Khalsa News homepage

 

 Share on Facebook

Main News Page

ਆਰ.ਐਸ.ਐਸ ਨੂੰ ਨਾਰਾਜ ਨਹੀਂ ਕਰਨਾ ਚਾਹੁੰਦੇ, ਇਸੇ ਲਈ ਹੀ ਦਸਮ ਗ੍ਰੰਥ ਬਾਰੇ ਕੋਈ ਵੀ ਸਵਾਲ ਨਹੀਂ ਚੁੱਕਦਾ
-: ਪ੍ਰੋ. ਦਰਸ਼ਨ ਸਿੰਘ ਖ਼ਾਲਸਾ
10.11.19

ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਸਾਬਕਾ ਸੇਵਾਦਾਰ ਪ੍ਰੋ. ਦਰਸ਼ਨ ਸਿੰਘ ਨੇ ਦਸਮ ਗ੍ਰੰਥ ਅਤੇ ਸੂਰਜ ਪ੍ਰਕਾਸ਼ ਗ੍ਰੰਥ ਨੂੰ ਲੈ ਕੇ ਕਈ ਅਹਿਮ ਖੁਲਾਸੇ ਕੀਤੇ। ਇਸ ਬਾਰੇ ਬੋਲਦਿਆਂ ਪ੍ਰੋ: ਸਾਹਿਬ ਨੇ ਕਿਹਾ ਕਿ ਸਾਰੇ ਪ੍ਰਚਾਰਕ ਸੂਰਜ ਪ੍ਰਕਾਸ਼ ਤੇ ਤਾਂ ਬੋਲ ਰਹੇ ਹਨ ਪਰ ਦਸਮ ਗ੍ਰੰਥ ਨੂੰ ਲੈ ਕੇ ਕੋਈ ਵੀ ਪ੍ਰਚਾਰਕ ਅਵਾਜ਼ ਨਹੀਂ ਉਠਾ ਰਿਹਾ। ਉਨ੍ਹਾਂ ਕਿਹਾ ਕਿ ਇਹ ਪ੍ਰਚਾਰਕ ਆਰ.ਐਸ.ਐਸ ਨੂੰ ਨਾਰਾਜ ਨਹੀਂ ਕਰਨਾ ਚਾਹੁੰਦੇ ਇਸੇ ਲਈ ਹੀ ਇਹ ਦਸਮ ਗ੍ਰੰਥ ਬਾਰੇ ਕੋਈ ਵੀ ਸਵਾਲ ਨਹੀਂ ਚੁੱਕਦਾ। ਇਸ ਤੋਂ ਇਲਾਵਾ ਪ੍ਰੋ: ਸਾਹਿਬ ਨੇ ਹੋਰ ਵੀ ਕਈ ਅਹਿਮ ਖੁਲਾਸੇ ਕੀਤੇ ਕੀ ਹਨ ਉਹ ਖੁਲਾਸੇ ਆਓ ਜਾਣਦੇ ਹਾਂ।

ਸਵਾਲ : ਪਹਿਲੇ ਗੁਰੂ ਸਾਹਿਬਾਨ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਲਈ ਦੋਵੇਂ ਮੁਲਕਾਂ ਦੀਆਂ ਸਰਕਾਰਾਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਪੱਬਾ ਭਾਰ ਨੇ। ਤੁਹਾਡੇ ਅਨੁਸਾਰ ਸਾਨੂੰ 550 ਸਾਲਾ ਪ੍ਰਕਾਸ਼ ਪੁਰਬ ਕਿਸ ਤਰ੍ਹਾਂ ਮਨਾਉਣਾ ਚਾਹੀਦਾ ਹੈ?

ਜਵਾਬ : ਇਹ ਸਭ ਜਾਣਨ ਲਈ ਸਭ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ 550 ਸਾਲਾ ਪ੍ਰਕਾਸ਼ ਪੁਰਬ ਕਿਸ ਦਾ ਮਨਾ ਰਹੇ ਹਾਂ। ਜੇ ਅਸੀਂ ਗੁਰੂ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਤਾਂ ਹੀ ਲੋਕਾਂ ਚ ਭਾਰੀ ਉਤਸ਼ਾਹ ਹੈ। ਹਰ ਇੱਕ ਦੀ ਕੋਸ਼ਿਸ਼ ਹੈ ਕਿ ਉਹ ਪ੍ਰਕਾਸ਼ ਪੁਰਬ ਨੂੰ ਇੱਕ-ਦੂਜੇ ਤੋਂ ਵੱਧ ਚੜ ਕੇ ਮਨਾਉਣ। ਵਿਚਾਰ ਉਠਦਾ ਹੈ ਕਿ ਸਾਡੀ ਸ਼ਰਧਾ ਭਾਵਨਾ ਗੁਰੂ ਚ ਹੈ ਜਾਂ ਫਿਰ ਦੇਹ ਚ। ਇਸ ਤੋਂ ਬਾਅਦ ਸਵਾਲ ਪੈਦਾ ਹੁੰਦਾ ਹੈ ਕਿ ਗੁਰੂ ਦੇਹ ਹੈ ਜਾਂ ਫਿਰ ਸ਼ਬਦ। ਸਾਨੂੰ ਆਪਣੀ ਸੋਚ ਜਾਂ ਆਪਣੇ ਸਿਧਾਂਤ ਜਿਸ ਨੂੰ ਸਿੱਖੀ ਸਿਧਾਂਤ ਆਖਦੇ ਹਨ ਦੇ ਅਨੁਸਾਰ ਫੈਸਲਾ ਕਰਨਾ ਹੋਵੇਗਾ ਕਿ ਸਾਡਾ ਗੁਰੂ ਦੇਹ ਹੈ ਜਾਂ ਸ਼ਬਦ। ਅੱਜ ਕੱਲ ਦੇਖੋ ਦੇਖੀ ਕੰਮ ਸ਼ੁਰੂ ਹੋ ਗਿਆ ਹੈ। ਮਤਲਬ ਪਹਿਲਾਂ ਗੁਰੂਆਂ ਦੀਆਂ ਸ਼ਤਾਬਦੀਆਂ ਮਨਾਈਆਂ ਜਾਂਦੀਆਂ ਸਨ ਤੇ ਹੁਣ ਸਾਲ ਮਨਾਏ ਜਾਂਦੇ ਹਨ। ਇਹ ਕੀ ਹੋ ਰਿਹਾ ਤੇ ਕਿਉਂ ਹੋ ਰਿਹਾ ਹੈ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਵਿਚਾਰਨਯੋਗ ਗੱਲ ਹੈ ਕਿ ਅਸੀਂ 550 ਸਾਲ ਗੁਰੂ ਦੀ ਦੇਹ ਦੇ ਗਿਣਦੇ ਹਾਂ ਜਾਂ ਫਿਰ ਸ਼ਬਦ ਦੇ ਗਿਣਦੇ ਹਾਂ।

ਗੁਰੂ ਦੀ ਬਾਣੀ ਕਹਿੰਦੀ ਹੈ ਕਿ ਗੁਰੂ ਦਾ ਸ਼ਬਦ ਅਟੱਲ ਹੈ ਜੋ ਯੁੱਗਾਂ-ਯੁੱਗਾਂ ਤੋਂ ਚੱਲਿਆ ਆ ਰਿਹਾ ਹੈ। ਜਦ ਕਿ ਦੇਹ ਤਾਂ 550 ਸਾਲ ਪੁਰਾਣੀ ਹੈ। ਇਸ ਸਭ ਪਿੱਛੇ ਮੇਰਾ ਮਤਲਬ ਇਹ ਨਹੀਂ ਹੈ ਕਿ ਸਾਨੂੰ ਗੁਰੂ ਪੁਰਬ ਨਹੀਂ ਮਨਾਉਣਾ ਚਾਹੀਦਾ। ਮੇਰਾ ਕਹਿਣਾ ਹੈ ਸਾਨੂੰ ਸਭ ਨੂੰ ਆਪਣਾ ਨਜ਼ਰੀਆ ਬਦਲਣਾ ਪਵੇਗਾ। ਦੇਹ ਸਾਡੀ ਗੁਰੂ ਨਹੀਂ ਹੈ। ਜਦੋਂ ਕਿ ਅਸੀਂ ਦਿਨ ਮਨਾ ਰਹੇ ਹਾਂ ਸਰੀਰ(ਦੇਹ) ਦੇ ਤੇ ਕਹਿ ਰਹੇ ਹਾਂ ਕਿ ਅਸੀਂ ਗੁਰੂ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ। ਜੇਕਰ ਅਸੀਂ ਦੇਹ ਦਾ ਗੁਰ ਪੁਰਬ ਮਨਾਉਂਦੇ ਹਾਂ ਤਾਂ ਸਾਨੂੰ ਅਸਲ ਦੀ ਪ੍ਰਾਪਤੀ ਨਹੀਂ ਹੋਵੇਗੀ। ਜੇ ਅਸੀਂ ਗੁਰੂ ਦੇ ਰੂਪ ਚ ਸ਼ਬਦ ਦਾ ਪ੍ਰਕਾਸ਼ ਪੁਰਬ ਮਨਾਉਂਦੇ ਹਾਂ ਤਾਂ ਸਾਨੂੰ ਅਸਲ ਦੀ ਪ੍ਰਾਪਤੀ ਹੋ ਸਕਦੀ ਹੈ। ਸ਼ਬਦ ਕੀ ਹੈ। ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਜ਼ਰੂਰੀ ਹੈ।

