Share on Facebook

Main News Page

⚠️ ਕੋਈ ਮਨੁੱਖ ਜਾਂ ਇਮਾਰਤ "ਅਕਾਲ ਤਖ਼ਤ" ਨਹੀਂ ਹੋ ਸਕਦੀ ✅
🙏 ਗੁਰਬਾਣੀ ਅਨੁਸਾਰ ਜੋਤ ਰੂਪ "ਅਕਾਲ ਤਖ਼ਤ" ਕੀ ਹੈ ? ਭਾਗ - ੨, ਭਾਗ ੧
-: ਪ੍ਰੋ. ਦਰਸ਼ਨ ਸਿੰਘ ਖ਼ਾਲਸਾ
17.07.2024
#ProfDarshanSingh #KhalsaNews #AkalTakhat #akaal

🔥 ਹੁਣ ਜੋਤ ਰੂਪ ਅਕਾਲ ਪੁਰਖ ਨੇ ਸਿਧਾਂਤ ਰੂਪ ਰਾਜ ਜੋਗ {ਮੀਰੀ ਪੀਰੀ} ਦੇ ਅਕਾਲ ਤਖ਼ਤ ਦਾ ਵਾਰਸ "ਜੋਤ ਰੂਪ ਹਰ ਆਪ ਨਾਨਕ" ਦੇ ਜਾਮੇ ਵਿੱਚ ਬੈਠ ਕੇ ਗੁਰੁ ਨਾਨਕ ਕਹਾਇਆ।
ਜੋਤਿ ਰੂਪਿ ਹਰਿ ਆਪਿ ਗੁਰੁ ਨਾਨਕੁ ਕਹਾਯਉ॥

🙏 ਗੁਰੂ ਨਾਨਕ ਜੀ ਨੇ ਉਸ ਰਾਜ ਜੋਗ {ਮੀਰੀ ਪੀਰੀ} ਦੇ ਅਕਾਲ ਤਖ਼ਤ ਨੂੰ ਮਾਣਿਆਂ
ਰਾਜੁ ਜੋਗੁ ਮਾਣਿਓ ਬਸਿਓ ਨਿਰਵੈਰੁ ਰਿਦੰਤਰਿ ॥
ਸ੍ਰਿਸਟਿ ਸਗਲ ਉਧਰੀ ਨਾਮਿ ਲੇ ਤਰਿਓ ਨਿਰੰਤਰਿ ॥
ਗੁਣ ਗਾਵਹਿ ਸਨਕਾਦਿ ਆਦਿ ਜਨਕਾਦਿ ਜੁਗਹ ਲਗਿ ॥
ਧੰਨਿ ਧੰਨਿ ਗੁਰੁ ਧੰਨਿ ਜਨਮੁ ਸਕਯਥੁ ਭਲੌ ਜਗਿ ॥
ਪਾਤਾਲ ਪੁਰੀ ਜੈਕਾਰ ਧੁਨਿ ਕਬਿ ਜਨ ਕਲ ਵਖਾਣਿਓ ॥
ਹਰਿ ਨਾਮ ਰਸਿਕ ਨਾਨਕ ਗੁਰ ਰਾਜੁ ਜੋਗੁ ਤੈ ਮਾਣਿਓ ॥੬॥

🙏 ਗੁਰੂ ਨਾਨਕ ਜੀ ਨੇ ਸਪਸ਼ਟ ਬਚਨ ਕਰ ਦਿਤਾ ਕਿ ਇਹ ਤਖ਼ਤ ਅਕਾਲ ਦਾ ਹੈ ਅਤੇ ਗੁਰਬਾਣੀ ਦੇ ਰੂਪ ਵਿੱਚ ਹੁਕਮਨਾਮਾ ਭੀ ਉਹੋ ਜਾਰੀ ਕਰਦਾ ਹੈ।

ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ ॥

ਇਹ ਜੋਤ ਰੂਪ ਅਕਾਲ ਦਾ ਰਾਜ ਜੋਗ ਮੀਰੀ ਪੀਰੀ ਦਾ ਤਖਤ ...

"ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ ॥" ਅਨੁਸਾਰ ਦਸਾਂ ਜਾਮਿਆਂ ਵਿੱਚ ਵਰਤੀ ਦੇ ਨਾਮ ਹੇਠ ਅੱਗੇ ਚੱਲਦਾ ਗਿਆ।

ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ ॥ ਤਾ ਤੇ ਅੰਗਦੁ ਭਯਉ ਤਤ ਸਿਉ ਤਤੁ ਮਿਲਾਯਉ ॥
ਅੰਗਦਿ ਕਿਰਪਾ ਧਾਰਿ ਅਮਰੁ ਸਤਿਗੁਰੁ ਥਿਰੁ ਕੀਅਉ ॥ ਅਮਰਦਾਸਿ ਅਮਰਤੁ ਛਤ੍ਰੁ ਗੁਰ ਰਾਮਹਿ ਦੀਅਉ ॥
ਗੁਰ ਰਾਮਦਾਸ ਦਰਸਨੁ ਪਰਸਿ ਕਹਿ ਮਥੁਰਾ ਅੰਮ੍ਰਿਤ ਬਯਣ ॥ ਮੂਰਤਿ ਪੰਚ ਪ੍ਰਮਾਣ ਪੁਰਖੁ ਗੁਰੁ ਅਰਜੁਨੁ ਪਿਖਹੁ ਨਯਣ ॥੧॥

ਗੁਰ ਅੰਗਦ ਦੀ ਦੋਹੀ ਫਿਰੀ ਸਚੁ ਕਰਤੈ ਬੰਧਿ ਬਹਾਲੀ ॥ ਨਾਨਕੁ ਕਾਇਆ ਪਲਟੁ ਕਰਿ ਮਲਿ ਤਖਤੁ ਬੈਠਾ ਸੈ ਡਾਲੀ ॥
ਲਹਣੇ ਦੀ ਫੇਰਾਈਐ ਨਾਨਕਾ ਦੋਹੀ ਖਟੀਐ ॥ ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ ॥
ਝੁਲੈ ਸੁ ਛਤੁ ਨਿਰੰਜਨੀ ਮਲਿ ਤਖਤੁ ਬੈਠਾ ਗੁਰ ਹਟੀਐ ॥

ਪ੍ਰਥਮੇ ਨਾਨਕ ਚੰਦੁ ਜਗਤ ਭਯੋ ਆਨੰਦੁ ਤਾਰਨਿ ਮਨੁਖੵ ਜਨ ਕੀਅਉ ਪ੍ਰਗਾਸ ॥
ਗੁਰ ਅੰਗਦ ਦੀਅਉ ਨਿਧਾਨੁ ਅਕਥ ਕਥਾ ਗਿਆਨੁ ਪੰਚ ਭੂਤ ਬਸਿ ਕੀਨੇ ਜਮਤ ਨ ਤ੍ਰਾਸ ॥
ਗੁਰ ਅਮਰੁ ਗੁਰੂ ਸ੍ਰੀ ਸਤਿ ਕਲਿਜੁਗਿ ਰਾਖੀ ਪਤਿ ਅਘਨ ਦੇਖਤ ਗਤੁ ਚਰਨ ਕਵਲ ਜਾਸ ॥
ਸਭ ਬਿਧਿ ਮਾਨੵਿਉ ਮਨੁ ਤਬ ਹੀ ਭਯਉ ਪ੍ਰਸੰਨੁ ਰਾਜੁ ਜੋਗੁ ਤਖਤੁ ਦੀਅਨੁ ਗੁਰ ਰਾਮਦਾਸ ॥੪॥

