Share on Facebook

Main News Page

ਜਾਲ ਦਾ ਪਹਿਲਾ ਕੰਮ ਹੁੰਦਾ ਹੈ ਮੱਛੀ ਨੂੰ ਪਾਣੀ ਤੋਂ ਵੱਖ ਕਰਨਾ,
ਸਾਡਾ ਪਾਣੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਸਾਨੂੰ ਉਸ ਨਾਲੋਂ ਤੋੜਨਾ ਸਾਨੂੰ ਸਿੱਖੀ ਸਿਧਾਂਤ ਨਾਲੋਂ ਵੱਖ ਕਰਨਾ ਹੈ

-: ਪ੍ਰੋ. ਦਰਸ਼ਨ ਸਿੰਘ ਖ਼ਾਲਸਾ
1988-89

ਨੋਟ : ਇੱਕ ਪੁਰਾਣੀ ਵੀਡੀਓ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਜੀ ਦੀ ਆਪਣੇ ਸੇਵਾ ਕਾਲ ਦੀ ਗੁਰਦੁਆਰਾ ਸਿੰਘ ਸਭਾ ਗ੍ਰੇਟਰ ਕੈਲਾਸ਼ ਨਵੀਂ ਦਿੱਲੀ, ਸੰਨ :-1988-1989 ! ਵਿੱਚ ਪ੍ਰੋ. ਦਰਸ਼ਨ ਸਿੰਘ ਖਾਲਸਾ ਵੱਲੋਂ ਦਿੱਤੇ ਇਹ ਵਿਚਾਰ ਅੱਜ ਦੇ ਸਮੇਂ ਵਿੱਚ ਵੀ ਪੂਰੇ ਢੁੱਕਦੇ ਹਨ, ਅਜੋਕੇ ਸਮਯ ਵਿੱਚ ਵੀ ਮਨੁੱਖਤਾ 'ਨਾ ਝੀਵਰ ਦੀ ਪਛਾਣ ਕਰ ਪਾ ਰਹੀ ਤੇ ਨਾ ਜਾਲ ਦੀ, ਉਹ ਬੇਖ਼ਬਰ ਹੈ ਅਪਣੇ ਘਰ ਨੂੰ ਲੁਟਦਿਆਂ ਪੁਟਦਿਆਂ ਵੇਖ ਕੇ ਤੇ ਹੋਸ਼ ਉਦੋਂ ਹੀ ਆਉਂਦਾ ਜਦੋਂ ਸਭ ਕੁਝ ਲੁਟਿਆ ਜਾ ਚੁਕਾ ਹੁੰਦਾ ਹੈ । - ਆਤਮਜੀਤ ਸਿੰਘ, ਕਾਨਪੁਰ


ਹੇ ਮਾਲਕ ਤੂੰ ਦਰਿਆਉ ਹੈ ਮੈਂ ਮਛਲੀ ਹਾਂ, ਤੇਰੇ ਵਿੱਚੋਂ ਜੀਵਨ ਮਿਲਦਾ ਹੈ, ਤੇਰੇ ਵਿੱਚੋਂ ਨਿਕਲ ਕੇ ਤੇਰੇ ਤੋਂ ਵੱਖ ਹੋ ਕੇ ਮੈਂ ਫੂਟ ਮਰਦੀ ਹਾਂ .. ਕਿਉਂਕੀ ਮੇਰਾ ਜੀਵਨ ਤੇਰੇ ਨਾਲ ਜੁੜਿਆ ਹੈ "ਤੁਝ ਤੇ ਨਿਕਸੀ ਫੂਟਿ ਮਰਾ" ਤੇਰੇ ਤੋਂ ਵੱਖ ਹੋ ਕੇ ਮੇਰੀ ਮੌਤ ਹੋ ਜਾਂਦੀ ਹੈ .. ਬਸ ਇਹੋ ਕਾਰਣ ਹੈ ਜਿਹੜਾ ਮੈਂਨੂੰ ਮਾਰਨਾ ਚਾਹੁੰਦਾ ਹੈ, ਮਛਲੀ ਨੂੰ ਮਾਰਨ ਵਾਲਾ ਕੌਣ ਹੈ ..?

