Khalsa News homepage

 

 Share on Facebook

Main News Page

ਕੁਦਰਤਿ ਰੱਬ ਨਹੀਂ
ਕੁੱਝ ਆਖਦੇ ਨੇ ਦਿੱਸਣ ਵਾਲੀ ਚੀਜ਼ (ਕੁਦਰਤ) ਹੀ ਰੱਬ ਹੈ, ਪਰ ਗੁਰੂ ਕਹਿੰਦਾ ਹੈ ਜਿਹੜੀ ਚੀਜ ਦਿਸਦੀ ਹੈ ਉਹ ਬਿਨਸ ਜਾਂਦੀ ਹੈ
-: ਪ੍ਰੋ. ਦਰਸ਼ਨ ਸਿੰਘ ਖ਼ਾਲਸਾ
03.01.2020

ਜਿਹੜੇ ਲੋਕ ਇਹ ਆਖਦੇ ਨੇ ਦਿਸਣ ਵਾਲੀ ਚੀਜ {ਕੁਦਰਤ} ਹੀ ਰੱਬ ਹੈ, ਗੁਰੂ ਕਹਿੰਦਾ ਹੈ ਜਿਹੜੀ ਚੀਜ ਦਿਸਦੀ ਹੈ ਉਹ ਬਿਨਸ ਜਾਂਦੀ ਹੈ "ਦ੍ਰਿਸਟਿਮਾਨ ਸਭੁ ਬਿਨਸੀਐ ਕਿਆ ਲਗਹਿ ਗਵਾਰ" ਰੱਬ ਬਿਨਸਦਾ ਨਹੀਂ ਉਹ ਅਬਿਨਾਸੀ ਹੈ ।


ਸੰਸਾਰ ਝੂਠ ਹੈ ਗੁਰੂ ਆਖ ਰਿਹਾ ਹੈ, ਸੰਸਾਰ ਦੁਨੀਆ ਮ੍ਰਿਤ ਮੰਡਲ ਹੈ ਸੰਸਾਰ ਮੌਤ ਦਾ ਘਰ ਹੈ ਗੁਰੂ ਆਖ ਰਿਹਾ ਹੈ, ਤੇ ਕਿੰਨੀ ਅਜ਼ੀਬ ਗੱਲ ਹੈ ਇਹ ਗੱਲ ਵੀ ਗੁਰੂ ਆਖ ਰਿਹਾ ਹੈ ਸਾਨੂੰ ਸੋਚਣਾ ਪਵੇਗਾ, ਸਾਡੇ ਸਾਹਮਣੇ ਕੁੱਝ ਗੱਲਾ ਵਿਚਾਰ ਦੀਆਂ ਨੇ, ਇਹ ਗੱਲ ਵੀ ਗੁਰੂ ਆਖ ਰਿਹਾ ਹੈ .. ਇਹੁ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿੱਚਿ ਵਾਸੁ ॥

ਇਹ ਵੀ ਗੱਲ ਗੁਰੂ ਆਖ ਰਿਹਾ ਹੈ ..ਜਗ ਰਚਨਾ ਸਭ ਝੂਠ ਹੈ ਜਾਨਿ ਲੇਹੁ ਰੇ ਮੀਤ ॥

ਦੋਵੇ ਚੀਜਾਂ ਜਗ ਨਾਲ ਸਬੰਧਤ ਹਨ, ਜਗ ਦੀ ਰਚਨਾ ਝੂਠ ਹੈ, ਦੁਨੀਆ ਝੂਠੀ ਹੈ ..
ਦੂਜੇ ਪਾਸੇ ਕਹਿੰਦੇ
ਰੱਬ ਇਹਦੇ ਵਿੱਚ ਰਹਿੰਦਾ ਹੈ 'ਤੇ ਰੱਬ ਝੂਠ ਨਹੀਂ, ਰੁਕਣਾ ਪਏਗਾ ਸਾਨੂੰ .. ਮਾਲਕ ਝੂਠ ਨਹੀਂ ..

ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥

ਸਾਡੇ ਸਾਹਮਣੇ ਸਵਾਲ ਹੈ, ਸੰਸਾਰ 'ਝੂ੍ਠ ਹੈ ਤੇ ਨਿਰੰਕਾਰ 'ਸਚ ਹੈ, ਤੇ ਸੱਚ ਉਸ ਝੂਠ ਅੰਦਰ ਰਹਿੰਦਾ ਹੈ ਕਿੰਨੀ ਅਜ਼ੀਬ ਗੱਲ ਹੈ "ਇਹੁ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿੱਚਿ ਵਾਸੁ" .. "ਮ੍ਰਿਤ ਮੰਡਲ ਜਗੁ ਸਾਜਿਆ" ਇਹ ਮੌਤ ਦਾ ਘਰ ਹੈ ਸੰਸਾਰ ਤੇ ਇਹਦੇ ਵਿੱਚ 'ਨਿਰੰਕਾਰ ਉਹ ਰਹਿੰਦਾ ਹੈ ਜਿਹੜਾ ਮਰਦਾ ਨਹੀਂ, ਕਿਉਂ .. ਇਸ ਨੂੰ ਸਪਸ਼ਟ ਕਰਨ ਲਈ ਇਸੇ ਸ਼ਬਦ ਦੀ ਪੰਕਤੀ ਹੈ "ਦ੍ਰਿਸਟਿਮਾਨ ਸਭੁ ਬਿਨਸੀਐ ਕਿਆ ਲਗਹਿ ਗਵਾਰ" .. ਕਿਉਂਕੀ ਸੰਸਾਰ ਦਿਸਦਾ ਹੈ ਤੇ ਦਿੱਸਣ ਵਾਲੀ ਕੋਈ ਚੀਜ ਰਹਿੰਦੀ ਨਹੀਂ "ਜੋ ਦੀਸੈ ਸੋ ਸਗਲ ਬਿਨਾਸੈ"

