ਪ੍ਰੰਪਰਾ,
ਇੱਕ ਨੀਂਦ ਦੀ ਗੋਲ਼ੀ ਹੈ ਜੋ ਜਾਗਣ ਨਹੀਂ ਦੇਂਦੀ, ਕੁੱਛ ਕਰਣ ਨਹੀਂ ਦੇਂਦੀ, ਇਹ
ਸਾਡੀ ਪ੍ਰੰਪਰਾ ਹੈ ਇਸ ਦੇ ਸਾਹਮਣੇ ਹਥਿਆਰ ਸੁੱਟ ਦਿਉ, ਪ੍ਰੰਪਰਾ ਨਹੀਂ ਤੋੜੀ ਜਾ ਸਕਦੀ।
ਪਰ ਸਿੱਖ ਵੀਚਾਰਧਾਰਾ ਤਾਂ ਪ੍ਰੰਪਰਾ ਨੂੰ ਚੈਲੰਜ, ਤਰਕ ਅਤੇ ਪ੍ਰੰਪਰਾ ਨੂੰ ਤੋੜਨ ਤੋਂ
ਸ਼ੁਰੂ ਹੋਂਦੀ ਹੈ।
ਗੁਰੂ ਨਾਨਕ ਬ੍ਰਾਹਮਣ ਦੇ ਜਨੇਉ ਨੂੰ ਤਰਕ ਕਰਦਾ ਹੈ ਅਤੇ
ਖਾਨਦਾਨੀ ਪ੍ਰੰਪਰਾ ਨੂੰ ਤੋੜਦਾ ਹੈ। ਹਰਦੁਆਰ, ਕੁਰੁਕਸ਼ੇਤਰ, ਜਗੰਨਨਾਥਪੁਰੀ, ਮੱਕਾ,
ਮਦੀਨਾ, ਜਿੱਥੇ ਜਾਂਦਾ ਹੈ, ਉਥੋਂ ਦੀਆਂ ਪ੍ਰੰਪਰਾ ਨੂੰ ਤਰਕ ਕਰਦਾ ਹੈ ਅਤੇ ਪ੍ਰੰਪਰਾ ਦੇ
ਨਾਮ ਹੇਠ ਭੁਲੇਖਿਆਂ ਵਿੱਚ ਕੈਦ ਜਨਤਾ ਨੂੰ ਇਨ੍ਹਾਂ ਫੋਕੇ ਕਰਮਕਾਂਡਾਂ ਦੇ ਬੰਧਨ ਤੋੜਨ ਲਈ
ਉਪਦੇਸ਼ ਕਰਦਾ ਹੈ।
ਪਰ ਅੱਜ ਗੁਰੂ ਨਾਨਕ ਦਾ ਸਿੱਖ ਅਖਵਾਉਣ ਵਾਲਾ ਪ੍ਰੰਪਰਾਵਾਂ ਦੀ
ਕੈਦ ਵਿੱਚ ਫੜਫੜਾ ਰਿਹਾ ਹੈ। ਕਦੀ ਸੋਚਿਆ ਹੈ ਕਿ ਅੱਜ ਦਾ ਸਾਰਾ ਕਰਮਕਾਂਡ
ਅਗਿਆਨਤਾ ਵੱਸ ਸਮਾਂ ਬੀਤਣ ਨਾਲ, ਸਾਡੀ ਪ੍ਰੰਪਰਾ ਬਣ ਗਿਆ ਹੈ ?