ਮਛਲੀ ਦਰਿਆ ਦੇ ਪਾਣੀ ਬੇਖੌਫ਼ ਬੈਠੀ ਹੈ, ਪਾਣੀ ਉਸਦਾ ਜੀਵਨ ਹੈ, ਅਚਿੰਤ ਬੈਠੀ ਹੈ ਪਰ ਮੌਤ ਦਾ ਫਰਿਸ਼ਤਾ ਪੈਦਾ ਹੁੰਦਾ ਹੈ, ਜਿਸ ਨੂੰ ਝੀਵਰ ਆਖਦੇ ਨੇ, ਪਾਣੀ ਵਿੱਚ ਵੱਸਣ ਵਾਲੀ ਮਛਲੀ ਦੇ 'ਸੁਖ ਨੂੰ ਬਰਦਾਸ਼ਤ ਨਹੀਂ ਕਰਦਾ .. ਮੱਛੀ ਦੀ ਮੌਤ ਦਾ ਪੁਲੰਦਾ ਬਣਾਉਣ ਵਾਲੇ ਮੱਛੀ ਦੇ ਮੌਤ ਦੀ ਤਰਤੀਬ ਬਣਾਉਣ ਵਾਲੇ ਨੂੰ ਪਤਾ ਹੈ ਪਾਣੀ ਵਿੱਚੋਂ ਕੱਢ ਕੇ ਮਾਰਿਆ ਜਾ ਸਕਦਾ ਹੈ ... ਜਿੰਨੀ ਦੇਰ ਪਾਣੀ ਵਿੱਚ ਬੈਠੀ ਹੈ ਮੱਛੀ ਗੋਲੀ ਨਾਲ ਨਹੀਂ ਮਾਰੀ ਜਾ ਸਕਦੀ, ਜਿੰਨੀ ਦੇਰ ਪਾਣੀ ਵਿੱਚ ਬੈਠੀ ਹੈ ਮੱਛੀ ਤਲਵਾਰ ਨਾਲ ਟੁਕੜੇ ਨਹੀਂ ਕੀਤੇ ਜਾ ਸਕਦੇ, ਕਦੇ ਵੇਖਿਆ ਹੈ ਕਿਸੇ ਝੀਵਰ ਨੇ ਮਛਲੀ ਨੂੰ ਮਾਰਨ ਲਈ ਕਿਸੇ ਦਰਿਆ ਦੇ ਕਿਨਾਰੇ ਕਿਸੇ ਸਾਗਰ ਦੇ ਕੰਡੇ ਅਪਣੀ ਬੰਦੂਕ ਨਾਲ ਪਾਣੀ ਵਿੱਚ ਰਹਿੰਦੀ ਮੱਛੀ ਨੂੰ ਗੋਲੀ ਨਾਲ ਮਾਰਿਆ ਹੋਵੇ, ਉਸ ਨੂੰ ਪਤਾ ਹੈ ਜਿੰਨੀ ਦੇਰ ਮੱਛੀ ਪਾਣੀ ਵਿੱਚ ਹੈ ਬੰਦੂਕ ਨਾਲ ਨਹੀਂ ਮਾਰੀ ਜਾ ਸਕਦੀ, ਉਹ ਜਾਣਦਾ ਹੈ ਜਿੰਨੀ ਦੇਰ ਮੱਛੀ ਪਾਣੀ ਵਿੱਚ ਹੈ ਤਲਵਾਰ ਨਾਲ ਟੁਕੜੇ ਨਹੀਂ ਕੀਤੇ ਜਾ ਸਕਦੇ .. ਬੇਸ਼ਕ ਇਸਦੇ ਟੁਕੜੇ ਕਰਨ ਲਈ ਤਲਵਾਰ ਦੀ ਵਰਤੋਂ ਕਰਨੀ ਪਏ, ਬੇਸ਼ਕ ਇਸ ਨੂੰ ਵੱਢਣ ਲਈ ਬੰਦੂਕ ਜਾਂ ਤੀਰ ਦੀ ਵਰਤੋਂ ਕਰਨੀ ਪਏ ਪਰ ਹਰ ਉਸ ਵਰਤੋੰ ਤੋਂ ਪਹਿਲਾਂ ਇਸ ਤੇ ਕੋਈ ਵੀ ਹਥਿਆਰ ਤੇ ਸ਼ਸਤਰ ਉਦੋਂ ਹੀ ਕਾਮਯਾਬ ਹੋ ਸਕਦਾ ਜਦੋਂ ਇਸ ਨੂੰ ਪਾਣੀ ਵਿੱਚੋਂ ਕੱਢ ਲਿਆ ਜਾਏ, ਮਰ ਤਾਂ ਉਸ ਵੇਲੇ ਹੀ ਜਾਏਗੀ, ਮੌਤ ਤਾਂ ਉਸੇ ਦਿਨ ਉਸੇ ਪੱਲ ਆ ਜਾਏਗੀ ਜਦੋਂ ਪਾਣੀ ਵਿੱਚੋਂ ਕੱਢ ਲਿਆ ਜਾਏਗਾ, ਤਲਵਾਰ ਨਾਲ ਨਹੀਂ ਮਰੇਗੀ, ਤੀਰ ਨਾਲ ਮਰੇਗੀ ਬੈਠੀ ਜੋ ਪਾਣੀ ਵਿੱਚ ਸੀ...