ਮੈਂ ਇਕ ਵਾਰੀ ਅਰਜ਼ ਕੀਤੀ ਸੀ "ਇਹੁ ਜਗੁ ਧੂਏ ਕਾ ਪਹਾਰ" ਇਥੇ ਵੀ 'ਜਗ ਸ਼ਬਦ ਹੈ, ਇਹ ਜਗ ਧੂਏ ਕਾ ਪਹਾਰ ਕਿਉਂ ਹੈ? ਇਥੇ ਰੁਕਣਾ ਹੈ, ਇਹ ਧੂਏ ਦਾ ਪਹਾਰ ਹੈ ਇਕ ਖਿਆਲ ਕਰਿਓ 'ਧੂਏ ਤੇ ਪਵਨ ਵਿੱਚ ਕੀ ਫ਼ਰਕ ਹੈ ਪਵਨ ਵੀ ਤਾਂ ਧੂਏ ਦਾ ਹਿੱਸਾ ਹੁੰਦੀ ਹੈ, ਪਵਨ ਧੂਏ ਵਿੱਚ ਰਹਿੰਦੀ ਹੈ ਤਾਂ ਹੀ ਧੂਆਂ ਬਣਦਾ ਹੈ, ਉਹ ਵੀ ਧੂਏਂ ਦਾ ਹਿੱਸਾ ਹੈ, ਸੋਚਣਾ ਪਵੇਗਾ 'ਪਵਨ ਸਾਡੇ ਜੀਵਨ ਲਈ ਹੈ, ਪਵਨ ਨੂੰ ਤਾਂ ਗੁਰੂ ਵੀ ਆਖ ਦਿੱਤਾ ਹੈ ਕਿਉਂਕੀ ਜਿੰਨਾ ਨਾਦ ਹੈ ਉਹ ਸਾਰੀ ਪਵਨ ਦੀ ਉਪਜ ਹੈ, ਅਵਾਜ ਜਿੰਨੀ ਹੈ ਉਹ ਪਵਨ ਤੇ ਨਿਰਭਰ ਹੈ, ਪਵਨ ਜਿਹੜੀ ਹੈ ਉਹ ਜੀਵਨ ਹੈ .. ਪਰ ਕਿੰਨੀ ਅਜੀਬ ਗੱਲ ਹੈ ਉਹ ਧੂਏਂ ਵਿੱਚ ਵੀ ਬੈਠੀ ਹੈ ਜਿਥੇ ਪਵਨ ਨਹੀਂ ਉੱਥੇ ਧੂਆਂ ਵੀ ਨਹੀਂ, ਫ਼ਰਕ ਕੀ ਹੈ? ਧੂਆਂ ਦਿੱਸਦਾ ਹੈ ਪਵਨ ਦਿਸਦੀ ਨਹੀਂ, ਅਸੀਂ ਸਾਹ ਲੈ ਰਹੇ ਪਵਨ ਸਾਡੇ ਅੰਦਰ ਜਾ ਹੀ ਰਹੀ ਹੈ ਨਾ, ਉਹ ਹੈ ਤਾਂ ਹੀ ਸਾਹ ਲੈ ਰਹੇ ਹਾਂ ਪਰ ਸਾਨੂੰ ਮੂੰਹ ਦੇ ਨੇੜੇ ਆਉਣ ਤੋਂ ਬਾਦ ਵੀ ਪਵਨ ਦਿੱਸੀ ਨਹੀਂ 'ਸਾਹ ਲੈ ਲਿਆ ਹੈ ਤੇ ਭਲਾ ਜਿਹ ਇਹ ਹੀ ਪਵਨ ਧੂਏਂ ਵਿੱਚ ਸਮਾ ਜਾਏ ਧੂ੍‍ਆਂ ਤਾਂ ਨੇੜੇ ਆਉਣਾ ਕਿਤੇ ਰਹਿ ਗਿਆ ਘਰ ਦੇ ਕਿਸੇ ਕੋਨੇ ਵਿੱਚ ਵੀ ਹੋਵੇ ਤੇ ਪਤਾ ਲਗ ਜਾਂਦਾ ਹੈ ਕਿਤੇ ਕੋਈ ਅੱਗ ਲਗ ਗਈ ਹੈ, ਧੂਆਂ ਹੈ ਨਾ, ਧੂਆਂ ਦਿਸੇਗਾ, ਇਸ ਲਈ ਦਿੱਸਣ ਵਾਲੀ ਜਿਹੜੀ ਚੀਜ ਮੌਤ ਉਹ ਹੈ, ਭਲਾ ਸੋਚੋ ਜੇ ਧੂਏਂ ਵਿੱਚ ਸਾਹ ਲੈਣਾ ਪੈ ਜਾਏ ਤੇ ਲੈ ਸਕਦੇ ਹੋ? ਧੂਆਂ ਮੌਤ ਹੈ, ਹੈ ਉਹਦੇ ਵਿੱਚ ਵੀ ਪਵਨ, ਪਵਨ ਜੀਵਨ ਹੈ ਉਹ ਦਿਸਦੀ ਹੈ ਨਹੀਂ ਦਿਸਦੀ ਉੱਥੇ ਧੂਆਂ ਦਿਸਦਾ ਹੈ ਤੇ ਇਹੋ ਗੱਲ ਗੁਰੂ ਨੇ ਗੁਰਬਾਣੀ ਵਿੱਚ ਆਖ ਦਿਤੀ, ਕਹਿਣ ਲਗੇ "ਦ੍ਰਿਸਟਿਮਾਨ ਸਭੁ ਬਿਨਸੀਐ" ਤੇ ਰੱਬ ਇਹਦੇ ਵਿੱਚ ਰਹਿੰਦਾ ਹੈ, ਹੁਣੇ ਤੁਸੀਂ ਅੱਗ ਬਾਲੋ ਛੱਤ ਦੇ ਉਪਰ ਧੂਆਂ ਦਿਸੇਗਾ ਪਰ ਕਿੰਨੂ ਕੂ ਦੇਰ, ਧੂਆਂ ਖਤਮ ਹੋਏਗਾ ਪਵਨ ਖਤਮ ਨਹੀਂ ਹੋਏਗੀ, ਉਹ ਧੂਏਂ ਵਿੱਚ ਰਹਿੰਦੀ ਹੈ ਪਰ ਧੂਆਂ ਨਹੀਂ ਬਣਦੀ .. ਸੱਚਾ ਪ੍ਰਭੂ ਇਸ ਸੰਸਾਰ ਇਸ ਮੌਤ ਦੇ ਘਰ ਵਿੱਚ ਰਹਿੰਦਾ ਹੈ ਪਰ ਮੌਤ ਨਹੀਂ ਬਣਦਾ ..