ਇਸ ਲਈ ਜਿਨ੍ਹਾਂ ਸਮਾਂ, ਪੈਸਾ, ਸਰਮਾਇਆ ਤੇ ਸਟੇਜ਼ਾਂ ਆਦਿ ਸਭ ਕੁੱਝ ਅਸੀਂ ਗੁਰ ਪੁਰਬ ਮਨਾਉਣ ਤੇ ਲਗਾਉਂਦੇ ਹਾਂ ਤਾਂ ਸਾਨੂੰ ਵਿਚਾਰ ਕਰਨਾ ਚਾਹੀਦਾ ਹੈ ਕਿ ਅਸੀਂ ਸ਼ਬਦ ਨੂੰ ਕਿੰਨਾ ਕੁ ਸਮਝ ਸਕੇ ਹਾਂ। ਦੱਸਣਯੋਗ ਗੱਲ ਹੈ ਕਿ ਇਸ ਮੌਕੇ ਜਿਹੜਾ ਪੈਸਾ ਖਰਚਿਆਂ ਜਾਂਦਾ ਹੈ ਉਹ ਭੇਟਾਂ ਦੇ ਰੂਪ ਚ ਆਮ ਲੋਕਾਂ ਤੋਂ ਹੀ ਇਕੱਠਾ ਹੁੰਦਾ ਹੈ। ਜਦੋਂ ਕਿ ਪੈਸਾ ਪੈਸਾ ਇਕੱਠਾ ਕਰਨ ਵਾਲਿਆ ਵੱਲੋਂ ਕੁੱਝ ਨਹੀਂ ਦਿੱਤਾ ਜਾਂਦਾ। ਇੱਥੋਂ ਤੱਕ ਕਿ ਅਸੀਂ ਸਮਾਗਮਾਂ ਚ ਜਾ ਕੇ ਆਪਣਾ ਸਮਾਂ ਵੀ ਖਰਾਬ ਕਰਦੇ ਹਾਂ। ਕੌਮ ਦਾ ਸਰਮਾਇਆ ਕਿਸ ਪਾਸੇ ਲੱਗਣਾ ਚਾਹੀਦਾ ਹੈ ਇਸ ਤੋਂ ਵੀ ਲੋਕ ਅਣਜਾਣ ਹਨ। ਅੱਜ ਦੇ ਸਮੇਂ ਚ 12 ਅਰਬ ਰੁਪਏ ਤੋਂ ਵੀ ਜ਼ਿਆਦਾ ਸ੍ਰੋਮਣੀ ਕਮੇਟੀ ਦਾ ਬਜਟ ਪੇਸ਼ ਹੁੰਦਾ ਹੈ। ਜੋ ਕਿ ਕਿਸੇ ਰਾਜ ਦੀ ਆਮਦਨ ਤੋਂ ਵੀ ਕਿਤੇ ਜ਼ਿਆਦਾ ਹੈ। ਸੋਚਣ ਦੀ ਗੱਲ ਹੈ ਕਿ ਇੰਨੀ ਵੱਡੇ ਬਜਟ ਵਾਲੀ ਸੰਸਥਾ ਕੌਮ ਦੀ ਭਲਾਈ ਲਈ ਕੀ ਕਰ ਰਹੀ ਹੈ। ਅੱਜ ਦੇ ਸਮੇਂ ਇਸ ਨੂੰ ਇੱਕ ਦੁਕਾਨ ਦੇ ਤੌਰ ਤੇ ਚਲਾਇਆ ਜਾ ਰਿਹਾ ਹੈ।ਕਿਉਂਕਿ ਗੁਰੂ ਦੇ ਗੋਲਕਾਂ ਤੋਂ ਤੇ ਨਗਰ ਕੀਰਤਨਾਂ ਤੋਂ ਭੇਟਾਂ ਦੇ ਰੂਪ ਚ ਬਹੁਤ ਪੈਸਾ ਮਿਲਦਾ ਹੈ ਜਿਸ ਚੋਂ ਬਹੁਤਾ ਤਾਂ ਅਣਲਿਖਤ ਰੂਪ ਚ ਹੁੰਦਾ ਹੈ।

ਦੂਜੀ ਗੱਲ ਇਹ ਹੈ ਕਿ ਕੀ ਅਸੀਂ ਕੌਮ ਨੂੰ ਸ਼ਬਦ ਨਾਲ ਜੋੜ ਰਹੇ ਹਾਂ। ਗੁਰੂ ਦਾ ਸ਼ਬਦ ਕਿਹੜਾ ਹੈ ਇਸ ਤੇ ਵੀ ਸਭਨਾਂ ਦੀ ਵਿਚਾਰਧਾਰਾ ਇੱਕ ਨਹੀਂ ਹੈ। ਮੇਰਾ ਕਹਿਣਾ ਹੈ ਕਿ ਕੌਮ ਵੱਲੋਂ ਜੋ ਪੈਸਾ ਜੋ ਸਮਾਂ ਭੇਟਾਂ ਦੇ ਰੂਪ ਚ ਸੰਸਥਾ 'ਤੇ ਕੁਰਬਾਨ ਕੀਤਾ ਜਾਂਦਾ ਹੈ, ਉਸ ਦੇ ਬਦਲੇ ਚ ਸਾਡੀ ਧਾਰਮਿਕ ਸੰਸਥਾ ਕੌਮ ਲਈ ਕੀ ਕਰ ਰਹੀ ਹੈ। ਇਸ ਸਮੇਂ ਤਾਂ ਸੰਸਥਾ ਅੱਗੇ ਹੀ ਇਹ ਸਮੱਸਿਆ ਬਣੀ ਹੋਈ ਹੈ ਕਿ ਅਸਲ ਗੁਰੂ ਕਿਹੜਾ ਹੈ ਤੇ ਅਸਲ ਸ਼ਬਦ ਕਿਹੜਾ ਹੈ।

ਸਵਾਲ : ਤੁਹਾਡੇ ਅਨੁਸਾਰ ਅਸਲ ਸ਼ਬਦ ਕਿਹੜਾ ਹੈ , ਜਦੋਂ ਸ਼ਬਦ ਦੀ ਗੱਲ ਕਰਦੇ ਹਾਂ ਤਾਂ ਤੁਸੀਂ ਬਾਣੀ ਕਿਥੋਂ-ਕਿਥੋਂ ਲਈ ਹੈ?

ਜਵਾਬ : ਜਦੋਂ ਕਿਸੇ ਨੂੰ ਵੀ ਅੰਮ੍ਰਿਤ ਛਕਾਇਆ ਜਾਂਦਾ ਹੈ ਤਾਂ ਉਸ ਸਮੇਂ 60 ਪ੍ਰਤੀਸ਼ਤ ਉਹ ਸ਼ਬਦ ਲਏ ਜਾਂਦੇ ਹਨ ਜੋ ਗੁਰੂ ਗ੍ਰੰਥ ਸਾਹਿਬ ਚ ਦਰਜ ਨਹੀਂ ਹਨ ਭਾਵ ਜ਼ਿਆਦਾ ਸ਼ਬਦ ਦਸਮ ਗ੍ਰੰਥ ਵਿਚੋਂ ਲਏ ਜਾਂਦੇ ਹਨ। ਇਸ ਦਾ ਮਤਲਬ ਹੈ ਕਿ ਤੁਹਾਡਾ ਗੁਰੂ ਇੱਕ ਨਹੀਂ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ-ਨਾਲ ਦਸਮ ਗ੍ਰੰਥ ਵੀ ਤੁਹਾਡਾ ਗੁਰੂ ਹੈ। ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਨਾਲ ਦਸਮ ਗ੍ਰੰਥ ਦਾ ਵੀ ਪ੍ਰਕਾਸ਼ ਕੀਤਾ ਗਿਆ ਹੈ। ਉਥੇ ਅਖੰਡ ਪਾਠ ਵੀ ਹੁੰਦੇ ਹਨ। ਇਸ ਲਈ ਤੁਸੀਂ ਕੌਮ ਨੂੰ ਤਾਂ ਸਪੱਸ਼ਟ ਕਰੋ ਕਿ ਤੁਹਾਡੇ ਦੋ ਗੁਰੂ ਹਨ। ਦੂਜੇ ਪਾਸੇ ਜਦੋਂ ਕੋਈ ਸਾਡੇ ਵਰਗਾ ਇਸ ਪ੍ਰਤੀ ਅਵਾਜ ਉਠਾਉਂਦਾ ਹੈ ਤਾਂ ਤੁਸੀਂ ਕੁੱਝ ਹੀ ਪਲਾਂ ਚ ਆਪਣੇ ਹੁਕਮ ਦੁਆਰਾ ਪੰਥ ਵਿਚੋਂ ਛੇਕ ਦਿੰਦੇ ਹੋ। ਕੀ ਤੁਸੀਂ ਇਸ ਨੂੰ ਗੁਰਮਤ ਸਮਝਦੇ ਹੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੋਈ ਹੋਰ ਗ੍ਰੰਥ ਹੈ, ਜਾਂ ਫਿਰ ਤੁਸੀਂ ਕਹੋ ਕਿ ਉਹ ਵੀ ਤੁਹਾਡਾ ਗੁਰੂ ਹੈ? ਦੂਜੇ ਪਾਸੇ ਜੇ ਤੁਸੀਂ ਸ਼ਬਦ ਨੂੰ ਗੁਰੂ ਮੰਨਦੇ ਹੋ ਤਾਂ ਇਸ ਪ੍ਰਤੀ ਸਪੱਸ਼ਟਤਾ ਲਿਆਓ ਜਾਂ ਫਿਰ ਕਹੋ ਕਿ ਅਸੀਂ ਸ਼ਬਦ ਨੂੰ ਗੁਰੂ ਨਹੀਂ ਮੰਨਦੇ। ਦੇਹ ਦੇ ਗੁਰੂ ਨੂੰ 550 ਸਾਲ ਹੋ ਗਏ ਹਨ ਤੇ ਅਸੀਂ ਦੇਹ ਦਾ ਗੁਰੂ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ। ਜਿਸ ਕਾਰਨ ਕੌਮ ਦੇ ਸਰਮਾਏਦਾਰਾਂ ਨੇ ਪੂਰੀ ਸਿੱਖ ਕੌਮ ਨੂੰ ਵੀ ਭੁਲੇਖੇ ਚ ਰੱਖਿਆ ਹੋਇਆ ਹੈ। ਸਾਡਾ ਅਸਲ ਗੁਰੂ ਸ਼ਬਦ ਹੈ ਜਾਂ ਦੇਹ ਸਾਨੂੰ ਇਸ ਗੱਲ ਦਾ ਫੈਸਲਾ ਕਰਨ ਦੀ ਲੋੜ ਹੈ।