ਇਹੋ ਕਾਰਣ ਮੱਛੀਆਂ ਨੂੰ ਮਾਰਨ ਵਾਲੇ, ਮੱਛੀਆਂ ਨੂੰ ਫੜ੍ਹਨ ਵਾਲੇ, ਝੀਵਰ ਨੇ ਕਦੇ ਤਲਵਾਰ ਦੀ ਵਰਤੋਂ ਨਹੀਂ ਕੀਤੀ, ਕਦੀ ਤੀਰ ਦੀ ਵਰਤੋਂ ਨਹੀਂ ਕੀਤੀ, ਉਹ ਵਰਤੋਂ ਕਰਦਾ ਹੈ ਜਾਲ ਦੀ, ਕਿੰਨਾ ਸਿਆਣਾ ਹੈ ਝੀਵਰ ਜਿਸ ਜਗਹ ਤੋਂ ਮੱਛੀਆਂ ਫੜ੍ਹਦੀਆਂ ਹੋਣ ਉਸ ਤੋਂ ਦੂਰ ਪਹਿਲਾਂ ਜਾਲ ਵਿਛਾਉਂਦਾ ਹੈ ਪਤਾ ਨਹੀਂ, ਕਿਹੜਾ ਜਾਲ ਇਕ ਦਿਨ ਵਿੱਚ ਬਣ ਜਾਉਂਦਾ ਹੈ, ਸਾਗਰ ਦੇ ਕੰਡੇ ਵੱਸਣ ਵਾਲੇ ਝੀਵਰਾਂ ਮਛਲੀਆਂ ਨੂੰ ਫੜ੍ਹਨ ਵਾਲਿਆਂ ਦੀ ਜਿੰਦਗੀ ਜਾ ਕੇ ਵੇਖੋ ਕਈ ਕਈ ਮਹੀਨੇ ਲਗ ਜਾਂਦੇ ਨੇ ਜਾਲ ਬੁਣਨ ਵਿੱਚ ਸਾਰਾ ਸਾਰਾ ਪਰਿਵਾਰ ਲਗੇ ਰਹਿੰਦੇ ਨੇ ਮਿਲ ਕੇ ਜਾਲ ਬੁਣਦੇ ਨੇ, ਬੜਾ ਸਮਾਂ ਲਗਾਉਂਦੇ ਜਾਲ ਬੁਣਣ ਵਿੱਚ, ਜਾਲ ਬੁਣਣ ਤੋਂ ਬਾਦ, ਜਾਲ ਵਿਛਾਉਣ ਦੀ ਵੀ ਉਨਾਂ ਦੀ ਤਰਤੀਬ ਹੈ, ਜਾਲ ਵਿਛਾਉਣ ਦੀ ਸਿਆਣਪ ਤੇ ਚਤੁਰਾਈ ਵੀ ਉਨਾਂ ਦੀ ਹੈ, ਮਛਲੀ ਜਿਸ ਜਗਹ ਤੇ ਹੁੰਦੀ ਉਸ ਤੋਂ ਬਹੁਤ ਦੂਰ ਜਾਲ ਵਿਛਾਉਂਦੇ ਨੇ ਤੇ ਧਿਆਨ ਰੱਖਦੇ ਨੇ ਮਛਲੀ ਕਦੋਂ ਤੇ ਜਿਆਦਾ ਤਦਾਦ ਵਿੱਚ ਇਸ ਜਾਲ ਦੇ ਘੇਰੇ ਵਿੱਚ ਆਉਂਦੀ ਹੈ ਫਿਰ ਆਹਿਸਤਾ ਆਹਿਸਤਾ ਉਸ ਜਾਲ ਨੂੰ ਇਕਠਾ ਕਰਨਾ ਸ਼ੁਰੂ ਕਰਦੇ ਨੇ, ਜਿੰਨੀ ਦੇਰ ਝੀਵਰ ਜਾਲ ਬੁਣਦਾ ਰਿਹਾ ਮੱਛਲੀ ਬੇ-ਖ਼ਬਰ ਰਹੀ "ਮਛੁਲੀ ਜਾਲੁ ਨ ਜਾਣਿਆ" .. ਜਿੰਨੀ ਦੇਰ ਜਾਲ ਵਿਛਾਉਂਦਾ ਰਿਹਾ, ਜਿੰਨੀ ਦਰਿਆ ਵਿੱਚ ਸਾਗਰ ਵਿੱਚ ਤਰਤੀਬ ਦੇਂਦਾ ਰਿਹਾ ਉਨੀਂ ਦੇਰ ਵੀ ਮਛਲੀ ਬੇ-ਖਬਰ ਰਹੀ, ਮਛਲੀ ਜਾਣ ਨਾ ਸਕੀ ..।

ਸਿਰੀਰਾਗੁ ਮਹਲਾ ੧ ॥ ਮਛੁਲੀ ਜਾਲੁ ਨ ਜਾਣਿਆ ਸਰੁ ਖਾਰਾ ਅਸਗਾਹੁ ॥ ਅਤਿ ਸਿਆਣੀ ਸੋਹਣੀ ਕਿਉ ਕੀਤੋ ਵੇਸਾਹੁ ॥ ਕੀਤੇ ਕਾਰਣਿ ਪਾਕੜੀ ਕਾਲੁ ਨ ਟਲੈ ਸਿਰਾਹੁ ॥੧॥ ਭਾਈ ਰੇ ਇਉ ਸਿਰਿ ਜਾਣਹੁ ਕਾਲੁ ॥ ਜਿਉ ਮਛੀ ਤਿਉ ਮਾਣਸਾ ਪਵੈ ਅਚਿੰਤਾ ਜਾਲੁ ॥੧॥ ਰਹਾਉ ॥