ਨਾ ਓਹੁ ਮਰੈ ਨ ਹੋਵੈ ਸੋਗੁ ॥ ਦੇਦਾ ਰਹੈ ਨ ਚੂਕੈ ਭੋਗੁ ॥

ਇਹੋ ਮਹਾਨਤਾ ਹੁੰਦੀ ਹੈ ਖਿਆਲ ਕਰਿਓ ਮੌਤ ਦੇ ਘਰ ਵਿੱਚ ਰਹਿ ਕੇ ਵੀ, ਇਸ ਸੰਸਾਰ ਵਿੱਚ ਰਹਿੰਦਿਆ ਹੋਇਆ ਮੌਤ ਤੋਂ ਨਿਰਲੇਪ ਰਹਿਣਾ, ਸਤਿਗੁਰ ਨੇ ਕਿਉਂ ਆਖਿਆ ..
ਕਾਜਰ ਕੋਠ ਮਹਿ ਭਈ ਨ ਕਾਰੀ ਨਿਰਮਲੁ ਬਰਨੁ ਬਨਿਓ ਰੀ ॥ ..
ਐਸੋ ਸਮਰਥੁ ਵਰਨਿ ਨਾ ਸਾਕਉ ਤਾ ਕੀ ਉਪਮਾ ਜਾਤ ਨ ਕਹਿਓ ਰੀ ॥

ਕਾਜਲ ਦੀ ਕੋਠਰੀ ਵਿੱਚ ਰਹਿ ਕੇ ਕੋਈ ਉਹਦੇ ਤੋਂ ਪ੍ਰਭਾਵਿਤ ਨਾ ਹੋਵੇ, ਉਹਦੇ ਤੋਂ ਅਸਰ ਅੰਦਾਜ ਨਾ ਹੋਵੇ ਤਾਂ ਵਿਸ਼ਵਾਸ ਰਖਿਓ ਉਹ ਰੱਬ ਨਾਲ ਜੁੜਿਆ ਹੋਇਆ ਹੈ, ਸੰਸਾਰ ਵਿੱਚ ਰਹਿੰਦਿਆ ਹੋਇਆ ਸੰਸਾਰ ਦੇ ਵਿਕਾਰਾਂ ਸੰਸਾਰ ਦੇ ਪਦਾਰਥਾਂ ਦੁਨੀਆਂ ਦੇ ਵਿਕਾਰਾਂ ਵਿੱਚ ਪ੍ਰਭਾਵਤ ਨਾ ਹੋਵੇ ਉਹਦੇ ਵਿੱਚ ਅਪਣਾ ਜੀਵਨ ਖੋਏ ਨਾ ਉਹਨੂੰ ਹੀ ਭਗਤ ਆਖਦੇ ਨੇ ਉਹਨੂੰ ਹੀ ਨਿਰੰਕਾਰ ਨਾਲ ਜੁੜਿਆ ਹੋਇਆ ਆਖਦੇ ਨੇ, ਸਤਿਗੁਰੂ ਨੇ ਕਿਉਂ ਆਖ ਦਿਤਾ .. ਸਭ ਕੈ ਮਧਿ ਅਲਿਪਤੋ ਰਹੈ ॥

