ਕਿਰਸਾਨ ਨੇ ਦੁੱਖ ਝਾਗੇ ਬਰਫੀਲੀਆਂ ਰਾਤਾਂ ਨੰਗੇ ਪਿੰਡੇ
ਸੜਕਾਂ 'ਤੇ ਗੁਜ਼ਾਰੀਆਂ।
ਵੀਰੋ, ਮੇਰਾ ਚਿੱਤ ਤੁਹਾਡੇ ਵਿੱਚ ਹੈ, ਰੋਜ਼ ਮਿਲਦਾ ਰੋਟੀ
ਰੂਪ ਵਿੱਚ ਅਨਾਜ ਦਾ ਇੱਕ ਇੱਕ ਦਾਣਾ ਮੈਨੂੰ ਤੁਹਾਡੇ ਨਾਲ ਜੋੜ ਰਿਹਾ ਹੈ। ਮੈਂ
ਪ੍ਰਦੇਸੀ ਦੂਰ ਬੈਠਾ ਦੇਖ ਰਿਹਾ ਹਾਂ ਕਿ ਜਦੋਂ
ਕਿਰਸਾਣ ਦੇ ਸੰਘਰਸ਼ ਦੀ ਫਸਲ ਪਕਣ 'ਤੇ ਆਈ ਹੈ, ਬੋਹਲ ਘਰ ਆਉਣ ਦੀ ਆਸ
ਬਣੀ ਹੈ ਤਾਂ ਚਿੱਟੇ ਕਾਲੇ ਨਦੀਨ ਅਤੇ ਉਡਾਰੂ ਪੰਛੀ ਇਸ ਖੇਤ ਵਿੱਚ ਆ ਬੈਠ ਹਨ,
ਜਿਨ੍ਹਾਂ ਤੋਂ ਸੁਚੇਤ ਰਹਿਣ ਦੀ ਜ਼ਿਆਦਾ ਲੋੜ੍ਹ ਹੈ। ਗੁਰਬਾਣੀ ਦੀ ਆਵਾਜ਼:
ਮਨ ਮੇਰੇ ਅਨਦਿਨੁ ਜਾਗੁ ਹਰਿ
ਚੇਤਿ ॥ ਆਪਣੀ ਖੇਤੀ ਰਖਿ ਲੈ ਕੂੰਜ ਪੜੈਗੀ ਖੇਤਿ॥1॥
ਹੇ ਮੇਰੇ ਮਨ! ਹਰ ਵੇਲੇ (ਵਿਕਾਰਾਂ ਦੇ ਹੱਲਿਆਂ ਵੱਲੋਂ)
ਸੁਚੇਤ ਰਹਿਕੇ ਸੰਘਰਸ਼ੀ ਜੀਵਨ ਦੀ ਰਾਖੀ ਕਰ ਨਾਲ ਹੀ ਸਫਲ ਕਿਰਸਾਣੀ ਦਾ ਤਰੀਕਾ
ਭੀ ਦਸਦੇ ਹਨ ਕਿ ਹੇ ਕਿਰਸਾਣ:
ਮ:1॥ ਭਉ ਭੁਇ ਪਵਿਤੁ ਪਾਣੀ
ਸਤੁ ਸੰਤੋਖੁ ਬਲੇਦ॥ ਹਲੁ ਹਲੇਮੀ ਹਾਲੀ ਚਿਤੁ ਚੇਤਾ ਵਤ੍ਰ ਵਖਤ ਸੰਜੋਗੁ॥
ਜੇ ਪ੍ਰਭੂ ਦਾ ਡਰ ਪੈਲ਼ੀ ਬਣੇ, ਸੁੱਧ ਆਚਰਣ (ਉਸ ਪੈਲ਼ੀ ਲਈ)
ਪਾਣੀ ਹੋਵੇ, ਸਤਿ ਤੇ ਸੰਤੋਖ (ਉਸ ਪੈਲ਼ੀ ਨੂੰ ਵਾਹੁਣ ਲਈ ਬਲਦ ਹੋਣ; ਨਿਮਰਤਾ ਦਾ
ਹਲ ਹੋਵੇ, ਚਿੱਤ ਹਲ ਵਾਹੁਣ ਵਾਲਾ ਹਾਲੀ ਹੋਵੇ, ਸਿਮਰਨ ਵੱਤਰ ਹੋਵੇ ਤੇ ਗੁਰੂ
ਮਿਲਾਪ (ਬੀਜ ਬੀਜਣ ਦਾ) ਸਮਾਂ ਬਣ ਜਾਵੇ, ਤਾਂ ਸਫਲਤਾ ਦਾ ਬੋਹਲ਼ ਘਰ ਆਵੇਗਾ।