ਸਵਾਲ : ਸੂਰਜ ਪ੍ਰਕਾਸ਼ ਤੇ ਸਾਰੇ ਪ੍ਰਚਾਰਕ ਖੁਲ੍ਹ ਕੇ ਬੋਲ ਰਹੇ ਹਨ, ਜਦੋਂ ਕਿ ਦਸਮ ਗ੍ਰੰਥ ਬਾਰੇ ਸਭ ਚੁੱਪ ਹਨ। ਇਸ ਪਿੱਛੇ ਦੀ ਕਹਾਣੀ ਕੀ ਹੈ?

ਜਵਾਬ : ਅੱਜ ਤੋਂ ਕਰੀਬ 15 ਸਾਲ ਪੁਰਾਣੀ ਗੱਲ ਹੈ। ਆਰ.ਐਸ.ਐਸ. ਦੇ ਪਹਿਲਾ ਪ੍ਰਧਾਨ ਸੁਦਰਸ਼ਨ ਨੇ ਅੰਮ੍ਰਿਤਸਰ ਵਿਖੇ ਇੱਕ ਪ੍ਰੈਸ ਕਾਨਫਰੰਸ ਕੀਤੀ। ਪ੍ਰੈਸ ਕਾਨਫਰੰਸ ਚ ਉਸ ਨੇ ਕਿਹਾ ਕਿ ਜਿਸਨੇ ਭਾਰਤ (ਹਿੰਦੂਸਤਾਨ) ਚ ਰਹਿਣਾ ਹੈ ਉਸ ਨੂੰ ਹਿੰਦੂ ਜੀਵਨਸ਼ੈਲੀ ਅਪਣਾਉਣੀ ਪਵੇਗੀ। ਦੂਜੀ ਗੱਲ ਕਹੀ ਕਿ ਨਾਨਕਸ਼ਾਹੀ ਕੈਲੰਡਰ ਨਹੀਂ ਮੰਨਿਆ ਜਾ ਸਕਦਾ। ਤੀਜੀ ਗੱਲ ਉਸ ਨੇ ਕੀਤੀ ਕਿ ਦਸਮ ਗ੍ਰੰਥ ਦਾ ਵਿਰੋਧ ਕਰਨ ਵਾਲੇ ਲੋਕ ਵੱਖਵਾਦੀ, ਅੱਤਵਾਦੀ ਦੇਸ਼ ਦੇ ਟੁਕੜੇ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਦਸਮ ਗ੍ਰੰਥ ਦਾ ਰੱਖਿਆ ਜਾਣਾ ਜ਼ਰੂਰੀ ਹੈ ਤੇ ਦਸਮ ਗ੍ਰੰਥ ਦੇਸ਼ ਦੀ ਏਕਤਾ ਪ੍ਰਤੀਕ ਹੈ। ਮਤਲਬ ਆਰ.ਐਸ.ਐਸ. ਨੂੰ ਦਸਮ ਗ੍ਰੰਥ ਦੀ ਲੋੜ ਹੈ। ਗੁਰੂ ਦੇ ਨਾਮ ਤੇ ਸਿੱਖਾਂ ਦੇ ਨਾਮ ਹੇਠਾਂ ਅਨੇਕਾਂ ਗ੍ਰੰਥ ਹਨ ਜਿਨ੍ਹਾਂ ਚ ਸਿੱਖੀ ਸਿਧਾਂਤ ਨੂੰ ਖਤਮ ਕਰਨ ਲਈ ਜ਼ਹਿਰ ਭਰਿਆ ਹੋਇਆ ਹੈ। ਆਰ.ਐਸ.ਐਸ. ਚਾਹੁੰਦੀ ਹੈ ਕਿ ਜੇਕਰ ਸੂਰਜ ਪ੍ਰਕਾਸ਼ ਨੂੰ ਬਦਨਾਮ ਕਰਕੇ ਬਾਹਰ ਕੱਢ ਦਿੱਤਾ ਜਾਵੇ ਤਾਂ ਉਨ੍ਹਾਂ ਨੂੰ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਪਰ ਜੇਕਰ ਦਸਮ ਗ੍ਰੰਥ ਨੂੰ ਬਾਹਰ ਕੱਢਿਆ ਜਾਂਦਾ ਹੈ ਤਾਂ ਇਸ ਨਾਲ ਸਿੱਖ ਕੌਮ ਚ ਇੱਕ ਵੱਡੀ ਹਲਚਲ ਪੈਦਾ ਹੋ ਜਾਵੇਗੀ। ਸਾਡੀਆਂ ਜ਼ਿੰਮੇਵਾਰ ਸੰਸਥਾਵਾਂ ਦੇ ਲੀਡਰ ਤੇ ਮੁਖੀਆਂ ਨੂੰ ਮੈਂ ਖੁੱਲ੍ਹਾ ਚੈਲਜ਼ ਕਰਦਾ ਹਾਂ ਕਿ ਮੈਂ ਉਨ੍ਹਾਂ ਸਾਹਮਣੇ ਇੱਕ ਸੇਵਾਦਾਰ ਦੇ ਰੂਪ ਚ ਪੇਸ਼ ਹੋ ਜਾਂਦਾ ਹਾਂ ਤੇ ਉਹ ਮੇਰੇ ਸਾਹਮਣੇ ਬੈਠ ਕੇ ਇਹ ਸਾਬਤ ਕਰ ਦੇਣ ਕਿ ਉਹ ਗੁਰੂ ਗ੍ਰੰਥ ਸਾਹਿਬ ਨੂੰ ਹੀ ਗੁਰੂ ਮੰਨਦੇ ਹਨ ਦਸਮ ਗ੍ਰੰਥ ਨੂੰ ਨਹੀਂ।

