Share on Facebook

Main News Page

ਖਤਰਨਾਕ ਮੋੜ
-: ਪ੍ਰੋ. ਦਰਸ਼ਨ ਸਿੰਘ ਖਾਲਸਾ
171018

ਪੇਖਤ ਚਾਖਤ ਕਹੀਅਤ ਅੰਧਾ ਸੁਨੀਅਤ ਸੁਨੀਐ ਨਾਹੀ
ਨਿਕਟਿ ਵਸਤੁ ਕਉ ਜਾਣੈ ਦੂਰੇ ਪਾਪੀ ਪਾਪ ਕਮਾਹੀ ॥1॥

ਰੱਬ ਕਰੇ ਕੋਈ ਅੰਧਾ ਨਾ ਹੋਵੇ। ਕਿੁੳਂਕਿ  ਅੰਧਾ ਕਰਦਾ ਸਭ ਕੁਛ ਹੈ ਪਰ ਬਿਨਾ ਪਛਾਣੇ। ਬੇਪਛਾਣ ਹੋਣ ਕਰਕੇ ਬੇਸੁਆਦੀ ਜ਼ਿੰਦਗੀ ਹੋ ਜਾਂਦੀ ਹੈ। ਭੋਜਨ ਖਾਂਦਾ ਹੈ ਪਰ ਭੋਜਨ ਦੀ ਪਛਾਣ ਨਹੀਂ। ਕਪੜਾ ਪਹਿਣਦਾ ਹੈ ਪਰ ਕਪੜੇ ਦੀ ਖੁਬ ਸੂਰਤੀ ਦੀ ਪਛਾਣ ਨਹੀਂ। ਅੰਧਲਾ ਕਦਮ ਕਦਮ 'ਤੇ ਆਪ ਭੀ ਠੇਡੇ ਖਾਂਦਾ ਹੈ ਅਤੇ ਕਈ ਵਾਰ ਅਪਣੇ ਠੇਡਿਆਂ ਨਾਲ ਅਪਣੇ ਹੀ ਘਰ ਦੇ ਬਰਤਨ ਭੀ ਤੋੜ ਲੈਂਦਾ ਹੈ, ਆਪਣਾ ਪੋਸ਼ਟਕ ਭੋਜਨ ਡ੍ਹੋਲ ਲੈਂਦਾ ਹੈ। ਅਤੇ ਬੇਪਛਾਣ ਹੋਣ ਕਾਰਨ ਉਸ ਨਾਲ ਕਦੇ ਧੋਖਾ ਭੀ ਹੋ ਜਾਂਦਾ ਹੈ। ਇਸ ਲਈ ਰੱਬ ਕਰੇ ਕੋਈ ਅੰਧਲਾ ਨਾ ਹੋਵੇ।

ਰੱਬ ਕਰੇ ਕੋਈ ਬੋਲ਼ਾ ਨਾ ਹੋਵੇ। ਜ਼ਿੰਦਗੀ ਦਾ ਸਾਰਾ ਵਿਕਾਸ ਸੁਨਣ ਸਮਝਣ ਤੋਂ ਸ਼ੁਰੂ ਹੋਂਦਾ ਹੈ। ਬੱਚਾ ਆਪਣੇ ਵਿਕਾਸ ਲਈ ਸਕੂਲ ਕਾਲਜ ਯੁਨੀਵਰਿਸਟੀ ਕੁਛ ਸੁਨਣ ਸਮਝਣ ਹੀ ਤਾਂ ਜਾਂਦਾ ਹੈ। ਅੰਧਲਾ ਜੇਕਰ ਬੋਲ਼ਾ ਨਾ ਹੋਵੇ ਤਾਂ ਕਮ ਸੁ ਕਮ ਉਸਨੂੰ ਬੋਲ ਕੇ ਤਾਂ ਰਾਹ ਦਸਿਆ ਜਾਂ ਸਕਦਾ ਹੈ ਕੇ ਮੇਰੀ ਆਵਾਜ਼ ਦੀ ਸੇਧ 'ਤੇ ਤੁਰਿਆ ਆ। ਅੰਧਲਾ ਦੇਖ ਕੇ ਕੁਛ ਸਮਝ ਨਹੀਂ ਸਕਦਾ ਅਤੇ ਬੋਲ਼ਾ ਸੁਣ ਕੇ ਕੁਛ ਸਮਝ ਨਹੀਂ ਸਕਦਾ। ਜੇ ਬੋਲੇ ਨੂੰ ਸਮਝਾਣ ਦੀ ਕੋਸ਼ਸ਼ ਕਰੋ ਗੁਰੂ ਜੀ ਆਖਦੇ ਹਨ “ਕਹਾਂ ਬੁਝਾਰਤ ਬੂਝੇ ਡੋਰਾ ॥ ਨਿਸ ਕਹੀਏ ਤਾਂ ਸਮਝੇ ਭੋਰਾ॥... ਬੋਲਾ ਜੇ ਸਮਝਾਈਏ ਪੜੀਏ ਸਿਮਰਤ ਪਾਠ॥"

