ। ਭਗਉਤੀ ਅਵਤਰੀ ਹੈ, ਅਵਤਰਿਆ ਨਹੀਂ।
ਤੁਹੀ ਪੰਥ ਹ੍ਵੈ ਅਵਤਰੀ ਸ੍ਰਿਸ਼ਟਿ ਮਾਂਹੀ।3।

3. ਰਾਨੀ। ਭਗਉਤੀ 14 ਲੋਕਾਂ ਦੀ ਰਾਨੀ ਹੈ ਰਾਣਾ ਨਹੀਂ।
ਤੁਹੀ ਚੌਦਹੂੰ ਲੋਕ ਕੀ ਆਪੁ ਰਾਨੀ।7।

4. ਕੇਸਰੀ ਬਾਹਨੀ। ਭਗਉਤੀ ਸ਼ੇਰ ਦੀ ਅਸਵਾਰੀ ਕਰਦੀ ਹੈ, ਕਰਦਾ ਨਹੀਂ। ਚੰਡੀ ਚਰਿੱਤ੍ਰਾਂ ਅਤੇ ਵਾਰ ਦੁਰਗਾ ਕੀ ਵਿੱਚ ਇਹੀ ਭਗਉਤੀ/ਚੰਡੀ ਸ਼ੇਰ ਦੀ ਅਸਵਾਰੀ ਕਰਦੀ ਲੜਦੀ ਹੈ।
ਤੁਹੀ ਕੇਸਰੀ ਬਾਹਨੀ ਕੈ ਕਹਾਈ।8।

5. ਭਗਉਤੀ ਹੀ ਜਯੰਤੀ, ਕਾਲ਼ੀ, ਕਪਾਲਨਿ ਅਤੇ ਭੱਦ੍ਰਕਾਲੀ ਹੈ।
ਜਯੰਤੀ ਤੁਹੀ ਮੰਗਲਾ ਰੂਪ ਕਾਲੀ। ਕਪਾਲਨਿ ਤੁਹੀ ਹੈ ਤੁਹੀ ਭਦ੍ਰਕਾਲੀ।

ਅਰਥ:-ਹੇ ਭਗਉਤੀ! ਤੂੰ ਹੀ ਜਯੰਤੀ, ਮੰਗਲਾ . ਕਾਲੀ, ਖੋਪਰੀਆਂ ਗਲ਼ ਵਿੱਚ ਪਉਣ ਵਾਲ਼ੀ ਅਤੇ ਭਦ੍ਰਕਾਲੀ ਦੇਵੀ ਹੈਂ।

6. ਦੁਰਗਾ ਅਤੇ ਸ਼ਿਵਾ ਵੀ ਭਗਉਤੀ ਹੀ ਹੈ।
ਦੁਰਗਾ ਤੂੰ ਛਿਮਾ ਤੂੰ ਸ਼ਿਵਾ ਰੂਪ ਤੇਰੋ।12। ‘ਦੇਹੁ ਸ਼ਿਵਾ ਬਰ’ ਵਾਲ਼ੀ ਕਵਿਤਾ ਵਿੱਚ ਭਗਉਤੀ ਦਾ ਨਾਂ ਹੀ ਸ਼ਿਵਾ ਹੇੈ, ਸ਼ਿਵਾ ਕੋਈ ਅਕਾਲ ਪੁਰਖ ਨਹੀਂ। ਲਿਖਾਰੀ ਨੇ ਭਗਉਤੀ ਦੇਵੀ ਤੋਂ ਹੀ ਬਰ ਮੰਗਿਆ ਹੈ।

7. ਔਤਰੇਗੀ-ਜਨਮ ਲਵੇਗੀ। ਭਗਉਤੀ ਔਤਰੇੈਗੀ, ਔਤਰੇੈਗਾ ਨਹੀਂ ਲਿਖਿਆ। ਭਗਉਤੀ ਇਸਤਰੀ ਹੀ ਹੈ।
ਤੁਹੀ ਨੰਦ ਕੇ ਧਾਮ ਮੇ ਔਤਰੈਗੀ।14।ਅਰਥ:- ਹੇ ਭਗਉਤੀ, ਤੂੰ ਹੀ ਕ੍ਰਿਸ਼ਨ ਹੋ ਕੇ ਜਨਮ ਲੈਣ ਵਾਲੀ ਹੈਂ।

