Share on Facebook

Main News Page

🚩 "ਰਾਗਮਾਲਾ" 🔰
-: ਹਰਜਿੰਦਰ ਸਿੰਘ ਘੜਸਾਣਾ
26.05.2024
#KhalsaNews #raagmala #NotGurbani #harjindersingh #gharsana

🙏 ਬੇਨਤੀ: ਆਪਣੇ ਵੀਚਾਰ ਜਾਂ ਕਰਣ ਤੋਂ ਇਸ ਲੇਖ ਵਿੱਚ ਦਿੱਤੇ ਸਵਾਲ ਜ਼ਰੂਰ ਪੜ੍ਹ ਲੈਣੇ, ਤੇ ਜੇ ਹੋ ਸਕੇ ਤਾਂ ਸਭਿਯਕ ਭਾਸ਼ਾ 'ਚ ਜਵਾਬ ਦੇਣਾ। ਭਾਈ ਘੜਸਾਣਾ ਜੀ ਨੇ ਆਪਣਾ ਪੱਖ ਰੱਖਿਆ ਹੈ, ਕੋਈ ਫਤਵਾ ਜਾਰੀ ਨਹੀਂ ਕੀਤਾ। ਬਾਕੀ, ਖ਼ਾਲਸਾ ਨਿਊਜ਼ "ਰਾਗਮਾਲਾ ਨੂੰ ਗੁਰਬਾਣੀ ਨਹੀਂ ਮੰਨਦੀ। ਧੰਨਵਾਦ।
-: ਸੰਪਾਦਕ ਖ਼ਾਲਸਾ ਨਿਊਜ਼

🏵️ ਰਾਗਮਾਲਾ ਦੇ ਗੁਰੂ ਕ੍ਰਿਤ ਹੋਣ ਦੇ ਸੰਬੰਧ ਵਿੱਚ ਕੌਮ ਵਿੱਚ ਕਾਫ਼ੀ ਮਤਭੇਦ ਹੈ, ਰਾਗਮਾਲਾ ਦੇ ਖੰਡਨ ਅਤੇ ਮੰਡਨ ਦੇ ਸੰਬੰਧ ਵਿੱਚ ਬਹੁਤਾਤ 'ਚ ਵਿਦਵਾਨ ਸੱਜਣਾਂ ਵੱਲੋਂ ਪੁਸਤਕਾਂ ਲਿਖੀਆਂ ਗਈਆਂ ਹਨ। ਅੱਜ ਕੁੱਝ ਸੱਜਣਾਂ ਵੱਲੋਂ ਮੇਰੇ ਰਾਗਮਾਲਾ ਸੰਬੰਧੀ ਵੀਚਾਰ ਜਾਨਣ ਲਈ ਮੈਸਿਜ਼ ਆਏ ਹਨ, ਇਸ ਕਰਕੇ ਮੈਂ ਕੁੱਝ ਸਵਾਲ ਰਾਗਮਾਲਾ ਦੇ ਸੰਬੰਧ ਵਿੱਚ ਪਾ ਰਿਹਾ ਹਾਂ।

☝️ ਇਹਨਾਂ ਸਵਾਲਾਂ ਤੋਂ ਖੰਡਨ-ਮੰਡਨ ਦੀ ਭਾਵਨਾ ਲੈਣੀ ਜਾਇਜ਼ ਨਹੀਂ, ਕੇਵਲ ਆਪਣੀ ਨਿਜੀ ਭਾਵਨਾ ਪ੍ਰਗਟ ਕਰ ਰਿਹਾ ਹਾਂ। ਮੈਂਨੂੰ ਆਪਣੀ ਅਲਪ-ਬੁਧਿ ਅਤੇ ਸਿਥਲ ਸਮਰੱਥਾ ਦਾ ਪੂਰਾ ਅਹਿਸਾਸ ਹੈ, ਜੋ ਕੁੱਝ ਭੀ ਪੇਤਲੀ ਜਾਣਕਾਰੀ ਮੇਰੀ ਅਲਪ ਬੁਧਿ ਵਿੱਚ ਆਈ ਹੈ, ਉਸ ਨੂੰ ਆਪ ਵਿਦਵਾਨ ਸੱਜਣਾਂ ਨਾਲ ਸਾਂਝੀ ਕਰਨ ਹਿਤ ਭਾਵਨਾ ਨਾਲ ਇਹ ਸਵਾਲ ਪੇਸ਼ ਕਰਦਾ ਹਾਂ।

🔸 ੧. ਜੋ ਸੱਜਣ ਰਾਗਮਾਲਾ ਦੇ ਅੰਤਰੀਵ ਅਰਥ ਕਰ ਰਹੇ ਹਨ, ਕੀ ਉਹ ਵਿਆਕਰਣ ਅਨੁਸਾਰ 'ਸ਼ਬਦਾਂ, ਅੱਖਰਾਂ' ਦੀਆਂ ਲਗਾਂ-ਮਾਤਰਾਂ ਨੂੰ ਤੋੜ-ਮਰੋੜ ਨਹੀਂ ਰਹੇ ....?