ਰੱਬ ਦੀ ਨਿਸ਼ਾਨੀ ਹੈ ਉਹ ਮ੍ਰਿਤ ਮੰਡਲ ਵਿੱਚ ਰਹਿੰਦਾ ਹੈ ਪਰ ਅਲਿਪਤੋ ਹੋ ਕੇ ਰਹਿੰਦਾ ਹੈ, ਇਕ ਖਿਆਲ ਕਰਿਓ ਜਿਹੜੇ ਸੰਸਾਰ ਦੇ ਜੀਵ ਰੱਬ ਨਾਲ ਜੁੜੇ ਹੁੰਦੇ ਉਹ ਇਸ ਸੰਸਾਰ ਵਿੱਚ ਰਹਿੰਦੇ ਨੇ ਪਰ ਦੁਨੀਆ ਦੇ ਪਦਾਰਥਾਂ ਸੰਸਾਰ ਦੇ ਮੌਤ ਰੂਪੀ ਮੈਸਜ ਨਾਲ ਉਹਨਾਂ ਦਾ ਕੋਈ ਸਬੰਧ ਨਹੀਂ ਹੁੰਦਾ, ਉਸੇ ਨੂੰ ਗੁਰੂ ਆਖਦੇ ਨੇ ਅਪਣੀ ਰਸਨਾ ਤੋਂ ਸਤਿਗੁਰ ਬਾਣੀ ਵਿੱਚ ਆਖਦੇ ਨੇ "ਸਾਕਤ ਮਰਹਿ ਸੰਤ ਸਭਿ ਜੀਵਹਿ" ਕਿਉਂ ਜੀਉਂਦੇ ਨੇ, ਉਹਨਾਂ ਦਾ ਸਰੀਰ ਜੀਉਂਦਾ ਹੈ .. ਜਿੰਨਾ ਨੂੰ ਅਸੀਂ ਸੰਤ ਆਖਦੇ ਹਾਂ ਉਹਨਾਂ ਦੀ ਬਰਸੀ ਕਿਉਂ ਮਨਾਉਂਦੇ ਹੋ, ਨਹੀਂ .. ਇਕ ਖਿਆਲ ਕਰਿਓ ਜਿਹੜੇ ਰੱਬ ਨਾਲ ਜੁੜੇ ਹੋਏ ਨੇ ਉਹ ਸਰੀਰ ਦੀ ਸਤਹ ਤੋਂ ਉਚੇ ਨੇ, ਕਿਉਂਕੀ ਸਰੀਰ ਜੋ ਦਿਸਣ ਵਾਲਾ ਹੈ ਦਿਸਣ ਵਾਲੀ ਚੀਜ ਜਿਹੜੀ ਹੈ ਉਹ ਬਿਨਸਣ ਵਾਲੀ ਹੈ, ਉਹ ਸਰੀਰ ਵਿੱਚ ਰਹਿੰਦਿਆ ਹੋਇਆ ਵੀ ਸਰੀਰ ਤੋਂ ਨਿਰਲੇਪ ਰਹਿੰਦਾ ਹੈ, ਗੁਰੂ ਨੇ ਇਹੋ ਗੱਲ ਬਾਣੀ ਵਿੱਚ ਸਮਝਾਈ ਕਹਿਣ ਲਗੇ ਭਲਿਆ ਜੇ ਤੂੰ ਇਸ ਦੁਨੀਆ ਵਿੱਚ ਰਹਿੰਦਾ ਹੈ ਤਾਂ ਇਸ ਵਿੱਚ ਰਹਿੰਦਿਆ ਹੋਇਆ 'ਸਤ ਦੀ ਵਿਚਾਰ ਕਰ ਤੇ ਉਹ ਸਚ ਜਿਹੜਾ ਹੈ ਕੂੜ ਦੇ ਸੰਸਾਰ ਵਿੱਚ ਵੀ ਰਹਿੰਦਾ ਹੈ, ਰਹਿੰਦਾ ਤਾਂ ਉਹ ਕੂੜ ਵਿੱਚ ਹੈ ਪਰ ਕੂੜ ਤੋਂ ਨਿਰਲੇਪ ਰਹਿੰਦਾ ਹੈ, ਕੂੜ ਦਾ ਸੰਸਾਰ ਸੱਚ ਨੂੰ ਕਾਲਾ ਨਹੀਂ ਕਰ ਸਕਦਾ, ਸਤਿਗੁਰ ਨੇ ਇਹੋ ਗੱਲ ਮਨ ਨੂੰ ਸਮਝਾਈ ਤੇ ਆਖਿਆ ..