8. ਭਗਉਤੀ ਮੱਈਆ ਹੈ, ਇਸਤ੍ਰੀ ਹੈ।
ਮੱਯਾ ਜਾਨਿ ਚੇਰੋ ਮਯਾ ਮੋਹਿ ਕੀਜੈ।16।

9. ਭਗਉਤੀ ਹੀ ਚੰਡਿਕਾ ਹੈ।
ਚੜ੍ਹੀ ਚੰਡਿਕਾ ਚੰਡ ਹ੍ਵੈ ਤਪਤ ਤਾਂਬ੍ਰ ਸੇ ਨੈਨ।30। ਅਰਥ:-ਭਗਉਤੀ ਚੰਡੀ ਹੋ ਕੇ ਚੜ੍ਹ ਪਈ। ਉਸ ਦੇ ਨੈਣ ਚਾਂਬੇ ਦੀ ਤਰ੍ਹਾਂ ਲਾਲ ਸਨ।

10. ਭਗਉਤੀ ਸ਼ਰਾਬ ਪੀਂਦੀ ਹੈ, ਅਟਪਟਾ ਬੋਲਦੀ ਹੈ।
ਮੱਤ ਭਈ ਮਦਰਾ ਭਏ ਬਕਤ ਅਟਪਟੇ ਬੈਨ।30। ਮਦਰਾ- ਸ਼ਰਾਬ।

11. ਧਸੀ ਰਨ ਮੈ। ਭਗਉਤੀ ‘ਧਸੀ’ ਹੈ ‘ਧਸਿਆ’ ਨਹੀਂ। ਭਗਉਤੀ ਇਸਤ੍ਰੀ ਹੈ। ਤਰਵਾਰਿ ਸੰਭਾਰਿ ਮਹਾਂ ਬਲ ਧਾਰਿ ਧਵਾਇਕੈ ਸਿੰਘ ਧਸੀ ਰਨ ਮੈ।31। ਸਿੰਘ- ਸ਼ੇਰ। ਧਸੀ ਧਸ ਗਈ, ਵੜ ਗਈ। ਭਗਉਤੀ ਰਣ ਵਿੱਚ ਵੜ ਗਈ।

12. ਭਗਉਤੀ ਹੀ ਭਗਵਤੀ ਹੈ { ‘ਵ’ ਅਤੇ ‘ੳ’ ਦੀ ਪ੍ਰਸਪਰ ਬਦਲੀ ਹੈ ਜਿਵੇਂ ਉਪਾਵ ਤੋਂ ਉਪਾਉ, ਘਾਵ ਤੋਂ ਘਾਉ, ਥਾਵ ਤੋਂ ਥਾਉ, ਨਾਵ ਤੋਂ ਨਾਉ, ਗਾਂਵ ਤੋਂ ਗਾਂਉ ਸ਼ਬਦ ਬਣੇ ਪਰ ਅਰਥ ਨਹੀਂ ਬਦਲੇ}। ਭਗਉਤੀ/ਭਗਵਤੀ ਅਕਾਲ ਪੁਰਖ ਨਹੀਂ।

ਪ੍ਰਥਮ ਧਿਆਇ ਸ੍ਰੀ ਭਗਵਤੀ ਬਰਨੌ ਤ੍ਰਿਅ ਪ੍ਰਸੰਗ। ਭਗਵਤੀ/ਭਗਉਤੀ ਦੇਹਧਾਰੀ ਦੇਵੀ ਦਾ ਪੁਜਾਰੀ ਕਵੀ ਤੀਵੀਆਂ ਦੇ ਅਸ਼ਲੀਲ ਚਰਿੱਤ੍ਰ ਲਿਖਣ ਤੋਂ ਪਹਿਲਾਂ ਦੇਵੀ ਨੂੰ ਯਾਦ ਕਰਦਾ ਹੈ। ਇਹ ਕਵੀ ਦਸਵੇਂ ਪਾਤਿਸ਼ਾਹ ਨਹੀਂ ਹਨ।

ਉਪਰੋਕਤ ਵਿਚਾਰ ਤੋਂ ਇਹ ਸਪੱਸ਼ਟ ਹੈ ਕਿ ਦਸ਼ਮ ਗ੍ਰੰਥ ਵਿੱਚ ਭਗਉਤੀ ਇੱਕ ਇਸਤ੍ਰੀ ਪਾਰਬਤੀ {ਸ਼ਿਵ ਜੀ ਦੀ ਪਤਨੀ} ਹੈ

ਨੋਟ 1: ਪ੍ਰਥਮ ਧਿਆਇ ਸ੍ਰੀ ਭਗਵਤੀ ਬਰਨੌ ਤ੍ਰਿਅ ਪ੍ਰਸੰਗ। ਅਤੇ ਵਾਰ ਦੁਰਗਾ ਕੀ ਵਿੱਚ ਲਿਖਿਆ- ‘ਪ੍ਰਿਥਮ ਭਗਉਤੀ ਸਿਮਰ ਕੈ’ ਨੂੰ ਟਕਰਾਈਏ ਤਾਂ ਸਪੱਸ਼ਟ ਹੋ ਜਾਂਦਾ ਹੈ ਕਿ ਭਗਉਤੀ ਅਤੇ ਭਗਵਤੀ ਦੋ ਵੱਖਰੀਆਂ ਹਸਤੀਆਂ ਨਹੀਂ ਸਗੋਂ ਇਕੋ ਪਾਰਬਤੀ ਦੇ ਵੱਖ-ਵੱਖ ਨਾਂ ਹਨ।

ਨੋਟ 2: ਕੁੱਝ ਰਾਗੀ ਜਥਿਆਂ ਨੂੰ ਕੁੰਭ ਕਰਣੀ ਨੀਂਦ ਤਿਆਗ ਕੇ ਕੀਰਤਨ ਵਿੱਚ ਰਚਨਾਵਾਂ ਪੜ੍ਹਨ ਤੋਂ ਪਹਿਲਾਂ ਉਨ੍ਹਾਂ ਦੇ ਸ੍ਰੋਤਾਂ ਵਲ ਝਾਤੀ ਮਾਰਨ ਲਈ ਬਿਬੇਕ ਦਾਨ ਨੂੰ ਵਰਤਣ ਦੀ ਲੋੜ ਹੈ, ਭਾਵੇਂ ਬਿਬੇਕ ਦਾਨ ਮੰਗਿਆ ਤਾਂ ਰੋਜ਼ ਹੀ ਜਾਂਦਾ ਹੈ। ਅਜਿਹੇ ਰਾਗੀ ਜਥੇ ਭਗਉਤੀ ਜਾਂ ਭਗਵਤੀ ਦੀ ਕਵੀ ਵਲੋਂ ਲਿਖੀ ਸਿਫ਼ਤਿ ਨੂੰ ਧੱਕੇ ਨਾਲ਼ ਹੀ ਅਕਾਲਪੁਰਖ ਦੀ ਸਿਫ਼ਤਿ ਮੰਨ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਰਾਦਰੀ ਕਰਦੇ ਹੋਏ ਭਗਉਤੀ ਦੇਵੀ ਕਾਲ਼ੀ ਦੀ ਸਿਫ਼ਤਿ ਵਾਲ਼ੀਆਂ ਹੇਠ ਲਿਖੀਆਂ ਰਚਨਾਵਾਂ ਅਕਸਰ ਪੜ੍ਹਦੇ ਹਨ ਜਿਸ ਨਾਲ਼ ਦਸਵੇਂ ਗੁਰੂ ਜੀ ਦੀ ਵੀ ਨਿਰਾਦਰੀ ਕਰਨ ਦੇ ਉਹ ਭਾਗੀ ਬਣਦੇ ਹਨ:-