ਪਰ ਫਿਰ ਤਾਂ ਇਹ ਵੱਡੀ ਬਦਕਿਸਮਤੀ ਹੈ ਜੇ ਕੋਈ ਅੰਧਲਾ ਭੀ ਹੋਵੇ ਅਤੇ ਬੋਲਾ ਭੀ ਹੋਵੇ । ਉਸਨੂੰ ਬਾਹੋਂ ਫੜ ਕੇ ਘਰ ਪਹੁਚਾਣ ਦੇ ਬਹਾਨੇ ਜਿਥੇ ਕੋਈ ਮਰਜ਼ੀ ਲੈ ਜਾਵੇ। ਬੇਸ਼ਕ ਸਿਵਿਆਂ ਦੇ ਰਾਹ ਪਾ ਦੇਵੇ। ਉਸਨੂੰ ਕੋਈ ਪਤਾ ਨਹੀਂ।

ਵੀਰੋ ਭਾਵੇਂ ਮੈਨੂੰ ਜੋ ਮਰਜ਼ੀ ਬੁਰਾ ਭਲਾ ਆਖ ਲਉ, ਪਰ ਅੱਜ ਇਕ ਕੌੜਾ ਸੱਚ ਆਖਣ ਤੋਂ ਨਹੀਂ ਰਹਿ ਸਕਦਾ। ਚੁਫੇਰੇ ਜੋ ਦੇਖ ਰਿਹਾ ਹਾਂ ਅੱਜ ਸਾਡੀ ਉਸ ਅੰਧਲੇ ਅਤੇ ਬੋਲੇ ਵਾਲੀ ਹਾਲਤ ਨਜ਼ਰ ਆ ਰਹੀ ਹੈ, ਸਾਡੀ ਰੋਜ਼ਾਨਾ ਜ਼ਿੰਦਗੀ ਦੀ ਅਮੀਰੀ ਦੇ ਪ੍ਰਤੀਕ ਸਾਡਾ ਸਾਜੋ ਸਮਾਣ ਬਰਤਨ ਭੋਜਨ। ਭਾਵ ਗੁਰਬਾਣੀ ਗੁਰੂ, ਗੁਰੂ ਵਲੋਂ ਬਖਸ਼ਿਆ ਗਿਆਨ, ਗੁਰਦੁਆਰੇ, ਲੰਗਰ, ਗੁਰਮਤ ਪ੍ਰਚਾਰ, ਪ੍ਰਚਾਰਕ ਪਰਨਾਲੀ, ਸੱਚ, ਮਿਠਬੋਲੜਾਪਨ, ਭਾਈਚਾਰਾ, ਮਾਨਵਵਾਦੀ ਸੋਚ ਸਾਂਝ, ਜਿਹੜੀ ਸਾਡੀ ਤੰਦਰੁਸਤੀ, ਅਮੀਰੀ ਦਾ ਪ੍ਰਤੀਕ ਸੀ। ਸਾਨੂੰ “ਗਿਆਨ ਹੀਣੰ ਅਗਿਆਨ ਪੂਜਾ॥ਅੰਧ ਵਰਤਾਵਾ ਭਾਉ ਦੂਜਾ॥” ਵਿਚ ਵੇਖ ਕੇ ਸਦੀਆਂ ਤੋਂ ਕੂੜ ਲਟਰੇਚਰ, ਸਾਧ ਡੇਰਿਆਂ ਦੇ ਕਰਮਕਾਂਡ ਰਾਹੀ ਸਾਡੇ ਲਈ ਐਸੇ ਸਮੇ ਦੀ ਸਿਰਜਨਾ ਅਤੇ ਇੰਤਜ਼ਾਰ ਕਰਨ ਵਾਲੀ ਨਾਗਪੁਰੀ ਸੋਚ ਆਖਰ ਸਫਲ ਹੋ ਗਈ।