🔹 ੨. ਰਾਗਮਾਲਾ ਦੇ ਬੰਦ ਪਿੰਗਲ ਅਨੁਸਾਰ ਚੌਪਈ ਛੰਦ ਹਨ,ਚੌਪਈ ਛੰਦ ਦੇ ਪਿੰਗਲ ਅਨੁਸਾਰ 'ਅੱਠ ਜਾਂ ਬਾਰ੍ਹਾਂ' ਚਰਨ ਹੁੰਦੇ ਹਨ, ਪਰ ਰਾਗਮਾਲਾ ਦੀ ਪਹਿਲੀ ਚੌਪਈ ਦੇ ਛੰਦ 'ਦਸ' ਕਿਉਂ ....?

🔸 ੩. ਗੁਰੂ ਗ੍ਰੰਥ ਸਾਹਿਬ ਵਿੱਚ ੩੧ ਰਾਗ ਵਰਤੇ ਹਨ,ਉਹਨਾ ੩੧ ਰਾਗਾਂ ਵਿਚੋਂ ਤਕਰੀਬਨ ਇਹ ੯ ਰਾਗ (ਰਾਗ ਮਾਝ, ਬਿਹਾਗੜਾ, ਵਡਹੰਸ, ਜੈਤਸਰੀ, ਰਾਮਕਲੀ, ਮਾਲੀ ਗਉੜਾ, ਤੁਖਾਰੀ, ਪ੍ਰਭਾਤੀ ਅਤੇ ਜੈਜਾਵੰਤੀ) ਰਾਗਮਾਲਾ ਵਿੱਚ ਕਿਉਂ ਨਹੀਂ ਵਰਤੇ। ਇਹ ਸਵਾਲ ਉਹਨਾਂ ਲਈ ਜੋ ਆਖਦੇ ਹਨ ਕਿ ਰਾਗਮਾਲਾ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਰਾਗਾਂ ਦੀ ਮਾਲਾ ਹੈ....?

🔹 ੪. ਰਾਗਮਾਲਾ ਵਿੱਚ ਆਏ ਛੇ ਰਾਗ (ਮਾਲ ਕਉਸਕ, ਹਿੰਡੋਲ, ਦੀਪਕ, ਮੇਘ) ਰਾਗ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਨਹੀਂ ਆਏ ਹਨ ਕਿਉਂ ....?

🔸 ੫. ਗੁਰੂ ਗ੍ਰੰਥ ਸਾਹਿਬ ਵਿੱਚ ਅਪਨਾਏ ੩੧ ਰਾਗ ਅਤੇ ਇਹਨਾ ਰਾਗਾਂ ਨੂੰ ੬ ਰਾਗਾਂ (ਲਲਤ, ਹਿੰਡੋਲ, ਭੋਪਾਲੀ, ਬਿਭਾਸ,ਕਾਫੀ) ਵਿੱਚ ਰਲਾ ਕੇ ਗਾਉਣ ਲਈ ਵਰਤੇ ਹਨ, ਇਹਨਾ ਸਾਰਿਆਂ ਦੀ ਗਿਣਤੀ ੩੭ ਬਣਦੀ ਹੈ। ਇਹਨਾ ਰਾਗਾਂ ਵਿੱਚੋਂ ੧੨ ਰਾਗ ਰਾਗਮਾਲਾ ਵਿੱਚ ਨਹੀਂ ਹਨ ਅਤੇ ਰਾਗਮਾਲਾ ਵਿੱਚ ੫੯ ਰਾਗ ਉਹ ਆਏ ਹਨ ਜੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਨਹੀਂ.....?

🔹 ੬. ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜੋ ਰਾਗ ਪੁਲਿੰਗ ਹਨ, ਉਹਨਾਂ ਨੂੰ ਰਾਗਮਾਲਾ ਵਿੱਚ ਇਸਤਰੀ-ਲਿੰਗ (ਰਾਗਣੀਆਂ) ਕਿਉਂ ਬਣਾਇਆ ਹੈ "ਸੋਰਠਿ ਗੋਡ ਮਲਾਰੀ ਧੁਨੀ॥ ਪੁਨਿ ਗਾਵਹਿ ਆਸਾ ਗੁਨ ਗੁਨੀ॥"...?