ਸੁਨਿ ਮੇਰੀ ਮਨਸਾ ਮਨੈ ਮਾਹਿ ਸਤਿ ਦੇਖੁ ਬੀਚਾਰਿ ॥ ਸਿਧ ਸਾਧਿਕ ਗਿਰਹੀ ਜੋਗੀ ਤਜਿ ਗਏ ਘਰ ਬਾਰ ॥

ਇਸੇ ਲਈ ਇਕ ਖਿਆਲ ਕਰਿਓ ਜਿਹੜੇ ਲੋਕ ਇਹ ਆਖਦੇ ਨੇ ਦਿਸਣ ਵਾਲੀ ਚੀਜ ਹੀ ਰੱਬ ਹੈ, ਗੁਰੂ ਕਹਿੰਦੇ ਨੇ ਨਹੀਂ .. ਜਿਹੜੀ ਦਿੱਸਣ ਵਾਲੀ ਚੀਜ ਹੈ ਉਹ ਰੱਬ ਨਹੀਂ ਉਹਦੇ ਵਿੱਚ ਰੱਬ ਰਹਿੰਦਾ ਹੈ, ਉਹ ਕੂੜ ਵਿੱਚ ਰਹਿੰਦਿਆ ਉਸ ਤੋਂ ਨਿਰਲੇਪ ਹੈ, ਰਹਿੰਦਾ ਉਹ ਸੰਸਾਰ ਵਿੱਚ ਹੀ ਹੈ ਰਹਿੰਦਾ ਉਹ ਕੁਦਰਤ ਵਿੱਚ ਹੀ ਹੈ ਪਰ "ਕੁਦਰਤਿ ਦਿਸੈ ਕੁਦਰਤਿ ਸੁਣੀਐ" ਕੁਦਰਤ ਦਿਸਦੀ ਹੈ ਗੁਰੂ ਕਹਿੰਦਾ ਹੈ "ਦ੍ਰਿਸਟਿਮਾਨ ਸਭੁ ਬਿਨਸੀਐ ਕਿਆ ਲਗਹਿ ਗਵਾਰ" ਜਿਹੜੀ ਚੀਜ ਦਿਸਦੀ ਹੈ ਉਹ ਬਿਨਸ ਜਾਂਦੀ ਹੈ, ਰੱਬ ਬਿਨਸਦਾ ਨਹੀਂ ਉਹ ਅਬਿਨਾਸੀ ਹੈ, ਉਹਦੇ ਵਿੱਚ ਇਹੋ ਸਮਰਥਾ ਹੈ ਉਹ ਮੌਤ ਦੇ ਘਰ ਰਹਿੰਦਿਆ ਹੋਇਆ ਮਰਦਾ ਨਹੀਂ ਉਹਦੇ ਵਿੱਚ ਇਹੋ ਸਮਰਥਾ ਹੈ ਉਹ ਪਵਨ ਦੀ ਧੂਏਂ ਵਿੱਚ ਰਹਿੰਦਿਆ ਹੋਇਆ ਜੀਵਨ ਬਣਿਆ ਰਹਿੰਦਾ ਹੈ, ਇਸ ਲਈ ਉਸਦੀ ਸਮਰਥਾ ਇਸ ਗੱਲ ਵਿੱਚ ਹੈ "ਕਾਜਰ ਕੋਠ ਮਹਿ ਭਈ ਨ ਕਾਰੀ ਨਿਰਮਲੁ ਬਰਨੁ ਬਨਿਓ ਰੀ" ਇਹ ਕਾਲਖ ਦੀ ਅੰਜਨ ਦੀ ਕੋਠੜੀ ਜਿਹੜੀ ਹੈ ਉਹਨੂੰ 'ਕਾਲਾ ਨਹੀਂ ਕਰ ਸਕਦੀ, ਗੁਰੂ ਨੇ ਇਸੇ ਲਈ ਆਖਿਆ "ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ" ਅੰਜਨ ਦੇ ਵਿੱਚ ਨਿਰੰਜਨ ਰਹਿਣਾ ਹੈ ਕਿਉਂਕੀ ਅੰਜਨ ਦੇ ਵਿੱਚ ਨਿਰੰਜਨ ਰਹਿੰਦਾ ਹੈ, ਅਸੀਂ ਕਿੰਨੇ ਭੋਲੇ ਹਾਂ ਅੰਜਨ ਵਿੱਚ ਬੈਠੇ ਨਿਰਜੰਨ ਨੂੰ ਵੇਖ ਕੇ ਅਜੰਨ ਨੂੰ ਹੀ ਨਿਰੰਜਨ ਸਮਝੀ ਬੈਠੇ ਹਾਂ ਕਹਿੰਦੇ ਹਾਂ ਕੁਦਰਤ ਹੀ ਰੱਬ ਹੈ, ਕਾਲਖ 'ਕਾਲਖ ਹੈ, ਅਜੰਨ 'ਅੰਜਨ ਹੈ, ਨਿਰੰਜਨ 'ਨਿਰੰਜਨ ਹੈ, ਰਹਿੰਦਾ ਵਿੱਚ ਹੈ ਪਰ ਨਿਰੰਜਨ ਹੋ ਕੇ ਰਹਿੰਦਾ ਹੈ 'ਕਾਲਖ ਉਹਨੂੰ ਪੋਹੰਦੀ ਨਹੀਂ ....।

{
ਨੋਟ: ਪ੍ਰੋ. ਦਰਸ਼ਨ ਸਿੰਘ ਖਾਲਸਾ ਜੀ ਨੇ ਇਹ ਵਿਚਾਰ ਬੀਤੇ ਦਿਨੀ ੩.੦੧.੨੦੨੦ ਸੈਨਿਕ ਵਿਹਾਰ ਨਵੀਂ ਦਿੱਲੀ ਨੰਦਾ ਪਰਿਵਾਰ ਦੇ ਗ੍ਰਹਿ ਵਿਖੇ ਦਿਤੇ ਸਨ}

ਆਤਮਜੀਤ ਸਿੰਘ, ਕਾਨਪੁਰ


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top