ਜਦੋਂ ਅਸੀ ਅਪਣੇ ਬੇਗਾਨੇ ਲਈ ਬੇਪਛਾਣ ਅੰਧਲੇ ਭੀ ਹੋ ਗਏ, ਅਤੇ ਗੁਰਬਾਣੀ ਦੇ ਸੱਚ ਨੂੰ ਨਾ ਸੁਨਣ ਨਾ ਸਮਝਣ ਵਾਲੇ ਬੋਲੇ ਭੀ ਹੋ ਗਏ ।ਬਸ ਦੁਸ਼ਮਣ ਸੋਚ ਨੇ ਪਹਿਲਾਂ ਸਾਡੇ ਧਰਮ ਅਤੇ ਰਾਜਨੀਤੀ ਦੇ ਸਾਂਝੇ ਘਰ ਤੇ ਕਬਜ਼ਾ ਕੀਤਾ। ਫਿਰ ਸਾਡੇ ਸਾਜੋ ਸਮਾਣ ਵਿਚ ਪ੍ਰਚਾਰਕ ਪ੍ਰਬੰਧਕ ਸਿਆਸੀ ਲੀਡਰ ਦੇ ਰੂਪ ਵਿਚ ਕੂੜ, ਲਾਲਚ ਭੁਖ, ਆਚਰਣਹੀਨਤਾ ਦਾ ਗੰਦ ਘੋਲਿਆ ਤਾਂ ਕੇ ਸਾਨੂੰ ਅਪਣੇ ਘਰ ਦੇ ਸਾਜੋ ਸਮਾਣ ਅਪਣੇ ਬਰਤਨ ਅਤੇ ਭੋਜਨ ਤੋਂ ਹੀ ਨਫਰਤ ਹੋ ਜਾਵੇ। ਅਸੀਂ ਆਪਣਾ ਸਭ ਕੁਛ ਆਪੇ ਹੀ ਤਿਆਗ ਕੇ ਬੇਘਰ ਹੋ ਜਾਈਏ।

ਮੈਂ ਕਈ ਵਾਰ ਸੋਚਦਾ ਹਾਂ ਅੱਜ ਕੈਸਾ ਸਮਾ ਹੈ ਜਦੋ ਸਿੱਖ ਦੇ ਅੰਦਰ ਹੀ ਗੁਰਦੁਆਰੇ ਲੰਗਰ, ਕਥਾ, ਕੀਰਤਨ, ਗੁਰਮਤਿ ਪ੍ਰਚਾਰ, ਅਤੇ ਪ੍ਰਚਾਰਕ ਤੋਂ ਨਫਰਤ ਪੈਦਾ ਹੋ ਰਹੀ ਹੈ। ਰੱਬੀ ਰਹਿਮਤ, ਅਤੇ ਗੁਰਬਾਣੀ ਗੁਰੂ ਤੋਂ ਮਨੋ ਹੀ ਬੇਮੁਖਤਾ ਹੋ ਰਹੀ ਹੈ, ਨਤੀਜੇ ਵਜੋਂ “ਸਚਹੁ ਓਰੈ ਸਭੁ ਕੋ ੳਪਰਿ ਸਚੁ ਆਚਾਰ” ਪੜ੍ਹਨ ਵਾਲੇ ਵਿਚ ਉਚਾ ਆਚਰਣ, ਮਿਠਬੋਲੜਾ ਪਨ, ਮਾਨਵਵਾਦੀ ਸੋਚ ਸਾਂਝ ਦਾ ਭਾਈਚਾਰਾ, ਇਕਾ ਬਾਣੀ ਇਕੁ ਗੁਰ ਇਕੋ ਸਬਦੁ ਵੀਚਾਰ ਦੀ ਗਲਵਕੜੀ ਮਾਨੋ ਘਰ ਦਾ ਜਰੂਰੀ ਸਭ ਸਮਾਨ ਟੁੱਟ ਗਿਆ, ਘਰੋਂ ਬੇਘਰ ਹੋ ਗਏ। ਖਾਸਕਰ ਸਾਡਾ ਭਵਿੱਖ, ਸਾਡੀ ਜੁਆਨੀ ਖਤਰਨਾਕ ਮੋੜ 'ਤੇ ਹੈ। ਗੁਰੂ ਨੂੰ ਭੀ ਚਿੰਤਾ ਹੈ “ਦੂਜੈ ਪੈਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਭਰਿ ਜੁਆਨੀ ਲਹਰੀ ਦੇਇ॥ ਬੁਰਾ ਭਲਾ ਨ ਪਛਾਣਈ ਵਣਜਾਰਿਆ ਮਿਤ੍ਰਾ ਮਨੁ ਮਤਾ ਅਹੰਮੇਇ॥"