🔸 ੭. ਰਾਗਮਾਲਾ ਵਿੱਚ ਆਈ ਤੁਕ "ਸਾਲੂ ਸਾਰਗ ਸਾਗਰਾ ਅਉਰ ਗੋਡ ਗੰਭੀਰ॥ ਅਸਟ ਪੁਤ੍ਰ ਸ੍ਰੀ ਰਾਗ ਕੇ ਗੁੰਡ ਕੁੰਭ ਹਮੀਰ॥" ਅਨੁਸਾਰ ਰਾਗ 'ਗੋਂਡ' ਸਿਰੀਰਾਗ ਦਾ ਪੁੱਤਰ (ਪੁਲਿੰਗ) ਹੈ ਪਰ "ਸੋਰਠਿ ਗੋਡ ਮਲਾਰੀ ਧੁਨੀ॥ ਪੁਨਿ ਗਾਵਹਿ ਆਸਾ ਗੁਨ ਗੁਨੀ॥" ਤੁੱਕ ਮੁਤਾਬਕ ਰਾਗ ਗੋਂਡ 'ਮੇਘ' ਰਾਗ ਦੀ ਘਰਵਾਲੀ (ਇਸਤਰੀ-ਲਿੰਗ) ਹੈ। ਇਹ ਪੁਲਿੰਗ ਤੋਂ ਇਸਤਰੀ-ਲਿੰਗ ਕਿਵੇਂ, ਕੀ ਇਹ ਸਵੈ ਵਿਰੋਧੀ ਵੀਚਾਰ ਨਹੀਂ.....?

🔹 ੮. ਖਸਟਮ ਮੇਘ ਰਾਗ ਵੈ ਗਾਵਹਿ॥ ਪਾਂਚੋ ਸੰਗ ਬਰੰਗਨ ਲਾਵਹਿ॥ ਸੋਰਠਿ ਗੌਡ ਮਲਾਰੀ ਧੁਨੀ॥ ਪੁਨ ਗਾਵਹਿ ਆਸਾ ਗੁਨ ਗੁਨੀ॥
ਊਚੇ ਸੁਰ ਸੂਹਵਿ ਪੁਨਿ ਕੀਨੀ॥ ਮੇਘ ਰਾਗ ਸੋ ਪਾਂਚੋ ਚੀਨੀ॥ ਬੈਰਾਧਰ ਗਜਧਰ ਕੇਦਾਰਾ॥ ਜਲਧਰ ਅਉ ਨਟ ਜਬਲੀ ਧਾਰਾ॥
ਪੁਨਿ ਗਾਵਹਿ ਸੰਕਰ ਅਰੁ ਸਿਆਮਾ॥ ਮੇਘ ਰਾਗ ਪੁਤ੍ਰਨਿ ਕੇ ਨਾਮਾ॥
(ਅਥ ਮਾਧਵ ਨਲ ਕਾਮ ਕੰਦਲਾ)...... ?

🔸 ੯. ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਾਵਲੀ ਦੀ ਆਪਣੀ ਮਹਾਨਤਾ ਹੈ, ਪਰ ਰਾਗਮਾਲਾ ਵਿੱਚ ਹਰ ਬੰਦ ਬਾਅਦ ਆਏ ੧ ਅੰਕ ਦੇ ਵਿਧੀ-ਵਿਧਾਨ ਬਾਰੇ ਸਮਝ ਨਹੀਂ ਆ ਰਹੀ......?

🔹 ੧੦. ਰਾਗਮਾਲਾ ਵਿੱਚ ਆਏ ਵਿਸ਼ੇਸ਼ ੬ ਰਾਗਾਂ ਵਿੱਚੋਂ ਪਹਿਲਾ ਰਾਗ 'ਭਰਉ' ਦਿੱਤਾ ਹੈ, ਪਰ ਇਹ ਰਾਗ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਚੌਵੀਵਾਂ ਹੈ.....?

🔸 ੧੧. ਗੁਰੂ ਕਾਲ ਦੀਆਂ ਬਹੁਤ ਲਿਖਤੀ ਬੀੜਾਂ ਵਿੱਚ ਰਾਗਮਾਲਾ ਨਹੀਂ ਹੈ, ਪਰ ਕੁੱਝ ਵਿੱਚ ਹੈ, ਉਹਨਾ ਬੀੜਾਂ ਦੇ ਤਤਕਰੇ ਵਿੱਚ ਰਾਗਮਾਲਾ ਦੀ ਗਿਣਤੀ ਕਿਉਂ ਨਹੀਂ, ਸ਼ਿਆਹੀ, ਲਿਖਣ-ਵਿਧੀ ਦਾ ਅੰਤਰ ਕਿਉਂ ਹੈ...?

ਭੁੱਲ-ਚੁਕ ਦੀ ਖਿਮਾ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top