ਮੇਰੀ ਸੰਤ ਰਣਜੀਤ ਸਿੰਘ ਢੱਡਰੀਆ ਵਾਲੇ ਨਾਲ ਕੋਈ ਜ਼ਾਤੀ ਨਰਾਜਗੀ ਤੇ ਕੋਈ ਵਿਰੋਧ ਨਹੀਂ ਹੈ। ਦੂਜੇ ਪਾਸੇ ਸਮਝਣ ਦੀ ਜ਼ਰੂਰਤ ਹੈ ਕਿ ਬਹੁਤ ਸਾਰੇ ਪ੍ਰਚਾਰਕ ਸੂਰਜ ਪ੍ਰਕਾਸ਼ ਬਾਰੇ ਤਾਂ ਖੁੱਲ੍ਹ ਕੇ ਬੋਲ ਰਹੇ ਹਨ ਪਰ ਦਸਮ ਗ੍ਰੰਥ ਬਾਰੇ ਨਹੀਂ। ਇਸ ਦਾ ਕਾਰਨ ਇਹ ਹੈ ਕਿ ਦਸਮ ਗ੍ਰੰਥ ਆਰ.ਐਸ.ਐਸ. ਨੂੰ ਚਾਹੀਦਾ ਹੈ ਇਸ ਲਈ ਜੋ ਪ੍ਰਚਾਰਕ ਆਰ.ਐਸ.ਐਸ. ਨੂੰ ਖੁਸ਼ ਰੱਖਣਾ ਚਾਹੁੰਦੇ ਹਨ, ਉਹ ਆਰ.ਐਸ.ਐਸ. ਦੇ ਖਿਲਾਫ ਕਦੀ ਬੋਲ ਹੀ ਨਹੀਂ ਸਕਦੇ। ਆਰ.ਐਸ.ਐਸ. ਦਾ ਤਾਂ ਇੱਥੋਂ ਤੱਕ ਕਹਿਣਾ ਹੈ ਕਿ ਇਸ ਸਮੇਂ ਸਭ ਕੁੱਝ ਉਨ੍ਹਾਂ ਦੀ ਮੁੱਠੀ ਚ ਹੈ ਤੇ ਇਨ੍ਹਾਂ ਦੀਆਂ ਤਨਖਾਹਾਂ ਵੀ ਅਸੀਂ ਦੇ ਰਹੇ ਹਾਂ। ਇਹ ਗੱਲ ਠੀਕ ਹੈ ਕੀ ਪ੍ਰਚਾਰਕਾਂ ਨੇ ਸੂਰਜ ਪ੍ਰਕਾਸ ਲਈ ਅਵਾਜ ਉਠਾਈ ਹੈ ਕਿਉਂਕਿ ਇਸ ਚ ਬਹੁਤ ਕੁੱਝ ਗਲਤ ਲਿਖਿਆ ਹੋਇਆ ਹੈ। ਪਰ ਸਵਾਲ ਤਾਂ ਇਹ ਹੈ ਕਿ ਉਹ ਸੂਰਜ ਪ੍ਰਕਾਸ਼ ਦੇ ਨਾਲ ਦਸਮ ਗ੍ਰੰਥ ਦੀ ਗੱਲ ਕਿਉਂ ਨਹੀਂ ਕਰਦੇ। ਇਸ ਦਾ ਕਾਰਨ ਇਹ ਹੈ ਕਿ ਦਸਮ ਗ੍ਰੰਥ ਆਰ.ਐਸ.ਐਸ. ਨੂੰ ਚਾਹੀਦਾ ਹੈ ਤੇ ਸਾਡੇ ਪ੍ਰਚਾਰਕ ਆਰ.ਐਸ.ਐਸ. ਦੇ ਪ੍ਰਭਾਵ ਅਧੀਨ ਹੈ।

ਸਵਾਲ : ਇਸ ਸਮੇਂ ਪ੍ਰਚਾਰਕਾਂ ਤੇ ਕਿਹੜੀਆਂ ਚੀਜ਼ਾਂ ਜ਼ਿਆਦਾ ਭਾਰੂ ਨੇ ਤੇ ਕਿਉਂ?

ਜਵਾਬ : ਸਾਡੇ ਪ੍ਰਚਾਰਕ ਵੀਰ ਇਸ ਮੋੜ ਤੇ ਖੜ੍ਹੇ ਹਨ ਕਿ ਉਹ ਹਮੇਸਾ ਇਸ ਗੱਲ ਦਾ ਜ਼ਿਆਦਾ ਖਿਆਲ ਰੱਖਦੇ ਹਨ ਕਿ ਉਨ੍ਹਾਂ ਨੂੰ ਕਿੱਥੋਂ ਕੀ ਮਿਲਣਾ ਹੈ ਜਾਂ ਫਿਰ ਉਨ੍ਹਾਂ ਨੂੰ ਕਿਸੇ ਕੋਲੋਂ ਕੀ ਡਰ ਹੈ। ਸਾਡੇ ਪ੍ਰਚਾਰਕਾਂ ਦੇ ਅੰਦਰ ਡਰ ਤੇ ਲਾਲਚ ਹੈ ਜਿਸ ਕਾਰਨ ਉਹ ਆਪਣੇ ਅਸਲੀ ਰਸਤੇ ਤੋਂ ਭਟਕ ਚੁੱਕੇ ਹਨ। ਅੱਜ ਦੇ ਸਾਡੇ ਪ੍ਰਚਾਰਕ ਮੁਹਤਾਜ ਹੈ ਜਿਸ ਕਾਰਨ ਸਾਡੇ ਪ੍ਰਚਾਰਕਾਂ ਤੇ ਹਮੇਸਾ ਡਰ ਤੇ ਲਾਲਚ ਭਾਰੂ ਰਹਿੰਦਾ ਹੈ। ਦੱਸਣਯੋਗ ਗੱਲ ਹੈ ਕਿ ਹਜ਼ੂਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਬਚਿੱਤਰ ਗ੍ਰੰਥ ਦਾ ਪ੍ਰਕਾਸ਼ ਕੀਤਾ ਜਾਂਦਾ ਹੈ। ਜਿਸ ਕਾਰਨ ਅੱਜ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਹੈ।

ਇੱਕ ਗੱਲ ਹੋਰ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਅੱਜ ਵੀ ਤੁਸੀਂ ਹਜ਼ੂਰ ਸਾਹਿਬ ਜਾ ਕੇ ਵੇਖ ਸਕਦੇ ਹੋ ਕਿ ਜੇਕਰ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਵਾਉਣਾ ਹੈ ਤਾਂ ਤੁਹਾਡੇ ਤੋਂ ਘੱਟ ਭੇਟਾ ਲਈ ਜਾਂਦੀ ਹੈ ਜਦੋਂ ਕਿ ਦਸਮ ਗ੍ਰੰਥ ਦੇ ਪਾਠ ਲਈ ਮੋਟੀ ਭੇਟਾ ਲਈ ਜਾਂਦੀ ਹੈ। ਮੈਂ ਇਸ ਵਿਸ਼ੇ ਤੇ ਗੱਲ ਅੰਦਰ ਬੈਠ ਕੇ ਗੁਪਤ ਰੂਪ ਚ ਨਹੀਂ ਕੀਤੀ ਬਲਕਿ ਮੈਂ ਉੱਥੇ ਪਹੁੰਚ ਕੇ ਉੱਥੋਂ ਦੇ ਪ੍ਰਬੰਧਕਾਂ ਤੇ ਜੱਥੇਦਾਰ ਦੇ ਸਾਹਮਣੇ ਬੈਠ ਕੇ ਕੀਤੀ। ਉਸ ਸਮੇਂ ਉੱਥੇ ਪਰਮਜੀਤ ਸਿੰਘ ਸਰਨਾ ਵੀ ਦਿੱਲੀ ਦੀ ਸੰਗਤ ਨਾਲ ਪਹੁੰਚੇ ਹੋਏ ਸਨ। ਮੈਂ ਉਨ੍ਹਾਂ ਤੋਂ ਪੁਛਿਆ ਸੀ ਕਿ ਜਦੋਂ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਕੀ ਉਸ ਦਿਨ ਕੋਈ ਹੋਰ ਗ੍ਰੰਥ ਦਾ ਵੀ ਪ੍ਰਕਾਸ਼ ਕੀਤਾ ਗਿਆ ਸੀ ਜਾਂ ਫਿਰ ਤੁਹਾਨੂੰ ਇਹ ਹੁਕਮ ਹੋਇਆ ਹੋਵੇ ਕਿ ਤੁਸੀਂ 10-20 ਸਿੱਖ ਮਿਲਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਿਸੇ ਹੋਰ ਗ੍ਰੰਥ ਦਾ ਪ੍ਰਕਾਸ਼ ਕਰ ਸਕਦੇ ਹੋ। ਜਿਸ ਦਾ ਉਥੋਂ ਦੇ ਪ੍ਰਬੰਧਕਾਂ ਤੇ ਜੱਥੇਦਾਰਾਂ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ। ਉਨ੍ਹਾਂ ਵੱਲੋਂ ਮੇਰੇ ਤੇ ਦਬਾਅ ਵੀ ਪਾਇਆ ਗਿਆ ਕਿ ਮੈਂ ਇਹ ਗੱਲ ਕਿਉਂ ਕੀਤੀ ਹੈ।

ਮੈਂ ਅੱਜ ਵੀ ਇਹ ਸਾਬਤ ਕਰ ਸਕਦਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿਸੇ ਵੀ ਦਸਮ ਗ੍ਰੰਥ ਦਾ ਪ੍ਰਕਾਸ਼ ਨਹੀਂ ਹੋ ਸਕਦਾ ਤੇ ਕਿਉਂ ਨਹੀਂ ਹੋ ਸਕਦਾ ਮੈਂ ਇਹ ਵੀ ਸਾਬਤ ਕਰਾਂਗਾ। ਮੈਂ ਸੂਰਜ ਪ੍ਰਕਾਸ਼ ਦੇ ਪੱਖ ਚ ਨਹੀਂ ਕਿਉਂਕਿ ਉਸ ਚ ਜੋ ਲਿਖਿਆ ਗਿਆ ਹੈ ਉਸ ਦਾ ਗੁਰੂ ਸਿਧਾਂਤਾਂ ਨਾਲ ਕੋਈ ਮੇਲ ਨਹੀਂ। ਇੱਕ ਪਾਸੇ ਤਾਂ ਸੰਸਥਾ ਦੇ ਮੁਖੀਆਂ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਕੇਸ ਲੜੇ ਜਾ ਰਹੇ ਹਨ ਦੂਜੇ ਪਾਸੇ ਉਹ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦਸਮ ਗ੍ਰੰਥ ਦਾ ਪ੍ਰਕਾਸ਼ ਕਰ ਰਹੇ ਹਨ। ਕੀ ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਚ ਵਿਅਕਤੀ ਨੂੰ ਸ਼ਰਾਬ ਦਾ ਸੇਵਨ ਕਰਨ ਦੀ ਮਨ੍ਹਾਹੀ ਕੀਤੀ ਗਈ ਹੈ ਜਦੋਂ ਕਿ ਇਨ੍ਹਾਂ ਚ ਕਿਹਾ ਗਿਆ ਹੈ ਕਿ ਜੋ ਵਿਅਕਤੀ ਸ਼ਰਾਬ ਦਾ ਸੇਵਨ ਨਹੀਂ ਕਰਦਾ ਉਹ ਕੁੱਤੇ ਦੀ ਮੌਤ ਮਰਦਾ ਹੈ।