ਸਭ ਉਮਤਿ ਆਵਣ ਜਾਵਣੀ ਆਪੇ ਹੀ ਨਵਾ ਨਿਰੋਆ ॥
ਤਖਤਿ ਬੈਠਾ ਅਰਜਨ ਗੁਰੁ ਸਤਿਗੁਰ ਕਾ ਖਿਵੈ ਚੰਦੋਆ॥

🙏 ਗੁਰੁ ਅਰਜਨ ਸਾਹਿਬ ਜੀ ਨੇ ਭੀ ਬਚਨ ਕੀਤਾ--ਹਉ ਆਪਹੁ ਬੋਲਿ ਨ ਜਾਣਦਾ ਮੈ ਕਹਿਆ ਸਭੁ ਹੁਕਮਾਉ ਜੀਉ॥

ਹੁਣ-- ਅਰਜਨ ਕਾਇਆਂ ਪਲਟ ਕੈ ਮੂਰਤ ਹਰਗੋਬਿੰਦ ਸਵਾਰੀ ॥

👉 ਇਓਂ ਗੁਰੁ ਅਰਜਨ ਜੀ ਤੋਂ ਮੂਰਤ ਕਾਇਆਂ ਪਲਟ ਕੇ ਛਟਮ ਪੀਰ ਗੁਰੁ ਹਰਗੋਬਿੰਦ ਜੀ ਦੇ ਨਾਮ ਹੇਠ ਉਸ ਤਖਤ ਦੇ ਸਿਧਾਂਤ ਜੋਤ ਓਹਾ ਜੁਗਤ ਸਾਏ ਦੇ ਵਾਰਸ ਬਣੇ। ਕਿਉਂਕਿ ਇਹ ਧੁਰ ਕੀ ਬਾਣੀ ਅਕਾਲ ਹੁਕਮ ਹੈ ਇਸ ਲਈ ਗੁਰਬਾਣੀ ਸਿਧਾਂਤ ਹੀ ਅਕਾਲ ਤਖਤ ਦਾ ਪ੍ਰਤੀਕ ਹੈ। ਅਤੇ ਇਸੇ ਲਈ ਦਸਵੇਂ ਜਾਮੇ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਬਦ ਗੁਰੂ ਦੇ ਖਜ਼ਾਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਉਸ ਤਖਤ ਦਾ ਵਾਰਸ ਘੋਸ਼ਿਤ ਕੀਤਾ, ਅੱਜ ਪਰਗਟ ਗੁਰਾਂ ਕੀ ਦੇਹ ਸ੍ਰੀ ਗੁਰੁ ਗ੍ਰੰਥ ਸਾਹਿਬ ਹੀ ਅਕਾਲ ਤਖ਼ਤ ਦਾ ਵਾਰਸ ਹੈ। ਹੋਰ ਕੋਈ ਇਮਾਰਤ ਜੋ ਉਸਾਰੀ ਜਾਂ ਢਾਹੀ ਜਾਂ ਸਕਦੀ ਹੈ, ਕੋਈ ਮਨੁੱਖ ਜੋ ਜਨਮ ਲੈਂਦਾ ਕਿਸੇ ਬੰਦੇ ਦੀ ਗੁਲਾਮੀ ਕਰਦਾ ਤੇ ਅੰਤ ਕਾਲ ਵਾਸ ਹੋ {ਮਰ} ਜਾਂਦਾ ਹੈ, ਅਕਾਲ ਜਾਂ ਅਕਾਲ ਤਖ਼ਤ ਨਹੀਂ ਹੋ ਸਕਦਾ।

💥 ਇਹ ਗਲ ਮੈਂ ਸੇਵਾ ਕਾਲ ਸਮੇਂ ਪਹਿਲੀ ਇੰਟਰਵਿਯੂ ਵਿੱਚ ਭੀ ਕਹੀ ਸੀ ਕਿ "ਕੋਈ ਮਨੁੱਖ ਜਾਂ ਇਮਾਰਤ ਅਕਾਲ ਤਖ਼ਤ ਨਹੀਂ ਹੋ ਸਕਦੀ।" ਅਕਾਲ ਤਖ਼ਤ ਸਾਰੇ ਬ੍ਰਹਿਮੰਡ ਵਿੱਚ ਵਰਤ ਰਿਹਾ ਹੈ, ਅਕਾਲ ਤਖ਼ਤ ਅਕਾਲਪੁਰਖ ਦਾ ਸਿਧਾਂਤ ਹੈ। ਬੇਸ਼ਕ ਪ੍ਰਚੱਲਿਤ ਪ੍ਰਚਾਰ ਹੋਣ ਕਰਕੇ ਦਾਸ ਦੇ ਸੇਵਾਕਾਲ ਸਮੇਂ ਭੀ ਸਥਾਨ ਨੂੰ ਅਕਾਲ ਤਖ਼ਤ ਅਤੇ ਦਾਸ ਨੂੰ ਜਥੇਦਾਰ ਨਾਮ ਨਾਲ ਸੰਬੋਧਨ ਕਰਦੇ ਰਹੇ, ਕਿਉਂਕਿ ਉਸ ਸਮੇਂ ਹਾਲਾਤ ਹੀ ਵਸੋਂ ਬਾਹਰ ਸਨ। ਖਾਕੀ ਅਤੇ ਚਿੱਟੀ ਵਰਦੀ ਵਿਚ ਬੰਦੂਕ ਦਾ ਹੀ ਰਾਜ ਸੀ। ਕੋਈ ਸਿਧਾਂਤ ਸਮਝਣ ਲਈ ਤਿਆਰ ਨਹੀਂ ਸੀ ਅਤੇ ਅੱਜ ਭੀ ਨਹੀਂ।

📣 ...ਪਰ ਨਤੀਜਾ ਇਹ ਹੈ ਕਿ ਅੱਜ ਅਕਾਲ ਤਖ਼ਤ ਦੇ ਨਾਮ ਦੀ ਦੁਰਵਰਤੋਂ ਕਰਕੇ ਇਕ ਦੇਹਧਾਰੀ ਗੁਲਾਮ ਮਨੁੱਖਾਂ ਨੂੰ ਅਕਾਲ ਤਖ਼ਤ ਅਤੇ ਗੁਰੂ ਪੰਥ ਪ੍ਰਚਾਰਿਆ ਜਾ ਰਿਹਾ ਹੈ, ਜੋ ਮਨੁੱਖ ਦੇ ਗ਼ੁਲਾਮ ਜੀਵਨ ਦਾ ਪ੍ਰਤੀਕ ਬਣ ਕੇ ਅਕਾਲ ਤਖ਼ਤ ਦੇ ਪਵਿੱਤਰ ਨਾਮ ਦੀ ਵਡਿਆਈ ਅਤੇ ਅਦਬ ਕਲੰਕਤ ਹੋ ਰਿਹਾ ਹੈ। ਅਕਾਲ ਤਖ਼ਤ ਦੇ ਨਾਮ 'ਤੇ ਜਿੱਥੇ ਸਿੱਖੀ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ, ਓਥੇ ਇਸ ਨਾਮ ਦੀ ਸਿਆਸੀ ਵਰਤੋਂ ਕਰਕੇ ਸਿੱਖ ਦੀ ਸੋਚ ਨੂੰ ਅਪਣਾ ਗ਼ੁਲਾਮ ਕੀਤਾ ਜਾ ਰਿਹਾ ਹੈ।

📛 ਗੁਲਾਮੀ ਦੇ ਇਹ ਹਾਲਾਤ ਦੇਖ ਸਮਝ ਕੇ ਹੀ ਦਾਸ ਨੇ ਆਪ ਖੁਦ ਅਸਤੀਫਾ ਦੇਕੇ ਛੱਡ ਆਉਣ ਦਾ ਫੈਸਲਾ ਕੀਤਾ ਸੀ, ਆਖਰ ਤਿੰਨ ਮਹੀਨੇ ਬਾਅਦ ਇਨ੍ਹਾਂ ਨੇ ਮੇਰਾ ਅਸਤੀਫਾ ਪ੍ਰਵਾਨ ਕੀਤਾ ਸੀ। ਅਜ ਭੀ ਅਪਣੇ ਗੁਲਾਮ ਦੇਹ ਧਾਰੀਆਂ ਨੂੰ ਸ੍ਰੀ ਅਕਾਲ ਤਖਤ ਆਖ ਕੇ ਅਕਾਲ ਪੁਰਖ ਦੇ ਬਰਾਬਰ ਖੜਾ ਕੀਤਾ ਜਾ ਰਿਹਾ ਹੈ। ਮੈਨੂੰ ਇਹ ਭੀ ਭੁੱਲਿਆ ਨਹੀਂ ਕਿ ਜਦੋਂ ਅਕਾਲ ਤਖਤ ਦੇ ਨਾਮ ਹੇਠ ਮੈਨੂੰ ਤਲਬ ਕਰਨ ਦਾ ਪਤਰ ਆਇਆ, ਤਾਂ ਦਾਸ ਨੇ ਚਿੱਠੀ ਗ੍ਰਹਿਣ (receive) ਕਰਦਿਆਂ ਜੋ ਲਿਖਿਆ ਉਹ ਅਜ ਤੱਕ ਮੇਰੀ ਸਵੈ ਜੀਵਨੀ ਦੀ ਕਿਤਾਬ ਵਿਚ ੨੩੯ ਸਫੇ 'ਤੇ ਇੰਨ ਬਿੰਨ ਇਉਂ ਛਪਿਆ ਹੋਇਆ ਹੈ ।

ਸਚਾ ਆਪਿ ਤਖਤੁ ਸਚਾ ਬਹਿ ਸਚਾ ਕਰੇ ਨਿਆਉ॥ ਸਚੇ ਅਕਾਲ ਤਖਤ ਦੇ ਮਾਲਕ,ਸਚੇ ਪਾਤਸ਼ਾਹ ਜੀਉ।
ਪਰਮ ਸਤਿਕਾਰ ਸਹਿਤ ਨਮਸ਼ਕਾਰ।
ਸਚੇ ਪਾਤਸ਼ਾਹ ਜੀਉ! ਇਕ ਸੇਵਾਦਾਰ ਗਿਆਨੀ ਗੁਰਬਚਨ ਸਿੰਘ ਜੀ ਦੀ ਚਿੱਠੀ ਰਾਹੀ ਦਾਸ ਨੂੰ ਸੰਦੇਸ਼ ਪੁਜਿਆ ਸੀ ਕੇ ਆਪ ਜੀ ਦੇ ਤਖ਼ਤ ਸਾਹਿਬ ਅਗੇ ਪੁਜ ਕੇ ਸਪਸ਼ਟੀਕਰਨ ਦੇਵਾਂ।
ਸਚੇ ਪਾਤਸ਼ਾਹ ਜੀਉ ਮੈਨੂੰ ਯਕੀਨ ਹੈ ਕੇ ਆਪ ਜੀ ਤਾਂ ਅੰਤਰਜਾਮੀ ਹੋ ਆਪ ਜੀ ਨੂੰ ਤਾਂ ਕਿਸੇ ਸਪਸ਼ਟੀਕਰਨ ਦੀ ਲੋੜ ਹੀ ਨਹੀਂ।