ਬਸ ਇਹੋ ਹਾਲਾਤ ਮਾਣਸਾ ਦੀ ਹੈ "ਜਿਉ ਮਛੀ ਤਿਉ ਮਾਣਸਾ" .. ਇਉਂ ਹਾਲਾਤ ਮਨੁੱਖਾ ਦੀ ਹੈ । ਮਨੁੱਖਤਾ ਅੰਦਰ ਵੀ ਕਈ ਵਾਰ ਮਨੁੱਖਤਾ ਦੇ ਦੁਸ਼ਮਣ ਪੈਦਾ ਹੋ ਜਾਂਦੇ ਨੇ, ਕੁਝ ਲੋਕ ਔਸੇ ਪੈਦਾ ਹੋ ਜਾਂਦੇ ਨੇ ਜਿਹੜੇ ਮਨੁੱਖਤਾ ਦੇ ਮਾਣਸਾ ਦੇ ਖੇੜ੍ਹੇ ਨੂੰ ਬਰਦਾਸ਼ਤ ਨਹੀਂ ਕਰਦੇ ਜਿਵੇਂ ਝੀਵਰ ਨੂੰ ਮਛਲੀ ਦਾ ਖੇੜ੍ਹਾ ਵਿਗਾਸ ਬਰਦਾਸ਼ਤ ਨਹੀਂ, ਔਸੇ ਲੋਕ ਪੈਦਾ ਹੋ ਜਾਂਦੇ ਨੇ, ਪਤਾ ਨਹੀਂ ਕਿੰਨਾ ਸਮਾਂ ਲਾ ਦੇੰਦੇ ਨੇ ਜਾਲ ਬੁਣਦਿਆ ਬੁਣਦਿਆ, ਬੜੀ ਤਰਤੀਬਾਂ ਬੁਣਦੇ ਨੇ ਜਾਲ ਬੁਣਨ ਦੀ 'ਤੇ ਮਨੁੱਖਤਾ ਅਚੇਤ ਰਹਿੰਦੀ ਉਸ ਨੂੰ ਪਤਾ ਹੀ ਨਹੀਂ ਲਗਦਾ ਜਾਲ ਕਿਵੇਂ ਬੁਣਿਆ ਜਾ ਰਿਹਾ ਹੈ, ਸਾਡੀ ਮੌਤ ਦੀ ਤਰਕੀਬ ਕਿਵੇਂ ਸੋਚੀ ਜਾ ਰਹੀ ਹੈ .... ਜਦੋਂ ਸਵੇਰੇ ਉਠਦੇ ਹੋ ਕਿਸੇ ਅਖਬਾਰ ਦਾ ਵਰਕਾ ਪੰਨਾ ਵੇਖਦੇ ਹੋ ਕਿਸੇ ਨ ਕਿਸੇ ਮਨੁੱਖਤਾ ਦੀ ਮੌਤ ਦੀ ਕਹਾਣੀ ਲਿਖੀ ਹੁੰਦੀ ਹੈ, ਕੋਈ ਦਿਨ ਔਸਾ ਨਹੀਂ ਰਿਹਾ, ਜਿਵੇਂ ਇਹ ਕਹਾਣੀ ਆਮ ਹੋ ਗਈ ਹੈ ਹੁਣ ਤਾਂ ਇਹ ਕਹਾਣੀ ਮਨੁੱਖ ਦੇ ਜੀਵਨ ਦਾ ਹਿੱਸਾ ਬਣ ਗਈ ਹੈ ਹਰ ਰੋਜ ਕਹਾਣੀ ਪੜ੍ਹਨ ਨੂੰ ਮਿਲਦੀ ਹੈ ਇੰਨੀ ਮਨੁੱਖਤਾ ਇੰਨੀ ਮਾਨਵਤਾ ਦੀ ਮੌਤ, ਮਨੁੱਖਤਾ ਦੇ ਦੀ ਮੌਤ ਮਨੁੱਖਤਾ ਦਾ ਦੁਸ਼ਮਣ ਔਸਾ ਕਿਹੜਾ ਝੀਵਰ ਜਿਹੜਾ ਦਿਨ ਰਾਤ ਜਾਲ ਪਇਆ ਬੁਣਦਾ ਹੈ .. ਖਿਆਲ ਕਰਿਓ ਮਨੁੱਖਤਾ ਦੀ ਮੌਤ ਦੀ ਕਹਾਣੀ ਇਉਂ ਨਹੀਂ ਬਣ ਰਹੀ, ਬਿਲਕੁਲ ਉਸ ਝੀਵਰ ਦੀ ਤਰਾਂ ਕਿੰਨੇ ਵਰ੍ਹੇ ਕਿੰਨਾ ਸਮਾਂ ਲਗ ਜਾਂਦਾ ਹੈ ਝੀਵਰਾਂ ਨੂੰ ਜਾਲ ਬੁਣਦਿਆ ਬੁਣਦਿਆ, ਕਾਸ਼ ਕਦੀ ਮਨੁੱਖ ਇੰਨਾ ਝੀਵਰਾਂ ਦੇ ਜਾਲ ਪਛਾਣ ਲੈਂਦਾ ਪਰ ਕਦੇ ਪਛਾਣਿਆ ਹੀ ਨਹੀਂ ... ਜੇ ਮਛਲੀ ਨਹੀਂ ਜਾਣਦੀ ਤੇ ਮਨੁੱਖ ਕਿਵੇਂ ਜਾਣ ਲਏ ਕਿਉਂਕੀ ਦੋਵਾਂ ਦੀ ਕਹਾਣੀ ਇਕੋ ਜਿਹੀ ਹੈ, ਜਿਵੇਂ ਮੱਛੀ ਤੇ ਅਚਿੰਤਾ ਜਾਲ ਪੈਂਦਾ ਇਵੇਂ ਮਨੁੱਖਤਾ 'ਤੇ ਅਚਿੰਤਾ ਜਾਲ ਪੈਂਦਾ ਹੈ ਪਤਾ ਉਦੋਂ ਹੀ ਚਲਦਾ ਜਦੋਂ ਦੁਖੀ ਹੁੰਦੀ ਹੈ ਤੜਫਦੀ ਹੈ, ਹਰ ਰੋਜ ਮੱਛੀ ਦੀ ਤਰਾਂ ਮਾਣਸਾਂ ਦੀ ਮੌਤ ਹੋ ਰਹੀ ਹੈ ਜਾਲਮ ਝੀਵਰ ਤਰਤੀਬ ਦੇ ਰਹੇ ਨੇ ਇਸ ਮੌਤ ਨੂੰ, ਮਤ ਸਮਝਣਾ ਅਚਾਨਕ ਹੋ ਰਹੀ ਹੈ, ਮਛੀ ਕਦੇ ਅਚਾਨਕ ਨਹੀਂ ਮਾਰੀ ਜਾਂਦੀ ਹੈ ਬੜਾ ਸਮਾਂ ਲਗਦਾ ਹੈ ਝੀਵਰ ਨੂੰ ਜਾਲ ਬੁਣਦਿਆ ਜਾਲ ਲਗਾਂਦਿਆ ਇਸੇ ਤਰਾਂ ਪਤਾ ਨਹੀਂ ਕਿੰਨੇ ਕਿੰਨੇ ਵਰ੍ਹੇ ਲਗ ਜਾਂਦੇ ਨੇ ਤਰਤੀਬ ਦੇਂਦਿਆ .... ਭਲਿਓ ਗੁਰੂ ਬਖਸ਼ਿਸ਼ ਕਰੇ ਕਦੇ ਮੱਛੀ ਨੂੰ ਵੀ ਪਤਾ ਲਗ ਜਾਇਗਾ ਝੀਵਰਾਂ ਦਾ ਤੇ ਕਦੇ ਮਾਣਸਾਂ ਨੂੰ ਵੀ ਪਤਾ ਲਗ ਜਾਇਗਾ ਝੀਵਰਾਂ ਦਾ,ਕਦੇ ਮੱਛੀ ਵੀ ਜਾਣ ਜਾਏਗੀ ਜਾਲਮ ਨੂੰ ਤੇ ਕਦੇ ਮਾਣਸ ਵੀ ਪਛਾਣ ਲਏਗਾ ਜਾਲਮ ਨੂੰ .... ਬੜੇ ਤਰਤੀਬ ਦਿਤੇ ਹੋਏ ਜਾਲ ਨੇ, ਇਹ ਸਾਰਾ ਕੁਝ ਉਸੇ ਜਾਲ ਦੀ ਤਰਤੀਬ ਹੈ ....।

ਉਸ ਜਾਲ ਵਿੱਚ ਕੌਣ ਕੌਣ ਭਾਈਵਾਲ ਹੈ, ਅਸੀ ਤਾਂ "ਨ ਜਾਣਾ ਮੇਉ ਨ ਜਾਣਾ ਜਾਲੀ" .. ਮੇਉ ਦਾ ਅਰਥ ਹੈ ਝੀਵਰ, 'ਨਾ ਇਥੇ ਝੀਵਰ ਦੀ ਪਛਾਣ ਹੋਣ ਰਹੀ ਹੈ ਨਾ ਜਾਲ ਦੀ 'ਤੇ ਹਿੰਦੂਸਤਾਨ ਦੀ ਮਨੁਖਤਾ ਆਏ ਦਿਨ ਆਏ ਆਏ ਰੁਤੇ ਇਸ ਜਾਲ ਵਿੱਚ ਫੱਸ ਫੱਸ ਤੜਪ ਤੜਪ ਜਾਨ ਦੇ ਰਹੀ ਹੈ, ਨਾ ਪਛਾਣ ਰਹੀ ਹੈ ਝੀਵਰ ਨੂੰ ਨਾ ਪਛਾਣ ਰਹੀ ਹੈ ਜਾਲ ਨੂੰ .. "ਸ੍ਰੀ ਗੁਰੂ ਗ੍ਰੰਥ ਸਾਹਿਬ" ਜੀ ਦੀ ਬੇਅਦਬੀ ਵਿੱਚੋਂ ਕੀ ਲਭਣਾ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਸੇ ਮਨੁੱਖ ਨਾਲ 'ਕਿ ਦੁਸ਼ਮਣੀ ਹੈ, ਭਲਾ ਕਿਸੇ 'ਰਾਮ ਮੰਦਰ ਉਸਾਰਣ ਵਾਲੇ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਕਿਵੇਂ ਦੁਸ਼ਮਣੀ ਹੋ ਸਕਦੀ ਹੈ .. 'ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 'ਰਾਮ ਲਫ਼ਜ਼ ਨਹੀਂ .. ਕਈ ਵਾਰ ਆਸ ਆਖ ਦਿੰਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਨਿਰੰਕਾਰ ਰੂਪੀ ਰਾਮ ਦਾ ਜਿ਼ਕਰ ਹੈ, ਨਹੀਂ ਉਸ ਵਿੱਚ ਰਾਜਾ ਰਾਮ ਦਾ ਵੀ ਜਿਕਰ ਹੈ ਭਾਵੈਂ ਉਦਾਹਰਣ ਦੇ ਰੂਪ ਵਿੱਚ ਹੈ ਭਾਵੈਂ ਕਾਹਣੀਆਂ ਦੇ ਰੂਪ ਵਿੱਚ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰਾਜਾ ਰਾਮ ਦੀਆਂ ਕਹਾਣੀਆਂ ਵੀ ਮੌਜੂਦ ਨੇ, 'ਕ੍ਰਿਸ਼ਨ ਦਾ ਉਪਾਸਕ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅੱਗ ਕਿਉਂ ਲਾਏਗਾ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਿਦਰ ਦੀ ਕਹਾਣੀ ਦਸਦਿਆ ਹੋਇਆ ਗੁਰੂ ਬਾਬਾ ਕਬੀਰ ਨਹੀਂ ਆਖ ਰਿਹਾ ....

ਰਾਜਨ ਕਉਨੁ ਤੁਮਾਰੈ ਆਵੈ ॥ ਐਸੋ ਭਾਉ ਬਿਦਰ ਕੋ ਦੇਖਿਓ ਓਹੁ ਗਰੀਬੁ ਮੋਹਿ ਭਾਵੈ ॥੧॥ ਰਹਾਉ ॥ ਹਸਤੀ ਦੇਖਿ ਭਰਮ ਤੇ ਭੂਲਾ ਸ੍ਰੀ ਭਗਵਾਨੁ ਨ ਜਾਨਿਆ ॥ ਤੁਮਰੋ ਦੂਧੁ ਬਿਦਰ ਕੋ ਪਾਨ੍ਹ੍ਹੋ ਅੰਮ੍ਰਿਤੁ ਕਰਿ ਮੈਂ ਮਾਨਿਆ ॥੧॥

ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅੱਗ ਲਾਉਣ ਵਾਲਿਆ ਤੂੰ ਸ੍ਰੀ ਕ੍ਰਿਸ਼ਨ ਦਾ ਉਪਾਸਕ ਨਹੀਂ ਹੋ ਸਕਦਾ, ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅੱਗ ਲਾਏਗਾਂ ਤੇ ਤੈਨੂੰ ਬਿਦਰ ਦੀ ਕਹਾਣੀ ਕੌਣ ਸੁਣਾਏਗਾ, ਔਸਾ ਨਹੀਂ ਹੋ ਸਕਦਾ, ਤੈਨੂੰ ਬਿਦਰ ਤੇ ਕ੍ਰਿਸ਼ਨ ਦੀ ਕਹਾਣੀ ਕਿਸੇ ਨੇ ਨਹੀਂ ਸੁਣਾਣੀ, ਉਹ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਸੁਣਾ ਰਿਹਾ ਹੈ, ਔਸਾ ਨਹੀਂ ਹੋ ਸਕਦਾ, ਮੈਂ ਅਰਜ਼ ਕਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਦੁਸ਼ਮਣ ਕੋਈ ਕਿਉਂ ਹੋਵੇਗਾ ਜਿਹੜਾ ਅੱਗ ਲਾਏਗਾ, ਨਹੀਂ ਮਨੁੱਖਤਾ ਨਹੀਂ ਹੋ ਸਕਦੀ, ਮਾਣਸ ਨਹੀਂ ਹੋ ਸਕਦਾ, ਇਉਂ ਸਮਝ ਲਉ ਮੱਛੀ ਨਹੀਂ ਹੋ ਸਕਦੀ ਕੋਈ ਝੀਵਰ ਹੋ ਸਕਦਾ ਹੈ, ਜਿਹੜਾ ਮੱਛੀ ਦਾ ਦੁਸ਼ਮਣ ਹੈ, ਮਾਣਸ ਨਹੀਂ ਹੋ ਸਕਦਾ, ਮਾਣਸ ਦਾ ਕੋਈ ਦੁਸ਼ਮਣ ਹੀ ਹੋ ਸਕਦਾ ਹੈ, ਕੋਈ ਮਨੁੱਖਤਾ ਦਾ ਵਿਰੋਧੀ ਕੋਈ ਮਨੁੱਖਤਾ ਦਾ ਦੁਸ਼ਮਣ ਹੋ ਸਕਦਾ ਹੈ ਜਿਹੜਾ ਕੇਵਲ ਇਕ ਔਸਾ ਜਾਲ ਬੁਣ ਰਿਹਾ ਹੈ ਕਦੀ ਬਾਬਰੀ ਮਸਜਿਦ ਦਾ ਕਦੇ ਰਾਮ ਮੰਦਰ ਦਾ ਕਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅੱਗ ਲਗਾਉਣ ਦਾ, ਇਹ ਸਾਰਾ ਜਾਲ ਹੈ ਕੇਵਲ ਮਨੁੱਖਤਾ ਨੂੰ ਆਪਸ ਵਿੱਚ ਟਕਰਾ ਹੈ ਇਕ ਔਸੇ ਜਾਲ ਵਿੱਚ ਫੱਸਾ ਕੇ ਮਾਰਨ ਦਾ ਜਰਿਆ ਹੈ, ਉਹਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਦੁਸ਼ਮਣੀ ਕਾਹਦੀ, ਕੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਦੁਸ਼ਮਣ ਵਿਰੋਧੀ ਨਹੀਂ ਹੋ ਸਕਦਾ, ਮੁਸਲਮਾਨ ਕਿਉਂ ਅੱਗ ਲਾਏਗਾ ਇਥੇ ਤਾਂ ਫਰੀਦ ਬੈਠਾ ਹੈ, ਕੋਈ ਹਿੰਦੂ ਕਿਉਂ ਅੱਗ ਲਾਏਗਾ ਇਥੇ ਤਾਂ ਜੈਦੇਵ ਬੈਠਾ ਹੈ, ਕੋਈ ਹਿੰਦੂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅੱਗ ਲਾ ਕੇ ਜੈਦੇਵ ਨੂੰ ਜਲਾਣਾ ਚਾਹੇਗਾ, ਕੋਈ ਮੁਸਲਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅੱਗ ਲਾ ਕੇ ਬਾਬਾ ਫਰੀਦ ਨੂੰ ਜਲਾਣਾ ਚਾਹੇਗਾ, ਨਹੀਂ .. ਜ਼ਰੂਰਤ ਹੈ ਉਸ ਝੀਵਰ ਨੂੰ, ਉਸ ਜਾਲ ਨੂੰ ਪਛਾਨਣ ਦੀ 'ਅਸੀਂ ਤੇ ਝੀਵਰ ਹੀ ਨਹੀਂ ਪਛਾਣ ਸਕਦੇ ਪਏ .. ਵਿਸ਼ਵਾਸ ਕਰਿਓ ਦੁਸ਼ਮਣ ਤਾਂ ਜਾਲ ਬੁਣ ਰਿਹਾ ਹੈ ਤੇ ਜਾਲ ਵੀ ਇਸ ਢੰਗ ਦੇ ਬੁਣ ਰਿਹਾ ਹੈ ਤਾਂ ਕਿ ਇਸ ਮੱਛੀ ਨੂੰ ਪਾਣੀ ਤੋਂ ਵੱਖ ਕਰ ਲਿਆ ਜਾਏ .. ਗੁਰੂ ਸਿਧਾਂਤ ਕੀ ਹੈ ਸਿਖ ਦਾ ਜੀਵਨ ਇਹਦਾ ਪਾਣੀ ਇਹਦਾ ਅੰਮ੍ਰਿਤ ਹੈ, 'ਸਿੱਖ ਜਿਉਂਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਵਿੱਚ ..