ਸਵਾਲ : ਕੀ ਸਾਡੇ ਕੋਲ ਪ੍ਰਚਾਰਕਾਂ ਦੀ ਘਾਟ ਹੈ ਜਾਂ ਫਿਰ ਪ੍ਰਚਾਰਕਾਂ ਨੂੰ ਅਕਾਲ ਤਖਤ ਸਾਹਿਬ ਦਾ ਪੂਰਾ ਸਮਰਥਨ ਨਹੀਂ ਹੈ?

ਜਵਾਬ : ਸਾਡੇ ਕੋਲ ਪ੍ਰਚਾਰਕਾਂ ਦੀ ਘਾਟ ਨਹੀਂ ਹੈ ਦੂਜੇ ਪਾਸੇ ਪ੍ਰਚਾਰ ਵੀ ਬਹੁਤ ਹੋ ਰਿਹਾ ਹੈ। ਅਸਲ ਗੱਲ ਤਾਂ ਇਹ ਹੈ ਕਿ ਸਾਡੇ ਪ੍ਰਚਾਰਕਾਂ ਵੱਲੋਂ ਆਪਣੀਆਂ ਸੰਸਥਾਵਾਂ ਬਣਾ ਲਈਆਂ ਗਈਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸੰਸਥਾ ਚੱਲਦੀ ਰਹੇ। ਮੇਰੇ ਮਨ ਨੂੰ ਉਲਾਂਭਾ ਹੈ ਕਿ ਜਿਸ ਤਰ੍ਹਾਂ ਮੀਡੀਆ ਵਿਕਾਊ ਹੋ ਗਿਆ ਹੈ ਉਸ ਤਰ੍ਹਾਂ ਹੀ ਸਾਡੇ ਪ੍ਰਚਾਰਕ ਵੀ ਵਿਕਾਊ ਹੋ ਗਏ ਹਨ। ਹਰ ਇੱਕ ਪ੍ਰਚਾਰਕ ਚਾਹੁੰਦਾ ਹੈ ਕਿ ਉਸ ਦੀ ਸੰਸਥਾ ਚੱਲਦੀ ਰਹੇ ਤਾਂ ਕਿ ਉਸ ਨੂੰ ਕਮਾਈ ਹੁੰਦੀ ਰਹੇ।

ਸਵਾਲ : ਤੁਹਾਨੂੰ ਅਕਾਲ ਤਖਤ ਵੱਲੋਂ ਸਪਸ਼ਟੀਕਰਨ ਦੇਣ ਲਈ ਤੁਹਾਨੂੰ ਤਲਬ ਕੀਤਾ ਜਾਂਦਾ। ਇਹ ਘਟਨਾ ਆਪਣੇ ਦਰਸ਼ਕਾਂ ਨਾਲ ਸਾਂਝੀ ਕਰੋ।

ਜਵਾਬ : ਮੇਰੀ ਕਿਤਾਬ ਬੋਲਹਿ ਸਾਚੁ ਚ ਮੇਰੇ ਵੱਲੋਂ ਦਿੱਤੇ ਸਪਸ਼ਟੀਕਰਨ ਬਾਰੇ ਸਭ ਕੁੱਝ ਵਿਸਥਾਰ ਨਾਲ ਲਿਖਿਆ ਹੋਇਆ ਹੈ। ਜਦੋਂ ਮੈਨੂੰ ਅਕਾਲ ਤਖਤ ਤਲਬ ਕੀਤਾ ਗਿਆ ਤਾਂ ਮੈਂ ਆਪਣਾ ਸਪਸ਼ਟੀਕਰਨ ਦੇਣ ਲਈ ਅਕਾਲ ਤਖਤ ਸਾਹਮਣੇ ਪੇਸ਼ ਹੋਇਆ। ਮੈਂ ਲਗਭਗ ਡੇਢ ਘੰਟਾ ਬਾਹਰ ਬੈਠਾ ਰਿਹਾ। ਪਰ ਕੋਈ ਵੀ ਜੱਥੇਦਾਰ ਮੇਰੇ ਕੋਲ ਨਹੀਂ ਆਇਆ। ਉਸ ਸਮੇਂ ਗਿਆਨੀ ਗੁਰਬਚਨ ਸਿੰਘ ਜੱਥੇਦਾਰ ਸਨ। ਐਡਵੋਕੇਟ ਜਸਵਿੰਦਰ ਸਿੰਘ ਤੇ ਹੋਰ ਕਈ ਲੀਡਰਾਂ ਨੇ ਜੱਥੇਦਾਰ ਨੂੰ ਬੇਨਤੀ ਕੀਤੀ ਕੇ ਉਹ ਬਾਹਰ ਆ ਕੇ ਮੇਰੇ ਨਾਲ ਗੱਲ ਕਰਨ। ਬਾਅਦ ਚ ਐਡਵੋਕੇਟ ਜਸਵਿੰਦਰ ਸਿੰਘ ਨੇ ਮੈਨੂੰ ਕਿਹਾ ਕਿ ਤੁਸੀਂ ਵਾਪਿਸ ਚਲੇ ਜਾਓ ਕਿਉਂਕਿ ਜੱਥੇਦਾਰ ਜੀ ਨੇ ਤੁਹਾਡੇ ਕੋਲ ਬਾਹਰ ਨਹੀਂ ਆਉਣਾ। ਉਸ ਤੋਂ ਕੁੱਝ ਸਮਾਂ ਬਾਅਦ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਜਾ ਕੇ ਅਰਦਾਸ ਕੀਤੀ। ਦਿੱਲੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਤਰਸ਼ੇਮ ਸਿੰਘ ਵੱਲੋਂ ਅਰਦਾਸ ਕੀਤੀ ਗਈ, ਜਿਸ ਦੀ ਬਕਾਇਦਾ ਵੀਡੀਓ ਵੀ ਬਣੀ ਹੋਈ ਹੈ। ਅਰਦਾਸ ਤੋਂ ਬਾਅਦ ਮੈਂ ਸਪਸ਼ਟੀਕਰਨ ਦੀ ਫਾਇਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਕਰ ਆਇਆ ਤਾਂ ਕਿ ਮੇਰੇ ਜਾਣ ਤੋਂ ਬਾਅਦ ਹੀ ਜੱਥੇਦਾਰ ਮੇਰੀ ਫਾਇਲ ਨੂੰ ਪੜ੍ਹ ਲੈਣ। ਜਿਸ ਦੇ ਸਬੂਤ ਅੱਜ ਵੀ ਮੇਰੇ ਕੋਲ ਮੌਜੂਦ ਹਨ।

ਉਸ ਸਮੇਂ ਮੇਰੇ ਕੋਲੋਂ ਪ੍ਰੈਸ ਨੇ ਸਵਾਲ ਕੀਤਾ ਕਿ ਅਕਾਲ ਤਖਤ ਦੇ ਜੱਥੇਦਾਰ ਤੇ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਚ ਕੀ ਫਰਕ ਹੈ। ਪਹਿਲਾਂ ਤਾਂ ਮੈਂ ਸਪਸ਼ਟ ਕੀਤਾ ਕਿ ਅਕਾਲ ਤਖਤ ਦਾ ਜੱਥੇਦਾਰ ਕੋਈ ਨਹੀਂ ਹੋ ਸਕਦਾ। ਕਿਉਂਕਿ ਅਕਾਲ ਦਾ ਮਤਲਬ ਹੈ ਜੋ ਕਦੇ ਖਤਮ ਨਹੀਂ ਹੁੰਦਾ ਤੇ ਤਖਤ ਦਾ ਮਤਲਬ ਹੈ ਜਿਸ ਦਾ ਪੂਰੇ ਬ੍ਰਹਿਮੰਡ ਤੇ ਹੁਕਮ ਚੱਲਦਾ ਹੈ। ਦੂਜੇ ਪਾਸੇ ਜੱਥੇਦਾਰ ਦਾ ਅਰਥ ਹੈ ਜੱਥੇ ਦਾ ਆਗੂ। ਅੱਜ ਵੀ ਜੇ ਕੋਈ ਕੌਮ ਕਿਸੇ ਨੂੰ ਸਿਆਣਾ ਸਮਝ ਕੇ ਆਪਣੇ ਰਾਜਨੀਤਿਕ ਜਾਂ ਸਮਾਜਿਕ ਕਾਰਜਾਂ ਦੀ ਅਗਵਾਈ ਕਰਨ ਲਈ ਕਿਸੇ ਆਗੂ ਨੂੰ ਚੁਣਦੀ ਹੈ ਤਾਂ ਉਹ ਉਸ ਕੌਮ ਦਾ ਜੱਥੇਦਾਰ ਹੁੰਦਾ ਹੈ। ਇਸ ਲਈ ਜੱਥੇਦਾਰ ਕੌਮ ਦਾ ਜੱਥੇਦਾਰ ਹੋ ਸਕਦਾ ਨਾ ਕਿ ਅਕਾਲ ਤਖਤ ਦਾ ਜੱਥੇਦਾਰ। ਦੂਜੇ ਪਾਸੇ ਗ੍ਰੰਥੀ ਜਾਂ ਹੈੱਡ ਗ੍ਰੰਥੀ ਦਾ ਕੰਮ ਗ੍ਰੰਥ ਦੀਆਂ ਸੇਵਾਵਾਂ ਨਿਭਾਉਣਾ ਹੈ ਤੇ ਜੱਥੇਦਾਰ ਨੇ ਕੌਮ ਦੀਆਂ ਸੇਵਾਵਾਂ ਦਾ ਇੰਤਜਾਮ ਕਰਨਾ।