ਜੁਆਨੀ ਨਾਗਪੁਰੀ ਸੋਚ ਦੇ ਪ੍ਰਭਾਵ ਹੇਠ ਗੁਰੂ ਤੋਂ ਰੱਬ ਤੋਂ ਮੁਨਕਰ ਹੋ ਰਹੀ ਹੈ। ਗੁਰੂ ਸਾਨੂੰ ਅਵਾਜ਼ਾਂ ਦੇ ਰਿਹਾ ਹੈ। ਘਰੁ ਬੰਧਹੁ ਸਚ ਧਰਮ ਕਾ ਗਡਿ ਥੰਮੁ ਅਹਲੇ॥ ਅਤੇ, ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ॥ ਪਰ ਹੁਣ ਅਸੀਂ ਆਪਣਾ ਘਰ ਸਾਫ ਕਰਨ ਦੀ ਥਾਵੇਂ ਘਰ ਛੱਡ ਰਹੇ ਹਾਂ, ਨਾਗਪੁਰੀ ਸੋਚ ਨੇ ਸਾਡੇ ਧਰਮ ਤੇ ਰਾਜਨੀਤੀ ਦੇ ਘਰ 'ਤੇ ਕਬਜ਼ਾ ਕਰ ਲਿਆ ਹੈ, ਅਤੇ ਇਸ ਘਰ ਵਿਚ ਬ੍ਰਾਹਮਨ ਇਜ਼ਮ, ਨੌਰਾਤਰੇ ਚੰਡੀ ਕਾਲਕਾ ਦੁਰਗਾ ਮਹਾਕਾਲ ਅਪਣੀ ਸੋਚ ਦੇ ਪ੍ਰਚਾਰਕ ਅਤੇ ਪਸੰਦ ਦਾ ਸਾਜੋ ਸਮਾਣ ਸਜਾਣਾ ਸ਼ੁਰੂ ਕਰ ਦਿਤਾ ਹੈ। ਨਾਗਪੁਰੀ ਸੋਚ ਇਹ ਆਸ ਲਾਈ ਬੈਠੀ ਹੈ ਕੇ ਛੇਤੀ ਹੀ ਤੁਸੀ ਇਸੇ ਘਰ ਨੂੰ ਅਪਣਾ ਸਮਝ ਕੇ ਇਸੇ ਸਮਾਨ ਵਿਚ ਜੀਉਣ ਦੇ ਆਦੀ ਹੋ ਜਾਵੋਗੇ। ਪਤਾ ਨਹੀਂ ਤੁਸੀਂ ਅਜ ਅਕਾਲ ਪੁਰਖ, ਗੁਰੂ ਅੱਗੇ ਅਰਦਾਸ ਨੂੰ ਮੰਨਦੇ ਹੋ ਜਾਂ ਨਹੀਂ। ਪਰ ਮੇਰੀ ਉਸ ਸਮਰੱਥ ਗੁਰੂ ਅਗੇ ਅਰਦਾਸ ਹੈ। “ਅੰਧ ਕੂਪ ਮਹਿ ਹਾਥ ਦੇ ਰਾਖਹੁ ਕਛੂ ਸਿਆਨਪ ਉਕਤਿ ਨ ਮੋਰੀ॥


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਰਿਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਰਿਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top