ਹਰਿ ਅੰਤਰਜਾਮੀ ਸਭ ਬਿਧਿ ਜਾਣੈ ਤਾ ਕਿਸੁ ਪਹਿ ਆਖਿ ਸੁਣਾਈਐ॥ -ਅੰਕ ੬੨੪

ਪਰ ਭੋਲੀ ਭਾਲੀ ਸਿੱਖੀ ਦੀ ਗਿਆਤ ਲਈ ਜੇ ਸ੍ਰੀ ਅਕਾਲ ਤਖਤ ਰਾਹੀ ਸਪਸ਼ਟੀਕਰਨ ਪੁਜ ਜਾਵੇ ਤਾਂ ਭਲਾ ਹੀ ਹੋਵੇਗਾ। ਇਸ ਲਈ ਸਪਸ਼ਟੀਕਰਨ ਸਬੰਧੀ ਫਾਈਲ ਭੇਟ ਕਰਨ ਲਈ ਅਕਾਲ ਤਖਤ ਦੇ ਅਸਥਾਨ 'ਤੇ ਹਾਜ਼ਰ ਹੋਇਆ ਹਾਂ, ਤਾਂ ਕਿ ਇਸ ਵਿਚਲੀ ਸੱਚਾਈ ਇੱਕੋ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਵਾਲੇ ਸਿੱਖਾਂ ਦੇ ਹਿਰਦਿਆਂ ਤੱਕ ਪਹੁੰਚ ਸਕੇ ਅਤੇ ਉਹ ਇੱਕੋ ਇੱਕ ਤਖਤ ਚਵਰ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਲਈ ਜਾਗ ਉਠਣ।

ਆਪ ਜੀ ਦੇ ਦਰਬਾਰ ਦਾ ਕੂਕਰ
ਦਰਸ਼ਨ ਸਿੰਘ ਖਾਲਸਾ
ਸਾਬਕਾ ਸੇਵਾਦਾਰ ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਅੰਮ੍ਰਿਤਸਰ
0੫ ਦਸੰਬਰ ੨੦੦੯

🔺 ਪਰ ਉਸ ਤੋਂ ਬਾਅਦ ਜਦੋਂ ਆਸਨਸੋਲ ਵਿਖੇ ਕਲਕੱਤੇ ਤੋਂ ਅਪਣੇ ਬੰਦੇ ਭੇਜ ਕੇ ਮੇਰੇ 'ਤੇ ਮਾਰੂ ਹਮਲਾ ਕਰਾਇਆ ਗਿਆ ਤਾਂ ਦੂਜੇ ਦਿਨ ਅਪਣੇ ਥਾਪੇ ਹੋਇ ਜਥੇਦਾਰ ਨੂੰ ਅਕਾਲ ਪੁਰਖ ਪ੍ਰਚਾਰਣ ਵਾਲੇ ਵਕਤ ਦੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮਕੜ ਜੀ ਨੇ ਇਹ ਬਿਆਨ ਦਿੱਤਾ ਕਿ ਇਹ ਡਾਂਗਾਂ ਅਤੇ ਕਿਰਪਾਨਾਂ ਵਾਲੇ ਲੋਕਾਂ ਰਾਹੀਂ ਦਰਸ਼ਨ ਸਿੰਘ ਨੂੰ ਅਕਾਲ ਪੁਰਖ ਵਲੋਂ ਉਸਦੀ ਚਿੱਠੀ ਦਾ ਜਵਾਬ ਆਇਆ ਹੈ।

⚠️ ਸੋ, ਜੋ ਮੈਂ ਅੱਜ ਦੇਖ ਰਿਹਾਂ ਹਾਂ ਕਿ ਅਕਾਲ ਪੁਰਖ ਵਲੋਂ ਧੁਰ ਕੀ ਬਾਣੀ ਦੀ ਥਾਵੇਂ ਅਪਣੇ ਸਿਆਸੀ ਹੁਕਮਨਾਮੇ ਜਾਰੀ ਕਰਕੇ ਸਿੱਖੀ ਨੂੰ ਅਕਾਲ ਪੁਰਖ ਦੇ ਤਖਤ ਰੂਪ ਗੁਰਬਾਣੀ ਤੋਂ ਤੋੜਿਆ ਜਾ ਰਿਹਾ ਹੈ। ਅੱਜ ਕੌਮ ਨੂੰ ਜਾਗਰਤੀ ਦੀ ਲੋੜ ਹੈ।

ਸੱਚੇ ਅਕਾਲ ਤਖਤ ਦੇ ਵਾਰਸ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਦਰ ਦਾ ਕੂਕਰ
ਦਰਸ਼ਨ ਸਿੰਘ ਖਾਲਸਾ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top