ਸਵਾਲ : ਕਥਾ ਵਾਚਕ ਦੇ ਰੂਪ ਚ ਕਈ ਵਾਰ ਤੁਹਾਡਾ ਵਿਰੋਧ ਹੋਇਆ ਹੈ। ਇਸ ਪਿੱਛੇ ਕੀ ਕਾਰਨ ਹੈ?

ਜਵਾਬ : ਕਈ ਵਾਰ ਸਮਾਗਮਾਂ ਚ ਕਥਾ ਕਰਦੇ ਸਮੇਂ ਮੇਰਾ ਵਿਰੋਧ ਹੋਇਆ ਹੈ। ਇਸ ਦਾ ਕਾਰਨ ਇਹ ਹੈ ਕਿ ਕਈ ਲੋਕ ਤਾਂ ਲਕੀਰ ਦੇ ਫਕੀਰ ਹੁੰਦੇ ਹਨ ਜਿਨ੍ਹਾਂ ਬਿਚਾਰਿਆਂ ਨੂੰ ਕੋਈ ਗਿਆਨ ਜਾਂ ਸੋਝੀ ਨਹੀਂ ਹੁੰਦੀ। ਦੂਜੇ ਉਹ ਲੋਕ ਜੋ ਧਰਮ ਨਾਲੋਂ ਧੜਿਆਂ ਨੂੰ ਜ਼ਿਆਦਾ ਮਹੱਤਵ ਦਿੰਦੇ ਹਨ। ਵਿਰੋਧ ਕਰਨ ਵਾਲੇ ਉਹ ਲੋਕ ਹੁੰਦੇ ਹਨ ਜੋ ਡਰਦੇ ਹਨ ਕਿ ਮੈਂ ਆਪਣਾ ਮਤ ਸਪਸ਼ਟ ਕਰਕੇ ਆਮ ਲੋਕਾਂ ਨੂੰ ਇਹ ਨਾ ਦੱਸ ਦਵਾ ਕਿ ਮੈਨੂੰ ਧਰਮ ਤੋਂ ਕਿਉਂ ਛੇਕਿਆ ਗਿਆ ਸੀ। ਅੱਜ ਵੀ ਮੈਂ ਇਹ ਗੱਲ ਕਹਿਣ ਲਈ ਤਿਆਰ ਹਾਂ ਕਿ ਜਿਨ੍ਹਾਂ ਸੱਜਣਾਂ ਵੱਲੋਂ ਮੈਨੂੰ ਧਰਮ ਤੋਂ ਛੇਕਿਆ ਗਿਆ ਹੈ ਉਨ੍ਹਾਂ ਨੂੰ ਇਹ ਪਤਾ ਸੀ ਕਿ ਮੇਰੇ ਸਾਹਮਣੇ ਬੈਠ ਕੇ ਗੱਲ ਕਰਨੀ ਔਖੀ ਹੈ ਤੇ ਉਹ ਰੋਜ ਰੋਜ ਮੇਰੇ ਸਵਾਲਾਂ ਦਾ ਜਵਾਬ ਕਿਸ ਤਰ੍ਹਾਂ ਦੇਣਗੇ। ਇਸ ਤਰ੍ਹਾਂ ਉਹ ਆਪਣੇ ਬਚਾਅ ਲਈ ਮੇਰਾ ਵਿਰੋਧ ਕਰਵਾਉਂਦੇ ਹਨ।

ਸਵਾਲ : ਕੁੱਝ ਲੋਕਾਂ ਦਾ ਕਹਿਣਾ ਹੈ ਕਿ ਤੁਸੀਂ ਮੁਖ ਧਾਰਾ ਤੋਂ ਪਾਸੇ ਹੋ ਗਏ ਹੋ?

ਜਵਾਬ : ਸਾਡੀ ਸਭਨਾਂ ਦੀ ਮੁਖ ਧਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਜਿਹੜੀ ਸਾਨੂੰ ਸੁਨਿਸ਼ਚਿਤ ਕਰਨੀ ਪੈਂਦੀ ਹੈ। ਜਿਹੜੇ ਮੁਖ ਧਾਰਾ ਦੀ ਗੱਲ ਕਰਦੇ ਹਨ ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਹੀਂ ਮੰਨਦੇ ਜਾਂ ਉਹ ਕਹਿ ਦੇਣ ਕਿ ਉਨ੍ਹਾਂ ਦੀ ਮੁਖ ਧਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੱਖਰੀ ਹੈ। ਮੇਰਾ ਇੱਕ ਹੀ ਫੈਸਲਾ ਹੈ ਕਿ ਜੇ ਉਹ ਮੰਨ ਲੈਣ ਕਿ ਉਹ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਕਰਦੇ ਹਨ, ਫਿਰ ਮੈਂ ਉਨ੍ਹਾਂ ਨਾਲ ਖੜ੍ਹਾ ਹਾਂ। ਮੇਰੀ ਤਾਂ ਸ਼ਰਤ ਹੀ ਇੱਕ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ। ਇਸ ਲਈ ਜਿਨ੍ਹਾਂ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੱਖਰੀ ਮੁੱਖ ਧਾਰਾ ਹੈ ਤਾਂ ਤੁਸੀਂ ਸੋਚੋ ਕਿ ਮੁਖ ਧਾਰਾ ਨੂੰ ਤਾਂ ਉਹ ਨਹੀਂ ਮੰਨਦੇ।

ਸਵਾਲ : ਧਾਰਾ 370 ਕਾਰਨ ਜਿਸ ਤਰ੍ਹਾਂ ਦਾ ਮਾਹੌਲ ਅੱਜ ਬਣ ਗਿਆ ਹੈ। ਦੂਜੇ ਪਾਸੇ ਸ੍ਰੋਮਣੀ ਅਕਾਲੀ ਦਲ ਜੋ ਸਿੱਖਾਂ ਜਾਂ ਮਜ਼ਲੂਮਾਂ ਦੇ ਹਿੱਤਾਂ ਦੀ ਰੱਖਿਆ ਕਰਨ ਲਈ ਸਭ ਤੋਂ ਪਹਿਲਾਂ ਸਾਹਮਣੇ ਆਉਂਦਾ ਸੀ, ਅੱਜ ਉਹ ਉਨ੍ਹਾਂ ਮਜਲੂਮਾਂ ਦੇ ਹਿੱਤਾਂ ਦੇ ਵਿਰੁੱਧ ਚ ਵੋਟ ਪਾਉਂਦਾ ਹੈ?