ਦੂਜੀ ਛੋਡਿ ਕੁਵਾਟੜੀ ਇਕਸ ਸਉ ਚਿਤੁ ਲਾਇ ॥ ਦੂਜੈ ਭਾਵੀ ਨਾਨਕਾ ਵਹਣਿ ਲੁੜ੍ਹ੍ਹੰਦੜੀ ਜਾਇ ॥

ਜਾਲ ਦਾ ਪਹਿਲਾ ਕੰਮ ਹੁੰਦਾ ਹੈ ਮੱਛੀ ਨੂੰ ਪਾਣੀ ਤੋਂ ਵੱਖ ਕਰਨਾ, ਸਾਡਾ ਪਾਣੀ ਹੈ ਗੁਰੂ ਸਿਧਾਂਤ, ਸਾਡਾ ਦਰਿਆ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜਨਾ ਸਾਨੂੰ ਸਿਖੀ ਸਿਧਾਂਤ ਨਾਲੋਂ ਵੱਖ ਕਰਨਾ, ਤਾਂ ਕੀ ਸਾਡਾ ਕੋਈ ਸਿਧਾਂਤ ਨਾ ਰਹੇ ਸਾਡੀ ਮੌਤ ਦੀ 'ਇਹ ਪਹਿਲੀ ਨਿਸ਼ਾਨੀ ਹੈ, ਇਕ ਵਾਰ ਅਰਜ ਕੀਤੀ ਸਿੱਖ ਤਲਵਾਰ ਨਾਲ ਬੰਦੂਕ ਨਾਲ ਨਹੀਂ ਮਰਦਾ ਤੇ ਮੱਛੀ ਤਲਵਾਰ ਤੇ ਬੰਦੂਕ ਨਾਲ ਨਹੀਂ ਮਰਦੀ ਜਿੰਨੀ ਦੇਰ ਪਾਣੀ ਵਿੱਚ ਰਹਿ ਰਹੀ ਹੈ, ਸਿੱਖ ਵੀ ਤਲਵਾਰ ਤੇ ਬੰਦੂਕ ਨਾਲ ਨਹੀਂ ਮਰਦੀ ਜਿੰਨੀ ਦੇਰ ਗੁਰੂ ਸਿਧਾਂਤ ਨਾਲ ਨੁੜਿਆ ਰਹੇਗਾ, ਗੁਰਬਾਣੀ ਵਿੱਚ ਆਖਦੇ ਨੇ "ਜਿਉ ਪ੍ਰਾਣੀ ਜਲ ਬਿਨੁ ਹੈ ਮਰਤਾ ਤਿਉ ਸਿਖੁ ਗੁਰ ਬਿਨੁ ਮਰਿ ਜਾਈ"ਇਸੇ ਲਈ ਜਾਲ ਬੁਣਨ ਵਾਲਾ ਸਿੱਖ ਨੂੰ ਪਹਿਲਾਂ ਗੁਰੂ ਸਿਧਾਂਤ ਨਾਲੋਂ ਵੱਖ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਅਸੀਂ ਵੀ ਉਸ ਜਾਲ ਵਿੱਚ ਫੱਸਦੇ ਹੀ ਚਲੇ ਗਏ ਫੱਸਦੇ ਹੀ ਚਲੇ ਗਏ ਸਾਡੀ ਹਾਲਤ ਉਸੇ ਮਛਲੀ ਵਾਲੀ ਹੋਵੇਗੀ ਤੇ ਉਦੋਂ ਪਤਾ ਲਗੇਗਾ ਜਦੋਂ ਦੁਖ ਪਰੇਸ਼ਾਨੀਆਂ ਘੇਰਦੀਆਂ ਨੇ, ਪਹਿਲਾਂ ਨਾ ਅਸੀਂ ਇੰਨਾ ਝੀਵਰਾਂ ਨੂੰ ਪਛਾਣਦੇ ਨਾ ਜਾਲ ਨੂੰ, ਝੀਵਰਾਂ ਤੋਂ ਵੀ ਬੇਖਬਰ ਰਹਿੰਦੇ ਹਾਂ ਜਾਲਾਂ ਤੋਂ ਵੀ ਬੇਖਬਰ ਰਹਿੰਦੇ ਹਾਂ, ਬੜੀ ਬੇਖੌਫੀ ਨਾਲ ਝੀਵਰ ਜਾਲ ਬੁਣਦੇ ਨੇ ਜਾਲ ਵਿਛਾਉਂਦੇ ਨੇ ਅਸੀਂ ਬੇਖਬਰ ਰਹਿੰਦੇ ਹਾਂ ਅਚਾਨਕ ਜਦੋਂ ਜਾਲ ਦਾ ਦੁਖ ਹੁੰਦਾ ਹੈ ਪਰੇਸ਼ਨੀਆਂ ਆ ਘੇਰਦੀਆਂ ਨੇ ਫਿਰ ਦੁਖ ਵੇਲੇ ਅਰਦਾਸਾਂ ਕਰਦੇ ਹਾਂ, ਉਹ ਅਰਦਾਸ ਕਰਨ ਵਾਲਿਆ ਸੋਝੀ ਵੀ ਗੁਰੂ ਦੀ ਦਿੱਤੀ ਹੋਈ ਹੈ, ਇਸੇ ਲਈ ਗੁਰੂ ਸਿਧਾਂਤ ਨਾਲ ਹੀ ਜੁੜ ਜਾ ..।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top