ਭਗਉਤੀ ਦੇਵੀ ਦੀਆਂ ਸਿਫ਼ਤਾਂ-

ਮੂਕ ਉਚਰੈ ਸ਼ਾਸਤ੍ਰ ਖਟ ਪਿੰਗ ਗਿਰਨ ਚੜਿ ਜਾਇ। ਅੰਧ ਲਖੈ ਬਧਰੋ ਸੁਨੈ ਜੌ ਤੁਮ (ਹੇ ਭਗਉਤੀ ਦੇਵੀ ਜੀ) ਕਰੋ ਸਹਾਇ।43।

ਮੂਕ- ਗੂੰਗਾ। ਖਟ- ਛੇ। ਗਿਰਨ- ਪਰਬਤ। ਬਧਰੋ- ਬੋਲ਼ਾ।

ਮੇਰ ਕਿਯੋ ਤ੍ਰਿਣ ਤੇ ਮੁਹਿ ਜਾਹਿ ਗਰੀਬ ਨਿਵਾਜ ਨ ਦੂਸਰ ਤੋਸੌ।
ਭੂਲ ਸ਼ਿਮਾ ਹਮਰੀ ਪ੍ਰਭੁ ਆਪੁਨ ਭੂਲਨਹਾਰ ਕਹੂੰ ਕੋਊ ਮੋ ਸੌ।
ਸੇਵ ਕਰੀ ਤੁਮਰੀ ਤਿਨ ਕੇ ਛਿਨ ਮੇ ਧਨ ਲਾਗਤ ਧਾਮ ਭਰੋਸੌ।
ਯਾ ਕਲਿ ਮੈ ਸਭ ਕਾਲਿ ਕ੍ਰਿਪਾਨ ਕੀ ਭਾਰੀ ਭੁਜਾਨ ਕੋ ਭਾਰੀ ਭਰੋਸੌ।
47।

ਹੇ ਦੇਵੀ ਭਗਉਤੀ! ਤੂੰ ਮੈਨੂੰ ਤਿਨਕੇ ਤੋਂ ਪਹਾੜ ਬਣਾਇਆ ਹੈ। ਤੂੰ ਯਰੀਬ ਨਿਵਾਜ਼ ਹੈਂ। ਮੇਰੀ ਗ਼ਲਤੀ ਦੇਵੀ ਜੀ ਮੁਆਫ਼ ਕਰ ਦੇਵੀਂ। ਤੇਰੇ ਸੇਵਕਾਂ ਦੇ ਘਰ ਤੂੰ ਧਨ ਨਾਲ਼ ਭਰਦੀ ਹੈਂ। ਹੇ ਕਾਲ਼ੀ ਦੇਵੀ ਭਗਵਤੀ! ਇਸ ਕਲ਼ਯੁਗ ਵਿੱਚ ਮੈਨੂੰ ਤੇਰੀ ਪਹਿਨੀ ਕਿਰਪਾਨ ਅਤੇ ਤੇਰੀਆਂ ਭਾਰੀ ਬਾਹਾਂ ਦਾ ਮੈਨੂੰ ਭਰੋਸਾ ਤੇ ਸਹਾਰਾ ਹੈ।

ਇਤਿ ਸ੍ਰੀ ਚਰਿੱਤ੍ਰ ਪਖਯਾਨੇ ਚੰਡੀ (ਦੇਵੀ, ਇਸਤ੍ਰੀ) ਚਰਿਤ੍ਰੇ ਪ੍ਰਥਮ ਧਿਆਇ ਸਮਾਪਤਮ ਸਤੁ ਸੁਭਮ ਸਤੁ।48।1। (ਪੰਨਾਂ ਦਸ਼ਮ ਗ੍ਰੰਥ 813)


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top