ਜਵਾਬ : ਪਹਿਲਾਂ ਸ੍ਰੋਮਣੀ ਅਕਾਲੀ ਦਲ ਸਮੁੱਚੇ ਸਮਾਜ, ਸਮੁੱਚੇ ਸੰਸਾਰ ਦੇ ਹਿੱਤਾਂ ਨੂੰ ਧਿਆਨ ਚ ਰੱਖ ਕੇ ਫੈਸਲਾ ਲੈਂਦਾ ਸੀ ਪਰ ਅੱਜ ਇਸ ਤਰ੍ਹਾਂ ਦਾ ਨਹੀਂ ਹੈ। ਕਿਉਂਕਿ ਅੱਜ ਇਨ੍ਹਾਂ ਅਦਾਰਿਆਂ ਦੀ ਸੋਚ ਨਿਜ਼ੀ ਹੋ ਗਈ ਹੈ। ਗੁਰੂ ਨਾਨਕ ਸਾਹਿਬ ਜੀ ਨੇ ਆਪਣਾ ਘਰ ਆਪਣੀ ਨਿਜ਼ੀ ਸੋਚ ਕਰਕੇ ਨਹੀਂ ਛੱਡਿਆ ਸੀ। ਗੁਰੂ ਨਾਨਕ ਸਾਹਿਬ ਜੀ ਸਮੁੱਚੇ ਸੰਸਾਰ ਦੀ ਗੱਲ ਕਰਦੇ ਸਨ ਤੇ ਸਮੁੱਚੀ ਮਨੁੱਖਤਾ ਬਾਰੇ ਸੋਚਦੇ ਸਨ। ਦੂਜੀ ਗੱਲ ਇਹ ਹੈ ਕਿ ਸ੍ਰੋਮਣੀ ਅਕਾਲੀ ਦਲ ਪਹਿਲਾਂ ਇਸ ਗੱਲ ਦਾ ਮੁਖੀ ਸੀ ਕਿ ਰਾਜਾਂ ਕੋਲ ਕੇਂਦਰ ਨਾਲੋਂ ਜ਼ਿਆਦਾ ਅਧਿਕਾਰ ਹੋਣੇ ਚਾਹੀਦੇ ਹਨ। ਧਾਰਾ 370 ਦਾ ਮਤਲਬ ਹੈ ਕਿਸੇ ਰਾਜ ਦੀ ਪੂਰਨ ਸ਼ਕਤੀ। ਪੂਰਨ ਸ਼ਕਤੀ ਦਾ ਮੋਢੀ ਅਖਵਾਉਣ ਵਾਲਾ ਅੱਜ ਉਹੀ ਸ੍ਰੋਮਣੀ ਅਕਾਲੀ ਦਲ ਧਾਰਾ 370 ਦਾ ਵਿਰੋਧੀ ਹੋ ਗਿਆ ਹੈ। ਕਿਉਂਕਿ ਸ੍ਰੋਮਣੀ ਅਕਾਲੀ ਦਲ ਜਾਣਦਾ ਹੈ ਕਿ ਕੇਂਦਰ ਚ ਜਿਹੜੀ ਸਰਕਾਰ ਬੈਠੀ ਹੈ ਉਹ ਧਾਰਾ 370 ਦੇ ਪੱਖ ਚ ਨਹੀਂ ਹੈ। ਇਸ ਲਈ ਸ੍ਰੋਮਣੀ ਅਕਾਲੀ ਦਲ ਹੁਣ ਸਮੁੱਚੀ ਸੋਚ ਨੂੰ ਭੁੱਲ ਕੇ ਨਿਜ਼ੀ ਸੋਚ ਨਾਲ ਫੈਸਲੇ ਲੈ ਰਹੀ ਹੈ।

ਸਵਾਲ : ਦਿਨੋਂ ਦਿਨ ਧਾਰਮਿਕ ਸੰਸਥਾਵਾਂ ਦਾ ਨਿਘਾਰ ਹੋ ਰਿਹਾ ਹੈ, ਤੁਸੀਂ ਇਸ ਦਾ ਜ਼ਿੰਮੇਵਾਰ ਕਿਸ ਨੂੰ ਮੰਨਦੇ ਹੋ?

ਜਵਾਬ : ਦਿਨੋਂ ਦਿਨ ਧਾਰਮਿਕ ਸੰਸਥਾਵਾਂ ਦਾ ਨਿਘਾਰ ਹੁੰਦਾ ਜਾ ਰਿਹਾ ਹੈ, ਇਸ ਦਾ ਮੁੱਖ ਕਾਰਨ ਆਰ.ਐਸ.ਐਸ. ਦੀ ਪਾਲਿਸੀ ਹੈ ਜੋ ਉਸ ਨੇ ਸਿੱਖ ਧਾਰਮਿਕ ਸੰਸਥਾਵਾਂ ਲਈ ਅਪਣਾਈ ਹੈ। ਕਿਉਂਕਿ ਆਰ.ਐਸ.ਐਸ. ਨੂੰ ਪਤਾ ਹੈ ਕਿ ਜੇ ਸਿੱਖਾਂ ਨੂੰ ਹਿੰਦੂ ਬਣਾਉਣਾ ਹੈ ਤਾਂ ਇਨ੍ਹਾਂ ਦੇ ਜਿੰਨੇ ਗੁਰਦੁਆਰੇ ਤੇ ਧਾਰਮਿਕ ਸਥਾਨ ਹਨ ਪਹਿਲਾਂ ਉਨ੍ਹਾਂ ਤੇ ਕਬਜਾ ਕੀਤਾ ਜਾਵੇ। ਇਸ ਤਰ੍ਹਾਂ ਉਨ੍ਹਾਂ ਨੇ ਆਪੇ ਹੀ ਇਨ੍ਹਾਂ ਨੂੰ ਹਿੰਦੂ ਬਣਾ ਲੈਣਾ ਹੈ। ਇਸ ਲਈ ਸਾਡੀਆਂ ਧਾਰਮਿਕ ਸੰਸਥਾਵਾਂ ਦਾ ਨਿਘਾਰ ਦਿਨੋਂ ਦਿਨ ਹੁੰਦਾ ਜਾ ਰਿਹਾ ਹੈ। ਮੈਂ ਕੁੱਝ ਦਿਨ ਪਹਿਲਾਂ ਆਪਣੀ ਇੱਕ ਪੋਸਟ ਪਾਈ ਹੈ ਜਿਸ ਚ ਮੈਂ ਲਿਖਿਆ ਹੈ ਕਿ ਸਿੰਘੋਂ ਤੁਹਾਡੇ ਘਰ ਤੇ ਦੁਸ਼ਮਣਾਂ ਦਾ ਕਬਜਾ ਹੋ ਚੁਕਿਆ ਹੈ। ਅੱਜ ਸਾਡਾ ਦੁਖਾਂਤ ਇਹ ਹੈ ਕਿ ਅਸੀਂ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਇਕੱਠੇ ਨਹੀਂ ਹੋ ਰਹੇ। ਅਸੀਂ ਆਪਣੇ ਤਰਕਾਂ ਨਾਲ ਇੱਕ ਦੂਜੇ ਤੇ ਹਮਲੇ ਕਰ ਰਹੇ ਹਾਂ।

ਸਵਾਲ : ਕੀ ਤੁਹਾਨੂੰ ਲੱਗਦਾ ਕਿ ਬਾਦਲ ਪਰਿਵਾਰ ਨੇ ਹੁਣ ਤੱਕ ਅਕਾਲ ਤਖਤ ਸਾਹਿਬ ਦੇ ਸਾਰੇ ਜੱਥੇਦਾਰਾਂ ਨੂੰ ਆਪਣੇ ਨਿਜ਼ੀ ਹਿੱਤਾਂ ਲਈ ਵਰਤਿਆ ਹੈ?

ਜਵਾਬ : ਇਹ ਇੱਕ ਕੌੜਾ ਸੱਚ ਹੈ ਕਿ ਅਕਾਲ ਤਖਤ ਦੇ ਜੱਥੇਦਾਰਾਂ ਨੂੰ ਬਾਦਲ ਪਰਿਵਾਰ ਨੇ ਹਮੇਸਾ ਹੀ ਆਪਣੇ ਨਿਜ਼ੀ ਹਿੱਤਾਂ ਲਈ ਵਰਤਿਆ ਹੈ। ਜਿਹੜੇ ਜੱਥੇਦਾਰ ਬਾਦਲ ਪਰਿਵਾਰ ਦੇ ਮੁਹਤਾਜ ਹਨ ਉਹ ਇਨ੍ਹਾਂ ਦੇ ਹੇਠਾਂ ਲੱਗ ਕੇ ਕੰਮ ਕਰਦੇ ਹਨ। ਜਿਸ ਸਮੇਂ ਮੈਂ ਅਕਾਲ ਤਖਤ ਸਾਹਿਬ ਦੀ ਸੇਵਾ ਕੀਤੀ ਹੈ ਉਸ ਸਮੇਂ ਮੈਂ ਸ਼ਰਤ ਰੱਖੀ ਸੀ ਕਿ ਮੈਂ ਇਸ ਸੇਵਾ ਦੀ ਤਨਖਾਹ ਨਹੀਂ ਲਵਾਂਗਾ। ਇੱਕ ਗੱਲ ਮੈਂ ਹੋਰ ਦੱਸਣਾ ਚਾਹੁੰਦਾ ਕਿ ਉਨ੍ਹਾਂ ਦਿਨਾਂ ਚ ਗੁਰਚਰਨ ਸਿੰਘ ਟੌਹੜਾ ਤੇ ਪ੍ਰਕਾਸ਼ ਸਿੰਘ ਬਾਦਲ ਦੋਵੇਂ ਮੁੱਖ ਲੀਡਰ ਜੇਲ੍ਹ ਚ ਬੰਦ ਸਨ। ਇਸ ਤੋਂ ਬਿਨ੍ਹਾ ਕੁੱਝ ਨੌਜਵਾਨ ਵੀ ਜੇਲ੍ਹ ਚ ਬੰਦ ਸਨ ਜਿਨ੍ਹਾਂ ਨੇ ਕੌਮ ਲਈ ਕੁਰਬਾਨੀਆਂ ਦਿੱਤੀਆਂ ਸਨ। ਜੇਲ੍ਹਾਂ ਚੋਂ ਕਈ ਵਾਰ ਚਿੱਠੀਆਂ ਆਉਂਦੀਆਂ ਸਨ। ਮੈਂ ਇੱਕ ਸੇਵਾਦਾਰ ਹੋਣ ਦੇ ਨਾਤੇ ਉਨ੍ਹਾਂ ਦੀਆਂ ਲੋੜਾਂ ਦੀ ਪੂਰਤੀ ਲਈ ਵਕੀਲਾਂ ਦਾ ਪ੍ਰਬੰਧ ਕੀਤਾ ਤੇ ਚੀਜ਼ਾਂ , ਵਸਤੂਆਂ ਭੇਜ ਕੇ ਉਨ੍ਹਾਂ ਦੀ ਮਦਦ ਕੀਤੀ। ਜਿਸ ਦੀਆਂ ਨਿਸ਼ਾਨੀਆਂ ਅੱਜ ਵੀ ਮੇਰੇ ਕੋਲ ਮੌਜੂਦ ਸਨ। ਕਈ ਸਿੰਘਾਂ ਤੇ ਪਤਵੰਤੇ ਸੱਜਣਾਂ ਵੱਲੋਂ ਮੈਨੂੰ ਬਾਦਲ ਸਾਹਿਬ ਤੇ ਟੌਹੜਾ ਸਾਹਿਬ ਨੂੰ ਜੇਲ੍ਹ ਚ ਜਾ ਕੇ ਮਿਲਣ ਲਈ ਕਿਹਾ ਗਿਆ ਸੀ। ਪਰ ਮੈਂ ਕਦੀ ਵੀ ਜੇਲ੍ਹ ਅੰਦਰ ਉਨ੍ਹਾਂ ਨੂੰ ਵਿਅਕਤੀਗਤ ਤੌਰ ਤੇ ਮਿਲਣ ਨਹੀਂ ਗਿਆ। ਕਿਉਂਕਿ ਜੇ ਮੈਂ ਉਨ੍ਹਾਂ ਨੂੰ ਮਿਲਣ ਜਾਂਦਾ ਤਾਂ ਇਸ ਦਾ ਮਤਲਬ ਇਹ ਹੁੰਦਾ ਕਿ ਮੈਂ ਕਿਸੇ ਲੀਡਰ ਦੀ ਚਾਪਲੂਸੀ ਕੀਤੀ ਹੈ। ਜਿਸ ਕਾਰਨ ਟੌਹੜਾ ਸਾਹਿਬ ਮੇਰੇ ਪ੍ਰਤੀ ਈਰਖਾ ਰੱਖਦੇ ਸਨ।

ਸਵਾਲ : ਬੇਅਦਬੀ ਦੇ ਮਾਮਲੇ ਤੇ ਦੋਵੇਂ ਪਾਰਟੀਆਂ (ਕਾਂਗਰਸ ਤੇ ਸ੍ਰੋਮਣੀ ਅਕਾਲੀ ਦਲ) ਨੇ ਅੱਜ ਤੱਕ ਕੀ ਕੁੱਝ ਕੀਤਾ? ਇਸ ਬਾਰੇ ਤੁਹਾਡੇ ਵਿਚਾਰ ਕੀ ਹਨ।

ਜਵਾਬ : ਇਸ ਸਮੇਂ ਦੀ ਕੌੜੀ ਸੱਚਾਈ ਇਹ ਹੈ ਕਿ ਬਾਦਲ ਹੋਵੇ ਜਾਂ ਕੈਪਟਨ ਦੋਵੇਂ ਹੀ ਸਿੱਧੇ ਜਾਂ ਅਸਿੱਧੇ ਤੌਰ ਤੇ ਕੇਂਦਰ ਸਰਕਾਰ ਤੇ ਨਿਰਭਰ ਹਨ। ਕੈਪਟਨ ਤੇ ਬਾਦਲ ਦੋਵੇਂ ਇਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਜੇ ਉਹ ਕੇਂਦਰ ਸਰਕਾਰ ਦੀ ਹੁਕਮ ਜਾਂ ਗੱਲ ਨਹੀਂ ਮੰਨਣਗੇ ਤਾਂ ਉਹ ਪੰਜਾਬ ਤੇ ਰਾਜ ਨਹੀਂ ਕਰ ਸਕਦੇ। ਕੇਂਦਰ ਚ ਜਿਸ ਵੀ ਪਾਰਟੀ ਦੀ ਸਰਕਾਰ ਹੋਵੇ ਉਨ੍ਹਾਂ ਵੱਲੋਂ ਹਮੇਸਾ ਹੀ ਭ੍ਰਿਸਟ ਸਿਆਸਤ ਕੀਤੀ ਗਈ ਹੈ। ਜਿਸ ਚ ਕਾਨੂੰਨ ਦੀ ਕੋਈ ਥਾਂ ਨਹੀਂ ਹੈ। ਪੰਜਾਬ ਅੰਦਰ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਬਾਰੇ ਬਾਦਲ ਤੇ ਕੈਪਟਨ ਦੋਵੇਂ ਪਹਿਲਾਂ ਤੋਂ ਹੀ ਭਲੀਭਾਂਤ ਜਾਣੂ ਸਨ। ਜਿਸ ਕਾਰਨ ਹੁਣ ਤੱਕ ਦੋਵੇਂ ਸਰਕਾਰਾਂ ਵੱਲੋਂ ਬੇਅਦਬੀ ਦੇ ਮਾਮਲੇ ਤੇ ਕੁੱਝ ਨਹੀਂ ਕੀਤਾ ਗਿਆ। ਹੁਣ ਤੱਕ ਕੈਪਟਨ ਤੇ ਬਾਦਲ ਦੋਵੇਂ ਕੇਂਦਰ ਸਰਕਾਰਾਂ ਕੇਂਦਰ ਦੇ ਪ੍ਰਭਾਵ ਹੇਠਾਂ ਕੰਮ ਕਰਦੀਆਂ ਆਈਆਂ ਹਨ। ਕਿਉਂਕਿ ਬਾਦਲ ਪਰਿਵਾਰ ਦੇ ਹੱਥੋਂ ਕੌਮ ਦਾ ਅਤੇ ਪੰਜਾਬ ਦੇ ਹਿੱਤਾਂ ਦਾ ਨੁਕਸਾਨ ਕਰਵਾਉਣੀ ਵਾਲੀ ਬੀਜੇਪੀ ਹੈ।

ਸਵਾਲ : ਮੌਜੂਦਾ ਸਮੇਂ ਚ ਸਿੱਖ ਕੌਮ ਜਿਨ੍ਹਾਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੀ ਹੈ, ਉਨ੍ਹਾਂ ਚੋਂ ਸਿੱਖ ਕੌਮ ਕਿਸ ਤਰ੍ਹਾਂ ਨਿਕਲ ਸਕਦੀ ਹੈ?

ਜਵਾਬ : ਕੌਮ ਦਾ ਭਵਿੱਖ ਕੇਵਲ ਤੇ ਕੇਵਲ ਸਿਰਫ ਇਸ ਗੱਲ ਚ ਹੈ ਕਿ ਸਾਨੂੰ ਸਭ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਦੁਆਲੇ ਇਕੱਠੇ ਹੋ ਜਾਣਾ ਚਾਹੀਦਾ ਹੈ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਤਨੋਂ ਮਨੋਂ ਆਪਣੇ ਜੀਵਨ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਮਰਪਿਤ ਕਰ ਦੇਣ ਤੇ ਆਪਣੇ ਸਾਰੇ ਫੈਸਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੁਸਾਰ ਹੀ ਕਰਨ। ਕਿਉਂਕਿ ਦੁਨੀਆ ਅੰਦਰ ਏਕਤਾ ਸਿਰਫ ਇੱਕ ਵਿਚਾਰਧਾਰਾ ਹੋਣ ਕਰਕੇ ਸਥਾਪਿਤ ਹੁੰਦੀ ਹੈ ਨਾ ਕਿ ਗੱਲਾਂ ਕਰਨ ਨਾਲ। ਜਿਸ ਦਿਨ ਤੁਹਾਡਾ ਗੁਰੂ ਇੱਕ ਹੋਵੇਗਾ ਸ਼ਬਦ ਦੀ ਵਿਚਾਰਧਾਰਾ ਇੱਕ ਹੇਵੇਗੀ ਤੇ ਤੁਸੀਂ ਸਭ ਇੱਕ ਹੋ ਜਾਉਗੇ ਤਾਂ ਕੌਮ ਦੀ ਏਕਤਾ ਆਪਣੇ ਆਪ ਸਥਾਪਿਤ ਹੋ ਜਾਵੇਗੀ। ਜਦੋਂ ਇਸ ਤਰ੍ਹਾਂ ਹੋ ਗਿਆ ਤਾਂ ਕੌਮ ਨੂੰ ਮੌਤ ਦਾ ਡਰ ਵਿਖਾਉਣ ਵਾਲੇ ਆਪਣੇ ਆਪ ਮਰ ਜਾਣਗੇ ਤੇ ਸਿੱਖੀ ਸਦਾ ਲਈ ਅਜ਼ਾਦ ਹੋ ਜਾਵੇਗੀ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top